ਬੋਂਡਾਈ ਬੀਚ ਹਮਲਾ: ਭਾਰਤ ਦੇ ਹੈਦਰਾਬਾਦ ਦਾ ਰਹਿਣ ਵਾਲਾ ਸੀ ਹਮਲਾਵਰ, ਤੇਲੰਗਾਨਾ ਪੁਲਿਸ ਨੇ ਹੋਰ ਕੀ ਖੁਲਾਸਾ ਕੀਤਾ?

ਬੋਂਡਾਈ ਬੀਚ 'ਤੇ ਮਾਰੇ ਗਏ ਲੋਕਾਂ ਦੇ ਪਰਿਵਾਰਕ ਮੇਂਬਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 14 ਦਸੰਬਰ ਨੂੰ ਸਿਡਨੀ ਦੇ ਬੋਂਡਾਈ ਬੀਚ 'ਤੇ ਮਾਰੇ ਗਏ ਲੋਕਾਂ ਦੇ ਪਰਿਵਾਰਕ ਮੇਂਬਰ

ਸਿਡਨੀ ਦੇ ਮਸ਼ਹੂਰ ਬੋਂਡਾਈ ਬੀਚ 'ਤੇ ਆਯੋਜਿਤ ਇੱਕ ਯਹੂਦੀ ਸਮਾਗਮ 'ਤੇ ਹੋਏ ਅੱਤਵਾਦੀ ਹਮਲੇ ਨੂੰ ਤਿੰਨ ਦਿਨ ਬੀਤ ਗਏ ਹਨ, ਪਰ ਇਸ ਨਾਲ ਜੁੜੇ ਬਹੁਤ ਸਾਰੇ ਸਵਾਲਾਂ ਦੇ ਜਵਾਬ ਅਜੇ ਵੀ ਨਹੀਂ ਮਿਲੇ ਹਨ।

ਫਿਲੀਪੀਨ ਬਿਊਰੋ ਆਫ਼ ਇਮੀਗ੍ਰੇਸ਼ਨ ਮੁਤਾਬਕ ਦੋਵੇਂ ਸ਼ੱਕੀ ਹਮਲਾਵਰ ਨਵੰਬਰ ਵਿੱਚ ਫਿਲੀਪੀਨਜ਼ ਪਹੁੰਚੇ ਸਨ। ਆਸਟ੍ਰੇਲੀਆਈ ਪੁਲਿਸ ਹੁਣ ਇਸ ਦਾਅਵੇ ਦੀ ਜਾਂਚ ਕਰ ਰਹੀ ਹੈ।

ਫਿਲੀਪੀਨ ਦੇ ਅਧਿਕਾਰੀਆਂ ਨੇ ਬੀਬੀਸੀ ਨੂੰ ਦੱਸਿਆ ਕਿ ਹਮਲਾਵਰਾਂ ਵਿੱਚੋਂ ਇੱਕ, ਸਾਜਿਦ ਅਕਰਮ, ਭਾਰਤੀ ਪਾਸਪੋਰਟ 'ਤੇ ਉਨ੍ਹਾਂ ਦੇ ਦੇਸ਼ ਆਇਆ ਸੀ, ਜਦੋਂ ਕਿ ਉਨ੍ਹਾਂ ਦਾ ਪੁੱਤਰ, ਨਵੀਦ, ਆਸਟ੍ਰੇਲੀਆਈ ਪਾਸਪੋਰਟ 'ਤੇ ਫਿਲੀਪੀਨਜ਼ ਆਇਆ ਸੀ।

ਫਿਲੀਪੀਨਜ਼ ਦੇ ਇਮੀਗ੍ਰੇਸ਼ਨ ਬਿਊਰੋ ਨੇ ਬੀਬੀਸੀ ਨੂੰ ਦੱਸਿਆ ਕਿ ਆਸਟ੍ਰੇਲੀਆ ਦੇ ਸਿਡਨੀ ਵਿੱਚ ਬੋਂਡਾਈ ਬੀਚ 'ਤੇ ਹਮਲਾ ਕਰਨ ਵਾਲੇ ਦੋ ਕਥਿਤ ਬੰਦੂਕਧਾਰੀ 1 ਨਵੰਬਰ ਨੂੰ ਫਿਲੀਪੀਨਜ਼ ਗਏ ਸਨ ਅਤੇ 28 ਨਵੰਬਰ ਨੂੰ ਵਾਪਸ ਆਏ ਸਨ। ਇਸ ਦੌਰਾਨ, ਤੇਲੰਗਾਨਾ ਪੁਲਿਸ ਨੇ 16 ਦਸੰਬਰ ਨੂੰ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਸਾਜਿਦ ਅਕਰਮ ਹੈਦਰਾਬਾਦ ਦਾ ਰਹਿਣ ਵਾਲਾ ਸੀ।

ਆਸਟ੍ਰੇਲੀਆਈ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼

ਇਮੀਗ੍ਰੇਸ਼ਨ ਬਿਊਰੋ ਦੇ ਬੁਲਾਰੇ ਡਾਨਾ ਸੈਂਡੋਵਾਲ ਦੇ ਮੁਤਾਬਕ, 50 ਸਾਲਾ ਸਾਜਿਦ ਅਕਰਮ ਨੇ ਭਾਰਤੀ ਪਾਸਪੋਰਟ 'ਤੇ ਯਾਤਰਾ ਕੀਤੀ, ਜਦੋਂ ਕਿ ਉਨ੍ਹਾਂ ਦਾ 24 ਸਾਲਾ ਪੁੱਤਰ ਨਵੀਦ ਆਸਟ੍ਰੇਲੀਆਈ ਪਾਸਪੋਰਟ ਦੀ ਵਰਤੋਂ ਕਰਦਾ ਸੀ।

ਸੈਂਡੋਵਾਲ ਨੇ ਕਿਹਾ ਕਿ ਦੋਵਾਂ (ਸ਼ੱਕੀ ਹਮਲਾਵਰਾਂ) ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਫਿਲੀਪੀਨਜ਼ ਦਾ ਦਾਵਾਓ ਉਨ੍ਹਾਂ ਦੀ ਆਖਰੀ ਮੰਜ਼ਿਲ ਹੋਵੇਗੀ ਅਤੇ ਫਿਰ ਉਹ ਆਸਟ੍ਰੇਲੀਆ ਦੇ ਸਿਡਨੀ ਵਾਪਸ ਆ ਜਾਣਗੇ।

ਤੇਲੰਗਾਨਾ ਪੁਲਿਸ ਨੇ ਕੀ ਕਿਹਾ?

ਬੋਂਡਾਈ ਬੀਚ 'ਤੇ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਭੇਟ ਕਰਦੀ ਹੋਈ ਭੀੜ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬੋਂਡਾਈ ਬੀਚ 'ਤੇ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਭੇਟ ਕਰਦੀ ਹੋਈ ਭੀੜ

ਇਸ ਦੌਰਾਨ, ਤੇਲੰਗਾਨਾ ਦੇ ਡੀਜੀਪੀ ਦਫ਼ਤਰ ਨੇ ਆਸਟ੍ਰੇਲੀਆ ਦੇ ਬੋਂਡਾਈ ਬੀਚ 'ਤੇ ਹੋਈ ਗੋਲੀਬਾਰੀ ਦੀ ਘਟਨਾ ਸਬੰਧੀ ਇੱਕ ਪ੍ਰੈਸ ਰਿਲੀਜ਼ ਜਾਰੀ ਕੀਤੀ ਹੈ।

ਤੇਲੰਗਾਨਾ ਪੁਲਿਸ ਦਾ ਕਹਿਣਾ ਹੈ ਕਿ ਅਕਰਮ ਮੂਲ ਰੂਪ ਵਿੱਚ ਦੱਖਣੀ ਭਾਰਤੀ ਸੂਬਾ ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ ਦਾ ਰਹਿਣ ਵਾਲਾ ਸੀ।

ਬੀਬੀਸੀ ਦੀ ਤੇਲਗੂ ਸਰਵਿਸ ਮੁਤਾਬਕ, ਇਹ ਬਿਆਨ ਹੈਦਰਾਬਾਦ ਸਥਿਤ ਸਾਰੇ ਮੀਡੀਆ ਸੰਗਠਨਾਂ ਨਾਲ ਸਾਂਝਾ ਕੀਤਾ ਗਿਆ ਹੈ।

ਬੀਬੀਸੀ ਤੇਲਗੂ ਦੇ ਪੱਤਰਕਾਰ ਬੱਲਾ ਸਤੀਸ਼ ਦੇ ਮੁਤਾਬਕ, ਤੇਲੰਗਾਨਾ ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ, "ਭਾਰਤ ਵਿੱਚ ਉਨ੍ਹਾਂ ਦੇ ਰਿਸ਼ਤੇਦਾਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ, ਸਾਜਿਦ ਅਕਰਮ ਦਾ ਪਿਛਲੇ 27 ਸਾਲਾਂ ਤੋਂ ਹੈਦਰਾਬਾਦ ਵਿੱਚ ਆਪਣੇ ਪਰਿਵਾਰ ਨਾਲ ਸੀਮਤ ਸੰਪਰਕ ਸੀ। ਆਸਟ੍ਰੇਲੀਆ ਜਾਣ ਤੋਂ ਬਾਅਦ, ਉਹ ਜਾਇਦਾਦ ਨਾਲ ਸਬੰਧਤ ਮਾਮਲਿਆਂ ਅਤੇ ਆਪਣੇ ਬਜ਼ੁਰਗ ਮਾਪਿਆਂ ਨੂੰ ਮਿਲਣ ਲਈ ਛੇ ਵਾਰ ਭਾਰਤ ਆਇਆ। ਇਹ ਕਿਹਾ ਜਾ ਰਿਹਾ ਹੈ ਕਿ ਉਹ ਆਪਣੇ ਪਿਤਾ ਦੀ ਮੌਤ ਦੇ ਸਮੇਂ ਵੀ ਭਾਰਤ ਨਹੀਂ ਆਇਆ ਸੀ।"

ਪੁਲਿਸ ਅਨੁਸਾਰ, ਅਕਰਮ 1998 ਵਿੱਚ ਰੁਜ਼ਗਾਰ ਦੀ ਭਾਲ ਵਿੱਚ ਆਸਟ੍ਰੇਲੀਆ ਗਿਆ ਸੀ, ਬਾਅਦ ਵਿੱਚ ਉਨ੍ਹਾਂ ਦਾ ਵਿਆਹ ਹੋ ਗਿਆ ਅਤੇ ਉੱਥੇ ਹੀ ਪੱਕੇ ਤੌਰ 'ਤੇ ਵਸ ਗਏ।

ਪੁਲਿਸ ਨੇ ਕਿਹਾ, "ਪਰਿਵਾਰ ਦੇ ਮੈਂਬਰਾਂ ਨੇ ਉਨ੍ਹਾਂ ਦੀ ਕੱਟੜਪੰਥੀ ਸੋਚ ਜਾਂ ਗਤੀਵਿਧੀਆਂ, ਜਾਂ ਉਨ੍ਹਾਂ ਦੇ ਕੱਟੜਪੰਥੀ ਬਣਨ ਦੇ ਕਾਰਨਾਂ ਬਾਰੇ ਕੋਈ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ ਹੈ।"

ਤੇਲੰਗਾਨਾ ਪੁਲਿਸ ਕੋਲ ਸਾਜਿਦ ਅਕਰਮ ਦੇ 1998 ਵਿੱਚ ਆਸਟ੍ਰੇਲੀਆ ਜਾਣ ਤੋਂ ਪਹਿਲਾਂ ਦਾ ਕੋਈ ਵੀ ਮਾੜਾ ਰਿਕਾਰਡ ਨਹੀਂ ਹੈ।

ਆਸਟ੍ਰੇਲੀਆਈ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਅਕਰਮ ਐਤਵਾਰ ਨੂੰ ਹੋਏ ਹਮਲੇ ਵਾਲੀ ਥਾਂ 'ਤੇ ਮ੍ਰਿਤਕ ਪਾਇਆ ਗਿਆ ਸੀ।

ਦੂਜੇ ਹਮਲਾਵਰ (ਉਨ੍ਹਾਂ ਦਾ 24 ਸਾਲਾ ਪੁੱਤਰ ਨਵੀਦ ਅਕਰਮ) ਦੇ ਹਸਪਤਾਲ ਵਿੱਚ ਹੈ। ਉਨ੍ਹਾਂ ਦੇ ਕੋਮਾ ਤੋਂ ਬਾਹਰ ਆਉਣ ਤੋਂ ਬਾਅਦ ਹੋਸ਼ ਵਿੱਚ ਆਉਣ ਦੀ ਖ਼ਬਰ ਹੈ।

'ਇਸਲਾਮਿਕ ਸਟੇਟ ਦੀ ਵਿਚਾਰਧਾਰਾ ਤੋਂ ਪ੍ਰੇਰਿਤ'

ਬੋਂਡਾਈ ਬੀਚ 'ਤੇ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਭੇਟ ਕਰਦੀ ਹੋਈ ਇੱਕ ਮਹਿਲਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬੋਂਡਾਈ ਬੀਚ ਹਮਲੇ ਵਿੱਚ 10 ਸਾਲ ਦੀ ਕੁੜੀ ਮਾਟਿਲਡਾ ਦੀ ਮੌਤ ਹੋ ਗਈ ਸੀ

ਆਸਟ੍ਰੇਲੀਆਈ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਦੇ ਦਫ਼ਤਰ ਨੇ ਅਲਬਾਨੀਜ਼ ਦੁਆਰਾ ਏਬੀਸੀ ਸਿਡਨੀ ਨੂੰ ਦਿੱਤੇ ਗਏ ਇੱਕ ਰੇਡੀਓ ਇੰਟਰਵਿਊ ਦੀਆਂ ਕੁਝ ਲਾਈਨਾਂ ਸਾਂਝੀਆਂ ਕੀਤੀਆਂ ਹਨ।

ਐਂਥਨੀ ਅਲਬਾਨੀਜ਼ ਨੇ ਇਸ ਇੰਟਰਵਿਊ ਵਿੱਚ ਕਿਹਾ "ਇੰਝ ਲੱਗਦਾ ਹੈ ਕਿ ਇਹ ਹਮਲਾ ਇਸਲਾਮਿਕ ਸਟੇਟ ਦੀ ਵਿਚਾਰਧਾਰਾ ਤੋਂ ਪ੍ਰੇਰਿਤ ਸੀ।"

ਅਲਬਾਨੀਜ਼ ਨੇ ਅੱਗੇ ਕਿਹਾ "ਇਹ ਉਹੀ ਵਿਚਾਰਧਾਰਾ ਹੈ ਜੋ ਕਿ ਕਈਂ ਸਾਲਾਂ ਤੋਂ ਮੌਜੂਦ ਹੈ। ਨਫ਼ਰਤ ਨੇ ਇਸ ਵਿਚਾਰ ਨੂੰ ਜਨਮ ਦਿੱਤਾ ਹੈ ਅਤੇ, ਇਸ ਮਾਮਲੇ ਵਿੱਚ, ਸਮੂਹਿਕ ਕਤਲੇਆਮ ਦੀ ਸਾਜਿਸ਼ ਨੂੰ।"

ਉਨ੍ਹਾਂ ਨੇ ਹਮਲੇ ਨੂੰ "ਸਟੀਕ, ਯੋਜਨਾਬੱਧ ਅਤੇ ਬੇਰਹਿਮ" ਦੱਸਿਆ।

ਆਸਟ੍ਰੇਲੀਆ ਨੇ 2014 ਵਿੱਚ ਅਖੌਤੀ ਇਸਲਾਮਿਕ ਸਟੇਟ ਨੂੰ ਇੱਕ ਅੱਤਵਾਦੀ ਸੰਗਠਨ ਵਜੋਂ ਪਛਾਣਿਆ ਸੀ ਅਤੇ ਉਸ 'ਤੇ ਪਾਬੰਦੀ ਲਗਾਈ ਸੀ।

ਪੁਲਿਸ ਕਮਿਸ਼ਨਰ ਮੇਲ ਲੈਨਿਯਨ ਨੇ ਕਿਹਾ ਕਿ ਸਾਜ਼ਿਸ਼ਕਰਤਾਵਾਂ ਦੇ ਵਾਹਨ ਤੋਂ ਇੱਕ ਕਥਿਤ ਇਸਲਾਮਿਕ ਸਟੇਟ ਦਾ ਝੰਡਾ ਵੀ ਬਰਾਮਦ ਕੀਤਾ ਗਿਆ ਹੈ।

ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਹ ਨਫ਼ਰਤ ਭਰੇ ਭਾਸ਼ਣਾਂ ਨੂੰ ਰੋਕਣ ਲਈ ਕੀ ਕਰ ਰਹੇ ਹਨ, ਤਾਂ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਪਹਿਲਾਂ ਇਸ ਨੂੰ ਗੈਰ-ਕਾਨੂੰਨੀ ਬਣਾਉਣ ਲਈ ਸੰਸਦ ਵਿੱਚ ਇੱਕ ਬਿੱਲ ਲਿਆਏਗੀ।

ਅਲਬਾਨੀਜ਼ ਨੇ ਕਿਹਾ ਕਿ ਜਾਂਚ ਵਿੱਚ ਹੁਣ ਤੱਕ ਇਕੱਠੀ ਕੀਤੀ ਗਈ ਸਾਰੀ ਜਾਣਕਾਰੀ ਦਰਸਾਉਂਦੀ ਹੈ ਕਿ ਦੋਵੇਂ ਬੰਦੂਕਧਾਰੀਆਂ ਨੇ ਇਕੱਲੇ ਹੀ ਇਹ ਕਾਰਵਾਈ ਕੀਤੀ ਸੀ।

ਐਤਵਾਰ ਨੂੰ ਸਿਡਨੀ ਦੇ ਬੋਂਡਾਈ ਬੀਚ 'ਤੇ ਯਹੂਦੀ ਭਾਈਚਾਰੇ ਦੇ ਮੈਂਬਰਾਂ 'ਤੇ ਹੋਏ ਹਮਲੇ ਵਿੱਚ ਪੰਦਰਾਂ ਲੋਕਾਂ ਦੀ ਮੌਤ ਹੋ ਗਈ ਹੈ।

ਪੁਲਿਸ ਕਮਿਸ਼ਨਰ ਮੇਲ ਲੈਨਿਯਨ ਨੇ ਹੁਣ ਹੋਰ ਵੇਰਵੇ ਦਿੰਦੇ ਹੋਏ ਕਿਹਾ ਕਿ ਦੋਵੇਂ ਹਮਲਾਵਰ ਹਾਲ ਹੀ ਵਿੱਚ ਫਿਲੀਪੀਨਜ਼ ਗਏ ਸਨ।

ਉਨ੍ਹਾਂ ਕਿਹਾ, "ਉਹ ਉੱਥੇ ਕਿਉਂ ਗਏ, ਉਨ੍ਹਾਂ ਦਾ ਮਕਸਦ ਕੀ ਸੀ ਅਤੇ ਉੱਥੇ ਪਹੁੰਚਣ ਤੋਂ ਬਾਅਦ ਉਹ ਕਿੱਥੇ ਗਏ, ਇਹ ਸਭ ਇਸ ਵੇਲੇ ਜਾਂਚ ਅਧੀਨ ਹੈ।"

'ਹਥਿਆਰ ਲਾਇਸੈਂਸੀ ਸੀ'

ਸਿਡਨੀ ਦੇ ਬੋਂਡਾਈ ਬੀਚ 'ਤੇ ਮਾਰੇ ਗਏ ਲੋਕਾਂ ਨੂੰ ਫੁੱਲ ਭੇਟ ਕਰਦੇ ਲੋਕ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਕਿਹਾ ਹੈ ਕਿ ਹਮਲੇ ਦਾ ਜਵਾਬ ਦੇਣ ਲਈ ਸਾਰੇ ਜ਼ਰੂਰੀ ਸਰੋਤਾਂ ਦੀ ਵਰਤੋਂ ਕੀਤੀ ਜਾਵੇਗੀ

ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਸੂਬੇ ਦੇ ਪੁਲਿਸ ਕਮਿਸ਼ਨਰ, ਮੇਲ ਲੈਨਨ ਨੇ ਸੋਮਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਸਾਜਿਦ ਅਕਰਮ ਕੋਲ ਸ਼ਿਕਾਰ ਕਰਨ ਲਈ ਹਥਿਆਰਾਂ ਦਾ ਲਾਇਸੈਂਸ ਸੀ ਅਤੇ ਉਹ ਇੱਕ ਗੰਨ ਕਲੱਬ ਦਾ ਮੈਂਬਰ ਵੀ ਸੀ।

ਇੱਕ ਸੀਨੀਅਰ ਅਧਿਕਾਰੀ ਨੇ ਆਸਟ੍ਰੇਲੀਆਈ ਪ੍ਰਸਾਰਕ ਏਬੀਸੀ ਨਿਊਜ਼ ਨੂੰ ਦੱਸਿਆ ਕਿ ਬੋਂਡਾਈ ਬੀਚ 'ਤੇ ਹਮਲਾ ਕਰਨ ਵਾਲੇ ਹਮਲਾਵਰਾਂ ਦੀ ਕਾਰ ਵਿੱਚੋਂ ਇਸਲਾਮਿਕ ਸਟੇਟ (ਆਈਐਸ) ਦੇ ਦੋ ਝੰਡੇ ਮਿਲੇ ਹਨ।

ਆਸਟ੍ਰੇਲੀਆ ਦੇ ਗ੍ਰਹਿ ਮੰਤਰੀ ਟੋਨੀ ਬਰਕ ਦੇ ਅਨੁਸਾਰ, ਸਾਜਿਦ ਅਕਰਮ 1998 ਵਿੱਚ ਵਿਦਿਆਰਥੀ ਵੀਜ਼ੇ 'ਤੇ ਆਸਟ੍ਰੇਲੀਆ ਆਇਆ ਸੀ। 2001 ਵਿੱਚ, ਉਨ੍ਹਾਂ ਦੇ ਵੀਜ਼ੇ ਨੂੰ ਪਾਰਟਨਰ ਵੀਜ਼ੇ ਵਿੱਚ ਬਦਲ ਦਿੱਤਾ ਗਿਆ ਸੀ, ਅਤੇ ਬਾਅਦ ਵਿੱਚ ਉਨ੍ਹਾਂ ਨੂੰ ਰੈਜ਼ੀਡੈਂਟ ਰਿਟਰਨ ਵੀਜ਼ਾ ਦਿੱਤਾ ਗਿਆ ਸੀ।

ਬੋਂਡਾਈ ਬੀਚ ਹਮਲੇ ਬਾਰੇ ਹੁਣ ਤੱਕ ਕੀ-ਕੀ ਪਤਾ ਹੈ?

ਕ੍ਰਿਸ ਮਿੰਸ

ਤਸਵੀਰ ਸਰੋਤ, EPA/Shutterstock

ਤਸਵੀਰ ਕੈਪਸ਼ਨ, ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਕ੍ਰਿਸ ਮਿੰਸ ਘਟਨਾ ਦੀ ਜਾਂਚ ਬਾਰੇ ਅਪਡੇਟ ਦਿੰਦੇ ਹੋਏ
  • ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਕ੍ਰਿਸ ਮਿੰਸ ਨੇ ਪੁਸ਼ਟੀ ਕੀਤੀ ਹੈ ਕਿ 10 ਸਾਲ ਦੀ ਇੱਕ ਬੱਚੀ ਸਮੇਤ 15 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਹਮਲਾਵਰਾਂ ਵਿੱਚੋਂ ਵੀ ਇੱਕ ਦੀ ਮੌਤ ਹੋਈ ਹੈ।
  • ਪੁਲਿਸ ਕਮਿਸ਼ਨਰ ਮੇਲ ਲੈਨਿਯਨ ਨੇ ਕਿਹਾ ਕਿ ਦੋਵੇਂ ਬੰਦੂਕਧਾਰੀ ਇੱਕ 50 ਸਾਲਾ ਪਿਤਾ ਅਤੇ ਉਨ੍ਹਾਂ ਦਾ 24 ਸਾਲਾ ਪੁੱਤਰ ਸਨ।
  • ਪੁਲਿਸ ਵੱਲੋਂ ਗੋਲੀ ਮਾਰਨ ਤੋਂ ਬਾਅਦ 50 ਸਾਲਾ ਹਮਲਾਵਰ ਦੀ ਮੌਤ ਹੋ ਗਈ, ਜਦੋਂ ਕਿ 24 ਸਾਲਾ ਹਮਲਾਵਰ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
  • ਕੁੱਲ 42 ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿਨ੍ਹਾਂ ਵਿੱਚ ਮੌਕੇ 'ਤੇ ਤਾਇਨਾਤ ਪੁਲਿਸ ਅਧਿਕਾਰੀ ਵੀ ਸ਼ਾਮਲ ਸਨ।
  • ਪੁਲਿਸ ਦਾ ਕਹਿਣਾ ਹੈ ਕਿ 50 ਸਾਲਾ ਹਮਲਾਵਰ ਕੋਲ ਹਥਿਆਰਾਂ ਦਾ ਜਾਇਜ਼ ਲਾਇਸੈਂਸ ਸੀ। ਉਨ੍ਹਾਂ ਦੇ ਨਾਮ 'ਤੇ ਛੇ ਹਥਿਆਰ ਰਜਿਸਟਰਡ ਸਨ, ਅਤੇ ਬੋਂਡਾਈ ਬੀਚ ਤੋਂ ਛੇ ਹਥਿਆਰ ਬਰਾਮਦ ਕੀਤੇ ਗਏ ਸਨ।
  • ਮੌਕੇ 'ਤੇ 'ਦੋ ਸਰਗਰਮ ਵਿਸਫੋਟਕ' ਮਿਲੇ ਸਨ, ਜਿਨ੍ਹਾਂ ਨੂੰ ਬਾਅਦ ਵਿੱਚ ਪੁਲਿਸ ਨੇ ਬਰਾਮਦ ਕਰ ਲਿਆ।
  • ਅਧਿਕਾਰੀਆਂ ਨੇ ਰਾਤ ਭਰ ਪੱਛਮੀ ਸਿਡਨੀ ਦੇ ਕੈਂਪਸੀ ਅਤੇ ਬੋਨੀਰਿਗ ਖੇਤਰਾਂ ਵਿੱਚ ਦੋ ਜਾਇਦਾਦਾਂ ਦੀ ਤਲਾਸ਼ੀ ਲਈ।
  • ਪੁਲਿਸ ਨੇ ਇਹ ਵੀ ਕਿਹਾ ਕਿ ਸਿਡਨੀ ਵਿੱਚ ਯਹੂਦੀ ਭਾਈਚਾਰੇ ਨੂੰ ਵਾਧੂ ਸੁਰੱਖਿਆ ਅਤੇ ਸਹਾਇਤਾ ਪ੍ਰਦਾਨ ਕਰਨ ਲਈ 328 ਪੁਲਿਸ ਅਧਿਕਾਰੀ ਤਾਇਨਾਤ ਕੀਤੇ ਗਏ ਹਨ।
  • ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਕਿਹਾ ਹੈ ਕਿ ਹਮਲੇ ਦਾ ਜਵਾਬ ਦੇਣ ਲਈ ਸਾਰੇ ਜ਼ਰੂਰੀ ਸਰੋਤਾਂ ਦੀ ਵਰਤੋਂ ਕੀਤੀ ਜਾਵੇਗੀ। ਉਨ੍ਹਾਂ ਨੇ ਆਸਟ੍ਰੇਲੀਆਈ ਸਮਾਜ ਵਿੱਚੋਂ ਯਹੂਦੀ ਵਿਰੋਧੀ ਭਾਵਨਾ ਨੂੰ "ਜੜ੍ਹੋਂ ਪੁੱਟਣ" ਦਾ ਵੀ ਵਾਅਦਾ ਕੀਤਾ ਹੈ।
ਇਹ ਵੀ ਪੜ੍ਹੋ:

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)