ਧਰਤੀ ਤੋਂ 700 ਟ੍ਰਿਲੀਅਨ ਮੀਲ ਦੂਰ ਇੱਕ ਗ੍ਰਹਿ 'ਤੇ ਜੀਵਨ ਦੇ ਸੰਕੇਤ ਮਿਲੇ, ਵਿਗਿਆਨੀਆਂ ਵਿੱਚ ਕੀ ਬਹਿਸ ਛਿੜੀ

ਨਵੇਂ ਗ੍ਰਹਿ ਦਾ ਇੱਕ ਕਾਲਪਨਿਕ ਚਿੱਤਰ

ਤਸਵੀਰ ਸਰੋਤ, Cambridge University

ਤਸਵੀਰ ਕੈਪਸ਼ਨ, ਨਵੇਂ ਗ੍ਰਹਿ ਦਾ ਇੱਕ ਕਾਲਪਨਿਕ ਚਿੱਤਰ
    • ਲੇਖਕ, ਪੱਲਬ ਘੋਸ਼
    • ਰੋਲ, ਸਾਇੰਸ ਪੱਤਰਕਾਰ

ਵਿਗਿਆਨੀਆਂ ਨੂੰ ਸਾਡੀ ਧਰਤੀ ਤੋਂ ਦੂਰ ਜੀਵਨ ਦੇ ਸਬੂਤ ਮਿਲੇ ਹਨ। ਫਿਲਹਾਲ, ਇਹ ਸਬੂਤ ਓਨੇ ਪੱਕੇ ਤਾਂ ਨਹੀਂ ਹਨ ਪਰ ਇੱਕ ਤਾਰੇ ਦੁਆਲੇ ਚੱਕਰ ਕੱਟ ਰਹੇ ਇਸ ਗ੍ਰਹਿ 'ਤੇ ਜੀਵਨ ਹੋ ਸਕਦਾ ਹੈ।

ਕੈਂਬਰਿਜ ਦੇ ਵਿਗਿਆਨੀਆਂ ਦੀ ਇੱਕ ਟੀਮ K2-18B ਗ੍ਰਹਿ (ਗ੍ਰਹਿ ਨੂੰ ਇਹ ਨਾਮ ਦਿੱਤਾ ਗਿਆ ਹੈ) ਦੇ ਵਾਯੂਮੰਡਲ ਦਾ ਅਧਿਐਨ ਕਰ ਰਹੀ ਹੈ। ਟੀਮ ਨੇ ਉੱਥੇ ਅਜਿਹੇ ਅਣੂਆਂ ਦੇ ਸੰਕੇਤ ਖੋਜੇ ਹਨ ਜੋ ਧਰਤੀ 'ਤੇ ਪਾਏ ਜਾਂਦੇ ਹਨ ਅਤੇ ਜੋ ਸਿਰਫ ਆਮ ਸੂਖਮ ਜੀਵਾਂ ਦੁਆਰਾ ਪੈਦਾ ਕੀਤੇ ਜਾਂਦੇ ਹਨ।

ਇਹ ਦੂਜੀ ਵਾਰ ਹੈ ਜਦੋਂ ਕਿਸੇ ਗ੍ਰਹਿ ਦੇ ਵਾਯੂਮੰਡਲ ਵਿੱਚ ਜੀਵਨ ਨਾਲ ਸਬੰਧਤ ਰਸਾਇਣ ਪਾਏ ਗਏ ਹਨ। ਅਤੇ ਇਸ ਵਾਰ, ਇਹ ਕਿਸੇ ਗ੍ਰਹਿ 'ਤੇ ਜੀਵਨ ਦੀ ਜ਼ਿਆਦਾ ਸੰਭਾਵਨਾ ਜਤਾ ਰਹੇ ਹਨ। ਇਹ ਸਿਗਨਲ ਨਾਸਾ ਦੇ ਜੇਮਸ ਵੈੱਬ ਸਪੇਸ ਟੈਲੀਸਕੋਪ ਰਾਹੀਂ ਖੋਜੇ ਗਏ ਹਨ।

ਪਰ ਵਿਗਿਆਨੀਆਂ ਦੀ ਟੀਮ ਅਤੇ ਸੁਤੰਤਰ ਖਗੋਲ ਵਿਗਿਆਨੀਆਂ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਹੈ ਕਿ ਇਨ੍ਹਾਂ ਨਤੀਜਿਆਂ ਦੀ ਪੁਸ਼ਟੀ ਕਰਨ ਲਈ ਅਜੇ ਹੋਰ ਡੇਟਾ ਦੀ ਲੋੜ ਹੋਵੇਗੀ।

ਪ੍ਰੋਫੈਸਰ ਨਿੱਕੂ ਮਧੂਸੂਦਨ ਨੇ ਇਸ ਖੋਜ ਦੀ ਅਗਵਾਈ ਕੀਤੀ ਹੈ। ਉਨ੍ਹਾਂ ਨੇ ਕੈਂਬਰਿਜ ਯੂਨੀਵਰਸਿਟੀ ਦੇ ਖਗੋਲ ਵਿਗਿਆਨ ਸੰਸਥਾਨ ਵਿਖੇ ਆਪਣੀ ਪ੍ਰਯੋਗਸ਼ਾਲਾ ਵਿੱਚ ਮੇਰੇ ਨਾਲ ਗੱਲ ਕੀਤੀ।

ਉਨ੍ਹਾਂ ਕਿਹਾ ਕਿ ''ਸੰਭਵ ਹੈ ਕਿ ਉੱਥੇ ਜੀਵਨ ਹੋਣ ਦਾ ਇਹ ਹੁਣ ਤੱਕ ਦਾ ਸਭ ਤੋਂ ਮਜ਼ਬੂਤ ਸਬੂਤ ਹੈ। ਮੈਂ ਵਾਕਈ ਕਹਿ ਸਕਦਾ ਹਾਂ ਕਿ ਅਸੀਂ ਇੱਕ-ਦੋ ਸਾਲ ਦੇ ਅੰਦਰ ਇਸ ਸੰਕੇਤ ਦੀ ਪੁਸ਼ਟੀ ਕਰ ਸਕਦੇ ਹਾਂ।''

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਜੀਵਨ ਦੀ ਕਿੰਨੀ ਸੰਭਾਵਨਾ?

K2-18B ਧਰਤੀ ਨਾਲੋਂ ਢਾਈ ਗੁਣਾ ਵੱਡਾ ਹੈ ਅਤੇ ਇਹ ਇੱਥੋਂ 700 ਟ੍ਰਿਲੀਅਨ ਮੀਲ ਦੂਰ ਹੈ।

ਜੇਮਜ਼ ਵੈੱਬ ਸਪੇਸ ਟੈਲੀਸਕੋਪ ਇੰਨਾ ਸ਼ਕਤੀਸ਼ਾਲੀ ਹੈ ਕਿ ਇਹ ਇੱਕ ਨਿੱਕੇ ਲਾਲ ਸੂਰਜ ਤੋਂ ਆਉਣ ਵਾਲੀ ਰੌਸ਼ਨੀ ਰਾਹੀਂ ਇਸ ਗ੍ਰਹਿ ਦੀ ਰਸਾਇਣਕ ਰਚਨਾ ਦਾ ਵਿਸ਼ਲੇਸ਼ਣ ਕਰ ਸਕਦਾ ਹੈ। ਇਹ ਗ੍ਰਹਿ ਇਸ ਦੇ (ਸੂਰਜ) ਦੁਆਲੇ ਘੁੰਮਦਾ ਹੈ।

ਆਪਣੇ ਅਧਿਐਨ ਵਿੱਚ, ਕੈਂਬਰਿਜ ਦੇ ਵਿਗਿਆਨੀਆਂ ਨੇ ਪਾਇਆ ਕਿ ਇਸ ਵਾਤਾਵਰਣ ਵਿੱਚ ਦੋ ਅਣੂਆਂ ਵਿੱਚੋਂ ਇੱਕ ਵਿੱਚ ਅਜਿਹੇ ਕੈਮੀਕਲ ਸਿਗਨੇਚਰ ਹਨ, ਜੋ ਜੀਵਨ ਨਾਲ ਸਬੰਧਤ ਹਨ।

ਇਹ ਹਨ - ਡਿਮੀਥਾਈਲ ਸਲਫਾਈਡ ਅਤੇ ਡਿਮੀਥਾਈਲ ਡਾਈਸਲਫਾਈਡ। ਧਰਤੀ ਉੱਤੇ, ਇਹ ਦੋਵੇਂ ਗੈਸਾਂ ਸਮੁੰਦਰੀ ਫੀਟੋਪਲੈਂਕਟਨ ਅਤੇ ਬੈਕਟੀਰੀਆ ਦੁਆਰਾ ਪੈਦਾ ਕੀਤੀਆਂ ਜਾਂਦੀਆਂ ਹਨ।

ਪ੍ਰੋਫੈਸਰ ਮਧੂਸੂਦਨ ਨੇ ਦੱਸਿਆ ਕਿ ਪਹਿਲੇ ਨਿਰੀਖਣ ਵਿੱਚ ਜਿੰਨੀ ਗੈਸ ਦਾ ਪਤਾ ਲੱਗਿਆ, ਇਹ ਦੇਖ ਕੇ ਉਹ ਹੈਰਾਨ ਹੀ ਰਹਿ ਗਏ।

ਉਨ੍ਹਾਂ ਕਿਹਾ, "ਸਾਨੂੰ ਜਿਸ ਮਾਤਰਾ 'ਚ ਗੈਸ ਮਿਲੀ ਹੈ, ਉਹ ਧਰਤੀ 'ਤੇ ਮੌਜੂਦ ਅਜਿਹੀ ਗੈਸ ਦੀ ਮਾਤਰਾ ਨਾਲੋਂ ਹਜ਼ਾਰ ਗੁਣਾ ਜ਼ਿਆਦਾ ਹੈ। ਇਸ ਲਈ ਇੱਥੇ ਜੀਵਨ ਦੇ ਸੰਕੇਤ ਸੱਚ ਜਾਪਦੇ ਹਨ। ਇਸ ਗ੍ਰਹਿ 'ਤੇ ਜੀਵਨ ਵਧ-ਫੁੱਲ ਸਕਦਾ ਹੈ।''

ਪ੍ਰੋਫੈਸਰ ਮਧੂਸੂਦਨ ਕਹਿੰਦੇ ਹਨ, "ਜੇਕਰ ਅਸੀਂ K2-18B 'ਤੇ ਜੀਵਨ ਦੀ ਪੁਸ਼ਟੀ ਕਰਨ ਦੇ ਯੋਗ ਹੋ ਜਾਂਦੇ ਹਾਂ, ਤਾਂ ਮੋਟੇ ਤੌਰ 'ਤੇ ਇਸ ਗੱਲ ਦੀ ਵੀ ਪੁਸ਼ਟੀ ਹੋ ਸਕਦੀ ਹੋ ਕਿ ਆਕਸ਼ਗੰਗਾ ਵਿੱਚ ਜੀਵਨ ਹੋਣਾ ਆਮ ਹੈ।"

ਜੇਮਸ ਵੈੱਬ ਸਪੇਸ ਟੈਲੀਸਕੋਪ,

ਤਸਵੀਰ ਸਰੋਤ, NASA

ਤਸਵੀਰ ਕੈਪਸ਼ਨ, ਨਾਸਾ ਦਾ ਜੇਮਸ ਵੈੱਬ ਸਪੇਸ ਟੈਲੀਸਕੋਪ, ਜਿਸ ਰਾਹੀਂ ਨਵੇਂ ਗ੍ਰਹਿ ਨਾਲ ਸਬੰਧਤ ਡਾਟਾ ਪ੍ਰਾਪਤ ਕੀਤਾ ਗਿਆ ਸੀ

ਹਾਲਾਂਕਿ, ਪ੍ਰੋਫੈਸਰ ਮਧੂਸੂਦਨ ਦੀ ਟੀਮ ਖੁੱਲ੍ਹ ਕੇ ਕਹਿੰਦੀ ਹੈ ਕਿ ਫਿਲਹਾਲ ਇਸ ਨਾਲ ਬਹੁਤ ਸਾਰੇ 'ਕਿੰਤੂ-ਪਰੰਤੂ' ਜੁੜੇ ਹੋਏ ਹਨ।

ਪਹਿਲੀ ਗੱਲ ਇਹ ਹੈ ਕਿ ਹਾਲ ਹੀ ਦੇ ਸੰਕੇਤ ਉਸ ਮਿਆਰ 'ਤੇ ਨਹੀਂ ਪਹੁੰਚੇ ਹਨ, ਜਿੱਥੇ ਉਨ੍ਹਾਂ ਨੂੰ ਵਿਗਿਆਨਕ ਖੋਜ ਵਜੋਂ ਮਾਨਤਾ ਦਿੱਤੀ ਜਾ ਸਕੇ।

ਇਸਦੇ ਲਈ, ਖੋਜਕਰਤਾਵਾਂ ਨੂੰ 99.99999 ਫੀਸਦੀ ਇਹ ਯਕੀਨੀ ਬਣਾਉਣ ਦੀ ਜ਼ਰੂਰਤ ਹੈ ਕਿ ਉਨ੍ਹਾਂ ਦੇ ਨਤੀਜੇ ਸਹੀ ਹਨ ਅਤੇ ਇਹ ਸਿਰਫ਼ ਇੱਕ ਉਂਝ ਹੀ ਕੀਤਾ ਗਿਆ ਅਧਿਐਨ ਨਹੀਂ ਹੈ।

ਵਿਗਿਆਨੀਆਂ ਦੀ ਭਾਸ਼ਾ ਵਿੱਚ, ਵਿਗਿਆਨਕ ਖੋਜਾਂ ਦੇ ਨਤੀਜੇ 'ਫਾਈਵ ਸਿਗਮਾ' ਤੱਕ ਹੁੰਦੇ ਹਨ।

ਨਵੇਂ ਗ੍ਰਹਿ ਤੋਂ ਮਿਲਣ ਵਾਲੇ ਸੰਕੇਤ, ਨਤੀਜਿਆਂ ਦੇ ਮਾਮਲੇ ਵਿੱਚ ਤਿੰਨ ਸਿਗਮਾ ਤੱਕ ਜਾਂਦੇ ਹਨ। ਇਸਦਾ ਮਤਲਬ ਹੈ ਕਿ ਸਟੀਕਤਾ ਦੇ ਮਾਮਲੇ ਵਿੱਚ 99.7 ਫੀਸਦੀ ਤੱਕ।

ਨਤੀਜਿਆਂ ਦੇ ਲਿਹਾਜ਼ ਨਾਲ ਇਹ ਬਹੁਤ ਜ਼ਿਆਦਾ ਉਮੀਦ ਜਗਾਉਣ ਵਾਲਾ ਹੈ।

ਫਿਲਹਾਲ ਇਹ ਨਤੀਜੇ ਵਿਗਿਆਨਕ ਭਾਈਚਾਰੇ ਲਈ ਭਰੋਸਾ ਦੇਣ ਵਾਲੇ ਨਹੀਂ ਹਨ। ਹਾਲਾਂਕਿ, ਇਹ 18 ਮਹੀਨੇ ਪਹਿਲਾਂ ਇੱਕ ਟੀਮ ਦੁਆਰਾ ਪ੍ਰਾਪਤ ਕੀਤੇ ਗਏ ਵਨ ਸਿਗਮਾ ਨਤੀਜੇ ਨਾਲੋਂ ਵੱਧ ਹੈ, ਜੋ ਕਿ ਸ਼ੁੱਧਤਾ ਦੇ ਮਾਮਲੇ ਵਿੱਚ 68 ਫੀਸਦੀ ਸੀ। ਉਸ ਸਮੇਂ, ਇਸ ਨਤੀਜੇ ਬਾਰੇ ਬਹੁਤ ਖਦਸ਼ਾ ਸੀ।

ਗ੍ਰਹਿ

ਤਸਵੀਰ ਸਰੋਤ, BBC/Getty

ਇਹ ਵੀ ਪੜ੍ਹੋ-

ਅੰਕੜੇ ਕਿੰਨੇ ਭਰੋਸੇਯੋਗ ਹਨ?

ਈਡਨਬਰਗ ਯੂਨੀਵਰਸਿਟੀ ਅਤੇ ਸਕਾਟਲੈਂਡ ਦੇ ਐਸਟ੍ਰੋਨੋਮਰ ਰਾਇਲ ਦੇ ਪ੍ਰੋਫੈਸਰ ਕੈਥਰੀਨ ਹੇਮੰਸ ਦਾ ਕਹਿਣਾ ਹੈ ਕਿ ਕੈਂਬਰਿਜ ਟੀਮ ਨੇ ਭਾਵੇਂ ਫਾਈਵ ਸਿਗਮਾ ਨਤੀਜਾ ਪ੍ਰਾਪਤ ਕਰ ਲਿਆ ਹੈ, ਪਰ ਅੰਤਿਮ ਤੌਰ 'ਤੇ ਇਹ ਨਹੀਂ ਕਿਹਾ ਜਾ ਸਕਦਾ ਕਿ ਉਸ ਗ੍ਰਹਿ 'ਤੇ ਜੀਵਨ ਹੈ।

ਹੇਮੰਸ ਇਸ ਖੋਜ ਟੀਮ ਦਾ ਹਿੱਸਾ ਨਹੀਂ ਸਨ।

ਉਨ੍ਹਾਂ ਨੇ ਬੀਬੀਸੀ ਨਿਊਜ਼ ਨੂੰ ਦੱਸਿਆ, "ਭਾਵੇਂ ਇਸ ਗ੍ਰਹਿ 'ਤੇ ਜੀਵਨ ਬਾਰੇ ਮਜ਼ਬੂਤ ਸੰਕੇਤ ਮਿਲ ਰਹੇ ਹਨ, ਪਰ ਇਹ ਸਵਾਲ ਅਜੇ ਵੀ ਬਣਿਆ ਹੋਇਆ ਹੈ ਕਿ ਇਹ ਗੈਸ ਕਿੱਥੋਂ ਪੈਦਾ ਹੋ ਰਹੀ ਹੈ।"

ਉਨ੍ਹਾਂ ਕਿਹਾ, 'ਧਰਤੀ 'ਤੇ, ਇਹ ਗੈਸ ਸਮੁੰਦਰ ਵਿੱਚ ਸੂਖਮ ਜੀਵਾਂ ਦੁਆਰਾ ਪੈਦਾ ਹੁੰਦੀ ਹੈ। ਪਰ ਠੋਸ ਅੰਕੜਿਆਂ ਤੋਂ ਬਗੈਰ ਅਸੀਂ ਨਿਸ਼ਚਿਤ ਤੌਰ 'ਤੇ ਇਹ ਨਹੀਂ ਕਹਿ ਸਕਦੇ ਕਿ ਕਿਸੇ ਏਲੀਅਨ (ਅਣਜਾਣ) ਗ੍ਰਹਿ 'ਤੇ ਗੈਸਾਂ ਦੀ ਇਹ ਉਤਪਤੀ ਜੈਵਿਕ ਤੌਰ 'ਤੇ ਹੀ ਹੈ।''

''ਇਸ ਬ੍ਰਹਿਮੰਡ ਵਿੱਚ ਹਜ਼ਾਰਾਂ ਅਜੀਬੋ-ਗਰੀਬ ਚੀਜ਼ਾਂ ਹੁੰਦੀਆਂ ਹਨ। ਸਾਨੂੰ ਨਹੀਂ ਪਤਾ ਕਿ ਇਸ ਗ੍ਰਹਿ 'ਤੇ ਕਿਸ ਤਰ੍ਹਾਂ ਦੀ ਜੈਵਿਕ ਗਤੀਵਿਧੀਆਂ ਹੋ ਸਕਦੀਆਂ ਹਨ, ਜਿਸ ਨਾਲ ਇਹ ਅਣੂ ਪੈਦਾ ਹੋ ਸਕਦੇ ਹਨ।''

ਗ੍ਰਹਿ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਡਿਮੀਥਾਈਲ ਸਲਫਾਈਡ ਅਤੇ ਡਿਮੀਥਾਈਲ ਡਾਈਸਲਫਾਈਡ ਦੀ ਮੌਜੂਦਗੀ ਅਤੇ ਇਸ ਗ੍ਰਹਿ ਦੀ ਬਣਤਰ ਬਾਰੇ ਵਿਗਿਆਨੀਆਂ ਵਿੱਚ ਬਹੁਤ ਬਹਿਸ ਚੱਲ ਰਹੀ ਹੈ

ਕੈਂਬਰਿਜ ਦੀ ਟੀਮ ਵੀ ਇਸ ਵਿਚਾਰ ਨਾਲ ਸਹਿਮਤ ਹੈ। ਵਿਗਿਆਨੀ ਕਈ ਹੋਰ ਸਮੂਹਾਂ ਨਾਲ ਮਿਲ ਕੇ ਇਹ ਅਧਿਐਨ ਕਰ ਰਹੇ ਹਨ ਕਿ ਕੀ ਲੈਬ 'ਚ ਨਿਰਜੀਵ ਚੀਜ਼ਾਂ ਨਾਲ ਡਿਮੀਥਾਈਲ ਸਲਫਾਈਡ ਅਤੇ ਡਿਮੀਥਾਈਲ ਡਾਈਸਲਫਾਈਡ ਬਣਾਏ ਜਾ ਸਕਦੇ ਹਨ।

ਦੂਜੇ ਖੋਜ ਸਮੂਹਾਂ ਨੇ K2-18B ਤੋਂ ਪ੍ਰਾਪਤ ਡੇਟਾ ਦੇ ਆਧਾਰ 'ਤੇ ਕੁਝ ਵਿਕਲਪ ਸੁਝਾਏ ਹਨ। ਪਰ ਇਹ ਜੈਵਿਕ ਨਹੀਂ ਹਨ। ਡਿਮੀਥਾਈਲ ਸਲਫਾਈਡ ਅਤੇ ਡਿਮੀਥਾਈਲ ਡਾਈਸਲਫਾਈਡ ਦੀ ਮੌਜੂਦਗੀ ਅਤੇ ਇਸ ਗ੍ਰਹਿ ਦੀ ਬਣਤਰ ਬਾਰੇ ਵਿਗਿਆਨੀਆਂ ਵਿੱਚ ਬਹੁਤ ਬਹਿਸ ਚੱਲ ਰਹੀ ਹੈ।

ਅਜਿਹਾ ਇਸ ਲਈ ਹੈ ਕਿਉਂਕਿ ਬਹੁਤ ਸਾਰੇ ਖੋਜਕਰਤਾਵਾਂ ਨੇ ਇਹ ਸਿੱਟਾ ਕੱਢਿਆ ਹੈ ਕਿ ਇਸ ਗ੍ਰਹਿ 'ਤੇ ਇੱਕ ਸਮੁੰਦਰ ਹੈ। ਅਤੇ ਇੱਥੇ ਅਮੋਨੀਆ ਨਹੀਂ ਹੈ। ਕਿਉਂਕਿ ਅਮੋਨੀਆ ਸਮੁੰਦਰ ਜਾਂ ਇਸ ਤਰ੍ਹਾਂ ਦੇ ਪਾਣੀ ਵਾਲੇ ਖੇਤਰ ਦੁਆਰਾ ਸੋਖ ਲਿਆ ਜਾਂਦਾ ਹੈ।

ਪਰ ਕੈਂਬਰਿਜ ਯੂਨੀਵਰਸਿਟੀ ਦੇ ਪ੍ਰੋਫੈਸਰ ਓਲੀਵਰ ਸ਼ਾਰਟਲ ਨੇ ਕਿਹਾ ਕਿ ਇਸ ਸਥਿਤੀ ਦੀ ਵਿਆਖਿਆ, ਪਿਘਲੇ ਹੋਏ ਪੱਥਰਾਂ ਦੇ ਸਮੁੰਦਰ ਦੇ ਤੌਰ 'ਤੇ ਹੀ ਹੋ ਸਕਦੀ ਹੈ।

ਉਨ੍ਹਾਂ ਕਿਹਾ, "ਸਾਨੂੰ ਦੂਜੇ ਤਾਰਿਆਂ ਦੀ ਪਰਿਕਰਮਾ ਕਰਨ ਵਾਲੇ ਗ੍ਰਹਿਆਂ ਬਾਰੇ ਜੋ ਕੁਝ ਵੀ ਪਤਾ ਹੈ, ਉਹ ਉਸ ਰੌਸ਼ਨੀ ਦੇ ਛੋਟੇ ਹਿੱਸੇ ਰਾਹੀਂ ਆਉਂਦਾ ਹੈ, ਜੋ ਉਨ੍ਹਾਂ ਦੇ ਵਾਯੂਮੰਡਲ ਨਾਲ ਟਕਰਾਉਂਦੀ ਹੈ। ਪਰ ਇਹ ਅਜਿਹੇ ਕਮਜ਼ੋਰ ਸੰਕੇਤ ਹਨ, ਜਿਨ੍ਹਾਂ 'ਤੇ ਅਸੀਂ ਗੌਰ ਕਰਨਾ ਹੈ।''

ਉਨ੍ਹਾਂ ਕਿਹਾ, "K2-18B ਅਜੇ ਵੀ ਉਸ ਵਿਗਿਆਨਿਕ ਬਹਿਸ ਦਾ ਹਿੱਸਾ ਹੈ ਕਿ ਇਸ ਗ੍ਰਹਿ ਦੀ ਬਣਤਰ ਕਿਹੋ-ਜਿਹੀ ਹੈ।''

ਬੀਬੀਸੀ ਪੱਤਰਕਾਰ ਪੱਲਬ ਘੋਸ਼
ਤਸਵੀਰ ਕੈਪਸ਼ਨ, ਬੀਬੀਸੀ ਪੱਤਰਕਾਰ ਪੱਲਬ ਘੋਸ਼ ਨਵੇਂ ਗ੍ਰਹਿ 'ਤੇ ਕੀਤੇ ਗਏ ਅਧਿਐਨ ਬਾਰੇ ਜਾਣਕਾਰੀ ਦਿੰਦੇ ਹੋਏ

ਨਾਸਾ ਦੇ ਐਮਸ ਰਿਸਰਚ ਸੈਂਟਰ ਦੇ ਡਾਕਟਰ ਨਿਕੋਲਰ ਵੋਗੇਨ ਕਹਿੰਦੇ ਹਨ ਕਿ ਉਨ੍ਹਾਂ ਕੋਲ ਇਸ ਡੇਟਾ ਦੀ ਇੱਕ ਹੋਰ ਵਿਆਖਿਆ ਹੈ। ਉਨ੍ਹਾਂ ਨੇ ਜਿਹੜੀ ਖੋਜ ਪ੍ਰਕਾਸ਼ਿਤ ਕੀਤੀ ਹੈ, ਉਹ ਦੱਸਦੀ ਹੈ ਕਿ K2-18B ਇੱਕ ਗੈਸ ਦਾ ਇੱਕ ਸਮੂਹ ਹੈ, ਜਿਸਦੀ ਕੋਈ ਸਤ੍ਹਾ ਨਹੀਂ ਹੈ।

ਇਨ੍ਹਾਂ ਦੋਵੇਂ ਵਿਕਲਪਿਕ ਵਿਆਖਿਆਵਾਂ ਨੂੰ ਕਈ ਵਿਗਿਆਨਕ ਸਮੂਹਾਂ ਨੇ ਚੁਣੌਤੀ ਵੀ ਦਿੱਤੀ ਹੈ। ਉਹ ਦਲੀਲ ਦਿੰਦੇ ਹਨ ਕਿ ਇਹ ਜੇਮਜ਼ ਵੈੱਬ ਸਪੇਸ ਟੈਲੀਸਕੋਪ ਤੋਂ ਪ੍ਰਾਪਤ ਡੇਟਾ ਨਾਲ ਇਹ ਵਿਆਖਿਆਵਾਂ ਮੇਲ ਨਹੀਂ ਖਾਂਦੀਆਂ।

ਪ੍ਰੋਫੈਸਰ ਮਧੂਸੂਦਨ ਦਾ ਮੰਨਣਾ ਹੈ ਕਿ ਉਨ੍ਹਾਂ ਨੇ ਵਿਗਿਆਨ ਦੇ ਸਭ ਤੋਂ ਵੱਡੇ ਸਵਾਲਾਂ ਵਿੱਚੋਂ ਇੱਕ (ਧਰਤੀ ਤੋਂ ਇਲਾਵਾ ਕਿਤੇ ਹੋਰ ਜੀਵਨ ਹੋਣ ਦਾ ਸਵਾਲ) ਦਾ ਜਵਾਬ ਦੇਣਾ ਹੈ, ਤਾਂ ਉਨ੍ਹਾਂ ਨੂੰ ਇਸ ਲਈ ਵਿਗਿਆਨ ਦੇ ਕਈ ਪਹਾੜ ਚੜ੍ਹਨੇ ਪੈਣਗੇ। ਪਰ ਉਨ੍ਹਾਂ ਦਾ ਮੰਨਣਾ ਹੈ ਕਿ ਉਹ ਅਤੇ ਉਨ੍ਹਾਂ ਦੀ ਟੀਮ ਸਹੀ ਰਸਤੇ 'ਤੇ ਹਨ।

ਉਹ ਕਹਿੰਦੇ ਹਨ, "ਹੁਣ ਤੋਂ ਦਹਾਕਿਆਂ ਬਾਅਦ, ਅਸੀਂ ਸਮੇਂ ਦੇ ਇਸ ਬਿੰਦੂ ਵੱਲ ਪਿੱਛੇ ਮੁੜ ਕੇ ਦੇਖ ਸਕਦੇ ਹਾਂ ਅਤੇ ਕਹਿ ਸਕਦੇ ਹਾਂ ਕਿ ਇਹ ਉਹ ਸਮਾਂ ਸੀ ਜਦੋਂ ਧਰਤੀ ਤੋਂ ਇਲਾਵਾ, ਜੀਵਨ ਦੀ ਮੌਜੂਦਗੀ ਵਾਲਾ ਗ੍ਰਹਿ ਸਾਡੀ ਪਹੁੰਚ ਵਿੱਚ ਸੀ। ਬ੍ਰਹਿਮੰਡ 'ਚ ਸਾਡੇ ਤੋਂ ਇਲਾਵਾ ਵੀ ਕੋਈ ਹੈ ਕਿ ਨਹੀਂ, ਸ਼ਾਇਦ ਅਸੀਂ ਇਸ ਸਵਾਲ ਦਾ ਜਵਾਬ ਦੇਖਣ ਲਾਇਕ ਹੋ ਜਾਈਏ।''

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)