ਏਆਈ ਨੇ ਬਣਾਈਆਂ ਅਜਿਹੀਆਂ ਐਂਟੀਬਾਇਓਟਿਕਸ ਦਵਾਈਆਂ ਜਿਸ ਨਾਲ ਹੋ ਸਕਦਾ ਹੈ ਸੁਪਰਬਗ ਦਾ ਖ਼ਾਤਮਾ

    • ਲੇਖਕ, ਜੇਮਜ਼ ਗੇਲੇਘਰ
    • ਰੋਲ, ਸਿਹਤ ਅਤੇ ਵਿਗਿਆਨ ਪੱਤਰਕਾਰ
ਬੈਕਟੀਰੀਆ ਦੀ ਪਰਖ਼ ਕਰਦੇ ਵਿਗਿਆਨੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬੈਕਟੀਰੀਆ ਦੀ ਪਰਖ਼ ਕਰਦੀ ਹੋਈ ਇੱਕ ਸਿਹਤ ਵਿਗਿਆਨੀ

ਖੋਜਕਰਤਾਵਾਂ ਨੇ ਖੁਲਾਸਾ ਕੀਤਾ ਹੈ ਕਿ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਨੇ ਦੋ ਨਵੇਂ ਸੰਭਾਵੀ ਐਂਟੀਬਾਇਓਟਿਕਸ ਦੀ ਖੋਜ ਕੀਤੀ ਹੈ ਜੋ ਡਰੱਗ-ਰੋਧਕ ਗੋਨੋਰੀਆ ਅਤੇ ਐੱਮਆਰਐੱਸਏ ਦਾ ਖਾਤਮਾ ਕਰ ਸਕਦੇ ਹਨ।

ਇਹ ਦਵਾਈਆਂ ਏਆਈ ਵੱਲੋਂ ਐਟਮ-ਦਰ-ਐਟਮ ਡਿਜ਼ਾਈਨ ਕੀਤੀਆਂ ਗਈਆਂ ਸਨ, ਜਿਨ੍ਹਾਂ ਦੇ ਪ੍ਰਯੋਗਸ਼ਾਲਾ ਟੈਸਟ ਕੀਤੇ ਗਏ ਸਨ ਅਤੇ ਜਾਨਵਰਾਂ ਦੇ ਟੈਸਟਾਂ ਵਿੱਚ ਇਨ੍ਹਾਂ ਨੇ ਸੁਪਰਬੱਗਜ਼ ਨੂੰ ਮਾਰ ਦਿੱਤਾ ਸੀ।

ਹਾਲਾਂਕਿ, ਦੋਵਾਂ ਮਿਸ਼ਰਣਾਂ ਨੂੰ ਇਸਤੇਮਾਲ ਲਈ ਮਾਨਤਾ ਤੋਂ ਪਹਿਲਾਂ ਅਜੇ ਵੀ ਕਈ ਸਾਲਾਂ ਤੱਕ ਕਲੀਨਿਕਲ ਅਜ਼ਮਾਇਸ਼ਾਂ ਦੀ ਲੋੜ ਹੈ।

ਪਰ ਮੈਸੇਚਿਉਸੇਟਸ ਇੰਸਟੀਚਿਊਟ ਆਫ਼ ਟੈਕਨਾਲੋਜੀ ਟੀਮ ਦਾ ਕਹਿਣਾ ਹੈ ਕਿ ਏਆਈ ਐਂਟੀਬਾਇਓਟਿਕ ਖੋਜ ਵਿੱਚ 'ਦੂਜਾ ਸੁਨਹਿਰੀ ਯੁੱਗ' ਸ਼ੁਰੂ ਕਰ ਸਕਦਾ ਹੈ।

ਐਂਟੀਬਾਇਓਟਿਕਸ ਬੈਕਟੀਰੀਆ ਨੂੰ ਮਾਰ ਦਿੰਦੇ ਹਨ, ਪਰ ਇਲਾਜ ਦਾ ਵਿਰੋਧ ਕਰਨ ਵਾਲੀਆਂ ਲਾਗਾਂ ਮੌਜੂਦਾ ਸਮੇਂ ਵਿੱਚ ਹਰ ਸਾਲ ਦਸ ਲੱਖ ਤੋਂ ਵੱਧ ਮੌਤਾਂ ਦਾ ਕਾਰਨ ਬਣ ਰਹੀਆਂ ਹਨ।

ਐਂਟੀਬਾਇਓਟਿਕਸ ਦੀ ਜ਼ਿਆਦਾ ਵਰਤੋਂ ਨੇ ਬੈਕਟੀਰੀਆ ਨੂੰ ਦਵਾਈਆਂ ਦੇ ਪ੍ਰਭਾਵਾਂ ਤੋਂ ਬਚਣ ਵਿੱਚ ਵੀ ਮਦਦ ਕੀਤੀ ਹੈ ਅਤੇ ਸਿਹਤ ਜਗਤ ਦਹਾਕਿਆਂ ਤੋਂ ਨਵੇਂ ਐਂਟੀਬਾਇਓਟਿਕਸ ਦੀ ਘਾਟ ਨਾਲ ਜੂਝ ਰਿਹਾ ਹੈ।

ਲੰਬੀ ਜਾਂਚ

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਏਆਈ ਨੂੰ ਦੱਸਿਆ ਗਿਆ ਕਿ ਬੈਕਟੀਰੀਆ ਕਾਰਬਨ, ਆਕਸੀਜਨ, ਹਾਈਡ੍ਰੋਜਨ ਅਤੇ ਨਾਈਟ੍ਰੋਜਨ ਵਰਗੇ ਪਰਮਾਣੂਆਂ ਤੋਂ ਬਣੇ ਵੱਖ-ਵੱਖ ਅਣੂ ਢਾਂਚਿਆਂ ਤੋਂ ਕਿਵੇਂ ਪ੍ਰਭਾਵਿਤ ਹੁੰਦੇ ਹਨ (ਸੰਕੇਤਕ ਤਸਵੀਰ)

ਖੋਜਕਰਤਾਵਾਂ ਨੇ ਪਹਿਲਾਂ ਹਜ਼ਾਰਾਂ ਜਾਣੇ-ਪਛਾਣੇ ਰਸਾਇਣਾਂ ਦੀ ਜਾਂਚ ਕਰਨ ਲਈ ਏਆਈ ਦੀ ਵਰਤੋਂ ਕੀਤੀ ਤਾਂ ਜੋ ਉਨ੍ਹਾਂ ਰਸਾਇਣਾਂ ਦੀ ਪਛਾਣ ਕੀਤੀ ਜਾ ਸਕੇ ਜਿਨ੍ਹਾਂ ਤੋਂ ਨਵੇਂ ਐਂਟੀਬਾਇਓਟਿਕ ਬਣਨ ਦੀ ਸੰਭਾਵਨਾ ਹੈ।

ਹੁਣ ਐੱਮਆਈਟੀ ਟੀਮ ਨੇ ਐਂਟੀਬਾਇਓਟਿਕਸ ਨੂੰ ਡਿਜ਼ਾਈਨ ਕਰਨ ਲਈ ਜੈਨਰੇਟਿਵ ਏਆਈ ਦੀ ਵਰਤੋਂ ਕਰਕੇ ਇੱਕ ਕਦਮ ਹੋਰ ਅੱਗੇ ਵਧਾਇਆ ਹੈ।

ਜਰਨਲ ਸੈੱਲ ਵਿੱਚ ਪ੍ਰਕਾਸ਼ਿਤ ਉਨ੍ਹਾਂ ਦੇ ਅਧਿਐਨ ਨੇ 36 ਮਿਲੀਅਨ ਮਿਸ਼ਰਣਾਂ ਦਾ ਅਧਿਐਨ ਕਰਨ ਦੀ ਗੱਲ ਆਖੀ ਗਈ ਹੈ, ਜਿਨ੍ਹਾਂ ਵਿੱਚ ਉਹ ਮਿਸ਼ਰਣ ਵੀ ਸ਼ਾਮਲ ਹਨ ਜੋ ਜਾਂ ਤਾਂ ਮੌਜੂਦ ਨਹੀਂ ਹਨ ਜਾਂ ਅਜੇ ਤੱਕ ਖੋਜੇ ਨਹੀਂ ਗਏ ਹਨ।

ਵਿਗਿਆਨੀਆਂ ਨੇ ਏਆਈ ਨੂੰ ਜਾਣੇ-ਪਛਾਣੇ ਮਿਸ਼ਰਣਾਂ ਦੀ ਰਸਾਇਣਕ ਬਣਤਰ ਬਾਰੇ ਸਿਖਲਾਈ ਦਿੱਤੀ ਹੈ। ਇਸ ਦੇ ਨਾਲ ਹੀ ਇਹ ਵੀ ਅੰਕੜੇ ਫ਼ੀਡ ਕੀਤੇ ਗਏ ਕਿ ਕੀ ਕਿਵੇਂ ਬੈਕਟੀਰੀਆ ਦੀਆਂ ਵੱਖ-ਵੱਖ ਕਿਸਮਾਂ ਦੇ ਵਿਕਾਸ ਹੁੰਦੇ ਹਨ।

ਫਿਰ ਏਆਈ ਨੇ ਸਮਝਿਆ ਕਿ ਬੈਕਟੀਰੀਆ ਕਾਰਬਨ, ਆਕਸੀਜਨ, ਹਾਈਡ੍ਰੋਜਨ ਅਤੇ ਨਾਈਟ੍ਰੋਜਨ ਵਰਗੇ ਪਰਮਾਣੂਆਂ ਤੋਂ ਬਣੇ ਵੱਖ-ਵੱਖ ਅਣੂ ਢਾਂਚਿਆਂ ਤੋਂ ਕਿਵੇਂ ਪ੍ਰਭਾਵਿਤ ਹੁੰਦੇ ਹਨ।

ਇਸ ਤੋਂ ਬਾਅਦ ਏਆਈ ਜ਼ਰੀਏ ਨਵੇਂ ਐਂਟੀਬਾਇਓਟਿਕਸ ਡਿਜ਼ਾਈਨ ਕਰਨ ਲਈ ਦੋ ਤਰੀਕਿਆਂ ਨਾਲ ਕੋਸ਼ਿਸ਼ ਕੀਤੀ ਗਈ।

ਪਹਿਲੇ ਤਰੀਕੇ ਤਹਿਤ ਲੱਖਾਂ ਰਸਾਇਣਕ ਟੁਕੜਿਆਂ ਦੀ ਲਾਇਬ੍ਰੇਰੀ ਵਿੱਚੋਂ 8 ਤੋਂ 19 ਤੱਕ ਪਰਮਾਣੂਆਂ ਦਾ ਪਰੀਖਣ ਕੀਤਾ ਗਿਆ।

ਦੂਜੇ ਤਹਿਤ ਏਆਈ ਨੂੰ ਇਸ ਪਾਸੇ ਸ਼ੁਰੂਆਤ ਤੋਂ ਕੰਮ ਕਰਨ ਦੀ ਸਿਖਲਾਈ ਦਿੱਤੀ ਗਈ।

ਡਿਜ਼ਾਈਨ ਪ੍ਰਕਿਰਿਆ ਨੇ ਮੌਜੂਦਾ ਐਂਟੀਬਾਇਓਟਿਕਸ ਨਾਲ ਮਿਲਦੀ-ਜੁਲਦੀ ਹਰ ਚੀਜ਼ ਨੂੰ ਵੀ ਹਟਾ ਦਿੱਤਾ, ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਦਵਾਈਆਂ ਬਣਾਉਣ ਲੱਗੇ ਹੋਏ ਹਨ।

ਏਆਈ ਨੇ ਇਸ ਵੀ ਦੱਸਿਆ ਕਿ ਕਿਹੜੇ ਮਿਸ਼ਰਣ ਭਵਿੱਖ ਵਿੱਚ ਜ਼ਹਿਰੀਲੇ ਸਾਬਤ ਹੋ ਸਕਦੇ ਹਨ ਅਤੇ ਹਰ ਸੰਭਾਵਿਤ ਚੀਜ਼ ਨੂੰ ਫਿਲਟਰ ਕਰਨ ਦੀ ਕੋਸ਼ਿਸ਼ ਕੀਤੀ ਗਈ।

ਪ੍ਰੋਫੈਸਰ ਜੇਮਜ਼ ਕੋਲਿਨਜ਼

ਤਸਵੀਰ ਸਰੋਤ, MIT

ਤਸਵੀਰ ਕੈਪਸ਼ਨ, ਐੱਮਆਈਟੀ ਦੇ ਖੋਜਕਰਤਾਵਾਂ ਵਿੱਚੋਂ ਇੱਕ ਪ੍ਰੋਫੈਸਰ ਜੇਮਜ਼ ਕੋਲਿਨਜ਼

ਨਵੀਂ ਸੰਭਾਵੀ ਦਵਾਈਆਂ

ਵਿਗਿਆਨੀਆਂ ਨੇ ਜਿਨਸੀ ਤੌਰ 'ਤੇ ਸੰਚਾਰਿਤ ਲਾਗ ਗੋਨੋਰੀਆ ਅਤੇ ਸੰਭਾਵੀ ਤੌਰ 'ਤੇ ਘਾਤਕ ਐੱਮਆਰਐੱਸਏ (ਮੈਥੀਸਿਲਿਨ-ਰੋਧਕ ਸਟੈਫ਼ੀਲੋਕੋਕਸ ਔਰੀਅਸ ) ਲਈ ਐਂਟੀਬਾਇਓਟਿਕਸ ਬਣਾਉਣ ਲਈ ਏਆਈ ਦੀ ਵਰਤੋਂ ਕੀਤੀ ।

ਇਹ ਇੱਕ ਕਿਸਮ ਦਾ ਬੈਕਟੀਰੀਆ ਹੈ ਜੋ ਚਮੜੀ 'ਤੇ ਨੁਕਸਾਨਦੇਹ ਹੁੰਦਾ ਹੈ ਪਰ ਜੇਕਰ ਇਹ ਸਰੀਰ ਵਿੱਚ ਦਾਖਲ ਹੁੰਦਾ ਹੈ ਤਾਂ ਇਹ ਗੰਭੀਰ ਲਾਗ ਦਾ ਕਾਰਨ ਬਣ ਸਕਦਾ ਹੈ।

ਇੱਕ ਵਾਰ ਨਿਰਮਾਣ ਤੋਂ ਬਾਅਦ ਪ੍ਰਮੁੱਖ ਡਿਜ਼ਾਈਨਾਂ ਦੀ ਪ੍ਰਯੋਗਸ਼ਾਲਾ ਵਿੱਚ ਬੈਕਟੀਰੀਆ ਅਤੇ ਲਾਗ਼ ਪ੍ਰਭਾਵਿਤ ਚੂਹਿਆਂ 'ਤੇ ਜਾਂਚ ਕੀਤੀ ਗਈ, ਜਿਸਦੇ ਨਤੀਜੇ ਵਜੋਂ ਦੋ ਨਵੀਆਂ ਸੰਭਾਵੀ ਦਵਾਈਆਂ ਸਾਹਮਣੇ ਆਈਆਂ।

ਏਆਈ

ਐੱਮਆਈਟੀ ਦੇ ਪ੍ਰੋਫੈਸਰ ਜੇਮਜ਼ ਕੋਲਿਨਜ਼ ਨੇ ਬੀਬੀਸੀ ਨੂੰ ਦੱਸਿਆ, "ਅਸੀਂ ਉਤਸ਼ਾਹਿਤ ਹਾਂ ਕਿਉਂਕਿ ਅਸੀਂ ਸਮਝਦੇ ਹਾਂ ਕਿ ਜੈਨਰੇਟਿਵ ਏਆਈ ਦੀ ਵਰਤੋਂ ਪੂਰੀ ਤਰ੍ਹਾਂ ਨਵੇਂ ਐਂਟੀਬਾਇਓਟਿਕਸ ਡਿਜ਼ਾਈਨ ਕਰਨ ਲਈ ਕੀਤੀ ਜਾ ਸਕਦੀ ਹੈ।"

"ਏਆਈ ਸਾਨੂੰ ਸਸਤੇ ਅਤੇ ਤੇਜ਼ੀ ਨਾਲ ਅਣੂ ਬਣਾਉਣ ਦੇ ਯੋਗ ਬਣਾ ਸਕਦਾ ਹੈ ਅਤੇ ਇਸ ਤਰੀਕੇ ਨਾਲ ਇਹ ਸਾਡੀਆਂ ਸਿਹਤ ਮਸਲਿਆਂ ਦੇ ਹੱਲ ਸਬੰਧੀ ਸੰਭਾਵਨਾਵਾਂ ਦਾ ਵਿਸਥਾਰ ਕਰ ਸਕਦਾ ਹੈ ਅਤੇ ਸੁਪਰਬੱਗਜ਼ ਦੇ ਜੀਨਾਂ ਦੇ ਵਿਰੁੱਧ ਇਲਾਜ ਪ੍ਰਣਾਲੀ ਨੂੰ ਬਿਹਤਰ ਬਣਾ ਸਕਦਾ ਹੈ।"

ਹਾਲਾਂਕਿ, ਹਾਲੇ ਇਹ ਕਲੀਨਿਕਲ ਅਜ਼ਮਾਇਸ਼ਾਂ ਲਈ ਤਿਆਰ ਨਹੀਂ ਹਨ ਅਤੇ ਦਵਾਈਆਂ ਨੂੰ ਸੋਧਣ ਦੀ ਜ਼ਰੂਰਤ ਹੋਏਗੀ।

ਪਰ ਅੰਦਾਜ਼ਾ ਹੈ ਕਿ ਲੋਕਾਂ ਤੱਕ ਉਨ੍ਹਾਂ ਦੀ ਜਾਂਚ ਦੀ ਲੰਬੀ ਪ੍ਰਕਿਰਿਆ ਸ਼ੁਰੂ ਹੋਣ ਤੋਂ ਪਹਿਲਾਂ ਇਸ ਵਿੱਚ ਇੱਕ ਤੋਂ ਦੋ ਸਾਲ ਦਾ ਸਮਾਂ ਹੋਰ ਲੱਗੇਗਾ।

ਲੰਬੀ ਪ੍ਰੀਕਿਰਿਆ

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਾਹਰਾਂ ਮੁਤਾਬਕ ਏਆਈ ਜ਼ਰੀਏ ਕੀਤੇ ਗਏ ਨਰੀਖਣਾਂ ਨੂੰ ਮਨੁੱਖਾਂ ਉੱਤੇ ਲਾਗੂ ਕਰਨ ਵਿੱਚ ਹਾਲੇ ਲੰਬਾ ਸਮਾਂ ਲੱਗ ਸਕਦਾ ਹੈ (ਸੰਕੇਤਕ ਤਸਵੀਰ)

ਫ਼ਲੇਮਿੰਗ ਇਨੀਸ਼ੀਏਟਿਵ ਅਤੇ ਇੰਪੀਰੀਅਲ ਕਾਲਜ ਲੰਡਨ ਦੇ ਡਾਕਟਰ ਐਂਡਰਿਊ ਐਡਵਰਡਸ ਨੇ ਕਿਹਾ ਕਿ ਏਆਈ ਦੀ ਮਦਦ ਦਾ ਕੰਮ 'ਬਹੁਤ ਮਹੱਤਵਪੂਰਨ' ਸੀ ਜਿਸ ਵਿੱਚ ਵੱਡੀ ਸੰਭਾਵਨਾ ਸੀ ਕਿਉਂਕਿ ਇਹ ਨਵੇਂ ਐਂਟੀਬਾਇਓਟਿਕਸ ਦੀ ਪਛਾਣ ਕਰਨ ਲਈ ਇੱਕ ਨਵੇਂ ਦ੍ਰਿਸ਼ਟੀਕੋਣ ਤੋਂ ਕੰਮ ਕਰਦਾ ਹੈ।

ਉਨ੍ਹਾਂ ਨੇ ਅੱਗੇ ਕਿਹਾ, "ਜਦੋਂ ਕਿ ਏਆਈ ਦਵਾਈਆਂ ਦੀ ਖੋਜ ਅਤੇ ਵਿਕਾਸ ਵਿੱਚ ਨਾਟਕੀ ਢੰਗ ਨਾਲ ਸੁਧਾਰ ਕਰਨ ਦਾ ਵਾਅਦਾ ਕਰਦਾ ਹੈ, ਸਾਨੂੰ ਅਜੇ ਵੀ ਸੁਰੱਖਿਆ ਅਤੇ ਪ੍ਰਭਾਵਸ਼ੀਲਤਾ ਦੀ ਜਾਂਚ ਕਰਨ ਵੇਲੇ ਸਖ਼ਤ ਮਿਹਨਤ ਅਤੇ ਨਿਗਰਾਨੀ ਕਰਨ ਦੀ ਲੋੜ ਹੈ।"

“ਇਹ ਇੱਕ ਲੰਮੀ ਅਤੇ ਮਹਿੰਗੀ ਪ੍ਰਕਿਰਿਆ ਹੋ ਸਕਦੀ ਹੈ ਜਿਸਦੀ ਕੋਈ ਗਰੰਟੀ ਨਹੀਂ ਹੈ ਕਿ ਪ੍ਰਯੋਗਾਤਮਕ ਦਵਾਈਆਂ ਅੰਤ ਵਿੱਚ ਮਰੀਜ਼ਾਂ ਨੂੰ ਦਿੱਤੀਆਂ ਜਾਣਗੀਆਂ।”

ਕੁਝ ਲੋਕ ਏਆਈ ਡਰੱਗ ਖੋਜ ਨੂੰ ਹੋਰ ਵਿਆਪਕ ਤੌਰ 'ਤੇ ਬਿਹਤਰ ਬਣਾਉਣ ਦੀ ਮੰਗ ਕਰ ਰਹੇ ਹਨ।

ਪ੍ਰੋਫੈਸਰ ਕੋਲਿਨਜ਼ ਕਹਿੰਦੇ ਹਨ, "ਸਾਨੂੰ ਬਿਹਤਰ ਮਾਡਲਾਂ ਦੀ ਲੋੜ ਹੈ ਜੋ ਪ੍ਰਯੋਗਸ਼ਾਲਾ ਵਿੱਚ ਦਵਾਈਆਂ ਦੇ ਪ੍ਰਦਰਸ਼ਨ ਤੋਂ ਪਰ੍ਹੇ ਉਨ੍ਹਾਂ ਮਾਡਲਾਂ ਨੂੰ ਤਿਆਰ ਕਰਨ ਲਈ ਕੰਮ ਕਰਨ ਜੋ ਭਵਿੱਖ ਵਿੱਚ ਮਨੁੱਖੀ ਸਰੀਰ ਦੇ ਰੋਗਾਂ ਵਿਰੁੱਧ ਇਲਾਜ ਲਈ ਪ੍ਰਭਾਵਸ਼ੀਲ ਸਾਬਤ ਹੋ ਸਕਣ।"

“ਇੱਕ ਮੁੱਦਾ ਇਹ ਵੀ ਹੈ ਕਿ ਏਆਈ ਡਿਜ਼ਾਈਨ ਬਣਾਉਣੇ ਕਿੰਨੇ ਚੁਣੌਤੀਪੂਰਨ ਹਨ। ਸਿਧਾਂਤ ਵਿੱਚ ਤਿਆਰ ਕੀਤੇ ਗਏ ਬਿਹਤਰੀਨ 80 ਗੋਨੋਰੀਆ ਇਲਾਜਾਂ ਵਿੱਚੋਂ ਸਿਰਫ਼ ਦੋ ਨੂੰ ਦਵਾਈਆਂ ਬਣਾਉਣ ਲਈ ਇਸਤੇਮਾਲ ਕੀਤਾ ਗਿਆ ਸੀ।”

ਵਾਰਵਿਕ ਯੂਨੀਵਰਸਿਟੀ ਦੇ ਪ੍ਰੋਫੈਸਰ ਕ੍ਰਿਸ ਡਾਉਸਨ ਨੇ ਕਿਹਾ ਕਿ ਅਧਿਐਨ ਵਧੀਆ ਸੀ ਅਤੇ ਦਿਖਾਇਆ ਕਿ ਏਆਈ ਐਂਟੀਬਾਇਓਟਿਕ ਖੋਜ ਲਈ ਇੱਕ ਸਾਧਨ ਵਜੋਂ ਅਹਿਮ ਭੂਮਿਕਾ ਨਿਭਾ ਸਕਦਾ ਹੈ।

ਉਹ ਕਹਿੰਦੇ ਹਨ ਕਿ ਡਰੱਗ-ਰੋਧਕਾਂ ਨਾਲ ਇੱਕ ਆਰਥਿਕ ਸਮੱਸਿਆ ਵੀ ਜੁੜੀ ਹੋਈ ਹੈ।

ਉਹ ਸਵਾਲ ਕਰਦੇ ਹਨ, "ਤੁਸੀਂ ਅਜਿਹੀਆਂ ਦਵਾਈਆਂ ਕਿਵੇਂ ਬਣਾ ਸਕਦੇ ਹੋ, ਜਿਨ੍ਹਾਂ ਦਾ ਕੋਈ ਵਪਾਰਕ ਮੁੱਲ ਨਹੀਂ ਹੈ?"

“ਜੇਕਰ ਕਿਸੇ ਨਵੇਂ ਐਂਟੀਬਾਇਓਟਿਕ ਦੀ ਖੋਜ ਕੀਤੀ ਜਾਂਦੀ ਹੈ, ਤਾਂ ਆਦਰਸ਼ਕ ਤੌਰ 'ਤੇ ਤੁਸੀਂ ਇਸਦੀ ਪ੍ਰਭਾਵਸ਼ੀਲਤਾ ਨੂੰ ਸੁਰੱਖਿਅਤ ਰੱਖਣ ਲਈ ਇਸਨੂੰ ਘੱਟ ਤੋਂ ਘੱਟ ਵਰਤੋਗੇ, ਜਿਸ ਨਾਲ ਕਿਸੇ ਲਈ ਵੀ ਮੁਨਾਫ਼ਾ ਕਮਾਉਣਾ ਔਖਾ ਹੋ ਜਾਵੇਗਾ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)