ਵਿਦੇਸ਼ 'ਚ ਯਾਤਰਾ ਕਰਨ ਵੇਲੇ ਸੋਸ਼ਲ ਮੀਡੀਆ ’ਤੇ ਕੀਤੀ ਪੋਸਟ ਵੀਜ਼ਾ ਰੱਦ ਕਰਵਾ ਸਕਦੀ ਹੈ, ਤੁਹਾਨੂੰ ਜੇਲ੍ਹ ਹੋ ਸਕਦੀ ਹੈ, ਕੀ ਸਾਵਧਾਨੀਆਂ ਜ਼ਰੂਰੀ

ਯਾਤਰੀਆਂ ਦੇ ਡਿਜੀਟਲ ਚਿੰਨ੍ਹ ਹੁਣ ਉਨ੍ਹਾਂ ਨੂੰ ਦੇਸ਼ ਵਿੱਚ ਦਾਖ਼ਲ ਹੋਣ ਤੋਂ ਰੋਕਣ ਜਾਂ ਦੇਸ਼ੋਂ ਕੱਢਣ ਦਾ ਆਧਾਰ ਬਣ ਸਕਦੇ ਹਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਯਾਤਰੀਆਂ ਦੇ ਡਿਜੀਟਲ ਚਿੰਨ੍ਹ ਹੁਣ ਉਨ੍ਹਾਂ ਨੂੰ ਦੇਸ਼ ਵਿੱਚ ਦਾਖ਼ਲ ਹੋਣ ਤੋਂ ਰੋਕਣ ਜਾਂ ਦੇਸ਼ੋਂ ਕੱਢਣ ਦਾ ਆਧਾਰ ਬਣ ਸਕਦੇ ਹਨ
    • ਲੇਖਕ, ਡੈਨੀਅਲ ਸੀਫਰਟ
    • ਰੋਲ, ਬੀਬੀਸੀ ਪੱਤਰਕਾਰ

ਸੋਸ਼ਲ ਮੀਡੀਆ ਪੋਸਟਾਂ ਜੋ ਖ਼ਤਰਨਾਕ ਜਾਂ ਅਪਮਾਨਜਨਕ ਮੰਨੀਆਂ ਜਾਂਦੀਆਂ ਹਨ, ਉਹ ਤੇਜ਼ੀ ਨਾਲ ਵੀਜ਼ਾ ਰੱਦ ਹੋਣ ਜਾਂ ਆਨਲਾਈਨ ਵਿਰੋਧ ਦਾ ਕਾਰਨ ਬਣ ਸਕਦੀਆਂ ਹਨ। ਇਸ ਬਾਰੇ ਵਿਸ਼ਵ ਦੇ ਵੱਖ-ਵੱਖ ਦੇਸਾਂ ਦੀ ਯਾਤਰਾ ਕਰਨ ਵਾਲੇ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਹੈ।

ਪਿਛਲੇ ਹਫ਼ਤੇ, ਅਮਰੀਕੀ ਸਰਕਾਰ ਨੇ ਯੋਜਨਾ ਦਾ ਐਲਾਨ ਕੀਤਾ ਕਿ ਉਹ ਦਰਜਨਾਂ ਦੇਸ਼ਾਂ ਤੋਂ ਆਉਣ ਵਾਲੇ ਉਨ੍ਹਾਂ ਯਾਤਰੀਆਂ ਦੀਆਂ ਪੰਜ ਸਾਲਾਂ ਦੀਆਂ ਸੋਸ਼ਲ ਮੀਡੀਆ ਪੋਸਟਾਂ ਦੀ ਜਾਂਚ ਕਰੇਗੀ ਜੋ 90 ਦਿਨਾਂ ਲਈ ਬਿਨਾਂ ਵੀਜ਼ਾ ਦੇ ਅਮਰੀਕਾ ਜਾਣ ਦੇ ਯੋਗ ਹਨ।

ਹਾਲਾਂਕਿ ਪ੍ਰਸਤਾਵ ਦੇ ਖ਼ਾਸ ਵੇਰਵੇ ਅਜੇ ਸਪਸ਼ਟ ਨਹੀਂ ਹਨ। ਇਹ ਯੋਜਨਾ 8 ਫ਼ਰਵਰੀ 2026 ਨੂੰ ਅਮਲ ਵਿੱਚ ਲਿਆਂਦੇ ਜਾਣ ਤੋਂ ਪਹਿਲਾਂ ਅਮਰੀਕੀ ਜਨਤਾ ਕੋਲ ਇਸ ਯੋਜਨਾ 'ਤੇ ਟਿੱਪਣੀਆਂ ਭੇਜਣ ਲਈ ਕਈ ਹਫ਼ਤੇ ਹਨ।

ਹੋਰ ਜਾਣਕਾਰੀਆਂ ਦੇ ਨਾਲ, ਈਐੱਸਟੀਏ ਵੀਜ਼ਾ-ਮੁਕਤ ਅਰਜ਼ੀਕਾਰਾਂ ਨੂੰ ਪਿਛਲੇ 10 ਸਾਲਾਂ ਵਿੱਚ ਵਰਤੇ ਸਾਰੇ ਈਮੇਲ ਪਤੇ ਦੇਣੇ ਪੈਣਗੇ।

ਇਹ ਪ੍ਰਸਤਾਵ ਅਮਰੀਕਾ ਵਿੱਚ ਯਾਤਰੀਆਂ ਦੀ ਵਧਦੀ ਜਾਂਚ ਦੇ ਹਾਲੀਆ ਰੁਝਾਨ ਨੂੰ ਦਰਸਾਉਂਦਾ ਹੈ, ਜਿਸ ਵਿੱਚ ਯਾਤਰੀਆਂ ਦੇ ਡਿਜੀਟਲ ਚਿੰਨ੍ਹ ਹੁਣ ਉਨ੍ਹਾਂ ਨੂੰ ਦੇਸ਼ ਵਿੱਚ ਦਾਖ਼ਲ ਹੋਣ ਤੋਂ ਰੋਕਣ ਜਾਂ ਦੇਸ਼ੋਂ ਕੱਢਣ ਦਾ ਆਧਾਰ ਬਣ ਸਕਦੇ ਹਨ।

ਇਸ ਸਾਲ ਦੇ ਸ਼ੁਰੂ ਵਿੱਚ ਇੱਕ ਨਾਰਵੇ ਦੇ ਸੈਲਾਨੀ ਨੇ ਦਾਅਵਾ ਕੀਤਾ ਕਿ ਜਦੋਂ ਅਧਿਕਾਰੀਆਂ ਨੇ ਉਸਦਾ ਫ਼ੋਨ ਚੈੱਕ ਕੀਤਾ ਤਾਂ ਉਸ ਨੂੰ ਅਮਰੀਕਾ ਵਿੱਚ ਦਾਖ਼ਲ ਹੋਣ ਤੋਂ ਇਨਕਾਰ ਕਰ ਦਿੱਤਾ ਗਿਆ ਕਿਉਂਕਿ ਉਸ ਵਿੱਚ ਉਪ ਰਾਸ਼ਟਰਪਤੀ ਜੇਡੀ ਵਾਂਸ ਦਾ ਇੱਕ ਮੀਮ ਮਿਲਿਆ ਸੀ।

ਅਮਰੀਕੀ ਕਸਟਮ ਅਤੇ ਬਾਰਡਰ ਪੈਟ੍ਰੋਲ (ਸੀਬੀਪੀ) ਨੇ ਇਸ ਦਾਅਵੇ ਨੂੰ ਨਕਾਰਿਆ ਅਤੇ ਕਿਹਾ ਕਿ ਇਹ ਫ਼ੈਸਲਾ ਨਾਰਵੇ ਦੇ ਵਿਅਕਤੀ ਵੱਲੋਂ "ਨਸ਼ੇ ਦੀ ਵਰਤੋਂ ਸਵੀਕਾਰ ਕਰਨ" ਕਾਰਨ ਲਿਆ ਗਿਆ ਸੀ।

ਸੀਬੀਪੀ ਦੀ ਵੈਬਸਾਈਟ 'ਤੇ ਦਰਜ ਹੈ ਕਿ "ਇਲੈਕਟ੍ਰਾਨਿਕ ਡਿਵਾਈਸਾਂ ਦੀ ਸਰਹੱਦੀ ਜਾਂਚ ਅਕਸਰ ਕਿਸੇ ਵਿਅਕਤੀ ਦੇ ਅਮਰੀਕਾ ਵਿੱਚ ਦਾਖ਼ਲ ਹੋਣ ਦੇ ਇਰਾਦਿਆਂ ਨੂੰ ਤੈਅ ਕਰਨ ਲਈ ਮਹੱਤਵਪੂਰਨ ਹੁੰਦੀ ਹੈ।"

ਜਨਵਰੀ ਵਿੱਚ ਵ੍ਹਾਈਟ ਹਾਊਸ ਵਿੱਚ ਵਾਪਸੀ ਤੋਂ ਬਾਅਦ ਰਾਸ਼ਟਰਪਤੀ ਡੌਨਲਡ ਟਰੰਪ ਨੇ ਰਾਸ਼ਟਰੀ ਸੁਰੱਖਿਆ ਦੇ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਅਮਰੀਕਾ ਦੀਆਂ ਸਰਹੱਦਾਂ ਨੂੰ ਸੁਰੱਖਿਅਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਰ ਕੁਝ ਮਾਹਰਾਂ ਦਾ ਕਹਿਣਾ ਹੈ ਕਿ ਨਵੀਂ ਯੋਜਨਾ ਯਾਤਰੀਆਂ ਲਈ ਇੱਕ ਵਾਧੂ ਰੁਕਾਵਟ ਬਣ ਸਕਦੀ ਹੈ ਜੋ ਉਨ੍ਹਾਂ ਨੂੰ ਯਾਤਰਾ ਕਰਨ ਤੋਂ ਰੋਕ ਸਕਦੀ ਹੈ।

ਸੋਸ਼ਲ ਮੀਡੀਆ

ਤਸਵੀਰ ਸਰੋਤ, Alamy

ਤਸਵੀਰ ਕੈਪਸ਼ਨ, ਦੁਨੀਆ ਭਰ ਦੀਆਂ ਸਰਕਾਰਾਂ ਯਾਤਰੀਆਂ ਦੀ ਸੋਸ਼ਲ ਮੀਡੀਆ ਗਤੀਵਿਧੀ 'ਤੇ ਵੱਧ ਤੋਂ ਵੱਧ ਨਜ਼ਰ ਰੱਖ ਰਹੀਆਂ ਹਨ

ਡਿਜੀਟਲ ਸਰਹੱਦੀ ਜਾਂਚ

ਆਸਟ੍ਰੇਲੀਆਈ ਨੈਸ਼ਨਲ ਯੂਨੀਵਰਸਿਟੀ ਵਿੱਚ ਕਾਨੂੰਨ ਦੇ ਪ੍ਰੋਫੈਸਰ ਅਤੇ ਅੰਤਰਰਾਸ਼ਟਰੀ ਕਾਨੂੰਨੀ ਮਸਲਿਆਂ 'ਤੇ ਨਿਯਮਿਤ ਟਿੱਪਣੀਕਾਰ ਡੌਨਲਡ ਰੋਥਵੈਲ, ਉਨ੍ਹਾਂ ਵਿੱਚੋਂ ਇੱਕ ਹਨ ਜੋ ਹੁਣ ਅਮਰੀਕਾ ਜਾਣ 'ਤੇ ਸਾਵਧਾਨ ਹਨ ਕਿਉਂਕਿ ਉਹ ਕਹਿੰਦੇ ਹਨ ਕਿ ਯਾਤਰੀਆਂ ਦਾ ਤਜਰਬਾ ਤੇਜ਼ੀ ਨਾਲ ਮੁਸ਼ਕਲ ਹੁੰਦਾ ਜਾ ਰਿਹਾ ਹੈ।

ਉਹ ਚੇਤਾਵਨੀ ਦਿੰਦੇ ਹਨ, "ਮੌਜੂਦਾ ਸਮੇਂ ਵਿੱਚ ਵੀਜ਼ਾ ਵੇਵਰ ਪ੍ਰੋਗਰਾਮ ਦੇ ਤਹਿਤ, ਜੋ 42 ਦੇਸ਼ਾਂ ਦੇ ਯਾਤਰੀਆਂ ਨੂੰ ਈਐੱਸਟੀਏ ਪ੍ਰਕਿਰਿਆ ਰਾਹੀਂ ਅਮਰੀਕਾ ਵਿੱਚ ਦਾਖ਼ਲ ਹੋਣ ਦੀ ਆਗਿਆ ਦਿੰਦਾ ਹੈ, ਉਨ੍ਹਾਂ ਕੋਲ ਸਰਹੱਦ 'ਤੇ ਬਹੁਤ ਘੱਟ ਅਧਿਕਾਰ ਹਨ।"

"ਇਸ ਦਾ ਇੱਕ ਕਾਰਨ ਇਹ ਵੀ ਹੈ ਕਿ ਵੀਜ਼ਾ ਵੇਵਰ ਪ੍ਰੋਗਰਾਮ ਤਹਿਤ ਅਰਜ਼ੀ ਦੇਣ ਸਮੇਂ ਯਾਤਰੀ ਅਮਰੀਕਾ ਵਿੱਚ ਕੁਝ ਕਾਨੂੰਨੀ ਅਧਿਕਾਰ ਛੱਡ ਦਿੰਦੇ ਹਨ, ਜਿਸ ਨਾਲ ਉਹ ਅਮਰੀਕੀ ਕਸਟਮਜ਼ ਐਂਡ ਬੋਰਡਰ ਪ੍ਰੋਟੈਕਸ਼ਨ (ਸੀਬੀਪੀ) ਵੱਲੋਂ ਸਰਹੱਦ 'ਤੇ ਲਏ ਗਏ ਕੁਝ ਫ਼ੈਸਲਿਆਂ ਨੂੰ ਚੁਣੌਤੀ ਨਹੀਂ ਦੇ ਸਕਦੇ। ਇਸ ਲਈ, ਜੇ ਅਮਰੀਕੀ ਸਰਹੱਦ 'ਤੇ ਪਹੁੰਚਣ ਸਮੇਂ ਕੋਈ ਵਿਦੇਸ਼ੀ ਯਾਤਰੀ ਸੀਬੀਪੀ ਅਧਿਕਾਰੀ ਦੀ ਹਦਾਇਤ ਦੀ ਪਾਲਣਾ ਨਹੀਂ ਕਰਦਾ, ਤਾਂ ਉਸ ਨੂੰ ਦੇਸ਼ ਵਿੱਚ ਦਾਖ਼ਲ ਹੋਣ ਤੋਂ ਇਨਕਾਰ ਕੀਤਾ ਜਾ ਸਕਦਾ ਹੈ।"

ਯਾਤਰੀਆਂ ਲਈ ਉਨ੍ਹਾਂ ਦੀ ਸਲਾਹ ਹੈ ਕਿ ਅਮਰੀਕੀ ਨੀਤੀਆਂ ਜਾਂ ਅਮਰੀਕੀ ਨਾਗਰਿਕਾਂ ਨਾਲ ਸੰਬੰਧਿਤ ਮਾਮਲਿਆਂ ਬਾਰੇ ਆਨਲਾਈਨ ਕੁਝ ਵੀ ਪੋਸਟ ਕਰਦੇ ਸਮੇਂ ਬਹੁਤ ਸਾਵਧਾਨ ਰਹਿਣ।

ਅੱਗੇ ਦੇਖਦੇ ਹੋਏ, ਰੌਥਵੈੱਲ ਦਾ ਮੰਨਣਾ ਹੈ ਕਿ ਵਧ ਰਹੀ ਡਿਜੀਟਲਾਈਜ਼ੇਸ਼ਨ ਕਾਰਨ ਸਖ਼ਤ ਜਾਂਚ ਆਮ ਹੋ ਜਾਵੇਗੀ ਅਤੇ ਇਸ ਨੂੰ ਲਾਗੂ ਕਰਨਾ ਹੋਰ ਵੀ ਆਸਾਨ ਹੋਵੇਗਾ।

ਉਹ ਕਹਿੰਦੇ ਹਨ, "ਜੇ ਯਾਤਰਾ 'ਬਿਨਾਂ ਸਰਹੱਦਾਂ' ਵਾਲੀ ਬਣਦੀ ਹੈ, ਤਾਂ ਇਹ ਵੀ ਸਹੀ ਹੈ ਕਿ ਯਾਤਰੀਆਂ ਬਾਰੇ ਹੋਰ ਵੱਧ ਡਿਜੀਟਲ ਡਾਟਾ ਇਕੱਠਾ ਕੀਤਾ ਜਾਵੇਗਾ।"

ਉਨ੍ਹਾਂ ਦੇ ਅਨੁਸਾਰ, ਵੱਧ ਡਾਟਾ ਹੋਣ ਨਾਲ ਅਧਿਕਾਰੀਆਂ ਨੂੰ ਇਹ ਯਕੀਨ ਕਰਨ ਵਿੱਚ ਆਸਾਨੀ ਹੁੰਦੀ ਹੈ ਕਿ ਯਾਤਰੀ ਸੁਰੱਖਿਆ ਲਈ ਖ਼ਤਰਾ ਨਹੀਂ ਹੈ। "ਮੈਨੂੰ ਲੱਗਦਾ ਹੈ ਕਿ ਅਸੀਂ ਫ਼ੈਸਲੇ ਕਰਨ ਲਈ ਏਆਈ ਦੀ ਵਧਦੀ ਵਰਤੋਂ ਵੇਖਾਂਗੇ।"

ਇਹ ਵੀ ਪੜ੍ਹੋ-

ਪੋਸਟ ਕਰਨ ਤੋਂ ਪਹਿਲਾਂ ਸੋਚੋ

ਅਮਰੀਕਾ ਇਕੱਲਾ ਦੇਸ਼ ਨਹੀਂ ਹੈ ਜੋ ਇਸ ਤਰ੍ਹਾਂ ਦੀ ਨਿਗਰਾਨੀ ਕਰਦਾ ਹੈ। ਦੁਨੀਆ ਭਰ ਦੀਆਂ ਸਰਕਾਰਾਂ ਯਾਤਰੀਆਂ ਦੀ ਸੋਸ਼ਲ ਮੀਡੀਆ ਗਤੀਵਿਧੀਆਂ 'ਤੇ ਨਿਗਰਾਨੀ ਵਧਾ ਰਹੀਆਂ ਹਨ ਅਤੇ ਕਿਸੇ ਵਿਅਕਤੀ ਦੀ ਡਿਜੀਟਲ ਪਛਾਣ ਸਰਹੱਦ ਪਾਰ ਕਰਨ ਤੋਂ ਕਾਫ਼ੀ ਸਮੇਂ ਬਾਅਦ ਵੀ ਮੁਸ਼ਕਲਾਂ ਪੈਦਾ ਕਰ ਸਕਦੀ ਹੈ।

2018 ਵਿੱਚ ਨਿਊਜ਼ੀਲੈਂਡ ਨੇ ਦੁਨੀਆ ਦਾ ਪਹਿਲਾ ਕਾਨੂੰਨ ਲਾਗੂ ਕੀਤਾ, ਜਿਸ ਤਹਿਤ ਸਰਹੱਦੀ ਅਧਿਕਾਰੀਆਂ ਨੂੰ ਯਾਤਰੀਆਂ ਦੇ ਫੋਨਾਂ ਤੱਕ ਪਹੁੰਚ ਮੰਗਣ ਦਾ ਅਧਿਕਾਰ ਮਿਲਿਆ। ਪਾਸਵਰਡ ਸਾਂਝਾ ਕਰਨ ਤੋਂ ਇਨਕਾਰ ਕਰਨ 'ਤੇ ਭਾਰੀ ਜੁਰਮਾਨਾ ਲੱਗ ਸਕਦਾ ਹੈ।

ਯੂਨਾਈਟਡ ਅਰਬ ਅਮੀਰਾਤ ਇਸ ਤੋਂ ਵੀ ਅੱਗੇ ਚਲਿਆ ਜਾਂਦਾ ਹੈ, ਉੱਥੇ ਅਧਿਕਾਰੀ ਵਿਦੇਸ਼ੀਆਂ ਨੂੰ ਅਪਮਾਨਜਨਕ ਕੰਟੈਂਟ ਪੋਸਟ ਜਾਂ ਰੀਪੋਸਟ ਕਰਨ ਗ੍ਰਿਫ਼ਤਾਰ ਕਰ ਸਕਦੇ ਹਨ। ਪਿਛਲੇ ਸਾਲ ਇੱਕ ਆਇਰਿਸ਼ ਵਿਅਕਤੀ ਨਾਲ ਅਜਿਹਾ ਹੋਇਆ ਸੀ, ਜਦੋਂ ਉਨ੍ਹਾਂ ਨੇ ਆਪਣੀ ਪੁਰਾਣੀ ਕੰਪਨੀ ਬਾਰੇ ਨਕਾਰਾਤਮਕ ਆਨਲਾਈਨ ਸਮੀਖਿਆ ਲਿਖੀ।

ਖ਼ਤਰੇ ਇਸ ਲਈ ਵੀ ਵਧ ਰਹੇ ਹਨ ਕਿਉਂਕਿ ਯਾਤਰੀ ਹੁਣ ਬਹੁਤ ਵੱਧ ਮਾਤਰਾ ਵਿੱਚ ਸੰਵੇਦਨਸ਼ੀਲ ਸਮੱਗਰੀ ਤਿਆਰ ਕਰ ਰਹੇ ਹਨ। ਵਰਜਿਨ ਮੋਬਾਈਲ ਵੱਲੋਂ ਬ੍ਰਿਟਿਸ਼ ਯਾਤਰੀਆਂ 'ਤੇ ਕੀਤੇ ਸਰਵੇਖਣ ਵਿੱਚ ਪਤਾ ਲੱਗਿਆ ਕਿ ਅੱਧ ਤੋਂ ਵੱਧ ਲੋਕ ਛੁੱਟੀਆਂ ਦੌਰਾਨ ਤਸਵੀਰਾਂ ਖਿੱਚੇ ਬਿਨਾਂ ਰਹਿ ਨਹੀਂ ਸਕਦੇ ਅਤੇ ਆਮ ਤੌਰ 'ਤੇ ਹਫ਼ਤੇ ਵਿੱਚ ਸੱਤ ਤਸਵੀਰਾਂ ਸੋਸ਼ਲ ਮੀਡੀਆ 'ਤੇ ਅਪਲੋਡ ਕਰਦੇ ਹਨ।

"ਟ੍ਰੈਵਲ ਪੋਰਨ" ਦੀ ਇਸ ਦੌੜ ਵਿੱਚ ਕਈ ਯੂਜ਼ਰ ਇੱਕ ਦੂਜੇ ਨਾਲ ਮੁਕਾਬਲਾ ਕਰਨ ਲੱਗ ਪੈਂਦੇ ਹਨ। ਹਰ ਦਸ ਵਿੱਚੋਂ ਇੱਕ ਵਿਅਕਤੀ ਨੇ ਕਿਹਾ ਕਿ ਉਹ ਛੁੱਟੀਆਂ ਦੀ ਸੈਲਫੀ ਲਈ ਖ਼ਤਰਨਾਕ ਹੱਦਾਂ ਤੱਕ ਵੀ ਜਾ ਸਕਦਾ ਹੈ, ਜਿਵੇਂ ਚੱਟਾਨ ਦੇ ਕਿਨਾਰੇ ਖੜ੍ਹੇ ਹੋਣਾ ਜਾਂ ਜੰਗਲੀ ਜਾਨਵਰਾਂ ਨਾਲ ਪੋਜ਼ ਦੇਣਾ।

ਯਾਤਰਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੁਝ ਘਟਨਾਵਾਂ ਕਾਰਨ ਕਈ ਸਰਕਾਰਾਂ ਆਪਣੇ ਨਾਗਰਿਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ

ਸਮੱਸਿਆ ਇਹ ਹੈ ਕਿ ਇਹ ਤਸਵੀਰਾਂ ਅਕਸਰ ਸਥਾਨਕ ਨਿਯਮਾਂ ਨੂੰ ਨਜ਼ਰਅੰਦਾਜ਼ ਕਰਕੇ ਖਿੱਚੀਆਂ ਜਾਂਦੀਆਂ ਹਨ, ਜਿਸ ਨਾਲ ਵਿਰੋਧ ਪੈਦਾ ਹੋ ਸਕਦਾ ਹੈ।

2022 ਵਿੱਚ, ਇੱਕ ਰੂਸੀ ਇਨਫਲੂਐਂਸਰ ਅਤੇ ਉਨ੍ਹਾਂ ਦੇ ਪਤੀ ਨੂੰ ਬਾਲੀ ਤੋਂ ਉਦੋਂ ਡਿਪੋਰਟ ਕਰ ਦਿੱਤਾ ਗਿਆ, ਜਦੋਂ ਉਨ੍ਹਾਂ ਨੇ ਇੱਕ ਪਵਿੱਤਰ ਦਰੱਖ਼ਤ ਹੇਠ ਨਗਨ ਫੋਟੋਸ਼ੂਟ ਕਰਵਾਇਆ।

ਤਸਵੀਰਾਂ ਸੋਸ਼ਲ ਮੀਡੀਆ 'ਤੇ ਪੋਸਟ ਕਰਨ ਮਗਰੋਂ, ਸਥਾਨਕ ਨੇਤਾ ਨਿਲੁਹ ਜੇਲਾਂਟਿਕ ਨੇ ਲੋਕਾਂ ਨੂੰ ਪੁਲਿਸ ਕੋਲ ਸ਼ਿਕਾਇਤ ਕਰਨ ਲਈ ਕਿਹਾ। ਉਨ੍ਹਾਂ ਨੇ ਲਿਖਿਆ, "ਉਨ੍ਹਾਂ ਨੂੰ ਪਿੰਡ ਵਾਸੀਆਂ ਵੱਲੋਂ ਕੀਤੀ ਜਾਣ ਵਾਲੀ ਸ਼ੁੱਧੀ ਕਰਮ ਦੀ ਲਾਗਤ ਭਰਨੀ ਚਾਹੀਦੀ ਹੈ। ਘਟੀਆ ਸੈਲਾਨੀ। ਘਰ ਵਾਪਸ ਜਾਓ!"

ਇਸ ਤਰ੍ਹਾਂ ਦੀਆਂ ਘਟਨਾਵਾਂ ਕਾਰਨ ਕਈ ਸਰਕਾਰਾਂ ਆਪਣੇ ਨਾਗਰਿਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ।

ਕਈ ਦੇਸ਼ਾਂ ਨੇ ਵੈੱਬਸਾਈਟਾਂ ਬਣਾਈਆਂ ਹਨ ਜਿੱਥੇ ਵਿਦੇਸ਼ਾਂ ਵਿੱਚ ਸੋਸ਼ਲ ਮੀਡੀਆ ਵਰਤੋਂ ਅਤੇ ਸੱਭਿਆਚਾਰਕ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਉਦਾਹਰਨ ਵਜੋਂ, ਕੈਨੇਡਾ ਦੀ ਸਰਕਾਰੀ ਵੈੱਬਸਾਈਟ ਚੇਤਾਵਨੀ ਦਿੰਦੀ ਹੈ ਕਿ ਥਾਈਲੈਂਡ ਵਿੱਚ ਸ਼ਰਾਬ ਪੀਣ ਦਾ ਪ੍ਰਚਾਰ ਗ਼ੈਰ-ਕਾਨੂੰਨੀ ਹੈ ਅਤੇ ਸੋਸ਼ਲ ਮੀਡੀਆ 'ਤੇ ਸ਼ਰਾਬ ਨਾਲ ਤਸਵੀਰਾਂ ਪੋਸਟ ਕਰਨ 'ਤੇ ਜੁਰਮਾਨਾ ਹੋ ਸਕਦਾ ਹੈ।

ਲੋਕ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਯਾਤਰੀ ਅਣਜਾਣੇ ਵਿੱਚ ਸਥਾਨਕ ਰੀਤੀ-ਰਿਵਾਜਾਂ ਦੀ ਉਲੰਘਣਾ ਕਰ ਸਕਦੇ ਹਨ

ਗਲਤਫ਼ਹਿਮੀ ਦਾ ਦਾਇਰਾ

ਇੱਕ ਟ੍ਰੈਵਲ ਕੀਨੋਟ ਸਪੀਕਰ ਅਤੇ ਬੱਚਿਆਂ ਦੀਆਂ ਕਿਤਾਬਾਂ ਦੀ ਲੇਖਿਕਾ ਸੁਚੇਤਾ ਰਾਵਲ ਨੇ ਖ਼ੁਦ ਇਸਦਾ ਅਨੁਭਵ ਕੀਤਾ ਹੈ। ਪਿਛਲੇ ਸਾਲ ਅਫਰੀਕਾ ਦੌਰੇ ਦੌਰਾਨ ਉਨ੍ਹਾਂ ਦੀ ਇੱਕ ਪੋਸਟ ਨੂੰ ਕਿਸੇ ਜਾਣ-ਪਛਾਣ ਵਾਲੇ ਨੇ ਗੁੱਸੇ ਵਿੱਚ ਆ ਕੇ ਦੁਨੀਆ ਭਰ ਵਿੱਚ ਫੈਲਾ ਦਿੱਤਾ।

ਉਹ ਕਹਿੰਦੀ ਹੈ, "ਮੈਨੂੰ ਨਹੀਂ ਲੱਗਿਆ ਸੀ ਕਿ ਮੈਂ ਅਸੰਵੇਦਨਸ਼ੀਲਤਾ ਦਿਖਾ ਰਹੀ ਹਾਂ, ਪਰ ਇਸ ਕਾਰਨ ਮੇਰੇ ਪ੍ਰਤੀ ਗਲਤ ਸਮਝ, ਇਲਜ਼ਾਮ ਅਤੇ ਵੈਰ ਪੈਦਾ ਹੋ ਗਿਆ, ਜਿਸ ਨਾਲ ਮੇਰੀ ਬਾਕੀ ਯਾਤਰਾ ਬਹੁਤ ਮੁਸ਼ਕਲ ਹੋ ਗਈ। ਅੱਜ ਦੇ ਮਾਹੌਲ ਵਿੱਚ ਹਰ ਸਮੱਗਰੀ ਨਾਜ਼ੁਕ ਹੈ ਭਾਵੇਂ ਤੁਸੀਂ ਨਿੱਜੀ ਤੌਰ 'ਤੇ ਪੋਸਟ ਕਰੋ ਜਾਂ ਪ੍ਰਾਈਵੇਟ ਤੌਰ 'ਤੇ। ਗੱਲਾਂ ਨੂੰ ਸੰਦਰਭ ਤੋਂ ਬਾਹਰ ਲੈ ਜਾਣਾ ਬਹੁਤ ਆਸਾਨ ਹੈ।"

ਜਿਵੇਂ ਜਿਵੇਂ ਹੋਰ ਯਾਤਰੀ ਕੰਟੈਂਟ ਕ੍ਰੀਏਟਰ ਬਣ ਰਹੇ ਹਨ ਅਤੇ ਹਰ ਮਹੀਨੇ ਗਿਗਾਬਾਈਟਾਂ ਸਮੱਗਰੀ ਪੋਸਟ ਕਰ ਰਹੇ ਹਨ, ਗਲਤਫ਼ਹਿਮੀਆਂ ਦੀ ਸੰਭਾਵਨਾ ਵੀ ਵਧ ਰਹੀ ਹੈ।

ਰਾਵਲ ਕਹਿੰਦੀ ਹੈ, "ਜਦੋਂ ਮੈਂ 'ਬੀਅਟੋ ਗੋਜ਼ ਟੂ ਜਪਾਨ' ਲਿਖ ਰਹੀ ਸੀ, ਤਾਂ ਮੈਨੂੰ ਅਹਿਸਾਸ ਹੋਇਆ ਕਿ ਤਸਵੀਰਾਂ ਵਿੱਚ ਕਿੰਨੀਆਂ ਸੂਖ਼ਮ ਸੱਭਿਆਚਾਰਕ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ।"

ਉਹ ਦੱਸਦੀ ਹੈ ਕਿ ਯੁਕਾਤਾ (ਗਰਮੀ ਦਾ ਕਿਮੋਨੋ) ਲਪੇਟਣ ਦਾ ਢੰਗ ਜੀਵਿਤ ਵਿਅਕਤੀਆਂ ਅਤੇ ਮ੍ਰਿਤਕਾਂ ਲਈ ਵੱਖਰਾ ਹੁੰਦਾ ਹੈ ਅਤੇ ਸ਼ਿੰਤੋ ਮੰਦਰ ਦੇ ਦਰਵਾਜ਼ੇ (ਟੋਰੀ ਗੇਟ) ਵੱਲ ਪਿੱਠ ਕਰਨਾ ਬੇਅਦਬੀ ਮੰਨੀ ਜਾਂਦੀ ਹੈ।

ਜਿਵੇਂ ਯਾਤਰਾ ਦੀ ਫੋਟੋਗ੍ਰਾਫੀ ਦਿਖਾਵਟੀ ਬਣ ਰਹੀ ਹੈ, ਲੱਖਾਂ ਲੋਕ ਸਥਾਨਕ ਕੱਪੜੇ ਪਾ ਕੇ ਜਾਂ ਧਾਰਮਿਕ ਥਾਵਾਂ 'ਤੇ ਸੈਲਫੀ ਲੈ ਰਹੇ ਹਨ। ਅਜਿਹੀਆਂ ਗ਼ਲਤੀਆਂ ਆਨਲਾਈਨ ਜਾਣ ਤੋਂ ਪਹਿਲਾਂ ਹੀ ਆਲੇ-ਦੁਆਲੇ ਦੇ ਲੋਕਾਂ ਨੂੰ ਨਾਰਾਜ਼ ਕਰ ਸਕਦੀਆਂ ਹਨ।

ਸੁਚੇਤਾ ਰਾਵਲ

ਸੰਦਰਭ ਸਭ ਤੋਂ ਮਹੱਤਵਪੂਰਨ ਹੈ

ਅਕਸਰ ਇਹ ਘਟਨਾਵਾਂ ਬੁਰੇ ਇਰਾਦੇ ਕਾਰਨ ਨਹੀਂ, ਸਗੋਂ ਸੱਭਿਆਚਾਰਕ ਜਾਣਕਾਰੀ ਦੀ ਘਾਟ ਕਾਰਨ ਹੁੰਦੀਆਂ ਹਨ। ਉਦਾਹਰਨ ਵਜੋਂ, ਜਪਾਨ ਸਮੇਤ ਕਈ ਏਸ਼ੀਆਈ ਅਤੇ ਮੱਧ ਪੂਰਬੀ ਦੇਸ਼ "ਹਾਈ-ਕਾਂਟੈਕਸਟ ਸਮਾਜ" ਹਨ।

ਅੰਤਰ-ਸੱਭਿਆਚਾਰਕ ਸੰਚਾਰ ਮਾਹਰ ਐਰਿਨ ਮਾਇਰ ਕਹਿੰਦੀ ਹੈ ਕਿ ਇਨ੍ਹਾਂ ਸਮਾਜਾਂ ਵਿੱਚ ਸੰਚਾਰ ਅਪ੍ਰਤੱਖ, ਪਰਤਦਾਰ ਅਤੇ ਸੁਖ਼ਮ ਹੁੰਦਾ ਹੈ, ਜਿੱਥੇ ਬਹੁਤ ਕੁਝ ਇਸ਼ਾਰਿਆਂ ਅਤੇ ਅਪ੍ਰਤੱਖ ਸਮਝ ਰਾਹੀਂ ਕਿਹਾ ਜਾਂਦਾ ਹੈ।

"ਲੋ-ਕਾਂਟੈਕਸਟ ਸਮਾਜਾਂ" ਤੋਂ ਆਏ ਯਾਤਰੀ, ਜਿੱਥੇ ਸਿੱਧੀ ਗੱਲਬਾਤ ਨੂੰ ਤਰਜੀਹ ਦਿੱਤੀ ਜਾਂਦੀ ਹੈ, ਅਜਿਹੇ ਮਾਹੌਲ ਵਿੱਚ ਆਸਾਨੀ ਨਾਲ ਅਣਜਾਣੇ ਵਿੱਚ ਬੇਅਦਬੀ ਕਰ ਬੈਠਦੇ ਹਨ। ਅੱਜਕੱਲ੍ਹ ਸੋਸ਼ਲ ਪੋਸਟਾਂ ਨਾਲ ਇਮੋਜੀ ਜੋੜਨ ਦੀ ਆਜ਼ਾਦੀ ਹੈ ਅਤੇ ਵਿਦੇਸ਼ੀ ਫਲ ਮੰਡੀ ਦੀ ਇੱਕ ਸਧਾਰਣ ਵੀਡੀਓ ਨਾਲ ਲਗਾਇਆ ਤਰਬੂਜ਼ ਇਮੋਜੀ ਵੀ ਕਿਸੇ ਨੂੰ ਯਹੂਦੀ ਵਿਰੋਧੀ ਜਾਂ ਨਸਲੀ ਸੰਕੇਤ ਵਜੋਂ ਲੱਗ ਸਕਦਾ ਹੈ।

ਇਸਦਾ ਮਤਲਬ ਇਹ ਨਹੀਂ ਕਿ ਯਾਤਰੀ ਡਰ ਦੇ ਮਾਰੇ ਆਪਣੀ ਆਵਾਜ਼ ਦਬਾ ਲੈਣ। ਸਭ ਤੋਂ ਚੰਗਾ ਤਰੀਕਾ ਇਹ ਹੈ ਕਿ ਸੋਚ-ਵਿਚਾਰ ਨਾਲ ਪੋਸਟ ਕੀਤਾ ਜਾਵੇ ਅਤੇ ਮਾਤਰਾ ਦੀ ਥਾਂ ਗੁਣਵੱਤਾ ਨੂੰ ਤਰਜੀਹ ਦਿੱਤੀ ਜਾਵੇ।

ਰਾਵਲ ਕਹਿੰਦੀ ਹੈ, "ਜਾਗਰੂਕਤਾ ਉਦੋਂ ਆਉਂਦੀ ਹੈ ਜਦੋਂ ਤੁਸੀਂ ਆਪਣੇ ਆਲੇ-ਦੁਆਲੇ ਦੇ ਮਾਹੌਲ ਵਿੱਚ ਪੂਰੀ ਤਰ੍ਹਾਂ ਮੌਜੂਦ ਰਹਿੰਦੇ ਹੋ। ਦੇਖੋ ਲੋਕਾਂ ਦਾ ਪਹਿਰਾਵਾ ਕੀ ਹੈ, ਉਹ ਕਿਵੇਂ ਗੱਲ ਕਰਦੇ ਹਨ, ਕਿਵੇਂ ਵਰਤਾਅ ਕਰਦੇ ਹਨ ਅਤੇ ਸੰਭਵ ਹੋਵੇ ਤਾਂ ਆਪਣੇ ਆਪ ਨੂੰ ਉਸ ਵਿੱਚ ਰਲਾ ਲਓ। ਸਿਰਫ਼ ਯਾਤਰੀ ਹੋਣ ਦੇ ਨਾਤੇ ਸਥਾਨਕ ਲੋਕਾਂ ਨੂੰ ਵਸਤੂਆਂ ਵਾਂਗ ਨਾ ਵਰਤੋਂ।"

ਇਸ ਦਾ ਨਤੀਜਾ ਸਿਰਫ਼ ਜ਼ਿਆਦਾ ਸੁਰੱਖਿਅਤ ਯਾਤਰਾ ਹੀ ਨਹੀਂ ਹੁੰਦਾ, ਸਗੋਂ ਇੱਕ ਅਜਿਹੀ ਯਾਤਰਾ ਹੁੰਦੀ ਹੈ ਜਿੱਥੇ ਤੁਸੀਂ ਸੱਭਿਆਚਾਰਕ ਥਾਵਾਂ ਨਾਲ ਸਤਿਕਾਰ ਨਾਲ ਜੁੜਦੇ ਹੋ, ਨਾ ਕਿ ਉਨ੍ਹਾਂ ਨੂੰ ਸਿਰਫ਼ ਸਮੱਗਰੀ ਬਣਾਉਂਦੇ ਹੋ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)