ਡੀਆਈਜੀ ਭੁੱਲਰ ਖ਼ਿਲਾਫ਼ ਸੀਬੀਆਈ ਕੋਲ ਜਾਣ ਵਾਲਾ ਸ਼ਖਸ ਕੌਣ ਹੈ ਤੇ ਇਸ ਨੇ ਕੀ ਇਲਜ਼ਾਮ ਲਾਏ, ਸੀਬੀਆਈ ਨੇ ਕਿੰਨੇ ਕਰੋੜ ਦੀ ਰਿਕਵਰੀ ਕੀਤੀ

ਤਸਵੀਰ ਸਰੋਤ, CBI/BBC
- ਲੇਖਕ, ਬਰਿੰਦਰ ਸਿੰਘ
- ਰੋਲ, ਬੀਬੀਸੀ ਪੱਤਰਕਾਰ
ਸੀਬੀਆਈ ਅਦਾਲਤ ਨੇ ਪੰਜਾਬ ਪੁਲਿਸ ਦੇ ਡਿਪਟੀ ਇੰਸਪੈਕਟਰ ਜਨਰਲ ਹਰਚਰਨ ਸਿੰਘ ਭੁੱਲਰ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ ਅਤੇ ਅਗਲੀ ਸੁਣਵਾਈ 31 ਅਕਤੂਬਰ ਨੂੰ ਹੋਵੇਗੀ।
ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਬੀਤੇ ਦਿਨੀਂ 16 ਅਕਤੂਬਰ ਨੂੰ ਪੰਜਾਬ ਪੁਲਿਸ ਦੇ ਡਿਪਟੀ ਇੰਸਪੈਕਟਰ ਜਨਰਲ ਹਰਚਰਨ ਸਿੰਘ ਭੁੱਲਰ ਨੂੰ 8 ਲੱਖ ਰੁਪਏ ਦੀ ਰਿਸ਼ਵਤਖੋਰੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ।
ਇਸ ਅਧਿਕਾਰੀ ਦੇ ਨਾਲ ਹੀ ਸੀਬੀਆਈ ਨੇ ਇੱਕ ਹੋਰ ਸ਼ਖਸ ਨੂੰ ਵੀ ਗ੍ਰਿਫ਼ਤਾਰ ਕੀਤਾ, ਜਿਸ ਦਾ ਨਾਮ ਕ੍ਰਿਸ਼ਾਨੂ ਹੈ।
ਸੀਬੀਆਈ ਨੇ ਦਾਅਵਾ ਕੀਤਾ ਹੈ ਕਿ ਮੁਲਜ਼ਮ ਅਫਸਰ ਦੇ ਪੰਜਾਬ ਅਤੇ ਚੰਡੀਗੜ੍ਹ ਸਥਿਤ ਕਈ ਟਿਕਾਣਿਆਂ ਉੱਤੇ ਛਾਪੇਮਾਰੀ ਕੀਤੀ ਗਈ ਜਿੱਥੋਂ ਸਾਢੇ ਸੱਤ ਕਰੋੜ ਨਕਦੀ, 2.5 ਕਿੱਲੋ ਸੋਨੇ ਦੇ ਗਹਿਣੇ, ਜਾਇਦਾਦ ਦੇ ਕਾਗਜ਼, ਲਗਜ਼ਰੀ ਵਾਹਨਾਂ ਦੀਆਂ ਚਾਬੀਆਂ, 26 ਲਗਜ਼ਰੀ ਘੜੀਆਂ, ਚਾਰ ਹਥਿਆਰ ਤੇ ਹੋਰ ਸਾਮਾਨ ਮਿਲਿਆ ਹੈ।
ਇਸ ਤੋਂ ਇਲਾਵਾ ਜੋ ਦੂਜਾ ਸ਼ਖ਼ਸ ਗ੍ਰਿਫ਼ਤਾਰ ਕੀਤਾ ਗਿਆ ਹੈ, ਉਸ ਕੋਲੋਂ 21 ਲੱਖ ਰੁਪਏ ਦੀ ਨਕਦੀ ਮਿਲੀ ਹੈ।
ਇਹ ਪੂਰਾ ਮਾਮਲਾ ਕੀ ਹੈ, ਸ਼ਿਕਾਇਤਕਰਤਾ ਕੌਣ ਹੈ, ਕਿਵੇਂ ਇਹ ਮਾਮਲਾ ਸੀਬੀਆਈ ਕੋਲ ਪਹੁੰਚਿਆ ਤੇ ਇਸ ਮਾਮਲੇ ਵਿਚਲਾ ਵਿਚੋਲਾ ਕੌਣ ਹੈ, ਇਸ ਰਿਪੋਰਟ ਵਿੱਚ ਜਾਣਦੇ ਹਾਂ।
ਪੂਰਾ ਮਾਮਲਾ ਕੀ ਹੈ
ਇਸ 8 ਲੱਖ ਰੁਪਏ ਦੇ ਰਿਸ਼ਵਤਖੋਰੀ ਮਾਮਲੇ ਵਿੱਚ ਮੁੱਖ ਸ਼ਿਕਾਇਤਕਰਤਾ ਆਕਾਸ਼ ਬੱਤਾ ਹਨ।
ਸੀਬੀਆਈ ਮੁਤਾਬਕ ਮੁਲਜ਼ਮ ਅਫਸਰ ਵੱਲੋਂ ਕਥਿਤ ਤੌਰ ਉੱਤੇ ਸ਼ਿਕਾਇਤਕਰਤਾ ਤੋਂ ਮਹੀਨਾਵਾਰ ਗੈਰ-ਕਾਨੂੰਨੀ ਢੰਗ ਨਾਲ ਪੇਮੈਂਟਸ ਦੀ ਮੰਗ ਕੀਤੀ ਜਾ ਰਹੀ ਸੀ।
ਸ਼ਿਕਾਇਤਕਰਤਾ ਵੱਲੋਂ ਸ਼ਿਕਾਇਤ ਵਿੱਚ ਇਲਜ਼ਾਮ ਲਗਾਏ ਗਏ ਹਨ ਕਿ ਇੱਕ ਐੱਫਆਈਆਰ ਦਾ ਨਿਪਟਾਰਾ ਕਰਨ ਦੇ ਬਦਲੇ ਉਸ ਤੋਂ ਰਿਸ਼ਵਤ ਮੰਗੀ ਜਾ ਰਹੀ ਸੀ।

ਤਸਵੀਰ ਸਰੋਤ, CBI
ਆਕਾਸ਼ ਬੱਤਾ ਖ਼ਿਲਾਫ਼ ਸਰਹਿੰਦ ਥਾਣੇ ਵਿੱਚ ਦਰਜ ਹੋਏ ਮਾਮਲੇ ਦੀ ਐੱਫਆਈਆਰ ਮੁਤਾਬਕ ਉਨ੍ਹਾਂ ਖ਼ਿਲਾਫ਼ ਇਹ ਕੇਸ 2023 ਵਿੱਚ ਦਰਜ ਕੀਤਾ ਗਿਆ ਸੀ, ਜਿਸ ਵਿੱਚ 420, 465, 467,468, 471 ਅਤੇ 120-ਬੀ ਦੀ ਧਾਰਾ ਲਗਾਈ ਗਈ। ਉਨ੍ਹਾਂ ਉੱਪਰ ਇਲਜ਼ਾਮ ਲਗਾਇਆ ਗਿਆ ਕਿ ਉਹ ਜਾਅਲੀ ਬਿੱਲ ਬਣਾਉਂਦੇ ਹਨ ਅਤੇ ਦਿੱਲੀ ਤੋਂ ਟਰੱਕਾਂ ਰਾਹੀਂ ਸਕਰੈਪ ਸਰਹੰਦ ਤੇ ਮੰਡੀ ਗੋਬਿੰਦਗੜ੍ਹ ਦੀਆਂ ਫਰਮਾਂ ਨੂੰ ਵੇਚਦੇ ਹਨ।
ਆਕਾਸ਼ ਬੱਤਾ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਇਸੇ ਮਾਮਲੇ ਸਬੰਧੀ ਉਸ ਕੋਲੋਂ ਰਿਸ਼ਵਤ ਮੰਗੀ ਗਈ।
ਸੀਬੀਆਈ ਵੱਲੋਂ 16 ਅਕਤੂਬਰ 2025 ਨੂੰ ਇਸ ਸ਼ਿਕਾਇਤ ਉੱਤੇ ਮਾਮਲਾ ਦਰਜ ਕੀਤਾ ਗਿਆ ਕਿ ਸ਼ਿਕਾਇਤਕਰਤਾ ਤੋਂ 8 ਲੱਖ ਦੀ ਰਿਸ਼ਵਤ ਅਤੇ ਮਹੀਨਾਵਾਰ ਪੇਮੈਂਟ ਦੀ ਇੱਕ ਸ਼ਖ਼ਸ ਦੇ ਜ਼ਰੀਏ ਮੰਗ ਕੀਤੀ ਜਾ ਰਹੀ ਸੀ।
ਸੀਬੀਆਈ ਮੁਤਾਬਕ ਉਨ੍ਹਾਂ ਨੇ ਸੈਕਟਰ-21, ਚੰਡੀਗੜ੍ਹ ਵਿੱਚ ਡੀਆਈਜੀ ਵੱਲੋਂ ਸ਼ਿਕਾਇਤਕਰਤਾ ਆਕਾਸ਼ ਬੱਤਾ ਤੋਂ 8 ਲੱਖ ਰੁਪਏ ਦੀ ਮੰਗ ਕਰਦੇ ਅਤੇ ਸਵੀਕਾਰ ਕਰਦੇ ਹੋਏ ਨਿੱਜੀ ਵਿਅਕਤੀ ਨੂੰ ਰੰਗੇ ਹੱਥੀਂ ਫੜਿਆ।
ਸੀਬੀਆਈ ਮੁਤਾਬਕ ਇਸ ਤੋਂ ਬਾਅਦ ਟੀਮ ਨੇ ਅਧਿਕਾਰੀ ਹਰਚਰਨ ਸਿੰਘ ਭੁੱਲਰ ਨੂੰ ਉਸ ਦੇ ਦਫ਼ਤਰ ਤੋਂ ਗ੍ਰਿਫ਼ਤਾਰ ਕੀਤਾ।
ਹਾਲਾਂਕਿ ਅੱਜ ਪੇਸ਼ੀ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਚਰਨ ਸਿੰਘ ਭੁੱਲਰ ਨੇ ਕਿਹਾ ਕਿ ਉਹ ਅਦਾਲਤ ਵਿੱਚ ਆਪਣਾ ਹਰ ਪੱਖ ਰੱਖਣਗੇ ਅਤੇ ਉਨ੍ਹਾਂ ਨੂੰ ਇਸ ਮਾਮਲੇ ਵਿੱਚ ਫਸਾਇਆ ਜਾ ਰਿਹਾ ਹੈ।
'ਮੈਨੂੰ ਮਹੀਨਾਵਾਰ 'ਸੇਵਾ ਪਾਣੀ' ਦੇਣ ਨੂੰ ਕਿਹਾ ਤੇ ਨੁਕਸਾਨ ਪਹੁੰਚਾਉਣ ਦੀਆਂ ਧਮਕੀਆਂ ਦਿੱਤੀਆਂ'

ਸ਼ਿਕਾਇਤਕਰਤਾ ਆਕਾਸ਼ ਬੱਤਾ ਨੇ ਦੱਸਿਆ ਕਿ ਉਸ ਖ਼ਿਲਾਫ਼ ਸਰਹਿੰਦ ਥਾਣੇ ਵਿੱਚ ਦੋ ਸਾਲ ਪਹਿਲਾਂ ਇੱਕ ਕੇਸ ਦਰਜ ਕੀਤਾ ਗਿਆ ਸੀ।
ਸ਼ਿਕਾਇਤਕਰਤਾ ਆਕਾਸ਼ ਬੱਤਾ ਨੇ ਬੀਬੀਸੀ ਸਹਿਯੋਗੀ ਨਵਜੋਤ ਕੌਰ ਨਾਲ ਖਾਸ ਗੱਲਬਾਤ ਕਰਦਿਆਂ ਦੱਸਿਆ, "ਇਸ ਦੋ ਸਾਲ ਪੁਰਾਣੇ ਕੇਸ ਦੇ ਸਬੰਧੀ ਪਿਛਲੇ ਮਹੀਨੇ ਤੋਂ ਮੈਨੂੰ ਇੱਕ ਵਿਚੋਲੇ ਜ਼ਰੀਏ ਪਹੁੰਚ ਕੀਤੀ ਜਾ ਰਹੀ ਸੀ, ਜਿਸਦਾ ਨਾਮ ਕ੍ਰਿਸ਼ਾਨੂੰ ਹੈ। ਉਹ ਅਫਸਰਾਂ ਦਾ ਬਰੋਕਰ ਹੈ। ਉਸ ਦੇ ਮੈਨੂੰ ਫੋਨ ਆਉਣ ਲੱਗੇ ਕਿ ਤੈਨੂੰ ਭੁੱਲਰ ਸਾਬ੍ਹ ਨੂੰ ਮਿਲਣਾ ਪੈਣਾ ਨਹੀਂ ਤੇਰਾ ਚਲਾਨ ਪੇਸ਼ ਕਰ ਦੇਣਗੇ ਤੇ ਤੇਰਾ ਨੁਕਸਾਨ ਕਰਨਗੇ।''
''ਉਹ ਮੈਨੂੰ ਕਹਿੰਦੇ ਮਿਲ ਕੇ ਕੰਮ ਕਰਦੇ ਹਾਂ, ਮੈਂ ਮਨ੍ਹਾਂ ਕਰ ਦਿੱਤਾ। ਇਸ ਤੋਂ ਬਾਅਦ ਮੈਨੂੰ ਧਮਕੀ ਆਉਂਦੀ ਹੈ ਕਿ ਤੇਰੇ 'ਤੇ ਝੂਠੇ ਪਰਚੇ ਹੋਣਗੇ। ਉਸ ਨੇ ਮੇਰੇ ਸਾਹਮਣੇ ਹਰਚਰਨ ਭੁੱਲਰ ਨੂੰ ਫੋਨ ਵੀ ਕੀਤਾ, ਜਿਸ ਵਿੱਚ ਉਹ ਕਹਿ ਰਹੇ ਹਨ ਕਿ ਇਸ ਤੋਂ ਅੱਠ ਲੱਖ ਰੁਪਏ ਪੂਰੇ ਕਰਨ ਹਨ।"
"ਮੈਂ ਫਿਰ ਕ੍ਰਿਸ਼ਾਨੂੰ ਨੂੰ ਕਿਹਾ ਕਿ ਇਹ ਕਿਵੇਂ ਨਿਬੜੇਗਾ ਤਾਂ ਉਹ ਕਹਿੰਦਾ ਕਿ ਭੁੱਲਰ ਸਾਬ੍ਹ ਅੱਠ ਲੱਖ ਰੁਪਏ ਮੰਗ ਰਹੇ ਹਨ, ਮੈਂ ਕਿਹਾ ਕਿਸ ਗੱਲ ਦਾ 8 ਲੱਖ ਦੇਣਾ ਹੈ।"
ਆਕਾਸ਼ ਬੱਤਾ ਨੇ ਆਪਣੀ ਸ਼ਿਕਾਇਤ ਵਿੱਚ ਵੀ ਜ਼ਿਕਰ ਕੀਤਾ ਹੈ ਕਿ ਡੀਆਈਜੀ ਦੇ ਖਾਸ ਕ੍ਰਿਸ਼ਾਨੂੰ ਨੇ ਉਨ੍ਹਾਂ ਨੂੰ ਮਿਲ ਕੇ ਕਿਹਾ ਕਿ ਡੀਆਈਜੀ ਨੇ ਉਸ ਨੂੰ ਕਿਹਾ ਕਿ ਕੇਸ ਦੇ ਨਿਪਟਾਰੇ ਲਈ 'ਸੇਵਾ ਪਾਣੀ' (ਰਿਸ਼ਵਤ) ਦੇਵੋ ਨਹੀਂ ਤਾਂ ਚਲਾਨ ਪੇਸ਼ ਕੀਤਾ ਜਾਵੇਗਾ।
ਉਨ੍ਹਾਂ ਨੇ ਸ਼ਿਕਾਇਤ ਵਿੱਚ ਕਿਹਾ, "ਵਿਚੋਲੇ ਨੇ ਇਹ ਵੀ ਦੱਸਿਆ ਕਿ ਡੀਆਈਜੀ ਨੇ ਕਿਹਾ ਕਿ 'ਸੇਵਾ-ਪਾਣੀ' ਦੇ ਰੂਪ ਵਿੱਚ ਮੈਨੂੰ ਮਹੀਨਾਵਾਰ ਰਾਸ਼ੀ ਦਾ ਭੁਗਤਾਨ ਵੀ ਕਰਨਾ ਹੋਵੇਗਾ ਤਾਂ ਜੋ ਮੇਰੇ ਖ਼ਿਲਾਫ਼ ਕੋਈ ਨਵਾਂ ਕੇਸ ਨਾ ਦਰਜ ਕੀਤਾ ਜਾਵੇ।"
"ਮੈਨੂੰ ਬਾਅਦ ਵਿੱਚ ਸਤੰਬਰ ਮਹੀਨੇ ਦੇ ਆਖਰੀ ਹਫ਼ਤੇ ਡੀਆਈਜੀ ਐੱਚਐੱਸ ਭੁੱਲਰ ਨੇ ਆਪਣੇ ਦਫ਼ਤਰ ਬੁਲਾਇਆ, ਜਿੱਥੇ ਉਹ ਮੈਨੂੰ ਝਿੜਕਣ ਲੱਗੇ ਕਿ ਮੈਂ ਕ੍ਰਿਸ਼ਾਨੂੰ ਜ਼ਰੀਏ ਭੇਜੇ ਉਨ੍ਹਾਂ ਦੇ ਸੰਦੇਸ਼ ਦਾ ਜਵਾਬ ਕਿਉਂ ਨਹੀਂ ਦੇ ਰਿਹਾ। ਫਿਰ ਡੀਆਈਜੀ ਨੇ ਆਪਣੀ ਰਿਸ਼ਵਤ ਦੀ ਮੰਗ ਦੁਹਰਾਉਂਦੇ ਹੋਏ ਕਿਹਾ ਕਿ ਜੇ ਮੈਂ ਮਾਮਲੇ ਨੂੰ 'ਸੈਟਲ' ਕਰਨਾ ਚਾਹੁੰਦਾ ਹਾਂ ਅਤੇ ਸ਼ਾਂਤੀ ਨਾਲ ਆਪਣੇ ਕਾਰੋਬਾਰ ਨੂੰ ਜਾਰੀ ਰੱਖਣਾ ਚਾਹੁੰਦਾ ਹਾਂ ਤਾਂ ਮੈਨੂੰ ਨਿਰਦੇਸ਼ ਅਨੁਸਾਰ ਰਿਸ਼ਵਤ ਦੀ ਰਕਮ ਦੇਣੀ ਪਵੇਗੀ।"
ਆਕਾਸ਼ ਬੱਤਾ ਨੇ ਆਪਣੀ ਸ਼ਿਕਾਇਤ ਵਿੱਚ ਲਿਖਿਆ, 'ਉਨ੍ਹਾਂ ਨੇ ਫਿਰ ਧਮਕੀ ਦਿੱਤੀ ਕਿ ਜੇ ਮੈਂ ਅਜਿਹਾ ਨਹੀਂ ਕਰਦਾ ਤਾਂ ਉਹ ਚਲਾਨ ਪੇਸ਼ ਕਰਵਾ ਦੇਣਗੇ ਅਤੇ ਮੇਰੇ ਖ਼ਿਲਾਫ਼ ਹੋਰ ਵੀ ਝੂਠੇ ਐੱਫਆਈਆਰ ਦਰਜ ਕਰਵਾ ਦੇਣਗੇ। ਉਨ੍ਹਾਂ ਨੇ ਮੈਨੂੰ ਕਿਹਾ ਕਿ ਕ੍ਰਿਸ਼ਾਨੂੰ ਮੈਨੂੰ ਕੁੱਲ ਰਿਸ਼ਵਤ ਅਤੇ ਮਹੀਨਾਵਾਰ ਭੁਗਤਾਨ ਬਾਰੇ ਦੱਸ ਦੇਵੇਗਾ।'
ਆਕਾਸ਼ ਬੱਤਾ ਦੱਸਦੇ ਹਨ ਕਿ ਇਸ ਮਗਰੋਂ ਉਨ੍ਹਾਂ ਨੂੰ ਸੀਬੀਆਈ ਅੱਗੇ ਪੇਸ਼ ਹੋਣਾ ਪਿਆ ਤੇ ਆਪਣੀ ਸ਼ਿਕਾਇਤ ਦਰਜ ਕਰਵਾਈ।
ਕੌਣ ਹੈ ਆਕਾਸ਼ ਬੱਤਾ

ਆਕਾਸ਼ ਬੱਤਾ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਸ਼ਹਿਰ ਮੰਡੀ ਗੋਬਿੰਦਗੜ੍ਹ ਦੇ ਵਸਨੀਕ ਹਨ।
ਉਹ ਸਕਰੈਪ ਦਾ ਕਾਰੋਬਾਰ ਕਰਦੇ ਹਨ।
ਮੰਡੀ ਗੋਬਿੰਦਗੜ੍ਹ ਵਿੱਚ ਸਕਰੈਪ ਦੇ ਹੀ ਕਾਰੋਬਾਰ ਨਾਲ ਜੁੜੇ ਸ਼ਿਵ ਨੇ ਬੀਬੀਸੀ ਪੰਜਾਬੀ ਨਾਲ ਗੱਲ ਕਰਦਿਆਂ ਦੱਸਿਆ ਕਿ ਆਕਾਸ਼ ਬੱਤਾ ਦਾ ਇਸ ਕਾਰੋਬਾਰ ਵਿੱਚ ਚੰਗਾ ਨਾਮ ਹੈ।
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਮੰਡੀ ਗੋਬਿੰਦਗੜ੍ਹ ਇੱਕ ਵੱਡੀ ਲੋਹਾ ਇੰਡਸਟਰੀ ਹੈ ਅਤੇ ਇਸ ਨੂੰ ਲੋਹਾ ਨਗਰੀ ਵੀ ਕਿਹਾ ਜਾਂਦਾ ਹੈ।
ਇੱਥੇ ਸਕਰੈਪ ਦਾ ਵੱਡੇ ਪੱਧਰ ਉੱਪਰ ਕਾਰੋਬਾਰ ਹੁੰਦਾ ਹੈ, ਸਕਰੈਪ ਯਾਨੀ ਕਬਾੜ ਜੋ ਕਿ ਇੱਥੇ ਬਾਹਰਲੇ ਸੂਬਿਆਂ ਅਤੇ ਵਿਦੇਸ਼ਾਂ ਤੋਂ ਇੰਪੋਰਟ ਕੀਤਾ ਜਾਂਦਾ ਹੈ।
ਆਕਾਸ਼ ਬੱਤਾ ਵੀ ਇਸੇ ਕਾਰੋਬਾਰ ਨਾਲ ਸਬੰਧਤ ਹਨ।
ਆਕਾਸ਼ ਬੱਤਾ ਨੇ ਡੀਆਈਜੀ ਖ਼ਿਲਾਫ਼ ਸ਼ਿਕਾਇਤ ਮਗਰੋਂ ਹਾਈ ਕੋਰਟ ਵਿੱਚ ਆਪਣੀ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਪਟੀਸ਼ਨ ਵੀ ਦਾਇਰ ਕੀਤੀ ਹੈ।
ਇਸ ਮਾਮਲੇ ਵਿੱਚ ਆਕਾਸ਼ ਬੱਤਾ ਵੱਲੋਂ ਸੀਬੀਆਈ ਨੂੰ ਡੀਆਈਜੀ ਭੁੱਲਰ ਨਾਲ ਹੋਈ ਗੱਲਬਾਤ ਦੀ ਰਿਕਾਰਡਿੰਗ ਵੀ ਸੌਂਪੀ ਗਈ ਹੈ।
'ਵਿਚੋਲੇ' ਕ੍ਰਿਸ਼ਾਨੂੰ ਦਾ ਕੀ ਹੈ ਪਿਛੋਕੜ
8 ਲੱਖ ਦੀ ਰਿਸ਼ਵਤਖੋਰੀ ਦੇ ਮਾਮਲੇ ਵਿੱਚ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਨਾਲ ਕ੍ਰਿਸ਼ਾਨੂੰ ਨਾਮ ਦੇ ਸ਼ਖਸ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।
ਸੀਬੀਆਈ ਨੂੰ ਕ੍ਰਿਸ਼ਾਨੂੰ ਕੋਲੋਂ 21 ਲੱਖ ਰੁਪਏ ਦੀ ਨਕਦੀ ਬਰਾਮਦ ਹੋਈ ਹੈ।
ਕ੍ਰਿਸ਼ਾਨੂੰ ਨਾਭਾ ਸ਼ਹਿਰ ਦਾ ਰਹਿਣ ਵਾਲਾ ਹੈ ਅਤੇ ਉਹ ਇੱਕ ਸਾਧਾਰਨ ਪਰਿਵਾਰ ਨਾਲ ਸਬੰਧ ਰੱਖਦੇ ਹਨ।
ਉਹ ਕੌਮੀ ਪੱਧਰ ਦੇ ਹਾਕੀ ਖਿਡਾਰੀ ਵੀ ਰਹਿ ਚੁੱਕੇ ਹਨ। ਉਨ੍ਹਾਂ ਨੇ ਚੰਡੀਗੜ੍ਹ ਦੀ ਟੀਮ ਵੱਲੋਂ ਕੌਮੀ ਪੱਧਰ ਦੇ ਕਈ ਟੂਰਨਾਮੈਂਟਾਂ ਵਿੱਚ ਵੀ ਹਿੱਸਾ ਲਿਆ ਹੈ।
ਬੀਬੀਸੀ ਨਾਲ ਗੱਲ ਕਰਦਿਆਂ ਆਕਾਸ਼ ਬੱਤਾ ਨੇ ਦੱਸਿਆ ਕਿ ਉਹ ਕ੍ਰਿਸ਼ਾਨੂੰ ਨੂੰ ਪਹਿਲਾਂ ਤੋਂ ਜਾਣਦੇ ਸਨ।
ਉਹ ਦੱਸਦੇ ਹਨ, "ਕ੍ਰਿਸ਼ਾਨੂੰ ਮੈਨੂੰ ਕਹਿੰਦਾ ਰਹਿੰਦਾ ਸੀ ਕਿ ਉਸ ਨੂੰ ਕਿਸੇ ਨੌਕਰੀ 'ਤੇ ਲੁਆ ਦਿਓ ਜਾਂ ਮੇਰਾ ਕੋਈ ਕੰਮ ਸ਼ੁਰੂ ਕਰਵਾ ਦਿਓ ਪਰ ਮੈਂ ਹੈਰਾਨ ਹਾਂ ਕਿ ਉਸ ਦੇ ਘਰੋਂ ਵੀ 21 ਲੱਖ ਰੁਪਏ ਮਿਲੇ ਹਨ। "
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












