ਅਨੁਸੂਚਿਤ ਜਾਤੀ ਦਾ ਹੋਣ ਕਾਰਨ ਮੇਰੇ ਪਤੀ ਦਾ ਕਤਲ ਹੋਇਆ: ਅੰਮ੍ਰਿਤਾ- ਗਰਾਊਂਡ ਰਿਪੋਰਟ

- ਲੇਖਕ, ਦੀਪਤੀ ਬਥਿਨੀ
- ਰੋਲ, ਬੀਬੀਸੀ ਪੱਤਰਕਾਰ
"ਪ੍ਰਣਯ ਇੱਕ ਮਾਂ ਵਾਂਗ ਮੇਰਾ ਖ਼ਿਆਲ ਰੱਖਦਾ ਸੀ। ਉਹ ਮੈਨੂੰ ਨਹਾਉਂਦਾ ਸੀ, ਖੁਆਉਂਦਾ ਸੀ ਅਤੇ ਮੇਰੇ ਲਈ ਖਾਣਾ ਬਣਾਉਂਦਾ ਸੀ। ਉਹ ਮੇਰੀ ਰੋਜ਼ਮਰਾ ਦੀ ਜ਼ਿੰਦਗੀ ਦਾ ਹਿੱਸਾ ਸੀ।''
ਇਹ ਕਹਿਣਾ ਹੈ 21 ਸਾਲਾ ਅੰਮ੍ਰਿਤਾ ਵਰਸ਼ਿਨੀ ਦਾ ਜਿਨ੍ਹਾਂ ਦੇ ਪਤੀ ਦਾ ਉਨ੍ਹਾਂ ਦੇ ਸਾਹਮਣੇ ਗਲੇ 'ਤੇ ਵਾਰ ਕਰਕੇ ਕਤਲ ਕਰ ਦਿੱਤਾ ਗਿਆ ਸੀ।
ਚਾਰ ਦਿਨ ਪਹਿਲਾਂ ਨਲਗੋਂਡਾ (ਤੇਲੰਗਾਨਾ) ਦੇ ਮਿਰਿਆਯਾਗੁਡਾ ਸ਼ਹਿਰ ਵਿੱਚ 24 ਸਾਲਾ ਪੇਰੂਮੱਲਾ ਦਾ ਉਸ ਵੇਲੇ ਕਤਲ ਕਰ ਦਿੱਤਾ ਗਿਆ ਸੀ ਜਦੋਂ ਉਹ ਆਪਣੀ ਗਰਭਵਤੀ ਪਤਨੀ ਦਾ ਚੈਕਅਪ ਕਰਾ ਕੇ ਹਸਪਤਾਲ ਤੋਂ ਬਾਹਰ ਆ ਰਹੇ ਸਨ।
ਪ੍ਰਣਯ ਪੇਰੂਮੱਲਾ ਦਾ ਕਤਲ ਕਥਿਤ ਤੌਰ 'ਤੇ ਕਾਂਟਰੈਕਟ ਕਿਲਰ ਨੇ ਕੀਤਾ ਸੀ ਜਿਸ ਦੀ ਸੁਪਾਰੀ ਉਨ੍ਹਾਂ ਦੀ ਪਤਨੀ ਅੰਮ੍ਰਿਤਾ ਦੇ ਪਰਿਵਾਰ ਵਾਲਿਆਂ ਨੇ ਦਿੱਤੀ ਸੀ।
ਇਹ ਵੀ ਪੜ੍ਹੋ:
ਨਲਗੋਂਡਾ ਦੇ ਐਸਪੀ ਏ ਵੀ ਰੰਗਨਾਥ ਨੇ ਮੰਗਲਵਾਰ ਨੂੰ ਪ੍ਰੈੱਸ ਕਾਨਫਰੰਸ ਵਿੱਚ ਦੱਸਿਆ ਕਿ ਅੰਮ੍ਰਿਤਾ ਦੇ ਪਿਤਾ ਮਾਰੂਤੀ ਰਾਓ, ਉਨ੍ਹਾਂ ਦੇ ਕਰੀਬੀ ਕਰੀਮ, ਅਸਗਰ, ਭਾਰੀ, ਸੁਭਾਸ਼ ਸ਼ਰਮਾ, ਅੰਮ੍ਰਿਤਾ ਦੇ ਚਾਚਾ ਸ਼ਰਵਣ ਅਤੇ ਉਨ੍ਹਾਂ ਦੇ ਡਰਾਈਵਰ ਨੂੰ ਪ੍ਰਣਯ ਦੇ ਕਤਲ ਅਤੇ ਉਸ ਦੀ ਸਾਜ਼ਿਸ਼ ਦੇ ਇਲਜ਼ਾਮਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ।
ਪ੍ਰਣਯ ਦੇ ਕਤਲ ਦੀ ਪੂਰੀ ਸਾਜ਼ਿਸ਼ ਬਾਰੇ ਐਸਪੀ ਨੇ ਦੱਸਿਆ, "ਇਸ ਦੇ ਲਈ ਇੱਕ ਕਰੋੜ ਰੁਪਏ ਦਾ ਸੌਦਾ ਹੋਇਆ ਸੀ। ਅੰਮ੍ਰਿਤਾ ਦੇ ਪਿਤਾ ਦੇ ਹੁਕਮਾਂ 'ਤੇ ਕਰੀਮ ਨਾਂ ਦੇ ਇੱਕ ਸ਼ਖਸ ਨੇ ਅਸਗਰ ਅਲੀ, ਭਾਰੀ ਅਤੇ ਸੁਭਾਸ਼ ਸ਼ਰਮਾ ਨਾਲ ਸੰਪਰਕ ਕੀਤਾ।''
ਪੁਲਿਸ ਨੇ ਦੱਸਿਆ ਕਿ ਮੁਲਜ਼ਮ ਅਸਗਰ ਅਲੀ ਅਤੇ ਮੁਹੰਮਦ ਭਾਰੀ ਨਲਗੋਂਡਾ ਦੇ ਨਿਵਾਸੀ ਹਨ ਅਤੇ ਹਿਰੇਨ ਪਾਂਡਿਆ ਦੇ ਕਤਲ ਮਾਮਲੇ ਵਿੱਚ ਵੀ ਮੁਲਜ਼ਮ ਹਨ।
9 ਅਗਸਤ ਤੋਂ ਰੇਕੀ ਕੀਤੀ ਗਈ
ਪੁਲਿਸ ਨੇ ਜਨਤਕ ਕੀਤਾ ਹੈ ਕਿ ਪ੍ਰਣਯ 'ਤੇ ਹਮਲੇ ਦੀ ਪਹਿਲੀ ਕੋਸ਼ਿਸ਼ 14 ਅਗਸਤ, ਦੂਜੀ ਕੋਸ਼ਿਸ਼ ਸਤੰਬਰ ਦੇ ਪਹਿਲੇ ਹਫ਼ਤੇ ਅਤੇ ਆਖਰੀ 15 ਸਤੰਬਰ ਨੂੰ ਦੁਪਹਿਰ 1.30 ਵਜੇ ਕੀਤੀ ਗਈ ਜਦੋਂ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ ਸੀ।

ਪੁਲਿਸ ਐਸਪੀ ਨੇ ਕਿਹਾ, "ਜਾਂਚ ਦੌਰਾਨ ਕੁੜੀ ਦੇ ਪਿਤਾ ਨੇ ਕਿਹਾ ਕਿ ਪ੍ਰਣਯ ਅਨੁਸੂਚਿਤ ਜਾਤੀ ਤੋਂ ਸੀ। ਉਸ ਨੇ ਠੀਕ ਤਰੀਕੇ ਨਾਲ ਪੜ੍ਹਾਈ ਵੀ ਨਹੀਂ ਕੀਤੀ ਸੀ ਅਤੇ ਮੱਧ ਵਰਗੀ ਪਰਿਵਾਰ ਨਾਲ ਸਬੰਧ ਰੱਖਦਾ ਸੀ।''
ਬੀਬੀਸੀ ਨੇ ਅੰਮ੍ਰਿਤਾ ਨਾਲ ਉਨ੍ਹਾਂ ਦੇ ਸਹੁਰੇ ਘਰ ਵਿੱਚ ਮੁਲਾਕਾਤ ਕੀਤੀ।
ਪੰਜ ਮਹੀਨਿਆਂ ਤੋਂ ਗਰਭਵਤੀ ਅੰਮ੍ਰਿਤਾ ਕਮਜ਼ੋਰ ਨਜ਼ਰ ਆਉਂਦੀ ਹੈ ਪਰ ਉਨ੍ਹਾਂ ਦੇ ਚਿਹਰੇ 'ਤੇ ਹਿੰਮਤ ਹੈ।
ਰੋਣ ਦੇ ਬਾਵਜੂਦ ਖੁਦ ਨੂੰ ਹਿੰਮਤ ਦਿੰਦੇ ਹੋਏ ਉਹ ਕਹਿੰਦੀ ਹੈ ਕਿ ਉਹ ਦੋਵੇਂ ਬਚਪਨ ਤੋਂ ਇੱਕ-ਦੂਜੇ ਨਾਲ ਪਿਆਰ ਕਰਦੇ ਸਨ।
ਅੰਮ੍ਰਿਤਾ ਨੇ ਪ੍ਰਣਯ ਅਤੇ ਖੁਦ ਦੀ ਬਚਪਨ ਦੀ ਇੱਕ ਫੋਟੋ ਫੇਸਬੁੱਕ 'ਤੇ ਪੋਸਟ ਕਰਦੇ ਹੋਏ ਲਿਖਿਆ ਸੀ, "ਬਚਪਨ ਦੇ ਪਿਆਰ ਨਾਲ ਵਿਆਹ ਕਰਵਾਉਣ ਤੋਂ ਕੁਝ ਵੀ ਬਿਹਤਰ ਨਹੀਂ ਹੈ। ਅਸੀਂ ਹਮੇਸ਼ਾ ਨਾਲ ਰਹਿਣ ਲਈ ਪੈਦਾ ਹੋਏ ਹਾਂ।''
ਬੇਚੈਨੀ ਨਾਲ ਆਪਣੇ ਫੋਨ ਨੂੰ ਦੂਰ ਕਰਦੇ ਹੋਏ ਉਹ ਆਪਣੇ ਬੈਡਰੂਮ ਦੇ ਦਰਵਾਜ਼ੇ 'ਤੇ ਨਜ਼ਰਾਂ ਟਿਕਾਈ ਰੱਖਦੀ ਹੈ। ਅੰਮ੍ਰਿਤਾ ਆਪਣੇ ਖ਼ਿਆਲਾਂ ਵਿੱਚ ਡੁੱਬੀ ਨਜ਼ਰ ਆਉਂਦੀ ਹੈ।
2016 ਵੱਚ ਪਹਿਲੀ ਵਾਰ ਹੋਇਆ ਵਿਆਹ
ਪ੍ਰਣਯ ਨਾਲ ਉਹ ਕਿਵੇਂ ਮਿਲੀ? ਇਸ ਸਵਾਲ 'ਤੇ ਉਨ੍ਹਾਂ ਦੇ ਚਿਹਰੇ 'ਤੇ ਥੋੜ੍ਹੀ ਜਿਹੀ ਮੁਸਕਾਨ ਆਉਂਦੀ ਹੈ ਅਤੇ ਉਹ ਕਹਿੰਦੀ ਹੈ, "ਸਕੂਲ ਵਿੱਚ ਉਹ ਮੇਰੇ ਤੋਂ ਇੱਕ ਸਾਲ ਸੀਨੀਅਰ ਸਨ। ਅਸੀਂ ਹਮੇਸ਼ਾ ਇੱਕ-ਦੂਜੇ ਨੂੰ ਪਸੰਦ ਕਰਦੇ ਸੀ।''
"ਮੈਂ ਨੌਂਵੀ ਜਮਾਤ ਵਿੱਚ ਸੀ ਅਤੇ ਪ੍ਰਣਯ 10ਵੀਂ ਜਮਾਤ ਵਿੱਚ ਸਨ। ਸਾਡਾ ਪਿਆਰ ਉਸੇ ਵੇਲੇ ਸ਼ੁਰੂ ਹੋਇਆ ਸੀ। ਅਸੀਂ ਫੋਨ 'ਤੇ ਕਾਫੀ ਗੱਲਾਂ ਕਰਦੇ ਸੀ।''
ਉਹ ਹੌਲੀ-ਹੌਲੀ ਆਪਣਾ ਹੱਥ ਢਿੱਡ ਵੱਲ ਲੈ ਜਾਂਦੀ ਹੈ ਅਤੇ ਫਿਰ ਕਹਿੰਦੀ ਹੈ ਕਿ ਇਹ ਬੱਚਾ ਸਾਡੇ ਪਿਆਰ ਦਾ ਪ੍ਰਤੀਕ ਰਹੇਗਾ।

ਉਸ ਨੇ ਕਿਹਾ, "ਮੈਨੂੰ ਖੁਸ਼ੀ ਹੈ ਕਿ ਘੱਟੋਂ-ਘੱਟ ਮੇਰੇ ਕੋਲ ਬੱਚਾ ਹੈ। ਇਹ ਬੱਚਾ ਪ੍ਰਣਯ ਨੂੰ ਮੇਰੇ ਕੋਲ ਰੱਖੇਗਾ, ਜਿਵੇਂ ਉਹ ਹਮੇਸ਼ਾ ਸੀ।''
ਅੰਮ੍ਰਿਤਾ ਤੇ ਪ੍ਰਣਯ ਦੀ ਕਹਾਣੀ ਅਜਿਹੀ ਨਹੀਂ ਹੈ ਕਿ ਉਹ ਇੱਕ ਦੂਜੇ ਨੂੰ ਮਿਲੇ ਅਤੇ ਖੁਸ਼ੀ-ਖੁਸ਼ੀ ਰਹਿਣ ਲੱਗੇ।
ਉਨ੍ਹਾਂ ਨੂੰ ਵਿਆਹ ਤੋਂ ਪਹਿਲਾਂ ਕਈ ਧਮਕੀਆਂ ਅਤੇ ਸਰੀਰਕ ਤਸ਼ੱਦਦ ਦਾ ਸਾਹਮਣਾ ਕਰਨਾ ਪਿਆ।
ਅੰਮ੍ਰਿਤਾ ਕਹਿੰਦੀ ਹੈ, "ਇਹ ਬੇਹੱਦ ਛੋਟਾ ਸ਼ਹਿਰ ਹੈ ਤਾਂ ਇਹ ਬਹੁਤ ਆਮ ਗੱਲ ਸੀ ਕਿ ਮੇਰੇ ਪਰਿਵਾਰ ਵਾਲਿਆਂ ਨੂੰ ਸਾਡੇ ਰਿਸ਼ਤੇ ਬਾਰੇ ਪਤਾ ਲੱਗ ਗਿਆ। ਮੇਰੇ ਪਰਿਵਾਰ ਨੇ ਚਿਤਾਵਨੀ ਦਿੱਤੀ।''
"ਉਨ੍ਹਾਂ ਨੇ ਮੈਨੂੰ ਕਿਹਾ ਕਿ ਮੈਂ ਪ੍ਰਣਯ ਨੂੰ ਕਦੇ ਨਹੀਂ ਮਿਲਾਂ ਪਰ ਇਹ ਸਭ ਮੈਨੂੰ ਨਹੀਂ ਰੋਕ ਸਕਿਆ।''
ਇਹ ਵੀ ਪੜ੍ਹੋ:
"ਮੈਂ ਉਨ੍ਹਾਂ ਦੀ ਜਾਤੀ ਜਾਂ ਆਰਥਿਕ ਹਾਲਾਤ ਨਹੀਂ ਦੇਖੇ ਸਨ। ਸਾਡੇ ਲਈ ਇਹ ਮਹੱਤਵਪੂਰਨ ਸੀ ਕਿ ਅਸੀਂ ਇੱਕ ਦੂਜੇ ਨੂੰ ਪਿਆਰ ਕਰਦੇ ਹਾਂ ਅਤੇ ਚੰਗੇ ਤਰੀਕੇ ਨਾਲ ਸਮਝਦੇ ਹਾਂ।''
ਅੰਮ੍ਰਿਤਾ ਜਦੋਂ ਇੰਜੀਨੀਅਰਿੰਗ ਵਿੱਚ ਦੂਜੇ ਸਾਲ ਦੀ ਵਿਦਿਆਰਥਣ ਸੀ, ਉਸੇ ਵੇਲੇ ਦੋਹਾਂ ਨੇ 2016 ਵਿੱਚ ਪਹਿਲੀ ਵਾਰ ਵਿਆਹ ਕੀਤਾ। ਭਾਵੇਂ ਉਨ੍ਹਾਂ ਨੇ ਵਿਆਹ ਨੂੰ ਰਜਿਸਟਰ ਨਹੀਂ ਕਰਵਾਇਆ ਸੀ।
ਉਨ੍ਹਾਂ ਦੇ ਪਰਿਵਾਰ ਨੂੰ ਇਹ ਪਸੰਦ ਨਹੀਂ ਆਇਆ ਅਤੇ ਉਨ੍ਹਾਂ ਨੇ ਅੰਮ੍ਰਿਤਾ ਨੂੰ ਕਮਰੇ ਵਿੱਚ ਬੰਦ ਕਰ ਦਿੱਤਾ ਸੀ।
ਦਸਤਾਵੇਜ਼ਾਂ ਲਈ ਮੁੜ ਵਿਆਹ ਕਰਵਾਇਆ
ਅੰਮ੍ਰਿਤਾ ਹਿੰਮਤ ਨਾਲ ਕਹਿੰਦੀ ਹੈ, "ਮੇਰੇ ਚਾਚਾ ਨੇ ਪ੍ਰਣਯ ਨੂੰ ਧਮਕੀ ਦਿੱਤੀ ਸੀ। ਉਨ੍ਹਾਂ ਨੇ ਡੰਬਲ ਨਾਲ ਮੈਨੂੰ ਕੁੱਟਿਆ ਸੀ। ਇਹ ਸਭ ਕੁਝ ਮੇਰੀ ਮਾਂ ਤੇ 20 ਰਿਸ਼ਤੇਦਾਰਾਂ ਦੇ ਸਾਹਮਣੇ ਹੋਇਆ। ਕੋਈ ਵੀ ਮੇਰੇ ਨਾਲ ਖੜ੍ਹਾ ਨਹੀਂ ਹੋਇਆ।''
"ਮੈਨੂੰ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ। ਉਹ ਚਾਹੁੰਦੇ ਸੀ ਕਿ ਮੈਂ ਪ੍ਰਣਯ ਨੂੰ ਭੁੱਲ ਜਾਵਾਂ ਕਿਉਂਕਿ ਉਹ ਅਨੁਸੂਚਿਤ ਜਾਤੀ ਨਾਲ ਸਬੰਧ ਰੱਖਦਾ ਸੀ।''

ਅੰਮ੍ਰਿਤਾ ਨੇ ਦੱਸਿਆ, "ਬਚਪਨ ਤੋਂ ਮੇਰੀ ਮਾਂ ਦੂਜੀ ਜਾਤੀ ਦੇ ਦੋਸਤ ਬਣਾਉਣ ਤੋਂ ਮੈਨੂੰ ਰੋਕਦੀ ਸੀ। ਮੈਨੂੰ ਕਮਰੇ ਵਿੱਚ ਬੰਦ ਰੱਖਿਆ ਜਾਂਦਾ ਸੀ ਅਤੇ ਹਰ ਦਿਨ ਕੁਝ ਆਚਾਰ ਅਤੇ ਚਾਵਲ ਖਾਣ ਨੂੰ ਦਿੱਤੇ ਜਾਂਦੇ ਸਨ।''
"ਪ੍ਰਣਯ ਨੂੰ ਮੈਂ ਭੁੱਲ ਜਾਵਾਂ ਇਸ ਲਈ ਚਾਚਾ ਮੈਨੂੰ ਮਾਰਦੇ ਸਨ ਅਤੇ ਧਮਕੀਆਂ ਦਿੰਦੇ ਸਨ। ਉਨ੍ਹਾਂ ਨੇ ਮੇਰੀ ਪੜ੍ਹਾਈ ਬੰਦ ਕਰਵਾ ਦਿੱਤੀ। ਮੇਰੇ ਕੋਲ ਪ੍ਰਣਯ ਨਾਲ ਗੱਲਬਾਤ ਕਰਨ ਲਈ ਕੋਈ ਰਾਹ ਨਹੀਂ ਸੀ।''
ਉਸ ਤੋਂ ਬਾਅਦ ਅੰਮ੍ਰਿਤਾ ਨੇ ਪ੍ਰਣਯ ਨੂੰ ਉਸੇ ਵੇਲੇ ਦੇਖਿਆ ਜਦੋਂ ਉਨ੍ਹਾਂ ਨੇ 30 ਜਨਵਰੀ 2018 ਨੂੰ ਆਰਿਆ ਸਮਾਜ ਮੰਦਰ ਵਿੱਚ ਮੁੜ ਵਿਆਹ ਕੀਤਾ।
ਉਹ ਕਹਿੰਦੀ ਹੈ, "ਮੈਨੂੰ ਸਿਹਤ ਨਾਲ ਜੁੜੀਆਂ ਦਿੱਕਤਾਂ ਹੁੰਦੀਆਂ ਸਨ ਤਾਂ ਮੈਂ ਡਾਕਟਰ ਜਾਂ ਹਸਪਤਾਲ ਦੇ ਕਿਸੇ ਸਟਾਫ਼ ਦਾ ਫੋਨ ਲੈ ਕੇ ਪ੍ਰਣਯ ਨਾਲ ਗੱਲਬਾਤ ਕਰਦੀ ਸੀ।''
"ਉਹ ਕੁਝ ਪਲ ਸਾਡੇ ਪਿਆਰ ਨੂੰ ਅੱਗੇ ਵਧਾ ਰਹੇ ਸਨ। ਅਸੀਂ ਆਖਿਰਕਾਰ ਆਰਿਆ ਸਮਾਜ ਮੰਦਰ ਵਿੱਚ ਵਿਆਹ ਕਰਨ ਦਾ ਫੈਸਲਾ ਲਿਆ ਤਾਂ ਜੋ ਸਾਡੇ ਕੋਲ ਵਿਆਹ ਦਾ ਕੋਈ ਦਸਤਾਵੇਜ਼ ਹੋਵੇ। ਅਸੀਂ ਦੋਵਾਂ ਨੇ ਆਪਣੇ ਪਿਆਰ ਲਈ ਲੜਨ ਦਾ ਫੈਸਲਾ ਕੀਤਾ।''
ਪ੍ਰਣਯ ਦੇ ਪਰਿਵਾਰ ਨੂੰ ਵਿਆਹ ਬਾਰੇ ਕੋਈ ਜਾਣਕਾਰੀ ਨਹੀਂ ਸੀ। ਵਿਆਹ ਤੋਂ ਬਾਅਦ ਇਹ ਜੋੜਾ ਸੁਰੱਖਿਆ ਦੇ ਲਿਹਾਜ਼ ਨਾਲ ਹੈਦਰਾਬਾਦ ਚਲਾ ਗਿਆ।
ਅੰਮ੍ਰਿਤਾ ਦੱਸਦੀ ਹੈ, "ਅਸੀਂ ਡੇਢ ਮਹੀਨੇ ਤੱਕ ਹੈਦਰਾਬਾਦ ਰਹੇ ਪਰ ਮੇਰੇ ਪਿਤਾ ਨੇ ਸਾਡੀ ਜਾਣਕਾਰੀ ਲਈ ਕੁਝ ਗੁੰਡੇ ਭੇਜੇ। ਇਸ ਕਰਕੇ ਅਸੀਂ ਪ੍ਰਣਯ ਦੇ ਘਰ ਵਿੱਚ ਮਿਰਯਾਲਾਗੁਡਾ ਰਹਿਣ ਚਲੇ ਆਏ। ਅਸੀਂ ਸੋਚਿਆ ਕਿ ਪਰਿਵਾਰ ਨੇੜੇ ਰਹਿਣ ਨਾਲ ਅਸੀਂ ਸੁਰੱਖਿਅਤ ਰਹਾਂਗੇ।''
"ਸਾਡੀ ਯੋਜਨਾ ਸੀ ਕਿ ਅਸੀਂ ਉੱਚ ਸਿੱਖਿਆ ਲਈ ਵਿਦੇਸ਼ ਜਾਵਾਂਗੇ ਅਤੇ ਇਸ ਵਿਚਾਲੇ ਮੈਂ ਗਰਭਵਤੀ ਹੋ ਗਈ। ਇਹ ਸਾਡੇ ਲਈ ਸਭ ਤੋਂ ਖੂਬਸੂਰਤ ਪਲ ਸੀ।''
"ਜਦੋਂ ਤੱਕ ਬੱਚਾ ਨਹੀਂ ਹੋ ਜਾਂਦਾ ਉਦੋਂ ਤੱਕ ਅਸੀਂ ਇੱਥੇ ਰੁਕਣ ਦਾ ਫੈਸਲਾ ਕੀਤਾ। ਬੱਚਾ ਹੋਣ ਤੋਂ ਬਾਅਦ ਪੜ੍ਹਾਈ ਲਈ ਅਸੀਂ ਕੈਨੇਡਾ ਜਾਣ ਦੀ ਪੂਰੀ ਤਿਆਰੀ ਕਰ ਰਹੇ ਸੀ।''
ਅੰਮ੍ਰਿਤਾ ਕਹਿੰਦੀ ਹੈ ਕਿ ਉਨ੍ਹਾਂ ਦੇ ਗਰਭਵਤੀ ਹੋਣ ਦੀ ਖ਼ਬਰ ਨੇ ਉਨ੍ਹਾਂ ਨੂੰ ਉਮੀਦ ਅਤੇ ਖੁਸ਼ੀ ਦਿੱਤੀ।
ਭਾਵੇਂ ਬੱਚੇ ਲਈ ਉਨ੍ਹਾਂ ਦੀ ਉਮਰ ਅਜੇ ਛੋਟੀ ਸੀ ਪਰ ਪ੍ਰਣਯ ਨੇ ਆਪਣੇ ਪਰਿਵਾਰ ਵਾਲਿਆਂ ਨੂੰ ਦੱਸਿਆ ਕਿ ਬੱਚਾ ਅੰਮ੍ਰਿਤਾ ਦੇ ਪਰਿਵਾਰ ਵਾਲਿਆਂ ਖਿਲਾਫ਼ ਮਜ਼ਬੂਤੀ ਨਾਲ ਖੜ੍ਹੇ ਹੋਣ ਵਿੱਚ ਮਦਦ ਕਰੇਗਾ।
ਅੰਮ੍ਰਿਤਾ ਦੇ ਪਿਤਾ ਨੇ ਗਰਭਪਾਤ ਕਰਵਾਉਣ ਲਈ ਕਿਹਾ
ਅੰਮ੍ਰਿਤਾ ਨੇ ਆਪਣੇ ਪਰਿਵਾਰ ਵਾਲਿਆਂ ਨੂੰ ਗਰਭਵਤੀ ਹੋਣ ਬਾਰੇ ਦੱਸਿਆ। ਉਹ ਕਹਿੰਦੀ ਹੈ, "ਮੈਂ ਜਦੋਂ ਤੋਂ ਉਨ੍ਹਾਂ ਨੂੰ ਗਰਭਵਤੀ ਹੋਣ ਦੀ ਗੱਲ ਦੱਸੀ, ਉਸੇ ਵੇਲੇ ਤੋਂ ਕਹਿ ਰਹੇ ਸਨ ਕਿ ਮੈਂ ਗਰਭਪਾਤ ਕਰਵਾ ਲਵਾਂ।''
"ਗਣੇਸ਼ ਚਤੁਰਥੀ ਦੀ ਵਧਾਈ ਦੇਣ ਲਈ ਮੈਂ ਮੁੜ ਉਨ੍ਹਾਂ ਨਾਲ ਗੱਲ ਕੀਤੀ। ਉਨ੍ਹਾਂ ਨੇ ਮੈਨੂੰ ਫਿਰ ਗਰਭਪਾਤ ਕਰਵਾਉਣ ਲਈ ਕਿਹਾ।''

"ਅਸੀਂ ਹਮੇਸ਼ਾ ਇਸ ਡਰ ਵਿੱਚ ਰਹਿੰਦੇ ਸਨ ਕਿ ਮੇਰੇ ਪਿਤਾ ਅਤੇ ਉਨ੍ਹਾਂ ਦੇ ਗੁੰਡੇ ਸਾਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਨਗੇ ਪਰ ਮੈਨੂੰ ਇਹ ਨਹੀਂ ਪਤਾ ਸੀ ਕਿ ਉਹ ਇੰਨੇ ਬੇਰਹਿਮ ਹੋ ਜਾਣਗੇ।''
ਅੰਮ੍ਰਿਤਾ ਕਹਿੰਦੀ ਹੈ ਕਿ ਪ੍ਰਣਯ ਉਨ੍ਹਾਂ ਨੂੰ ਪਿਆਰ ਨਾਲ ਕੰਨਾ ਬੁਲਾਉਂਦੇ ਸਨ। ਉਸੇ ਦਿਨ ਨੂੰ ਯਾਦ ਕਰਦਿਆਂ ਉਹ ਕਹਿੰਦੀ ਹੈ, "ਅਸੀਂ ਸਵੇਰੇ ਤਕਰੀਬਨ 11 ਵਜੇ ਸੌਂ ਕੇ ਉੱਠੇ ਸੀ। ਮੇਰੀ ਪਿੱਠ ਵਿੱਚ ਦਰਦ ਸੀ। ਮੈਂ ਪ੍ਰਣਯ ਨੂੰ ਬੁਲਾਇਆ।''
"ਮੈਨੂੰ ਅਜੇ ਵੀ ਉਨ੍ਹਾਂ ਦੀ ਆਵਾਜ਼ ਯਾਦ ਹੈ, ਉਨ੍ਹਾਂ ਨੇ ਕਿਹਾ ਸੀ, ਕੰਨਾ ਆ ਰਿਹਾ ਹਾਂ।
ਅੱਖਾਂ ਵਿੱਚ ਹੰਝੂ ਭਰਦੇ ਹੋਏ ਕਹਿੰਦੀ, "ਮੈਂ ਨਾਸ਼ਤਾ ਕੀਤਾ। ਪ੍ਰਣਯ ਨੇ ਆਪਣਾ ਨਾਸ਼ਤਾ ਤੱਕ ਨਹੀਂ ਕੀਤਾ ਸੀ। ਅਸੀਂ ਹਸਪਤਾਲ ਗਏ। ਅਸੀਂ ਗੱਲ ਕਰ ਰਹੇ ਸੀ ਕਿ ਕਿਵੇਂ ਮੇਰੀ ਪਿੱਠ ਦਾ ਦਰਦ ਠੀਕ ਹੋ ਸਕਦਾ ਹੈ।''
ਉਹ ਦੱਸਦੀ ਹੈ ਕਿ ਜਦੋਂ ਉਹ ਡਾਕਟਰ ਕੋਲ ਸਨ ਉਸ ਵੇਲੇ ਅੰਮ੍ਰਿਤਾ ਦੇ ਪਿਤਾ ਦਾ ਡਾਕਟਰ ਕੋਲ ਫੋਨ ਆਇਆ ਅਤੇ ਉਨ੍ਹਾਂ ਨੇ ਗਰਭਪਾਤ ਬਾਰੇ ਪੁੱਛਿਆ।
"ਡਾਕਟਰ ਨੇ ਇਹ ਕਹਿੰਦੇ ਹੋਏ ਫੋਨ ਕੱਟ ਦਿੱਤਾ ਕਿ ਅਸੀਂ ਹਸਪਤਾਲ ਵਿੱਚ ਨਹੀਂ ਹਾਂ। ਇਸੇ ਵਿਚਾਲੇ ਮੇਰੇ ਪਿਤਾ ਦੀ ਮਿਸਡ ਕਾਲ ਮੇਰੇ ਕੋਲ ਆਈ।''
"ਮੇਰੇ ਚੈਕਅਪ ਤੋਂ ਬਾਅਦ ਅਸੀਂ ਹਸਪਤਾਲ ਤੋਂ ਬਾਹਰ ਨਿਕਲ ਰਹੇ ਸਨ, ਅਤੇ ਮੈਂ ਪ੍ਰਣਯ ਤੋਂ ਕੁਝ ਪੁੱਛ ਰਹੀ ਸੀ ਪਰ ਮੈਨੂੰ ਕੋਈ ਜਵਾਬ ਨਹੀਂ ਮਿਲਿਆ। ਮੈਂ ਦੇਖਿਆ ਕਿ ਉਹ ਜ਼ਮੀਨ 'ਤੇ ਡਿੱਗੇ ਸਨ ਅਤੇ ਇੱਕ ਸ਼ਖਸ ਉਨ੍ਹਾਂ ਦਾ ਗਲਾ ਕੱਟ ਰਿਹਾ ਸੀ।''
"ਮੇਰੀ ਸੱਸ ਨੇ ਉਸ ਸ਼ਖਸ ਨੂੰ ਧੱਕਾ ਦਿੱਤਾ ਅਤੇ ਮੈਂ ਮਦਦ ਮੰਗਣ ਹਸਪਤਾਲ ਅੰਦਰ ਗਈ। ਕੁਝ ਮਿੰਟ ਬਾਅਦ ਮੈਂ ਆਪਣੇ ਪਿਤਾ ਨੂੰ ਫੋਨ ਕੀਤਾ ਪਰ ਉਨ੍ਹਾਂ ਨੇ ਜਵਾਬ ਦਿੱਤਾ ਕਿ ਉਹ ਕੀ ਕਰ ਸਕਦੇ ਹਨ? ਉਸ ਨੂੰ ਹਸਪਤਾਲ ਲੈ ਜਾਓ।''
"ਕੁਝ ਦਿਨਾਂ ਪਹਿਲਾਂ ਮੇਰੇ ਪਿਤਾ ਦਾ ਇੱਕ ਛੋਟਾ ਜਿਹਾ ਆਪ੍ਰੇਸ਼ਨ ਸੀ। ਮੇਰੀ ਮਾਂ ਅਤੇ ਰਿਸ਼ਤੇਦਾਰਾਂ ਨੇ ਮੈਨੂੰ ਉਨ੍ਹਾਂ ਨੂੰ ਦੇਖਣ ਲਈ ਕਿਹਾ ਸੀ। ਮੈਂ ਮਨਾ ਕਰ ਦਿੱਤਾ ਅਤੇ ਝੂਠ ਬੋਲਿਆ ਕਿ ਅਸੀਂ ਬੈਂਗਲੁਰੂ ਜਾ ਰਹੇ ਹਾਂ।''
"ਅਗਲੇ ਦਿਨ ਇੱਕ ਸ਼ਖਸ ਮੇਰੇ ਘਰ ਕਿਸੇ ਕਿਰਾਏ ਦੀ ਕਾਰ ਬਾਰੇ ਜਾਣਕਾਰੀ ਲੈਣ ਆਇਆ ਜੋ ਘਰ ਦੇ ਬਾਹਰ ਖੜ੍ਹੀ ਸੀ।''
"ਉਸ ਸ਼ਖਸ ਦਾ ਉਚਾਰਨ ਕਾਫੀ ਅਜੀਬ ਸੀ ਮੇਰੇ ਸੁਹਰੇ ਨੇ ਉਸ ਨੂੰ ਜਵਾਬ ਦਿੱਤਾ। ਮੈਨੂੰ ਲੱਗਦਾ ਹੈ ਕਿ ਹਸਪਤਾਲ ਵਿੱਚ ਉਹੀ ਸ਼ਖਸ ਸੀ ਜਿਸ ਨੇ ਪ੍ਰਣਯ ਨੂੰ ਮਾਰਿਆ ਸੀ।''
ਅੰਮ੍ਰਿਤਾ ਕਹਿੰਦੀ ਹੈ ਕਿ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਉਨ੍ਹਾਂ ਦੇ ਪਿਤਾ ਪ੍ਰਣਯ ਨੂੰ ਨੁਕਸਾਨ ਪਹੁੰਚਾਉਣ ਲਈ ਕੁਝ ਵਕਤ ਤੋਂ ਯੋਜਨਾ ਬਣਾ ਰਹੇ ਸਨ।
ਅੰਮ੍ਰਿਤਾ ਦੀ ਮਾਂ ਨੇ ਪਿਤਾ ਨੂੰ ਦਿੱਤੀ ਪੂਰੀ ਜਾਣਕਾਰੀ?
ਅੰਮ੍ਰਿਤਾ ਨੇ ਕਿਹਾ, "ਹੁਣ ਤੱਕ ਮੇਰੇ ਘਰ ਵਾਲਿਆਂ ਨੇ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ ਸੀ। ਮੇਰੀ ਮਾਂ ਅਕਸਰ ਮੈਨੂੰ ਫੋਨ ਕਰਿਆ ਕਰਦੀ ਸੀ। ਮੈਨੂੰ ਲੱਗਦਾ ਹੈ ਕਿ ਉਹ ਮੇਰੀ ਸਿਹਤ ਦੀ ਜਾਣਕਾਰੀ ਲੈਣ ਦੀ ਥਾਂ ਮੇਰੇ ਪਿਤਾ ਨੂੰ ਜਾਣ-ਬੁੱਝ ਕੇ ਜਾਂ ਅਣਜਾਣੇ ਵਿੱਚ ਜਾਣਕਾਰੀ ਦੇ ਰਹੀ ਸੀ।''
"ਮੈਂ ਆਪਣੇ ਪੂਰੇ ਪਰਿਵਾਰ ਨੂੰ ਦੋਸ਼ ਦਿੰਦੀ ਹਾਂ। ਮੈਂ ਵਾਪਸ ਉਨ੍ਹਾਂ ਕੋਲ ਨਹੀਂ ਜਾਵਾਂਗੀ। ਪ੍ਰਣਯ ਦਾ ਪਰਿਵਾਰ ਹੁਣ ਮੇਰਾ ਪਰਿਵਾਰ ਹੈ।''

ਇਸ ਘਟਨਾ ਤੋਂ ਬਾਅਦ ਅਨੁਸੂਚਿਤ ਜਾਤੀ ਅਤੇ ਔਰਤਾਂ ਨਾਲ ਜੁੜੀਆਂ ਜਥੇਬੰਦੀਆਂ ਪ੍ਰਣਯ ਦੇ ਘਰ ਜਾ ਕੇ ਆਪਣੀ ਹਮਦਰਦੀ ਜਤਾ ਰਹੇ ਹਨ।
ਉਨ੍ਹਾਂ ਦੇ ਘਰ ਵਿੱਚ 'ਜੈ ਭੀਮ' ਅਤੇ 'ਪ੍ਰਣਯ ਅਮਰ ਰਹੇ' ਵਰਗੇ ਨਾਅਰੇ ਗੂੰਜ ਰਹੇ ਹਨ।
ਅੰਮ੍ਰਿਤਾ ਕਹਿੰਦੀ ਹੈ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਉਨ੍ਹਾਂ ਨੂੰ ਇਸ ਲੜਾਈ ਵਿੱਚ ਹਮਾਇਤ ਮਿਲ ਰਹੀ ਹੈ।
ਉਨ੍ਹਾਂ ਨੇ ਜਸਟਿਸ ਫਾਰ ਪ੍ਰਣਯ ਨਾਂ ਨਾਲ ਇੱਕ ਫੇਸਬੁੱਕ ਪੇਜ ਬਣਾਇਆ ਹੈ।
"ਮੈਂ ਇਸ ਦਾ ਜਾਤੀ ਤੋਂ ਬਗੈਰ ਸਮਾਜ ਦੇ ਰੂਪ ਵਿੱਚ ਆਪਣੇ ਕੰਮ ਵਜੋਂ ਇਸਤੇਮਾਲ ਕਰਾਂਗੀ।''
ਪੱਕੇ ਇਰਾਦੇ ਦੀ ਭਾਵਨਾ ਨਾਲ ਅੰਮ੍ਰਿਤਾ ਕਹਿੰਦੀ ਹੈ, "ਪ੍ਰਣਯ ਹਮੇਸ਼ਾ ਕਹਿੰਦੇ ਹਨ ਕਿ ਪ੍ਰੇਮੀਆਂ ਨੂੰ ਜਾਤੀ ਕਾਰਨ ਸਮੱਸਿਆਵਾਂ ਦਾ ਸਾਹਮਣਾ ਨਹੀਂ ਕਰਨਾ ਚਾਹੀਦਾ। ਜਾਤੀ ਕਾਰਨ ਸਾਨੂੰ ਮੁਸ਼ਕਿਲਾਂ ਦਾ ਸਾਹਮਣਾ ਕੀਤਾ ਹੈ।''
"ਮੈਂ ਇਨਸਾਫ਼ ਲਈ ਲੜਾਂਗੀ। ਮੇਰੀ ਇੱਛਾ ਹੈ ਕਿ ਪ੍ਰਣਯ ਦੀ ਮੂਰਤੀ ਸ਼ਹਿਰ ਵਿਚਾਲੇ ਲਗਾਈ ਜਾਵੇ। ਮੈਂ ਇਸ ਦੇ ਲਈ ਜ਼ਰੂਰ ਇਜਾਜ਼ਤ ਲਵਾਂਗੀ।
ਉਹ ਇਲਜ਼ਾਮ ਲਾਉਂਦੇ ਹੋਏ ਕਹਿੰਦੇ ਹਨ ਕਿ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਦੇ ਪਤੀ ਨੂੰ ਇਸ ਲਈ ਮਾਰਿਆ ਕਿਉਂਕਿ ਉਹ ਉਨ੍ਹਾਂ ਦੀ ਜਾਤੀ ਦੇ ਨਹੀਂ ਸਨ।
'ਜਾਤੀ ਮੁਕਤ ਸਮਾਜ ਲਈ ਲੜਾਂਗੀ'
ਅੰਮ੍ਰਿਤਾ ਕਹਿੰਦੀ ਹੈ, "ਜੇ ਉਹ ਕੋਸ਼ਿਸ਼ ਕਰਦੇ ਤਾਂ ਪ੍ਰਣਯ ਤੋਂ ਬਿਹਤਰ ਪਤੀ ਮੇਰੇ ਲਈ ਨਹੀਂ ਲੱਭ ਸਕਦੇ ਸਨ। ਮੇਰੇ ਪਿਤਾ ਨੂੰ ਸਾਡੇ ਸਬੰਧ ਨਾਲ ਸਿਰਫ਼ ਇਸ ਲਈ ਸਮੱਸਿਆ ਸੀ ਕਿਉਂਕਿ ਪ੍ਰਣਯ ਅਨੁਸੂਚਿਤ ਜਾਤੀ ਤੋਂ ਸੀ।
ਪ੍ਰਣਯ ਦੀ ਮਾਂ ਹੇਮਲਤਾ ਕਹਿੰਦੀ ਹੈ, "ਪਿਤਾ ਬਾਲਾਸਵਾਮੀ ਅਤੇ ਛੋਟੇ ਭਰਾ ਅਜੇ ਬੇਹੱਦ ਮਾਯੂਸ ਹਨ। ਅਜੇ ਅੰਮ੍ਰਿਤਾ ਦੀ ਮਦਦ ਕਰਦੇ ਦਿਖਦੇ ਹਨ ਅਤੇ ਉਨ੍ਹਾਂ ਨੂੰ ਇਕੱਲਾ ਨਹੀਂ ਛੱਡਦੇ ਹਨ।''
ਪ੍ਰਣਯ ਅਮਰ ਰਹਿਣ ਦੇ ਨਾਅਰੇ ਲੱਗਣ ਤੋਂ ਬਾਅਦ ਜਦੋਂ ਪ੍ਰਣਯ ਦੀ ਮਾਂ ਹੇਮਲਤਾ ਰੋਂਦੋ ਹੋਏ ਬਰਾਮਦੇ ਵਿੱਚ ਆਉਂਦੀ ਹੈ ਤਾਂ ਅੰਮ੍ਰਿਤਾ ਉਨ੍ਹਾਂ ਨੂੰ ਹੌਸਲਾ ਦਿੰਦੀ ਹੈ।

ਉਹ ਕਹਿੰਦੀ ਹੈ, "ਅਜੇ ਹੁਣ ਮੇਰਾ ਵੀ ਭਰਾ ਹੈ। ਇਹ ਮੇਰਾ ਘਰ ਹੈ ਅਤੇ ਇੱਥੇ ਹੀ ਮੇਰੇ ਬੱਚਾ ਆਵੇਗਾ।''
ਉਨ੍ਹਾਂ ਨੂੰ ਡਰ ਹੈ ਕਿ ਉਨ੍ਹਾਂ ਦੇ ਪਿਤਾ ਉਨ੍ਹਾਂ ਦੇ ਬੱਚੇ ਅਤੇ ਸੁਹਰੇ ਘਰ ਵਾਲਿਆਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ ਪਰ ਹੁਣ ਅੰਮ੍ਰਿਤਾ ਤੇ ਉਨ੍ਹਾਂ ਦੇ ਬੱਚੇ ਦੇ ਭਵਿੱਖ 'ਤੇ ਸਵਾਲ ਖੜ੍ਹਾ ਹੋ ਗਿਆ ਹੈ।
ਪ੍ਰਣਯ ਦੇ ਪਰਿਵਾਰ ਨੇ ਕਿਹਾ ਹੈ ਕਿ ਉਹ ਅੰਮ੍ਰਿਤਾ ਨੂੰ ਆਪਣੀ ਧੀ ਵਾਂਗ ਮੰਨਦੇ ਹਨ।
ਪਰ ਅੰਮ੍ਰਿਤਾ ਦੀ ਵਿੱਤੀ ਆਜ਼ਾਦੀ ਵੀ ਇੱਕ ਵੱਡਾ ਵਿਸ਼ਾ ਹੈ। ਇਹ ਵੀ ਯਾਦ ਰੱਖਣ ਦੀ ਲੋੜ ਹੈ ਕਿ ਉਨ੍ਹਾਂ ਨੇ ਆਪਣੇ ਪਿਆਰ ਲਈ ਲੜਦੇ ਵਕਤ ਪੜ੍ਹਾਈ ਛੱਡ ਦਿੱਤੀ ਸੀ।
ਇਹ ਵੀ ਪੜ੍ਹੋ:
ਤੁਹਾਨੂੰ ਇਹ ਵੀਡੀਓ ਪਸੰਦਾ ਆ ਸਕਦਾ ਹੈ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












