ਸਪੇਸ: ਸੌਲਰ ਸਿਸਟਮ 'ਚ 175 ਸਾਲ ਬਾਅਦ ਕੀ ਵਾਪਰਨ ਜਾ ਰਹੀ ਅਨੋਖੀ ਘਟਨਾ, ਧਰਤੀ ਉੱਤੇ ਇਹ ਪਵੇਗਾ ਅਸਰ

ਤਸਵੀਰ ਸਰੋਤ, Getty Images
- ਲੇਖਕ, ਜੋਨਾਥਨ ਓ ਕੈਲੈਗਨ
- ਰੋਲ, ਬੀਬੀਸੀ ਨਿਊਜ਼
ਇਸ ਜਨਵਰੀ ਜਾਂ ਫਰਵਰੀ ਦੇ ਮਹੀਨੇ ਤੁਸੀਂ ਅਸਮਾਨ ਵੱਲ ਵੇਖੋਗੇ ਤਾਂ ਹੋ ਸਕਦਾ ਹੈ ਤੁਹਾਡੀ ਨਜ਼ਰ ਇੱਕ ਦਿਲਚਸਪ ਨਜ਼ਾਰੇ ਉੱਤੇ ਪੈ ਜਾਏ।
ਛੇ ਗ੍ਰਹਿ – ਸ਼ੁੱਕਰ, ਮੰਗਲ, ਬ੍ਰਹਿਸਪਤੀ, ਸ਼ਨੀ, ਅਰੁਣ ਅਤੇ ਵਰੁਣ ਨੂੰ ਰਾਤ ਨੂੰ ਵੇਖਿਆ ਜਾ ਸਕਦਾ ਹੈ।
ਫਰਵਰੀ ਦੇ ਅੰਤ ਵਿੱਚ ਸਿਰਫ਼ ਇੱਕ ਦਿਨ ਇੱਕ ਹੋਰ ਗ੍ਰਹਿ (ਬੁੱਧ) ਇਨ੍ਹਾਂ ਨਾਲ ਜੁੜ ਜਾਵੇਗਾ।
ਸੱਤ ਗ੍ਰਹਿ ਇੱਕ ਸਾਰ ਇੱਕੋ ਸੇਧ ਵਿੱਚ ਹੋਣੇ ਇੱਕ ਦੁਰਲੱਭ ਮੌਕਾ ਹੈ।
ਅਜਿਹਾ ਹੋਣਾ ਸਿਰਫ਼ ਤਾਰਿਆਂ ਵਿੱਚ ਦਿਲਚਸਪੀ ਰੱਖਣ ਵਾਲੇ ਲੋਕਾਂ ਲਈ ਹੀ ਖਿੱਚ ਦਾ ਕੇਂਦਰ ਨਹੀਂ ਹੈ। ਇਨ੍ਹਾਂ ਦਾ ਸੌਰ ਮੰਡਲ ਉੱਤੇ ਅਸਰ ਵੀ ਪੈਂਦਾ ਹੈ ਜੋ ਇਸ ਵਿੱਚ ਸਾਡੀ ਥਾਂ ਬਾਰੇ ਨਵੀਂ ਜਾਣਕਾਰੀ ਦੀ ਸੰਭਾਵਨਾ ਵੀ ਪੈਦਾ ਕਰਦਾ ਹੈ।
ਸਾਡੇ ਸੌਰ ਮੰਡਲ ਦੇ ਅੱਠ ਵੱਡੇ ਗ੍ਰਹਿ ਸੂਰਜ ਦਾ ਚੱਕਰ ਇੱਕੋ ਸਮਤਲ ਤਲ ਉੱਤੇ ਵੱਖ-ਵੱਖ ਗਤੀ ਨਾਲ ਲਾਉਂਦੇ ਹਨ।
ਬੁੱਧ ਸੂਰਜ ਦਾ ਸਭ ਤੋਂ ਨੇੜਲਾ ਗ੍ਰਹਿ ਹੈ। ਇਹ ਸੂਰਜ ਦਾ ਚੱਕਰ (ਜੋ ਕਿ ਗ੍ਰਹਿ ਲਈ ਇੱਕ ਸਾਲ ਹੁੰਦਾ ਹੈ) 88 ਦਿਨਾਂ ਵਿੱਚ ਪੂਰਾ ਕਰਦਾ ਹੈ। ਧਰਤੀ ਦਾ ਇੱਕ ਸਾਲ 365 ਦਿਨਾਂ ਦਾ ਹੈ।
ਸੂਰਜ ਤੋਂ ਸਭ ਤੋਂ ਦੂਰ ਪੈਂਦਾ ਗ੍ਰਹਿ ਵਰੁਣ ਸੂਰਜ ਦਾ ਚੱਕਰ 60,190 ਦਿਨਾਂ ਵਿੱਚ ਪੂਰਾ ਕਰਦਾ ਹੈ। ਇਹ ਧਰਤੀ ਦੇ 165 ਸਾਲਾਂ ਦੇ ਬਰਾਬਰ ਹੈ।
ਸਾਡੇ ਗ੍ਰਹਿਆਂ ਦੀ ਵੱਖਰੀ ਰਫ਼ਤਾਰ ਦਾ ਮਤਲਬ ਹੈ ਕਿ ਕੋਈ ਮੌਕੇ ਅਜਿਹਾ ਵੀ ਆ ਸਕਦਾ ਹੈ ਜਦੋਂ ਇਨ੍ਹਾਂ ਵਿੱਚੋਂ ਕਈ ਤਕਰੀਬਨ ਸੂਰਜ ਦੇ ਇੱਕੋ ਪਾਸੇ ਇੱਕ ਲੜੀ ਵਿੱਚ ਹੋ ਸਕੇ ਹਨ।
ਜੇਕਰ ਸਹੀ ਮੌਕਾ ਆਵੇ ਤਾਂ ਧਰਤੀ ਤੋਂ ਰਾਤ ਨੂੰ ਇੱਕੋ ਸਮੇਂ ਕਈ ਗ੍ਰਹਿ ਵੇਖੇ ਜਾ ਸਕਦੇ ਹਨ।
ਕਿਸੇ ਦੁਰਲੱਭ ਮੌਕੇ ਉੱਤੇ ਅਜਿਹਾ ਵੀ ਹੋ ਸਕਦਾ ਹੈ ਕਿ ਸਾਰੇ ਗ੍ਰਹਿ ਇੱਕ ਸੇਧ ਉੱਤੇ ਅਜਿਹੇ ਤਰੀਕੇ ਨਾਲ ਆ ਜਾਣਗੇ ਕਿ ਉਹ ਸਾਰੇ ਰਾਤ ਨੂੰ ਅਸਮਾਨ ਵਿੱਚ ਦਿਖਣਗੇ। ਇਸ ਦੇ ਨਾਲ ਹੀ ਸੂਰਜ ਵੱਲੋਂ ਲਿਆ ਗਿਆ ਰਾਹ ਵੀ ਦੇਖਿਆ ਜਾ ਸਕਦਾ ਹੈ।
ਬੁੱਧ, ਸ਼ੁੱਕਰ, ਮੰਗਲ, ਬ੍ਰਹਿਸਪਤੀ ਅਤੇ ਸ਼ਨੀ ਇੰਨੇ ਰੁਸ਼ਨਾਏ ਹੁੰਦੇ ਹਨ ਕਿ ਇਨ੍ਹਾਂ ਨੂੰ ਨੰਗੀ ਅੱਖ ਨਾਲ ਵੇਖਿਆ ਜਾ ਸਕਦਾ ਹੈ। ਜਦਕਿ ਅਰੁਣ ਅਤੇ ਵਰੁਣ ਨੂੰ ਵੇਖਣ ਲਈ ਟੈਲੀਸਕੋਪ ਦੀ ਲੋੜ ਪਵੇਗੀ।
ਜਨਵਰੀ ਅਤੇ ਫਰਵਰੀ ਵਿੱਚ ਅਸੀਂ ਇਹ ਵਾਪਰਦਾ ਵੇਖ ਸਕਦੇ ਹਾਂ। ਜਨਵਰੀ ਅਤੇ ਫਰਵਰੀ ਦੀਆਂ ਸਾਫ਼ ਰਾਤਾਂ ਦੌਰਾਨ ਬੁੱਧ ਨੂੰ ਛੱਡ ਕੇ ਬਾਕੀ ਸਾਰੇ ਗ੍ਰਹਿ ਦਿਖਾਈ ਦੇਣਗੇ।
ਇਸ ਘਟਨਾ ਨੂੰ 'ਪਲੈਨੇਟਰੀ ਪਰੇਡ' ਭਾਵ ਕਿ ਗ੍ਰਹਿਆਂ ਦੀ ਪਰੇਡ ਵੀ ਕਿਹਾ ਜਾਂਦਾ ਹੈ। 28 ਫਰਵਰੀ ਨੂੰ ਸਾਰੇ ਗ੍ਰਹਿ ਦਿਖਣਗੇ।
ਯੂਕੇ ਵਿਚਲੀ ਫਿਫਥ ਸਟਾਰ ਲੈਬਜ਼ ਵਿੱਚ ਪੁਲਾੜ ਵਿਗਿਆਨੀ ਜੈਨੀਫਰ ਮਿਲਾਰਡ ਕਹਿੰਦੇ ਹਨ, "ਗ੍ਰਹਿਆਂ ਨੂੰ ਆਪਣੀਆਂ ਅੱਖਾਂ ਨਾਲ ਵੇਖਣਾ ਬਹੁਤ ਖ਼ਾਸ ਹੈ।"
ਉਹ ਕਹਿੰਦੇ ਹਨ, "ਹਾਂ, ਤੁਸੀਂ ਗੂਗਲ ਕਰ ਸਕਦੇ ਹੋ ਅਤੇ ਸਾਰੇ ਗ੍ਰਹਿਆਂ ਦੇ ਸ਼ਾਨਦਾਰ ਦ੍ਰਿਸ਼ ਵੇਖ ਸਕਦੇ ਹੋ, ਪਰ ਜਦੋਂ ਤੁਸੀਂ ਉਨ੍ਹਾਂ ਨੂੰ ਮਿਲੀਅਨ ਜਾਂ ਬਿਲੀਅਨ ਮੀਲਾਂ ਦੂਰ ਸਿੱਧਾ ਵੇਖਦੇ ਹੋ ਤਾਂ ਇਹ ਵੱਖਰਾ ਹੁੰਦਾ ਹੈ।"

ਕੀ ਸਾਰੇ ਗ੍ਰਹਿਆਂ ਦਾ ਇਕੱਠੇ ਹੋਣਾ ਧਰਤੀ ਉੱਤੇ ਕੋਈ ਅਸਰ ਪਾਉਂਦਾ ਹੈ?
ਜੈਨੀਫਰ ਮਿਲਾਰਡ ਦੱਸਦੇ ਹਨ, "ਅਜਿਹਾ ਸਿਰਫ਼ ਇਸ ਲਈ ਹੁੰਦਾ ਹੈ ਕਿ ਉਹ ਉਸ ਵੇਲੇ ਆਪਣੇ ਚੱਕਰ ਦੀ ਉਸ ਸਥਿਤੀ ਵਿੱਚ ਹੁੰਦੇ ਹਨ।"
ਹਾਲਾਂਕਿ ਇਸ ਦੇ ਧਰਤੀ 'ਤੇ ਅਸਰ ਬਾਰੇ ਕੋਈ ਵਿਗਿਆਨਕ ਸਬੂਤ ਨਹੀਂ ਹਨ।
ਸਾਲ 2019 ਵਿੱਚ ਖੋਜਾਰਥੀਆਂ ਨੇ ਕਿਹਾ ਕਿ ਗ੍ਰਹਿਆਂ ਦਾ ਇੱਕ ਸੇਧ ਵਿੱਚ ਹੋਣਾ ਸੌਰ ਮੰਡਲ ਵਿਚਲੀਆਂ ਗਤੀਵਿਧੀਆਂ ਉੱਤੇ ਅਸਰ ਪਾ ਸਕਦਾ ਹੈ।
ਸੂਰਜ ਬਾਰੇ ਸਭ ਤੋਂ ਮੁੱਖ ਸਵਾਲ ਇਹ ਹੈ ਕਿ ਇਸ ਦੇ 11 ਸਾਲਾ ਚੱਕਰ ਨੂੰ ਵੱਧ ਗਤੀਵਿਧੀ ਅਤੇ ਘੱਟ ਗਤੀਵਿਧੀ ਵਾਲੇ ਸਮਿਆਂ ਵਿੱਚ ਕਿਵੇਂ ਵੰਡਦਾ ਹੈ।
ਜਰਮਨੀ ਵਿਚਲੇ ਹੈਲਹੋਲਜ਼-ਜ਼ੈਂਟਰਮ ਖੋਜ ਕੇਂਦਰ ਵਿੱਚ ਭੌਤਿਕ ਵਿਗਿਆਨੀ ਫ੍ਰੈਂਕ ਸਟੇਫਨੀ ਮੰਨਦੇ ਹਨ ਕਿ ਸ਼ੁੱਕਰ, ਧਰਤੀ ਅਤੇ ਬ੍ਰਹਿਸਪਤੀ ਦੀਆਂ ਤਰੰਗਾਂ ਦਾ ਪ੍ਰਭਾਵ ਇਸ ਦਾ ਜਵਾਬ ਹੋ ਸਕਦਾ ਹੈ।
ਉਹ ਕਹਿੰਦੇ ਹਨ, ਹਾਲਾਂਕਿ ਹਰੇਕ ਗ੍ਰਹਿ ਦੀ ਤਰੰਗੀ ਖਿੱਚ ਦਾ ਸੂਰਜ ਉੱਤੇ ਬਹੁਤ ਘੱਟ ਅਸਰ ਹੁੰਦਾ ਹੈ ਪਰ ਜਦੋਂ ਦੋ ਜਾਂ ਵੱਧ ਗ੍ਰਹਿ ਇਕੱਠੇ ਹੋ ਜਾਂਦੇ ਹਨ ਤਾਂ ਇਹ ਇੱਕ ਤਾਰੇ(ਸੂਰਜ) ਵਿੱਚ ਕੁਝ ਛੋਟੀਆਂ ਹਲਚਲਾਂ ਪੈਦਾ ਕਰ ਸਕਦੇ ਹਨ। ਇਨ੍ਹਾਂ ਨੂੰ 'ਰੌਸਬੀ ਵੇਵਜ਼' ਕਿਹਾ ਜਾਂਦਾ ਹੈ, ਇਹ ਵਾਤਾਵਰਣ ਤਬਦੀਲੀ ਦਾ ਕਾਰਨ ਬਣ ਸਕਦੀਆਂ ਹਨ।
ਸਟੇਫਨੀ ਕਹਿੰਦੇ ਹਨ, "ਧਰਤੀ ਉੱਤੇ ਇਹ ਤਰੰਗਾਂ ਤੂਫ਼ਾਨ ਪੈਦਾ ਕਰਦੀਆਂ ਹਨ, ਸਾਡੇ ਕੋਲ ਇਹੀ ਤਰੰਗਾਂ ਸੂਰਜ ਵਿੱਚ ਹਨ।"

ਤਸਵੀਰ ਸਰੋਤ, Getty Images
175 ਸਾਲਾਂ ਵਿੱਚ ਇੱਕ ਵਾਰ ਸਬੱਬ
ਜਰਮਨੀ ਵਿਚਲੀ ਮੈਕਸ ਪਲੈਂਕ ਇੰਸਟੀਟਿਊਟ ਫੌਰ ਸੋਲਰ ਸਿਸਟਮ ਰਿਸਰਚ ਦੇ ਰੌਬਰਟ ਕੈਮਰੋਨ ਨੇ ਇਸ ਬਾਰੇ ਸਾਲ 2022 ਵਿੱਚ ਇੱਕ ਪੇਪਰ ਲਿਖਿਆ। ਉਹ ਕਹਿੰਦੇ ਹਨ ਕਿ ਇਸ ਦਾ ਕੋਈ ਅਧਾਰ ਨਹੀਂ ਹੈ।
ਸਪੇਸਕ੍ਰਾਫਟ ਰਾਹੀਂ ਬਾਹਰੀ ਗ੍ਰਹਿਆਂ ਤੱਕ ਪਹੁੰਚਣਾ ਮੁਸ਼ਕਲ ਹੈ ਕਿਉਂਕਿ ਇਹ ਜਹਾਨ ਕਾਫੀ ਦੂਰ ਹਨ। ਇੱਥੇ ਪਹੁੰਚਣ ਵਿੱਚ ਦਹਾਕੇ ਲੱਗ ਸਕਦੇ ਹਨ।
ਪਰ ਕਿਸੇ ਬ੍ਰਹਿਸਪਤੀ ਵਰਗੇ ਗ੍ਰਹਿ ਦੀ ਖਿੱਚ ਸ਼ਕਤੀ ਦੀ ਵਰਤੋਂ ਕਰਕੇ ਸਪੇਸਕ੍ਰਾਫਟ(ਪੁਲਾੜੀ ਵਾਹਨ) ਭੇਜਣਾ ਸਫ਼ਰ ਵਿੱਚ ਲੱਗਣ ਵਾਲੇ ਸਮੇਂ ਨੂੰ ਘਟਾ ਸਕਦਾ ਹੈ। ਨਾਸਾ ਦੇ ਵੋਯੇਜਰ ਤੋਂ ਬਿਹਤਰ ਇਸ ਨੂੰ ਕੋਈ ਸਪੇਸਕ੍ਰਾਫਟ ਨਹੀਂ ਕਰ ਸਕਿਆ ਹੈ।
ਸਾਲ 1966 ਵਿੱਚ ਨਾਸਾ ਦੇ ਵਿਗਿਆਨੀ ਗੈਰੀ ਫਲਾਂਡਰੋ ਨੇ ਕਿਹਾ ਕਿ ਬ੍ਰਹਿਸਪਤੀ, ਸ਼ਨੀ, ਅਰੁਣ ਅਤੇ ਵਰੁਣ ਸਾਲ 1977 ਵਿੱਚ ਇੱਕ ਅਜਿਹੀ ਸੇਧ ਵਿੱਚ ਹੋਣਗੇ ਕਿ ਇਨ੍ਹਾਂ ਚਾਰੇ ਗ੍ਰਹਿਆਂ ਉੱਤੇ 12 ਸਾਲਾਂ ਵਿੱਚ ਜਾਇਆ ਜਾ ਸਕੇਗਾ।ਜੇਕਰ ਅਜਿਹਾ ਨਾ ਹੋਵੇ ਤਾਂ 30 ਸਾਲ ਲੱਗ ਸਕਦੇ ਹਨ।
ਅਜਿਹੀ ਸੇਧ 175 ਸਾਲਾਂ ਵਿੱਚ ਇੱਕ ਵਾਰ ਹੀ ਬਣਦੀ ਹੈ। ਇਸ ਮਗਰੋਂ ਨਾਸਾ ਨੇ ਸੌਰ ਮੰਡਲ ਦੀ ਫੇਰੀ ਲਈ ਵੇਯੇਜਰ -1, 2 ਭੇਜੇ।
ਵੋਯੇਜਰ 1 ਬ੍ਰਹਿਸਪਤੀ ਦੇ ਨੇੜਿਓਂ 1979 ਵਿੱਚ ਲੰਘਿਆ ਅਤੇ ਸ਼ਨੀ ਦੇ ਨੇੜੇ 1980 ਵਿੱਚ ਗਿਆ। ਇਹ ਅਰੁਣ, ਵਰੁਣ ਨੇੜੇ ਨਹੀਂ ਗਿਆ ਕਿਉਂਕਿ ਵਿਗਿਆਨੀ ਸ਼ਨੀ ਦੇ ਚੰਦ ਟਾਈਟਨ ਕੋਲੋਂ ਲੰਘਣਾ ਚਾਹੂੰਦੇ ਸਨ।
ਪਰ ਵੋਯੇਜਰ 2 ਨੇ ਇਸ ਸੇਧ ਨੂੰ ਚਾਰੇ ਗ੍ਰਹਿਆਂ ਉੱਤੇ ਜਾਣ ਲਈ ਵਰਤਿਆ ਅਤੇ ਇਹ ਇਤਿਹਾਸ ਵਿੱਚ ਅਰੁਣ (1986) ਅਤੇ ਵਰੁਣ (1989) ਤੱਕ ਜਾਣ ਵਾਲਾ ਇੱਕੋ-ਇੱਕ ਪੁਲਾੜੀ ਵਾਹਨ ਬਣਿਆ।

ਅਮਰੀਕਾ ਵਿਚਲੀ ਯੂਨੀਵਰਸਿਟੀ ਆਫ ਕੋਲੋਰਾਡੋ ਵਿੱਚ ਖ਼ਗੋਲਵਿਗਿਆਨੀ ਫ੍ਰਾਨ ਬੈਗੇਨਲ ਕਹਿੰਦੇ ਹਨ, "ਜੇ 1980 ਵਿੱਚ ਵੋਯੇਜਰ-2 ਸਫ਼ਰ ਉੱਤੇ ਤੁਰਦਾ ਤਾਂ ਇਸ ਦੇ ਵਰੁਣ ਤੱਕ ਪਹੁੰਚਦਿਆਂ ਸਾਲ 2010 ਆ ਜਾਣਾ ਸੀ, ਅਜਿਹੇ ਪ੍ਰੋਜੈਕਟ ਨੂੰ ਫੰਡ ਕਿੱਥੋਂ ਮਿਲਦਾ?"
ਪੁਲਾੜ ਵਿਗਿਆਨੀ ਇਨ੍ਹਾਂ ਸੇਧਾਂ ਨੂੰ ਬ੍ਰਹਿਮੰਡ ਦੀਆਂ ਵੱਖ-ਵੱਖ ਖੋਜਾਂ ਲਈ ਵਰਤਦੇ ਹਨ। ਜਿਨ੍ਹਾਂ ਵਿੱਚ ਸੌਰ ਮੰਡਲ ਤੋਂ ਬਾਹਰਲੇ ਗ੍ਰਹਿ ਸ਼ਾਮਲ ਹਨ।
ਅਜਿਹੇ ਗ੍ਰਹਿ ਲੱਭਣ ਦਾ ਸਭ ਵੱਧ ਜਾਣਿਆ ਜਾਂਦਾ ਤਰੀਕਾ ਟ੍ਰਾਂਜ਼ਿਕ ਮੈਥਡ ਹੈ। ਜਦੋਂ ਇੱਕ ਬਾਹਰਲਾ ਗ੍ਰਹਿ ਤਾਰੇ ਦੇ ਸਾਹਮਣਿਓਂ ਲੰਘਦਾ ਹੈ ਤਾਂ ਇਹ ਤਾਰੇ ਦੇ ਪ੍ਰਕਾਸ਼ ਨੂੰ ਘਟਾਉਂਦਾ ਹੈ ਜਿਸ ਨਾਲ ਇਸ ਦਾ ਅਕਾਰ ਅਤੇ ਚੱਕਰ ਪਤਾ ਲੱਗ ਜਾਂਦਾ ਹੈ।
ਇਸੇ ਤਰੀਕੇ ਦੇ ਜ਼ਰੀਏ ਅਸੀਂ ਕਈ ਤਾਰਿਆਂ ਦੇ ਚੱਕਰ ਕੱਟਦੇ ਗ੍ਰਹਿ ਲੱਭੇ ਹਨ। ਇਨ੍ਹਾਂ ਵਿੱਚ ਟ੍ਰੈਪਿਸਟ ਨਾਂ ਦਾ ਲਾਲ ਰੰਗ ਦਾ ਛੋਟਾ ਤਾਰਾ ਵੀ ਸ਼ਾਮਲ ਹੈ। ਇਹ ਧਰਤੀ ਤੋਂ 40 ਲਾਈਟ ਈਅਰਜ਼ ਦੂਰ ਹੈ। ਇਸ ਦੇ ਸੱਤ ਧਰਤੀ ਦੇ ਆਕਾਰ ਦੇ ਗ੍ਰਹਿ ਹਨ।
ਇਸ ਮੰਡਲ ਵਿਚਲੇ ਗ੍ਰਹਿ ਇੱਕ ਦੂਜੇ ਦੇ ਮੇਲ ਜੋ ਵਿੱਚ ਹੁੰਦੇ ਹਨ। ਇਸ ਦਾ ਮਤਲਬ ਹੈ ਕਿ ਜਿੱਥੇ ਸੂਰਜ ਦੇ ਨੇੜਲੇ ਗ੍ਰਹਿ ਦੋ ਚੱਕਰ ਉਸ ਸਮੇਂ ਵਿੱਚ ਉਸ ਤੋਂ ਬਾਅਦ ਵਾਲੇ ਗ੍ਰਹਿ ਦੇ ਤਿੰਨ ਚੱਕਰਾਂ ਦੇ ਸਮੇਂ ਵਿੱਚ ਪੂਰਾ ਕੀਤਾ, ਇਵੇਂ ਹੀ ਅਗਲੇ ਗ੍ਰਹਿਆਂ ਨਾਲ ਹੁੰਦਾ ਹੈ।
ਇਸ ਦਾ ਮਤਲਬ ਹੈ ਕਿ ਅਜਿਹੇ ਮੌਕੇ ਵੀ ਆਉਂਦੇ ਹਨ ਜਦੋਂ ਕਈ ਗ੍ਰਹਿ ਇੱਕ ਸੇਧ ਵਿੱਚ ਹੁੰਦੇ ਹਨ ਜਿਹੋ ਜਿਹਾ ਸਾਡੇ ਸੌਰ ਮੰਡਲ ਵਿੱਚ ਨਹੀਂ ਹੁੰਦਾ।
ਟ੍ਰਾਂਜਿਟ ਦੀ ਵਰਤੋਂ ਕਰ ਕੇ ਅਸੀਂ ਇਸ ਤਰ੍ਹਾਂ ਦੇ ਗ੍ਰਹਿਆਂ 'ਤੇ ਵਾਯੂਮੰਡਲ ਦੀ ਹੋਂਦ ਦਾ ਅਧਿਐਨ ਕਰ ਸਕਦੇ ਹਾਂ।
ਕੈਲੀਫੋਰਨੀਆ ਇੰਸਟੀਚਿਊਟ ਆਫ਼ ਟੈਕਨਾਲੋਜੀ ਵਿਖੇ ਨਾਸਾ ਐਕਸੋਪਲੈਨੇਟ ਸਾਇੰਸ ਇੰਸਟੀਚਿਊਟ ਦੀ ਇੱਕ ਖਗੋਲ ਵਿਗਿਆਨੀ ਜੈਸੀ ਕ੍ਰਿਸ਼ਚੀਅਨਸਨ ਕਹਿੰਦੀ ਹੈ, "ਜੇਕਰ ਵਾਯੂਮੰਡਲ ਵਾਲਾ ਗ੍ਰਹਿ ਕਿਸੇ ਤਾਰੇ ਦੇ ਸਾਹਮਣੇ ਜਾਂਦਾ ਹੈ ਤਾਂ ਉਸ ਸੇਧ ਦਾ ਮਤਲਬ ਹੈ ਕਿ ਤਾਰੇ ਦੀ ਰੌਸ਼ਨੀ ਗ੍ਰਹਿ ਵਿੱਚੋਂ ਲੰਘਦੀ ਹੈ ਅਤੇ ਗ੍ਰਹਿ ਦੇ ਵਾਯੂਮੰਡਲ ਵਿੱਚ ਅਣੂ ਅਤੇ ਪਰਮਾਣੂ ਕੁਝ ਤਰੰਗ-ਲੰਬਾਈ 'ਤੇ ਰੌਸ਼ਨੀ ਨੂੰ ਸੋਖ ਲੈਂਦੇ ਹਨ।"
ਇਹ ਕਾਰਬਨ ਡਾਈਆਕਸਾਈਡ ਅਤੇ ਆਕਸੀਜਨ ਵਰਗੀਆਂ ਵੱਖ-ਵੱਖ ਗੈਸਾਂ ਦੀ ਪਛਾਣ ਕਰਨ ਵਿੱਚ ਸਹਾਇਕ ਹੁੰਦਾ ਹੈ। ਉਹ ਕਹਿੰਦੇ ਹਨ, "ਸਾਡੇ ਵਾਯੂਮੰਡਲ ਰਚਨਾ ਵਿਸ਼ਲੇਸ਼ਣ ਦਾ ਵੱਡਾ ਹਿੱਸਾ ਸੇਧਾਂ ਦੇ ਕਾਰਨ ਹੈ।"
ਬਹੁਤ ਜ਼ਿਆਦਾ ਵੱਡੇ ਪੱਧਰ ਦੀਆਂ ਸੇਧਾਂ ਸਾਨੂੰ ਦੂਰ ਬ੍ਰਹਿਮੰਡ ਦੀ ਜਾਂਚ ਕਰਨ ਦੇ ਸਕਦੀਆਂ ਹਨ ਯਾਨਿ ਗਲੈਕਸੀਆਂ ਦੀਆਂ ਸੇਧਾਂ।
ਬਹੁਤ ਹੀ ਸ਼ੁਰੂਆਤੀ ਬ੍ਰਹਿਮੰਡ ਵਿੱਚ ਗਲੈਕਸੀਆਂ ਦਾ ਨਿਰੀਖਣ ਕਰਨਾ ਮੁਸ਼ਕਲ ਹੈ ਕਿਉਂਕਿ ਉਹ ਧੁੰਦਲੀਆਂ ਅਤੇ ਦੂਰ ਹਨ।
ਹਾਲਾਂਕਿ, ਜੇਕਰ ਇੱਕ ਵੱਡੀ ਗਲੈਕਸੀ ਜਾਂ ਗਲੈਕਸੀਆਂ ਦਾ ਸਮੂਹ ਸਾਡੀ ਦ੍ਰਿਸ਼ਟੀ ਰੇਖਾ ਦੇ ਵਿੱਚੋਂ ਇੱਕ ਬਹੁਤ ਦੂਰ ਦੀ ਸ਼ੁਰੂਆਤੀ ਗਲੈਕਸੀ ਦੇ ਵਿਚਕਾਰੋਂ ਲੰਘਦਾ ਹੈ, ਤਾਂ ਇਸਦਾ ਵੱਡਾ ਗੁਰੂਤਾ ਬਲ ਵਧੇਰੇ ਦੂਰ ਵਾਲੀ ਵਸਤੂ ਦੀ ਰੌਸ਼ਨੀ ਨੂੰ ਵਧਾ ਸਕਦਾ ਹੈ, ਜਿਸ ਨਾਲ ਅਸੀਂ ਇਸਦਾ ਨਿਰੀਖਣ ਅਤੇ ਅਧਿਐਨ ਕਰ ਸਕਦੇ ਹਾਂ।
ਇਸ ਪ੍ਰਕਿਰਿਆ ਨੂੰ ਗਰੈਵੀਟੇਸ਼ਨਲ ਲੈਂਸਿੰਗ ਵੀ ਕਿਹਾ ਜਾਂਦਾ ਹੈ।
ਕ੍ਰਿਸ਼ਚੀਅਨਸਨ ਕਹਿੰਦੇ ਹਨ, "ਇਹ ਬ੍ਰਹਿਮੰਡ ਦੇ ਪੈਮਾਨੇ 'ਤੇ ਵਿਸ਼ਾਲ ਅਲਾਈਨਮੈਂਟ ਹਨ।"
ਇਨ੍ਹਾਂ ਦੀ ਵਰਤੋਂ ਜੇਮਜ਼ ਵੈੱਬ ਸਪੇਸ ਟੈਲੀਸਕੋਪ ਵਰਗੇ ਦੂਰ-ਦੁਰਾਡੇ ਤਾਰਿਆਂ ਅਤੇ ਗਲੈਕਸੀਆਂ ਜਿਵੇਂ ਕਿ ਈਰੇਂਡਲ, ਧਰਤੀ ਤੋਂ ਸਭ ਤੋਂ ਦੂਰ ਸਥਿਤ ਤਾਰੇ, ਨੂੰ ਦੇਖਣ ਲਈ ਕੀਤੀ ਜਾਂਦੀ ਹੈ।

ਤਸਵੀਰ ਸਰੋਤ, Getty Images
ਤਾਰੇ ਤੋਂ ਟੈਲੀਸਕੋਪ ਦੁਆਰਾ ਦੇਖੀ ਗਈ ਰੌਸ਼ਨੀ ਬ੍ਰਹਿਮੰਡ ਦੇ 13.7-ਅਰਬ-ਸਾਲ ਦੇ ਇਤਿਹਾਸ ਦੇ ਪਹਿਲੇ ਅਰਬ ਸਾਲਾਂ ਤੋਂ ਆਈ ਸੀ ਅਤੇ ਸਿਰਫ਼ ਗੁਰੂਤਾ ਲੈਂਸਿੰਗ ਦੇ ਕਾਰਨ ਦਿਖਾਈ ਦਿੰਦੀ ਸੀ।
ਫਿਰ ਸੇਧ ਦੇ ਕੁਝ ਹੋਰ ਨਵੇਂ ਉਪਯੋਗ ਹਨ, ਜਿਵੇਂ ਕਿ ਸੂਰਜੀ ਪ੍ਰਣਾਲੀਆਂ ਵਿੱਚ ਬਾਹਰੀ ਜੀਵਨ ਦੀ ਹੋਂਦ ਦੀ ਜਾਂਚ ਕਰਨਾ, ਜਿੱਥੇ ਸਾਡੇ ਦ੍ਰਿਸ਼ਟੀਕੋਣ ਤੋਂ ਐਕਸੋਪਲੈਨੇਟ ਇੱਕ-ਦੂਜੇ ਦੇ ਸਾਹਮਣੇ ਤੋਂ ਲੰਘਦੇ ਹਨ।
2024 ਵਿੱਚ, ਅਮਰੀਕਾ ਵਿੱਚ ਪੈਨਸਿਲਵੇਨੀਆ ਸਟੇਟ ਯੂਨੀਵਰਸਿਟੀ ਵਿੱਚ ਗ੍ਰੈਜੂਏਟ ਵਿਦਿਆਰਥੀ ਨਿੱਕ ਟੂਸੇ ਨੇ ਟ੍ਰੈਪਿਸਟ-1 ਪ੍ਰਣਾਲੀ ਦੇ ਸੰਸਾਰਾਂ ਵਿਚਕਾਰ ਭੇਜੇ ਜਾ ਰਹੇ ਕਿਸੇ ਵੀ ਸਪਿਲਓਵਰ ਸੰਚਾਰ ਦੀ ਭਾਲ ਕਰਨ ਲਈ ਇਨ੍ਹਾਂ ਸੇਧਾਂ ਦੀ ਵਰਤੋਂ ਕੀਤੀ।
ਜਿਵੇਂ ਕਿ ਧਰਤੀ 'ਤੇ ਅਸੀਂ ਆਪਣੇ ਸੂਰਜੀ ਪ੍ਰਣਾਲੀ ਵਿੱਚ ਮੰਗਲ ਵਰਗੇ ਗ੍ਰਹਿਆਂ ਨੂੰ ਰੋਵਰਾਂ ਅਤੇ ਪੁਲਾੜ ਯਾਨ ਨਾਲ ਗੱਲ ਕਰਨ ਲਈ ਸਿਗਨਲ ਕਿਵੇਂ ਭੇਜਦੇ ਹਾਂ।
ਟੂਸੇ ਆਖਦੇ ਹਨ, "ਜਦੋਂ ਵੀ ਦੋ ਗ੍ਰਹਿ ਇਕਸਾਰ ਹੁੰਦੇ ਹਨ ਤਾਂ ਦਿਲਚਸਪ ਹੋ ਸਕਦਾ ਹੈ।"
ਇਸ ਮੌਕੇ 'ਤੇ ਖੋਜਾਂ ਛੋਟੀਆਂ ਹੋ ਗਈਆਂ। ਪਰ ਸਾਡੇ ਆਪਣੇ ਸੂਰਜੀ ਸਿਸਟਮ ਵੱਲ ਦੇਖ ਰਹੀ ਇੱਕ ਪਰਦੇਸੀ ਸੱਭਿਅਤਾ ਵੀ ਇਸੇ ਉਦੇਸ਼ ਲਈ ਸਮਾਨ ਸੇਧਾਂ ਦੀ ਵਰਤੋਂ ਕਰ ਸਕਦੀ ਹੈ।
ਜਦੋਂ ਕਿ ਇਸ ਮਹੀਨੇ ਗ੍ਰਹਿ ਪਰੇਡ ਤੁਹਾਡੇ ਦ੍ਰਿਸ਼ਟੀਕੋਣ 'ਤੇ ਨਿਰਭਰ ਕਰਦੀ ਹੈ। ਸਾਡੇ ਸਿਸਟਮ ਵਿੱਚ ਕੋਈ ਵੀ ਦੋ ਗ੍ਰਹਿ ਇਕਸਾਰ ਹੋ ਸਕਦੇ ਹਨ ਜੇਕਰ ਤੁਸੀਂ ਸਹੀ ਕੋਣ 'ਤੇ ਸਥਿਤ ਹੋ, ਇਹ ਕਲਪਨਾ ਕਰਨਾ ਅਸੰਭਵ ਨਹੀਂ ਹੈ ਕਿ ਦੂਜੇ ਸਿਰੇ 'ਤੇ ਕੋਈ ਹੋਰ ਦੇਖ ਰਿਹਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












