ਨਵੀਆਂ ਦਵਾਈਆਂ ਦੇ ਟ੍ਰਾਇਲਾਂ ਵਿੱਚ ਹਿੱਸਾ ਲੈਣ ਵਾਲੇ ਲੋਕ, 'ਕਲੀਨਿਕਲ ਟ੍ਰਾਇਲਾਂ ਵਿੱਚ ਜਾਂਦੀ ਹਾਂ ਤਾਂ ਜੋ ਮੈਨੂੰ ਭੁੱਖੀ ਨਾ ਮਰਨਾ ਪਵੇ'

ਤਸਵੀਰ ਸਰੋਤ, PAWAN JAISHWAL
- ਲੇਖਕ, ਰੌਕਸੀ ਗਾਗਡੇਕਰ ਛਾਰਾ
- ਰੋਲ, ਬੀਬੀਸੀ ਪੱਤਰਕਾਰ
ਨੂਰਜਹਾਂ ਹੁਣੇ ਇੱਕ ਕਲੀਨਿਕਲ ਟ੍ਰਾਇਲ ਤੋਂ ਵਾਪਸ ਆਈ ਹੈ। ਉਨ੍ਹਾਂ ਨੇ ਤਿੰਨ ਦਿਨ ਇੱਕ ਖੋਜ ਪ੍ਰਯੋਗਸ਼ਾਲਾ ਵਿੱਚ ਬਿਤਾਏ, ਜਿੱਥੇ ਜਾਂਚਕਰਤਾਵਾਂ ਅਤੇ ਫਾਰਮਾਸਿਊਟੀਕਲ ਕੰਪਨੀਆਂ ਨੇ ਉਸ 'ਤੇ ਨਵੀਆਂ ਦਵਾਈਆਂ ਦੀ ਜਾਂਚ ਕੀਤੀ।
ਜਦੋਂ ਨੂਰਜਹਾਂ ਆਪਣੇ ਛੋਟੇ ਜਿਹੇ ਘਰ ਵਿੱਚ ਦਾਖ਼ਲ ਹੋਈ, ਤਾਂ ਉਨ੍ਹਾਂ ਦੇ ਬੱਚੇ ਅਤੇ ਪਤੀ ਉਨ੍ਹਾਂ ਦਾ ਸਵਾਗਤ ਕਰਨ ਲਈ ਉਡੀਕ ਰਹੇ ਸਨ।
ਨੂਰਜਹਾਂ ਦੇ ਘਰ ਵਿੱਚ ਇੱਕ ਛੋਟੀ ਜਿਹੀ ਰਸੋਈ, ਪਾਰਟੀਸ਼ਨ ਵਾਲਾ ਮੰਜਾ ਅਤੇ ਕੱਪੜਿਆਂ ਨਾਲ ਭਰੇ ਕੁਝ ਡੱਬੇ ਹਨ। ਨੂਰਜਹਾਂ ਆਪਣੀ ਧੀ ਦੇ ਵਿਆਹ ਦੀ ਤਿਆਰੀ ਕਰ ਰਹੀ ਹੈ।
ਨੂਰਜਹਾਂ ਆਪਣੇ ਪਰਿਵਾਰ ਦਾ ਸਮਰਥਨ ਕਰਨ ਅਤੇ ਆਪਣੀ ਧੀ ਦੇ ਵਿਆਹ ਲਈ ਕੁਝ ਪੈਸੇ ਜਮਾਂ ਕਰਨ ਲਈ ਕਲੀਨਿਕਲ ਟ੍ਰਾਇਲਾਂ ਵਿੱਚ ਹਿੱਸਾ ਲੈਂਦੀ ਹੈ। ਉਨ੍ਹਾਂ ਦਾ ਕਹਿਣਾ ਹੈ, "ਮੈਂ ਇਹ ਯਕੀਨੀ ਬਣਾਉਂਦੀ ਹਾਂ ਕਿ ਮੇਰੇ ਬੱਚੇ ਰਾਤ ਨੂੰ ਭੁੱਖੇ ਨਾ ਸੌਣ।"
ਨੂਰਜਹਾਂ ਦੀ ਦੁਨੀਆ ਅਤੇ ਕਲੀਨਿਕਲ ਟ੍ਰਾਇਲ

ਤਸਵੀਰ ਸਰੋਤ, PAWAN JAISHWAL
ਨੂਰਜਹਾਂ ਇਸ ਸਮੇਂ ਤਿੰਨ ਮਹੀਨਿਆਂ ਦੇ ਕਲੀਨਿਕਲ ਟ੍ਰਾਇਲ ਵਿੱਚ ਹਿੱਸਾ ਹਨ। ਉਨ੍ਹਾਂ ਨੂੰ ਟੈਸਟਾਂ ਲਈ ਨਿਯਮਿਤ ਤੌਰ 'ਤੇ ਖੋਜ ਪ੍ਰਯੋਗਸ਼ਾਲਾ ਜਾਣਾ ਪਵੇਗਾ। ਕਲੀਨਿਕਲ ਟ੍ਰਾਇਲ ਦੇ ਅੰਤ 'ਤੇ ਉਨ੍ਹਾਂ ਨੂੰ 51,000 ਰੁਪਏ ਦਿੱਤੇ ਜਾਣਗੇ।
ਜਦੋਂ ਬੀਬੀਸੀ ਨੇ ਨੂਰਜਹਾਂ ਨਾਲ ਗੱਲ ਕੀਤੀ, ਤਾਂ ਉਨ੍ਹਾਂ ਨੂੰ ਪਹਿਲਾਂ ਹੀ 15,000 ਰੁਪਏ ਮਿਲ ਚੁੱਕੇ ਸਨ। ਨੂਰਜਹਾਂ ਨੇ ਕਿਹਾ ਕਿ ਉਹ ਬਾਕੀ 36,000 ਰੁਪਏ ਆਪਣੀ ਧੀ ਦੇ ਵਿਆਹ 'ਤੇ ਖਰਚ ਕਰੇਗੀ।
ਨੂਰਜਹਾਂ ਨੇ ਬੀਬੀਸੀ ਨੂੰ ਦੱਸਿਆ, "ਅਸੀਂ ਗਰੀਬ ਲੋਕ ਹਾਂ। ਅਸੀਂ ਇਸ ਛੋਟੀ ਜਿਹੀ ਝੌਂਪੜੀ ਵਿੱਚ ਮਰਨਾ ਹੈ। ਮੈਨੂੰ ਮਾਣ ਹੈ ਕਿ ਮੈਂ ਕੁਝ ਗ਼ਲਤ ਨਹੀਂ ਕਰ ਰਹੀ। ਜਦੋਂ ਮੈਨੂੰ ਬਾਕੀ ਪੈਸੇ ਮਿਲ ਜਾਣਗੇ, ਤਾਂ ਮੈਂ ਆਪਣੀ ਧੀ ਦਾ ਵਿਆਹ ਕਰ ਦੇਵਾਂਗੀ।"
ਨੂਰਜਹਾਂ ਗਣੇਸ਼ ਨਗਰ ਵਿੱਚ ਰਹਿੰਦੀ ਹੈ, ਜੋ ਕਿ ਅਹਿਮਦਾਬਾਦ ਵਿੱਚ ਸਾਬਰਮਤੀ ਨਦੀ ਦੇ ਕੰਢਿਆਂ ਤੋਂ ਉਜਾੜੇ ਗਏ ਲੋਕਾਂ ਦੇ ਪੁਨਰਵਾਸ ਲਈ ਸਥਾਪਿਤ ਇੱਕ ਬਸਤੀ ਹੈ।
ਉਹ ਨੇੜਲੀਆਂ ਖੋਜ ਪ੍ਰਯੋਗਸ਼ਾਲਾਵਾਂ ਵਿੱਚ ਕੀਤੇ ਜਾ ਰਹੇ ਕਲੀਨਿਕਲ ਟ੍ਰਾਇਲਾਂ ਵਿੱਚ ਹਿੱਸਾ ਲੈਣ ਵਾਲੇ ਸੈਂਕੜੇ ਲੋਕਾਂ ਵਿੱਚੋਂ ਇੱਕ ਹੈ।
ਨੂਰਜਹਾਂ ਵਾਂਗ, 60 ਸਾਲਾ ਜੱਸੀਬੇਨ ਚੁਨਾਰਾ ਵੀ ਕਲੀਨਿਕਲ ਟ੍ਰਾਇਲਾਂ ਵਿੱਚ ਹਿੱਸਾ ਲੈਂਦੀ ਹੈ।
ਕੁਝ ਸਾਲ ਪਹਿਲਾਂ ਉਨ੍ਹਾਂ ਦੇ ਪਤੀ ਅਤੇ ਪੁੱਤਰ ਦੋਵਾਂ ਦੀ ਮੌਤ ਹੋ ਗਈ ਸੀ। ਉਹ ਪਹਿਲਾਂ ਅਹਿਮਦਾਬਾਦ ਦੇ ਜਮਾਲਪੁਰ ਵਿੱਚ ਸਬਜ਼ੀ ਅਤੇ ਫੁੱਲ ਮੰਡੀ ਦੇ ਨੇੜੇ ਰਹਿੰਦੀ ਸੀ।

ਜੱਸੀਬੇਨ ਨੇ ਕਿਹਾ, "ਜਦੋਂ ਮੈਂ ਜਮਾਲਪੁਰ ਵਿੱਚ ਰਹਿੰਦੀ ਸੀ, ਮੈਨੂੰ ਕਦੇ ਵੀ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਪਿਆ। ਮੈਂ ਬਾਜ਼ਾਰ ਵਿੱਚੋਂ ਬੇਕਾਰ ਸਬਜ਼ੀਆਂ ਚੁੱਕ ਲੈਂਦੀ ਸੀ ਅਤੇ ਉਨ੍ਹਾਂ ਨੂੰ ਵੇਚਦੀ ਸੀ।"
ਉਨ੍ਹਾਂ ਨੇ ਅੱਗੇ ਕਿਹਾ, "ਹੁਣ ਜਦੋਂ ਮੈਂ ਗਣੇਸ਼ਨਗਰ ਆ ਗਈ ਹਾਂ, ਮੇਰੇ ਕੋਲ ਆਮਦਨ ਦਾ ਕੋਈ ਸਾਧਨ ਨਹੀਂ ਹੈ। ਮੇਰੇ ਕੋਲ ਕਲੀਨਿਕਲ ਟ੍ਰਾਇਲਾਂ ਵਿੱਚ ਹਿੱਸਾ ਲੈਣ ਤੋਂ ਇਲਾਵਾ ਕੋਈ ਹੋਰ ਬਦਲ ਨਹੀਂ ਹੈ।"
ਉਨ੍ਹਾਂ ਦੀ ਛੋਟੀ ਜਿਹੀ ਝੌਂਪੜੀ ਵਿੱਚ ਫਰਨੀਚਰ ਵਜੋਂ ਸਿਰਫ਼ ਇੱਕ ਮੰਜਾ ਹੈ। ਜੱਸੀਬੇਨ ਚੁਨਾਰਾ ਨੇ ਕਿਹਾ, "ਮੈਂ ਹੁਣ ਸਬਜ਼ੀਆਂ ਨਹੀਂ ਵੇਚ ਸਕਦੀ। ਮੈਂ ਬਿਮਾਰ ਹਾਂ। ਮੇਰੇ ਸਰੀਰ ਵਿੱਚ ਜਲਣ ਅਤੇ ਹੱਥਾਂ ਵਿੱਚ ਦਰਦ ਰਹਿੰਦਾ ਹੈ। ਫਿਰ ਵੀ, ਮੈਂ ਕਲੀਨਿਕਲ ਟ੍ਰਾਇਲਾਂ ਵਿੱਚ ਜਾਂਦੀ ਹਾਂ ਤਾਂ ਜੋ ਮੈਨੂੰ ਭੁੱਖੀ ਨਾ ਮਰਨਾ ਪਵੇ।"
ਅਹਿਮਦਾਬਾਦ ਦੇ ਬਾਹਰ ਪੀਰਾਨਾ ਡੰਪਿੰਗ ਯਾਰਡ ਦੇ ਨੇੜੇ ਸਥਿਤ ਗਣੇਸ਼ਨਗਰ ਵਿੱਚ ਲਗਭਗ 15,000 ਲੋਕ ਰਹਿੰਦੇ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਪਰਿਵਾਰ ਘੱਟ ਆਮਦਨ ਵਾਲੇ ਹਨ।
ਇਨ੍ਹਾਂ ਵਿੱਚੋਂ ਬਹੁਤ ਸਾਰੇ ਲੋਕ ਪਹਿਲਾਂ ਸੁਭਾਸ਼ ਬ੍ਰਿਜ, ਸ਼ਾਹਪੁਰ, ਸ਼ੰਕਰ ਭਵਨ, ਵੀਐੱਸ ਹਸਪਤਾਲ, ਵਾਸਣਾ ਬੈਰਾਜ ਅਤੇ ਜਮਾਲਪੁਰ ਵਰਗੇ ਦਰਿਆਈ ਇਲਾਕਿਆਂ ਵਿੱਚ ਰਹਿੰਦੇ ਸਨ ਅਤੇ ਅਹਿਮਦਾਬਾਦ ਦੇ ਬਾਜ਼ਾਰਾਂ ਵਿੱਚ ਰੋਜ਼ਾਨਾ ਮਜ਼ਦੂਰੀ ਕਰਦੇ ਸਨ।
ਜਦੋਂ ਕਿ ਔਰਤਾਂ ਬਾਜ਼ਾਰ ਵਿੱਚ ਜਾਂ ਕਿਸੇ ਦੇ ਘਰ ਕੰਮ ਕਰਦੀਆਂ ਸਨ ਅਤੇ 200 ਤੋਂ 400 ਰੁਪਏ ਪ੍ਰਤੀ ਦਿਨ ਕਮਾਉਂਦੀਆਂ ਸਨ। ਪੁਨਰਵਾਸ ਤੋਂ ਬਾਅਦ, ਇਨ੍ਹਾਂ ਵਿੱਚੋਂ ਬਹੁਤ ਸਾਰੇ ਲੋਕਾਂ ਨੇ ਆਪਣੀਆਂ ਨੌਕਰੀਆਂ ਗੁਆ ਦਿੱਤੀਆਂ ਹਨ।
ਬਿਸਮਿੱਲ੍ਹਾ ਦੀ ਕਹਾਣੀ

ਤਸਵੀਰ ਸਰੋਤ, PAWAN JAISHWAL
ਅਹਿਮਦਾਬਾਦ ਨਗਰ ਨਿਗਮ ਦੀ ਇੱਕ ਰਿਪੋਰਟ ਦੇ ਅਨੁਸਾਰ, ਸੁਭਾਸ਼ ਪੁਲ਼ ਤੋਂ ਵਾਸਣਾ ਬੈਰਾਜ ਤੱਕ ਨਦੀ ਕਿਨਾਰੇ ਰਹਿਣ ਵਾਲੇ 12,000 ਤੋਂ ਵੱਧ ਪਰਿਵਾਰਾਂ ਨੂੰ 29 ਸਰਕਾਰੀ ਕਲੋਨੀਆਂ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।
ਵਿਸਥਾਪਿਤ ਲੋਕਾਂ ਨੂੰ ਉਨ੍ਹਾਂ ਦੇ ਪੁਰਾਣੇ ਘਰਾਂ ਤੋਂ ਦੋ ਤੋਂ ਤਿੰਨ ਕਿਲੋਮੀਟਰ ਦੂਰ ਨਵੇਂ ਘਰਾਂ ਦਾ ਵਾਅਦਾ ਕੀਤਾ ਗਿਆ ਸੀ।
48 ਸਾਲਾ ਬਿਸਮਿੱਲ੍ਹਾ ਕੋਲਾ ਦਾ ਗਣੇਸ਼ ਨਗਰ ਜਾਣ ਤੋਂ ਪਹਿਲਾਂ ਤਲਾਕ ਹੋ ਗਿਆ ਸੀ। ਉਹ ਕਦੇ ਘਰੇਲੂ ਨੌਕਰਾਣੀ ਵਜੋਂ ਕੰਮ ਕਰਦੀ ਸੀ ਅਤੇ ਨੇੜਲੀਆਂ ਸੁਸਾਇਟੀਆਂ ਵਿੱਚ ਕੰਮ ਮਿਲ ਜਾਂਦਾ ਸੀ। ਪਰ ਇੱਕ ਅਪਰਾਧਿਕ ਮਾਮਲੇ ਵਿੱਚ ਪੁੱਤਰ ਦੀ ਗ੍ਰਿਫ਼ਤਾਰੀ ਤੋਂ ਬਾਅਦ, ਬਿਸਮਿੱਲ੍ਹਾ ਨੇ ਕਲੀਨਿਕਲ ਟ੍ਰਾਇਲਾਂ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ।
ਉਨ੍ਹਾਂ ਨੇ ਕਿਹਾ, "ਮੈਂ ਇਕੱਲੀ ਹਾਂ। ਮੇਰਾ ਕੋਈ ਸਹਾਰਾ ਨਹੀਂ ਹੈ। ਮੇਰੇ ਕੋਲ ਅਦਾਲਤ ਵਿੱਚ ਆਪਣੇ ਪੁੱਤਰ ਦਾ ਕੇਸ ਲੜਨ ਲਈ ਪੈਸੇ ਨਹੀਂ ਹਨ। ਮੇਰੇ ਕੋਲ ਆਪਣੇ ਘਰ ਦੀ ਮੁਰੰਮਤ ਲਈ ਵੀ ਪੈਸੇ ਨਹੀਂ ਹਨ। ਮੈਂ ਕੀ ਕਰਾਂ?"
"ਕਿਸੇ ਨੇ ਮੈਨੂੰ ਦੱਸਿਆ ਕਿ ਕਲੀਨਿਕਲ ਟ੍ਰਾਇਲ ਤੋਂ ਕੁਝ ਪੈਸੇ ਮਿਲ ਜਾਂਦੇ ਹਨ, ਇਸ ਲਈ ਮੈਂ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ।"
ਬਿਸਮਿੱਲ੍ਹਾ ਨੇ ਕਈ ਟ੍ਰਾਇਲਾਂ ਵਿੱਚ ਹਿੱਸਾ ਲਿਆ ਹੈ। ਗਣੇਸ਼ ਨਗਰ ਦੇ ਸਥਾਨਕ ਲੋਕ ਇਨ੍ਹਾਂ ਕਲੀਨਿਕਲ ਟ੍ਰਾਇਲਾਂ ਨੂੰ "ਐੱਸਟੀਡੀ" ਕਹਿੰਦੇ ਹਨ। ਦਰਅਸਲ, ਉਨ੍ਹਾਂ ਨੇ "ਸਟੱਡੀ" ਸ਼ਬਦ ਨੂੰ ਆਪਣਾ ਨਾਮ ਦਿੱਤਾ ਹੈ।
ਬਿਸਮਿੱਲ੍ਹਾ ਨੇ ਕਿਹਾ, "ਮੈਂ ਘੱਟੋ-ਘੱਟ ਸੱਤ ਤੋਂ ਦਸ ਐੱਸਟੀਡੀ ਦਾ ਹਿੱਸਾ ਰਹੀ ਹਾਂ ਅਤੇ 12,000 ਤੋਂ 15,000 ਰੁਪਏ ਕਮਾਏ ਹਨ। ਮੈਨੂੰ ਤਿੰਨ ਦਿਨ ਪ੍ਰਯੋਗਸ਼ਾਲਾ ਵਿੱਚ ਰਹਿਣਾ ਪੈਂਦਾ ਹੈ ਅਤੇ ਦਵਾਈ ਲੈਣ ਤੋਂ ਬਾਅਦ, ਉਹ ਨਿਯਮਿਤ ਤੌਰ 'ਤੇ ਮੇਰਾ ਖੂਨ ਲੈਂਦੇ ਰਹਿੰਦੇ ਹਨ।"
ਏਜੰਟ, ਨੈੱਟਵਰਕ ਅਤੇ ਨਿਯਮ

ਤਸਵੀਰ ਸਰੋਤ, PAWAN JAISHWAL
ਬਿਸਮਿੱਲ੍ਹਾ ਨੂੰ ਇਸ ਕਲੀਨਿਕਲ ਟ੍ਰਾਇਲ ਬਾਰੇ ਸਥਾਨਕ ਏਜੰਟਾਂ ਦੇ ਇੱਕ ਨੈੱਟਵਰਕ ਰਾਹੀਂ ਪਤਾ ਲੱਗਾ। ਏਜੰਟਾਂ ਨੂੰ ਉਹ ਜਿੰਨੇ ਲੋਕ ਲਿਆਉਂਦੇ ਹਨ, ਉਨ੍ਹਾਂ ਦੀ ਗਿਣਤੀ ਲਈ ਪ੍ਰਤੀ ਵਿਅਕਤੀ ₹500 ਤੋਂ ₹1,000 ਮਿਲਦੇ ਹਨ।
ਇੱਕ ਏਜੰਟ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਗੱਲ ਕਰਦੇ ਹੋਏ ਬੀਬੀਸੀ ਨੂੰ ਦੱਸਿਆ, "ਲੈਬ ਆਮ ਤੌਰ 'ਤੇ ਸਾਡੇ ਨਾਲ ਸੰਪਰਕ ਕਰਦੀਆਂ ਹਨ ਜਦੋਂ ਉਨ੍ਹਾਂ ਨੂੰ ਕਿਸੇ ਖ਼ਾਸ ਉਮਰ ਸਮੂਹ ਜਾਂ ਮਰਦ/ਔਰਤ ਦੀ ਲੋੜ ਹੁੰਦੀ ਹੈ। ਉਨ੍ਹਾਂ ਕੋਲ ਸਾਡੇ ਨੰਬਰ ਹੁੰਦੇ ਹਨ ਅਤੇ ਸਾਨੂੰ ਕਾਲ ਕਰਦੇ ਹਨ।"
"ਅਸੀਂ ਇੱਕ ਵਟਸਐਪ ਗਰੁੱਪਾਂ ਵਿੱਚ ਹਾਂ ਜਿੱਥੇ ਇਸ਼ਤਿਹਾਰ ਪੋਸਟ ਕੀਤੇ ਜਾਂਦੇ ਹਨ। ਕਈ ਵਾਰ ਅਸੀਂ ਲੋਕਾਂ ਨੂੰ ਲੈਬ ਵਿੱਚ ਲੈ ਕੇ ਜਾਂਦੇ ਹਾਂ, ਕਈ ਵਾਰ ਅਸੀਂ ਉਨ੍ਹਾਂ ਨੂੰ ਸਿੱਧੇ ਭੇਜਦੇ ਹਾਂ।"
ਇਹ ਏਜੰਟ ਪਹਿਲਾਂ ਖ਼ੁਦ ਟ੍ਰਾਇਲਾਂ ਵਿੱਚ ਹਿੱਸਾ ਲੈਂਦੇ ਸਨ। ਹੁਣ ਉਹ ਬਿਸਮਿੱਲ੍ਹਾ, ਨੂਰਜਹਾਂ ਅਤੇ ਜੱਸੀਬੇਨ ਵਰਗੇ ਲੋਕਾਂ ਦੇ ਨੈੱਟਵਰਕ ਚਲਾਉਂਦੇ ਹਨ।
ਏਜੰਟ ਦੇ ਅਨੁਸਾਰ, "ਇਸ ਵਿੱਚ ਕੀ ਗ਼ਲਤ ਹੈ? (ਖੋਜ ਕੰਪਨੀਆਂ) ਕੁਝ ਵੀ ਗ਼ੈਰ-ਕਾਨੂੰਨੀ ਨਹੀਂ ਕਰ ਰਹੀਆਂ ਹਨ। ਉਹ ਕਾਨੂੰਨੀ ਪ੍ਰਕਿਰਿਆ ਦੀ ਪਾਲਣਾ ਕਰਦੇ ਹਨ। ਲੋਕਾਂ ਦੀ ਸਹਿਮਤੀ ਲਿਖਤੀ ਅਤੇ ਕੈਮਰੇ 'ਤੇ ਲਈ ਜਾਂਦੀ ਹੈ।"
"ਭਾਗੀਦਾਰਾਂ ਨੂੰ ਟੈਸਟ ਕੀਤੀ ਜਾ ਰਹੀ ਦਵਾਈ ਅਤੇ ਇਸ ਦੇ ਮਾੜੇ ਪ੍ਰਭਾਵਾਂ ਬਾਰੇ ਸੂਚਿਤ ਕੀਤਾ ਜਾਂਦਾ ਹੈ। ਉਨ੍ਹਾਂ ਨੂੰ ਡਾਕਟਰ ਦਾ ਨਾਮ ਅਤੇ ਫ਼ੋਨ ਨੰਬਰ ਵੀ ਦਿੱਤਾ ਜਾਂਦਾ ਹੈ, ਤਾਂ ਜੋ ਟ੍ਰਾਇਲ ਵਿੱਚ ਸ਼ਾਮਲ ਹੋਣ ਵਾਲੇ ਘਰ ਵਾਪਸ ਆਉਣ ਤੋਂ ਬਾਅਦ ਵੀ ਡਾਕਟਰ ਦੀ ਮਦਦ ਲੈ ਸਕਣ।"

ਤਸਵੀਰ ਸਰੋਤ, PAWAN JAISHWAL
ਸਥਾਨਕ ਕਾਰਕੁੰਨ ਬੀਨਾ ਜਾਧਵ ਨੇ ਕਿਹਾ, "ਪਹਿਲਾਂ, ਇਹ ਲੋਕ ਸਿਰਫ਼ ਪੈਸੇ ਕਮਾਉਣ ਲਈ ਟ੍ਰਾਇਲਾਂ ਵਿੱਚ ਹਿੱਸਾ ਲੈਂਦੇ ਸਨ, ਪਰ ਹੁਣ ਇਹ ਇੱਕ ਕਾਰੋਬਾਰ ਬਣ ਗਿਆ ਹੈ। ਅਸੀਂ ਉਨ੍ਹਾਂ ਨੂੰ ਜੋਖ਼ਮਾਂ ਬਾਰੇ ਚੇਤਾਵਨੀ ਦੇ ਰਹੇ ਹਾਂ, ਪਰ ਲੋਕਾਂ ਦੀ ਗਿਣਤੀ ਵੱਧ ਰਹੀ ਹੈ ਕਿਉਂਕਿ ਇਸ ਖੇਤਰ ਵਿੱਚ ਕੋਈ ਰੁਜ਼ਗਾਰ ਨਹੀਂ ਹੈ।"
ਬੀਬੀਸੀ ਨੇ ਇਹ ਪਤਾ ਲਗਾਉਣ ਲਈ ਇੱਕ ਪ੍ਰਮੁੱਖ ਖੋਜ ਪ੍ਰਯੋਗਸ਼ਾਲਾ ਨਾਲ ਸੰਪਰਕ ਕੀਤਾ ਕਿ ਕੀ ਇਹ ਟ੍ਰਾਇਲ ਵਿਸ਼ਵ ਸਿਹਤ ਸੰਗਠਨ ਅਤੇ ਭਾਰਤ ਸਰਕਾਰ ਦੁਆਰਾ ਨਿਰਧਾਰਤ ਚੰਗੇ ਕਲੀਨਿਕਲ ਅਭਿਆਸ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਕੀਤੇ ਜਾ ਰਹੇ ਹਨ।
ਵਿਸ਼ਵ ਸਿਹਤ ਸੰਗਠਨ ਦੇ ਦਿਸ਼ਾ-ਨਿਰਦੇਸ਼ਾਂ ਵਿੱਚ ਕਿਹਾ ਗਿਆ ਹੈ ਕਿ ਮੈਡੀਕਲ ਟ੍ਰਾਇਲਾਂ ਵਿੱਚ ਹਿੱਸਾ ਲੈਣ ਲਈ ਪੈਸੇ ਲੈਣ ਵਾਲੇ ਲੋਕਾਂ ਲਈ, "ਅਜਿਹੇ ਪੈਸੇ ਨੂੰ ਆਮ ਤੌਰ 'ਤੇ ਅਧਿਐਨ ਦੇ ਲਾਭ ਦੀ ਬਜਾਏ ਭਰਤੀ ਪ੍ਰਕਿਰਿਆ ਦੇ ਹਿੱਸੇ ਵਜੋਂ ਦੇਖਿਆ ਜਾਂਦਾ ਹੈ।"
"ਹਾਲਾਂਕਿ, ਆਈਈਸੀ-ਆਈਆਰਬੀ ਨੂੰ ਭੁਗਤਾਨ ਦੀ ਰਕਮ ਅਤੇ ਇਸਦੀਆਂ ਪ੍ਰਕਿਰਿਆਵਾਂ ਦੀ ਸਮੀਖਿਆ ਕਰਨੀ ਚਾਹੀਦੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਸਦੇ ਪਿੱਛੇ ਕਿਸੇ ਤਰ੍ਹਾਂ ਦੀ ਮਜਬੂਰੀ ਜਾਂ ਗ਼ਲਤ ਕਾਰਨ ਨਾ ਹੋਵੇ। ਪੈਸੇ ਦਾ ਭੁਗਤਾਨ ਇੰਨਾ ਨਹੀਂ ਹੋਣਾ ਲੋਕਾਂ ਨੂੰ ਇਸ ਵਿੱਚ ਸ਼ਾਮਲ ਹੋਣ ਜਾਂ ਸਟੱਡੀ ਵਿੱਚ ਬਿਨਾਂ ਲੋੜ ਦੇ ਸ਼ਾਮਲ ਹੋਣ ਲਈ ਉਤਸਾਹਿਤ ਕੀਤਾ ਜਾਏ।"

ਤਸਵੀਰ ਸਰੋਤ, PAWAN JAISHWAL
ਸੁਪਰੀਮ ਕੋਰਟ ਦੇ ਵਕੀਲ ਸੰਜੇ ਪਾਰਿਖ ਨੇ ਇਸ ਤਰੀਕੇ ਨੂੰ "ਮਨੁੱਖੀ ਅਧਿਕਾਰਾਂ ਦੀ ਗੰਭੀਰ ਉਲੰਘਣਾ" ਦੱਸਿਆ ਹੈ।
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਅਸੀਂ ਉਨ੍ਹਾਂ ਲੋਕਾਂ ਬਾਰੇ ਗੱਲ ਕਰ ਰਹੇ ਹਾਂ ਜੋ ਟ੍ਰਾਇਲ ਦੇ ਮਾੜੇ ਪ੍ਰਭਾਵਾਂ ਤੋਂ ਅਣਜਾਣ ਹਨ। ਉਨ੍ਹਾਂ ਦੀ ਸਹਿਮਤੀ ਨੂੰ ਕਾਨੂੰਨੀ ਤੌਰ 'ਤੇ 'ਸੂਚਿਤ ਸਹਿਮਤੀ' ਨਹੀਂ ਮੰਨਿਆ ਜਾ ਸਕਦਾ।"
ਸੰਜੇ ਪਾਰਿਖ ਮੱਧ ਪ੍ਰਦੇਸ਼ ਸਥਿਤ ਸੰਗਠਨ, ਸਿਹਤ ਅਧਿਕਾਰ ਫੋਰਮ ਦੁਆਰਾ ਅਦਾਲਤ ਵਿੱਚ ਦਾਇਰ ਪਟੀਸ਼ਨ ਦੀ ਨੁਮਾਇੰਦਗੀ ਕਰ ਰਹੇ ਹਨ।
ਸੰਸਥਾ ਨੇ ਇੰਦੌਰ ਵਿੱਚ ਕਲੀਨਿਕਲ ਟ੍ਰਾਇਲਜ਼ ਨਾਲ ਸਬੰਧਤ ਕਈ ਮੌਤਾਂ ਤੋਂ ਬਾਅਦ ਚਿੰਤਾ ਪ੍ਰਗਟ ਕੀਤੀ ਸੀ।
ਸੰਗਠਨ ਦੇ ਰਾਸ਼ਟਰੀ ਕਨਵੀਨਰ, ਅਮੁੱਲਿਆ ਨਿਧੀ ਨੇ ਕਿਹਾ, "ਇਹ ਸਿਰਫ਼ ਗੁਜਰਾਤ ਵਿੱਚ ਹੀ ਨਹੀਂ ਹੋ ਰਿਹਾ ਹੈ। ਮੁੰਬਈ, ਹੈਦਰਾਬਾਦ ਅਤੇ ਹੋਰ ਸ਼ਹਿਰਾਂ ਵਿੱਚ ਪ੍ਰਯੋਗਸ਼ਾਲਾਵਾਂ ਵੀ ਲੋਕਾਂ ਨੂੰ "ਗਿੰਨੀ ਪਿਗ" ਵਜੋਂ ਵਰਤ ਰਹੀਆਂ ਹਨ।
ਟ੍ਰਾਇਲਾਂ ਵਿੱਚ ਬੇਨਿਯਮੀਆਂ ਦੀ ਜਾਂਚ ਕਰਨ ਵਾਲੀ ਇੱਕ ਸੰਸਦੀ ਕਮੇਟੀ ਨੇ ਦੇਸ਼ ਵਿੱਚ ਕਮਜ਼ੋਰ ਸਮੂਹਾਂ ਦਾ ਵਰਣਨ ਕਰਨ ਲਈ "ਗਿੰਨੀ ਪਿਗ" ਸ਼ਬਦ ਦੀ ਵਰਤੋਂ ਵੀ ਕੀਤੀ।
ਸੰਜੇ ਪਾਰਿਖ ਨੇ ਅੱਗੇ ਕਿਹਾ, "ਵਲੰਟੀਅਰਾਂ ਦੀ ਭਰਤੀ ਤੋਂ ਲੈ ਕੇ ਟ੍ਰਾਇਲ ਦੇ ਨਤੀਜਿਆਂ ਤੱਕ ਹਰ ਕਦਮ ਦੀ ਨਿਗਰਾਨੀ ਕਰਨ ਲਈ ਸਹੀ ਪ੍ਰਣਾਲੀਆਂ ਨਹੀਂ ਲਗਾਈਆਂ ਗਈਆਂ ਹਨ। ਜਦੋਂ ਤੱਕ ਇਹ ਨਹੀਂ ਹੋ ਜਾਂਦਾ, ਕਮਜ਼ੋਰ ਲੋਕਾਂ ਦਾ ਸ਼ੋਸ਼ਣ ਹੁੰਦਾ ਰਹੇਗਾ। ਟ੍ਰਾਇਲਾਂ ਦੇ ਨਿਸ਼ਚਿਤ ਨਤੀਜਿਆਂ ਨੂੰ ਛੱਡ ਕੇ ਸਾਰੀ ਜਾਣਕਾਰੀ ਜਨਤਕ ਕੀਤੀ ਜਾਣੀ ਚਾਹੀਦੀ ਹੈ।"
ਯੂਐੱਸ-ਅਧਾਰਤ ਗ੍ਰੈਂਡਵਿਊ ਰਿਸਰਚ ਦੇ ਹਵਾਲੇ ਨਾਲ ਰਾਇਟਰਜ਼ ਨੇ ਰਿਪੋਰਟ ਦਿੱਤੀ ਕਿ ਭਾਰਤ ਦਾ ਕਲੀਨਿਕਲ ਟ੍ਰਾਇਲ ਬਾਜ਼ਾਰ 2025 ਤੱਕ 1.51 ਅਰਬ ਡਾਲਰ ਤੱਕ ਪਹੁੰਚ ਸਕਦਾ ਹੈ।
ਕੰਪਨੀਆਂ ਭਾਰਤ ਵੱਲ ਆਕਰਸ਼ਿਤ ਹੋ ਰਹੀਆਂ ਹਨ ਕਿਉਂਕਿ ਟ੍ਰਾਇਲ ਅਸਫ਼ਲਤਾ ਦੀ ਲਾਗਤ ਘੱਟ ਹੈ।
ਕਾਮਨਵੈਲਥ ਫਾਰਮਾਸਿਊਟੀਕਲ ਐਸੋਸੀਏਸ਼ਨ ਦੇ ਪ੍ਰਧਾਨ ਡਾ. ਰਾਓ ਵੀਐੱਸਵੀ ਵਡਲਾਮੁਡੀ ਨੇ ਬੀਬੀਸੀ ਨੂੰ ਕਿਹਾ, "ਇੱਕ ਪਾਸੇ, ਲੋਕਾਂ ਨੂੰ ਪੈਸੇ ਦੀ ਲੋੜ ਹੁੰਦੀ ਹੈ ਅਤੇ ਦੂਜੇ ਪਾਸੇ, ਕੰਪਨੀਆਂ ਨੂੰ ਦਵਾਈਆਂ ਦੀ ਜਾਂਚ ਕਰਨ ਲਈ ਵਲੰਟੀਅਰਾਂ ਦੀ ਲੋੜ ਹੁੰਦੀ ਹੈ। ਮੈਨੂੰ ਨਹੀਂ ਪਤਾ ਕਿ ਇਹ ਸਭ ਕਾਨੂੰਨ ਅਤੇ ਸਰਕਾਰੀ ਮਾਪਦੰਡਾਂ ਅਨੁਸਾਰ ਕੀਤਾ ਜਾ ਰਿਹਾ ਹੈ ਜਾਂ ਨਹੀਂ।"
"ਮੈਨੂੰ ਇਹ ਵੀ ਨਹੀਂ ਪਤਾ ਕਿ ਅਸੀਂ ਅਜਿਹੇ ਸਵਾਲ ਪੁੱਛ ਕੇ ਕਿਸ ਦੀ ਰੱਖਿਆ ਕਰ ਰਹੇ ਹਾਂ। ਦਵਾਈਆਂ ਦਾ ਨਿਰਮਾਣ ਇੱਕ ਸਤਿਕਾਰਯੋਗ ਕਾਰੋਬਾਰ ਹੈ ਅਤੇ ਸਾਨੂੰ ਸਮਾਜ ਨੂੰ ਵੱਡੇ ਪੱਧਰ 'ਤੇ ਲਾਭ ਪਹੁੰਚਾਉਣ ਲਈ ਵਲੰਟੀਅਰਾਂ ਦੀ ਲੋੜ ਹੈ, ਪਰ ਸਾਰੇ ਮਾਪਦੰਡਾਂ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












