ਧੁਨੀ ਪ੍ਰਦੂਸ਼ਣ ਕਿਵੇਂ 'ਬੋਲ਼ੇਪਣ ਵੱਲ ਲੈ ਜਾ ਰਿਹਾ ਹੈ'? ਦੀਵਾਲੀ ਮੌਕੇ ਆਪਣੇ ਕੰਨਾਂ ਦਾ ਇਸ ਤਰ੍ਹਾਂ ਧਿਆਨ ਰੱਖੋ

ਔਰਤ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਭੀੜ-ਭੜੱਕੇ ਵਾਲੇ ਬਾਜ਼ਾਰ, ਟ੍ਰੈਫਿਕ 'ਚ ਫਸੇ ਗੱਡੀਆਂ ਦੇ ਹੋਰਨ, ਉਸਾਰੀ ਵਾਲੀਆਂ ਥਾਵਾਂ ਆਦਿ ਵਰਗੇ ਅਣਗਿਣਤ ਸਰੋਤ ਧੁਨੀ ਪ੍ਰਦੂਸ਼ਣ ਦਾ ਕਾਰਨ ਬਣਦੇ ਹਨ
    • ਲੇਖਕ, ਡਿੰਕਲ ਪੋਪਲੀ
    • ਰੋਲ, ਬੀਬੀਸੀ ਪੱਤਰਕਾਰ

"ਇਹ ਇੱਕ ਜ਼ਹਿਰ ਵਾਂਗ ਹੈ, ਜੋ ਹੌਲੀ-ਹੌਲੀ ਲੋਕਾਂ ਨੂੰ ਬੋਲ਼ੇਪਣ ਵੱਲ ਲੈ ਜਾ ਰਿਹਾ ਹੈ।"

ਇਹ ਗੱਲ ਦਿੱਲੀ ਦੇ ਮੌਲਾਨਾ ਆਜ਼ਾਦ ਮੈਡੀਕਲ ਕਾਲਜ ਦੇ ਕੰਨ, ਨੱਕ ਅਤੇ ਗਲਾ (ਈਐੱਨਟੀ) ਵਿਭਾਗ ਦੇ ਡਾਇਰੈਕਟਰ ਪ੍ਰੋਫੈਸਰ ਅਤੇ ਮੁਖੀ ਡਾ. ਰਵੀ ਮੇਹਰ ਨੇ ਧੁਨੀ ਪ੍ਰਦੂਸ਼ਣ ਬਾਰੇ ਪੁੱਛੇ ਜਾਣ 'ਤੇ ਕਹੀ।

ਦੀਵਾਲੀ ਦੇ ਤਿਉਹਾਰ ਨੇੜੇ ਹਵਾ ਪ੍ਰਦੂਸ਼ਣ ਨਾ ਸਿਰਫ਼ ਮਹਿਸੂਸ ਹੁੰਦਾ ਹੈ ਪਰ ਦਿੱਖਣ ਵੀ ਲੱਗ ਜਾਂਦਾ ਹੈ।

ਪਰ ਇਸ ਸਮੇਂ ਦੌਰਾਨ ਹੀ ਆਪਣੇ ਸਿਖ਼ਰ 'ਤੇ ਰਹਿਣ ਵਾਲਾ ਧੁਨੀ ਪ੍ਰਦੂਸ਼ਣ ਸਾਨੂੰ ਦਿਖਾਈ ਤਾਂ ਨਹੀਂ ਦਿੰਦਾ ਪਰ ਇਸ ਦੇ ਮਾੜੇ ਪ੍ਰਭਾਵ ਸਾਡੇ ਸਰੀਰ 'ਤੇ ਜ਼ਰੂਰ ਪੈਂਦੇ ਹਨ।

ਭੀੜ-ਭੜੱਕੇ ਵਾਲੇ ਬਾਜ਼ਾਰ, ਟ੍ਰੈਫਿਕ 'ਚ ਫਸੀਆਂ ਗੱਡੀਆਂ ਦੇ ਹਾਰਨ ਅਤੇ ਉਸਾਰੀ ਵਾਲੀਆਂ ਥਾਵਾਂ ਵਰਗੇ ਅਣਗਿਣਤ ਸਰੋਤ ਧੁਨੀ ਪ੍ਰਦੂਸ਼ਣ ਦਾ ਕਾਰਨ ਬਣਦੇ ਹਨ।

ਇਨ੍ਹਾਂ ਥਾਵਾਂ ਤੋਂ ਨਿਕਲਣ ਵਾਲੀਆਂ ਉੱਚੀਆਂ ਆਵਾਜ਼ਾਂ ਸਾਡੀ ਸਿਹਤ 'ਤੇ ਡੂੰਘਾ ਅਸਰ ਪਾਉਂਦੀਆਂ ਹਨ।

ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਦੇ ਮੁਤਬਕ ਬਹੁਤ ਜ਼ਿਆਦਾ ਸ਼ੋਰ ਦਿਲ ਦੀਆਂ ਬਿਮਾਰੀਆਂ, ਹਾਈਪਰਟੈਨਸ਼ਨ (ਬੀਪੀ), ਨੀਂਦ ਵਿੱਚ ਵਿਘਨ, ਸੁਣਨ ਵਿੱਚ ਕਮਜ਼ੋਰੀ, ਟਿਨਾਈਟਸ (ਕੰਨ ਵਿੱਚ ਗੂੰਜਦੀ ਆਵਾਜ਼) ਅਤੇ ਬੋਧਾਤਮਕ ਕਮਜ਼ੋਰੀਆਂ ਦੇ ਜੋਖ਼ਮ ਨੂੰ ਵਧਾ ਸਕਦਾ ਹੈ।

ਆਓ ਜਾਣਦੇ ਹਾਂ ਕਿ ਅਜਿਹੇ 'ਚ ਆਪਣੇ ਆਪ ਨੂੰ ਕਿਵੇਂ ਸੁਰੱਖਿਅਤ ਰੱਖਿਆ ਜਾ ਸਕਦਾ ਹੈ।

ਧੁਨੀ ਪ੍ਰਦੂਸ਼ਣ ਕੀ ਹੁੰਦਾ, ਇਸ ਨੂੰ ਕਿਵੇਂ ਮਾਪਦੇ ਹਨ?

ਕੰਨ ਬੰਦ ਕਰੀ ਸੁੱਤ ਪਿਆ ਵਿਅਕਤੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ 65 ਡੈਸੀਬਲ ਤੋਂ ਵੱਧ ਸ਼ੋਰ ਨੂੰ ਪਰੇਸ਼ਾਨੀ ਕਾਰਕ ਮੰਨਿਆ ਜਾਂਦਾ ਹੈ

ਅਣਚਾਹੀ ਜਾਂ ਬਹੁਤ ਜ਼ਿਆਦਾ ਉੱਚੀ ਆਵਾਜ਼ ਨੂੰ ਧੁਨੀ ਪ੍ਰਦੂਸ਼ਣ ਆਖਦੇ ਹਨ।

ਇਹ ਸ਼ੋਰ ਮਨੁੱਖੀ ਸਿਹਤ, ਜੰਗਲੀ ਜੀਵਾਂ ਅਤੇ ਵਾਤਾਵਰਣ ਦੀ ਗੁਣਵੱਤਾ 'ਤੇ ਨਕਾਰਾਤਮਕ ਪ੍ਰਭਾਵ ਪਾਉਂਦਾ ਹੈ।

ਇਹ ਆਮ ਤੌਰ 'ਤੇ ਕਾਰਖਾਨਿਆਂ, ਹਾਈਵੇਅ, ਰੇਲਵੇ ਅਤੇ ਹਵਾਈ ਜਹਾਜ਼ਾਂ ਵਰਗੀਆਂ ਆਵਾਜਾਈ ਪ੍ਰਣਾਲੀਆਂ, ਅਤੇ ਨਾਲ ਹੀ ਬਾਹਰੀ ਨਿਰਮਾਣ ਗਤੀਵਿਧੀਆਂ ਦੁਆਰਾ ਪੈਦਾ ਹੁੰਦਾ ਹੈ।

ਆਵਾਜ਼ ਕਿੰਨੀ ਉੱਚੀ ਹੈ, ਇਸਦਾ ਮਾਪ ਡੈਸੀਬਲ ਇਕਾਈ ਨਾਲ ਕੀਤਾ ਜਾਂਦਾ ਹੈ।

ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ 65 ਡੈਸੀਬਲ ਤੋਂ ਵੱਧ ਸ਼ੋਰ ਨੂੰ ਪਰੇਸ਼ਾਨੀ ਕਾਰਕ ਮੰਨਿਆ ਜਾਂਦਾ ਹੈ, ਜਦੋਂ ਕਿ 75 ਡੈਸੀਬਲ ਤੋਂ ਵੱਧ ਦਾ ਪੱਧਰ ਨੁਕਸਾਨਦੇਹ ਹੁੰਦਾ ਹੈ ਅਤੇ 120 ਡੈਸੀਬਲ ਤੋਂ ਵੱਧ ਦਾ ਪੱਧਰ ਦਰਦਨਾਕ ਹੁੰਦਾ ਹੈ।

ਭਾਰਤ ਵਿੱਚ ਧੁਨੀ ਪ੍ਰਦੂਸ਼ਣ ਲਈ ਆਗਿਆ ਪ੍ਰਾਪਤ ਡੈਸੀਬਲ ਸੀਮਾਵਾਂ ਖੇਤਰ ਅਤੇ ਦਿਨ-ਰਾਤ ਦੇ ਸਮੇਂ ਅਨੁਸਾਰ ਵੱਖ-ਵੱਖ ਹੁੰਦੀਆਂ ਹਨ।

ਉਦਯੋਗਿਕ ਜ਼ੋਨ ਵਿੱਚ ਆਵਾਜ਼ ਦੀ ਸੀਮਾ 75 ਡੈਸੀਬਲ (ਦਿਨ)/70 ਡੈਸੀਬਲ (ਰਾਤ) ਦੀ ਹੁੰਦੀ ਹੈ।

ਵਪਾਰਕ ਖੇਤਰ ਵਿੱਚ 65 ਡੈਸੀਬਲ (ਦਿਨ)/55 ਡੈਸੀਬਲ (ਰਾਤ) ਦੀ ਅਤੇ ਰਿਹਾਇਸ਼ੀ ਖੇਤਰ ਵਿੱਚ 55 (ਦਿਨ)/ 45 ਡੈਸੀਬਲ (ਰਾਤ) ਦੀ ਆਗਿਆ ਹੈ।

ਇਸ ਤੋਂ ਇਲਾਵਾ ਸਾਈਲੈਂਸ ਜ਼ੋਨ, ਜਿਵੇਂ ਕਿ ਹਸਪਤਾਲਾਂ ਅਤੇ ਸਕੂਲਾਂ ਦੇ ਆਲੇ-ਦੁਆਲੇ, 50 ਡੈਸੀਬਲ (ਦਿਨ) ਅਤੇ 40 ਡੈਸੀਬਲ (ਰਾਤ) ਦੀਆਂ ਸਖ਼ਤ ਸੀਮਾਵਾਂ ਹਨ।

ਇਹ ਸੀਮਾਵਾਂ ਧੁਨੀ ਪ੍ਰਦੂਸ਼ਣ (ਨਿਯਮ ਅਤੇ ਨਿਯੰਤਰਣ) ਨਿਯਮਾਂ ਵਿੱਚ ਪਰਿਭਾਸ਼ਿਤ ਕੀਤੀਆਂ ਗਈਆਂ ਹਨ, ਜਿਸ ਦੇ ਤਹਿਤ ਦਿਨ ਦਾ ਸਮਾਂ ਸਵੇਰੇ 6 ਵਜੇ ਤੋਂ ਰਾਤ 10 ਵਜੇ ਅਤੇ ਰਾਤ ਦਾ ਸਮਾਂ 10 ਵਜੇ ਤੋਂ ਸਵੇਰੇ 6 ਵਜੇ ਤੱਕ ਦਾ ਨਿਰਧਾਰਤ ਕੀਤਾ ਗਿਆ ਹੈ।

ਕੀ ਇਨ੍ਹਾਂ ਸੀਮਾਵਾਂ ਦੀ ਪਾਲਣਾ ਹੋ ਰਹੀ ਹੈ ?

ਟਰੈਫਿਕ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਭਾਰਤ ਦੇ ਕਈ ਸ਼ਹਿਰਾਂ ਵਿੱਚ ਧੁਨੀ ਪ੍ਰਦੂਸ਼ਣ ਕਈ ਕਾਰਨਾਂ ਕਰਕੇ ਨਿਰਧਾਰਿਤ ਸੀਮਾਵਾਂ ਤੋਂ ਵੱਧ ਹੈ।

ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਦੀ 2017 ਵਿੱਚ ਛਪੀ ਆਖਰੀ ਵਿਆਪਕ ਧੁਨੀ ਪ੍ਰਦੂਸ਼ਣ ਨਿਗਰਾਨੀ ਰਿਪੋਰਟ ਦੇ ਅਨੁਸਾਰ 89 ਫ਼ੀਸਦ ਥਾਵਾਂ 'ਤੇ ਇਹ ਸ਼ੋਰ ਸੀਮਾਵਾਂ ਨਿਰਧਾਰਤ ਪੱਧਰ ਤੋਂ ਪਾਰ ਪਾਈਆਂ ਗਈਆਂ।

ਇਹ ਰਿਪੋਰਟ ਭਾਰਤ ਦੇ ਸੱਤ ਪ੍ਰਮੁੱਖ ਸ਼ਹਿਰਾਂ 'ਤੇ ਅਧਾਰਿਤ ਸੀ। ਇਸ ਰਿਪੋਰਟ ਮੁਤਾਬਕ 70 ਥਾਵਾਂ 'ਚੋਂ 62 ਥਾਵਾਂ ਵਿੱਚ ਪੱਧਰ ਬਹੁਤ ਉੱਚੇ ਪਾਏ ਗਏ।

ਜ਼ਿਆਦਾਤਰ ਰਿਹਾਇਸ਼ੀ ਅਤੇ ਸਾਈਲੈਂਸ ਜ਼ੋਨ ਖਾਸ ਤੌਰ 'ਤੇ ਪ੍ਰਭਾਵਿਤ ਸਨ, ਬਹੁਤ ਸਾਰੇ ਵਪਾਰਕ ਅਤੇ ਉਦਯੋਗਿਕ ਖੇਤਰਾਂ ਵਿੱਚ ਸ਼ੋਰ ਦਾ ਪੱਧਰ ਕਾਨੂੰਨੀ ਸੀਮਾਵਾਂ ਤੋਂ 8-20 ਡੈਸੀਬਲ ਤੋਂ ਵੱਧ ਪਾਇਆ ਗਿਆ।

ਕੁਝ ਸਾਈਲੈਂਸ ਜ਼ੋਨ ਤਾਂ 10-25 ਡੈਸੀਬਲ ਨਾਲ ਆਪਣੀਆਂ ਸੀਮਾਵਾਂ ਤੋਂ ਪਾਰ ਸਨ।

ਕੁੱਲ ਮਿਲਾ ਕੇ, ਮੈਟਰੋ ਸ਼ਹਿਰਾਂ ਵਿੱਚ ਔਸਤ ਆਲੇ-ਦੁਆਲੇ ਦਾ ਸ਼ੋਰ 60-75 ਡੈਸੀਬਲ ਦੇ ਵਿਚਕਾਰ ਸੀ, ਜੋ ਕਿ ਸੁਰੱਖਿਅਤ ਪੱਧਰਾਂ ਤੋਂ ਕਾਫ਼ੀ ਉੱਪਰ ਸੀ, ਖਾਸ ਕਰਕੇ ਦਿਨ ਦੇ ਸਮੇਂ।

ਧਿਆਨ ਦੇਣ ਯੋਗ ਹੈ ਕਿ, ਇਹ 2017 ਦੀ ਰਿਪੋਰਟ ਸੀਪੀਸੀਬੀ ਦੁਆਰਾ ਆਪਣੀ ਵੈੱਬਸਾਈਟ 'ਤੇ ਅਧਿਕਾਰਤ ਤੌਰ 'ਤੇ ਜਾਰੀ ਕੀਤਾ ਗਿਆ ਸਭ ਤੋਂ ਤਾਜ਼ਾ ਅਜਿਹਾ ਡੇਟਾ ਸੈੱਟ ਹੈ, ਉਸ ਤੋਂ ਬਾਅਦ ਕੋਈ ਨਵਾਂ ਦੇਸ਼ ਵਿਆਪੀ ਸਰਵੇਖਣ ਪ੍ਰਕਾਸ਼ਿਤ ਨਹੀਂ ਕੀਤਾ ਗਿਆ।

ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸਾਬਕਾ ਵਿਗਿਆਨੀ ਅਤੇ ਏਅਰ ਲੈਬ ਦੇ ਡਿਵੀਜ਼ਨਲ ਮੁਖੀ ਡਾ. ਦੀਪਾਂਕਰ ਸਾਹਾ ਨੇ ਬੀਬੀਸੀ ਪੰਜਾਬੀ ਨਾਲ ਗੱਲ ਕਰਦੇ ਹੋਏ ਕਿਹਾ, "ਭਾਰਤ ਵਿਚ ਧੁਨੀ ਪ੍ਰਦੂਸ਼ਣ ਕਈ ਕਾਰਨਾਂ ਕਰਕੇ ਨਿਰਧਾਰਿਤ ਸੀਮਾਵਾਂ ਤੋਂ ਵੱਧ ਹੈ। ਸ਼ਹਿਰਾਂ 'ਚ ਵੱਧ ਰਿਹਾ ਟ੍ਰੈਫਿਕ ਅਤੇ ਉੱਚੀਆਂ ਇਮਾਰਤਾਂ ਦਾ ਵੀ ਇਸ ਵਿੱਚ ਕਾਫ਼ੀ ਵੱਡਾ ਯੋਗਦਾਨ ਹੈ। ਉੱਚੀਆਂ ਇਮਾਰਤਾਂ ਕਰਕੇ ਸ਼ੋਰ 'ਇਕੋ' ਯਾਨੀ ਗੂੰਜਦਾ ਹੈ, ਜੋ ਕਿ ਅਜਿਹੇ ਪ੍ਰਦੂਸ਼ਣ 'ਚ ਵਾਧਾ ਕਰਦਾ ਹੈ।"

ਡਾ. ਦੀਪਾਂਕਰ ਸਾਹਾ ਅੱਗੇ ਦੱਸਦੇ ਹਨ ਸਰਕਾਰ ਕੁਝ ਯੋਜਨਾਵਾਂ 'ਤੇ ਕੰਮ ਕਰ ਰਹੀ ਹੈ ਤਾਂ ਜੋ ਇਸ ਵਧ ਰਹੀ ਸਮੱਸਿਆ 'ਤੇ ਨਕੇਲ ਕੱਸੀ ਜਾ ਸਕੇ।

ਉਨ੍ਹਾਂ ਅੱਗੇ ਕਿਹਾ, "ਤਿਉਹਾਰਾਂ ਮੌਕੇ ਇਹ ਧੁਨੀ ਪ੍ਰਦੂਸ਼ਣ ਹੋਰ ਵੀ ਵੱਧ ਜਾਂਦਾ ਹੈ। ਜਿਵੇਂ ਕਿ ਦੀਵਾਲੀ ਤੋਂ ਪਹਿਲਾਂ ਟ੍ਰੈਫਿਕ ਦੇ ਵਾਧੇ ਕਾਰਨ ਅਤੇ ਫਿਰ ਦੀਵਾਲੀ ਮੌਕੇ ਪਟਾਕਿਆਂ ਦੇ ਕਾਰਨ। ਅਜਿਹੇ 'ਚ ਲੋਕਾਂ ਨੂੰ ਸਰਕਾਰ ਵੱਲੋਂ ਤੈਅ ਕੀਤੇ ਗਏ ਪੱਧਰਾਂ ਦਾ ਖ਼ਾਸ ਖ਼ਿਆਲ ਰੱਖਣਾ ਚਾਹੀਦਾ ਹੈ।"

ਡਾਕਟਰ ਨਵਨੀਤ ਕੁਮਾਰ

ਸਿਹਤ 'ਤੇ ਇਸ ਦੇ ਕੀ ਮਾੜੇ ਪ੍ਰਭਾਵ ਪੈਂਦੇ ਹਨ?

ਡੈਸੀਬਲ ਸਕੇਲ ਸਿੱਧੀ ਲਾਈਨ ਵਾਂਗ ਨਹੀਂ ਵਧਦਾ, ਇਹ ਲੋਗਾਰਿਦਮਿਕ ਸਕੇਲ 'ਤੇ ਆਧਾਰਿਤ ਹੁੰਦਾ ਹੈ।

ਇਸ ਦਾ ਮਤਲਬ ਹੈ ਕਿ ਸ਼ੋਰ ਜੇਕਰ 1 ਡੈਸੀਬਲ ਨਾਲ ਵਧੇ ਤਾਂ ਸ਼ਾਇਦ ਮਹਿਸੂਸ ਵੀ ਨਾ ਹੋਵੇ ਪਰ ਜੇਕਰ ਇਹ 10 ਡੈਸੀਬਲ ਨਾਲ ਵੱਧ ਜਾਵੇ ਤਾਂ ਇਹ ਦੁਗਣਾ ਮਹਿਸੂਸ ਹੋਵੇਗਾ।

ਯਾਨੀ 50 ਡੈਸੀਬਲ ਤੋਂ 51 ਡੈਸੀਬਲ ਹਲਕਾ ਜਿਹਾ ਬਦਲੇਗਾ, ਪਰ 50 ਤੋਂ ਜੇਕਰ 60 ਡੈਸੀਬਲ ਹੁੰਦਾ ਹੈ ਤਾਂ ਇਹ 100 ਡੈਸੀਬਲ ਦੀ ਤਰ੍ਹਾਂ ਮਹਿਸੂਸ ਹੋਵੇਗਾ।

ਲੁਧਿਆਣਾ ਕ੍ਰਿਸਟਨ ਮੈਡੀਕਲ ਕਾਲਜ ਦੇ ਈਐੱਨਟੀ ਵਿਭਾਗ ਦੇ ਮੁਖੀ ਡਾ. ਨਵਨੀਤ ਕੁਮਾਰ ਦੱਸਦੇ ਹਨ, "70 ਡੈਸੀਬਲ ਤੋਂ ਵੱਧ ਦਾ ਲਗਾਤਾਰ ਸ਼ੋਰ ਤਣਾਅ, ਨੀਂਦ ਦੀ ਘਾਟ, ਹਾਈ ਬਲੱਡ ਪ੍ਰੈਸ਼ਰ, ਦਿਲ ਦੀਆਂ ਸਮੱਸਿਆਵਾਂ ਤੇ ਸੁਣਨ ਦੀ ਕਾਬਲੀਅਤ ਘਟਾਉਣ ਦਾ ਕਾਰਨ ਬਣ ਸਕਦਾ ਹੈ। ਜੇਕਰ ਆਵਾਜ਼ 85 ਡੈਸੀਬਲ ਤੋਂ ਉਪਰ ਲੰਬੇ ਸਮੇਂ ਲਈ ਰਹੇ ਤਾਂ ਇਹ ਵਿਅਕਤੀ ਨੂੰ ਹਮੇਸ਼ਾ ਲਈ ਬੋਲ਼ਾ ਵੀ ਕਰ ਸਕਦੀ ਹੈ।"

ਡਾ. ਨਵਨੀਤ ਅੱਗੇ ਦੱਸਦੇ ਹਨ ਕਿ ਬਹੁਤ ਜ਼ਿਆਦਾ ਸ਼ੋਰ ਪਰੇਸ਼ਾਨੀ ਦਾ ਕਾਰਨ ਬਣ ਸਕਦਾ ਹੈ। ਇਸ ਦੇ ਕਾਰਨ ਦਿਲ ਦੀ ਬਿਮਾਰੀ ਅਤੇ ਹਾਈਪਰਟੈਨਸ਼ਨ, ਨੀਂਦ ਵਿੱਚ ਵਿਘਨ, ਸੁਣਨ ਵਿੱਚ ਕਮਜ਼ੋਰੀ, ਟਿਨਾਈਟਲ (ਕੰਨ ਵਿੱਚ ਗੂੰਜਣ ਵਾਲੀ ਆਵਾਜ਼) ਅਤੇ ਬੋਧਾਤਮਕ ਕਮਜ਼ੋਰੀਆਂ ਦਾ ਜੋਖਮ ਵਧ ਸਕਦਾ ਹੈ।

ਉਨ੍ਹਾਂ ਨੇ ਕਿਹਾ, "ਸਰਕਾਰ ਵੱਲੋਂ ਨਿਰਧਾਰਿਤ ਸੀਮਾਵਾਂ ਬਹੁਤ ਡੂੰਘੇ ਅਧਿਐਨਾਂ ਤੋਂ ਬਾਅਦ ਤੈਅ ਕੀਤੀਆਂ ਜਾਂਦੀਆਂ ਹਨ, ਇਸ ਲਈ ਜ਼ਰੂਰੀ ਹੈ ਇਨ੍ਹਾਂ ਦੀ ਨਾਗਰਿਕਾਂ ਵੱਲੋਂ ਪਾਲਣਾ ਜ਼ਰੂਰ ਕੀਤੀ ਜਾਵੇ। ਇਸ ਤਰ੍ਹਾਂ ਦੇ ਪ੍ਰਦੂਸ਼ਣ ਤੋਂ ਬੱਚੇ ਅਤੇ ਬਜ਼ੁਰਗ ਹੀ ਸਭ ਤੋਂ ਵੱਧ ਪ੍ਰਭਾਵਿਤ ਹੁੰਦੇ ਹਨ।"

"ਜੇਕਰ ਇੱਕਦਮ ਕੋਈ ਪਟਾਕਾ ਤੁਹਾਡੇ ਕੰਨ ਦੇ ਨੇੜੇ ਫੱਟ ਜਾਂਦਾ ਹੈ ਤਾਂ ਸੁਣਨ ਦੀ ਸ਼ਕਤੀ ਜਾ ਸਕਦੀ ਹੈ ਜਾਂ ਫਿਰ ਕੰਨ ਵਿਚ ਲਗਤਾਰ ਘੰਟੀ ਵਜਦੀ ਮਹਿਸੂਸ ਹੋ ਸਕਦੀ ਹੈ। ਅਜਿਹੇ 'ਚ ਡਾਕਟਰ ਕੋਲੋਂ ਸਲਾਹ ਜ਼ਰੂਰ ਲਈ ਜਾਣੀ ਚਾਹੀਦੀ ਹੈ।"

ਇਸ ਤੋਂ ਬਚਨ ਲਈ ਕੀ ਕੀਤਾ ਜਾ ਸਕਦਾ ਹੈ ?

ਕੰਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਾਹਰਾਂ ਮੁਤਾਬਕ ਸ਼ੋਰ ਜਦੋਂ ਬਹੁਤ ਉੱਚੀ ਹੋ ਜਾਵੇ ਤਾਂ ਇਹ ਅੰਦਰੂਨੀ ਕੰਨ ਦੇ ਸੰਵੇਦਨਸ਼ੀਲ ਸੈੱਲਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ

ਦਿੱਲੀ ਦੇ ਮੌਲਾਨਾ ਆਜ਼ਾਦ ਮੈਡੀਕਲ ਕਾਲਜ ਦੇ ਈਐੱਨਟੀ ਵਿਭਾਗ ਦੇ ਮੁਖੀ ਡਾ. ਰਵੀ ਮੇਹਰ ਦੱਸਦੇ ਹਨ ਕਿ ਸ਼ੋਰ-ਪ੍ਰੇਰਿਤ ਸੁਣਨ ਸ਼ਕਤੀ ਦਾ ਨੁਕਸਾਨ ਅੱਜ ਬੋਲ਼ੇਪਣ ਦੇ ਸਭ ਤੋਂ ਆਮ ਪਰ ਰੋਕਥਾਮਯੋਗ ਕਾਰਨਾਂ ਵਿੱਚੋਂ ਇੱਕ ਹੈ।

ਉਹ ਕਹਿੰਦੇ ਹਨ, "ਇਹ ਉਦੋਂ ਹੁੰਦਾ ਹੈ ਜਦੋਂ ਸਾਡੇ ਕੰਨ ਲੰਬੇ ਸਮੇਂ ਤੱਕ ਉੱਚੀਆਂ ਆਵਾਜ਼ਾਂ ਦੇ ਸੰਪਰਕ ਵਿੱਚ ਰਹਿੰਦੇ ਹਨ, ਜਿਵੇਂ ਕਿ 85 ਡੈਸੀਬਲ ਤੋਂ ਵੱਧ ਦੀ ਲਗਾਤਾਰ ਆਵਾਜ਼ (ਭਾਰੀ ਟਰੈਫਿਕ ਜਾਂ ਉੱਚੀ ਸੰਗੀਤ) ਜਾਂ ਫਿਰ ਇੱਕ ਬਹੁਤ ਉੱਚੀ ਆਵਾਜ਼ ਵਾਲਾ ਧਮਾਕਾ, ਪਟਾਕਾ ਜਾਂ ਗੋਲੀਬਾਰੀ।"

"ਸ਼ੋਰ ਜਦੋਂ ਬਹੁਤ ਉੱਚੀ ਹੋ ਜਾਵੇ ਤਾਂ ਇਹ ਅੰਦਰੂਨੀ ਕੰਨ ਦੇ ਸੰਵੇਦਨਸ਼ੀਲ ਸੈੱਲਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਇੱਕ ਵਾਰ ਇਹ ਸੈੱਲ ਖਰਾਬ ਹੋ ਜਾਣ ਤੋਂ ਬਾਅਦ, ਸੁਣਨ ਸ਼ਕਤੀ ਹਮੇਸ਼ਾ ਲਈ ਖੋਹ ਸਕਦੀ ਹੈ।"

ਡਾ. ਮੇਹਰ ਦੱਸਦੇ ਹਨ ਕਿ ਸੁਣਨ ਸ਼ਕਤੀ ਦਾ ਨੁਕਸਾਨ ਅਕਸਰ ਦੋਵਾਂ ਕੰਨਾਂ ਨੂੰ ਇੱਕੋ ਜਿਹਾ ਪ੍ਰਭਾਵਿਤ ਕਰਦਾ ਹੈ ਅਤੇ ਪਹਿਲਾਂ ਉੱਚ ਪਿਚ ਵਾਲੀਆਂ ਆਵਾਜ਼ਾਂ ਸੁਣਨ ਵਿੱਚ ਮੁਸ਼ਕਲ ਆਉਂਦੀ ਹੈ।

ਕਈ ਕਾਰਕ ਇਸ ਸਮੱਸਿਆ ਨੂੰ ਹੋਰ ਵੀ ਗੰਭੀਰ ਬਣਾ ਸਕਦੇ ਹਨ, ਜਿਵੇਂ ਕਿ ਸ਼ੂਗਰ, ਸਿਗਰਟਨੋਸ਼ੀ ਅਤੇ ਸ਼ਰਾਬ ਦੀ ਵਰਤੋਂ।

"ਉੱਚੀ ਆਵਾਜ਼ ਸਿਰਫ਼ ਕੰਨਾਂ ਤੱਕ ਹੀ ਸੀਮਤ ਨਹੀਂ ਰਹਿੰਦੀ, ਇਹ ਸਰੀਰ ਦੇ ਹੋਰ ਹਿੱਸਿਆਂ 'ਤੇ ਵੀ ਅਸਰ ਪਾਉਂਦੀ ਹੈ। ਇਹ ਬਲੱਡ ਪ੍ਰੈਸ਼ਰ ਵਧਾ ਸਕਦੀ ਹੈ, ਦਿਲ ਦੀ ਬਿਮਾਰੀ ਅਤੇ ਸਟ੍ਰੋਕ ਦੇ ਜੋਖ਼ਮ ਨੂੰ ਵਧਾ ਸਕਦੀ ਹੈ, ਨੀਂਦ ਨੂੰ ਵਿਗਾੜ ਸਕਦੀ ਹੈ ਅਤੇ ਸਟਰੈੱਸ ਤੇ ਡਿਪ੍ਰੈਸ਼ਨ ਦਾ ਕਾਰਨ ਬਣ ਸਕਦੀ ਹੈ।"

ਡਾ. ਮੇਹਰ ਅੱਗੇ ਕਹਿੰਦੇ ਹਨ, "ਅਚਾਨਕ ਉੱਚੀ ਆਵਾਜ਼, ਜਿਵੇਂ ਕਿ ਕੰਨ ਦੇ ਨੇੜੇ ਧਮਾਕਾ ਜਾਂ ਥੱਪੜ, ਕੰਨ ਦੇ ਪਰਦੇ ਨੂੰ ਪਾੜ ਸਕਦੀ ਹੈ ਜਾਂ ਅੰਦਰੂਨੀ ਕੰਨ ਨੂੰ ਨੁਕਸਾਨ ਪਹੁੰਚਾ ਸਕਦੀ ਹੈ, ਜਿਸ ਨਾਲ ਤੁਰੰਤ ਸੁਣਨ ਸ਼ਕਤੀ ਖਤਮ ਹੋ ਸਕਦੀ ਹੈ।"

ਉਹ ਸਲਾਹ ਦਿੰਦੇ ਹਨ ਕਿ ਇਸ ਕਿਸਮ ਦੇ ਨੁਕਸਾਨ ਦਾ ਕੋਈ ਇਲਾਜ ਨਹੀਂ, ਇਸ ਲਈ ਰੋਕਥਾਮ ਹੀ ਸਭ ਤੋਂ ਵਧੀਆ ਤਰੀਕਾ ਹੈ।

ਡਾਕਟਰਾਂ ਦੀਆਂ ਕੀ ਸਿਫ਼ਾਰਸ਼ਾਂ ਹਨ?

ਪਟਾਕੇ ਚਲਾਉਂਦੇ ਹੋਏ ਲੋਕ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਾਹਰ ਸਲਾਹ ਦਿੰਦੇ ਹਨ ਕਿ ਸੰਗੀਤ ਸੁਣਦਿਆਂ ‘60 ਫ਼ੀਸਦ ਨਿਯਮ’ ਅਪਣਾਓ, ਆਵਾਜ਼ 60 ਫ਼ੀਸਦ ਤੋਂ ਘੱਟ ਤੇ ਸਮਾਂ 60 ਮਿੰਟਾਂ ਤੋਂ ਘੱਟ ਰੱਖੋ

ਡਾਕਟਰ ਕਹਿੰਦੇ ਹਨ:

  • ਰੌਲੇ-ਰੱਪੇ ਵਾਲੀਆਂ ਥਾਵਾਂ 'ਤੇ ਈਅਰਪਲੱਗ ਜਾਂ ਈਅਰਮਫ ਲਗਾਓ
  • ਕੰਮ ਵਾਲੀ ਥਾਂ 'ਤੇ ਸ਼ੋਰ ਦੇ ਪੱਧਰ ਦੀ ਨਿਗਰਾਨੀ ਕਰੋ
  • ਨਿਯਮਤ ਸੁਣਨ ਸ਼ਕਤੀ ਦਾ ਟੈਸਟ ਕਰਵਾਓ
  • ਸੰਗੀਤ ਸੁਣਦਿਆਂ "60 ਪ੍ਰਤੀਸ਼ਤ ਨਿਯਮ" ਅਪਣਾਓ, ਆਵਾਜ਼ 60% ਤੋਂ ਘੱਟ ਤੇ ਸਮਾਂ 60 ਮਿੰਟਾਂ ਤੋਂ ਘੱਟ ਰੱਖੋ

ਭਾਰਤ ਵਿੱਚ ਨਿਯਮਾਂ ਅਨੁਸਾਰ ਸਕੂਲਾਂ, ਹਸਪਤਾਲਾਂ ਤੇ ਅਦਾਲਤਾਂ ਦੇ ਨੇੜੇ ਲਾਊਡਸਪੀਕਰਾਂ, ਹਾਰਨਾਂ ਅਤੇ ਪਟਾਕਿਆਂ ਦੀ ਵਰਤੋਂ 'ਤੇ ਪਾਬੰਦੀ ਹੈ। ਇਨ੍ਹਾਂ ਖੇਤਰਾਂ ਨੂੰ "ਸਾਈਲੈਂਸ ਜ਼ੋਨ" ਐਲਾਨਿਆ ਗਿਆ ਹੈ।

ਡਾ. ਮੇਹਰ ਕਹਿੰਦੇ ਹਨ, "ਇਨ੍ਹਾਂ ਨਿਯਮਾਂ ਦੀ ਪਾਲਣਾ ਕਰਨਾ ਤੇ ਜਾਗਰੂਕਤਾ ਫੈਲਾਉਣਾ ਹੀ ਸਾਡੀ ਸੁਣਨ ਸ਼ਕਤੀ ਦੀ ਰੱਖਿਆ ਦਾ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਹੈ। ਯਾਦ ਰੱਖੋ, ਇੱਕ ਵਾਰ ਸੁਣਨ ਸ਼ਕਤੀ ਖਤਮ ਹੋ ਜਾਣ ਤੋਂ ਬਾਅਦ ਇਸਨੂੰ ਵਾਪਸ ਨਹੀਂ ਲਿਆਂਦਾ ਜਾ ਸਕਦਾ। ਇਸ ਲਈ ਕੱਲ੍ਹ ਦੀ ਆਵਾਜ਼ ਲਈ ਅੱਜ ਹੀ ਆਪਣੇ ਕੰਨਾਂ ਦੀ ਸੁਰੱਖਿਆ ਕਰੋ।"

ਧੁਨੀ ਪ੍ਰਦੂਸ਼ਣ ਤੋਂ ਬਚਾਅ ਲਈ ਕਾਨੂੰਨੀ ਰਾਹ, ਤੁਹਾਡੇ ਹੱਕ ਕੀ ਹਨ?

ਭਾਰਤ ਵਿੱਚ ਧੁਨੀ ਪ੍ਰਦੂਸ਼ਣ ਨੂੰ ਕਾਬੂ ਕਰਨ ਲਈ ਸਪੱਸ਼ਟ ਕਾਨੂੰਨ ਬਣਾਏ ਗਏ ਹਨ।

ਧੁਨੀ ਪ੍ਰਦੂਸ਼ਣ (ਨਿਯਮ ਅਤੇ ਨਿਯੰਤਰਣ) ਨਿਯਮ, 2000 ਦੇ ਅਨੁਸਾਰ ਵਿਸ਼ੇਸ਼ ਆਗਿਆ ਤੋਂ ਬਿਨਾਂ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਲਾਊਡਸਪੀਕਰ ਜਾਂ ਐਂਪਲੀਫਾਈਡ ਸਾਊਂਡ ਦੀ ਵਰਤੋਂ 'ਤੇ ਪਾਬੰਦੀ ਹੈ।

ਰਿਹਾਇਸ਼ੀ ਖੇਤਰਾਂ ਵਿੱਚ ਇਸ ਸਮੇਂ ਦੌਰਾਨ ਸ਼ੋਰ ਦਾ ਪੱਧਰ 45 ਡੈਸੀਬਲ ਤੋਂ ਵੱਧ ਨਹੀਂ ਹੋਣਾ ਚਾਹੀਦਾ, ਜਦਕਿ ਸਾਈਲੈਂਸ ਜ਼ੋਨ (ਹਸਪਤਾਲਾਂ, ਸਕੂਲਾਂ ਅਤੇ ਅਦਾਲਤਾਂ ਦੇ ਨੇੜੇ ਖੇਤਰ) ਵਿੱਚ ਇਹ ਸੀਮਾ 40 ਡੈਸੀਬਲ ਹੈ।

ਸ਼ਿਕਾਇਤ ਕਿੱਥੇ ਕਰ ਸਕਦੇ ਹੋ?

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਭਾਰਤੀ ਕਾਨੂੰਨ ਵਿੱਚ ਧੁਨੀ ਪ੍ਰਦਸ਼ੂਣ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਉਣ ਦਾ ਹੱਕ ਆਮ ਨਾਗਰਿਕਾਂ ਨੂੰ ਦਿੱਤਾ ਗਿਆ ਹੈ

ਜੇ ਤੁਹਾਡੇ ਇਲਾਕੇ ਵਿੱਚ ਸ਼ੋਰ ਦੀ ਸੀਮਾ ਦੀ ਉਲੰਘਣਾ ਹੋ ਰਹੀ ਹੈ ਤਾਂ ਤੁਸੀਂ ਆਪਣੇ ਸਥਾਨਕ ਪੁਲਿਸ ਸਟੇਸ਼ਨ ਵਿੱਚ ਜਾਂ ਰਾਜ ਪ੍ਰਦੂਸ਼ਣ ਕੰਟਰੋਲ ਬੋਰਡ (ਐੱਸਪੀਸੀਬੀ) ਕੋਲ ਸ਼ਿਕਾਇਤ ਦਰਜ ਕਰਵਾ ਸਕਦੇ ਹੋ।

ਸ਼ਿਕਾਇਤਾਂ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਆਨਲਾਈਨ ਪੋਰਟਲਾਂ ਰਾਹੀਂ ਵੀ ਦਿੱਤੀਆਂ ਜਾ ਸਕਦੀਆਂ ਹਨ।

ਧੁਨੀ ਪ੍ਰਦੂਸ਼ਣ ਨੂੰ ਹੇਠਾਂ ਦਿੱਤੇ ਕਾਨੂੰਨਾਂ ਅਧੀਨ ਨਿਯੰਤਰਿਤ ਕੀਤਾ ਜਾਂਦਾ ਹੈ:

ਵਾਤਾਵਰਣ (ਸੁਰੱਖਿਆ) ਐਕਟ, 1986 (ਧਾਰਾ 15)

ਸ਼ੋਰ ਪ੍ਰਦੂਸ਼ਣ (ਨਿਯਮ ਅਤੇ ਨਿਯੰਤਰਣ) ਨਿਯਮ, 2000

ਭਾਰਤੀ ਨਿਆਂ ਸੰਹਿਤਾ ਦੀਆਂ ਸਬੰਧਤ ਧਾਰਾਵਾਂ ਦੀ ਉਲੰਘਣਾ ਕਰਨ 'ਤੇ ਕੀ ਕਾਰਵਾਈ ਹੋ ਸਕਦੀ ਹੈ?

ਪੁਲਿਸ ਜਾਂ ਪ੍ਰਦੂਸ਼ਣ ਕੰਟਰੋਲ ਬੋਰਡ ਧੁਨੀ ਉਪਕਰਨ ਜ਼ਬਤ ਕਰ ਸਕਦੇ ਹਨ ਅਤੇ ਤੁਰੰਤ ਰੋਕ ਨੋਟਿਸ ਜਾਰੀ ਕਰ ਸਕਦੇ ਹਨ।

ਪਹਿਲੀ ਵਾਰ ਉਲੰਘਣਾ ਕਰਨ ਵਾਲੇ ਨੂੰ 1 ਲੱਖ ਰੁਪਏ ਤੱਕ ਦਾ ਜੁਰਮਾਨਾ ਜਾਂ 5 ਸਾਲ ਤੱਕ ਦੀ ਕੈਦ ਹੋ ਸਕਦੀ ਹੈ (ਧਾਰਾ 15, ਵਾਤਾਵਰਣ ਐਕਟ)।

ਦੁਬਾਰਾ ਉਲੰਘਣਾ ਕਰਨ 'ਤੇ ਵੱਧ ਜੁਰਮਾਨੇ ਤੇ ਲੰਬੀ ਕੈਦ ਦੀ ਸਜ਼ਾ ਹੋ ਸਕਦੀ ਹੈ।

ਕਾਨੂੰਨੀ ਕਾਰਵਾਈ ਲਈ ਤੁਸੀਂ ਪੁਲਿਸ, ਜ਼ਿਲ੍ਹਾ ਮੈਜਿਸਟ੍ਰੇਟ ਜਾਂ ਰਾਜ ਪ੍ਰਦੂਸ਼ਣ ਕੰਟਰੋਲ ਬੋਰਡ ਕੋਲ ਅਰਜ਼ੀ ਦੇ ਸਕਦੇ ਹੋ, ਇਹ ਸਾਰੇ ਅਧਿਕਾਰੀ ਉਲੰਘਣਾ ਕਰਨ ਵਾਲਿਆਂ 'ਤੇ ਕਾਰਵਾਈ ਕਰਨ ਲਈ ਅਧਿਕਾਰਿਤ ਹਨ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)