ਕੌਣ ਜਲੰਧਰ ਤੋਂ ਕਾਬੁਲ ਦਾ ਫਾਸਲਾ ਛੇ ਗੁਣਾ ਵਧਾ ਰਿਹਾ ਹੈ? - ਬਲਾਗ

ਤਸਵੀਰ ਸਰੋਤ, ARIF ALI
- ਲੇਖਕ, ਵੁਸਤੁੱਲਾਹ ਖਾਨ
- ਰੋਲ, ਪਾਕਿਸਤਾਨ ਤੋਂ ਬੀਬੀਸੀ ਲਈ
ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਾਬੁਲ ਸਥਿਤ ਅਮਰੀਕੀ ਰਾਜਦੂਤ ਜੌਹਨ ਬਾਸ ਦੀ ਇਸ ਸੂਚਨਾ ਨੂੰ ਗਲਤ ਦੱਸਿਆ ਹੈ ਕਿ ਪਾਕਿਸਤਾਨ ਭਾਰਤ ਅਤੇ ਅਫ਼ਗਾਨਿਸਤਾਨ ਵਿਚਾਲੇ ਰਾਹ ਦੇਣ 'ਤੇ ਗੌਰ ਕਰ ਰਿਹਾ ਹੈ।
ਸ਼ਾਹ ਮਹਿਮੂਦ ਕੁਰੈਸ਼ੀ ਮੰਤਰੀ ਬਣਨ ਤੋਂ ਬਾਅਦ ਦੋ ਦਿਨ ਪਹਿਲਾਂ ਹੀ ਕਾਬੁਲ ਦੀ ਪਹਿਲੀ ਯਾਤਰਾ ਤੋਂ ਪਰਤੇ ਹਨ।
ਲੱਗਦਾ ਹੈ ਕਿ ਨਾ ਤਾਂ ਕਾਬੁਲ ਵਿੱਚ ਬਣੇ ਅਮਰੀਕੀ ਰਾਜਦੂਤ ਦੀ ਖ਼ਬਰ ਗਲਤ ਹੈ ਅਤੇ ਨਾ ਹੀ ਪਾਕਿਸਤਾਨ ਦੇ ਵਿਦੇਸ਼ ਮੰਤਰੀ ਵੱਲੋਂ ਇਸ ਨੂੰ ਝੁਠਲਾਉਣਾ ਹੈਰਾਨ ਕਰਨ ਵਾਲਾ ਹੈ।
ਇਹ ਵੀ ਪੜ੍ਹੋ:
ਜੇ ਵਾਹਘਾ-ਅਟਾਰੀ ਤੋਂ ਤੋਰਖਮ ਤੱਕ ਦਾ ਰਾਹ ਭਾਰਤ-ਅਫਗਾਨ ਵਪਾਰ ਲਈ ਖੁੱਲ੍ਹ ਜਾਵੇ ਤਾਂ ਇਸ ਦਾ ਲਾਭ ਸਭ ਨੂੰ ਹੋਵੇਗਾ।
ਅਫ਼ਗਾਨਿਸਤਾਨ ਵਪਾਰ ਲਈ ਪੰਜਾਬ ਦਾ ਰੂਟ
ਜੇ ਅੱਜ ਭਾਰਤੀ ਪੰਜਾਬ ਦੇ ਕਿਸਾਨ ਨੂੰ ਇੱਕ ਬੋਰੀ ਅਨਾਜ ਅਫ਼ਗਾਨਿਸਤਾਨ ਭੇਜਣਾ ਹੋਵੇ ਤਾਂ ਇਹ ਬੋਰੀ ਪਹਿਲਾਂ ਜਲੰਧਰ ਤੋਂ ਸੂਰਤ ਜਾਂ ਮੁੰਬਈ ਜਾਵੇਗੀ।
ਉੱਥੋਂ ਜਹਾਜ਼ ਤੋਂ ਲੱਦ ਕੇ ਈਰਾਨੀ ਬੰਦਰਗਾਹ ਚਾਬਹਾਰ ਪਹੁੰਚੇਗੀ ਅਤੇ ਚਾਬਹਾਰ ਤੋਂ ਅਫ਼ਗਾਨਿਸਤਾਨ ਦੇ ਪਹਿਲੇ ਸ਼ਹਿਰ ਜ਼ਰਿੰਜ ਤੱਕ ਸੜਕ ਦੇ ਰਾਹ ਜਾਵੇਗੀ ਅਤੇ ਫਿਰ ਜ਼ਰਿੰਜ ਤੋਂ ਕਾਬੁਲ ਤੱਕ।
ਇਸ ਤਰ੍ਹਾਂ ਜਲੰਧਰ ਤੋਂ ਕਾਬੁਲ ਤੱਕ ਅਨਾਜ ਦੀ ਇਹ ਬੋਰੀ 4,750 ਕਿਲੋਮੀਟਰ ਨੱਪ ਕੇ ਘੱਟੋ-ਘੱਟ ਅੱਠ ਦਿਨਾਂ ਵਿੱਚ ਪਹੁੰਚੇਗੀ।

ਤਸਵੀਰ ਸਰੋਤ, Reuters
ਜੇ ਇਹ ਬੋਰੀ ਜਲੰਧਰ ਤੋਂ ਵਾਹਘਾ-ਅਟਾਰੀ ਜ਼ਰੀਏ ਪਾਕਿਸਤਾਨ ਤੋਂ ਹੁੰਦੀ ਹੋਈ ਕਾਬੁਲ ਜਾਵੇ ਤਾਂ ਉਸ ਨੂੰ ਵੱਧ ਤੋਂ ਵੱਧ 768 ਕਿਲੋਮੀਟਰ ਦਾ ਫਾਸਲਾ ਤੈਅ ਕਰਨ ਵਿੱਚ ਦੋ ਦਿਨ ਲੱਗਣਗੇ।
ਸੋਚੋ ਇੱਕਦਮ ਚਾਰ ਹਜ਼ਾਰ ਕਿਲੋਮੀਟਰ ਦਾ ਰਾਹ ਘੱਟ ਹੋਣ ਨਾਲ ਕਿਸ ਨੂੰ ਕਿੰਨਾ ਫਾਇਦਾ ਹੋਵੇਗਾ।
ਪਾਕਿਸਤਾਨ ਨੂੰ ਹੋਵੇਗਾ ਫਾਇਦਾ
ਕੁਝ ਅੰਕੜਿਆਂ ਅਨੁਸਾਰ ਪਾਕਿਸਤਾਨ ਨੂੰ ਭਾਰਤ-ਅਫ਼ਗਾਨ ਟ੍ਰਾਂਜ਼ਿਟ ਟਰੇਡ ਤੋਂ ਚੁੰਗੀ, ਕਿਰਾਏ ਅਤੇ ਰੋਡ ਟੈਕਸ ਮਿਲਾ ਕੇ ਘੱਟੋ-ਘੱਟ ਡੇਢ ਤੋਂ ਦੋ ਬਿਲੀਅਨ ਡਾਲਰ ਸਾਲਾਨਾ ਦੀ ਕਮਾਈ ਹੋਵੇਗੀ।

ਤਸਵੀਰ ਸਰੋਤ, EPA
ਪਰ ਅਮਰੀਕਾ ਇਸ ਬਾਰੇ ਅਖੀਰ ਇੰਨਾ ਉਤਾਵਲਾ ਕਿਉਂ ਹੋ ਰਿਹਾ ਹੈ ਕਿ ਪਾਕਿਸਤਾਨ ਅਤੇ ਭਾਰਤ ਜਲਦੀ ਤੋਂ ਜਲਦੀ ਵਾਹਘਾ-ਤੋਰਖਮ ਰਾਹ ਖੋਲ੍ਹਣ 'ਤੇ ਰਾਜ਼ੀ ਹੋ ਜਾਵੇ।
ਇਹ ਵੀ ਪੜ੍ਹੋ:
ਕਾਰਨ ਸ਼ਾਇਦ ਇਹ ਹੈ ਕਿ ਅਮਰੀਕਾ ਨਵੰਬਰ ਮਹੀਨੇ ਤੋਂ ਈਰਾਨ ਦੀ ਮੁਕੰਮਲ ਵਿੱਤੀ ਨਾਕੇਬੰਦੀ ਕਰਨਾ ਚਾਹੁੰਦਾ ਹੈ। ਇਹ ਘੇਰਾਬੰਦੀ ਉਦੋਂ ਤੱਕ ਕਾਮਯਾਬ ਨਹੀਂ ਹੋ ਸਕਦੀ ਜਦੋਂ ਤੱਕ ਈਰਾਨ ਤੋਂ ਭਾਰਤ ਦੇ ਵਿੱਤੀ ਸਬੰਧਾਂ ਵਿੱਕ ਨੁਕਸਾਨ ਦੀ ਕਿਸੇ ਹੱਦ ਨਾਲ ਭਰਪਾਈ ਦੀ ਸੰਭਾਵਨਾ ਨਜ਼ਰ ਨਾ ਆਵੇ।

ਤਸਵੀਰ ਸਰੋਤ, AFP
ਅਟਾਰੀ-ਤੋਰਖਮ ਰਾਹ ਖੁੱਲ੍ਹ ਜਾਵੇ ਤਾਂ ਅਮਰੀਕਾ ਦੇ ਖਿਆਲ ਤੋਂ ਭਾਰਤ ਚਾਬਹਾਰ ਪ੍ਰੋਜੈਕਟ ਵਿੱਚ ਨਿਵੇਸ਼ ਕਰਨਾ ਫਿਲਹਾਲ ਰੋਕ ਲਏ ਅਤੇ ਈਰਾਨ ਦੀ ਥਾਂ ਸਾਊਦੀ ਅਤੇ ਇਰਾਕੀ ਤੇਲ ਲੈਣ ਲਈ ਰਾਜ਼ੀ ਹੋ ਜਾਵੇ।
ਪਰ ਪਾਕਿਸਤਾਨ ਸ਼ਾਇਦ ਰਾਹ ਖੋਲ੍ਹਣ 'ਤੇ ਉਦੋਂ ਰਾਜ਼ੀ ਹੋਵੇ ਜਦੋਂ ਅਮਰੀਕਾ ਮਸਲੇ ਵਿੱਚ ਪਾਕਿਸਤਾਨ ਦੀ ਗਰਦਨ 'ਤੇ ਹੱਥ ਢਿੱਲਾ ਕਰਦੇ ਹੋਏ ਉਸ ਦੀ ਕੁਝ ਨਾ ਕੁਝ ਮਦਦ ਬਹਾਲ ਕਰੇ।
ਪਾਕਿਸਤਾਨ ਨੂੰ ਇਸ ਵੇਲੇ ਆਪਣਾ ਅਰਥਚਾਰਾ ਸਾਂਭਣ ਲਈ ਘੱਟੋ-ਘੱਟ 9 ਤੋਂ 12 ਬਿਲੀਅਨ ਡਾਲਰ ਦੀ ਤੁਰੰਤ ਲੋੜ ਹੈ।
ਪਾਕਿਸਤਾਨ ਦੀ ਕੋਸ਼ਿਸ਼ ਹੈ ਕਿ ਚੀਨ ਵਰਗੀ ਦੋਸਤ ਉਸ ਦੀ ਮਦਦ ਨੂੰ ਆਵੇ ਅਤੇ ਉਹ ਆਈਐਮਐਫ (ਵਿਸ਼ਵ ਮੁਦਰਾ ਕੋਸ਼) ਦਾ ਦਰਵਾਜ਼ਾ ਖੜਕਾਉਣ ਤੋਂ ਬੱਚ ਜਾਵੇ ਕਿਉਂਕਿ ਇਸ ਦਰਵਾਜ਼ੇ ਦੇ ਪਿੱਛੇ ਅਮਰੀਕਾ ਕੁਰਸੀ ਰੱਖ ਕੇ ਬੈਠੇ ਹਨ।
ਇਹ ਵੀ ਪੜ੍ਹੋ:
ਇੱਕ ਵਾਰੀ ਤੈਅ ਹੋ ਜਾਵੇ ਕਿ ਪਾਕਿਸਤਾਨ ਨੂੰ ਫੌਰੀ ਤੌਰ 'ਤੇ 12 ਬਿਲੀਅਨ ਡਾਲਰ ਕਿਤੋਂ ਉਪਲੱਬਧ ਹੋ ਰਹੇ ਹਨ ਜਾਂ ਨਹੀਂ। ਜੇ ਹੋ ਰਹੇ ਹਨ ਤਾਂ ਰਾਹ ਨਹੀਂ ਖੁੱਲ੍ਹੇਗਾ। ਜੇ ਨਹੀਂ ਤਾਂ ਰਾਹ ਖੁੱਲ੍ਹਣ ਦੀਆਂ ਸੰਭਾਵਨਾਵਾਂ ਵੀ ਵੱਧ ਜਾਣਗੀਆਂ।
ਕੌਮਾਂਤਰੀ ਸਿਆਸਤ ਵਿੱਚ ਅਸੂਲਾਂ ਦੀ ਅਹਿਮੀਅਤ ਕਲੀਆਂ ਦੇ ਗੁੱਛੇ ਤੋਂ ਵੱਧ ਨਹੀਂ ਹੁੰਦੀ।
ਕਿਉਂਕਿ ਸਿਆਸਤ ਦੀ ਕੋਖ ਤੋਂ ਅਰਥਚਾਰਾ ਨਹੀਂ ਸਗੋਂ ਮਾਇਆ ਦੀ ਕੋਖ ਤੋਂ ਸਿਆਸਤ ਜਨਮ ਲੈਂਦੀ ਹੈ।












