ਪਾਕਿਸਤਾਨ ਦਾ ਕਬੱਡੀ ਖਿਡਾਰੀ 'ਭਾਰਤ' ਵੱਲੋਂ ਖੇਡਿਆ ਅਤੇ ਝੰਡਾ ਵੀ ਲਹਿਰਾਇਆ, ਪੂਰਾ ਮਾਮਲਾ ਜਾਣੋ

ਤਸਵੀਰ ਸਰੋਤ, Facebook/Ubaidullah Rajpoot
- ਲੇਖਕ, ਬੀਬੀਸੀ ਉਰਦੂ
ਪਾਕਿਸਤਾਨ ਦੇ ਖਿਡਾਰੀ ਓਬੈਦੁੱਲ੍ਹਾ ਰਾਜਪੂਤ ਨੂੰ ਬਹਿਰੀਨ ਵਿੱਚ ਇੱਕ ਕਬੱਡੀ ਟੂਰਨਾਮੈਂਟ ਵਿੱਚ ਹਿੱਸਾ ਲੈਣ ਲਈ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪਾਕਿਸਤਾਨ ਕਬੱਡੀ ਫੈਡਰੇਸ਼ਨ ਨੇ ਇਸ ਮਾਮਲੇ ਦੀ ਜਾਂਚ ਦਾ ਐਲਾਨ ਕੀਤਾ ਹੈ।
ਇਸ ਹਫ਼ਤੇ ਮੰਗਲਵਾਰ ਨੂੰ ਬਹਿਰੀਨ ਵਿੱਚ ਜੀਸੀਸੀ ਕੱਪ ਨਾਮ ਦਾ ਇੱਕ ਨਿੱਜੀ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ ਸੀ।
ਇਸ ਟੂਰਨਾਮੈਂਟ ਵਿੱਚ ਕਈ ਟੀਮਾਂ ਨੇ ਹਿੱਸਾ ਲਿਆ। ਇਸ ਵਿੱਚ 'ਪਾਕਿਸਤਾਨ' ਅਤੇ 'ਭਾਰਤ' ਨਾਮ ਦੀਆਂ ਟੀਮਾਂ ਵਿਚਕਾਰ ਇੱਕ ਮੈਚ ਵੀ ਖੇਡਿਆ ਗਿਆ।
ਇਸ ਮੈਚ ਤੋਂ ਬਾਅਦ, ਪਾਕਿਸਤਾਨੀ ਕਬੱਡੀ ਖਿਡਾਰੀ ਓਬੈਦੁੱਲ੍ਹਾ ਰਾਜਪੂਤ ਦੀ ਇੱਕ ਫੋਟੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ।
ਇਸ ਫੋਟੋ ਵਿੱਚ, ਉਹ ਭਾਰਤੀ ਝੰਡਾ ਫੜ੍ਹੇ ਹੋਏ ਦਿਖਾਈ ਦੇ ਰਹੇ ਹਨ।
ਬਾਅਦ ਵਿੱਚ, ਓਬੈਦੁੱਲ੍ਹਾ ਰਾਜਪੂਤ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਇੱਕ ਵੀਡੀਓ ਜਾਰੀ ਕਰਕੇ ਇਸ ਬਾਰੇ ਸਪਸ਼ਟੀਕਰਨ ਵੀ ਦਿੱਤਾ।
ਇਸ ਵੀਡੀਓ ਵਿੱਚ ਉਨ੍ਹਾਂ ਕਿਹਾ ਕਿ ਬਹਿਰੀਨ ਕੱਪ ਦਾ ਆਯੋਜਨ ਹਰ ਸਾਲ ਹੁੰਦਾ ਹੈ ਅਤੇ ਉਹ ਪਹਿਲਾਂ ਵੀ ਇਸ ਵਿੱਚ ਖੇਡ ਚੁੱਕੇ ਹਨ।
ਪਾਕਿਸਤਾਨ ਕਬੱਡੀ ਫੈਡਰੇਸ਼ਨ ਹੋਈ ਨਾਰਾਜ਼

ਤਸਵੀਰ ਸਰੋਤ, X/faizan lakhani
ਪਾਕਿਸਤਾਨ ਕਬੱਡੀ ਫੈਡਰੇਸ਼ਨ ਨੇ ਇਸ ਮਾਮਲੇ ਦਾ ਨੋਟਿਸ ਲਿਆ ਹੈ। ਫੈਡਰੇਸ਼ਨ ਨੇ ਇਸ ਮਾਮਲੇ ਬਾਬਤ ਐਮਰਜੈਂਸੀ ਮੀਟਿੰਗ ਬੁਲਾਈ ਹੈ ਅਤੇ ਜਾਂਚ ਦਾ ਐਲਾਨ ਵੀ ਕੀਤਾ ਹੈ।
ਪਾਕਿਸਤਾਨ ਕਬੱਡੀ ਫੈਡਰੇਸ਼ਨ ਦੇ ਜਨਰਲ ਸਕੱਤਰ ਰਾਣਾ ਸਰਵਰ ਦਾ ਕਹਿਣਾ ਹੈ ਕਿ ਬਹਿਰੀਨ ਵਿੱਚ ਹੋਏ ਇਸ ਟੂਰਨਾਮੈਂਟ ਵਿੱਚ ਹਿੱਸਾ ਲੈਣ ਵਾਲੀ ਟੀਮ ਪਾਕਿਸਤਾਨ ਦੀ ਕੌਮੀ ਟੀਮ ਨਹੀਂ ਹੈ, ਨਾ ਹੀ ਉਨ੍ਹਾਂ ਨੇ ਸਰਕਾਰ ਜਾਂ ਰਾਸ਼ਟਰੀ ਖੇਡ ਫੈਡਰੇਸ਼ਨ ਤੋਂ ਇਜਾਜ਼ਤ ਲਈ ਸੀ।
ਉਨ੍ਹਾਂ ਕਿਹਾ, "ਸਾਨੂੰ ਇਹ ਵੀ ਨਹੀਂ ਪਤਾ ਕਿ ਉਹ ਕਦੋਂ ਗਏ ਅਤੇ ਕਦੋਂ ਵਾਪਸ ਆਏ।"
ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਖਿਡਾਰੀ ਬਿਨਾਂ ਐਨਓਸੀ (ਨੋ ਆਬਜੈਕਸ਼ਨ ਸਰਟੀਫਿਕੇਟ) ਦੇ ਕਿਸੇ ਮੁਕਾਬਲੇ ਵਿੱਚ ਹਿੱਸਾ ਲੈਣ ਲਈ ਵਿਦੇਸ਼ ਗਏ ਹਨ।
ਰਾਣਾ ਸਰਵਰ ਨੇ ਦਾਅਵਾ ਕੀਤਾ ਕਿ ਬਹੁਤ ਸਾਰੇ ਦੇਸ਼ਾਂ ਦੇ ਖਿਡਾਰੀਆਂ ਨੂੰ ਉਨ੍ਹਾਂ ਦੀਆਂ ਸਰਕਾਰਾਂ ਅਤੇ ਸਬੰਧਤ ਫੈਡਰੇਸ਼ਨਾਂ ਤੋਂ ਐਨਓਸੀ ਪ੍ਰਾਪਤ ਕੀਤੇ ਬਿਨਾਂ ਬੁਲਾਇਆ ਜਾਂਦਾ ਹੈ।
ਉਨ੍ਹਾਂ ਕਿਹਾ, "ਇਨ੍ਹਾਂ ਟੂਰਨਾਮੈਂਟਾਂ ਦੇ ਆਯੋਜਕ ਅਵਿਵਸਥਿਤ ਲੋਕ ਹਨ ਅਤੇ ਉਹ ਖੇਡ ਨੂੰ ਬਰਬਾਦ ਕਰ ਦੇਣਗੇ।"
ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਇਹ ਖਿਡਾਰੀ ਕਿਸੇ ਕੇਂਦਰੀ ਇਕਰਾਰਨਾਮੇ ਦਾ ਹਿੱਸਾ ਹਨ ਅਤੇ ਉਨ੍ਹਾਂ ਨੂੰ ਕਿਸੇ ਦੂਜੇ ਦੇਸ਼ ਵਿੱਚ ਖੇਡਣ ਦੀ ਇਜਾਜ਼ਤ ਦੀ ਲੋੜ ਹੈ ਤਾਂ ਉਨ੍ਹਾਂ ਕਿਹਾ ਕਿ ਕਬੱਡੀ ਫੈਡਰੇਸ਼ਨ ਦਾ ਇੱਕ ਸੰਵਿਧਾਨ ਹੈ ਅਤੇ ਸਾਰੇ ਖਿਡਾਰੀਆਂ ਨੂੰ ਇਸ ਦੀ ਪਾਲਣਾ ਕਰਨੀ ਪਵੇਗੀ।
ਸਰਵਰ ਰਾਣਾ ਨੇ ਕਿਹਾ ਕਿ ਅਜਿਹੇ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਸੱਦੇ ਅਸਲ ਵਿੱਚ ਫੈਡਰੇਸ਼ਨ ਵੱਲੋਂ ਆਉਂਦੇ ਹਨ।
ਪਰ ਇਨ੍ਹਾਂ ਬੱਚਿਆਂ ਨੇ ਸਿੱਧਾ ਟਿਕਟਾਂ ਖਰੀਦੀਆਂ ਅਤੇ ਉੱਥੇ ਪਹੁੰਚ ਗਏ।
'ਇਸ ਸਥਾਨਕ ਕੱਪ ਨੂੰ ਕੱਪ ਹੀ ਰਹਿਣ ਦਿਓ, ਵਿਸ਼ਵ ਕੱਪ ਨਾ ਬਣਾਓ'

ਦੂਜੇ ਪਾਸੇ, ਆਪਣੇ ਵੀਡੀਓ ਬਿਆਨ ਵਿੱਚ ਓਬੈਦੁੱਲ੍ਹਾ ਰਾਜਪੂਤ ਨੇ ਕਿਹਾ, "ਅਜਿਹਾ ਹੋਇਆ ਕਿ ਮੇਰੇ ਭਰਾਵਾਂ ਨੇ ਮੈਨੂੰ ਨਹੀਂ ਬੁਲਾਇਆ, ਇਸ ਲਈ ਮੈਂ ਦੂਸਰੀ ਟੀਮ ਨਾਲ ਖੇਡਿਆ।"
ਹਾਲਾਂਕਿ, ਉਨ੍ਹਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਟੀਮਾਂ ਦੇ ਨਾਮ 'ਭਾਰਤ' ਅਤੇ 'ਪਾਕਿਸਤਾਨ' ਰੱਖੇ ਗਏ ਹਨ।
ਉਨ੍ਹਾਂ ਨੇ ਕਿਹਾ, "ਜਦੋਂ ਮੈਂ ਮੈਦਾਨ 'ਚ ਦਾਖਲ ਹੋਇਆ, ਤਾਂ ਮੇਰੇ ਕੁਝ ਭਰਾਵਾਂ ਨੇ ਚੀਕਦਿਆਂ ਕਿਹਾ ਕਿ ਰਾਜਪੂਤ ਹੋਣ ਦੇ ਬਾਵਜੂਦ ਮੈਂ ਭਾਰਤ ਲਈ ਖੇਡ ਰਿਹਾ ਹਾਂ।"
ਓਬੈਦੁੱਲ੍ਹਾ ਨੇ ਆਪਣੇ ਵੀਡੀਓ ਵਿੱਚ ਕਿਹਾ ਕਿ ਉਹ ਕਮੈਂਟੇਟਰ ਨੂੰ ਕਹਿੰਦੇ ਰਹੇ, "ਤੁਹਾਨੂੰ ਇਹ ਘੋਸ਼ਣਾ ਕਰਨੀ ਚਾਹੀਦੀ ਹੈ ਕਿ ਇਹ ਭਾਰਤ–ਪਾਕਿਸਤਾਨ ਦਾ ਮੈਚ ਨਹੀਂ ਹੈ, ਇਹ ਇੱਕ ਸਥਾਨਕ ਕੱਪ ਹੈ ਜੋ ਹਰ ਸਾਲ ਕਰਵਾਇਆ ਜਾਂਦਾ ਹੈ।"
ਉਨ੍ਹਾਂ ਦਾ ਦਾਅਵਾ ਹੈ ਕਿ ਉਨ੍ਹਾਂ ਦੀ ਬੇਨਤੀ 'ਤੇ ਰਸਮੀ ਤੌਰ 'ਤੇ ਇਸ ਦੀ ਘੋਸ਼ਣਾ ਵੀ ਕੀਤੀ ਗਈ ਸੀ, ਪਰ ਇਸ ਦੇ ਬਾਵਜੂਦ ਉੱਥੇ ਝੰਡੇ ਲਹਿਰਾਏ ਗਏ ਅਤੇ ਪਾਕਿਸਤਾਨ ਅਤੇ ਭਾਰਤ ਦੇ ਨਾਅਰੇ ਲੱਗਣੇ ਸ਼ੁਰੂ ਹੋ ਗਏ।
ਓਬੈਦੁੱਲ੍ਹਾ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦਾ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ ਕਿ ਇਸ ਤਰ੍ਹਾਂ ਦੇ ਝੰਡੇ ਲਹਿਰਾਏ ਜਾਣਗੇ ਜਾਂ ਨਾਅਰੇ ਲੱਗਣਗੇ।
ਉਨ੍ਹਾਂ ਕਿਹਾ, "ਜੇ ਮੈਨੂੰ ਪਤਾ ਹੁੰਦਾ ਕਿ ਅਜਿਹਾ ਕੁਝ ਹੋਵੇਗਾ ਤਾਂ ਮੈਂ ਪਾਕਿਸਤਾਨ ਲਈ ਖੇਡਦਾ। ਜੇ ਵਿਸ਼ਵ ਕੱਪ ਹੁੰਦਾ, ਤਾਂ ਮੈਂ ਪਾਕਿਸਤਾਨ ਲਈ ਖੇਡਦਾ। ਇਸ ਸਥਾਨਕ ਕੱਪ ਨੂੰ ਇੱਕ ਕੱਪ ਹੀ ਰਹਿਣ ਦਿਓ, ਇਸ ਨੂੰ ਵਿਸ਼ਵ ਕੱਪ ਨਾ ਬਣਾਓ।"
ਉਨ੍ਹਾਂ ਨੇ ਇਸ ਮਾਮਲੇ ਨੂੰ ਲੈ ਕੇ ਫੈਡਰੇਸ਼ਨ ਅਤੇ ਕੋਚ ਤੋਂ ਮਾਫ਼ੀ ਵੀ ਮੰਗੀ ਹੈ।
ਖਿਡਾਰੀਆਂ 'ਤੇ ਲਟਕੀ ਪਾਬੰਦੀ ਦੀ ਤਲਵਾਰ

ਤਸਵੀਰ ਸਰੋਤ, Getty Images
ਪਾਕਿਸਤਾਨ ਕਬੱਡੀ ਫੈਡਰੇਸ਼ਨ ਦੇ ਜਨਰਲ ਸਕੱਤਰ ਰਾਣਾ ਸਰਵਰ ਦਾ ਕਹਿਣਾ ਹੈ ਕਿ ਫੈਡਰੇਸ਼ਨ ਇਸ ਮਾਮਲੇ ਦੀ ਜਾਂਚ ਕਰ ਰਿਹਾ ਹੈ ਅਤੇ ਇਨ੍ਹਾਂ ਖਿਡਾਰੀਆਂ 'ਤੇ ਪਾਬੰਦੀ ਵੀ ਲਗਾਈ ਜਾ ਸਕਦੀ ਹੈ।
ਰਾਣਾ ਸਰਵਰ ਨੇ ਕਿਹਾ ਕਿ ਉਹ ਖਿਡਾਰੀਆਂ ਦੀ ਸੂਚੀ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਭੇਜਣਗੇ ਤਾਂ ਜੋ ਸਰਕਾਰ ਅਤੇ ਫੈਡਰੇਸ਼ਨ ਦੀ ਇਜਾਜ਼ਤ ਤੋਂ ਬਿਨਾਂ ਉਨ੍ਹਾਂ ਨੂੰ ਵਿਦੇਸ਼ ਜਾਣ ਦੀ ਇਜਾਜ਼ਤ ਨਾ ਦਿੱਤੀ ਜਾਵੇ।
ਉਨ੍ਹਾਂ ਨੇ ਦਾਅਵਾ ਕੀਤਾ ਕਿ ਇਸੇ ਤਰ੍ਹਾਂ ਦਾ ਇੱਕ ਮੁਕਾਬਲਾ 7 ਦਸੰਬਰ ਨੂੰ ਨਿਊਜ਼ੀਲੈਂਡ ਵਿੱਚ ਵੀ ਕਰਵਾਇਆ ਗਿਆ ਸੀ।
ਉਨ੍ਹਾਂ ਨੇ ਦੱਸਿਆ ਕਿ ਇਸ ਮੁਕਾਬਲੇ ਵਿੱਚ ਭਾਰਤੀ ਮੁੰਡਿਆਂ ਨੇ ਹਿੱਸਾ ਲਿਆ ਸੀ ਅਤੇ ਕਿਸੇ ਹੋਰ ਦੇਸ਼ਾਂ ਦੇ ਮੁੰਡਿਆਂ ਨੇ ਹਿੱਸਾ ਲਿਆ ਸੀ।
ਉਨ੍ਹਾਂ ਇਲਜ਼ਾਮ ਲਗਾਇਆ ਕਿ ਇਨ੍ਹਾਂ ਮੁਕਾਬਲਿਆਂ ਦੇ ਆਯੋਜਕਾਂ ਦਾ ਅਸਲ ਮਕਸਦ ਪੈਸਾ ਕਮਾਉਣਾ ਹੈ, ਉਹ ਖੇਡਾਂ ਨੂੰ ਅੱਗੇ ਵਧਾਉਣ ਲਈ ਕੰਮ ਨਹੀਂ ਕਰ ਰਹੇ, ਉਹ ਉੱਥੇ ਟਿਕਟਾਂ ਵੇਚਦੇ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












