ਪੰਜਾਬ ਦੇ ਸਮਰਾਲਾ 'ਚ ਜੈਵਿਕ ਖੇਤੀ ਦੇ ਨਾਂ ’ਤੇ ਪੈਸੇ ਦੁਗਣੇ ਕਰਨ ਦਾ ਲਾਲਚ ਦੇ ਕੇ ਕਿਵੇਂ ਹਜ਼ਾਰਾਂ ਲੋਕਾਂ ਨਾਲ ਮਾਰੀ ਕਰੋੜਾਂ ਦੀ ਠੱਗੀ

ਤਸਵੀਰ ਸਰੋਤ, Khanna Police
- ਲੇਖਕ, ਹਰਮਨਦੀਪ ਸਿੰਘ
- ਰੋਲ, ਬੀਬੀਸੀ ਪੱਤਰਕਾਰ
"ਮੈਂ 24 ਲੱਖ ਦੀ ਕਮੇਟੀ ਸਾਢੇ ਪੰਜ ਲੱਖ ਦੇ ਘਾਟੇ ਨਾਲ ਚੁੱਕੀ ਸੀ ਅਤੇ ਵੱਧ ਮੁਨਾਫੇ ਦੇ ਲਾਲਚ ਵਿੱਚ ਆ ਕੇ ਆਪਣਾ ਨੁਕਸਾਨ ਕਰਵਾ ਬੈਠਾ।"
ਇਹ ਸ਼ਬਦ ਸਮਰਾਲਾ ਸ਼ਹਿਰ ਦੇ 60 ਸਾਲਾ ਕਾਰੋਬਾਰੀ ਗੁਰਮੀਤ ਸਿੰਘ ਦੇ ਹਨ। ਉਨ੍ਹਾਂ ਨੂੰ 'ਜਨਰੇਸ਼ਨ ਆਰਗੈਨਿਕ ਫਾਰਮਿੰਗ ਫਰਮ' ਨਾਮ ਦੀ ਕੰਪਨੀ ਨੇ ਸਮਰਾਲਾ ਸ਼ਹਿਰ ਵਿੱਚ ਕਥਿਤ ਤੌਰ ਉੱਤੇ ਇੱਕ ਰਿਹਾਇਸ਼ੀ ਪਲਾਟ ਅਤੇ 8% ਮਹੀਨਾਵਾਰ ਰਿਟਰਨ ਦੇਣ ਦਾ ਵਾਅਦਾ ਕੀਤਾ ਸੀ।
ਪਰ ਗੁਰਮੀਤ ਸਿੰਘ ਦਾਅਵਾ ਕਰਦੇ ਹਨ ਕਿ ਉਨ੍ਹਾਂ ਨੂੰ ਨਾ ਕੋਈ ਮੁਨਾਫ਼ਾ ਮਿਲਿਆ ਅਤੇ ਨਾ ਹੀ ਨਿਵੇਸ਼ ਕੀਤੀ ਰਕਮ ਵਾਪਸ ਮੁੜੀ।
ਗੁਰਮੀਤ ਉਨ੍ਹਾਂ 23, 249 ਪੀੜਤਾਂ ਵਿਚੋਂ ਇੱਕ ਹਨ, ਜਿਸ ਨਾਲ ਇਸ ਫਰਮ ਨੇ ਪੈਸੇ ਦੁੱਗਣੇ ਕਰਨ ਦਾ ਝਾਂਸਾ ਦੇ ਕੇ ਕਥਿਤ ਤੌਰ ਉੱਤੇ ਠੱਗੀ ਮਾਰੀ ਹੈ।
ਦਰਅਸਲ ਖੰਨਾ ਪੁਲਿਸ ਨੇ ਲੋਕਾਂ ਨੂੰ ਦੁਗਣੇ ਪੈਸੇ ਦੇਣ ਦਾ ਲਾਲਚ ਦੇ ਕੇ ਠੱਗਣ ਵਾਲੀ ਇੱਕ ਧੋਖਾਧੜੀ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਹੈ।
ਪੁਲਿਸ ਮੁਤਾਬਕ ਮੁਲਜ਼ਮ ਦਾਅਵਾ ਕਰਦੇ ਸਨ ਕਿ ਨਿਵੇਸ਼ਕਾਂ ਨੂੰ 8% ਮਹੀਨਾਵਾਰ ਰਿਟਰਨ ਨਾਲ ਮਿਲੇਗੀ ਅਤੇ ਇਸ ਹਿਸਾਬ ਨਾਲ ਉਨ੍ਹਾਂ ਦੇ 25 ਮਹੀਨਿਆਂ ਵਿੱਚ ਪੈਸੇ ਦੁਗਣੇ ਹੋ ਜਾਣਗੇ।
ਪੁਲਿਸ ਮੁੱਢਲੀ ਤਫ਼ਤੀਸ਼ ਵਿੱਚ ਕਥਿਤ ਠੱਗੀ ਦੀ ਰਕਮ 170 ਕਰੋੜ ਦੇ ਆਸਪਾਸ ਦੱਸ ਰਹੀ ਹੈ।
ਹਾਲਾਂਕਿ ਪੁਲਿਸ ਮੁਤਾਬਕ ਕਥਿਤ ਠੱਗੀ ਦੀ ਰਕਮ ਦਾ ਅੰਕੜਾ ਵੱਧ ਸਕਦਾ ਹੈ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਅੰਕੜਾ ਸਿਰਫ਼ ਬੈਂਕ ਖਾਤਿਆਂ ਦੀ ਜਾਂਚ ਤੋਂ ਹੀ ਸਾਹਮਣੇ ਆਇਆ ਹੈ। ਪੁਲਿਸ ਨੇ ਹੁਣ ਤੱਕ 8 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਖੰਨਾ ਦੀ ਐੱਸਐੱਸਪੀ ਜੋਤੀ ਯਾਦਵ ਨੇ ਦੱਸਿਆ ਕਿ ਮੁਲਜ਼ਮਾਂ ਵੱਲੋਂ ਬਣਾਈ ਫਰਮ ਵਿੱਚ ਹੁਣ ਤੱਕ 23, 249 ਦੇ ਕਰੀਬ ਲੋਕਾਂ ਨੇ ਲਗਭਗ 170 ਕਰੋੜ ਤੋਂ ਵੱਧ ਰੁਪਏ ਨਿਵੇਸ਼ ਕੀਤੇ ਸਨ।
ਝਾਂਸੇ ਵਿੱਚ ਕਿਵੇਂ ਲੈਂਦੇ ਸਨ

ਤਸਵੀਰ ਸਰੋਤ, Getty Images
ਪੀੜਤ ਗੁਰਮੀਤ ਦੱਸਦੇ ਹਨ ਕਿ ਉਨ੍ਹਾਂ ਦੇ ਕਿਸੇ ਜਾਣਕਾਰ ਨੇ 'ਜਨਰੇਸ਼ਨ ਆਰਗੈਨਿਕ ਫਾਰਮਿੰਗ ਫਰਮ' ਵਿੱਚ ਨਿਵੇਸ਼ ਕੀਤਾ ਸੀ। ਇਸ ਲਈ ਉਨ੍ਹਾਂ ਨੇ ਵੀ 18 ਲੱਖ ਰੁਪਏ ਨਿਵੇਸ਼ ਕਰ ਦਿੱਤੇ।
"ਫਰਮ ਨੇ ਮੇਰੇ ਨਾਲ ਪੰਜ ਸਾਲਾਂ ਦਾ ਕੰਟਰੈਕਟ ਕੀਤਾ ਸੀ। ਉਨਾਂ ਨੇ ਵਾਅਦਾ ਕੀਤਾ ਸੀ ਕਿ ਪੰਜ ਸਾਲਾਂ ਵਿੱਚ ਮੈਨੂੰ ਪਲਾਟ ਮਿਲ ਜਾਵੇਗਾ ਪਰ ਉਨਾ ਚਿਰ ਮੈਨੂੰ ਮਹੀਨਾਵਾਰ ਰਿਟਰਨ ਵੀ ਮਿਲਦੀ ਰਹੇਗੀ।"
"ਮੈਂ ਸੋਚਿਆ ਇੱਕ ਤਾਂ ਮੇਰੇ ਵੱਲੋਂ ਨਿਵੇਸ਼ ਕੀਤੇ ਗਏ ਪੈਸੇ ਮੈਨੂੰ ਮਹੀਨਾਵਾਰ ਰਿਟਰਨ ਦੇ ਰੂਪ ਵਿੱਚ ਵਾਪਸ ਮਿਲ ਜਾਣਗੇ ਅਤੇ ਉੱਪਰੋਂ ਪਲਾਟ ਵੀ ਮਿਲ ਜਾਵੇਗਾ। ਮੈਨੂੰ ਲਾਲਚ ਹੋ ਗਿਆ ਅਤੇ ਮੈਂ 18 ਲੱਖ ਰੁਪਏ ਨਿਵੇਸ਼ ਕਰ ਦਿੱਤਾ। ਕੁਝ ਮਹੀਨਿਆਂ ਤੱਕ ਮੈਨੂੰ ਰਿਟਰਨ ਮਿਲਦੀ ਰਹੀ ਪਰ ਮਗਰੋਂ ਪੈਸੇ ਮਿਲਣੇ ਬੰਦ ਹੋ ਗਏ।"
ਗੁਰਮੀਤ ਸਿੰਘ ਦੱਸਦੇ ਹਨ ਕਿ ਉਨ੍ਹਾਂ ਦਾ ਸਮਰਾਲਾ ਵਿੱਚ ਮਠਿਆਈਆਂ ਦਾ ਕਾਰੋਬਾਰ ਹੈ।
ਮੁਹਾਲੀ ਦੇ ਰਹਿਣ ਵਾਲੇ 45 ਸਾਲਾ ਸ਼ੇਰ ਸਿੰਘ ਪੇਸ਼ੇ ਵਜੋਂ ਕਿਸਾਨ ਹਨ ਅਤੇ ਰੀਅਲ ਅਸਟੇਟ ਦਾ ਕਾਰੋਬਾਰ ਵੀ ਕਰਦੇ ਹਨ।
ਸ਼ੇਰ ਸਿੰਘ ਨੇ ਦੱਸਿਆ, "ਮੇਰੇ ਕਿਸੇ ਜਾਣਕਾਰ ਨੇ ਪਹਿਲਾਂ ਹੀ ਇਸ ਫਰਮ ਵਿੱਚ ਨਿਵੇਸ਼ ਕੀਤਾ ਹੋਇਆ ਸੀ, ਉਸ ਦੀ ਜਾਣਕਾਰੀ ਨਾਲ ਹੀ ਮੈਂ ਫਰਮ ਦੇ ਨੁਮਾਇੰਦਿਆਂ ਦੇ ਸੰਪਰਕ ਵਿੱਚ ਆਇਆ ਸੀ।"
"ਮੈਂ ਗੰਡੋਇਆਂ ਦੀ ਖਾਦ ਦੇ ਪ੍ਰਾਜੈਕਟ ਲਈ ਫਰਮ ਵਿੱਚ 9 ਲੱਖ ਦਾ ਨਿਵੇਸ਼ ਕੀਤਾ ਸੀ। ਕੰਪਨੀ ਦੀ ਯੋਜਨਾ ਮੁਤਾਬਕ ਮੈਂ ਗੰਡੋਇਆ ਅਤੇ ਰੂੜੀ ਦੀ ਖਰੀਦ ਲਈ ਕੰਪਨੀ ਨੂੰ 9 ਲੱਖ ਰੁਪਏ ਦਿੱਤੇ ਸਨ। ਇਸ ਦੇ ਬਦਲੇ ਮੈਨੂੰ ਹਰ ਮਹੀਨੇ 1 ਲੱਖ ਰੁਪਏ ਮਿਲਣਾ ਸੀ। ਕੁਝ ਮਹੀਨਿਆਂ ਤੱਕ ਮੈਨੂੰ ਪੈਸੇ ਮਿਲਦੇ ਰਹੇ ਅਤੇ ਫਿਰ ਪੈਸੇ ਮਿਲਣੇ ਬੰਦ ਹੋ ਗਏ।"

"ਸ਼ੇਅਰ ਵੇਚਣੇ ਪਏ, ਕਰਜ਼ਾ ਲੈਣਾ ਪਿਆ"
ਇੱਕ ਹੋਰ ਪੀੜਤ ਕਾਰੋਬਾਰੀ ਨੇ ਆਪਣੀ ਪਛਾਣ ਛੁਪਾਉਣ ਦੀ ਸ਼ਰਤ 'ਤੇ ਦੱਸਿਆ, "ਮੁਲਜ਼ਮਾਂ ਨੇ ਸਾਨੂੰ ਕਈ ਸਕੀਮਾਂ ਬਾਰੇ ਦੱਸਿਆ ਸੀ ਅਤੇ ਅਸੀਂ ਗੰਡੋਇਆਂ ਦੀ ਖਾਦ ਤਿਆਰ ਕਰਨ ਵਾਲਾ ਪ੍ਰਾਜੈਕਟ ਚੁਣਿਆ ਸੀ।"
"ਅਸੀਂ ਇੰਟਰਨੈੱਟ ਅਤੇ ਮਾਹਰਾਂ ਨਾਲ ਚਰਚਾ ਕਰਕੇ ਪ੍ਰਾਜੈਕਟ ਦੀ ਲਾਗਤ ਬਾਰੇ ਜਾਣਕਾਰੀ ਇਕੱਠੀ ਕੀਤੀ ਸੀ। ਮੁਲਜ਼ਮਾਂ ਦੀ ਕੰਪਨੀ ਵੱਲੋਂ ਦੱਸੀ ਗਈ ਲਾਗਤ 1-2 ਲੱਖ ਰੁਪਏ ਮਹਿੰਗੀ ਸੀ ਪਰ ਮੁਲਜ਼ਮ ਨੇ ਸਾਡੇ ਨਾਲ ਕੰਟਰੈਕਟ ਕੀਤਾ ਸੀ ਕਿ ਉਹ ਖੁਦ ਹੀ ਗੰਡੋਇਆਂ ਦੀ ਖਾਦ ਖ਼ਰੀਦਣਗੇ।"
"ਨਵਾਂ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਉਤਪਾਦ ਦੇ ਵਿਕਣ ਦੀ ਫ਼ਿਕਰ ਹੁੰਦੀ ਹੈ ਪਰ ਕਿਉਂਕਿ ਮੁਲਜ਼ਮਾਂ ਨੇ ਖੁਦ ਖਾਦ ਖ਼ਰੀਦਣ ਦਾ ਵਾਅਦਾ ਕੀਤਾ ਸੀ, ਇਸ ਲਈ ਅਸੀਂ ਕੰਟਰੈਕਟ ਕਰ ਲਿਆ। ਅਸੀਂ ਮੁਲਜ਼ਮਾਂ ਤੋਂ ਗੰਡੋਏ ਖ਼ਰੀਦਣ ਅਤੇ ਹੋਰ ਲਾਗਤ ਵਾਸਤੇ ਜਨਵਰੀ ਮਹੀਨੇ ਵਿੱਚ 18 ਲੱਖ ਰੁਪਏ ਦਿੱਤੇ ਸੀ।"
"ਨਿਵੇਸ਼ ਕਰਨ ਵਾਸਤੇ ਮੈਨੂੰ ਆਪਣੇ ਸ਼ੇਅਰ ਵੇਚਣੇ ਪਏ ਸਨ ਅਤੇ ਪੰਜ ਲੱਖ ਰੁਪਏ ਦਾ ਕਰਜ਼ਾ ਵੀ ਲੈਣਾ ਪਿਆ ਸੀ।"
"ਪੈਸੇ ਲੈਣ ਤੋਂ 2-3 ਮਹੀਨੇ ਤੱਕ ਇਹ ਪ੍ਰਾਜੈਕਟ ਸ਼ੁਰੂ ਕਰਨ ਤੋਂ ਟੱਲਦੇ ਰਹੇ ਪਰ ਮਹੀਨਾਵਾਰ ਰਿਟਰਨ ਦਿੰਦੇ ਰਹੇ। ਫਿਰ ਇਹ ਪੈਸਿਆਂ ਨੂੰ ਲੈਣ-ਦੇਣ ਕਰਕੇ ਵਿਵਾਦ ਹੋ ਗਿਆ ਅਤੇ ਇਹ ਪੈਸੇ ਵਾਪਸ ਮੋੜਨ ਵਾਸਤੇ ਰਾਜ਼ੀ ਹੋ ਗਏ। ਇਸ ਦੌਰਾਨ ਮੇਰੇ ਇੱਕ ਜਾਣਕਾਰ ਦਾ ਵੀ ਫਰਮ ਨਾਲ ਵਿਵਾਦ ਹੋ ਗਿਆ। ਜਿਸ ਕਰਕੇ ਮਗਰੋਂ ਅਸੀਂ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ।"
ਕਿਹੜੇ-ਕਿਹੜੇ ਸੂਬੇ ਵਿੱਚ ਮਾਰੀ ਠੱਗੀ

ਤਸਵੀਰ ਸਰੋਤ, Getty Images
ਖੰਨਾ ਐੱਸਐੱਸਪੀ ਜੋਤੀ ਯਾਦਵ ਨੇ ਦੱਸਿਆ ਕਿ ਮੁਲਜ਼ਮਾਂ ਨੇ ਆਪਣਾ ਆਧਾਰ ਪੰਜਾਬ ਵਿੱਚ ਸਥਾਪਤ ਕੀਤਾ ਹੋਇਆ ਸੀ। ਖਾਤਿਆਂ ਵਿੱਚ ਪਤਾ ਲੁਧਿਆਣਾ ਜ਼ਿਲ੍ਹਾ ਦਾ ਹੀ ਸੀ।
ਕਥਿਤ ਠੱਗੀ ਦੇ ਸ਼ਿਕਾਰ ਪੀੜਤ ਮੁੱਖ ਰੂਪ ਵਿੱਚ ਪੰਜਾਬ, ਹਰਿਆਣਾ ਅਤੇ ਉੱਤਰ-ਪ੍ਰਦੇਸ਼ ਸੂਬੇ ਤੋਂ ਸਨ।
ਉਨ੍ਹਾਂ ਦੱਸਿਆ, "ਮੁਲਜ਼ਮਾਂ ਕੋਲ ਲਖਨਊ ਦੇ ਰਹਿਣ ਵਾਲੇ ਇੱਕ ਪਰਿਵਾਰ ਦੇ ਮੈਂਬਰਾਂ ਨੇ ਸਾਂਝੇ ਤੌਰ ਉੱਤੇ 2.5 ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ। ਸਾਨੂੰ ਇਸ ਪਰਿਵਾਰ ਨੇ ਵੀ ਸ਼ਿਕਾਇਤ ਦਿੱਤੀ ਹੈ।"
ਟੈਕਸ ਤੋਂ ਰਾਹਤ ਲੈਣ ਦੀ ਤਰਕੀਬ

ਤਸਵੀਰ ਸਰੋਤ, Getty Images
ਐੱਸਐੱਸਪੀ ਯਾਦਵ ਨੇ ਦੱਸਿਆ, "ਪੀੜਤਾਂ ਵਿੱਚ ਕਿਸਾਨ, ਨੌਕਰੀਆਂ ਅਤੇ ਕਾਰੋਬਾਰ ਕਰਨ ਵਾਲੇ ਵੀ ਹਨ। ਲੁਧਿਆਣਾ ਦੇ ਇੱਕ ਪਰਿਵਾਰ ਨੇ ਟੈਕਸ ਤੋਂ ਬਚਣ ਵਾਸਤੇ ਇਸ ਕੰਪਨੀ ਵਿੱਚ ਨਿਵੇਸ਼ ਕੀਤਾ ਸੀ ਕਿਉਂਕਿ ਇਹ ਕੰਪਨੀ ਖੇਤੀ ਦੇ ਧੰਦੇ ਨਾਲ ਜੁੜੀ ਹੋਣ ਦਾ ਦਾਅਵਾ ਕਰਦੀ ਸੀ। ਕਾਰੋਬਾਰ ਕਰਨ ਵਾਲੇ ਪੀੜਤਾਂ ਦਾ ਵਿਚਾਰ ਸੀ ਕੀ ਖੇਤੀ ਤੋਂ ਹੋਣ ਵਾਲੀ ਆਮਦਨ ਟੈਕਸ ਦੇ ਘੇਰੇ ਵਿੱਚ ਨਹੀਂ ਆਉਂਦੀ।"
ਠੱਗੀ ਕਿਵੇਂ ਵੱਜਦੀ ਸੀ
ਐੱਸਐੱਸਪੀ ਯਾਦਵ ਨੇ ਕਿਹਾ ਕਿ ਮੁਲਜ਼ਮ ਲੋਕਾਂ ਨੂੰ ਕਥਿਤ ਤੌਰ 'ਤੇ ਫਰਮ ਵਿੱਚ ਨਿਵੇਸ਼ ਕਰਨ ਦਾ ਲਾਲਚ ਦਿੰਦੇ ਸਨ। ਉਹ ਦਾਅਵਾ ਕਰਦੇ ਸਨ ਕਿ ਉਨ੍ਹਾਂ ਦੀ ਕੰਪਨੀ ਜੈਵਿਕ ਉਤਪਾਦਾਂ ਦੀ ਖੇਤੀ ਦੇ ਕਾਰੋਬਾਰ ਨਾਲ ਜੁੜੀ ਹੋਈ ਹੈ।
ਉਹ ਇਹ ਵੀ ਦਾਅਵਾ ਕਰਦੇ ਸਨ ਕਿ ਉਨ੍ਹਾਂ ਦੀ ਕੰਪਨੀ ਜੈਵਿਕ ਉਤਪਾਦਾਂ ਦੀ ਖੇਤੀ ਅਤੇ ਜੈਵਿਕ ਖਾਦਾਂ ਦੀ ਸਪਲਾਈ ਵਿੱਚ ਨਿਵੇਸ਼ ਕਰਦੀ ਹੈ। ਮੁਲਜ਼ਮਾਂ ਨੇ ਕਈ ਪੀੜਤਾਂ ਨੂੰ ਕਥਿਤ ਤੌਰ ਉੱਤੇ ਪਲਾਟ ਦੇਣ ਦਾ ਵਾਅਦਾ ਵੀ ਕੀਤਾ ਸੀ।
ਐੱਸਐੱਸਪੀ ਨੇ ਦੱਸਿਆ ਕਿ ਮੁਲਜ਼ਮ ਪੀੜਤਾਂ ਨੂੰ ਬਠਿੰਡਾ ਜ਼ਿਲ੍ਹੇ ਵਿੱਚ ਫਲਾਂ ਦੇ ਨਕਲੀ ਬਾਗ ਵੀ ਦਿਖਾਉਂਦੇ ਸਨ।
"ਮੁਲਜ਼ਮ ਪੀੜਤਾਂ ਦਾ ਵਿਸ਼ਵਾਸ ਜਿੱਤਣ ਲਈ ਉਨ੍ਹਾਂ ਨੂੰ ਕਈ ਪ੍ਰਾਜੈਕਟਾਂ ਦਾ ਦੌਰਾ ਵੀ ਕਰਵਾਉਂਦੇ ਸਨ।"
ਐੱਸਐੱਸਪੀ ਨੇ ਦੱਸਿਆ ਕਿ ਮੁਲਜ਼ਮ ਮਗਰੋਂ ਆਪਣੇ ਵਾਅਦੇ ਮੁਤਾਬਕ ਲੋਕਾਂ ਦੇ ਪੈਸੇ ਦੁੱਗਣੇ ਕਰਨ, ਉਨ੍ਹਾਂ ਦੀ ਨਿਵੇਸ਼ ਕੀਤੀ ਰਕਮ ਅਤੇ ਵਾਅਦੇ ਮੁਤਾਬਕ 8% ਰਿਟਰਨ ਦੇਣ ਵਿੱਚ ਅਸਫਲ ਰਹੇ।
ਜਾਂਚ ਵਿੱਚ ਕੀ ਖੁਲਾਸਾ ਹੋਇਆ

ਤਸਵੀਰ ਸਰੋਤ, Dr Jyoti Yadav Bains, IPS/X
ਜਾਂਚ ਦੌਰਾਨ ਪੁਲਿਸ ਨੇ ਫਰਮ ਦੇ ਦਫ਼ਤਰ ਤੋਂ ਲੈਪਟੌਪ, ਸੀਪੀਯੂ, ਮੌਨੀਟਰ, ਕੀ-ਬੋਰਡ ਅਤੇ ਮੋਬਾਈਲ ਫੋਨ ਜ਼ਬਤ ਕੀਤੇ ਹਨ।
ਐੱਸਐੱਸਪੀ ਨੇ ਦੱਸਿਆ ਕਿ ਰਜਿਸਟਰਾਰ ਆਫ਼ ਫਰਮਜ਼ ਅਤੇ ਰਜਿਸਟਰਾਰ ਆਫ਼ ਕੰਪਨੀਆਂ ਤੋਂ ਪ੍ਰਾਪਤ ਰਿਕਾਰਡਾਂ ਤੋਂ ਪਤਾ ਲੱਗਿਆ ਹੈ ਕਿ ਮੁਲਜ਼ਮਾਂ ਨੇ ਆਰਗੈਨਿਕ ਫਾਰਮਿੰਗ ਸਬੰਧਤ 9 ਵੱਖਰੀਆਂ-ਵੱਖਰੀਆਂ ਫਰਮਾਂ ਬਣਾਈਆਂ ਸਨ ਅਤੇ ਇਨ੍ਹਾਂ ਵਿੱਚੋਂ ਸਿਰਫ ਜੈਨਰੇਸ਼ਨ ਆਫ ਫਾਰਮਿੰਗ ਨਾਮ ਦੀ ਫਰਮ ਨੁੂੰ ਰਜਿਸਟਰਡ ਕਰਵਾਇਆ ਗਿਆ ਸੀ।
"ਪੁਲਿਸ ਨੇ ਮੁਲਜ਼ਮਾਂ ਨਾਲ ਸਬੰਧਤ ਕੁੱਲ 44 ਬੈਂਕ ਖਾਤੇ ਫ੍ਰੀਜ਼ ਕਰ ਦਿੱਤੇ ਹਨ। ਇਨ੍ਹਾਂ ਖਾਤਿਆਂ ਵਿੱਚੋਂ 21 ਖਾਤੇ ਕੰਪਨੀ ਦੇ ਨਾਮ ਉੱਤੇ ਹਨ, ਜਦਕਿ 23 ਨਿੱਜੀ ਖਾਤੇ ਹਨ। ਇਨ੍ਹਾਂ ਖਾਤਿਆਂ ਵਿੱਚ 1.15 ਕਰੋੜ ਰੁਪਏ ਪਏ ਹੋਏ ਹਨ।"
ਇਸ ਤੋਂ ਇਲਾਵਾ ਪੁਲਿਸ ਨੇ ਮੁਲਜ਼ਮਾਂ ਦੀਆਂ 6 ਬੇਨਾਮੀ ਜਾਇਦਾਦਾਂ ਦਾ ਵੀ ਪਤਾ ਲਗਾਇਆ ਗਿਆ ਹੈ।
"ਮੁਲਜ਼ਮਾਂ ਨੇ ਇਕੱਠੇ ਕੀਤੇ ਪੈਸਿਆਂ ਨੂੰ ਜ਼ਮੀਨਾਂ ਖ਼ਰੀਦਣ ਉੱਤੇ ਖ਼ਰਚਿਆਂ ਅਤੇ ਫਿਰ ਇਨ੍ਹਾਂ ਜ਼ਮੀਨਾਂ ਨੂੰ ਵੱਧ ਮੁੱਲ ਉੱਤੇ ਵੇਚ ਕੇ ਤਿੰਨ ਗੁਣਾ ਮੁਨਾਫ਼ਾ ਕਮਾਇਆ।"
ਪੁਲਿਸ ਨੇ ਕਿਹਾ ਕਿ ਹੁਣ ਤੱਕ ਕੁੱਲ 23,249 ਨਿਵੇਸ਼ਕਾਂ ਦਾ ਪਤਾ ਲਗਾਇਆ ਗਿਆ ਹੈ, ਜਿਨ੍ਹਾਂ ਨੇ ਫਰਮ ਵਿੱਚ 170.57 ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ।
ਪੁਲਿਸ ਨੇ ਕੀ ਕਾਰਵਾਈ ਕੀਤੀ
ਐੱਮਐੱਸਪੀ ਯਾਦਵ ਨੇ ਦੱਸਿਆ ਕਿ ਮਾਮਲੇ ਦੀ ਜਾਣਕਾਰੀ ਵਾਸਤੇ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ ਹੈ।
ਇਹ ਜਾਂਚ ਟੀਮ ਐੱਸਪੀ (ਤਫਤੀਸ਼), ਡੀਐੱਸਪੀ ਸਮਰਾਲਾ ਅਤੇ ਡੀਐੱਸਪੀ (ਤਫਤੀਸ਼) ਸ਼ਾਮਲ ਹਨ। ਇਸ ਤੋਂ ਇਲਾਵਾ ਇੰਸਪੈਕਟਰ ਰੈਂਕ ਦੇ ਅਫ਼ਸਰ ਤੋਂ ਲੈ ਕੇ ਵਿੱਤ ਮਾਮਲਿਆਂ ਦੇ ਮਾਹਰਾਂ ਸਮੇਤ ਲਗਭਗ 28 ਮੁਲਾਜ਼ਮ ਵਿਸ਼ੇਸ਼ ਜਾਂਚ ਟੀਮ ਦੇ ਸਹਿਯੋਗ ਲਈ ਤਾਇਨਾਤ ਕੀਤੇ ਗਏ ਹਨ।
ਉਨ੍ਹਾਂ ਅੱਗੇ ਜਾਣਕਾਰੀ ਦਿੱਤੀ ਕਿ ਹੁਣ ਤੱਕ ਖੰਨਾ ਪੁਲਿਸ ਨੇ ਸਮਰਾਲਾ ਪੁਲਿਸ ਸਟੇਸ਼ਨ ਵਿੱਚ ਫਰਮ ਦੇ ਮਾਲਕਾਂ ਅਤੇ ਅਹੁਦੇਦਾਰਾਂ ਵਿਰੁੱਧ ਤਿੰਨ ਐੱਫਆਈਆਰ ਦਰਜ ਕੀਤੀਆਂ ਹਨ।
ਪਹਿਲੀ ਐੱਫਆਈਆਰ 17 ਸਤੰਬਰ, ਦੂਜੀ 18 ਸਤੰਬਰ ਅਤੇ ਤੀਜੀ 4 ਅਕਤੂਬਰ ਨੂੰ ਦਰਜ ਹੋਈ। ਇਹ ਪਰਚੇ ਕਥਿਤ ਧੋਖਾਧੜੀ, ਜਾਅਲਸਾਜ਼ੀ, ਸੰਗਠਿਤ ਅਪਰਾਧ ਸਮੇਤ ਹੋਰ ਅਪਰਾਧਾਂ ਲਈ ਬੀਐਨਐਸ ਐਕਟ ਦੀਆਂ ਧਾਰਾਵਾਂ, ਅਤੇ ਪ੍ਰਾਈਜ਼ ਚਿਟਸ ਐਂਡ ਮਨੀ ਸਰਕੂਲੇਸ਼ਨ (ਬੈਨਿੰਗ) ਐਕਟ, 1978 ਦੀਆਂ ਧਾਰਾਵਾਂ ਤਹਿਤ ਕੀਤੇ ਗਏ ਹਨ।
ਪੁਲਿਸ ਨੇ ਹੁਣ ਤੱਕ 20 ਦੇ ਲਗਭਗ ਮੁਲਜ਼ਮਾਂ ਦੀ ਪਛਾਣ ਕੀਤੀ ਹੈ।
ਐੱਸਐੱਸਪੀ ਨੇ ਕਿਹਾ, "ਅਸੀਂ ਅੱਠ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਬਾਕੀ ਮੁਲਜ਼ਮਾਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।"
ਕਿਹੜੀਆਂ ਗੱਲਾਂ ਦਾ ਧਿਆਨ ਰੱਖਣ ਦੀ ਲੋੜ
ਖੰਨਾ ਪੁਲਿਸ ਮੁਤਾਬਕ ਵੱਧ ਮੁਨਾਫਾ ਦਾ ਝਾਂਸੇ ਵਿੱਚ ਆ ਕੇ ਠੱਗੀ ਦਾ ਸ਼ਿਕਾਰ ਹੋਣ ਤੋਂ ਬਚਣ ਲਈ ਹੇਠ ਲਿਖੀਆਂ ਮੁੱਖ ਗੱਲਾਂ ਦਾ ਧਿਆਨ ਰੱਖਣਾ ਦੀ ਲੋੜ ਹੈ।
- ਵੱਧ ਮੁਨਾਫਾ ਦੇਣ ਦਾ ਵਾਅਦਾ ਕਰਨ ਵਾਲੀਆਂ ਕੰਪਨੀਆਂ ਤੋਂ ਦੂਰੀ ਬਣਾ ਲੈਣੀ ਚਾਹੀਦੀ ਹੈ।
- ਕੰਪਨੀ ਜਾਂ ਫ਼ਰਮ ਦੀ ਰਜਿਸਟਰੇਸ਼ਨ ਚੈੱਕ ਕਰਨੀ ਚਾਹੀਦੀ ਹੈ।
- ਕੰਪਨੀ ਦਾ ਪੁਰਾਣਾ ਟਰੈਕ ਰਿਕਾਰਡ ਬਾਰੇ ਜਾਣਕਾਰੀ ਇਕੱਠੀ ਕਰਨੀ ਚਾਹੀਦੀ ਹੈ।
- ਤੁਰੰਤ ਸ਼ਾਮਲ ਜਾਂ ਨਿਵੇਸ਼ ਕਰਨ ਦਾ ਦਬਾਅ ਬਣਾਉਣ ਵਾਲੀਆਂ ਕੰਪਨੀਆਂ ਤੋਂ ਕਿਨਾਰਾ ਕੀਤਾ ਜਾਵੇ।
- ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਵਿੱਚ ਸ਼ਾਮਲ ਕਰਕੇ ਭਰੋਸਾ ਜਿੱਤਣ ਦੀ ਕੋਸ਼ਿਸ਼ ਕਰਨ ਵਾਲੀਆਂ ਕੰਪਨੀਆਂ ਜਾਂ ਏਜੰਟਾਂ ਤੋਂ ਬਚਿਆ ਜਾਵੇ।
- ਧੋਖਾਧੜੀ ਹੋਣ ਮਗਰੋਂ ਤੁਰੰਤ ਸ਼ਿਕਾਇਤ ਕੀਤੀ ਜਾਵੇ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












