ਪੰਜਾਬ ਦੀ ਵਿਰਾਸਤੀ ਖੇਡ ਕਬੱਡੀ ਉੱਤੇ ਅਪਰਾਧ ਦੀ ਦੁਨੀਆਂ ਦਾ ਪਰਛਾਵਾਂ ਕਿਵੇਂ ਖੇਡ ਤੇ ਖਿਡਾਰੀਆਂ ਦੀ ਹੋਂਦ ਲਈ ਖ਼ਤਰਾ ਬਣ ਰਿਹਾ

ਤਸਵੀਰ ਸਰੋਤ, Getty Images
- ਲੇਖਕ, ਨਵਜੋਤ ਕੌਰ
- ਰੋਲ, ਬੀਬੀਸੀ ਸਹਿਯੋਗੀ
15 ਦਸੰਬਰ 2025 ਨੂੰ ਮੁਹਾਲੀ ਵਿੱਚ ਚੱਲ ਰਹੇ ਕਬੱਡੀ ਕੱਪ ਟੂਰਨਾਮੈਂਟ ਦਾ ਲਾਈਵ ਪ੍ਰਸਾਰਣ ਇੱਕ ਨਿੱਜੀ ਯੂ-ਟਿਊਬ ਚੈੱਨਲ ਉੱਤੇ ਚਲ ਰਿਹਾ ਸੀ।
ਕੈਮਰੇ 'ਚ ਦਿੱਖ ਰਹੇ ਖਿਡਾਰੀ ਮੈਚ ਖੇਡਣ ਦੀ ਤਿਆਰੀ ਕਰ ਰਹੇ ਸਨ, ਅਚਾਨਕ ਗੋਲੀਆਂ ਚੱਲਣ ਦੀ ਆਵਾਜ਼ ਆਈ ਅਤੇ ਕੁਝ ਪਲਾਂ ਵਿੱਚ ਇੱਕ ਖੇਡ ਟੂਰਨਾਮੈਂਟ ਸਹਿਮ ਦੇ ਮਾਹੌਲ ਵਿੱਚ ਤਬਦੀਲ ਹੋ ਗਿਆ।
ਇਸ ਟੂਰਨਾਮੈਂਟ ਵਿੱਚ ਹੋਈ ਗੋਲੀਬਾਰੀ ਕਾਰਨ ਇੱਕ ਕਬੱਡੀ ਪ੍ਰਮੋਟਰ ਕੁੰਵਰ ਦਿੱਗਵਿਜੇ ਸਿੰਘ ਉਰਫ਼ ਰਾਣਾ ਬਲਾਚੌਰੀਆ ਦੀ ਮੌਤ ਹੋ ਗਈ ਅਤੇ ਇੱਕ ਵਿਅਕਤੀ ਜ਼ਖਮੀ ਹੋ ਗਿਆ।
ਮੁਹਾਲੀ ਦੇ ਐੱਸਐੱਸਪੀ ਹਰਮਨਦੀਪ ਸਿੰਘ ਹੰਸ ਨੇ ਮੰਗਲਵਾਰ ਨੂੰ ਪ੍ਰੈਸ ਕਾਨਫਰੰਸ ਵਿੱਚ ਦੱਸਿਆ, "ਮ੍ਰਿਤਕ ਰਾਣਾ ਬਲਾਚੌਰੀਆ ਉੱਤੇ ਗੋਲੀਆਂ ਚਲਾਉਣ ਵਾਲੇ ਦੋ ਸ਼ੂਟਰਾਂ ਦੀ ਪਛਾਣ ਕਰ ਲਈ ਹੈ, ਜਿਨ੍ਹਾਂ ਵਿੱਚੋਂ ਇੱਕ ਅਦਿੱਤਿਆ ਕਪੂਰ ਉਰਫ਼ ਮੱਖਣ ਹੈ ਅਤੇ ਦੂਜਾ ਕਰਨ ਪਾਠਕ ਹੈ। ਇਹ ਦੋਵੇਂ ਸ਼ੂਟਰ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ ਅਤੇ ਡੋਨੀ ਬੱਲ ਗੈਂਗ ਅਤੇ ਲੱਕੀ ਪਟਿਆਲ ਗੈਂਗ ਨਾਲ ਸੰਬੰਧਿਤ ਹਨ।"
ਐੱਸਐੱਸਪੀ ਹੰਸ ਨੇ ਦੱਸਿਆ, "ਇਸ ਕਤਲ ਦਾ ਮਕਸਦ ਕਬੱਡੀ ਨੂੰ ਕੰਟਰੋਲ ਕਰਨਾ ਸੀ। ਰਾਣਾ ਬਲਾਚੌਰੀਆ ਦਾ ਸਿੱਧੂ ਮੂਸੇਵਾਲਾ ਨਾਲ ਕੋਈ ਲਿੰਕ ਨਹੀਂ ਹੈ, ਸਿੱਧੂ ਮੂਸੇਵਾਲਾ ਦਾ ਨਾਮ ਸਿਰਫ਼ ਵਰਤਿਆ ਜਾ ਰਿਹਾ ਹੈ। ਸ਼ੂਟਰ ਰਾਣਾ ਬਲਾਚੌਰੀਆ ਨੂੰ ਮਾਰਨ ਲਈ ਹੀ ਆਏ ਸਨ।"
ਰਾਣਾ ਬਲਾਚੌਰੀਆ ਦੀ ਮੌਤ ਤੋਂ ਬਾਅਦ ਪੰਜਾਬ ਵਿੱਚ ਕਰਵਾਏ ਜਾਂਦੇ ਕਬੱਡੀ ਟੂਰਨਾਮੈਂਟਾਂ ਦੇ ਪ੍ਰਬੰਧਾਂ ਅਤੇ ਸੁਰੱਖਿਆ ਇੰਤਜ਼ਾਮਾਂ 'ਤੇ ਮੁੜ ਤੋਂ ਸਵਾਲ ਖੜ੍ਹੇ ਹੋ ਰਹੇ ਹਨ।
ਮੁੱਖ ਮੰਤਰੀ ਭਗਵੰਤ ਮਾਨ ਨੇ ਕੀ ਕਿਹਾ?

ਤਸਵੀਰ ਸਰੋਤ, Getty Images
ਮੁਹਾਲੀ ਵਿੱਚ ਹੋਏ ਇਸ ਟੂਰਨਾਮੈਂਟ ਦੇ ਪ੍ਰਬੰਧਾਂ ਬਾਰੇ ਬੀਬੀਸੀ ਨਾਲ ਗੱਲ ਕਰਦਿਆਂ ਮੁਹਾਲੀ ਐੱਸਐੱਸਪੀ ਹਰਮਨਦੀਪ ਸਿੰਘ ਹੰਸ ਨੇ ਕਿਹਾ ਕਿ ਟੂਰਨਾਮੈਂਟ ਦੇ ਪ੍ਰਬੰਧਕਾਂ ਵੱਲੋਂ ਪ੍ਰਸ਼ਾਸਨ ਤੋਂ ਇਜਾਜ਼ਤ ਲਈ ਗਈ ਸੀ। ਮੌਕੇ ਉੱਤੇ ਸੁਰੱਖਿਆ ਲਈ ਪੁਲਿਸ ਵੀ ਮੌਜੂਦ ਸੀ, ਪਰ ਹਮਲਾਵਰਾਂ ਨੇ ਮ੍ਰਿਤਕ ਰਾਣਾ ਬਲਾਚੌਰੀਆ ਨੂੰ ਸਮਾਗਮ ਵਾਲੀ ਥਾਂ ਤੋਂ ਬਾਹਰ ਬੁਲਾ ਕੇ ਹਮਲਾ ਕੀਤਾ, ਜਿਸ ਕਰਕੇ ਇਹ ਘਟਨਾ ਵਾਪਰੀ।"
ਹਾਲਾਂਕਿ ਐੱਸਐੱਸਪੀ ਹੰਸ ਨੇ ਰਾਣਾ ਬਲਾਚੌਰੀਆ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੀ ਪੋਸਟ ਜੋ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ, ਉਸਦੀ ਪੁਸ਼ਟੀ ਨਹੀਂ ਕੀਤੀ।
ਰਾਣਾ ਬਲਾਚੌਰੀਆ ਕਤਲ ਤੋਂ ਬਾਅਦ ਮੰਗਲਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਬੱਡੀ ਟੂਰਨਾਮੈਂਟ ਵਿੱਚ ਹੁੰਦੀ ਫਾਇਰਿੰਗ ਬਾਰੇ ਸਵਾਲ ਪੁੱਛਿਆ ਗਿਆ।
ਜਿਸਦੇ ਜਵਾਬ ਵਿੱਚ ਸੀਐੱਮ ਮਾਨ ਨੇ ਕਿਹਾ , "ਅਸੀਂ ਕਲੋਜ਼ਲੀ ਮੋਨੀਟਰ ਕਰ ਰਹੇ ਹਾਂ, ਕੁਝ ਗੱਲਾਂ ਸਿਕਿਓਰਿਟੀ ਕਰਕੇ ਨਹੀਂ ਦੱਸ ਸਕਦੇ ਪਰ ਆਉਣ ਵਾਲੇ ਦਿਨਾਂ ਵਿੱਚ ਰੋਡਮੈਪ ਤਿਆਰ ਕਰਕੇ ਦਵਾਂਗੇ ਕਿ ਕਿੱਥੇ-ਕਿੱਥੇ ਜ਼ਿਆਦਾ ਘਟਨਾਵਾਂ ਹੋ ਰਹੀਆਂ ਹਨ, ਕੌਣ-ਕੌਣ ਇਸਦੇ ਨਾਲ ਜੁੜਿਆ ਹੋਇਆ, ਕਿਹੜੇ ਦੇਸ਼ਾਂ ਤੋਂ ਫੋਨ ਆਉਂਦੇ ਹਨ।"
ਪੁਰਾਣੇ ਮਾਮਲਿਆਂ ਵਿੱਚ ਪੁਲਿਸ ਕਾਰਵਾਈਆਂ ਅਤੇ ਗ੍ਰਿਫ਼ਤਾਰੀਆਂ ਦੇ ਬਾਵਜੂਦ, ਵਾਰਦਾਤਾਂ ਹੋ ਰਹੀਆਂ ਹਨ। ਪਰ ਅਜਿਹਾ ਹੋ ਕਿਉਂ ਰਿਹਾ ਹੈ, ਪੰਜਾਬ ਦੀ ਵਿਰਾਸਤੀ ਖੇਡ ਕਬੱਡੀ ਨਾਲ ਅਪਰਾਧ ਦੀ ਦੁਨੀਆਂ ਦਾ ਸੰਬੰਧ ਕਿਵੇਂ ਜੁੜ ਗਿਆ, ਇਸਦੇ ਬਾਰੇ ਅਸੀਂ ਸਾਬਕਾ ਖਿਡਾਰੀਆਂ, ਖੇਡ ਪੱਤਰਕਾਰਾਂ ਅਤੇ ਪੰਜਾਬ ਪੁਲਿਸ ਦੇ ਸਾਬਕਾ ਅਧਿਕਾਰੀਆਂ ਨਾਲ ਗੱਲ ਕੀਤੀ।
ਕਬੱਡੀ ਟੂਰਨਾਮੈਂਟਾਂ ਵਿੱਚ ਪਹਿਲਾਂ ਹੋਈਆਂ ਵਾਰਦਾਤਾਂ

ਤਸਵੀਰ ਸਰੋਤ, Sandeep Nangal/FB
ਪੰਜਾਬ ਅੰਦਰ ਚਲਦੇ ਕਬੱਡੀ ਟੂਰਨਾਮੈਂਟ ਵਿੱਚ ਗੋਲੀਬਾਰੀ ਦੀ ਇਹ ਕੋਈ ਪਹਿਲੀ ਘਟਨਾ ਨਹੀਂ ਹੈ, ਇਸਤੋਂ ਪਹਿਲਾਂ ਵੀ ਕਬੱਡੀ ਟੂਰਨਾਮੈਂਟ ਵਿੱਚ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਰਿਹਾ ਹੈ।
2019 ਵਿੱਚ ਗੁਰਦਾਸਪੁਰ ਜ਼ਿਲ੍ਹੇ ਦੇ ਨੰਗਲ ਜੋਹਲ ਪਿੰਡ ਨੇੜੇ ਦੋ ਵਿਅਕਤੀਆਂ ਨੇ ਦੋ ਕਬੱਡੀ ਖਿਡਾਰੀਆਂ ਸੁਖਰਾਜ ਸਿੰਘ ਅਤੇ ਗੁਰਕਮਲ ਸਿੰਘ 'ਤੇ ਗੋਲੀਆਂ ਚਲਾ ਕੇ ਹਮਲਾ ਕੀਤਾ। ਦੋਵੇਂ ਕਬੱਡੀ ਖਿਡਾਰੀ ਜ਼ਖਮੀ ਹੋਏ ਪਰ ਬਚ ਗਏ।
ਮਈ 2020 ਵਿੱਚ ਕਪੂਰਥਲਾ ਵਿੱਚ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਅਰਵਿੰਦਰਜੀਤ ਸਿੰਘ ਪੱਡਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਹਮਲੇ ਦਾ ਇਲਜ਼ਾਮ ਪੰਜਾਬ ਪੁਲਿਸ ਦੇ ਏਐਸਆਈ ਪਰਮਜੀਤ ਸਿੰਘ ਉੱਤੇ ਲੱਗਿਆ ਸੀ। ਇਕ ਹੋਰ ਵਿਅਕਤੀ ਜ਼ਖਮੀ ਹੋ ਗਿਆ। ਬਾਅਦ ਵਿੱਚ ਏਐਸਆਈ ਨੂੰ ਬਰਖਾਸਤ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ।
ਸਾਲ 2022 ਵਿੱਚ ਜਲੰਧਰ ਨੇੜੇ ਪਿੰਡ ਮੱਲੀਆਂ ਵਿੱਚ ਚਲ ਰਹੇ ਕਬੱਡੀ ਮੈਚ ਦੌਰਾਨ ਅੰਤਰਰਾਸ਼ਟਰੀ ਪੱਧਰ ਦੇ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।
ਅਕਤਬੂਰ, 2025 ਵਿੱਚ ਲੁਧਿਆਣਾ ਦੇ ਜਗਰਾਓਂ ਵਿੱਚ ਇੱਕ ਕਬੱਡੀ ਖਿਡਾਰੀ ਤੇਜਪਾਲ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਪੁਲਿਸ ਨੇ ਇਸ ਕਤਲ ਨੂੰ ਰੰਜਿਸ਼ ਦਾ ਮਾਮਲਾ ਦੱਸਿਆ ਸੀ।
2025 ਵਿੱਚ ਲੁਧਿਆਣਾ ਦੇ ਸਮਰਾਲਾ ਨੇੜੇ ਮਾਣਕੀ ਪਿੰਡ ਵਿੱਚ ਖਿਡਾਰੀ ਗੁਰਵਿੰਦਰ ਸਿੰਘ ਅਤੇ ਉਸਦੇ ਸਾਥੀ ਨੂੰ ਗੋਲੀਆਂ ਮਾਰੀਆਂ ਗਈਆਂ, ਗੁਰਵਿੰਦਰ ਸਿੰਘ ਦੀ ਮੌਤ ਹੋ ਗਈ ਅਤੇ ਸਾਥੀ ਗੰਭੀਰ ਜ਼ਖਮੀ ਹੋਇਆ।
ਦਸੰਬਰ 2025 ਵਿੱਚ ਫਿਰੋਜ਼ਪੁਰ ਦੇ ਜ਼ੀਰਾ ਹਲਕੇ ਦੇ ਪਿੰਡ ਜੋਗੈਵਾਲਾ ਵਿੱਚ ਇੱਕ ਕਬੱਡੀ ਖਿਡਾਰੀ ਨਿਰਵੈਲ ਸਿੰਘ 'ਤੇ ਫਾਇਰਿੰਗ ਹੋਈ ਜਿਸ ਵਿੱਚ ਉਹ ਬੁਰੀ ਤਰ੍ਹਾਂ ਜ਼ਖਮੀ ਹੋਇਆ।
ਮੁਹਾਲੀ (ਸੁਹਾਣਾ) ਕਬੱਡੀ ਕੱਪ ਦੇ ਪ੍ਰਬੰਧਕਾਂ ਨੇ ਕੀ ਕਿਹਾ?

ਤਸਵੀਰ ਸਰੋਤ, Insta/ranabalachaur777
ਜਿੱਥੇ ਰਾਣਾ ਬਲਾਚੌਰੀਆ ਦਾ ਕਤਲ ਹੋਇਆ ਉਸ ਕਬੱਡੀ ਕੱਪ ਦੇ ਇੱਕ ਪ੍ਰਬੰਧਕ ਨੇ ਨਾਮ ਨਾ ਛਾਪਣ ਦੀ ਸ਼ਰਤ ਉੱਤੇ ਬੀਬੀਸੀ ਪੰਜਾਬੀ ਨਾਲ ਗੱਲ ਕਰਦੇ ਹੋਏ ਕਿਹਾ ਕਿ ਹੁਣ ਕਬੱਡੀ ਤੋਂ ਦੂਰ ਹੋਣਾ ਚਾਹੁੰਦੇ ਹਨ।
ਉਹ ਪਿਛਲੇ 29 ਸਾਲਾਂ ਤੋਂ ਕਬੱਡੀ ਟੂਰਨਾਮੈਂਟ ਕਰਵਾ ਰਹੇ ਹਨ। ਉਨ੍ਹਾਂ ਦੀ ਕਬੱਡੀ ਟੀਮ ਵੀ ਹੈ।
ਉਨ੍ਹਾਂ ਨੇ ਭਾਵੁਕ ਹੁੰਦਿਆਂ ਬੀਬੀਸੀ ਨਾਲ ਗੱਲ ਕੀਤੀ। ਉਹ ਕਹਿੰਦੇ ਹਨ, 'ਰਾਣਾ ਬਲਾਚੌਰੀਆ ਕੋਈ ਪ੍ਰਮੋਟਰ ਨਹੀਂ ਸੀ, ਉਹ ਖਿਡਾਰੀ ਇਕੱਠੇ ਕਰਦਾ ਸੀ ਤੇ ਇੱਕ ਟੀਮ ਬਣਾ ਕੇ ਟੂਰਨਾਮੈਂਟ ਵਿੱਚ ਲੈ ਕੇ ਜਾਂਦਾ ਸੀ। ਉਸਦੇ ਨਾਲ ਜੋ ਹੋਇਆ ਇਸਤੋਂ ਬਾਅਦ ਮੈਂ ਖੁਦ ਕਬੱਡੀ ਤੋਂ ਦੂਰ ਹੋਣਾ ਚਾਹੁੰਦਾ ਹਾਂ, ਲੋਕਾਂ ਨੂੰ ਅਪੀਲ ਕਰਨੀ ਚਾਹੁੰਦਾ ਹਾਂ ਕਿ ਮੇਰੇ ਨਾਲ ਕਬੱਡੀ ਬਾਰੇ ਕੋਈ ਗੱਲ ਨਾ ਕੀਤੀ ਜਾਵੇ।"
ਉਨ੍ਹਾਂ ਨੇ ਦੱਸਿਆ ਕਿ ਸੁਹਾਣਾ ਵਿੱਚ ਕਰਵਾਏ ਜਾ ਰਹੇ ਚਾਰ ਦਿਨਾਂ ਕਬੱਡੀ ਕੱਪ ਬਾਰੇ ਪ੍ਰਸ਼ਾਸਨ ਤੋਂ ਹਰ ਤਰ੍ਹਾਂ ਦੀ ਲਿਖਤੀ ਇਜਾਜ਼ਤ ਲਈ ਗਈ ਸੀ। ਮੈਦਾਨ ਵਿੱਚ ਪੁਲਿਸ ਮੁਲਾਜ਼ਮ ਵੀ ਤੈਨਾਤ ਸਨ। ਪੁਲਿਸ ਨੇ ਉਨ੍ਹਾਂ ਦੀ ਮਦਦ ਵੀ ਕੀਤੀ।
ਉਨ੍ਹਾਂ ਨੇ ਚਿੰਤਾ ਪ੍ਰਗਟਾਉਂਦੇ ਕਹਿੰਦੇ ਹਨ, "ਮੈਨੂੰ ਇੰਨੇ ਸਾਲਾਂ ਦੇ ਤਜ਼ਰਬੇ ਵਿੱਚ ਕਦੇ ਕੋਈ ਫਿਰੌਤੀ ਦੀ ਕਾਲ, ਟੀਮ ਤੇ ਦਬਾਅ ਪਾਉਣ ਲਈ ਕਾਲ ਨਹੀਂ ਆਈ, ਕਿਉਂਕਿ ਅਸੀਂ ਕਬੱਡੀ ਨੂੰ ਖੇਡ ਦੀ ਤਰ੍ਹਾਂ ਪ੍ਰਮੋਟ ਕੀਤਾ। ਪਰ ਪਿਛਲੇ ਕਈ ਸਾਲਾਂ ਤੋਂ ਕਬੱਡੀ ਵਿੱਚ ਪੈਸਾ, ਫੋਕੀ ਸ਼ੌਹਰਤ, ਦਬਦਬਾ ਬਣਾਉਣ ਦੀਆਂ ਰਣਨੀਤੀਆਂ ਨੇ ਜਾਲ ਵਿਛਾ ਲਿਆ।"
'ਕਬੱਡੀ 'ਚ ਗੈਂਗਸਟਰਾਂ ਦਾ ਦਬਦਬਾ'

ਤਸਵੀਰ ਸਰੋਤ, Sourced by Pardeep Sharma
ਆਪਣਾ ਨਾਮ ਨਾ ਛਾਪਣ ਦੀ ਸ਼ਰਤ ਉੱਤੇ ਕਬੱਡੀ ਦੇ ਸੀਨੀਅਰ ਸਾਬਕਾ ਖਿਡਾਰੀ ਨੇ ਬੀਬੀਸੀ ਪੰਜਾਬੀ ਦੇ ਪੱਤਰਕਾਰ ਬਰਿੰਦਰ ਸਿੰਘ ਗੱਲ ਕਰਦਿਆਂ ਦੱਸਿਆ ਕਿ ਬਹੁਤ ਸਾਰੇ ਖਿਡਾਰੀ ਅਜਿਹੇ ਹਨ ਜੋ ਗੋਲੀਬਾਰੀ ਦੀਆਂ ਇਹਨਾਂ ਘਟਨਾਵਾਂ ਤੋਂ ਡਰ ਕੇ ਕਬੱਡੀ ਖੇਡਣਾ ਛੱਡ ਗਏ ਹਨ।
ਉਹ ਕਹਿੰਦੇ ਹਨ, "ਗੈਂਗਸਟਰ ਟੂਰਨਾਮੈਂਟ ਤੋਂ ਪਹਿਲਾਂ ਖਿਡਾਰੀਆਂ ਨੂੰ ਫੋਨ ਕਰਕੇ ਧਮਕੀ ਦਿੰਦੇ ਹਨ ਕਿ ਅੱਜ ਇਹ ਟੀਮ ਨਹੀਂ ਖੇਡੇਗੀ ਤੇ ਜੇਕਰ ਉਹ ਟੀਮ ਖੇਡ ਗਈ ਤਾਂ ਟੂਰਨਾਮੈਂਟ ਦੇ ਅੰਦਰ ਕਦੋਂ ਗੋਲੀਆਂ ਚੱਲ ਜਾਣੀਆਂ ਕਿਸੇ ਨੂੰ ਕੁਝ ਪਤਾ ਨਹੀਂ ਚੱਲਣਾ। ਖਿਡਾਰੀ ਕੋਲ ਆਪਣੀ ਜਾਨ ਬਚਾਉਣ ਲਈ ਕੁਝ ਵੀ ਨਹੀਂ ਹੁੰਦਾ।
ਗੈਂਗਸਟਰ ਕਬੱਡੀ ਤੋਂ ਪੈਸੇ ਕਮਾਉਣਾ ਚਾਹੁੰਦੇ ਹਨ, ਸਿਰਫ ਪੈਸੇ ਅਤੇ ਦਬਦਬੇ ਕਰਕੇ ਗੈਂਗਸਟਰ ਖਿਡਾਰੀਆਂ ਨੂੰ ਧਮਕਾਉਂਦੇ ਹਨ।"
ਅੱਗੇ ਉਹ ਕਹਿੰਦੇ ਹਨ, "ਰਾਣੇ ਦੇ ਕਤਲ ਮਗਰੋਂ ਪੰਜਾਬ ਵਿੱਚ ਕਈ ਕਬੱਡੀ ਟੂਰਨਾਮੈਂਟ ਰੱਦ ਹੋ ਗਏ ਹਨ। ਖਿਡਾਰੀ ਡਰਦੇ ਹਨ, ਇਸੇ ਕਰਕੇ ਕਬੱਡੀ ਵਿੱਚ ਚੰਗਾ ਨਾਮ ਕਮਾਉਣ ਵਾਲੇ ਖਿਡਾਰੀ ਪੰਜਾਬ ਛੱਡ ਦਿੰਦੇ ਹਨ ਕਿਉਂਕਿ ਇੱਥੇ ਉਹਨਾਂ ਦੀ ਜ਼ਿੰਦਗੀ ਸੁਰੱਖਿਅਤ ਨਹੀਂ ਹੈ।”
“ਕਬੱਡੀ ਵਿੱਚ ਹਾਰਲੇ, ਥਾਰ, ਵਰਗੇ ਮਹਿੰਗੇ ਇਨਾਮ ਰੱਖੇ ਜਾਂਦੇ ਹਨ। ਇਹ ਪੈਸੇ ਕਿੱਥੋਂ ਆ ਰਿਹਾ, ਇਸਦੇ ਬਾਰੇ ਕਿਸੇ ਨੂੰ ਕੁਝ ਨਹੀਂ ਪਤਾ, ਪ੍ਰਮੋਟਰ ਆਪਣਾ ਨਾਮ ਚਮਕਾਉਣਾ ਚਾਹੁੰਦੇ ਹਨ, ਪਰ ਖਿਡਾਰੀ ਮਰ ਰਹੇ ਹਨ।"
ਹਾਲਾਂਕਿ ਉਹਨਾਂ ਨੇ ਕਬੱਡੀ ਵਿੱਚ ਨਸ਼ਾ ਹੋਣ ਦੇ ਸਵਾਲ ਉੱਤੇ ਕਿਹਾ, "ਖਿਡਾਰੀਆਂ ਨੂੰ ਬਦਨਾਮ ਕੀਤਾ ਜਾਂਦਾ ਹੈ ਕਿ ਉਹ ਨਸ਼ਾ ਕਰਦੇ ਹਨ, ਪਰ ਇਹ ਸੱਚ ਨਹੀਂ ਹੈ, ਕੁਝ ਕੁ ਖਿਡਾਰੀ ਹੋ ਸਕਦਾ ਕਿ ਨਸ਼ਾ ਕਰਦੇ ਹੋਣ ਪਰ ਹਰ ਖਿਡਾਰੀ ਉੱਤੇ ਇਹ ਇਲਜ਼ਾਮ ਨਹੀਂ ਲਾਇਆ ਜਾ ਸਕਦਾ।"
ਵਾਰ-ਵਾਰ ਕਿਉਂ ਹੁੰਦੀਆਂ ਹਨ ਖੇਡ ਮੁਕਾਬਲਿਆਂ 'ਚ ਅਜਿਹੀਆਂ ਵਾਰਦਾਤਾਂ

ਤਸਵੀਰ ਸਰੋਤ, Fb/Gurinder Singh Dhillon
ਕਬੱਡੀ ਮੁਕਾਬਲਿਆਂ ਦੌਰਾਨ ਜਾਂ ਇਸ ਨਾਲ ਜੁੜੇ ਇਹ ਗੋਲੀਬਾਰੀ ਦੀਆਂ ਘਟਨਾਵਾਂ ਰੁਕ ਕਿਉਂ ਨਹੀਂ ਰਹੀਆਂ ਇਸ ਬਾਰੇ ਪੰਜਾਬ ਪੁਲਿਸ ਦੇ ਸਾਬਕਾ ਵਧੀਕ ਡਾਇਰੈਕਟਰ-ਜਨਰਲ(ਲਾਅ ਐਂਡ ਆਰਡਰ) ਗੁਰਿੰਦਰ ਸਿੰਘ ਢਿੱਲੋਂ ਨੇ ਬੀਬੀਸੀ ਨਾਲ ਗੱਲ ਕੀਤੀ। ਗੁਰਿੰਦਰ ਸਿੰਘ ਢਿੱਲੋਂ ਮੌਜੂਦਾ ਸਮੇਂ ਕਾਂਗਰਸ ਪਾਰਟੀ ਦੇ ਆਗੂ ਵੀ ਹਨ।
ਉਹ ਕਬੱਡੀ ਵਿੱਚ ਵੱਧ ਰਹੇ ਗੋਲੀਬਾਰੀ ਦੀਆਂ ਘਟਨਾਵਾਂ ਦਾ ਮੁੱਖ ਕਾਰਨ "ਸਿਸਟੇਮੈਟਿਕ ਫੇਲੀਅਰ" ਮੰਨਦੇ ਹਨ।
ਗੁਰਿੰਦਰ ਢਿੱਲੋਂ ਦਲੀਲ ਦਿੰਦੇ ਕਹਿੰਦੇ ਹਨ, "ਅੱਜ ਵੀ ਜਦੋਂ ਪੰਜਾਬ ਵਿੱਚ ਕਿਤੇ ਕੋਈ ਕਬੱਡੀ ਟੂਰਨਾਮੈਂਟ ਕਰਵਾਇਆ ਜਾਂਦਾ ਹੈ ਤਾਂ ਪਿੰਡਾਂ ਦੇ ਮੋਹਤਰਬਰ ਬੰਦੇ ਇਕੱਠੇ ਹੋ ਕੇ ਐਲਾਨ ਕਰ ਦਿੰਦੇ ਹਨ ਕਿ ਇਸ ਤਰੀਕ ਨੂੰ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ, ਇਸਦੇ ਵਿੱਚ ਕੁਝ ਪਰਵਾਸੀ ਪੰਜਾਬੀ ਸ਼ਾਮਲ ਹੁੰਦੇ ਹਨ।”
“ਪੈਸੇ ਕਿਥੋਂ ਆ ਰਿਹਾ ਹੈ, ਇਸਦੇ ਬਾਰੇ ਕਿਸੇ ਕੋਲ ਕੋਈ ਜਾਣਕਾਰੀ ਨਹੀਂ ਹੁੰਦੀ, ਇਲਾਕੇ ਦੀ ਪੁਲਿਸ ਨੂੰ ਇਸ ਬਾਰੇ ਸੂਚਿਤ ਨਹੀਂ ਕੀਤਾ ਜਾਂਦਾ, ਕੋਈ ਕਲੀਅਰੈਂਸ ਸਰਟੀਫਿਕੇਟ ਨਹੀਂ ਲਿਆ ਜਾਂਦਾ, ਜਿਸ ਕਾਰਨ ਇਸ ਖੇਡ ਵਿੱਚ ਪੈਸਾ ਭਾਰੂ ਹੋ ਜਾਂਦਾ ਹੈ, ਪੁਲਿਸ ਨੂੰ ਘਟਨਾ ਹੋਣ ਮਗਰੋਂ ਪਤਾ ਲੱਗਦਾ ਹੈ ਕਿ ਇਸ ਇਲਾਕੇ ਵਿੱਚ ਕੋਈ ਕਬੱਡੀ ਟੂਰਨਾਮੈਂਟ ਹੋ ਰਿਹਾ ਸੀ।"
"ਇਸ ਕਰਕੇ ਲਾਜ਼ਮੀ ਹੈ ਕਿ ਪੰਜਾਬ ਸਰਕਾਰ ਕਬੱਡੀ ਟੂਰਨਾਮੈਂਟਾਂ ਲਈ ਨਿਯਮ ਤੈਅ ਕਰੇ ਕਿ ਕਬੱਡੀ ਟੂਰਨਾਮੈਂਟ ਕੌਣ ਕਰਵਾ ਸਕਦਾ ਹੈ ਅਤੇ ਕਿੱਥੇ ਕਰਵਾ ਸਕਦਾ ਹੈ।"
"ਲੀਡਰਾਂ ਲਈ ਰਾਜਨੀਤੀ ਦਾ ਅਖਾੜਾ ਬਣੀ ਕਬੱਡੀ"

ਤਸਵੀਰ ਸਰੋਤ, Fb/Jagroop Singh Jarkhar
ਕਈ ਸਾਲਾਂ ਤੋਂ ਖੇਡ ਪੱਤਰਕਾਰੀ ਨਾਲ ਜੁੜੇ ਜਗਰੂਪ ਸਿੰਘ ਜਰਖੜ ਵੀ ਕਬੱਡੀ ਟੂਰਨਾਮੈਂਟਾਂ ਵਿੱਚ ਵੱਧ ਰਹੀਆਂ ਕਤਲ ਦੀਆਂ ਵਾਰਦਾਤਾਂ ਲਈ ਅਨੁਸ਼ਾਸ਼ਨਹੀਣਤਾ ਨੂੰ ਹੀ ਜ਼ਿੰਮੇਵਾਰ ਮੰਨਦੇ ਹਨ। ਜਗਰੂਪ ਸਿੰਘ ਕਈ ਸਾਲਾਂ ਤੋਂ ਇੱਕ ਪੰਜਾਬੀ ਅਖਬਾਰ ਲਈ ਕਬੱਡੀ ਨਾਲ ਸੰਬੰਧਿਤ ਲੇਖ ਲਿਖਦੇ ਰਹੇ ਹਨ।
ਬੀਬੀਸੀ ਨਾਲ ਗੱਲ ਕਰਦਿਆਂ ਜਗਰੂਪ ਸਿੰਘ ਕਹਿੰਦੇ ਹਨ, "ਦੁਨੀਆਂ ਦੀ ਕੋਈ ਵੀ ਅਜਿਹੀ ਖੇਡ ਨਹੀਂ ਹੈ ਜੋ ਨਿਯਮਾਂ ਤੋਂ ਬਿਨਾਂ ਖੇਡੀ ਜਾ ਸਕਦੀ ਹੋਵੇ। ਨੈਸ਼ਨਲ ਸਟਾਈਲ ਕਬੱਡੀ ਨੂੰ ਅੱਜ ਬਾਲੀਵੁੱਡ ਵੀ ਖੇਡ ਰਿਹਾ ਹੈ।"
"ਅੱਜ ਤੱਕ ਪੰਜਾਬ ਸਟਾਈਲ ਕਬੱਡੀ ਲਈ ਕੋਈ ਵੀ ਨਿਯਮ ਤੈਅ ਨਹੀਂ ਕੀਤੇ ਗਏ, ਕਬੱਡੀ ਪੰਜਾਬ ਦੀ ਵਿਰਾਸਤੀ ਖੇਡ ਹੈ ਪਰ ਹਜੇ ਤੱਕ ਪੰਜਾਬ ਸਟਾਈਲ ਕਬੱਡੀ ਲਈ ਰਾਸ਼ਟਰੀ ਪੱਧਰ ਉੱਤੇ ਕੋਈ ਵੀ ਪ੍ਰਬੰਧਕੀ ਬਾਡੀ ਨਹੀਂ ਬਣਾਈ ਜਾ ਸਕੀ ਜੋ ਖੇਡ ਲਈ ਨਿਯਮ ਤੈਅ ਕਰੇ। ਸਰਕਾਰਾਂ ਦਾ ਇਸ ਵੱਲ ਕੋਈ ਧਿਆਨ ਨਹੀਂ ਹੈ।"
"ਕਬੱਡੀ ਟੂਰਨਾਮੈਂਟ ਦਾ ਕੋਈ ਵਿਧੀ-ਵਿਧਾਨ ਬਣਾਇਆ ਹੀ ਨਹੀਂ ਗਿਆ, ਰਾਜਨੀਤਕ ਲੀਡਰਾਂ ਨੇ ਕਬੱਡੀ ਕੱਪਾਂ ਵਿੱਚ ਹੁੰਦੇ ਇਕੱਠ ਦਾ ਲਾਹਾ ਲੈਣ ਲਈ ਖਿਡਾਰੀਆਂ ਨੂੰ ਕਰੋੜਾਂ ਰੁਪਏ ਦੇ ਕੇ ਲਾਲਚੀ ਬਣਾ ਦਿੱਤਾ। ਗੈਰ-ਕਾਨੂੰਨੀ ਪੈਸਾ ਕਬੱਡੀ ਵਿੱਚ ਵੱਧ ਗਿਆ, ਕਬੱਡੀ ਪ੍ਰਮੋਟਰ ਪੈਦਾ ਹੋ ਗਏ, ਜੋ ਵੱਧ ਪੈਸੇ ਕਮਾਉਣ ਦੇ ਚੱਕਰ ਵਿੱਚ ਕਬੱਡੀ ਨੂੰ ਬਿਨਾਂ ਕਾਨੂੰਨਾਂ ਤੋਂ ਚਲਾ ਰਹੇ ਹਨ। ਪੈਸੇ ਅਤੇ ਹਥਿਆਰਾਂ ਦੇ ਜ਼ੋਰ ਉੱਤੇ ਹੌਲੀ-ਹੌਲੀ ਅਪਰਾਧੀ ਕਬੱਡੀ ਨਾਲ ਜੁੜ ਗਏ।"
ਕਬੱਡੀ ਵਿੱਚ ਨਸ਼ੇ ਦੀ ਐਂਟਰੀ ਬਾਰੇ ਰਿਟਾਇਰਡ ਪੁਲਿਸ ਅਧਿਕਾਰੀ ਗੁਰਿੰਦਰ ਸਿੰਘ ਢਿੱਲੋਂ ਇਸ ਗੱਲ ਉੱਤੇ ਵੀ ਅਫਸੋਸ ਜ਼ਾਹਿਰ ਕਰਦੇ ਹਨ ਕਿ ਕਬੱਡੀ ਖੇਡਣ ਤੋਂ ਪਹਿਲਾਂ ਖਿਡਾਰੀਆਂ ਦਾ ਕੋਈ ਡਰੱਗ ਟੈਸਟ ਨਹੀਂ ਹੁੰਦਾ।
ਕਿਵੇਂ ਸੁਧਰ ਸਕਦੀ ਕਬੱਡੀ ਦੀ ਤਸਵੀਰ?

ਤਸਵੀਰ ਸਰੋਤ, Getty Images
ਕਬੱਡੀ ਦੇ ਸਾਬਕਾ ਖਿਡਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਉੱਤੇ ਕਿਹਾ, “ਜੇ ਸਹੀ ਕਦਮ ਨਾ ਚੁੱਕੇ ਗਏ ਤਾਂ ਕਬੱਡੀ ਖਤਮ ਹੋ ਜਾਵੇਗੀ , ਨਵੇਂ ਖਿਡਾਰੀਆਂ ਨੂੰ ਮੌਕਾ ਦਿੱਤਾ ਜਾਵੇ, ਅਜਿਹੇ ਵੱਡੇ ਕੱਪ ਨਾ ਕਰਵਾਏ ਜਾਣ ਜਿੱਥੇ ਪੈਸੇ ਦਾ ਦਬਦਬਾ ਹੋਵੇ। ਛੋਟੀਆਂ ਟੀਮਾਂ ਨੂੰ ਖੇਡਣ ਦੇ ਮੌਕੇ ਦਿੱਤੇ ਜਾਣ, ਇਨਾਮ ਛੋਟੇ ਰੱਖੇ ਜਾਣ, ਖੇਡ ਉੱਤੇ ਧਿਆਨ ਦਿੱਤਾ ਜਾਵੇ, ਇਨਾਮ ਉੱਤੇ ਨਹੀਂ।"
ਖੇਡ ਪੱਤਰਕਾਰ ਜਗਰੂਪ ਸਿੰਘ ਮੰਨਦੇ ਹਨ ਕਿ ਜੇਕਰ ਕੋਈ ਸਰਕਾਰ ਪੰਜਾਬ ਵਿੱਚ ਕਬੱਡੀ ਦੀ ਤਸਵੀਰ ਨੂੰ ਸੁਧਾਰਨਾ ਚਾਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਪੰਜਾਬ ਸਰਕਾਰ ਸੂਬਾ ਪੱਧਰ ਉੱਤੇ ਪੰਜਾਬ ਸਟਾਈਲ ਕਬੱਡੀ ਨੂੰ ਪਛਾਣ ਦਵੇ। ਜ਼ਿਲ੍ਹਾ ਪੱਧਰ ਉੱਤੇ ਕਬੱਡੀ ਦੀਆਂ ਟੀਮਾਂ ਬਣਨ। ਫੇਰ ਰਾਸ਼ਟਰੀ ਪੱਧਰ ਉੱਤੇ ਇੱਕ ਪ੍ਰਬੰਧਕੀ ਢਾਂਚਾ ਪੰਜਾਬ ਸਟਾਈਲ ਕਬੱਡੀ ਦਾ ਤਿਆਰ ਕੀਤਾ ਜਾਵੇ।
"ਉਸਤੋਂ ਬਾਅਦ ਜਿਹੜੇ-ਜਿਹੜੇ ਦੇਸ਼ ਕਬੱਡੀ ਖੇਡਦੇ ਹਨ, ਉਹਨਾਂ ਦੇ ਮੈਂਬਰ ਲੈ ਕੇ ਅੰਤਰਰਾਸ਼ਟਰੀ ਪੱਧਰ ਦਾ ਪ੍ਰਬੰਧਕੀ ਢਾਂਚਾ ਤਿਆਰ ਕੀਤਾ ਜਾਵੇ। ਜਿੰਨਾ ਸਮਾਂ ਕਬੱਡੀ ਇੰਡੀਅਨ ਓਲੰਪਿਕ ਐਸੋਸੀਏਸ਼ਨ ਦੇ ਏਜੰਡੇ ਹੇਠ ਨਹੀਂ ਹੁੰਦੀ ਉਦੋਂ ਤੱਕ ਕਬੱਡੀ ਦੀ ਤਸਵੀਰ ਨਹੀਂ ਸੁਧਰ ਸਕਦੀ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












