ਸਿਡਨੀ ਬੋਂਡਾਈ ਬੀਚ ਹਮਲਾ: ਹਮਲਾਵਰ ਤੋਂ ਬੰਦੂਕ ਖੋਹਣ ਤੇ ਉਸ ਨੂੰ ਪਿੱਛੇ ਹਟਣ ਲਈ ਮਜਬੂਰ ਕਰਨ ਵਾਲਾ ਸ਼ਖ਼ਸ ਕੌਣ ਹੈ

ਅਹਿਮਦ ਅਲ ਅਹਿਮਦ
ਤਸਵੀਰ ਕੈਪਸ਼ਨ, ਐਤਵਾਰ ਰਾਤ ਬੋਂਡਾਈ ਬੀਚ 'ਤੇ ਹੋਈ ਗੋਲ਼ੀਬਾਰੀ ਵਿੱਚ 15 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖ਼ਮੀ ਹੋਏ ਹਨ
    • ਲੇਖਕ, ਐਮਿਲੀ ਐਟਕਿਨਸਨ
    • ਰੋਲ, ਬੀਬੀਸੀ

ਆਸਟ੍ਰੇਲੀਆ ਦੇ ਸਿਡਨੀ ਵਿੱਚ ਬੋਂਡਾਈ ਬੀਚ 'ਤੇ ਹੋਏ ਹਮਲੇ ਦੌਰਾਨ ਇੱਕ ਹਮਲਾਵਰ ਤੋਂ ਬੰਦੂਕ ਖੋਹੰਦੇ ਹੋਏ ਕੈਮਰੇ ਵਿੱਚ ਕੈਦ ਹੋਏ 'ਹੀਰੋ' ਦੀ ਪਛਾਣ 43 ਸਾਲਾ ਅਹਿਮਦ ਅਲ ਅਹਿਮਦ ਵਜੋਂ ਹੋਈ ਹੈ।

ਬੀਬੀਸੀ ਵੱਲੋਂ ਵੈਰੀਫ਼ਾਈ ਕੀਤੇ ਗਏ ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਅਹਿਮਦ ਬੰਦੂਕਧਾਰੀ ਵੱਲ ਦੌੜਦੇ ਹਨ, ਉਸ ਤੋਂ ਹਥਿਆਰ ਖੋਹ ਲੈਂਦੇ ਹਨ ਅਤੇ ਫਿਰ ਬੰਦੂਕ ਉਸ ਵੱਲ ਘੁਮਾ ਦਿੰਦੇ ਹਨ, ਜਿਸ ਨਾਲ ਹਮਲਾਵਰ ਪਿੱਛੇ ਹਟਣ ਲਈ ਮਜਬੂਰ ਹੋ ਜਾਂਦਾ ਹੈ।

ਅਹਿਮਦ ਦੋ ਬੱਚਿਆਂ ਦੇ ਪਿਤਾ ਹਨ ਅਤੇ ਉਹ ਫਲਾਂ ਦੀ ਇੱਕ ਦੁਕਾਨ ਚਲਾਉਂਦੇ ਹਨ।

ਉਹ ਇਸ ਵੇਲੇ ਹਸਪਤਾਲ ਵਿੱਚ ਦਾਖ਼ਲ ਹਨ।

ਉਨ੍ਹਾਂ ਦੇ ਪਰਿਵਾਰ ਨੇ '7ਨਿਊਜ਼ ਆਸਟ੍ਰੇਲੀਆ' ਨੂੰ ਦੱਸਿਆ ਕਿ ਬਾਂਹ ਅਤੇ ਹੱਥ ਵਿੱਚ ਗੋਲ਼ੀ ਲੱਗਣ ਕਾਰਨ ਉਨ੍ਹਾਂ ਦੀ ਸਰਜਰੀ ਹੋਈ ਹੈ।

ਐਤਵਾਰ ਰਾਤ ਹੋਈ ਇਸ ਗੋਲ਼ੀਬਾਰੀ ਵਿੱਚ 15 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋਏ ਹਨ।

ਇਹ ਹਮਲਾ ਉਸ ਸਮੇਂ ਹੋਇਆ, ਜਦੋਂ ਹਨੂਕਾਹ ਦੇ ਜਸ਼ਨ ਲਈ ਇੱਕ ਹਜ਼ਾਰ ਤੋਂ ਵੱਧ ਲੋਕ ਇੱਕ ਸਮਾਗਮ ਵਿੱਚ ਮੌਜੂਦ ਸਨ।

ਪੁਲਿਸ ਨੇ ਇਸ ਨੂੰ ਯਹੂਦੀ ਭਾਈਚਾਰੇ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ 'ਅੱਤਵਾਦੀ ਹਮਲਾ' ਦੱਸਿਆ ਹੈ।

ਹਨੂਕਾਹ ਯਹੂਦੀਆਂ ਦਾ ਸਾਲਾਨਾ ਤਿਉਹਾਰ ਹੈ।

'ਉਹ ਹੀਰੋ ਹਨ, ਉਨ੍ਹਾਂ ਨੂੰ ਦੋ ਗੋਲੀਆਂ ਲੱਗੀਆਂ'

ਅਹਿਮਦ ਅਲ ਅਹਿਮਦ
ਤਸਵੀਰ ਕੈਪਸ਼ਨ, ਇਸ ਦੌਰਾਨ ਹਮਲਾਵਰ ਤੋਂ ਬੰਦੂਕ ਖੋਹੰਦੇ ਹੋਏ ਕੈਮਰੇ ਵਿੱਚ ਕੈਦ ਹੋਏ 'ਹੀਰੋ' ਦੀ ਪਛਾਣ 43 ਸਾਲਾ ਅਹਿਮਦ ਅਲ ਅਹਿਮਦ ਵਜੋਂ ਹੋਈ ਹੈ

ਅਹਿਮਦ ਦੇ ਚਚੇਰੇ ਭਰਾ ਮੁਸਤਫ਼ਾ ਨੇ ਐਤਵਾਰ ਦੇਰ ਰਾਤ '7ਨਿਊਜ਼ ਆਸਟ੍ਰੇਲੀਆ' ਨੂੰ ਕਿਹਾ, "ਉਹ ਇੱਕ ਹੀਰੋ ਹਨ, 100% ਹੀਰੋ ਹਨ। ਉਨ੍ਹਾਂ ਨੂੰ ਦੋ ਗੋਲ਼ੀਆਂ ਲੱਗੀਆਂ ਹਨ, ਇੱਕ ਉਨ੍ਹਾਂ ਦੀ ਬਾਂਹ ਵਿੱਚ ਅਤੇ ਇੱਕ ਉਨ੍ਹਾਂ ਦੇ ਹੱਥ ਵਿੱਚ।"

ਸੋਮਵਾਰ ਤੜਕੇ ਦਿੱਤੇ ਗਏ ਅਪਡੇਟ ਵਿੱਚ ਮੁਸਤਫ਼ਾ ਨੇ ਕਿਹਾ, "ਮੈਨੂੰ ਉਮੀਦ ਹੈ ਕਿ ਉਹ ਠੀਕ ਹੋ ਜਾਣਗੇ। ਮੈਂ ਉਨ੍ਹਾਂ ਨੂੰ ਕੱਲ੍ਹ ਰਾਤ ਵੇਖਿਆ ਸੀ। ਉਹ ਠੀਕ ਸਨ, ਪਰ ਅਸੀਂ ਡਾਕਟਰ ਦੇ ਅਪਡੇਟ ਦਾ ਇੰਤਜ਼ਾਰ ਕਰ ਰਹੇ ਹਾਂ।"

ਪੁਲਿਸ ਦਾ ਕਹਿਣਾ ਹੈ ਕਿ ਇਸ ਘਟਨਾ ਵਿੱਚ ਸ਼ਾਮਲ ਦੋ ਹਮਲਾਵਰ ਆਪਸ 'ਚ ਪਿਤਾ ਅਤੇ ਪੁੱਤਰ ਸਨ, ਜਿਨ੍ਹਾਂ ਦੀ ਉਮਰ 50 ਅਤੇ 24 ਸਾਲ ਹੈ।

ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ 50 ਸਾਲ ਦੇ ਹਮਲਾਵਰ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ 24 ਸਾਲਾ ਨੌਜਵਾਨ ਹਮਲਾਵਰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਦਾਖ਼ਲ ਹੈ।

ਵਾਇਰਲ ਵੀਡੀਓ ਵਿੱਚ ਕੀ ਨਜ਼ਰ ਆਇਆ

ਅਹਿਮਦ ਅਲ ਅਹਿਮਦ
ਤਸਵੀਰ ਕੈਪਸ਼ਨ, ਇਸ ਪੂਰੇ ਘਟਨਾਕ੍ਰਮ ਵਿੱਚ ਅਹਿਮਦ ਨੂੰ ਦੋ ਗੋਲ਼ੀਆਂ ਲੱਗੀਆਂ ਹਨ, ਉਹ ਹਸਪਤਾਲ ਵਿੱਚ ਹਨ ਅਤੇ ਉਨ੍ਹਾਂ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ

ਹਮਲਾਵਰ ਤੋਂ ਬੰਦੂਕ ਖੋਹਣ ਵਾਲਾ ਅਹਿਮਦ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਬਹੁਤ ਜ਼ਿਆਦਾ ਸ਼ੇਅਰ ਕੀਤਾ ਗਿਆ ਹੈ।

ਇਸ ਵਿੱਚ ਨਜ਼ਰ ਆ ਰਿਹਾ ਹੈ ਕਿ ਇੱਕ ਛੋਟੇ ਪੈਦਲ ਪੁਲ ਦੇ ਕੋਲ ਇੱਕ ਹਮਲਾਵਰ ਤਾੜ ਦੇ ਦਰੱਖ਼ਤ ਪਿੱਛੇ ਖੜ੍ਹਾ ਹੋ ਕੇ ਗੋਲ਼ੀਆਂ ਚਲਾ ਰਿਹਾ ਹੈ। ਹਮਲਾਵਰ ਜਿਸ ਦਿਸ਼ਾ ਵੱਲ ਗੋਲ਼ੀਆਂ ਚਲਾ ਰਿਹਾ ਸੀ, ਉਹ ਕੈਮਰੇ ਦੇ ਫ੍ਰੇਮ ਤੋਂ ਬਾਹਰ ਹੈ।

ਅਹਿਮਦ ਇੱਕ ਖੜ੍ਹੀ ਕਾਰ ਦੇ ਪਿੱਛੇ ਲੁਕੇ ਹੋਏ ਸਨ। ਇਸ ਤੋਂ ਬਾਅਦ ਉਹ ਹਮਲਾਵਰ 'ਤੇ ਝਪੱਟਾ ਮਾਰਦੇ ਹੋਏ ਦਿਖਾਈ ਦਿੰਦੇ ਹਨ ਅਤੇ ਉਸ ਨੂੰ ਫੜ੍ਹ ਲੈਂਦੇ ਹਨ।

ਉਹ ਹਮਲਾਵਰ ਤੋਂ ਬੰਦੂਕ ਖੋਹਣ ਵਿੱਚ ਕਾਮਯਾਬ ਹੋ ਜਾਂਦੇ ਹਨ, ਉਸ ਨੂੰ ਜ਼ਮੀਨ 'ਤੇ ਧੱਕ ਦਿੰਦੇ ਹਨ ਅਤੇ ਬੰਦੂਕ ਉਸ ਵੱਲ ਹੀ ਤਾਣ ਦਿੰਦੇ ਹਨ। ਇਸ ਤੋਂ ਬਾਅਦ ਹਮਲਾਵਰ ਪਿੱਛੇ ਵੱਲ ਪੁਲ ਵਾਲੇ ਪਾਸੇ ਹਟਣ ਲੱਗ ਪੈਂਦਾ ਹੈ।

ਫਿਰ ਅਹਿਮਦ ਹਥਿਆਰ ਹੇਠਾਂ ਕਰ ਦਿੰਦੇ ਹਨ ਅਤੇ ਇੱਕ ਹੱਥ ਹਵਾ ਵਿੱਚ ਚੁੱਕ ਲੈਂਦੇ ਹਨ, ਜਿਸ ਨਾਲ ਅਜਿਹਾ ਲੱਗਦਾ ਹੈ ਕਿ ਉਹ ਪੁਲਿਸ ਨੂੰ ਦਿਖਾਉਣਾ ਚਾਹੁੰਦੇ ਹਨ ਕਿ ਉਹ ਹਮਲਾਵਰਾਂ ਵਿੱਚੋਂ ਨਹੀਂ ਹਨ।

ਬਾਅਦ ਵਿੱਚ ਉਹੀ ਹਮਲਾਵਰ ਪੁਲ 'ਤੇ ਇੱਕ ਹੋਰ ਹਥਿਆਰ ਚੁੱਕਦੇ ਹੋਏ ਅਤੇ ਮੁੜ ਗੋਲ਼ੀਬਾਰੀ ਕਰਦੇ ਹੋਏ ਦਿਖਾਈ ਦਿੰਦਾ ਹੈ।

ਇੱਕ ਦੂਜਾ ਬੰਦੂਕਧਾਰੀ ਵੀ ਪੁਲ ਤੋਂ ਗੋਲ਼ੀਆਂ ਚਲਾਉਂਦਾ ਰਹਿੰਦਾ ਹੈ। ਵੀਡੀਓ ਵਿੱਚ ਇਹ ਸਾਫ਼ ਨਹੀਂ ਹੈ ਕਿ ਹਮਲਾਵਰ ਕਿਸ 'ਤੇ ਜਾਂ ਕਿਸ ਦਿਸ਼ਾ ਵਿੱਚ ਗੋਲ਼ੀਆਂ ਚਲਾ ਰਹੇ ਸਨ।

ਇਹ ਵੀ ਪੜ੍ਹੋ-

ਅਲਬਨੀਜ਼ ਅਤੇ ਟਰੰਪ ਨੇ ਕੀਤੀ ਅਹਿਮਦ ਦੀ ਪ੍ਰਸ਼ੰਸਾ

ਐਤਵਾਰ ਦੇਰ ਰਾਤ ਹੋਈ ਇੱਕ ਪ੍ਰੈਸ ਕਾਨਫਰੰਸ ਵਿੱਚ ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਕ੍ਰਿਸ ਮਿੰਸ ਨੇ ਅਹਿਮਦ ਦੀ ਬਹਾਦੁਰੀ ਨੂੰ ਸਲਾਮ ਕੀਤਾ। ਉਸ ਸਮੇਂ ਅਹਿਮਦ ਦਾ ਨਾਮ ਜਨਤਕ ਨਹੀਂ ਕੀਤਾ ਗਿਆ ਸੀ।

ਉਨ੍ਹਾਂ ਕਿਹਾ, "ਉਹ ਇੱਕ ਸੱਚੇ ਹੀਰੋ ਹਨ, ਅਤੇ ਮੈਨੂੰ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਉਨ੍ਹਾਂ ਦੀ ਬਹਾਦੁਰੀ ਕਾਰਨ ਅੱਜ ਰਾਤ ਬਹੁਤ ਸਾਰੇ ਲੋਕ ਜ਼ਿੰਦਾ ਹਨ।"

ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਕਿਹਾ, "ਅੱਜ ਅਸੀਂ ਦੇਖਿਆ ਕਿ ਆਸਟ੍ਰੇਲੀਆਈ ਲੋਕਾਂ ਨੇ ਦੂਜਿਆਂ ਦੀ ਮਦਦ ਲਈ ਆਪਣੇ ਆਪ ਨੂੰ ਖ਼ਤਰੇ ਵਿੱਚ ਪਾ ਲਿਆ। ਇਹ ਆਸਟ੍ਰੇਲੀਆਈ ਹੀਰੋ ਹਨ, ਅਤੇ ਉਨ੍ਹਾਂ ਦੀ ਬਹਾਦੁਰੀ ਨੇ ਜਾਨਾਂ ਬਚਾਈਆਂ ਹਨ।"

ਵਾਈਟ ਹਾਊਸ ਵਿੱਚ ਕ੍ਰਿਸਮਸ ਰਿਸੈਪਸ਼ਨ ਦੌਰਾਨ ਬੋਲਦੇ ਹੋਏ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਵੀ ਅਹਿਮਦ ਦੀ ਤਾਰੀਫ਼ ਕੀਤੀ ਅਤੇ ਕਿਹਾ ਕਿ ਉਨ੍ਹਾਂ ਦੇ ਮਨ ਵਿੱਚ ਅਹਿਮਦ ਲਈ "ਬਹੁਤ ਆਦਰ" ਹੈ।

ਉਨ੍ਹਾਂ ਕਿਹਾ, "ਉਹ ਵਾਕਈ ਇੱਕ ਬਹੁਤ, ਬਹੁਤ ਬਹਾਦੁਰ ਇਨਸਾਨ ਹਨ, ਜਿਨ੍ਹਾਂ ਨੇ ਸਾਹਮਣੇ ਤੋਂ ਜਾ ਕੇ ਇੱਕ ਸ਼ੂਟਰ 'ਤੇ ਹਮਲਾ ਕੀਤਾ ਅਤੇ ਕਈ ਜ਼ਿੰਦਗੀਆਂ ਬਚਾਈਆਂ।"

ਐਂਥਨੀ ਅਲਬਨੀਜ਼, ਪ੍ਰਧਾਨ ਮੰਤਰੀ, ਆਸਟ੍ਰੇਲੀਆ

ਬੋਂਡਾਈ ਬੀਚ ਹਮਲੇ ਬਾਰੇ ਕੀ-ਕੀ ਪਤਾ ਹੈ?

  • ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਕ੍ਰਿਸ ਮਿੰਸ ਨੇ ਪੁਸ਼ਟੀ ਕੀਤੀ ਹੈ ਕਿ 10 ਸਾਲ ਦੀ ਇੱਕ ਬੱਚੀ ਸਮੇਤ 15 ਲੋਕਾਂ ਦੀ ਮੌਤ ਹੋਈ ਹੈ ਅਤੇ ਹਮਲਾਵਰਾਂ ਵਿੱਚੋਂ ਇੱਕ ਦੀ ਵੀ ਮੌਤ ਹੋ ਗਈ ਹੈ।
  • ਪੁਲਿਸ ਕਮਿਸ਼ਨਰ ਮੈਲ ਲੈਨਯਨ ਨੇ ਦੱਸਿਆ ਕਿ ਦੋਵੇਂ ਬੰਦੂਕਧਾਰੀ 50 ਸਾਲਾ ਪਿਤਾ ਅਤੇ ਉਸ ਦਾ 24 ਸਾਲਾ ਪੁੱਤਰ ਸਨ।
  • 50 ਸਾਲਾ ਹਮਲਾਵਰ ਦੀ ਪੁਲਿਸ ਦੀ ਗੋਲ਼ੀ ਲੱਗਣ ਨਾਲ ਮੌਤ ਹੋ ਗਈ ਹੈ, ਜਦਕਿ 24 ਸਾਲਾ ਹਮਲਾਵਰ ਦੀ ਹਾਲਤ ਗੰਭੀਰ ਬਣੀ ਹੋਈ ਹੈ।
  • ਕੁੱਲ 42 ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ, ਜਿਨ੍ਹਾਂ ਵਿੱਚ ਮੌਕੇ 'ਤੇ ਤਾਇਨਾਤ ਪੁਲਿਸ ਅਧਿਕਾਰੀ ਵੀ ਸ਼ਾਮਲ ਸਨ।
  • ਪੁਲਿਸ ਦਾ ਕਹਿਣਾ ਹੈ ਕਿ 50 ਸਾਲਾ ਹਮਲਾਵਰ ਕੋਲ ਕਾਨੂੰਨੀ ਹਥਿਆਰ ਲਾਇਸੈਂਸ ਸੀ। ਉਸ ਦੇ ਨਾਮ 'ਤੇ ਛੇ ਹਥਿਆਰ ਰਜਿਸਟਰਡ ਸਨ ਅਤੇ ਬੋਂਡਾਈ ਬੀਚ ਤੋਂ ਛੇ ਹਥਿਆਰ ਬਰਾਮਦ ਕੀਤੇ ਗਏ ਹਨ।
  • ਮੌਕੇ 'ਤੇ 'ਦੋ ਐਕਟਿਵ ਵਿਸਫੋਟਕ' ਮਿਲੇ, ਜਿਨ੍ਹਾਂ ਨੂੰ ਬਾਅਦ ਵਿੱਚ ਪੁਲਿਸ ਨੇ ਬਰਾਮਦ ਕਰ ਲਿਆ।
  • ਪੱਛਮੀ ਸਿਡਨੀ ਦੇ ਕੈਂਪਸੀ ਅਤੇ ਬੌਨੀਰਿਗ ਇਲਾਕਿਆਂ ਵਿੱਚ ਸਥਿਤ ਦੋ ਪ੍ਰਾਪਰਟੀਜ਼ ਦੀ ਅਧਿਕਾਰੀਆਂ ਨੇ ਰਾਤ ਭਰ ਤਲਾਸ਼ੀ ਲਈ।
  • ਪੁਲਿਸ ਨੇ ਇਹ ਵੀ ਕਿਹਾ ਹੈ ਕਿ ਸਿਡਨੀ ਵਿੱਚ ਯਹੂਦੀ ਭਾਈਚਾਰੇ ਨੂੰ ਵਾਧੂ ਸੁਰੱਖਿਆ ਅਤੇ ਸਹਿਯੋਗ ਦੇਣ ਲਈ 328 ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ।
  • ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਕਿਹਾ ਹੈ ਕਿ ਹਮਲੇ ਦਾ ਜਵਾਬ ਦੇਣ ਲਈ ਹਰ ਲੋੜੀਂਦੇ ਸਰੋਤ ਦੀ ਵਰਤੋਂ ਕੀਤੀ ਜਾਵੇਗੀ। ਉਨ੍ਹਾਂ ਆਸਟ੍ਰੇਲੀਆਈ ਸਮਾਜ ਵਿੱਚ ਯਹੂਦੀ-ਵਿਰੋਧੀ ਭਾਵਨਾ ਨੂੰ "ਜੜੋਂ ਖਤਮ" ਕਰਨ ਦਾ ਸੰਕਲਪ ਵੀ ਲਿਆ ਹੈ।
ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)