ਜੇ ਭੋਜਨ ਸਾਹ ਨਲ਼ੀ 'ਚ ਫਸ ਜਾਵੇ ਤਾਂ ਕੀ ਕਰੀਏ? ਸਧਾਰਨ ਜਿਹੀ ਮੁੱਢਲੀ ਸਹਾਇਤਾ ਜਾਨ ਬਚਾਉਣ 'ਚ ਅਹਿਮ ਭੂਮਿਕਾ ਨਿਭਾ ਸਕਦੀ ਹੈ

ਖਾਣਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਾਹਰ ਚੇਤਾਵਨੀ ਦਿੰਦੇ ਹਨ ਕਿ ਜੇਕਰ ਭੋਜਨ ਸਾਹ ਨਲ਼ੀ ਵਿੱਚ ਦਾਖ਼ਲ ਹੋ ਜਾਂਦਾ ਹੈ ਤਾਂ ਤੁਰੰਤ ਮੁੱਢਲੀ ਸਹਾਇਤਾ ਪ੍ਰਦਾਨ ਕਰਨਾ ਜ਼ਰੂਰੀ ਹੈ
    • ਲੇਖਕ, ਜ਼ੇਵੀਅਰ ਸੇਲਵਾਕੁਮਾਰ
    • ਰੋਲ, ਬੀਬੀਸੀ ਪੱਤਰਕਾਰ

ਤਮਿਲਨਾਡੂ ਦੇ ਈਰੋਡੇ ਦੇ ਇੱਕ 5 ਸਾਲਾ ਮੁੰਡੇ ਦੀ ਕੇਲਾ ਖਾਂਦੇ ਸਮੇਂ ਕੇਲਾ ਗਲ਼ੇ 'ਚ ਫਸਣ ਕਾਰਨ ਮੌਤ ਹੋ ਗਈ। ਹਾਲ ਹੀ ਵਿੱਚ ਤਿਰੂਵੱਲੂਰ ਜ਼ਿਲ੍ਹੇ ਦੇ ਤਿਰੂਟਾਨੀ ਦੇ ਇੱਕ 4 ਸਾਲਾ ਮੁੰਡੇ ਦੀ ਗੋਲੀ ਖਾਂਦੇ ਸਮੇਂ ਗਲ਼ੇ 'ਚ ਗੋਲੀ ਫਸਣ ਕਾਰਨ ਮੌਤ ਹੋ ਗਈ।

ਅਜਿਹੀਆਂ ਘਟਨਾਵਾਂ ਨੇ ਮਾਪਿਆਂ ਦੇ ਮਨਾਂ 'ਚ ਡਰ ਪੈਦਾ ਕਰ ਦਿੱਤਾ ਹੈ।

ਡਾਕਟਰਾਂ ਦਾ ਕਹਿਣਾ ਹੈ ਕਿ ਨਾ ਸਿਰਫ਼ ਬੱਚਿਆਂ ਸਗੋਂ ਬਾਲਗਾਂ ਨੂੰ ਵੀ ਇਹ ਦਿੱਕਤ ਹੋ ਸਕਦੀ ਹੈ। ਡਾਕਟਰ ਇਹ ਚੇਤਾਵਨੀ ਵੀ ਦਿੰਦੇ ਹਨ ਕਿ ਜੇਕਰ ਤੁਰੰਤ ਸਹੀ ਮੁੱਢਲੀ ਸਹਾਇਤਾ ਨਾ ਦਿੱਤੀ ਜਾਵੇ, ਤਾਂ ਇਹ ਖ਼ਤਰਨਾਕ ਹੋ ਸਕਦਾ ਹੈ।

ਇਸ ਤੋਂ ਇਲਾਵਾ ਡਾਕਟਰ ਬੱਚਿਆਂ ਨੂੰ ਭੋਜਨ ਦੇ ਛੋਟੇ ਟੁਕੜੇ ਖੁਆਉਣ ਦੀ ਸਿਫਾਰਸ਼ ਕਰਦੇ ਹਨ ਅਤੇ ਇਸ ਗੱਲ 'ਤੇ ਜ਼ੋਰ ਦਿੰਦੇ ਹਨ ਕਿ ਹਰ ਕਿਸੇ ਨੂੰ ਆਪਣਾ ਭੋਜਨ ਚੰਗੀ ਤਰ੍ਹਾਂ ਚੱਬ ਕੇ ਖਾਣਾ ਚਾਹੀਦਾ ਹੈ, ਧਿਆਨ ਨਾਲ ਖਾਣਾ ਚਾਹੀਦਾ ਹੈ ਅਤੇ ਖਾਂਦੇ ਸਮੇਂ ਬੋਲਣ ਤੋਂ ਬਚਣਾ ਚਾਹੀਦਾ ਹੈ।

ਹਸਪਤਾਲ ਜਾਂਦੇ ਸਮੇਂ ਮੁੰਡੇ ਦੀ ਮੌਤ

ਇਰੋਡ ਦੇ ਸੱਤਿਆ ਨਗਰ ਦੇ ਰਹਿਣ ਵਾਲੇ ਮਾਨਿਕ ਅਤੇ ਮਹਾਲਕਸ਼ਮੀ ਦਾ ਇੱਕ 5 ਸਾਲਾ ਪੁੱਤਰ ਸਾਈਂ ਸਰਨ ਅਤੇ ਇੱਕ 2 ਸਾਲਾ ਦੀ ਧੀ ਸੀ।

2 ਦਸੰਬਰ ਦੀ ਰਾਤ ਨੂੰ ਮਹਾਲਕਸ਼ਮੀ ਨੇ ਆਪਣੇ ਦੋ ਬੱਚਿਆਂ ਨੂੰ ਕੇਲਾ ਖੁਆਇਆ। ਖਾਂਦੇ ਸਮੇਂ ਸਾਈਂ ਸਰਨ ਦੇ ਗਲ਼ੇ ਵਿੱਚ ਕੇਲਾ ਫਸਣ ਕਾਰਨ ਉਸ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋਣ ਲੱਗੀ।

ਮਾਪਿਆਂ ਨੇ ਤੁਰੰਤ ਮੁੰਡੇ ਨੂੰ ਇਰੋਡ ਸਰਕਾਰੀ ਹਸਪਤਾਲ ਲਿਆਂਦਾ। ਹਾਲਾਂਕਿ, ਉਸ ਦੀ ਜਾਂਚ ਕਰਨ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਅਤੇ ਕਿਹਾ ਕਿ ਉਸ ਦੀ ਰਸਤੇ ਵਿੱਚ ਹੀ ਮੌਤ ਹੋ ਗਈ ਸੀ। ਇਸ ਸੰਬੰਧੀ ਕਰੁਣਾਗਲਪਲਯਮ ਪੁਲਿਸ ਸਟੇਸ਼ਨ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ।

ਬੀਬੀਸੀ ਤਮਿਲ ਨੂੰ ਇਸ ਦੀ ਜਾਣਕਾਰੀ ਦਿੰਦਿਆਂ ਇਰੋਡ ਸਰਕਾਰੀ ਹਸਪਤਾਲ ਦੇ ਰੈਜ਼ੀਡੈਂਟ ਮੈਡੀਕਲ ਅਫਸਰ, ਸ਼ਸ਼ੀਰੇਖਾ ਨੇ ਕਿਹਾ, "ਮੁੰਡੇ ਨੂੰ 20 ਮਿੰਟਾਂ ਦੇ ਅੰਦਰ ਹੀ ਘਰੋਂ ਇੱਥੇ ਲਿਆਂਦਾ ਗਿਆ ਸੀ। ਪਰ ਜਦੋਂ ਉਹ ਪਹੁੰਚਿਆ ਤਾਂ ਉਹ ਮਰ ਚੁੱਕਾ ਸੀ। ਕੇਲਾ ਭੋਜਨ ਨਲ਼ੀ ਦੀ ਬਜਾਏ ਸਾਹ ਦੀ ਨਲ਼ੀ ਵਿੱਚ ਚਲਾ ਗਿਆ ਸੀ, ਜਿਸ ਨਾਲ ਆਕਸੀਜਨ ਫੇਫੜਿਆਂ ਤੱਕ ਨਹੀਂ ਪਹੁੰਚ ਰਹੀ ਸੀ ਅਤੇ ਮੁੰਡੇ ਨੂੰ ਸਾਹ ਲੈਣ ਵਿੱਚ ਮੁਸ਼ਕਲ ਆਈ।"

ਖਾਣਾ ਖਾਧਾ ਬੱਚਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਡਾਕਟਰ ਕਹਿੰਦੇ ਹਨ ਕਿ ਬਿਨਾਂ ਜਲਦਬਾਜ਼ੀ ਜਾਂ ਗੱਲ ਕੀਤੇ, ਹੌਲੀ-ਹੌਲੀ ਖਾਣਾ ਮਹੱਤਵਪੂਰਨ ਹੈ (ਸੰਕੇਤਕ ਤਸਵੀਰ)

ਉਨ੍ਹਾਂ ਕਿਹਾ ਕਿ ਇਸ ਨਾਲ ਅਗਲੇ ਪੰਜ ਮਿੰਟਾਂ ਦੇ ਅੰਦਰ ਮੌਤ ਹੋਣ ਦੀ ਸੰਭਾਵਨਾ ਹੁੰਦੀ ਹੈ।

ਉਨ੍ਹਾਂ ਜਾਣਕਾਰੀ ਦਿੱਤੀ, "ਪੋਸਟਮਾਰਟਮ ਪੂਰਾ ਹੋ ਗਿਆ ਹੈ। ਮੁੰਡੇ ਨੂੰ ਕੋਈ ਹੋਰ ਸਰੀਰਕ ਸੱਟਾਂ ਨਹੀਂ ਸਨ। ਅਸੀਂ ਪਾਇਆ ਕਿ ਮੁੰਡੇ ਦਾ ਮੂੰਹ ਕੇਲੇ ਨਾਲ ਭਰਿਆ ਹੋਇਆ ਸੀ।"

ਡਾਕਟਰ ਸ਼ਸ਼ੀਰੇਖਾ ਨੇ ਸਮਝਾਇਆ, "ਅਜਿਹੇ ਮਾਮਲਿਆਂ ਵਿੱਚ ਤੁਰੰਤ ਮੁੱਢਲੀ ਸਹਾਇਤਾ ਹੀ ਜਾਨ ਬਚਾਉਣ ਦਾ ਇੱਕੋ-ਇੱਕ ਤਰੀਕਾ ਹੈ। ਜੇਕਰ ਇਸ ਮੁੰਡੇ ਨੂੰ ਪਹਿਲਾਂ ਮੁੱਢਲੀ ਸਹਾਇਤਾ ਦਿੱਤੀ ਜਾਂਦੀ, ਤਾਂ ਉਸ ਦੀ ਜਾਨ ਬਚਾਈ ਜਾ ਸਕਦੀ ਸੀ। ਨਹੀਂ ਤਾਂ, ਜੇਕਰ ਪੀੜਤ ਨੂੰ ਹਸਪਤਾਲ ਲਿਆਉਣ ਤੱਕ ਸਾਹ ਨਾਲੀ ਬੰਦ ਰਹਿੰਦੀ ਹੈ, ਤਾਂ ਉਸ ਦੀ ਉਮਰ ਭਾਵੇਂ ਕੋਈ ਵੀ ਹੋਵੇ, ਬਚਣ ਦੀ ਸੰਭਾਵਨਾ ਬਹੁਤ ਘੱਟ ਹੁੰਦੀ ਹੈ।"

ਇਸ ਦੌਰਾਨ, ਇਰੋਡ ਸਰਕਾਰੀ ਹਸਪਤਾਲ ਦੇ ਡਾਕਟਰਾਂ ਨੇ ਕਿਹਾ ਕਿ ਉਨ੍ਹਾਂ ਕੋਲ ਪਹਿਲਾਂ ਵੀ ਅਜਿਹੇ ਮਾਮਲੇ ਆਏ ਹਨ ਜਦੋਂ ਲੋਕਾਂ ਦੀ ਸਾਹ ਨਲ਼ੀ ਵਿੱਚ ਵੱਖ-ਵੱਖ ਚੀਜ਼ਾਂ ਫਸ ਗਈਆਂ ਸਨ ਅਤੇ ਸਧਾਰਨ ਇਲਾਜ ਅਤੇ ਸਰਜਰੀ ਨਾਲ ਅਜਿਹੇ ਲੋਕਾਂ ਦੀਆਂ ਜਾਨਾਂ ਬਚਾਈਆਂ ਗਈਆਂ ਹਨ।

ਗਲੇ ਵਿੱਚ ਖਾਣਾ ਫਸਣਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਡਾਕਟਰ ਮੁਤਾਬਕ, ਬੱਚਿਆਂ ਨੂੰ ਦਿੱਤਾ ਜਾਣ ਵਾਲਾ ਕੋਈ ਵੀ ਭੋਜਨ ਧਿਆਨ ਨਾਲ ਅਤੇ ਘੱਟ ਮਾਤਰਾ ਵਿੱਚ ਦਿੱਤਾ ਜਾਣਾ ਚਾਹੀਦਾ ਹੈ

ਭੋਜਨ ਨੂੰ ਸਾਹ ਨਲ਼ੀ ਵਿੱਚ ਜਾਣ ਤੋਂ ਕਿਵੇਂ ਰੋਕਿਆ ਜਾਵੇ?

ਲੰਘੇ ਅਗਸਤ ਮਹੀਨੇ ਵਿੱਚ ਤਮਿਲਨਾਡੂ ਦੇ ਹੀ ਤਿਰੂਵੱਲੂਰ ਜ਼ਿਲ੍ਹੇ ਦੇ ਤਿਰੂਟਾਨੀ ਵਿੱਚ ਇੱਕ ਸਰਕਾਰੀ ਹਸਪਤਾਲ ਦੁਆਰਾ ਦਿੱਤੀ ਗਈ ਬੁਖਾਰ ਦੀ ਗੋਲੀ ਨਿਗਲਣ ਤੋਂ ਬਾਅਦ ਇੱਕ 4 ਸਾਲ ਦੇ ਮੁੰਡੇ ਦੀ ਮੌਤ ਹੋ ਗਈ, ਕਿਉਂਕਿ ਗੋਲੀ ਉਸ ਦੇ ਗਲ਼ੇ ਵਿੱਚ ਫਸ ਗਈ ਸੀ।

ਇਨ੍ਹਾਂ ਦੋ ਮਾਮਲਿਆਂ ਨੇ ਮਾਪਿਆਂ ਵਿੱਚ ਸਦਮਾ ਅਤੇ ਡਰ ਪੈਦਾ ਕਰ ਦਿੱਤਾ ਹੈ। ਹਾਲਾਂਕਿ, ਮਾਹਰ ਕਹਿੰਦੇ ਹਨ ਕਿ ਜੇਕਰ ਮਾਪੇ ਜਾਣਦੇ ਹਨ ਕਿ ਅਜਿਹੀ ਸਥਿਤੀ ਨੂੰ ਕਿਵੇਂ ਸੰਭਾਲਣਾ ਹੈ, ਤਾਂ ਉਨ੍ਹਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ।

ਇਸ ਬਾਰੇ ਦੱਸਦੇ ਹੋਏ ਕੋਇੰਬਟੂਰ ਤੋਂ ਕੰਨ, ਨੱਕ ਅਤੇ ਗਲ਼ੇ ਦੇ ਮਾਹਰ ਡਾਕਟਰ ਬਾਲਾਕ੍ਰਿਸ਼ਨਣ ਕਹਿੰਦੇ ਹਨ, "ਉਮਰ ਨਾਲ ਕੋਈ ਫਰਕ ਨਹੀਂ ਪੈਂਦਾ, ਇਹ ਮੰਦਭਾਗੀ ਘਟਨਾ ਕਿਸੇ ਨਾਲ ਵੀ ਉਸ ਵੇਲੇ ਵਾਪਰ ਸਕਦੀ ਹੈ ਜਦੋਂ ਭੋਜਨ, ਜੋ ਭੋਜਨ ਨਲ਼ੀ ਵਿੱਚ ਜਾਣ ਦੀ ਬਜਾਏ ਸਾਹ ਨਲ਼ੀ ਵਿੱਚ ਚਲਾ ਜਾਂਦਾ ਹੈ।''

ਉਨ੍ਹਾਂ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਜੇਕਰ ਸਹੀ ਮੁੱਢਲੀ ਸਹਾਇਤਾ ਤੁਰੰਤ ਅਤੇ ਬਿਨਾਂ ਦੇਰੀ ਦੇ ਦਿੱਤੀ ਜਾਵੇ ਤਾਂ ਜਾਨ ਨੂੰ ਕੋਈ ਖ਼ਤਰਾ ਨਹੀਂ ਹੁੰਦਾ। ਡਾਕਟਰੀ ਖੋਜਕਰਤਾ ਏਰਿਨ ਕੈਲਾਮਨ ਦੁਆਰਾ ਲਿਖੇ ਇੱਕ ਲੇਖ ਦੇ ਅਨੁਸਾਰ, ਮਨੁੱਖੀ ਸਰੀਰ ਵਿੱਚ ਦੋ ਟਿਊਬਾਂ ਹਨ, ਭੋਜਨ ਨਲ਼ੀ ਅਤੇ ਸਾਹ ਨਲ਼ੀ, ਜੋ ਗਰਦਨ ਅਤੇ ਛਾਤੀ ਵਿੱਚੋਂ ਲੰਘਦੀਆਂ ਹਨ।

ਡਾਕਟਰ ਬਾਲਾਕ੍ਰਿਸ਼ਨਣ

ਉਹ ਦੱਸਦੇ ਹਨ ਕਿ ਭੋਜਨ ਜੋ ਨਲ਼ੀ ਵਿੱਚੋਂ ਲੰਘਣਾ ਚਾਹੀਦਾ ਹੈ, ਸਾਹ ਨਾਲੀ ਵਿੱਚ ਫਸ ਸਕਦਾ ਹੈ, ਜਿਸ ਨਾਲ ਸਾਹ ਲੈਣ ਵਿੱਚ ਮੁਸ਼ਕਲ ਆ ਸਕਦੀ ਹੈ ਅਤ ਇਹ ਜਾਨਲੇਵਾ ਹੋ ਸਕਦਾ ਹੈ।

ਮਨੁੱਖੀ ਸਰੀਰ ਕਿਵੇਂ ਕੰਮ ਕਰਦਾ ਹੈ, ਇਸ ਬਾਰੇ ਦੱਸਦੇ ਹੋਏ ਡਾਕਟਰ ਬਾਲਾਕ੍ਰਿਸ਼ਨਣ ਨੇ ਕਿਹਾ, "ਸਾਹ ਨਲ਼ੀ ਹਮੇਸ਼ਾ ਖੁੱਲ੍ਹੀ ਹੁੰਦੀ ਹੈ, ਜਦਕਿ ਭੋਜਨ ਨਲ਼ੀ ਬੰਦ ਹੁੰਦੀ ਹੈ। ਇਹ ਉਦੋਂ ਹੀ ਖੁੱਲ੍ਹਦੀ ਹੈ ਜਦੋਂ ਭੋਜਨ ਅੰਦਰ ਜਾਂਦਾ ਹੈ ਅਤੇ ਉਸ ਵੇਲੇ ਸਾਹ ਨਲ਼ੀ ਬੰਦ ਹੋ ਜਾਂਦੀ ਹੈ।"

ਉਨ੍ਹਾਂ ਸਮਝਾਇਆ, "ਹਾਲਾਂਕਿ, ਜੇਕਰ ਦਿਮਾਗ਼ ਸੰਕੇਤ ਦਿੰਦਾ ਹੈ ਕਿ ਭੋਜਨ ਆ ਰਿਹਾ ਹੈ ਅਤੇ ਤੁਸੀਂ ਭੋਜਨ ਨਲ਼ੀ ਖੁੱਲ੍ਹਣ ਤੋਂ ਪਹਿਲਾਂ ਬਹੁਤ ਜਲਦੀ ਨਿਗਲ ਜਾਂਦੇ ਹੋ, ਤਾਂ ਭੋਜਨ ਖੁੱਲ੍ਹੀ ਸਾਹ ਨਲ਼ੀ ਵਿੱਚ ਦਾਖ਼ਲ ਹੋ ਜਾਵੇਗਾ। ਇਸ ਕਾਰਨ ਸਾਹ ਲੈਣਾ ਮੁਸ਼ਕਲ ਹੋ ਜਾਂਦਾ ਹੈ।"

ਉਨ੍ਹਾਂ ਇਹ ਵੀ ਚੇਤਾਵਨੀ ਦਿੱਤੀ ਕਿ ਜੇਕਰ ਕਿਸੇ ਬੱਚੇ ਨੇ ਅਜੇ ਕੇਲੇ ਆਦਿ ਫਲ ਦਾ ਪਹਿਲਾਂ ਤੋਂ ਮੂੰਹ 'ਚ ਮੌਜੂਦ ਟੁਕੜਾ ਅਜੇ ਨਹੀਂ ਨਿਗਲਿਆ ਹੈ ਅਤੇ ਉਸ ਦੇ ਮੂੰਹ 'ਚ ਹੋਰ ਫਲ ਪਾ ਦਿੱਤਾ ਜਾਵੇ ਤਾਂ ਇਸ ਨੂੰ ਨਿਗਲਣ ਦੇ ਚੱਕਰ 'ਚ ਵੀ ਅਜਿਹਾ ਹਾਦਸਾ ਹੋ ਸਕਦਾ ਹੈ।

ਖਾਣਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬੱਚਿਆਂ ਨੂੰ ਥੋੜ੍ਹਾ-ਥੋੜ੍ਹਾ ਣਆ ਖਵਾਉਣਾ ਚਾਹੀਦਾ ਹੈ

ਡਾਕਟਰ ਸ਼ਸ਼ੀਰੇਖਾ ਇਸ ਗੱਲ 'ਤੇ ਜ਼ੋਰ ਦਿੰਦੇ ਹਨ ਕਿ ਬੱਚਿਆਂ ਨੂੰ ਦਿੱਤਾ ਜਾਣ ਵਾਲਾ ਕੋਈ ਵੀ ਭੋਜਨ ਧਿਆਨ ਨਾਲ ਅਤੇ ਘੱਟ ਮਾਤਰਾ ਵਿੱਚ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਨੋਟ ਕੀਤਾ ਕਿ ਬਹੁਤ ਸਾਰੇ ਬੱਚੇ ਸਿੱਕੇ, ਮੋਮੋ, ਮਟਰ ਅਤੇ ਬਦਾਮ ਨਿਗਲ ਲੈਂਦੇ ਹਨ ਅਤੇ ਫਿਰ ਉਨ੍ਹਾਂ ਨੂੰ ਸਰਕਾਰੀ ਹਸਪਤਾਲ ਲਿਆਂਦਾ ਜਾਂਦਾ ਹੈ।

ਡਾਕਟਰ ਬਾਲਾਕ੍ਰਿਸ਼ਨਣ ਕਹਿੰਦੇ ਹਨ, "ਭਾਵੇਂ ਛੋਟੇ ਹੋਣ ਜਾਂ ਵੱਡੇ, ਲੋਕ ਦੋ ਕਾਰਨਾਂ ਕਰਕੇ ਇਸ ਦੇ ਜੋਖ਼ਮ ਵਿੱਚ ਫਸਦੇ ਹਨ: ਬਹੁਤ ਤੇਜ਼ੀ ਨਾਲ ਖਾਣਾ ਅਤੇ ਖਾਂਦੇ ਸਮੇਂ ਗੱਲਾਂ ਕਰਨਾ। ਇਸ ਲਈ, ਹੌਲੀ-ਹੌਲੀ ਅਤੇ ਬਿਨਾਂ ਕਿਸੇ ਜਲਦਬਾਜ਼ੀ ਦੇ, ਬਿਨਾਂ ਗੱਲ ਕੀਤੇ ਖਾਣਾ ਮਹੱਤਵਪੂਰਨ ਹੈ।"

ਇਸ ਤੋਂ ਇਲਾਵਾ, ਉਹ ਦੱਸਦੇ ਹਨ ਕਿ ਚਿਕਨ ਦੇ ਟੁਕੜਿਆਂ ਵਰਗੇ ਚਿਪਚਿਪੇ ਭੋਜਨ ਗਲ਼ੇ ਨਾਲ ਚਿਪਕ ਸਕਦੇ ਹਨ, ਮਾਸਪੇਸ਼ੀਆਂ ਦੀ ਗਤੀਵਿਧੀ ਦੇ ਸਮੇਂ ਨੂੰ ਬਦਲ ਸਕਦੇ ਹਨ ਅਤੇ ਭੋਜਨ ਨੂੰ ਸਾਹ ਨਲ਼ੀ ਵਿੱਚ ਜਾਣ ਦੀ ਸੰਭਾਵਨਾ ਨੂੰ ਵਧਾ ਸਕਦੇ ਹਨ।

ਇਹ ਵੀ ਪੜ੍ਹੋ-

ਟੀਵੀ ਜਾਂ ਫੋਨ ਦੇਖਦੇ ਹੋਏ ਖਾਣਾ ਖ਼ਤਰਨਾਕ ਹੈ

ਉਹ ਕਹਿੰਦੇ ਹਨ, "ਪੀਡੀਆਟ੍ਰਿਕ ਸਰਜਨ ਧਰਮਿੰਦਰ ਸਾਰਿਆਂ ਨੂੰ ਖਾਣਾ ਖਾਣ ਵੇਲੇ ਸਾਵਧਾਨ ਰਹਿਣ ਦੀ ਸਲਾਹ ਦਿੰਦੇ ਹਨ। ਜਦੋਂ ਕੋਈ ਵੀ, ਭਾਵੇਂ ਬੱਚਾ ਜਾਂ ਵੱਡਾ, ਲਾਪਰਵਾਹੀ ਨਾਲ ਖਾਂਦਾ ਹੈ, ਤਾਂ ਇਹ ਸੰਭਾਵਨਾ ਹੁੰਦੀ ਹੈ ਕਿ ਜੋ ਭੋਜਨ, ਭੋਜਨ ਨਲ਼ੀ ਵਿੱਚ ਜਾਣਾ ਚਾਹੀਦਾ ਹੈ ਉਹ ਸਾਹ ਵਾਲੀ ਨਲ਼ੀ ਵਿੱਚ ਚਲਾ ਜਾਵੇਗਾ ਅਤੇ ਸਾਹ ਲੈਣ ਵਿੱਚ ਮੁਸ਼ਕਲ ਪੈਦਾ ਕਰ ਸਕਦਾ ਹੈ।"

ਉਹ ਇਸ ਗੱਲ 'ਤੇ ਵੀ ਜ਼ੋਰ ਦਿੰਦੇ ਹਨ ਕਿ ਬੱਚਿਆਂ ਨੂੰ ਕਿਸੇ ਵੀ ਭੋਜਨ ਨੂੰ ਚੰਗੀ ਤਰ੍ਹਾਂ ਚਬਾਉਣਾ ਅਤੇ ਨਿਗਲਣਾ ਸਿਖਾਉਣਾ ਬਹੁਤ ਜ਼ਰੂਰੀ ਹੈ।

ਬੀਬੀਸੀ ਤਮਿਲ ਨਾਲ ਗੱਲ ਕਰਦੇ ਹੋਏ, ਉਨ੍ਹਾਂ ਨੇ ਕਿਹਾ, "ਇਹ ਅਜਿਹਾ ਨਹੀਂ ਹੈ ਕਿ ਕੇਲਾ ਇੰਨੀ ਆਸਾਨੀ ਨਾਲ ਫਸ ਜਾਵੇਗਾ। ਪਰ ਜਦੋਂ ਇਸਨੂੰ ਮਜ਼ੇ ਲਈ ਖਾਂਦੇ ਹੋ, ਤਾਂ ਕੋਈ ਧਿਆਨ ਭਟਕ ਸਕਦਾ ਹੈ ਅਤੇ ਉਨ੍ਹਾਂ ਦੀ ਸਾਹ ਦੀ ਨਲ਼ੀ ਖੁੱਲ੍ਹ ਸਕਦੀ ਹੈ ਅਤੇ ਉਹ ਫਸ ਸਕਦਾ ਹੈ।"

ਬੱਚੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਡਾਕਟਰ ਦਾ ਕਹਿਣਾ ਹੈ ਕਿ ਟੀਵੀ ਜਾਂ ਫ਼ੋਨ ਵਰਗੇ ਡਿਜੀਟਲ ਡਿਵਾਈਸਾਂ ਦੇਖਦੇ ਹੋਏ ਬੱਚਿਆਂ ਨੂੰ ਖਾਣਾ ਖਵਾਉਣਾ ਇਹ ਖ਼ਤਰੇ ਪੈਦਾ ਕਰਦਾ ਹੈ

ਉਹ ਅੱਗੇ ਦੱਸਦੇ ਹਨ, "ਟੀਵੀ ਦੇਖਦੇ ਹੋਏ ਬੱਚਿਆਂ ਨੂੰ ਖੁਆਉਣਾ ਜਾਂ ਫ਼ੋਨ ਵਰਗੇ ਡਿਜੀਟਲ ਯੰਤਰ ਅਜਿਹੇ ਜੋਖ਼ਮ ਪੈਦਾ ਕਰਦੇ ਹਨ।"

ਲੈਪਰੋਸਕੋਪਿਕ ਸਰਜਨ ਪੀਐੱਸ ਰਾਜਨ ਕਹਿੰਦੇ ਹਨ ਕਿ ਭੋਜਨ ਦੀ ਨਲ਼ੀ ਵਿੱਚ ਫਸੀ ਕੋਈ ਵੀ ਚੀਜ਼ ਥੋੜ੍ਹੇ ਸਮੇਂ ਵਿੱਚ ਹਟਾਈ ਜਾ ਸਕਦੀ ਹੈ

ਪਰ ਨਾਲ ਹੀ ਉਹ ਚੇਤਾਵਨੀ ਦਿੰਦੇ ਹਨ ਕਿ ਜੇਕਰ ਕੁਝ ਸਾਹ ਦੀ ਨਾਲੀ ਵਿੱਚ ਫਸ ਜਾਂਦਾ ਹੈ ਅਤੇ ਜੇਕਰ ਕੁਝ ਸਕਿੰਟਾਂ ਵਿੱਚ ਮੁੱਢਲੀ ਸਹਾਇਤਾ ਨਾ ਦਿੱਤੀ ਜਾਵੇ ਤਾਂ ਇਹ ਘਾਤਕ ਹੋ ਸਕਦਾ ਹੈ

ਸਾਹ ਨਲ਼ੀ ਵਿੱਚ ਭੋਜਨ ਫਸ ਜਾਵੇ ਤਾਂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਛੋਟੇ ਬੱਚਿਆਂ ਨੂੰ ਪੇਟ ਦੇ ਭਾਰ ਲੰਬੇ ਪਾ ਕੇ ਪਿੱਠ ਥਪਥਪਾਉਣੀ ਚਾਹੀਦੀ ਹੈ

ਬੱਚਿਆਂ ਨੂੰ ਮੁੱਢਲੀ ਸਹਾਇਤਾ ਕਿਵੇਂ ਦੇਣੀ ਹੈ?

ਡਾ. ਬਾਲਾਕ੍ਰਿਸ਼ਨਣ ਕਹਿੰਦੇ ਹਨ ਕਿ ਜਦੋਂ ਉਨ੍ਹਾਂ ਨੇ ਇੱਕ ਬੱਚੇ ਦੀ ਸਕੈਨਿੰਗ ਅਤੇ ਜਾਂਚ ਕੀਤੀ ਜੋ ਮਹੀਨਿਆਂ ਤੋਂ ਖੰਘ ਰਿਹਾ ਸੀ, ਤਾਂ ਉਨ੍ਹਾਂ ਨੂੰ ਉਸਦੀ ਸਾਹ ਦੀ ਨਾਲ਼ੀ ਵਿੱਚ ਇੱਕ ਮਟਰ ਫਸਿਆ ਹੋਇਆ ਮਿਲਿਆ ਅਤੇ ਸਰਜਰੀ ਨਾਲ ਇਸ ਨੂੰ ਹਟਾ ਦਿੱਤਾ ਗਿਆ।

ਉਨ੍ਹਾਂ ਦਾ ਕਹਿਣਾ ਹੈ ਕਿ ਕਈ ਪੱਛਮੀ ਦੇਸ਼ਾਂ ਵਿੱਚ ਬੱਚਿਆਂ ਨੂੰ ਮਟਰ ਅਤੇ ਬਦਾਮ ਵਰਗੀਆਂ ਚੀਜ਼ਾਂ ਖਾਣ ਦੀ ਇਜਾਜ਼ਤ ਨਹੀਂ ਹੈ ਅਤੇ ਬੱਚਿਆਂ ਦੇ ਖਿਡੌਣਿਆਂ ਵਿੱਚ ਵਰਤੀ ਜਾਣ ਵਾਲੀ ਬਟਨ ਬੈਟਰੀ 'ਤੇ ਵੀ ਵਿਦੇਸ਼ਾਂ ਵਿੱਚ ਪਾਬੰਦੀ ਲਗਾ ਦਿੱਤੀ ਗਈ ਹੈ।

ਡਾ. ਬਾਲਾਕ੍ਰਿਸ਼ਨਣ ਦਾ ਕਹਿਣਾ ਹੈ, "ਖਿਡੌਣਿਆਂ ਵਿੱਚ ਵਰਤੀ ਜਾਣ ਵਾਲੀ ਬਟਨ ਵਰਗੀ ਬੈਟਰੀ ਆਪਣੇ ਆਪ ਵਿੱਚ ਸਭ ਤੋਂ ਜ਼ਿਆਦਾ ਖ਼ਤਰਨਾਕ ਹੈ। ਮੈਂ ਕਈ ਬੱਚਿਆਂ ਦਾ ਇਲਾਜ ਕੀਤਾ ਹੈ ਜਿਨ੍ਹਾਂ ਨੇ ਇਸ ਨੂੰ ਨਿਗਲ ਲਿਆ ਸੀ।"

"ਇਸ ਵਿੱਚ ਮੌਜੂਦ ਕੈਮੀਕਲ ਨਿਗਲਣ ਦੇ ਇੱਕ ਘੰਟੇ ਦੇ ਅੰਦਰ ਲੀਕ ਹੋਣ ਲੱਗਦਾ ਹੈ। ਇਸ ਨਾਲ ਆਂਦਰਾ ਸਣੇ ਅੰਗਾਂ ਨੂੰ ਨੁਕਸਾਨ ਪਹੁੰਚਣ ਦਾ ਖ਼ਤਰਾ ਹੁੰਦਾ ਹੈ, ਇਸ ਲਈ ਸਾਡੇ ਦੇਸ਼ ਵਿੱਚ ਵੀ ਇਸ 'ਤੇ ਪਾਬੰਦੀ ਲਗਾ ਦੇਣੀ ਚਾਹੀਦੀ ਹੈ।"

ਇਸੇ ਤਰ੍ਹਾਂ, ਜੇਕਰ ਖਾਣਾ ਖਾਂਦੇ ਸਮੇਂ ਗਲੇ ਵਿੱਚ ਖਾਣਾ ਫਸ ਜਾਂਦਾ ਹੈ ਜਾਂ ਬੱਚੇ ਕੋਈ ਹੋਰ ਚੀਜ਼ ਆਪਣੇ ਮੂੰਹ ਵਿੱਚ ਪਾਉਂਦੇ ਹਨ ਅਤੇ ਇਹ ਫਸ ਜਾਂਦੀ ਹੈ ਤਾਂ ਤੁਰੰਤ ਹੀਮਲਿਚ ਮੈਨਿਊਵਰ ਕਰਨਾ ਚਾਹੀਦਾ ਹੈ।

ਇਰੋਡ ਦੇ ਇੱਕ ਬਾਲ ਰੋਗ ਵਿਗਿਆਨੀ ਅਰੁਣ ਕੁਮਾਰ, ਜਿਨ੍ਹਾਂ ਨੇ ਪਹਿਲਾਂ ਬੀਬੀਸੀ ਤਮਿਲ ਨੂੰ ਇਸ ਮੁੱਢਲੀ ਸਹਾਇਤਾ ਬਾਰੇ ਸਮਝਾਇਆ ਸੀ, ਨੇ ਕਿਹਾ, "ਪੀੜਤ ਦੇ ਪਿੱਛੇ ਖੜ੍ਹੇ ਹੋਵੋ ਅਤੇ ਆਪਣੀਆਂ ਦੋਵੇਂ ਬਾਹਾਂ ਨੂੰ ਉਸ ਦੀ ਕਮਰ ਦੁਆਲੇ ਕੱਸ ਕੇ ਲਪੇਟੋ।"

"ਤੁਹਾਨੂੰ ਪੇਟ ਨੂੰ ਤੇਜ਼ੀ ਨਾਲ ਅਤੇ ਜ਼ੋਰ ਨਾਲ 5 ਜਾਂ 6 ਵਾਰ ਉੱਪਰ ਵੱਲ ਧੱਕਣਾ ਚਾਹੀਦਾ ਹੈ। ਜੇਕਰ ਗਲ਼ੇ ਵਿੱਚ ਫਸੀ ਹੋਈ ਚੀਜ਼ ਇਸ ਕੋਸ਼ਿਸ਼ ਦੇ ਬਾਵਜੂਦ ਬਾਹਰ ਨਹੀਂ ਆਉਂਦੀ, ਤਾਂ ਤੁਹਾਨੂੰ ਤੁਰੰਤ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।"

ਹਾਲਾਂਕਿ, ਡਾ. ਅਰੁਣ ਕੁਮਾਰ ਨੇ ਸਮਝਾਇਆ ਕਿ ਜੇਕਰ ਇਹ ਸਮੱਸਿਆ ਛੋਟੇ ਬੱਚਿਆਂ ਵਿੱਚ ਹੁੰਦੀ ਹੈ, ਤਾਂ ਉਨ੍ਹਾਂ ਦੇ ਪੇਟ ਨੂੰ ਆਪਣੇ ਪੱਟ ਨਾਲ ਦਬਾ ਕੇ ਪੁੱਠਾ ਲੰਬੇ ਪਾ ਕੇ, ਉਨ੍ਹਾਂ ਦੀ ਪਿੱਠ ਥਪਾਉਣੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਸਰਲ ਮੁੱਢਲੀ ਸਹਾਇਤਾ ਵਿਧੀ ਬਹੁਤ ਸਾਰੇ ਸਕੂਲਾਂ ਵਿੱਚ ਸਿਖਾਈ ਜਾਂਦੀ ਹੈ। ਉਹ ਅੱਗੇ ਦੱਸਦੇ ਹਨ, "ਆਮ ਲੋਕਾਂ ਨੂੰ ਇਹ ਸਿਖਾਉਣਾ ਬੱਚਿਆਂ ਦੀ ਸੁਰੱਖਿਆ ਵਿੱਚ ਅਹਿਮ ਭੂਮਿਕਾ ਨਿਭਾਏਗਾ।"

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)