'ਕਿੰਗ ਆਫ਼ ਸ਼ਾਰਟ ਕਾਰਨਰ' ਪ੍ਰਿਥੀਪਾਲ ਸਿੰਘ ਜਿਨ੍ਹਾਂ ਲਈ ਬਦਲਣੇ ਪਏ ਹਾਕੀ ਦੇ ਨਿਯਮ - ਓਲੰਪਿਕ ਜੇਤੂ ਦੀ ਸ਼ਾਨ ਤੋਂ ਅਣਸੁਲਝੇ ਕਤਲ ਤੱਕ ਦੀ ਕਹਾਣੀ

ਪ੍ਰਿਥੀਪਾਲ ਸਿੰਘ ਦੇ ਸ਼ਾਰਟ ਕਾਰਨਰ ਦਾ ਜਵਾਬ ਵਿਰੋਧੀ ਕੋਲ ਹੁੰਦਾ ਨਹੀਂ ਸੀ

ਤਸਵੀਰ ਸਰੋਤ, Ajay Sharma/ S. Prithipal Singh; Tripple Olympian/FB

ਤਸਵੀਰ ਕੈਪਸ਼ਨ, ਪ੍ਰਿਥੀਪਾਲ ਸਿੰਘ ਦੇ ਸ਼ਾਰਟ ਕਾਰਨਰ ਦਾ ਜਵਾਬ ਵਿਰੋਧੀ ਕੋਲ ਹੁੰਦਾ ਨਹੀਂ ਸੀ
    • ਲੇਖਕ, ਸੌਰਭ ਦੁੱਗਲ
    • ਰੋਲ, ਬੀਬੀਸੀ ਪੰਜਾਬੀ

ਇਹ 1966 ਦੀਆਂ ਏਸ਼ੀਆਈ ਖੇਡਾਂ ਦਾ ਫਾਈਨਲ ਸੀ। ਉਸ ਸਮੇਂ ਸੱਤ ਵਾਰ ਦੇ ਓਲੰਪਿਕ ਹਾਕੀ ਚੈਂਪੀਅਨ ਭਾਰਤ ਨੇ ਅਜੇ ਤੱਕ ਮਹਾਂਦੀਪੀ ਖੇਡਾਂ ਵਿੱਚ ਸੁਨਹਿਰੀ ਸ਼ਾਨ ਦਾ ਸੁਆਦ ਨਹੀਂ ਚਖਿਆ ਸੀ। ਏਸ਼ੀਆਈ ਖੇਡਾਂ ਦੇ ਪਿਛਲੇ ਦੋ ਐਡੀਸ਼ਨਾਂ ਵਿੱਚ, ਭਾਰਤੀ ਪੁਰਸ਼ ਟੀਮ ਫਾਈਨਲ ਵਿੱਚ ਪਾਕਿਸਤਾਨ ਤੋਂ ਹਾਰ ਗਈ ਸੀ।

1966 ਦੇ ਐਡੀਸ਼ਨ ਵਿੱਚ, ਪੁਰਸ਼ ਹਾਕੀ ਖਿਤਾਬ ਲਈ ਮੁਕਾਬਲਾ ਇੱਕ ਵਾਰ ਫਿਰ ਭਾਰਤ-ਪਾਕਿਸਤਾਨ ਵਿਚਕਾਰ ਸੀ। ਮੈਚ ਤੋਂ ਠੀਕ ਪਹਿਲਾਂ, ਪ੍ਰਿਥੀਪਾਲ ਸਿੰਘ - ਜੋ ਪਹਿਲਾਂ ਹੀ ਦੋ ਓਲੰਪਿਕ (1960 ਚਾਂਦੀ ਅਤੇ 1964 ਸੋਨ) ਜਿੱਤ ਚੁੱਕੇ ਸਨ - ਨੇ ਟੀਮ ਨੂੰ ਇੱਕ ਜੋਸ਼ ਭਰਪੂਰ ਭਾਸ਼ਣ ਦਿੱਤਾ, ਜਿਸਨੇ ਖੇਡ ਦਾ ਰੁਖ਼ ਹੀ ਬਦਲ ਦਿੱਤਾ।

1966 ਦੇ ਫਾਈਨਲ ਵਿੱਚ ਭਾਰਤ ਦੀ ਪਲੇਇੰਗ ਇਲੈਵਨ ਵਿੱਚ ਨੌਂ ਸਿੱਖ ਖਿਡਾਰੀ ਸਨ।

1966 ਦੀਆਂ ਏਸ਼ੀਆਈ ਖੇਡਾਂ ਦੇ ਸੋਨ ਤਗਮਾ ਜੇਤੂ ਕਰਨਲ ਬਲਬੀਰ ਸਿੰਘ ਨੇ ਆਪਣੇ ਸਾਥੀ ਪ੍ਰਿਥੀਪਾਲ ਸਿੰਘ, ਜੋ 'ਕਿੰਗ ਆਫ਼ ਸ਼ਾਰਟ ਕਾਰਨਰ' ਵਜੋਂ ਜਾਣੇ ਜਾਂਦੇ ਸਨ, ਬਾਰੇ ਕਿਹਾ, "ਪਾਕਿਸਤਾਨ ਵਿਰੁੱਧ ਫਾਈਨਲ ਮੈਚ ਤੋਂ ਪਹਿਲਾਂ, ਪ੍ਰਿਥੀਪਾਲ ਨੇ ਬਿਨਾਂ ਕਿਸੇ ਧਾਰਮਿਕ ਭੇਦ-ਭਾਵ ਦੇ ਨੌਂ ਸਿੱਖ ਖਿਡਾਰੀਆਂ ਵੱਲ ਇਸ਼ਾਰਾ ਕਰਦਿਆਂ, ਉਨ੍ਹਾਂ ਦੇ ਜੂੜਿਆਂ ਦੇ ਮਾਣ ਦੀ ਗੱਲ ਕੀਤੀ ਤੇ ਟੀਮ ਦੇ ਖਿਡਾਰੀਆਂ ਨੂੰ ਪ੍ਰੇਰਣਾ ਭਰੇ ਸ਼ਬਦ ਕਹੇ। ਉਨ੍ਹਾਂ ਦੇ ਸ਼ਬਦਾਂ ਨੇ ਮੁੰਡਿਆਂ 'ਚ ਪੂਰਾ ਉਤਸ਼ਾਹ ਭਰ ਦਿੱਤਾ ਅਤੇ ਅੰਤ ਵਿੱਚ ਅਸੀਂ ਏਸ਼ੀਆਈ ਖੇਡਾਂ ਵਿੱਚ ਹਾਕੀ ਲਈ ਆਪਣਾ ਪਹਿਲਾ ਸੋਨ ਤਗਮਾ ਜਿੱਤਿਆ।"

1966 ਵਿੱਚ ਏਸ਼ਿਆਈ ਖੇਡਾਂ ਵਿੱਚ ਹਾਕੀ ਲਈ ਪਹਿਲਾ ਸੋਨ ਤਗਮਾ ਜਿੱਤਣਾ ਵਾਲੀ ਭਾਰਤੀ ਟੀਮ ਦੇ ਖਿਡਾਰੀ

ਤਸਵੀਰ ਸਰੋਤ, Gunned Down – Murder of an Olympic Champion

ਤਸਵੀਰ ਕੈਪਸ਼ਨ, 1966 ਵਿੱਚ ਏਸ਼ਿਆਈ ਖੇਡਾਂ ਵਿੱਚ ਹਾਕੀ ਲਈ ਪਹਿਲਾ ਸੋਨ ਤਗਮਾ ਜਿੱਤਣਾ ਵਾਲੀ ਭਾਰਤੀ ਟੀਮ ਦੇ ਖਿਡਾਰੀ (ਪ੍ਰਿਥੀਪਾਲ ਸਿੰਘ - ਖੜ੍ਹੇ ਹੋਏ ਖਿਡਾਰੀਆਂ 'ਚ ਖੱਬੇ ਤੋਂ ਦੂਜੇ ਨੰਬਰ 'ਤੇ ਅਤੇ ਬਲਬੀਰ ਸਿੰਘ - ਬੈਠੇ ਹੋਏ ਖਿਡਾਰੀਆਂ 'ਚ ਸੱਜੇ ਤੋਂ ਤੀਜੇ)

ਕਰਨਲ ਬਲਬੀਰ ਸਿੰਘ 1968 ਦੇ ਮੈਕਸੀਕੋ ਓਲੰਪਿਕ ਵਿੱਚ ਪ੍ਰਿਥੀਪਾਲ ਦੀ ਕਪਤਾਨੀ ਹੇਠ ਖੇਡੇ ਸਨ ਅਤੇ ਉਸ ਵੇਲੇ ਟੀਮ ਨੇ ਕਾਂਸੀ ਦਾ ਤਗਮਾ ਜਿੱਤਿਆ ਸੀ।

ਕਰਨਲ ਬਲਬੀਰ ਕਹਿੰਦੇ ਹਨ, "ਵਿਰੋਧੀਆਂ ਨੇ ਵੀ ਮੈਦਾਨ 'ਤੇ ਉਨ੍ਹਾਂ ਦੇ ਦਬਦਬੇ ਨੂੰ ਸਵੀਕਾਰ ਕੀਤਾ। 1966 ਦੀਆਂ ਏਸ਼ੀਆਈ ਖੇਡਾਂ ਦੌਰਾਨ, ਪਾਕਿਸਤਾਨ ਦੇ ਕਪਤਾਨ ਮੁਨੀਰ ਡਾਰ ਨੇ ਉਨ੍ਹਾਂ ਨੂੰ ਸ਼ੇਰ-ਦਿਲ ਖਿਡਾਰੀ ਕਿਹਾ ਸੀ। ਜਦੋਂ ਪ੍ਰਿਥੀਪਾਲ ਮੈਦਾਨ 'ਤੇ ਸੀ, ਤਾਂ ਵਿਰੋਧੀ - ਖਾਸ ਕਰਕੇ ਡਿਫੈਂਡਰ - ਗੇਂਦ 'ਤੇ ਕਬਜ਼ਾ ਹੋਣ 'ਤੇ ਉਨ੍ਹਾਂ ਦਾ ਸਾਹਮਣਾ ਕਰਨ ਤੋਂ ਡਰਦੇ ਸਨ।''

''ਮੈਨੂੰ ਅਜੇ ਵੀ ਯਾਦ ਹੈ, ਅਪ੍ਰੈਲ 1964 ਵਿੱਚ ਦਿੱਲੀ ਦੇ ਲੇਡੀ ਹਾਰਡਿੰਗ ਸਟੇਡੀਅਮ (ਹੁਣ ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ) ਵਿੱਚ ਰਾਸ਼ਟਰੀ ਚੈਂਪੀਅਨਸ਼ਿਪ ਦੌਰਾਨ, ਰੇਲਵੇ ਲਈ ਖੇਡ ਰਹੇ ਪ੍ਰਿਥੀਪਾਲ ਨੇ ਪੈਨਲਟੀ ਕਾਰਨਰ ਬਚਾਉਂਦੇ ਹੋਏ ਪੰਜਾਬ ਟੀਮ ਦੇ ਮੇਜਰ ਸਿੰਘ ਦੀ ਲੱਤ ਦੀ ਹੱਡੀ ਤੋੜ ਦਿੱਤੀ ਸੀ।"

1960 ਦੇ ਦਹਾਕੇ ਵਿੱਚ, ਪ੍ਰਿਥੀਪਾਲ ਸਿੰਘ ਨੂੰ ਦੁਨੀਆਂ ਦਾ ਸਭ ਤੋਂ ਵਧੀਆ ਫੁੱਲ-ਬੈਕ ਮੰਨਿਆ ਜਾਂਦਾ ਸੀ।

ਵੰਡ 'ਚ ਛੱਡਣਾ ਪਿਆ ਘਰ ਤੇ ਲੁਧਿਆਣਾ ਤੋਂ ਹਾਕੀ ਦੀ ਸ਼ੁਰੂਆਤ

ਪ੍ਰਿਥੀਪਾਲ ਸਿੰਘ

ਤਸਵੀਰ ਸਰੋਤ, Gunned Down – Murder of an Olympic Champion

ਤਸਵੀਰ ਕੈਪਸ਼ਨ, ਪ੍ਰਿਥੀਪਾਲ ਸਿੰਘ (ਸਭ ਤੋਂ ਖੱਬੇ)

ਨਨਕਾਣਾ ਸਾਹਿਬ (ਉਸ ਸਮੇਂ ਬ੍ਰਿਟਿਸ਼ ਭਾਰਤ, ਹੁਣ ਪਾਕਿਸਤਾਨ ਵਿੱਚ) ਦੇ ਰਹਿਣ ਵਾਲੇ, ਪ੍ਰਿਥੀਪਾਲ ਨੂੰ ਵੰਡ ਦੌਰਾਨ ਆਪਣਾ ਘਰ ਛੱਡਣਾ ਪਿਆ ਸੀ।

ਉਨ੍ਹਾਂ ਦਾ ਪਰਿਵਾਰ ਚੜ੍ਹਦੇ ਪੰਜਾਬ ਆ ਗਿਆ ਸੀ ਅਤੇ ਅੰਤ ਵਿੱਚ ਲੁਧਿਆਣਾ ਵਿੱਚ ਵੱਸ ਗਿਆ ਸੀ। ਉੱਥੇ ਹੀ ਉਨ੍ਹਾਂ ਨੇ ਖੇਤੀਬਾੜੀ ਕਾਲਜ (ਜੋ ਬਾਅਦ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਬਣ ਗਿਆ) ਵਿੱਚ ਆਪਣੇ ਸਮੇਂ ਦੌਰਾਨ ਹਾਕੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ।

ਪ੍ਰਿਥੀਪਾਲ ਨੇ 1960 ਦੀਆਂ ਰੋਮ ਓਲੰਪਿਕ ਖੇਡਾਂ ਵਿੱਚ ਆਪਣਾ ਓਲੰਪਿਕ ਡੈਬਿਊ ਕੀਤਾ ਸੀ, ਜਿੱਥੇ ਓਲੰਪਿਕ ਵਿੱਚ ਭਾਰਤ ਦੀ ਜਿੱਤ ਦੀ ਲੰਬੀ ਲੜੀ ਟੁੱਟ ਗਈ ਸੀ। ਪਹਿਲੀ ਵਾਰ, ਟੀਮ ਨੂੰ ਪਾਕਿਸਤਾਨ ਤੋਂ ਹਾਰਨ ਤੋਂ ਬਾਅਦ ਚਾਂਦੀ ਦੇ ਤਗਮੇ ਨਾਲ ਸਬਰ ਕਰਨਾ ਪਿਆ। ਫਿਰ ਚਾਰ ਸਾਲ ਬਾਅਦ, 1964 ਦੀਆਂ ਟੋਕੀਓ ਓਲੰਪਿਕ ਵਿੱਚ ਭਾਰਤ ਨੇ ਇਸ ਹਾਰ ਦਾ ਬਦਲਾ ਲਿਆ ਅਤੇ ਸੋਨ ਤਗਮਾ ਮੁੜ ਆਪਣੇ ਨਾਮ ਕੀਤਾ।

'ਉਹ ਘੱਟ ਬੋਲਦਾ ਸੀ ਪਰ ਮੈਦਾਨ 'ਤੇ ਉਸਦੀ ਹਾਕੀ ਬਹੁਤ ਕੁਝ ਬੋਲਦੀ ਸੀ'

ਪ੍ਰਿਥੀਪਾਲ ਸਿੰਘ (ਸਭ ਤੋਂ ਸੱਜੇ)

ਤਸਵੀਰ ਸਰੋਤ, Gunned Down – Murder of an Olympic Champion

ਤਸਵੀਰ ਕੈਪਸ਼ਨ, ਪ੍ਰਿਥੀਪਾਲ ਸਿੰਘ (ਸਭ ਤੋਂ ਸੱਜੇ) 1964 ਦੇ ਟੋਕੀਓ ਓਲੰਪਿਕ 'ਚ ਟੀਮ ਲਈ ਸਭ ਤੋਂ ਵੱਧ ਸਕੋਰ ਬਣਾਉਣ ਵਾਲੇ ਖਿਡਾਰੀ ਸਨ, ਟੂਰਨਾਮੈਂਟ ਵਿੱਚ ਭਾਰਤ ਵੱਲੋਂ ਕੀਤੇ ਗਏ 22 ਗੋਲਾਂ ਵਿੱਚੋਂ 10 ਗੋਲ ਉਨ੍ਹਾਂ ਨੇ ਹੀ ਕੀਤੇ ਸਨ

1964 ਦੇ ਓਲੰਪਿਕ ਸੋਨ ਤਗਮਾ ਜੇਤੂ ਹਰਬਿੰਦਰ ਸਿੰਘ ਕਹਿੰਦੇ ਹਨ, "ਪ੍ਰਿਥੀਪਾਲ 1964 ਦੇ ਟੋਕੀਓ ਓਲੰਪਿਕ ਦਾ ਸਟਾਰ ਸੀ। ਉਹ ਟੀਮ ਲਈ ਸਭ ਤੋਂ ਵੱਧ ਸਕੋਰ ਬਣਾਉਣ ਵਾਲਾ ਖਿਡਾਰੀ ਸੀ, ਟੂਰਨਾਮੈਂਟ ਵਿੱਚ ਭਾਰਤ ਵੱਲੋਂ ਕੀਤੇ ਗਏ 22 ਗੋਲਾਂ ਵਿੱਚੋਂ 10 ਗੋਲ ਉਸਨੇ ਹੀ ਕੀਤੇ ਸਨ।"

ਉਹ ਅੱਗੇ ਕਹਿੰਦੇ ਹਨ, ''ਉਹ ਬਹੁਤ ਘੱਟ ਬੋਲਦਾ ਸੀ ਅਤੇ ਆਮ ਤੌਰ 'ਤੇ ਚੁੱਪ ਰਹਿੰਦਾ ਸੀ, ਪਰ ਮੈਦਾਨ 'ਤੇ ਉਸਦੀ ਹਾਕੀ ਬਹੁਤ ਕੁਝ ਬੋਲਦੀ ਸੀ। ਮੇਰਾ ਉਸ ਨਾਲ ਡੂੰਘਾ ਰਿਸ਼ਤਾ ਸੀ ਅਤੇ ਉਸਦੇ ਜ਼ੋਰ ਦੇਣ ਕਰਕੇ ਹੀ ਮੈਂ ਭਾਰਤੀ ਰੇਲਵੇ ਵਿੱਚ ਸ਼ਾਮਲ ਹੋਇਆ - ਇੱਕ ਅਜਿਹਾ ਕਦਮ ਜਿਸਨੇ ਮੇਰੇ ਹਾਕੀ ਕਰੀਅਰ ਵਿੱਚ ਵੱਡੀ ਭੂਮਿਕਾ ਨਿਭਾਈ।''

ਹਰਬਿੰਦਰ ਸਿੰਘ ਪ੍ਰਿਥੀਪਾਲ ਨੂੰ ਆਪਣੀ ਸਫਲਤਾ ਦਾ ਸਿਹਰਾ ਦਿੰਦੇ ਹੋਏ ਕਹਿੰਦੇ ਹਨ, "ਉਸ ਸਮੇਂ ਪੰਜਾਬ ਭਾਰਤੀ ਹਾਕੀ ਦਾ ਪਾਵਰਹਾਊਸ ਸੀ। ਪ੍ਰਿਥੀਪਾਲ ਨੇ ਮੈਨੂੰ ਦੱਸਿਆ ਕਿ ਪੰਜਾਬ ਕੋਲ ਪਹਿਲਾਂ ਹੀ 30-40 ਖਿਡਾਰੀ ਸਨ, ਇਸ ਲਈ ਮੇਰੇ ਲਈ ਸ਼ੁਰੂ ਵਿੱਚ ਸੂਬਾ ਟੀਮ ਵਿੱਚ ਜਗ੍ਹਾ ਬਣਾਉਣਾ ਮੁਸ਼ਕਲ ਹੁੰਦਾ। ਪਰ ਰੇਲਵੇ ਟੀਮ ਵਿੱਚ ਮੈਨੂੰ ਇੱਕ ਢੁਕਵਾਂ ਮੌਕਾ ਮਿਲਦਾ ਸੀ ਅਤੇ ਉੱਥੇ ਜਾਣ ਨਾਲ ਮੈਨੂੰ ਕੌਮੀ ਪੱਧਰ 'ਤੇ ਆਪਣੀ ਹਾਕੀ ਦਾ ਪ੍ਰਦਰਸ਼ਨ ਕਰਨ ਦਾ ਮੌਕਾ ਮਿਲਦਾ ਸੀ।''

ਤਿੰਨ ਓਲੰਪਿਕ, ਤਿੰਨ ਤਗਮੇ, ਅਤੇ ਤਿੰਨਾਂ ਵਿੱਚ ਸਭ ਤੋਂ ਵੱਧ ਸਕੋਰਰ

ਤਿੰਨ ਓਲੰਪਿਕ, ਤਿੰਨ ਤਗਮੇ, ਅਤੇ ਤਿੰਨਾਂ ਵਿੱਚ ਸਭ ਤੋਂ ਵੱਧ ਸਕੋਰਰ - ਇਸ ਰਿਕਾਰਡ ਨੇ ਪ੍ਰਿਥੀਪਾਲ ਸਿੰਘ ਨੂੰ 1960 ਅਤੇ 1970 ਦੇ ਦਹਾਕੇ ਦੇ ਵਿਚਕਾਰ ਦੁਨੀਆਂ ਦੇ ਸਭ ਤੋਂ ਮਹਾਨ ਹਾਕੀ ਖਿਡਾਰੀਆਂ ਵਿੱਚੋਂ ਇੱਕ ਬਣਾਇਆ।

1968 ਦੇ ਮੈਕਸੀਕੋ ਓਲੰਪਿਕ ਤੋਂ ਪਹਿਲਾਂ, ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ (ਐਫਆਈਐਚ) ਨੇ ਪ੍ਰਿਥੀਪਾਲ ਦੇ ਗੋਲ ਕਰਨ ਦੇ ਤਰੀਕੇ ਨੂੰ ਦੇਖਦੇ ਹੋਏ, ਇੱਕ ਸਟਿਕ ਰੂਲ (ਹਾਕੀ ਸਟਿਕ ਸਬੰਧੀ ਨਿਯਮ) ਵੀ ਪੇਸ਼ ਕੀਤਾ ਸੀ। ਪਰ ਨਿਯਮ ਬਦਲਣ ਦੇ ਬਾਵਜੂਦ ਪ੍ਰਿਥੀਪਾਲ 1968 ਦੀਆਂ ਖੇਡਾਂ ਵਿੱਚ ਸਭ ਤੋਂ ਵੱਧ ਸਕੋਰਰ ਵਜੋਂ ਉੱਭਰੇ।

ਹਰਬਿੰਦਰ ਸਿੰਘ ਨੇ ਕਿਹਾ, "ਮੈਨੂੰ ਲੱਗਦਾ ਹੈ ਕਿ ਪ੍ਰਿਥੀਪਾਲ ਇਕਲੌਤਾ ਖਿਡਾਰੀ ਸੀ ਜਿਸ ਕਰਕੇ ਐਫਆਈਐਚ ਨੇ ਨਿਯਮ ਬਦਲਿਆ। ਉਸਦਾ ਸ਼ਾਰਟ-ਕਾਰਨਰ ਹਿੱਟ ਗੋਲੀ ਵਾਂਗ ਸੀ ਅਤੇ ਇਸਨੇ ਉਨ੍ਹਾਂ ਨੂੰ ਕਾਰਵਾਈ ਕਰਨ ਲਈ ਮਜਬੂਰ ਕੀਤਾ। 1968 ਦੇ ਓਲੰਪਿਕ ਵਿੱਚ ਲਾਗੂ ਕੀਤੇ ਗਏ ਨਵੇਂ ਨਿਯਮ ਦੇ ਤਹਿਤ, ਹਿੱਟ ਲੈਣ ਵਾਲਾ ਖਿਡਾਰੀ ਫਾਲੋ-ਥ੍ਰੋਅ ਵਿੱਚ ਸਟਿੱਕ ਨੂੰ ਮੋਢੇ ਦੀ ਉਚਾਈ ਤੋਂ ਉੱਪਰ ਨਹੀਂ ਚੁੱਕ ਸਕਦਾ ਸੀ। ਇਹੀ ਦਰਸਾਉਂਦਾ ਹੈ ਕਿ ਪ੍ਰਿਥੀਪਾਲ ਦਾ ਵਿਸ਼ਵ ਹਾਕੀ 'ਤੇ ਕਿੰਨਾ ਪ੍ਰਭਾਵ ਪਿਆ।"

ਪਰ ਫਿਰ ਪ੍ਰਿਥੀਪਾਲ ਸਿੰਘ ਦੀ ਕਹਾਣੀ ਨੇ ਇੱਕ ਹਨ੍ਹੇਰਾ ਮੋੜ ਲਿਆ।

ਕੈਂਪਸ ਵਿੱਚ ਕਤਲ

ਹਾਕੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪ੍ਰਿਥੀਪਾਲ ਸਿੰਘ ਨੇ ਲੁਧਿਆਣਾ 'ਚ ਖੇਤੀਬਾੜੀ ਕਾਲਜ (ਜੋ ਬਾਅਦ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਬਣ ਗਿਆ) ਵਿੱਚ ਆਪਣੇ ਸਮੇਂ ਦੌਰਾਨ ਹਾਕੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ (ਸੰਕੇਤਕ ਤਸਵੀਰ)

1963 ਵਿੱਚ ਪੰਜਾਬ ਪੁਲਿਸ ਛੱਡਣ ਤੋਂ ਬਾਅਦ, ਪ੍ਰਿਥੀਪਾਲ ਭਾਰਤੀ ਰੇਲਵੇ ਵਿੱਚ ਸ਼ਾਮਲ ਹੋ ਗਏ ਅਤੇ 1970 ਦੇ ਦਹਾਕੇ ਦੇ ਅਖੀਰ ਵਿੱਚ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਵਿਦਿਆਰਥੀ ਭਲਾਈ ਦੇ ਡੀਨ ਬਣ ਗਏ। ਇਸ ਸਮੇਂ ਦੌਰਾਨ, ਕੈਂਪਸ ਵਿੱਚ ਅਸ਼ਾਂਤੀ ਵਧ ਗਈ ਸੀ।

ਖਾਸ ਕਰਕੇ 1979 ਵਿੱਚ ਪੰਜਾਬ ਸਟੂਡੈਂਟਸ ਯੂਨੀਅਨ (ਪੀਐਸਯੂ) ਦੇ ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਰੰਧਾਵਾ ਦੇ ਕਤਲ ਅਤੇ ਫਿਰ 1982 ਵਿੱਚ ਹੈਂਡਬਾਲ ਖਿਡਾਰੀ ਪਿਆਰਾ ਸਿੰਘ ਦੇ ਕਤਲ ਤੋਂ ਬਾਅਦ ਸਥਿਤੀ ਹੋਰ ਮਾੜੀ ਹੋ ਗਈ ਸੀ।

ਇਹ ਇਲਜ਼ਾਮ ਸੀ ਕਿ ਓਲੰਪੀਅਨ ਪ੍ਰਿਥੀਪਾਲ ਸਿੰਘ ਨੇ ਵਿਦਿਆਰਥੀ ਧੜੇਬੰਦੀ ਵਿੱਚ ਪੱਖ ਲਿਆ, ਅੰਤ 'ਚ 1983 ਵਿੱਚ ਹੋਏ ਉਨ੍ਹਾਂ ਦੇ ਆਪਣੇ ਕਤਲ ਦਾ ਸ਼ੱਕੀ ਕਾਰਨ ਬਣਿਆ।

ਕਤਲ ਦੀ ਚਾਰਜ ਸ਼ੀਟ ਵਿੱਚ 19 ਵਿਦਿਆਰਥੀਆਂ ਦੇ ਨਾਮ ਸਨ, ਪਰ ਸੱਤ ਸਾਲਾਂ ਤੋਂ ਵੱਧ ਸਮੇਂ ਤੱਕ ਚੱਲੇ ਮੁਕੱਦਮੇ ਤੋਂ ਬਾਅਦ ਸਬੂਤਾਂ ਦੀ ਘਾਟ ਅਤੇ ਗਵਾਹਾਂ ਦੇ ਬਿਆਨ ਬਦਲਣ ਕਾਰਨ ਸਾਰੇ ਵਿਦਿਆਰਥੀ ਬਰੀ ਹੋ ਗਏ।

ਇੱਕ ਅਣਸੁਲਝਿਆ ਰਹੱਸ

ਖੇਡ ਪੱਤਰਕਾਰ ਅਤੇ ਲੇਖਕ ਸੰਦੀਪ ਮਿਸ਼ਰਾ

ਖੇਡ ਪੱਤਰਕਾਰ ਅਤੇ ਲੇਖਕ ਸੰਦੀਪ ਮਿਸ਼ਰਾ ਦੁਆਰਾ ਲਿਖੀ ਗਈ ਕਿਤਾਬ: 'ਗਨਡ ਡਾਊਨ - ਮਰਡਰ ਆਫ਼ ਐਨ ਓਲੰਪਿਕ ਚੈਂਪੀਅਨ' ਪ੍ਰਿਥੀਪਾਲ ਸਿੰਘ ਦੇ ਜੀਵਨ ਦਾ ਵਰਣਨ ਕਰਦੀ ਹੈ। ਜਿਸ ਵਿੱਚ, ਵੰਡ ਤੋਂ ਲੈ ਕੇ 'ਕਿੰਗ ਆਫ਼ ਸ਼ਾਰਟ ਕਾਰਨਰ' ਬਣਨ ਤੱਕ, ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਦੇ ਕੈਂਪਸ ਵਿੱਚ ਉਨ੍ਹਾਂ ਦੇ ਕਤਲ ਤੱਕ, ਉਹੀ ਕੈਂਪਸ ਜਿੱਥੇ ਕਦੇ ਉਨ੍ਹਾਂ ਨੇ ਆਪਣੇ ਹੁਨਰ ਨੂੰ ਤਰਾਸ਼ਿਆ ਸੀ ਅਤੇ ਦੁਨੀਆਂ ਦੇ ਸਭ ਤੋਂ ਵਧੀਆ ਹਾਕੀ ਖਿਡਾਰੀ ਅਤੇ ਓਲੰਪਿਕ ਚੈਂਪੀਅਨ ਬਣੇ ਸਨ, ਦੀ ਕਹਾਣੀ ਦਰਜ ਹੈ।

20 ਮਈ, 1983 ਨੂੰ 51 ਸਾਲ ਦੀ ਉਮਰ ਵਿੱਚ ਪ੍ਰਿਥੀਪਾਲ ਦਾ ਕਤਲ ਕਰ ਦਿੱਤਾ ਗਿਆ ਸੀ ਅਤੇ ਚਾਰ ਦਹਾਕਿਆਂ ਬਾਅਦ ਵੀ ਉਨ੍ਹਾਂ ਦਾ ਕਤਲ ਇੱਕ ਅਣਸੁਲਝਿਆ ਰਹੱਸ ਬਣਿਆ ਹੋਇਆ ਹੈ।

ਲੇਖਕ ਸੰਦੀਪ ਮਿਸ਼ਰਾ ਨੇ ਕਿਹਾ, "ਤਿੰਨ ਓਲੰਪਿਕ ਵਿੱਚ ਸਭ ਤੋਂ ਵੱਧ ਸਕੋਰਰ ਬਣਨਾ ਖੁਦ ਪ੍ਰਿਥੀਪਾਲ ਸਿੰਘ ਬਾਰੇ ਬਹੁਤ ਕੁਝ ਕਹਿੰਦਾ ਹੈ। ਮੇਰੇ ਲਈ, ਉਹ ਦੇਸ਼ ਦੇ ਹੁਣ ਤੱਕ ਦੇ ਚੋਟੀ ਦੇ ਤਿੰਨ ਹਾਕੀ ਖਿਡਾਰੀਆਂ ਵਿੱਚੋਂ ਇੱਕ ਹਨ। ਪਰ ਜਿਸ ਤਰੀਕੇ ਨਾਲ ਉਨ੍ਹਾਂ ਨੇ ਆਪਣੀ ਜਾਨ ਗੁਆਈ ਅਤੇ ਇਹ ਤੱਥ ਕਿ ਪੁਲਿਸ ਇੱਕ ਓਲੰਪਿਕ ਚੈਂਪੀਅਨ ਦੇ ਕਤਲ ਨੂੰ ਸੁਲਝਾਉਣ ਵਿੱਚ ਅਸਫਲ ਰਹੀ, ਨੇ ਮੈਨੂੰ ਉਨ੍ਹਾਂ ਬਾਰੇ ਹਰ ਸੰਭਵ ਜਾਣਕਾਰੀ ਇਕੱਠੀ ਕਰਨ ਲਈ ਪ੍ਰੇਰਿਤ ਕੀਤਾ।''

ਉਹ ਅੱਗੇ ਕਹਿੰਦੇ ਹਨ, "ਪ੍ਰਿਥੀਪਾਲ ਖਰਾ ਬੋਲਣ ਵਾਲੇ, ਸਮਝੌਤਾ ਨਾ ਕਰਨ ਵਾਲੇ ਅਤੇ ਅਟਲ ਸਨ- ਇਹੀ ਗੁਣ ਆਖਰਕਾਰ ਉਨ੍ਹਾਂ ਨੂੰ ਮਹਿੰਗੇ ਪੈ ਗਏ। ਪ੍ਰਸਿੱਧੀ ਨਿਰਪੱਖਤਾ ਦੀ ਗਰੰਟੀ ਨਹੀਂ ਦਿੰਦੀ, ਅਤੇ ਵਿਰਾਸਤ ਹਮੇਸ਼ਾ ਤੁਹਾਨੂੰ ਵਿਸਰੇ ਜਾਣ ਜਾਂ ਮਿਟਾਏ ਜਾਣ ਤੋਂ ਨਹੀਂ ਬਚਾਉਂਦੀ। ਚਾਰ ਦਹਾਕਿਆਂ ਬਾਅਦ ਵੀ ਤਿੰਨ ਵਾਰ ਦੇ ਓਲੰਪਿਕ ਤਗਮਾ ਜੇਤੂ ਦਾ ਕਤਲ ਅਣਸੁਲਝਿਆ ਹੈ। ਇਹ ਗੱਲ ਮੈਨੂੰ ਬਹੁਤ ਪਰੇਸ਼ਾਨ ਕਰਦੀ ਹੈ।''

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)