'ਬਾਡਰਾਂ 'ਤੇ ਲੜਨ, ਫਾਈਟਰ ਜੈੱਟ 'ਤੇ ਅੰਨ੍ਹੇਵਾਹ ਪੈਸੇ ਲਾਉਣ ਤੇ ਘੁਸ ਕੇ ਮਾਰਨ ਦੀ ਬਜਾਏ, ਫ਼ਿਲਮ ਬਣਾਉਣਾ ਬਿਹਤਰ ਹੈ’ - ਹਨੀਫ਼ ਦਾ ਵਲੌਗ

ਤਸਵੀਰ ਸਰੋਤ, Getty Images
- ਲੇਖਕ, ਮੁਹੰਮਦ ਹਨੀਫ਼
- ਰੋਲ, ਸੀਨੀਅਰ ਪੱਤਰਕਾਰ ਅਤੇ ਲੇਖਕ
ਅੱਜ ਕੱਲ੍ਹ ਪੂਰੀ ਫਿਲਮ ਵੇਖਣ ਦੀ ਲੋੜ ਨਹੀਂ ਪੈਂਦੀ। ਫਿਲਮ ਬਾਅਦ 'ਚ ਆਉਂਦੀ ਹੈ ਪਰ ਉਸ ਦੇ ਗਾਣੇ, ਡਾਂਸ ਅਤੇ ਉਸ ਦੀਆਂ ਰੀਲਾਂ ਅਤੇ ਘੁਸ ਕੇ ਮਾਰਾਂਗੇ ਦੇ ਡਾਇਲੌਗ ਸਾਡੇ ਫੋਨਾਂ 'ਤੇ ਪਹਿਲਾਂ ਹੀ ਆ ਜਾਂਦੇ ਹਨ।
ਧੁਰੰਦਰ ਵੀ ਜ਼ਾਹਿਰ ਹੈ ਪਾਕਿਸਤਾਨ ਦੇ ਸਿਨੇਮਾਂ ਵਿੱਚ ਨਹੀਂ ਲੱਗੀ, ਲੇਕਿਨ ਕਈ ਲੋਕਾਂ ਨੇ ਕੋਈ ਜੁਗਾੜ ਲਗਾ ਕੇ ਵੇਖ ਲਈ ਹੈ।
ਕੁਝ ਇਤਰਾਜ਼ ਉਨ੍ਹਾਂ ਦੇ ਪੁਰਾਣੇ ਹੀ ਹਨ ਕਿ ਪੂਰਾ ਪਾਕਿਸਤਾਨ ਲਖਨਊ ਨਹੀਂ ਅਤੇ ਇੱਥੇ ਸਾਰੇ ਹੱਥ ਚੁੱਕ-ਚੁੱਕ ਕੇ ਅਦਾਬ-ਅਦਾਬ ਨਹੀਂ ਕਰਦੇ। ਸੁਰਮਾ ਵੀ ਸਾਡੇ 'ਚੋਂ ਕੋਈ ਕੋਈ ਹੀ ਪਾਉਂਦਾ ਹੈ।
ਪਰ ਇਸ ਫਿਲਮ 'ਚ ਕਰਾਚੀ ਦੇ ਦੋ ਮਸ਼ਹੂਰ ਕਿਰਦਾਰ ਰਹਿਮਾਨ ਡਕੈਤ ਅਤੇ ਐੱਸਪੀ ਚੌਧਰੀ ਅਸਲਮ ਵਿਖਾਏ ਗਏ ਹਨ। ਉਹ ਦੋਵੇਂ ਕਰਾਚੀ 'ਚ ਕਿਸੇ ਦੇ ਹੀਰੋ ਹਨ ਤੇ ਕਿਸੇ ਦੇ ਵਿਲੇਨ ਹਨ।
ਇਸ ਲਈ ਲੋਕਾਂ ਨੇ ਜ਼ਿਆਦਾ ਚਾਅ ਨਾਲ ਫਿਲਮ ਵੇਖੀ ਹੈ। ਲੋਕਾਂ ਨੇ ਅਕਸ਼ੇ ਖੰਨਾ ਨੂੰ ਅਰਬੀ ਗਾਣਿਆਂ 'ਚ ਬਲੋਚੀ ਡਾਂਸ ਕਰਦਿਆਂ ਵੇਖਿਆ ਹੈ। ਸੰਜੇ ਦੱਤ ਨੂੰ ਚੌਧਰੀ ਅਸਲਮ ਬਣ ਕੇ ਬਲੋਚਾਂ ਨਾਲ ਗਾਲ਼ ਮੰਦਾ ਕਰਦਿਆਂ ਵੀ ਵੇਖਿਆ ਹੈ।

ਤਸਵੀਰ ਸਰੋਤ, SMVP/Getty
ਲੋਕੀਂ ਨਾਲ-ਨਾਲ ਵੇਖੀ ਵੀ ਜਾਂਦੇ ਹਨ ਤੇ ਨਾਲ-ਨਾਲ ਮਜ਼ੇ ਵੀ ਲਈ ਜਾਂਦੇ ਹਨ, ਨਾਲ-ਨਾਲ ਇੰਡੀਆ ਵਾਲਿਆਂ ਨੂੰ ਸਮਝਾਈ ਜਾਂਦੇ ਹਨ ਕਿ ਸਾਡਾ ਚੌਧਰੀ ਅਸਲਮ ਤੁਹਾਡੇ ਸੰਜੇ ਦੱਤ ਨਾਲੋਂ ਜ਼ਿਆਦਾ ਹੈਂਡਸਮ ਸੀ। ਅਕਸ਼ੇ ਖੰਨਾ ਨੇ ਸੋਹਣੀ ਅਦਾਕਾਰੀ ਕੀਤੀ ਹੈ, ਪਰ ਸਾਡਾ ਰਹਿਮਾਨ ਡਕੈਤ ਜ਼ਾਲਮ ਸੀ ਪਰ ਇੰਨਾਂ ਵੀ ਜ਼ਾਲਮ ਨਹੀਂ ਸੀ।

ਤਸਵੀਰ ਸਰੋਤ, ADITYADHAR FILMS/X
'ਧੰਦੇ ਦਾ ਧੰਦਾ ਤੇ ਨਾਲ ਕੌਮ ਦੀ ਖ਼ਿਦਮਤ ਵੀ'
ਵੈਸੇ ਤਾਂ ਇੰਡੀਆ ਤੇ ਪਾਕਿਸਤਾਨ ਦੀ ਸਰਕਾਰ ਦੋਵੇਂ ਹੀ ਇੱਕੋ ਨਾਰਾ ਮਾਰਦੀਆਂ ਹਨ ਕਿ 'ਅਸੀਂ ਘੁੱਸ ਕੇ ਮਾਰਾਂਗੇ'। ਪਰ ਹੁਣ ਇਹ ਵੀ ਪਤਾ ਨਹੀਂ ਲੱਗਦਾ ਹੈ ਕਿ ਪਹਿਲਾਂ ਇਹ ਨਾਰਾ ਕਿਸੇ ਫਿਲਮ ਦੇ ਹੀਰੋ ਨੇ ਮਾਰਿਆ ਸੀ ਜਾਂ ਸਰਕਾਰ ਨੇ ਆਪ। ਲੇਕਿਨ ਇੰਡੀਆ ਦੇ ਫਿਲਮੀ ਜਾਸੂਸ ਕਾਫੀ ਅਰਸੇ ਤੋਂ ਕਰਾਚੀ ਆਉਂਦੇ-ਜਾਂਦੇ ਰਹੇ ਹਨ।
ਮਰਹੂਮ ਇਰਫ਼ਾਨ ਖ਼ਾਨ ਅਤੇ ਉਨ੍ਹਾਂ ਦੇ ਸਾਥੀ ਡੀ-ਡੇਅ ਵਾਲੀ ਇੱਕ ਫਿਲਮ 'ਚ ਦਾਊਦ ਇਬਰਾਹਿਮ ਨੂੰ ਕਰਾਚੀ ਤੋਂ ਵਾਪਸ ਲੈ ਜਾਣ ਆਏ ਸਨ ਅਤੇ ਲੈ ਵੀ ਗਏ। ਅਸਲੀ ਦਾਊਦ ਇਬਰਾਹਿਮ ਪਤਾ ਨਹੀਂ ਅਜੇ ਕਿੱਥੇ ਹੈ।
ਸੈਫ਼ ਅਲੀ ਖ਼ਾਨ ਦੋ-ਤਿੰਨ ਫਿਲਮਾਂ 'ਚ ਬਦਲਾ ਲੈਣ ਕਰਾਚੀ ਆਇਆ। ਮਾਰ ਕੁਟਾਈ ਕਰ ਕੇ ਮੁਜਰੇ ਵੇਖ ਕੇ ਖ਼ੈਰ-ਖਰੀਅਤ ਨਾਲ ਵਾਪਸ ਚਲਾ ਗਿਆ।

ਜਿਹੜੀਆਂ ਫਿਲਮਾਂ 'ਚ ਇੰਡੀਅਨ ਜਾਸੂਸ ਪਾਕਿਸਤਾਨ ਨਹੀਂ ਵੀ ਆਉਂਦੇ ਉਨ੍ਹਾਂ ਦਾ ਵੀ ਯੁੱਧ ਪਾਕਿਸਤਾਨ ਨਾਲ ਹੀ ਹੁੰਦਾ ਹੈ। ਸਲਮਾਨ ਖ਼ਾਨ ਨੂੰ, ਸ਼ਾਹਰੁਖ ਖ਼ਾਨ ਨੂੰ ਪਾਕਿਸਤਾਨ ਦੀ ਆਈਐੱਸਆਈ ਦੀ ਕੋਈ ਸੋਹਣੀ ਜਾਸੂਸ ਕਿਸੇ ਸਵੀਮਿੰਗ ਪੂਲ ਦੇ ਕਿਨਾਰੇ ਮਿਲ ਜਾਂਦੀ ਹੈ ਤੇ ਦਿਲ ਦੇ ਬੈਠਦੀ ਹੈ।
ਉਹ ਵਿਚਾਰੇ ਪਾਕਿਸਤਾਨੀ ਜਿਨ੍ਹਾਂ ਦਾ ਅਸਲੀ ਆਈਐੱਸਆਈ ਨਾਲ ਵਾਹ ਪੈਂਦਾ ਹੈ, ਉਹ ਇਹੀ ਪੁੱਛਦੇ ਰਹਿੰਦੇ ਹਨ ਕਿ ਇੰਨੇ ਸੋਹਣੇ ਜਾਸੂਸ ਇਨ੍ਹਾਂ ਨੇ ਕਿੱਥੇ ਲੁਕਾ ਕੇ ਰੱਖੇ ਹਨ।

ਤਸਵੀਰ ਸਰੋਤ, JIO/YT/TRAILER GRAB
ਵੈਸੇ ਤਾਂ ਇਹ ਫਿਲਮਾਂ ਕੱਟ ਦਿਓ, ਵੱਢ ਦਿਓ ਟਾਈਪ ਨੈਸ਼ਨਲਿਜ਼ਮ ਦਾ ਪ੍ਰੋਪੇਗੰਡਾ ਹੀ ਹੈ। ਦੇਸ਼ ਭਗਤੀ ਦਾ ਮਸਾਲਾ ਪਾਓ, ਡੇਢ ਦੋ ਆਈਟਮ ਸੋਂਗ, ਹਰ ਤੀਜੇ ਮਿੰਟ 'ਤੇ ਪਾਕਿਸਤਾਨੀ ਉਡਾਈ ਜਾਓ ਤੇ ਬੌਕਸ ਆਫਿਸ 'ਤੇ ਨੋਟ ਬਣਾਈ ਜਾਓ। ਧੰਦੇ ਦਾ ਧੰਦਾ ਤੇ ਨਾਲ ਕੌਮ ਦੀ ਖ਼ਿਦਮਤ ਵੀ।
ਵੈਸੇ ਮੇਰਾ ਜਾਤੀ ਖ਼ਿਆਲ ਇਹ ਹੀ ਹੈ ਕਿ ਬਾਰਡਰਾਂ 'ਤੇ ਲੜਨ ਦੀ ਬਜਾਏ, ਫਾਈਟਰ ਜੈੱਟਾਂ 'ਤੇ ਅੰਨ੍ਹੇ ਵਾਹ ਪੈਸੇ ਫੂਕਣ ਦੀ ਬਜਾਏ, ਘੁੱਸ ਕੇ ਮਾਰਨ ਦੀ ਬਜਾਏ, ਘੁੱਸ ਕੇ ਕਿਸੇ ਸੈੱਟ 'ਤੇ ਫਿਲਮ ਬਣਾ ਲੈਣਾ ਬਿਹਤਰ ਕੰਮ ਹੈ। ਇੰਟਰਨੈੱਟ 'ਤੇ ਵੀ ਰੌਣਕ ਲੱਗ ਜਾਂਦੀ ਹੈ ਤੇ ਮੀਮਾਂ ਬਣਾਉਣ ਵਾਲਿਆਂ ਨੂੰ ਵੀ ਮਜ਼ੇ ਆ ਜਾਂਦੇ ਹਨ।
ਫਿਲਮ ਦੇ ਸ਼ੁਰੂ 'ਚ ਆਮ ਤੌਰ 'ਤੇ ਲਿਖਿਆ ਹੁੰਦਾ ਹੈ ਕਿ ਇਹ ਸੱਚ ਨਹੀਂ ਕੂੜ ਹੈ ਜਾਂ ਕੋਈ ਛੋਟਾ-ਮੋਟਾ ਤਾਰੀਖੀ ਵਾਕਿਆ ਸੀ। ਅਸੀਂ ਉਸ ਨੂੰ ਫਿਕਸ਼ਨ ਬਣਾ ਦਿੱਤਾ ਹੈ।

ਮੁੰਬਈ ਹਮਲੇ ਵੇਲੇ ਕਰਾਚੀ ਦਾ ਹਾਲ
ਪਰ ਧੁਰੰਦਰ 'ਚ ਇੱਕ ਸ਼ੈਅ ਜੋ ਵਿਖਾਈ ਗਈ ਹੈ, ਉਹ ਇਹ ਹੈ ਕਿ ਜਦੋਂ ਬੰਬਈ 'ਤੇ 26/11 ਵਾਲੇ ਹਮਲੇ ਹੋਏ ਸਨ ਤਾਂ ਕਰਾਚੀ 'ਚ ਜਸ਼ਨ ਮਨਾਇਆ ਗਿਆ ਸੀ।
ਮੈਂ ਆਪਣੀ ਅੱਧੀ ਜ਼ਿੰਦਗੀ ਕਰਾਚੀ 'ਚ ਗੁਜ਼ਾਰੀ ਹੈ। ਕਰਾਚੀ ਇੰਨ੍ਹਾਂ ਵੱਡਾ ਸ਼ਹਿਰ ਹੈ ਕਿ ਕੋਈ ਵੀ ਦਾਅਵਾ ਨਹੀਂ ਕਰ ਸਕਦਾ ਕਿ ਉਹ ਪੂਰੇ ਕਰਾਚੀ ਦਾ ਜਾਣੂ ਹੈ। ਲੇਕਿਨ ਪੂਰੇ ਕਰਾਚੀ 'ਚ ਸਾਡੇ ਸੱਜਣ ਮਿੱਤਰ ਵੱਸਦੇ ਹਨ।
ਉਨ੍ਹਾਂ 'ਚ ਸਰਕਾਰ ਤੋਂ ਅਵਾਜਾਰ ਲੋਕ ਵੀ ਹਨ, ਛੋਟੇ-ਮੋਟੇ ਬਦਮਾਸ਼ ਵੀ ਹਨ, ਕੁਝ ਜਿਹਾਦੀ ਸੋਚ ਦੇ ਵੀ ਹਨ ਪਰ ਮੈਂ ਨਾ ਕਦੇ ਵੇਖਿਆ ਅਤੇ ਨਾ ਹੀ ਕਿਸੇ ਤੋਂ ਸੁਣਿਆ ਕਿ ਜਦੋਂ ਮੁੰਬਈ 'ਚ ਹਮਲੇ ਹੋਏ ਸਨ ਤੇ ਕਰਾਚੀ ਵਾਲਿਆਂ ਨੇ ਖੁਸ਼ੀ ਮਨਾਈ ਸੀ।
ਜ਼ਿਆਦਾਤਰ ਕਰਾਚੀ ਵਾਲਿਆਂ ਨੇ ਜ਼ਾਹਿਰ ਹੈ ਕਿ ਮੁੰਬਈ ਨਹੀਂ ਵੇਖਿਆ ਪਰ ਫਿਲਮਾਂ 'ਚ ਤਾਂ ਜ਼ਰੂਰ ਵੇਖਿਆ ਹੈ ਤੇ ਉਨ੍ਹਾਂ ਨੂੰ ਆਮ ਤੌਰ 'ਤੇ ਮੁੰਬਈ ਵੀ ਕਰਾਚੀ ਵਰਗਾ ਹੀ ਸਮੁੰਦਰ ਦੇ ਕਿਨਾਰੇ 'ਤੇ ਇੱਕ ਸ਼ਹਿਰ ਲੱਗਦਾ ਹੈ।
ਜਦੋਂ ਹਮਲਿਆਂ ਦੀ ਖ਼ਬਰ ਆਈ ਸੀ ਤਾਂ ਮੈਨੂੰ ਇਹ ਯਾਦ ਹੈ ਕਿ ਪੂਰਾ ਸ਼ਹਿਰ ਸਹਿਮਿਆ ਹੋਇਆ ਸੀ ਤੇ ਲੋਕ ਇਹ ਹੀ ਸੋਚ ਰਹੇ ਸਨ ਕਿ ਇਹ ਕਿਹੜੀ ਨਵੀਂ ਕਿਆਮਤ ਸਾਡੇ 'ਤੇ ਆ ਗਈ ਹੈ। ਬਾਕੀ ਫਿਲਮ ਬਣਾਉਣ ਵਾਲਿਆਂ ਦੀ ਆਪਣੀ ਮਰਜ਼ੀ ਹੈ, ਜੋ ਵਿਖਾਉਣਾ ਹੈ ਵਿਖਾਈ ਜਾਣ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ













