ਪੁਲਾੜ ਦੀ ਯਾਤਰਾ 'ਤੇ ਗਏ ਪਹਿਲੇ ਸਿੱਖ ਅਰਵਿੰਦਰ ਬਹਿਲ ਕੌਣ ਹਨ? 196 ਦੇਸ਼ ਘੁੰਮਣ ਤੇ ਪੁਲਾੜ ਦੇ ਤਜਰਬੇ ਬਾਰੇ ਕੀ ਦੱਸਿਆ

ਤਸਵੀਰ ਸਰੋਤ, Arvinder Bahal/FB
- ਲੇਖਕ, ਅਵਤਾਰ ਸਿੰਘ
- ਰੋਲ, ਬੀਬੀਸੀ ਪੱਤਰਕਾਰ
"ਮੈਂ ਸਾਰੇ ਦੇਸ਼ ਘੁੰਮੇ ਸਨ ਅਤੇ ਇਹੀ ਤਮੰਨਾ ਸੀ ਕਿ ਹੁਣ ਪੂਰੀ ਦੁਨੀਆਂ ਨੂੰ ਇੱਕੋ ਵਾਰ ਦੇਖ ਲਵਾਂ। ਉੱਪਰੋਂ ਦੇਖੋ ਤਾਂ ਕੋਈ ਸਰਹੱਦ ਨਹੀਂ ਹੈ, ਕੋਈ ਵੀਜ਼ਾ ਨਹੀਂ ਲੈਣਾ ਪੈਂਦਾ, ਕੋਈ ਸਿਆਸਤ ਨਹੀਂ ਹੈ... ਜਿਵੇਂ ਅਸੀਂ ਚੰਨ ਨੂੰ ਦੇਖਦੇ ਹਾਂ, ਉੱਪਰੋਂ ਜ਼ਮੀਨ ਉਸੇ ਤਰ੍ਹਾਂ ਨਜ਼ਰ ਆਉਂਦੀ ਹੈ।"
ਇਹਨਾਂ ਬੋਲਾਂ ਨਾਲ ਅਰਵਿੰਦਰ ਸਿੰਘ ਬਹਿਲ ਆਪਣੇ ਪੁਲਾੜ ਦੀ ਯਾਤਰਾ ਕਰਨ ਦੇ ਤਜਰਬੇ ਨੂੰ ਸਾਂਝਾ ਕਰਦੇ ਹਨ।
ਅਰਵਿੰਦਰ ਸਿੰਘ ਬਹਿਲ ਦੀ ਉਮਰ ਕਰੀਬ 80 ਸਾਲ ਹੈ ਅਤੇ ਉਹ ਪੁਲਾੜ ਦੀ ਯਾਤਰਾ ਕਰਨ ਵਾਲੇ ਪਹਿਲੇ ਸਿੱਖ ਬਣ ਗਏ ਹਨ।
ਉਹ ਇਸ ਸਮੇਂ ਅਮਰੀਕਾ ਵਿੱਚ ਰਹਿ ਰਹੇ ਹਨ ਅਤੇ ਰੀਅਲ ਇਸਟੇਟ ਦੇ ਕਾਰੋਬਾਰੀ ਹਨ।
ਉਨ੍ਹਾਂ ਨੇ 3 ਅਗਸਤ 2025 ਨੂੰ ਬਲੂ ਉਰੀਜਨ ਦੇ ਐੱਨਐੱਸ-34 ਮਿਸ਼ਨ ਰਾਹੀਂ ਪੁਲਾੜ ਦੀ ਯਾਤਰਾ ਕੀਤੀ ਸੀ। ਇਹ ਯਾਤਰਾ ਕਰੀਬ 10 ਮਿੰਟ ਦੀ ਸੀ ਜਿਸ ਦੌਰਾਨ ਉਨ੍ਹਾਂ ਨੇ ਧਰਤੀ ਤੋਂ 100 ਕਿਲੋਮੀਟਰ ਉਚਾਈ ਤੱਕ ਦੀ ਉਡਾਣ ਭਰੀ। ਉਨ੍ਹਾਂ ਮੁਤਾਬਕ, ਇਸ ਤੋਂ ਪਹਿਲਾਂ ਉਹ196 ਦੇਸ਼ਾਂ ਦੀ ਯਾਤਰਾ ਵੀ ਕਰ ਚੁੱਕੇ ਹਨ।
'ਤੁਸੀਂ ਚਿੜੀਆਂ ਵਾਂਗ ਉੱਡ ਸਕਦੇ ਹੋ'
ਅਰਵਿੰਦਰ ਸਿੰਘ ਬਹਿਲ ਦੱਸਦੇ ਹਨ ਕਿ ਜਿਸ ਸਮੇਂ ਕੋਈ 100 ਕਿਲੋਮੀਟਰ ਉਪਰ ਕਾਰਬਨ ਲਾਈਨ 'ਤੇ ਪਹੁੰਚਦਾ ਹੈ ਤਾਂ ਉੱਥੇ ਭਾਰ ਮਹਿਸੂਸ ਨਹੀਂ ਹੁੰਦਾ ਹੈ।
ਉਹ ਕਹਿੰਦੇ ਹਨ, ''ਜਿਸ ਤਰ੍ਹਾਂ ਚਿੜੀਆਂ ਉੱਡਦੀਆਂ, ਤੁਸੀਂ ਵੀ ਉਸੇ ਤਰ੍ਹਾਂ ਉੱਡ ਸਕਦੇ ਹੋ। ਤੁਸੀਂ ਕੁਰਸੀ ਤੋਂ ਆਪਣੇ-ਆਪ ਉੱਠ ਜਾਂਦੇ ਹੋ।''
ਬਹਿਲ ਦੱਸਦੇ ਹਨ, "ਪਹਿਲੇ ਕੁਝ ਸਕਿੰਟਾਂ ਵਿੱਚ ਤਾਂ ਬੰਦਾ ਥੋੜ੍ਹਾ ਡਿਸਓਰੀਐਂਟ ਹੋ ਜਾਂਦਾ ਹੈ। ਉਸ ਤੋਂ ਬਾਅਦ ਤੁਸੀਂ ਖੜਬਾਜ਼ੀਆਂ ਮਾਰੋ, ਜੋ ਮਰਜ਼ੀ ਕਰੋ। ਫਿਰ ਆਪਣੀ ਸੀਟ 'ਤੇ ਬਹਿ ਕੇ ਬਾਹਰ ਦੇਖੋ ਤਾਂ ਪੂਰਾ ਸਪੇਸ ਬਿਲਕੁਲ ਕਾਲ਼ਾ ਹੋ ਜਾਂਦਾ ਹੈ।"
ਉਹ ਅੱਗੇ ਦੱਸਦੇ ਹਨ, "ਥੱਲੇ ਦੇਖੋ, ਤਾਂ ਜ਼ਮੀਨ ਨਜ਼ਰ ਆਉਂਦੀ ਹੈ - ਬਲੂ ਪਲੈਨੈੱਟ। ਜਿਵੇਂ ਚੰਨ ਨੂੰ ਦੇਖੋ ਤਾਂ ਉਹ ਕਿੰਨਾ ਚਮਕਦਾਰ ਨਜ਼ਰ ਆਉਂਦਾ ਹੈ, ਉਸੇ ਤਰ੍ਹਾਂ ਹੇਠਾਂ ਦੇਖਣ 'ਤੇ ਜ਼ਮੀਨ ਨੀਲੇ ਰੰਗ ਦੀ ਨਜ਼ਰ ਆਉਂਦੀ ਹੈ। ਜ਼ਮੀਨ ਦਾ ਪੂਰਾ ਘੁੰਮਾਅ ਨਜ਼ਰ ਆਉਂਦਾ ਹੈ। ਬੜਾ ਭਾਵੁਕ ਜਿਹਾ ਮਹਿਸੂਸ ਹੁੰਦਾ ਹੈ ਕਿ ਅਸੀਂ ਇਸ ਜ਼ਮੀਨ ਤੋਂ ਕਿੱਥੇ ਉੱਪਰ ਪਹੁੰਚ ਗਏ ਹਾਂ।"

ਤਸਵੀਰ ਸਰੋਤ, Arvinder Bahal
ਅਰਵਿੰਦਰ ਸਿੰਘ ਬਹਿਲ ਕਹਿੰਦੇ ਹਨ ਕਿ ਉਨ੍ਹਾਂ ਨੂੰ ਬੜੀ ਦੇਰ ਤੋਂ ਇਹ ਖੁਆਇਸ਼ ਸੀ।
ਉਨ੍ਹਾਂ ਦੱਸਿਆ, "ਮੈਂ ਇੱਕ ਹੋਰ ਕੰਪਨੀ ਕੋਲ 16 ਸਾਲ ਪਹਿਲਾਂ ਇੱਕ ਟਿਕਟ ਬੁੱਕ ਕੀਤਾ ਸੀ। ਪਰ ਕਿਸੇ ਹਾਦਸੇ ਕਾਰਨ ਉਨ੍ਹਾਂ ਦੀ ਰਿਸਰਚ ਜਾਰੀ ਹੈ ਜੋ ਲਗਭਗ 2027 'ਚ ਪੂਰੀ ਹੋਣੀ ਹੈ।"
"ਪਰ ਮੇਰੀ 80 ਸਾਲ ਉਮਰ ਹੋ ਗਈ, ਤਾਂ ਮੈਂ ਕਿਹਾ ਹੁਣ ਦੂਜੀ ਕੰਪਨੀ ਵੱਲ ਕੋਸ਼ਿਸ਼ ਕਰ ਲਈਏ। ਇਸ ਕਰਕੇ ਮੈਂ ਬਲੂ ਓਰਿਜਿਨ ਨਾਲ ਸੰਪਰਕ ਕੀਤਾ।"
ਇਸ ਯਾਤਰਾ 'ਤੇ ਆਉਣ ਵਾਲੇ ਖਰਚ ਬਾਰੇ ਉਨ੍ਹਾਂ ਵੇਰਵੇ ਸਾਂਝੇ ਨਹੀਂ ਕੀਤੇ ਕਿਉਂਕਿ ਇਸ ਬਾਰੇ ਉਨ੍ਹਾਂ ਦਾ ਕੰਪਨੀ ਨਾਲ ਪਹਿਲਾਂ ਤੋਂ ਕਰਾਰ ਸੀ।
ਉਹ ਦੱਸਦੇ ਹਨ ਕਿ ਇਸ ਯਾਤਰਾ 'ਤੇ ਉਨ੍ਹਾਂ ਨਾਲ ਚੀਨ ਦਾ ਵੀ ਇੱਕ ਵਿਅਕਤੀ ਗਿਆ ਸੀ। ਜਿਸ ਨੇ ਓਕਸ਼ਨ (ਇੱਕ ਪ੍ਰਕਾਰ ਦੀ ਬੋਲੀ ) ਦੇ ਵਿੱਚ 28 ਮਿਲੀਅਨ ਡਾਲਰ ਦੇ ਕੇ ਇਹ ਸੀਟ ਲਈ ਸੀ।
"ਅਸੀਂ ਇੰਨੇ ਪੈਸੇ ਨਹੀਂ ਦਿੱਤੇ, ਅਸੀਂ ਤਾਂ ਬਹੁਤ ਘੱਟ ਪੈਸੇ ਦਿੱਤੇ ਹਨ।"

ਤਸਵੀਰ ਸਰੋਤ, BBC/Arvinder Bahal
ਪੱਗ ਪਾ ਕੇ ਜਾਣ ਦਾ ਤਜਰਬਾ ਕਿਵੇਂ ਰਿਹਾ?

ਤਸਵੀਰ ਸਰੋਤ, Arvinder Bahal
ਪੁਲਾੜ ਦੀ ਯਾਤਰਾ ਕਰਨ ਵੇਲੇ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਹੈ, ਇਸ ਬਾਰੇ ਅਰਵਿੰਦਰ ਬਹਿਲ ਕਹਿੰਦੇ ਹਨ, "ਡਰ ਤਾਂ ਲੱਗਦਾ ਹੈ, ਘਬਰਾਹਟ ਹੁੰਦੀ ਹੈ। ਤੁਸੀਂ ਆਪਣੀ ਸੀਟ 'ਤੇ ਬੈਠੇ ਹੋ, ਬਾਹਰ ਦੋਖੋ ਤਾਂ ਲਾਂਚ ਤੋਂ ਪਹਿਲਾਂ ਸਾਰੇ ਪਾਸੇ ਅੱਗ ਹੀ ਅੱਗ ਹੁੰਦੀ ਹੈ। ਪਰ ਜੋ ਉਤਸੁਕਤਾ ਹੁੰਦੀ ਹੈ, ਉਹ ਘਬਰਾਹਟ ਤੋਂ ਵੀ ਉੱਪਰ ਵਾਲੀ ਹੁੰਦੀ ਹੈ।"
ਉਹ ਕਹਿੰਦੇ ਹਨ, "ਆਵਾਜ਼ ਨਾਲੋਂ ਤਿੰਨ ਗੁਣਾ ਜ਼ਿਆਦਾ ਸਪੀਡ 'ਤੇ ਤੁਸੀਂ ਉੱਪਰ ਜਾਂਦੇ ਹੋ। ਉਸ ਵੇਲੇ ਮਹਿਸੂਸ ਨਹੀਂ ਹੁੰਦਾ, ਪਰ ਜਦੋਂ ਗਰੈਵਿਟੀ (ਗੁਰੁਤਾਕਰਸ਼ਣ ਬਲ) ਟੁੱਟਦੀ ਹੈ ਤਾਂ ਉਸ ਵੇਲੇ ਹੱਥ ਛਾਤੀ 'ਤੇ ਹੀ ਰਹਿੰਦਾ ਹੈ। ਸਾਹ ਲੈਣ 'ਚ ਥੋੜ੍ਹੀ ਤਕਲੀਫ਼ ਹੁੰਦੀ ਹੈ। ਪਰ ਉਹ ਟ੍ਰੇਨਿੰਗ ਹੁੰਦੀ ਹੈ ਕਿ ਕਿਵੇਂ ਸਾਹ ਲੈਣਾ ਹੈ।"
ਬਹਿਲ ਅੱਗੇ ਦੱਸਦੇ ਹਨ, "ਕਿਉਂਕਿ ਜਿਸ ਸੀਟ 'ਤੇ ਬੈਠਣਾ ਪੈਂਦਾ ਹੈ, ਉਹ ਸੀਟ ਮੋਲਡ ਕਰਨੀ ਪੈਂਦੀ ਹੈ। ਮੈਂ ਕਿਹਾ ਮੈਂ ਪੱਗ ਬੰਨ੍ਹ ਕੇ ਜਾਣਾ ਚਾਹੁੰਦਾ ਹਾਂ, ਉਨ੍ਹਾਂ ਨੇ ਮਨਜ਼ੂਰ ਕਰ ਲਿਆ। ਕੋਈ ਫਰਕ ਨਹੀਂ ਪਿਆ (ਪੱਗ ਨਾਲ)। (ਹੱਸਦੇ ਹੋਏ ਦੱਸਦੇ ਹਨ) ਥੋੜ੍ਹੀ ਪੱਗ ਢਿੱਲੀ ਹੋ ਗਈ ਸੀ ਪਰ ਇਹ ਕਾਫੀ ਆਰਾਮਦਾਇਕ ਰਿਹਾ।"
ਅਰਵਿੰਦਰ ਸਿੰਘ ਬਹਿਲ ਕੌਣ ਹਨ?

ਤਸਵੀਰ ਸਰੋਤ, Arvinder Bahal/FB
ਅਰਵਿੰਦਰ ਸਿੰਘ ਬਹਿਲ ਦਾ ਜਨਮ 13 ਅਕਤੂਬਰ, 1945 ਨੂੰ ਆਗਰਾ ਵਿੱਚ ਹੋਇਆ ਅਤੇ ਉਹ ਤਾਜ ਮਹਿਲ ਦੇ ਨੇੜੇ ਵੱਡੇ ਹੋਏ।
ਬਹਿਲ ਨੂੰ ਯਾਤਰਾ ਅਤੇ ਫੋਟੋਗ੍ਰਾਫੀ ਦਾ ਜਨੂਨ ਹੈ। ਉਨ੍ਹਾਂ ਨੇ ਇੱਕ ਸਿੰਗਲ-ਇੰਜਣ ਵਾਲੇ ਜਹਾਜ਼ ਲਈ ਪਾਇਲਟ ਦਾ ਲਾਇਸੈਂਸ ਵੀ ਹਾਸਲ ਕੀਤਾ ਹੋਇਆ ਹੈ।
ਉਹ ਛੇ ਭਾਸ਼ਾਵਾਂ ਬੋਲਦੇ ਹਨ ਅਤੇ ਗ੍ਰੀਨਲੈਂਡ, ਪੋਲ, ਪੈਟਾਗੋਨੀਆ ਅਤੇ ਦੁਨੀਆ ਦੇ ਮਹਾਨ ਮਾਰੂਥਲਾਂ ਸਮੇਤ ਦੂਰ-ਦੁਰਾਡੇ ਖੇਤਰਾਂ ਵਿੱਚ ਘੁੰਮ ਚੁੱਕੇ ਹਨ।
ਬਹਿਲ ਨੇ 1962 ਵਿੱਚ ਨੈਸ਼ਨਲ ਡਿਫੈਂਸ ਅਕੈਡਮੀ ਜੁਆਇਨ ਕੀਤੀ ਸੀ ਪਰ ਇੱਕ ਪੋਲੋ ਹਾਦਸੇ ਕਾਰਨ ਉਨ੍ਹਾਂ ਨੂੰ ਇਹ ਨੌਕਰੀ ਛੱਡਣੀ ਪਈ ਕਿਉਂਕਿ ਉਨ੍ਹਾਂ ਦੇ ਸੁਣਨ ਸ਼ਕਤੀ 'ਤੇ ਥੋੜ੍ਹਾ ਅਸਰ ਹੋ ਗਿਆ ਸੀ।
ਫਿਰ ਉਨ੍ਹਾਂ ਨੇ 1970 ਤੱਕ ਦਿੱਲੀ ਨੇੜੇ ਕੱਪੜਾ ਕਾਰੋਬਾਰ ਵਿੱਚ ਆਉਣ ਤੋਂ ਪਹਿਲਾਂ ਦਾਰਜੀਲਿੰਗ ਵਿੱਚ ਇੱਕ ਸਕਾਟਿਸ਼-ਮਲਕੀਅਤ ਵਾਲੇ ਚਾਹ ਦੇ ਬਾਗ ਵਿੱਚ ਲਗਭਗ ਚਾਰ ਸਾਲ ਕੰਮ ਕੀਤਾ।
1975 ਵਿੱਚ ਕਾਰੋਬਾਰ ਲਈ ਉਹ ਪਹਿਲੀ ਸੰਯੁਕਤ ਰਾਜ ਅਮਰੀਕਾ ਫੇਰੀ 'ਤੇ ਗਏ ਅਤੇ ਅਮਰੀਕੀ ਜੀਵਨ ਨੂੰ ਅਪਣਾਉਣ ਲਈ ਪ੍ਰੇਰਿਤ ਹੋ ਗਏ।
ਉਨ੍ਹਾਂ ਨੂੰ 1977 ਵਿੱਚ ਗ੍ਰੀਨ ਕਾਰਡ ਮਿਲ ਗਿਆ ਅਤੇ 1979 ਤੱਕ ਅਮਰੀਕੀ ਨਾਗਰਿਕ ਬਣ ਗਏ। ਪਿਛਲੇ ਸਾਢੇ ਚਾਰ ਦਹਾਕਿਆਂ ਵਿੱਚ, ਉਨ੍ਹਾਂ ਨੇ ਫੈਸ਼ਨ, ਸਪੋਰਟਸਵੇਅਰ ਅਤੇ ਰੀਅਲ ਅਸਟੇਟ ਵਿੱਚ ਸਫ਼ਲ ਕਾਰੋਬਾਰ ਕੀਤਾ।
'ਧਰਤੀ 'ਤੇ ਸਾਰੀਆਂ ਥਾਵਾਂ ਦੇਖਣ ਲਈ 10 ਜਨਮ ਵੀ ਘੱਟ'

ਤਸਵੀਰ ਸਰੋਤ, Arvinder Bahal/FB
ਅਰਵਿੰਦਰ ਬਹਿਲ ਵਪਾਰ ਕਰਨ ਲਈ ਅਮਰੀਕਾ ਗਏ ਅਤੇ ਫਿਰ ਉੱਥੇ ਹੀ ਵਸ ਗਏ।
ਉਹ ਦੱਸਦੇ ਹਨ ਕਿ ਉਹ 9 ਮਈ 1975 'ਚ ਅਮਰੀਕਾ ਆਏ ਸਨ।
ਬਹਿਲ ਮੁਤਾਬਕ, ''ਇੱਥੇ ਮੈਂ ਬਿਜ਼ਨਸ ਸ਼ੁਰੂ ਕੀਤਾ, ਜਿਸ ਲਈ ਹਰ ਦੋ ਮਹੀਨੇ ਬਾਅਦ ਇੰਡੀਆ ਤੇ ਤਾਇਵਾਨ ਜਾਣਾ ਪੈਂਦਾ ਸੀ। ਫਿਰ ਬਸ ਆਦਤ ਪੈ ਗਈ ਸਫ਼ਰ ਕਰਨ ਸੀ।"
ਸਾਰੀ ਦੁਨੀਆਂ ਘੁੰਮਣ ਦੇ ਤਜਰਬੇ ਬਾਰੇ ਉਹ ਕਹਿੰਦੇ ਹਨ, "ਕਹਿ ਸਕਦੇ ਹੋ ਕਿ ਮੈਂ 196 ਦੇਸ਼ ਦੇਖੇ ਪਰ ਜਿਵੇਂ ਕਹਿੰਦੇ ਹਨ, ਇੱਕ ਜੀਵਨ 'ਚ ਸਾਰੀ ਦੁਨੀਆਂ ਕੋਈ ਨਹੀਂ ਦੇਖ ਸਕਦਾ। ਸਾਡੀ ਧਰਤੀ 'ਤੇ ਸਾਰੀਆਂ ਥਾਵਾਂ ਦੇਖਣ ਲਈ 10 ਜਨਮ ਵੀ ਘੱਟ ਹਨ। ਇਸ ਲਈ ਕਹਿਣ ਲਈ ਠੀਕ ਹੈ ਕਿ ਮੈਂ ਸਾਰੇ ਦੇਸ਼ ਦੇਖ ਲਏ ਪਰ ਅਜੇ ਤਾਂ 2% ਵੀ ਨਹੀਂ ਦੇਖਿਆ ਹੋਣਾ।"
ਉਹ ਆਪਣੇ ਸਫ਼ਰ ਬਾਰੇ ਦੱਸਦੇ ਹਨ, ''ਅਫ਼ਰੀਕਾ ਜਾਓ ਤਾਂ ਉੱਥੇ ਕਬਾਇਲੀ ਲੋਕ ਹਨ। ਮੈਂ ਉਨ੍ਹਾਂ ਨਾਲ ਟੈਂਟ ਲਗਾ ਕੇ ਰਿਹਾ। ਉਨ੍ਹਾਂ ਦਾ ਸੱਭਿਆਚਾਰ, ਰਹਿਣ-ਸਹਿਣ ਦੇਖ ਕੇ ਬਹੁਤ ਜਾਣਕਾਰੀ ਵਧਦੀ ਹੈ।"
ਉਹ ਕਹਿੰਦੇ ਹਨ, "ਅਸੀਂ ਕਾਲਜ 'ਚ ਇੱਕ ਵਿਸ਼ੇ ਦੀ ਸਿੱਖਿਆ ਲੈ ਸਕਦੇ ਹਾਂ ਪਰ ਯਾਤਰਾਵਾਂ ਨਾਲ ਆਦਮੀ ਸਿੱਖਦਾ ਹੈ ਕਿ ਜ਼ਿੰਦਗੀ 'ਚ ਰਹਿਣਾ ਕਿਵੇਂ ਹੈ। ਇਸ ਨਾਲ ਇਨਸਾਨ ਅੰਦਰ ਸਹਿਜ ਆਉਂਦਾ ਹੈ ਅਤੇ ਉਹ ਮੁਸ਼ਕਲ ਹਲਾਤ ਦਾ ਸਾਹਮਣਾ ਕਿਵੇਂ ਕਰਨਾ ਹੈ, ਇਹ ਸਭ ਸਿੱਖ ਸਕਦਾ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ













