'ਲੋਕੀਂ ਤਾਂ ਅਮਰੀਕਾ 50-50 ਲੱਖ ਖਰਚ ਕੇ ਜਾਂਦੇ, ਮੇਰਾ ਪੁੱਤ ਉੱਥੇ ਖੇਡਿਆ ਵੀ ਤੇ ਜਿੱਤਿਆ ਵੀ', ਪੰਜਾਬ ਦੇ ਅਮਰਜੀਤ ਸਿੰਘ ਨੇ 'ਸਪੈਸ਼ਲ ਓਲੰਪਿਕਸ' ਵਿੱਚ ਕੀਤਾ ਨਾਮ ਰੌਸ਼ਨ

ਅਮਰਜੀਤ ਸਿੰਘ
ਤਸਵੀਰ ਕੈਪਸ਼ਨ, ਅਮਰਜੀਤ ਸਿੰਘ ਆਈਡੀ ਡਿਸਐਬਲਿਟੀ ਦੇ ਮਰੀਜ਼ ਹਨ
    • ਲੇਖਕ, ਨਵਜੋਤ ਕੌਰ
    • ਰੋਲ, ਬੀਬੀਸੀ ਸਹਿਯੋਗੀ

ਸਾਲ 2025 ਵਿੱਚ ਹੋਈਆਂ ਸਪੈਸ਼ਲ ਓਲੰਪਿਕਸ ਵਿੱਚ ਬ੍ਰਾਂਜ਼ ਮੈਡਲ ਜਿੱਤ ਕੇ ਲੈ ਕੇ ਆਉਣ ਵਾਲੀ ਭਾਰਤੀ ਬਾਸਕਟਬਾਲ ਟੀਮ ਵਿੱਚ ਪੰਜਾਬ ਦੇ ਅਮਰਜੀਤ ਸਿੰਘ ਵੀ ਸ਼ਾਮਲ ਸਨ, ਜਿਨ੍ਹਾਂ ਦਾ ਸਵਾਗਤ ਬੜੇ ਜ਼ੋਰਾਂ-ਸ਼ੋਰਾਂ ਨਾਲ ਹੋਇਆ।

ਅਮਰਜੀਤ ਇੰਟਲੈਕਚੁਅਲ ਡਿਸੇਬਿਲਿਟੀ ਦੀ ਸ਼੍ਰੇਣੀ ਵਿੱਚ ਆਉਂਦੇ ਹਨ। ਉਨ੍ਹਾਂ ਨੂੰ ਇੰਟਰਨੈੱਟ ਰਾਹੀਂ ਖੇਡਦਿਆਂ ਵੇਖ ਉਨ੍ਹਾਂ ਦੇ ਪਿਤਾ ਦੀਆਂ ਜਿੱਥੇ ਅੱਖਾਂ ਭਰ ਆਈਆਂ, ਉੱਥੇ ਹੀ ਉਨ੍ਹਾਂ ਨੂੰ ਜਾਣਨ ਵਾਲਿਆਂ ਨੂੰ ਉਨ੍ਹਾਂ ਦੀ ਇਸ ਉਪਲਬਧੀ ਉੱਤੇ ਮਾਣ ਹੈ।

ਕੁਰਾਲੀ ਦੇ ਪ੍ਰਭ ਆਸਰਾ ਸੰਸਥਾ ਦੇ 21 ਸਾਲਾ ਅਮਰਜੀਤ ਸਿੰਘ 3 ਇੰਟੂ 3 ਯੁਨੀਫਾਈਡ ਬਾਸਕਟਬਾਲ ਵਰਲਡ ਕੱਪ ਦੇ ਲਈ ਪੁਅਰਤੋ ਰੀਕੋ ਗਏ ਸਨ। ਅਮਰਜੀਤ ਪੰਜਾਬ ਵਿੱਚੋਂ ਚੁਣੇ ਗਏ ਦੋ ਬਾਸਕਟਬਾਲ ਖਿਡਾਰੀਆਂ ਵਿੱਚ ਸ਼ਾਮਲ ਸਨ। ਇਹ ਖੇਡਾਂ ਸਪੈਸ਼ਲ ਓਲੰਪਿਕਸ ਨਾਮ ਦੀ ਗ਼ੈਰ ਸਰਕਾਰੀ ਸੰਸਥਾ ਨੇ ਕਰਵਾਈਆਂ।

ਪਿਤਾ ਨੂੰ ਮਾਣ

ਵੀਡੀਓ ਕੈਪਸ਼ਨ, ਪੰਜਾਬ ਦੇ ਅਮਰਜੀਤ ਸਿੰਘ ਨੇ 'ਸਪੈਸ਼ਲ ਓਲੰਪਿਕਸ' ਵਿੱਚ ਕੀਤਾ ਨਾਮ ਰੌਸ਼ਨ

ਅਮਰਜੀਤ ਸਿੰਘ ਕੁਰਾਲੀ ਨੇੜੇ ਪਿੰਡ ਬੰਨ੍ਹ ਮਾਜਰਾ ਦੇ ਰਹਿਣ ਵਾਲੇ ਹਨ ਅਤੇ ਸਾਲ 2023 ਤੋਂ ਪ੍ਰਭ ਆਸਰਾ ਵਿੱਚ ਰਹਿ ਰਹੇ ਹਨ।

ਅਮਰਜੀਤ ਸਿੰਘ ਦੇ ਪਿਤਾ ਹਰਨੇਕ ਸਿੰਘ ਦੀਆਂ ਅੱਖਾਂ ਵਿੱਚ ਪੁੱਤ ਦੀ ਕਾਮਯਾਬੀ ਦੀ ਚਮਕ ਸਾਫ਼ ਝਲਕ ਰਹੀ ਸੀ। ਉਹ ਕਹਿੰਦੇ ਹਨ, "ਮੈਨੂੰ ਬੜਾ ਮਾਣ ਉਨ੍ਹਾਂ 'ਤੇ, ਉਨ੍ਹਾਂ ਨੇ ਆਪਣੇ ਪਿਤਾ ਦਾ ਨਾਮ ਚਮਕਾ ਦਿੱਤਾ। ਸਾਡੇ ਪਿੰਡ ਦਾ ਨਾਮ ਰੌਸ਼ਨ ਕਰ ਦਿੱਤਾ। ਮੈਨੂੰ ਪ੍ਰਭ ਆਸਰਾ ਵਾਲਿਆਂ 'ਤੇ ਵੀ ਮਾਣ ਹੈ, ਅਜਿਹਾ ਉਨ੍ਹਾਂ ਕਾਰਨ ਹੀ ਸੰਭਵ ਹੋ ਸਕਿਆ ਨਹੀਂ ਤਾਂ ਅਮਰਜੀਤ ਸਿੰਘ ਇੱਥੋਂ ਤੱਕ ਕਿਵੇਂ ਪਹੁੰਚਦਾ।"

"ਲੋਕੀਂ ਤਾਂ 50-50 ਲੱਖ ਰੁਪਏ ਖਰਚ ਕੇ ਅਮਰੀਕਾ ਜਾ ਰਹੇ ਹਨ ਪਰ ਉਹ ਤਾਂ ਉੱਥੇ ਜਾ ਕੇ ਖੇਡ ਵੀ ਆਇਆ ਅਤੇ ਜਿੱਤ ਕੇ ਵੀ ਆ ਗਿਆ। ਜਦੋਂ ਦਿੱਲੀ ਤੋਂ ਲੈ ਕੇ ਇੱਥੋਂ ਤੱਕ ਉਸ ਸਨਮਾਨਿਤ ਹੁੰਦਾ ਆਇਆ ਤਾਂ ਉਸ ਦਾ ਭਰਾ ਵੀ ਭਾਵੁਕ ਹੋ ਗਿਆ। ਮੈਂ ਤਾਂ ਖ਼ੁਦ ਮੈਚ ਦੇਖਦਾ ਸੀ ਅਤੇ ਰੋ ਪੈਂਦਾ ਸੀ।"

ਉਨ੍ਹਾਂ ਨੇ ਦੱਸਿਆ ਅਮਰਜੀਤ ਸਿੰਘ ਦੀ ਮਾਂ ਦੇ ਖੁਸ਼ੀ ਦੇ ਹੰਝੂ ਹੀ ਨਹੀਂ ਰੁਕ ਰਹੇ ਸਨ।

ਅਮਰਜੀਤ ਨੇ ਸਪੈਸ਼ਲ ਬਾਸਕਟਬਾਲ ਵਰਲਡ ਕੱਪ ਦੌਰਾਨ ਆਪਣਾ ਤਜ਼ਰਬਾ ਸਾਂਝਾਂ ਕਰਦਿਆਂ ਕਿਹਾ ਕਿ ਮੁਕਾਬਲੇ ਵਿੱਚ ਮੌਜੂਦ ਹੋਰ ਟੀਮਾਂ ਦੇ ਖਿਡਾਰੀ ਬਹੁਤ ਲੰਬੇ ਅਤੇ ਤਕੜੇ ਸਨ ਪਰ "ਮੈਂ ਕਿਸੇ ਤੋਂ ਡਰਿਆ ਨਹੀਂ, ਮੈਂ ਅੱਗੇ ਵੀ ਇਸੇ ਤਰ੍ਹਾਂ ਖੇਡਾਂਗਾ।"

ਹਰਨੇਕ ਸਿੰਘ
ਤਸਵੀਰ ਕੈਪਸ਼ਨ, ਅਮਰਜੀਤ ਸਿੰਘ ਦੇ ਪਿਤਾ ਹਰਨੇਕ ਸਿੰਘ ਨੂੰ ਉਨ੍ਹਾਂ ਦੀ ਪ੍ਰਾਪਤੀ ਉੱਤੇ ਮਾਣ ਹੈ

ਅਮਰਜੀਤ ਸਿੰਘ ਆਪ ਵੀ ਇਸ ਉਪਲਬਧੀ ਉੱਤੇ ਖੁਸ਼ ਹੁੰਦੇ ਹੋਏ ਕਹਿੰਦੇ ਹਨ, "ਮੈਨੂੰ ਬਹੁਤ ਵਧੀਆ ਲੱਗਿਆ। ਮੈਂ ਰੋਜ਼ ਪਾਠ ਕਰਦਾ ਹੁੰਦਾ ਸੀ। ਮੈਂ ਬਹੁਤ ਮਿਹਨਤ ਕੀਤੀ ਸੀ। ਮੇਰੀ ਜਿੱਤ ਨਾਲ ਸਾਰੇ ਖੁਸ਼ ਹੋ ਗਏ ਸੀ, ਮੇਰਾ ਪਰਿਵਾਰ, ਮੇਰੀ ਮਾਂ।"

ਬੀਬੀਸੀ ਨਾਲ ਗੱਲ ਕਰਦਿਆਂ ਅਮਰਜੀਤ ਨੇ ਕਿਹਾ ਕਿ ਉਹ ਭਵਿੱਖ ਵਿੱਚ ਬਾਸਕਟਬਾਲ ਤਾਂ ਖੇਡਣਗੇ ਹੀ ਪਰ ਸਾਈਕਲਿੰਗ ਵੀ ਕਰਨਾ ਚਾਹੁੰਦੇ ਹਨ ਤੇ ਉਸ ਦੇ ਮੁਕਾਬਲਿਆਂ ਵਿੱਚ ਵੀ ਹਿੱਸਾ ਲੈਣਾ ਚਾਹੁੰਦਾ ਹੈ।

ਦਸੰਬਰ 2023 ਤੋਂ ਕੁਰਾਲੀ ਵਿਚਲੀ ਪ੍ਰਭ ਆਸਰਾ ਸੰਸਥਾ ਵਿੱਚ ਰਹਿੰਦੇ ਅਮਰਜੀਤ ਨੇ 9 ਮਹੀਨਿਆਂ ਦੀ ਟ੍ਰੇਨਿੰਗ ਤੋਂ ਬਾਅਦ ਸਪੈਸ਼ਲ ਪੁਅਰਤੋ ਰੀਕੋ ਵਿੱਚ ਹੋਈ ਸਪੈਸ਼ਲ ਓਲੰਪਿਕਸ ਦੀ ਟੀਮ ਵਿੱਚ ਭਾਰਤ ਦੀ ਨੁਮਾਇੰਦਗੀ ਲਈ ਥਾਂ ਬਣਾਈ ਸੀ।

ਇਨ੍ਹਾਂ ਹੀ ਨਹੀਂ, ਜਦੋਂ ਅਮਰਜੀਤ ਸਿੰਘ ਜਿੱਤ ਕੇ ਆਏ ਤਾਂ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਹੋਇਆ।

ਇਹ ਵੀ ਪੜ੍ਹੋ-

'ਅਮਰਜੀਤ ਪ੍ਰਮਾਤਮਾ ਦੀ ਦੇਣ'

ਅਮਰਜੀਤ ਸਿੰਘ

ਤਸਵੀਰ ਸਰੋਤ, Rajinder Kaur

ਤਸਵੀਰ ਕੈਪਸ਼ਨ, ਸਾਲ 2025 ਵਿੱਚ ਹੋਈਆਂ ਸਪੈਸ਼ਲ ਓਲੰਪਿਕਸ ਵਿੱਚ ਬ੍ਰਾਂਜ਼ ਮੈਡਲ ਜਿੱਤ ਕੇ ਲੈ ਕੇ ਆਉਣ ਵਾਲੀ ਭਾਰਤੀ ਬਾਸਕਟਬਾਲ ਟੀਮ ਵਿੱਚ ਸ਼ਾਮਲ ਸਨ

ਅਮਰਜੀਤ ਸਿੰਘ ਦੇ ਪਿਤਾ ਹਰਨੇਕ ਸਿੰਘ ਦੱਸਦੇ ਹਨ ਕਿ ਅਮਰਜੀਤ ਦੇ ਜਨਮ ਤੋਂ ਪਹਿਲਾ ਡਾਕਟਰਾਂ ਵੱਲੋਂ ਇਹ ਸਲਾਹ ਦਿੱਤੀ ਗਈ ਕਿ ਜੇਕਰ ਬੱਚੇ ਨੂੰ ਜਨਮ ਦਿੱਤਾ ਗਿਆ ਤਾਂ ਅਮਰਜੀਤ ਦੇ ਮਾਤਾ ਨੂੰ ਸਰੀਰਕ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਪਿਤਾ ਕਹਿੰਦੇ ਹਨ, "ਇਸ ਲਈ ਮੈਂ ਨਹੀਂ ਚਾਹੁੰਦਾ ਸੀ ਕਿ ਬੱਚਾ ਕੀਤਾ ਜਾਵੇ ਪਰ ਪਰਮਾਤਮਾ ਦੀ ਮਰਜ਼ੀ ਸੀ ਤੇ ਅਮਰਜੀਤ ਦਾ ਜਨਮ ਹੋ ਗਿਆ। ਜਦੋਂ ਅਮਰਜੀਤ ਜਨਮਿਆ ਤਾਂ ਉਹ ਇੱਕ ਕੰਨ ਨਾਲ ਪੈਦਾ ਹੋਇਆ, ਹੌਲੀ ਹੌਲੀ ਪਰਿਵਾਰ ਨੂੰ ਪਤਾ ਲੱਗਿਆ ਕਿ ਅਮਰਜੀਤ ਆਮ ਬੱਚਿਆਂ ਵਾਂਗ ਨਹੀਂ ਹੈ।"

ਇਸ ਲਈ ਉਨ੍ਹਾਂ ਦੀ ਮਾਂ ਤੇ ਵੱਡੇ ਭਰਾ ਨੇ ਉਸ ਨੂੰ ਬਹੁਤ ਲਾਡ ਪਿਆਰ ਨਾਲ ਪਾਲਿਆ। ਹਾਲਾਂਕਿ, ਪਿਤਾ ਕਮਾਈ ਕਰਨ ਲਈ ਵਿਦੇਸ਼ ਵਿੱਚ ਰਹਿੰਦੇ ਸਨ।

ਉਨ੍ਹਾਂ ਦੇ ਪਿਤਾ ਨੇ ਕਿਹਾ, "ਉਸ ਦੀ ਮਾਂ ਨੇ ਅਮਰਜੀਤ ਨੂੰ ਗੁਰਬਾਣੀ ਨਾਲ ਜੋੜਿਆ, ਸਪੈਸ਼ਲ ਬੱਚਾ ਹੋਣ ਕਰਕੇ ਅਮਰਜੀਤ ਭਾਵੇਂ ਸਕੂਲੀ ਪੜ੍ਹਾਈ ਨਹੀਂ ਕਰ ਸਕਿਆ ਪਰ ਉਹ ਗੁਰਦੁਆਰੇ ਜਾ ਕੇ ਪਾਠ ਕਰਨ ਵਿੱਚ ਸਭ ਤੋਂ ਅੱਗੇ ਹੈ।"

"ਹੁਣ ਵੀ ਉਹ ਸਵੇਰੇ 4 ਵਜੇ ਉੱਠ ਕੇ ਗੁਰਦੁਆਰੇ ਜਾਂਦਾ ਹੈ ਤੇ ਸੇਵਾ ਕਰਦਾ ਹੈ, ਪਿੰਡ ਦੇ ਲੋਕ ਅਮਰਜੀਤ ਨੂੰ ਬਾਬਾ ਜੀ ਕਹਿ ਕੇ ਬੁਲਾਉਂਦੇ ਹਨ।"

ਰਜਿੰਦਰ ਕੌਰ
ਤਸਵੀਰ ਕੈਪਸ਼ਨ, ਰਜਿੰਦਰ ਕੌਰ ਅਮਰਜੀਤ ਸਿੰਘ ਦੇ ਕੋਚ ਹਨ

ਕੋਚ ਨੇ ਕੀ ਕਿਹਾ

ਅਮਰਜੀਤ ਸਿੰਘ ਦੇ ਕੋਚ ਰਜਿੰਦਰ ਕੌਰ ਦੱਸਦੇ ਹਨ ਕਿ ਅਮਰਜੀਤ ਨੂੰ ਉਨ੍ਹਾਂ ਦੇ ਪਿਤਾ ਪ੍ਰਭ ਆਸਰਾ ਵਿੱਚ ਲੈ ਕੇ ਆਏ ਸਨ।

ਉਨ੍ਹਾਂ ਨੇ ਦੱਸਿਆ, "ਸਾਡੇ ਬੱਚੇ ਪਹਿਲਾਂ ਹੀ ਖੇਡਾਂ ਅਤੇ ਹੋਰ ਵੋਕੇਸ਼ਨਲ ਸਕਿੱਲ ਵਿੱਚ ਅੱਗੇ ਸਨ। ਮੈਂ ਉਸ ਨੂੰ ਬਾਸਟਕਬਾਲ ਵਿੱਚ ਪਾਇਆ ਅਤੇ ਅੱਜ ਉਹ 9 ਮਹੀਨਿਆਂ ਦੀ ਸਿਖਲਾਈ ਤੋਂ ਬਾਅਦ ਵਿਸ਼ਵ ਕੱਪ ਵਿੱਚ ਬ੍ਰਾਂਜ਼ ਮੈਡਲ ਜਿੱਤੇ ਕੇ ਆਇਆ ਹੈ।"

ਰਜਿੰਦਰ ਕੌਰ ਦੱਸਦੇ ਹਨ ਕਿ ਅਮਰਜੀਤ ਸਿੰਘ ਆਈਡੀ (ਇਨਟੂਲੈਕਚੁਅਲ ਡਿਸਅਬਿਲਿਟੀ) ਵਾਲੇ ਸਨ।

ਉਨ੍ਹਾਂ ਦਾ ਕਹਿਣਾ ਹੈ, "ਉਹ ਆਈਡੀ ਦੇ ਬਾਰਡਰ ਲਾਈਨ ਦੇ ਮਰੀਜ਼ ਹਨ ਭਾਵ ਬਹੁਤ ਚੀਜ਼ਾਂ ਸਮਝ ਲੈਂਦੇ ਹਨ। ਜਦੋਂ ਉਹ ਸਾਡੇ ਕੋਲ ਲਿਆਂਦੇ ਗਏ ਸਨ ਤਾਂ ਮਹਿਸੂਸ ਹੋਇਆ ਕਿ ਇਹ ਬੱਚਾ ਕੁਝ ਨਾ ਕੁਝ ਸਿੱਖ ਸਕਦਾ ਹੈ। ਅਸੀਂ ਉਸ ਨੂੰ ਵੱਖ ਸਕਿੱਲ ਡਿਵਲੈਪਮੈਂਟ ਵਿੱਚ ਪਾਇਆ ਤਾਂ ਪਰ ਉਨ੍ਹਾਂ ਵਿੱਚ ਉਸ ਦੀ ਕੋਈ ਖ਼ਾਸ ਰੁਚੀ ਨਹੀਂ ਸੀ। ਸ਼ੁਰੂ ਵਿੱਚ ਖੇਡਾਂ ਵਿੱਚ ਵੀ ਉਨ੍ਹਾਂ ਨੇ ਦਿਲਚਸਪੀ ਨਹੀਂ ਦਿਖਾਈ।"

"ਪਰ ਅਸੀਂ ਉਨ੍ਹਾਂ ਨੂੰ ਮਜ਼ੇ ਲਈ ਖੇਡਾਂ ਵਿੱਚ ਲਿਆਂਦਾ ਤਾਂ ਉਹ ਖੇਡਣ ਲੱਗਾ ਤਾਂ ਉਸ ਦੀ ਦਿਲਚਸਪੀ ਵਧੀ। ਅਮਰਜੀਤ ਨੂੰ ਅਸੀਂ ਪਹਿਲਾਂ ਸੂਬਾ ਪੱਧਰੀ ਖੇਡਾਂ ਵਿੱਚ ਭੇਜਿਆ, ਜਿੱਥੇ ਸਾਡੇ ਦੋ ਬੱਚੇ, ਇੱਕ ਕੁੜੀ ਅਤੇ ਇੱਕ ਮੁੰਡਾ ਗਏ ਸੀ ਅਤੇ ਫਿਰ ਉਹ ਕੌਮੀ ਪੱਧਰ 'ਤੇ ਚੁਣੇ ਗਏ।"

ਉਹ ਦੱਸਦੇ ਹਨ ਕਿ ਸਪੈਸ਼ਲ ਓਲੰਪਿਕਸ ਭਾਰਤ ਦੇ ਮੈਨੇਜਰ ਸਪੋਰਟਸ ਅਭਿਸ਼ੇਕ ਕੁਮਾਰ ਨੇ ਦੱਸਿਆ ਕਿ ਇਸ ਮੁਕਾਬਲੇ ਵਿੱਚ 27 ਮੁਲਕਾਂ ਨੇ ਹਿੱਸਾ ਲਿਆ ਸੀ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)