ਜੇ ਤੁਸੀਂ ਹੋਟਲ 'ਚ ਖਾਣਾ ਖਾਣ ਤੋਂ ਬਾਅਦ ਬਿੱਲ ਦਾ ਭੁਗਤਾਨ ਕੀਤੇ ਬਿਨਾਂ ਹੀ ਚਲੇ ਜਾਓ ਤਾਂ ਕੀ ਹੋਵੇਗਾ, ਕੀ ਇਹ ਅਪਰਾਧ ਹੈ

ਤਸਵੀਰ ਸਰੋਤ, Getty
- ਲੇਖਕ, ਅਜੀਤ ਗੜਵੀ
- ਰੋਲ, ਬੀਬੀਸੀ ਪੱਤਰਕਾਰ
ਕਈ ਹਿੰਦੀ ਫ਼ਿਲਮਾਂ ਵਿੱਚ ਦੇਖਿਆ ਜਾਂਦਾ ਹੈ ਕਿ ਜਦੋਂ ਕਿਸੇ ਵਿਅਕਤੀ ਕੋਲ ਹੋਟਲ ਜਾਂ ਰੈਸਟੋਰੈਂਟ ਵਿੱਚ ਖਾਣਾ ਖਾਣ ਤੋਂ ਬਾਅਦ ਬਿੱਲ ਦੇਣ ਲਈ ਪੈਸੇ ਨਹੀਂ ਹੁੰਦੇ, ਤਾਂ ਹੋਟਲ ਮੈਨੇਜਰ ਅਜਿਹੇ ਵਿਅਕਤੀ ਨੂੰ ਰਸੋਈ ਦੇ ਭਾਂਡੇ ਧੋਣ ਲਈ ਮਜਬੂਰ ਕਰਦਾ ਹੈ।
ਪਰ ਕੀ ਭਾਂਡੇ ਧੋਣ ਨਾਲ ਹੀ ਗੱਲ ਖ਼ਤਮ ਹੋ ਜਾਂਦੀ ਹੈ? ਕੀ ਹੁੰਦਾ ਹੈ ਜੇਕਰ ਕੋਈ ਹੋਟਲ ਜਾਂ ਰੈਸਟੋਰੈਂਟ ਵਿੱਚ ਖਾਣਾ ਖਾਣ ਤੋਂ ਬਾਅਦ ਬਿੱਲ ਨਹੀਂ ਦੇ ਪਾਉਂਦਾ? ਜਾਂ ਫ਼ਿਰ ਜਾਣਬੁੱਝ ਕੇ ਬਿੱਲ ਦਾ ਭੁਗਤਾਨ ਕੀਤੇ ਬਿਨ੍ਹਾਂ ਭੱਜਣ ਦੀ ਕੋਸ਼ਿਸ਼ ਕਰਦਾ ਹੈ ਤਾਂ ?
ਹਾਲ ਹੀ ਵਿੱਚ ਗੁਜਰਾਤ ਵਿੱਚ ਸੋਸ਼ਲ ਮੀਡੀਆ 'ਤੇ ਇੱਕ ਅਜਿਹਾ ਹੀ ਵੀਡੀਓ ਵਾਇਰਲ ਹੋਇਆ ਹੈ, ਜਿਸ ਵਿੱਚ ਰਾਜਸਥਾਨ ਗਏ ਕੁਝ ਗੁਜਰਾਤੀ ਨੌਜਵਾਨ ਇੱਕ ਹੋਟਲ ਵਿੱਚ ਖਾਣਾ ਖਾਣ ਤੋਂ ਬਾਅਦ ਹਜ਼ਾਰਾਂ ਰੁਪਏ ਦਾ ਬਿੱਲ ਅਦਾ ਕੀਤੇ ਬਗ਼ੈਰ ਭੱਜ ਜਾਂਦੇ ਹਨ।
ਹੋਟਲ ਮੈਨੇਜਮੈਂਟ ਵੱਲੋਂ ਪੁਲਿਸ ਦੀ ਮਦਦ ਨਾਲ ਉਨ੍ਹਾਂ ਦਾ ਪਿੱਛਾ ਕੀਤਾ ਗਿਆ, ਗੁਜਰਾਤ ਸਰਹੱਦ ਦੇ ਅੰਦਰ ਉਹ ਨੌਜਵਾਨ ਫੜੇ ਗਏ ਅਤੇ ਤਿੱਖੀ ਬਹਿਸ ਤੋਂ ਬਾਅਦ ਪੈਸੇ ਵਸੂਲੇ ਗਏ। ਬੀਬੀਸੀ ਗੁਜਰਾਤੀ ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰ ਸਕਿਆ ਹੈ।
ਬੀਬੀਸੀ ਨੇ ਕਾਨੂੰਨੀ ਮਾਹਰਾਂ ਅਤੇ ਹੋਟਲ ਅਤੇ ਰੈਸਟੋਰੈਂਟ ਉਦਯੋਗ ਨਾਲ ਜੁੜੇ ਲੋਕਾਂ ਨਾਲ ਗੱਲ ਕੀਤੀ ਤਾਂ ਜੋ ਇਹ ਸਮਝਣ ਦੀ ਕੋਸ਼ਿਸ਼ ਕੀਤੀ ਜਾ ਸਕੇ ਕਿ ਅਜਿਹੇ ਮਾਮਲਿਆਂ ਵਿੱਚ ਕਾਨੂੰਨ ਕੀ ਕਹਿੰਦਾ ਹੈ।
ਜੇਕਰ ਤੁਸੀਂ ਬਿੱਲ ਦਾ ਭੁਗਤਾਨ ਕੀਤੇ ਬਿਨਾਂ ਚਲੇ ਜਾਂਦੇ ਹੋ ਤਾਂ ਕੀ ਹੋਵੇਗਾ

ਤਸਵੀਰ ਸਰੋਤ, Dilip Thakkar/Facebook
ਗੁਜਰਾਤ ਹਾਈ ਕੋਰਟ ਦੇ ਵਕੀਲ ਪਰੇਸ਼ ਮੋਦੀ ਨੇ ਬੀਬੀਸੀ ਗੁਜਰਾਤੀ ਨਾਲ ਗੱਲ ਕਰਦਿਆਂ ਕਿਹਾ, "ਜੇਕਰ ਕੋਈ ਵਿਅਕਤੀ ਰੈਸਟੋਰੈਂਟ ਛੱਡਣ ਵੇਲੇ ਬਿੱਲ ਦਾ ਭੁਗਤਾਨ ਨਹੀਂ ਕਰਦਾ ਹੈ, ਤਾਂ ਇਸਦੇ ਪਿੱਛੇ ਕੋਈ ਖਾਸ ਕਾਰਨ ਹੋਣਾ ਚਾਹੀਦਾ ਹੈ।"
"ਜਿਵੇਂ ਕਿ ਜੇਕਰ ਖਾਣੇ ਦੀ ਗੁਣਵੱਤਾ ਬਾਰੇ ਸ਼ਿਕਾਇਤ ਕੀਤੀ ਗਈ ਹੈ ਅਤੇ ਇਸਦਾ ਹੱਲ ਨਹੀਂ ਹੋਇਆ ਹੈ ਜਾਂ ਜੇਕਰ ਖਾਣੇ ਵਿੱਚੋਂ ਕੁਝ ਨਾ-ਖਾਣਯੋਗ ਪਦਾਰਥ ਨਿਕਲਿਆ ਹੈ। ਜਾਂ ਜੇਕਰ ਕੋਈ ਐਮਰਜੈਂਸੀ ਸਥਿਤੀ ਪੈਦਾ ਹੋ ਗਈ ਹੈ, ਜਿਵੇਂ ਕਿ ਪਰਸ ਗਵਾਚ ਗਿਆ ਹੈ। ਜੇਕਰ ਅਜਿਹਾ ਹੈ, ਤਾਂ ਇਹ ਸਮਝਣ ਯੋਗ ਹੈ, ਇਹ ਅਪਰਾਧ ਨਹੀਂ ਬਣਦਾ।"
"ਪਰ ਜੇ ਤੁਸੀਂ ਧੋਖਾ ਦੇਣ ਦੇ ਇਰਾਦੇ ਨਾਲ ਖਾਣਾ ਖਾਣ ਤੋਂ ਬਾਅਦ ਭੱਜ ਜਾਂਦੇ ਹੋ, ਜੇ ਤੁਸੀਂ ਹੱਥ ਧੋਣ ਤੋਂ ਬਾਅਦ ਫ਼ੋਨ 'ਤੇ ਗੱਲ ਕਰਨ ਦੇ ਬਹਾਨੇ ਭੱਜ ਜਾਂਦੇ ਹੋ, ਤਾਂ ਇਹ ਅਪਰਾਧ ਮੰਨਿਆ ਜਾਵੇਗਾ।"
ਵਕੀਲ ਸੋਨਲ ਜੋਸ਼ੀ ਕਹਿੰਦੇ ਹਨ, "ਜੇਕਰ ਤੁਸੀਂ ਕਿਸੇ ਸੇਵਾ ਦਾ ਲਾਭ ਲੈਣ ਤੋਂ ਬਾਅਦ ਭੁਗਤਾਨ ਨਹੀਂ ਕਰਦੇ, ਤਾਂ ਇਹ ਯਕੀਨੀ ਤੌਰ 'ਤੇ ਇੱਕ ਅਪਰਾਧ ਹੈ। ਇਸਨੂੰ ਇੱਕ ਤਰ੍ਹਾਂ ਦੀ ਧੋਖਾਧੜੀ ਮੰਨਿਆ ਜਾਂਦਾ ਹੈ।"
ਉਨ੍ਹਾਂ ਦਾ ਕਹਿਣਾ ਹੈ, "ਬਿੱਲ ਦਾ ਭੁਗਤਾਨ ਕਰਨਾ ਭੁੱਲ ਜਾਣ ਅਤੇ ਭੱਜਣ ਵਿੱਚ ਫ਼ਰਕ ਹੈ। ਕਥਿਤ ਵੀਡੀਓ ਵਿੱਚ, ਇਹ ਦੇਖਿਆ ਜਾ ਸਕਦਾ ਹੈ ਕਿ ਗਾਹਕਾਂ ਦਾ ਪਿੱਛਾ ਕੀਤਾ ਗਿਆ ਸੀ ਅਤੇ ਫਿਰ ਬਿੱਲ ਦੇ ਪੈਸੇ ਲਏ ਗਏ ਸਨ। ਅਜਿਹਾ ਕੰਮ ਅਪਰਾਧ ਦੀ ਸ਼੍ਰੇਣੀ ਵਿੱਚ ਆਉਂਦਾ ਹੈ।
"ਪੁਰਾਣੀ ਆਈਪੀਸੀ ਮੁਤਾਬਕ ਇਹ ਧਾਰਾ 420 ਦੇ ਤਹਿਤ ਧੋਖਾਧੜੀ ਦਾ ਮਾਮਲਾ ਸੀ। ਨਵੇਂ ਭਾਰਤੀ ਦੰਡ ਸੰਹਿਤਾ ਵਿੱਚ ਇਹ ਧਾਰਾ 318 ਦੇ ਅਧੀਨ ਆਉਂਦਾ ਹੈ। ਅਪਰਾਧ ਦੀ ਗੰਭੀਰਤਾ ਦੇ ਆਧਾਰ 'ਤੇ ਅਜਿਹੀ ਸਥਿਤੀ ਵਿੱਚ ਜੁਰਮਾਨਾ ਜਾਂ ਕੈਦ ਜਾਂ ਦੋਵੇਂ ਹੋ ਸਕਦੇ ਹਨ।"
ਇਹ ਕਦੋਂ ਮੰਨਿਆ ਜਾਂਦਾ ਹੈ ਕਿ ਤੁਸੀਂ ਬਿੱਲ ਦੇਣਾ ਭੁੱਲ ਗਏ ਹੋ

ਤਸਵੀਰ ਸਰੋਤ, Sonal Joshi/FB
ਉਨ੍ਹਾਂ ਨੇ ਕਿਹਾ, "ਇਹ ਮੰਨਿਆ ਜਾਂਦਾ ਹੈ ਕਿ ਤੁਸੀਂ ਖਾਣਾ ਖਾਣ ਤੋਂ ਬਾਅਦ ਭੁਗਤਾਨ ਕਰੋਗੇ। ਮੈਂ ਇਸ ਕਰਕੇ ਵੀ ਹੈਰਾਨ ਹਾਂ ਕਿ ਕੋਈ ਖਾਣਾ ਖਾਣ ਤੋਂ ਬਾਅਦ ਇਸ ਤਰ੍ਹਾਂ ਭੱਜਣ ਦੀ ਕੋਸ਼ਿਸ਼ ਕਿਵੇਂ ਕਰੇਗਾ। ਕਿਉਂਕਿ ਸੀਸੀਟੀਵੀ ਕੈਮਰੇ, ਮੋਬਾਈਲ ਟਰੈਕਿੰਗ ਕਾਰਨ ਭੱਜਣਾ ਮੁਸ਼ਕਲ ਹੈ।"
ਉਹ ਕਹਿੰਦੇ ਹਨ, "ਕਿਸੇ ਵੀ ਅਪਰਾਧ ਵਿੱਚ ਇਰਾਦਾ ਮੁੱਖ ਤੱਥ ਹੁੰਦਾ ਹੈ। ਇਸ ਲਈ, ਜੇਕਰ ਤੁਸੀਂ ਲਾਪਰਵਾਹੀ ਨਾਲ ਚਲੇ ਗਏ ਹੋ, ਤਾਂ ਇਹ ਕੋਈ ਅਪਰਾਧ ਨਹੀਂ ਹੈ, ਇਸ ਸਥਿਤੀ ਵਿੱਚ ਪੈਸੇ ਦੇ ਕੇ ਮਾਮਲਾ ਸੁਲਝਾਇਆ ਜਾ ਸਕਦਾ ਹੈ। ਇਹ ਚੋਰੀ ਦਾ ਮਾਮਲਾ ਨਹੀਂ ਹੈ।"
"ਜੇਕਰ ਤੁਸੀਂ ਸੋਨੇ ਦੀ ਚੇਨ ਚੋਰੀ ਕੀਤੀ ਹੈ, ਤਾਂ ਤੁਸੀਂ ਚੇਨ ਵਾਪਸ ਕਰਕੇ ਅਪਰਾਧ ਤੋਂ ਨਹੀਂ ਬਚ ਸਕਦੇ। ਪਰ ਜੇਕਰ ਕਿਸੇ ਰੈਸਟੋਰੈਂਟ ਵਿੱਚ ਖਾਣਾ ਖਾਣ ਤੋਂ ਬਾਅਦ ਬਿੱਲ ਦਾ ਭੁਗਤਾਨ ਨਹੀਂ ਕੀਤਾ ਜਾਂਦਾ ਹੈ, ਤਾਂ ਤੁਸੀਂ ਆਮ ਜੁਰਮਾਨਾ ਭਰ ਕੇ ਜਾਂ ਮਾਫ਼ੀ ਲਿਖ ਕੇ ਛੁੱਟ ਸਕਦੇ ਹੋ।"

ਐਡਵੋਕੇਟ ਸੋਨਲ ਜੋਸ਼ੀ ਕਹਿੰਦੇ ਹਨ, "ਰੈਸਟੋਰੈਂਟ ਪ੍ਰਬੰਧਕਾਂ ਨੂੰ ਗਾਹਕਾਂ 'ਤੇ ਨੇੜਿਓਂ ਨਜ਼ਰ ਰੱਖਣੀ ਪੈਂਦੀ ਹੈ, ਕਿਉਂਕਿ ਜੇਕਰ ਕੋਈ ਪੈਸੇ ਦਿੱਤੇ ਬਿਨ੍ਹਾਂ ਭੱਜ ਜਾਂਦਾ ਹੈ, ਤਾਂ ਉਹ ਜ਼ਿੰਮੇਵਾਰ ਹੋ ਜਾਂਦੇ ਹਨ ਅਤੇ ਉਨ੍ਹਾਂ ਦੀ ਤਨਖਾਹ ਕੱਟ ਲਈ ਜਾਂਦੀ ਹੈ।"
ਉਹ ਕਹਿੰਦੇ ਹਨ, "ਜਲਦੀ, ਐਮਰਜੈਂਸੀ, ਜਾਂ ਕਿਸੇ ਮਹੱਤਵਪੂਰਨ ਕਾਲ ਦੀ ਸਥਿਤੀ ਵਿੱਚ ਚਲੇ ਜਾਣ ਕਰਕੇ, ਮੁਆਫ਼ੀ ਮੰਗਣ ਤੋਂ ਬਾਅਦ ਭੁਗਤਾਨ ਕੀਤਾ ਜਾ ਸਕਦਾ ਹੈ।"
ਹੋਟਲ ਉਦਯੋਗ ਦੇ ਮਾਹਰ ਕੀ ਕਹਿੰਦੇ ਹਨ

ਤਸਵੀਰ ਸਰੋਤ, Getty Images
ਬੀਬੀਸੀ ਨੇ ਨੈਸ਼ਨਲ ਰੈਸਟੋਰੈਂਟ ਐਸੋਸੀਏਸ਼ਨ ਆਫ਼ ਇੰਡੀਆ ਦੇ ਅਹਿਮਦਾਬਾਦ ਚੈਪਟਰ ਦੇ ਸਹਿ-ਮੁਖੀ ਦਿਲੀਪ ਠੱਕਰ ਨਾਲ ਗੱਲ ਕੀਤੀ, ਜੋ 50 ਸਾਲਾਂ ਤੋਂ ਇਸ ਉਦਯੋਗ ਨਾਲ ਜੁੜੇ ਹੋਏ ਹਨ।
ਉਨ੍ਹਾਂ ਕਿਹਾ, "ਆਮ ਤੌਰ 'ਤੇ ਰੈਸਟੋਰੈਂਟ ਇੰਡਸਟਰੀ ਵਿੱਚ ਅਜਿਹੀਆਂ ਘਟਨਾਵਾਂ ਨਹੀਂ ਵਾਪਰਦੀਆਂ। ਰੈਸਟੋਰੈਂਟਾਂ ਵਿੱਚ, ਮੈਨੇਜਰ ਸਾਰੇ ਮੇਜ਼ਾਂ 'ਤੇ ਨਜ਼ਰ ਰੱਖਦੇ ਹਨ ਤਾਂ ਜੋ ਉਨ੍ਹਾਂ ਨੂੰ ਪਤਾ ਲੱਗ ਸਕੇ ਕਿ ਕਿਸ ਨੇ ਖਾਧਾ ਹੈ ਅਤੇ ਕਿਸਦਾ ਬਿੱਲ ਬਕਾਇਆ ਹੈ।"
"ਪਹਿਲਾਂ, ਜਦੋਂ ਥਾਲੀ ਸਿਸਟਮ ਹੁੰਦਾ ਸੀ, ਤਾਂ ਪੈਸੇ ਐਡਵਾਂਸ ਲਏ ਜਾਂਦੇ ਸਨ ਅਤੇ ਫਿਰ ਗਾਹਕ ਨੂੰ ਬਿਠਾਇਆ ਜਾਂਦਾ ਸੀ। ਹੁਣ ਜਦੋਂ ਕਿਉਆਰ ਕੋਡ ਆ ਗਏ ਹਨ, ਤਾਂ ਲੋਕਾਂ ਨੂੰ ਵੀ ਇਸ ਤਰ੍ਹਾਂ ਸਿਖਲਾਈ ਦਿੱਤੀ ਗਈ ਹੈ। ਜਦੋਂ ਕੋਈ ਗਾਹਕ ਖਾਣਾ ਖਾ ਲੈਂਦਾ ਹੈ, ਤਾਂ ਉਸਦੇ ਮੇਜ਼ 'ਤੇ ਤੁਰੰਤ ਕਿਉਆਰ ਕੋਡ ਆ ਜਾਂਦਾ ਹੈ।"
ਉਹ ਕਹਿੰਦੇ ਹਨ, "ਅੱਜ ਲੋਕ ਪਹਿਲਾਂ ਨਾਲੋਂ ਬਿਹਤਰ ਕਮਾਈ ਕਰਦੇ ਹਨ, ਉਨ੍ਹਾਂ ਨੂੰ ਅੰਦਾਜ਼ਾ ਹੈ ਕਿ ਚਾਰ ਜਾਂ ਪੰਜ ਲੋਕਾਂ ਨੂੰ ਖਾਣਾ ਖੁਆਉਣ ਲਈ ਕਿੰਨਾ ਖਰਚਾ ਆਵੇਗਾ। ਇਸ ਤੋਂ ਇਲਾਵਾ, ਮੋਬਾਈਲ ਟਰੈਕਿੰਗ ਅਤੇ ਸੀਸੀਟੀਵੀ ਦੇ ਕਾਰਨ ਅਜਿਹਾ ਕਰਨਾ ਮੁਸ਼ਕਲ ਹੈ।"
ਤੁਹਾਨੂੰ ਕਿਵੇਂ ਪਤਾ ਲੱਗੇਗਾ ਕਿ ਕੋਈ ਗਾਹਕ ਗਲ਼ਤੀ ਨਾਲ ਜਾਂ ਜਾਣਬੁੱਝ ਕੇ ਚਲਾ ਗਿਆ ਹੈ? ਇਸ ਸਵਾਲ ਦੇ ਜਵਾਬ ਵਿੱਚ ਗੋਪੀ ਡਾਇਨਿੰਗ ਹਾਲ ਦੇ ਸੰਸਥਾਪਕ ਦਿਲੀਪ ਠੱਕਰ ਨੇ ਕਿਹਾ, "ਕਈ ਵਾਰ, ਤੁਸੀਂ ਗਾਹਕਾਂ ਦੇ ਵਿਵਹਾਰ ਤੋਂ ਥੋੜ੍ਹਾ ਜਿਹਾ ਅੰਦਾਜ਼ਾ ਲਗਾ ਸਕਦੇ ਹੋ। ਜੇਕਰ ਕੋਈ ਗਲਤੀ ਨਾਲ ਚਲਾ ਜਾਂਦਾ ਹੈ, ਤਾਂ ਵੇਟਰ ਉਨ੍ਹਾਂ ਦੇ ਪਿੱਛੇ ਜਾਂਦਾ ਹੈ ਅਤੇ ਉਨ੍ਹਾਂ ਨੂੰ ਯਾਦ ਦਿਵਾਉਂਦਾ ਹੈ।"
"ਜੇਕਰ ਖਾਣੇ ਦੀ ਗੁਣਵੱਤਾ ਬਾਰੇ ਕੋਈ ਸ਼ਿਕਾਇਤ ਹੁੰਦੀ ਹੈ, ਜਾਂ ਖਾਣੇ ਵਿੱਚੋਂ ਵਾਲ ਜਾਂ ਕੀੜੇ ਨਿਕਲਦੇ ਹਨ, ਤਾਂ ਹੋਟਲ ਪ੍ਰਬੰਧਨ ਹੱਥ ਜੋੜ ਕੇ ਮੁਆਫੀ ਮੰਗਦਾ ਹੈ। ਅਜਿਹੀ ਸਥਿਤੀ ਵਿੱਚ ਪੈਸੇ ਨਾ ਦੇਣ 'ਤੇ ਲੜਾਈ ਹੋਣਾ ਬਹੁਤ ਘੱਟ ਹੁੰਦਾ ਹੈ।"
ਉਨ੍ਹਾਂ ਮੁਤਾਬਕ, "ਰਾਜਸਥਾਨ ਵਿੱਚ ਵਾਪਰੀ ਵਿਵਾਦਪੂਰਨ ਘਟਨਾ ਵਿੱਚ ਜਦੋਂ ਵੱਡੀ ਗਿਣਤੀ ਵਿੱਚ ਗਾਹਕ ਇਕੱਠੇ ਹੋਏ ਸਨ, ਤਾਂ ਇਹ ਸੰਭਵ ਹੈ ਕਿ ਕਿਸੇ ਨੇ ਭੀੜ ਕਾਰਨ ਉੱਥੋਂ ਜਾਣ ਬਾਰੇ ਸੋਚਿਆ ਹੋਵੇ।"
ਕੀ ਸੀ ਪੂਰੀ ਘਟਨਾ

ਤਸਵੀਰ ਸਰੋਤ, Getty Images
ਇਹ ਮਾਮਲਾ ਗੁਜਰਾਤ-ਰਾਜਸਥਾਨ ਸਰਹੱਦ 'ਤੇ ਅਬੂ-ਅੰਬਾਜ਼ੀ ਰੋਡ 'ਤੇ ਸਥਿਤ ਇੱਕ ਹੋਟਲ ਤੋਂ ਸਾਹਮਣੇ ਆਇਆ ਹੈ, ਜਿਸਦੀ ਵੀਡੀਓ ਸੋਸ਼ਲ ਮੀਡੀਆ ਰੀਲਾਂ ਵਿੱਚ ਦਿਖਾਈ ਦੇ ਰਹੀ ਹੈ।
ਇੰਡੀਅਨ ਐਕਸਪ੍ਰੈਸ ਦੀ ਇੱਕ ਰਿਪੋਰਟ ਮੁਤਾਬਕ, "25 ਅਕਤੂਬਰ ਨੂੰ ਚਾਰ ਆਦਮੀ ਅਤੇ ਇੱਕ ਔਰਤ, ਜਿਨ੍ਹਾਂ ਦੀ ਉਮਰ 20 ਤੋਂ 30 ਸਾਲ ਦੇ ਵਿਚਕਾਰ ਸੀ ਹੋਟਲ ਵਿੱਚ ਆਏ ਸਨ। ਉਨ੍ਹਾਂ ਨੇ ਹੋਟਲ ਵਿੱਚ ਖਾਣਾ ਖਾਧਾ ਸੀ ਅਤੇ ਸ਼ਰਾਬ ਦੀਆਂ ਕੁਝ ਬੋਤਲਾਂ ਦਾ ਆਰਡਰ ਦਿੱਤਾ ਸੀ।"
"ਜਦੋਂ ਤੱਕ ਵੇਟਰ 10,910 ਰੁਪਏ ਦਾ ਬਿੱਲ ਲੈ ਕੇ ਆਇਆ, ਚਾਰੇ ਨੌਜਵਾਨ ਕਾਰ ਵਿੱਚ ਬੈਠ ਚੁੱਕੇ ਸਨ, ਜਦੋਂ ਕਿ ਔਰਤ ਮੇਜ਼ 'ਤੇ ਮੌਜੂਦ ਸੀ।"
ਰਿਪੋਰਟ ਮੁਤਾਬਕ ਹੋਟਲ ਮੈਨੇਜਰ ਨੇ ਦੱਸਿਆ, "ਜਦੋਂ ਸਟਾਫ਼ ਨੇ ਇਨ੍ਹਾਂ ਲੋਕਾਂ ਨੂੰ ਬਿੱਲ ਦਿੱਤਾ, ਤਾਂ ਔਰਤ ਨੇ ਹੋਰ ਆਰਡਰ ਦਿੱਤਾ। ਵੇਟਰ ਨੇ ਔਰਤ ਨੂੰ ਵਾਸ਼ਰੂਮ ਦੇ ਕੋਲ ਖੜ੍ਹੇ ਹੋਣ ਲਈ ਕਿਹਾ। ਫਿਰ, ਜਦੋਂ ਵੇਟਰ ਬੋਤਲਾਂ ਲੈ ਕੇ ਆਇਆ, ਤਾਂ ਔਰਤ ਭੱਜ ਗਈ, ਕਾਰ ਵਿੱਚ ਬੈਠ ਗਈ। ਉਹ ਸਾਰੇ ਗੁਜਰਾਤ ਸਰਹੱਦ ਵੱਲ ਜਾਣ ਲੱਗੇ।"
ਹੋਟਲ ਮੈਨੇਜਰ ਨੇ ਫਿਰ ਨਜ਼ਦੀਕੀ ਪੁਲਿਸ ਸਟੇਸ਼ਨ ਨੂੰ ਸੂਚਿਤ ਕੀਤਾ, ਕਾਰ ਦਾ ਵੇਰਵਾ ਅਤੇ ਰਜਿਸਟ੍ਰੇਸ਼ਨ ਨੰਬਰ ਦਿੱਤਾ। ਜਦੋਂ ਤੱਕ ਰਾਜਸਥਾਨ ਪੁਲਿਸ ਕਾਰ ਦਾ ਪਿੱਛਾ ਕਰਦੀ ਸੀ, ਕਾਰ ਗੁਜਰਾਤ ਦੀ ਸਰਹੱਦ 'ਤੇ ਪਹੁੰਚ ਚੁੱਕੀ ਸੀ। ਇਸ ਲਈ ਗੁਜਰਾਤ ਪੁਲਿਸ ਨੂੰ ਸੂਚਿਤ ਕੀਤਾ ਗਿਆ।
ਅੰਤ ਵਿੱਚ ਅੰਬਾਜੀ ਸ਼ਹਿਰ ਦੇ ਬਾਹਰ ਭਾਰੀ ਆਵਾਜਾਈ ਸੀ, ਜਿੱਥੇ ਇਹ ਲੋਕ ਫੜੇ ਗਏ। ਕਿਉਂਕਿ ਉਨ੍ਹਾਂ ਕੋਲ ਪੂਰੀ ਰਕਮ ਨਹੀਂ ਸੀ, ਉਨ੍ਹਾਂ ਨੇ 5,500 ਰੁਪਏ ਅਦਾ ਕੀਤੇ। ਬਾਕੀ ਰਕਮ ਫ਼ੋਨ 'ਤੇ ਮੰਗ ਕੇ ਅਦਾ ਕੀਤੀ ਗਈ।
ਮੈਨੇਜਰ ਨੇ ਦੱਸਿਆ ਕਿ ਪੈਸੇ ਵਾਪਸ ਕਰ ਦਿੱਤੇ ਜਾਣ ਕਾਰਨ ਕੋਈ ਪੁਲਿਸ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












