ਟਿੱਪਣੀ: ਭਾਰਤੀ ਸਿਆਸਤਦਾਨਾਂ ਦੇ ਇਸ਼ਕ ਦੇ ਚਰਚੇ ਅਤੇ ਦਿਲਚਸਪ ਕਿੱਸੇ

ਤਸਵੀਰ ਸਰੋਤ, Getty Images
- ਲੇਖਕ, ਰੇਹਾਨ ਫਜ਼ਲ
- ਰੋਲ, ਬੀਬੀਸੀ ਪੱਤਰਕਾਰ
ਜਦੋਂ ਮਾਮਲਾ ਨਿੱਜੀ ਜ਼ਿੰਦਗੀ ਨੂੰ ਗੁਪਤ ਰੱਖਣ ਦਾ ਹੁੰਦਾ ਹੈ, ਤਾਂ ਭਾਰਤੀ ਸਿਆਸਤਦਾਨ ਦੁਨੀਆ ਦੇ ਸਭ ਤੋਂ ਵੱਡੇ ਤਾਨਾਸ਼ਾਹਾਂ ਵਿੱਚ ਬਦਲ ਜਾਂਦੇ ਹਨ।
ਉਨ੍ਹਾਂ ਵਿੱਚ ਇੱਕ ਤਰ੍ਹਾਂ ਦਾ ਅਲਿਖ਼ਿਤ ਕਰਾਰ ਜਿਹਾ ਹੁੰਦਾ ਹੈ, ਕਿ ਭਾਵੇਂ ਉਹ ਇਕ ਦੂਜੇ ਦਾ ਕਿੰਨਾ ਵੀ ਸਿਆਸੀ ਵਿਰੋਧ ਕਰਨ ਪਰ ਇਕ-ਦੂਜੇ ਦੇ ਪ੍ਰੇਮ ਸਬੰਧਾਂ, ਵਿਆਹ ਸਬੰਧਾਂ ਜਾਂ ਫਿਰ ਕਿਸੇ ਦੂਜੀ ਔਰਤ ਨਾਲ ਬਣੇ ਸਬੰਧਾਂ ਬਾਰੇ ਜਨਤਕ ਤੌਰ 'ਤੇ ਕੋਈ ਚਰਚਾ ਨਹੀਂ ਕਰਣਗੇ ।
ਬਹੁਤ ਥੋੜ੍ਹੇ ਮੌਕਿਆਂ ਨੂੰ ਛੱਡ ਕੇ, ਭਾਰਤੀ ਸਿਆਸਤਦਾਨਾਂ ਨੇ ਇਸ ਸਮਝੌਤੇ ਨੂੰ ਨਿਭਾਇਆ ਵੀ ਹੈ। ਸ਼ਾਇਦ ਇਸ ਦਾ ਕਾਰਨ ਇਹ ਹੈ ਕਿ ਹਰ ਕੋਈ ਸ਼ੀਸ਼ੇ ਦੇ ਘਰਾਂ ਵਿਚ ਹੀ ਰਹਿ ਰਿਹਾ ਹੈ।
ਇਹ ਵੀ ਪੜ੍ਹੋ:
ਪਰ ਸੀਨੀਅਰ ਪੱਤਰਕਾਰ ਅਜੈ ਸਿੰਘ ਇਸ ਪਿੱਛੇ ਦੂਜਾ ਕਾਰਨ ਮੰਨਦੇ ਹਨ।
ਉਹ ਕਹਿੰਦੇ ਹਨ, "ਵਿਦੇਸ਼ਾਂ ਵਿੱਚ ਵੀ ਸ਼ੀਸ਼ੇ ਦੇ ਘਰ ਹੁੰਦੇ ਹਨ, ਪਰ ਉੱਥੇ ਤਾਂ ਪੱਥਰ ਸੁੱਟੇ ਜਾਂਦੇ ਹਨ। ਇੱਥੋਂ ਦੀ ਇੱਕ ਪੁਰਾਣੀ ਰੀਤ ਹੈ ਜਿੱਥੇ ਇਹ ਮੰਨ ਕੇ ਚੱਲਿਆ ਜਾਂਦਾ ਹੈ ਕਿ ਰਾਜੇ ਨੂੰ ਕੁਝ ਚੀਜ਼ਾਂ ਅਧਿਕਾਰ ਵਿੱਚ ਮਿਲੀਆਂ ਹੁੰਦੀਆਂ ਹਨ।''
ਉਹ ਕਹਿੰਦੇ ਹਨ, "ਇਕ ਇਤਾਲਵੀ ਸ਼ਬਦ 'ਔਮਾਰਟਾ' ਜਿਸਦਾ ਮਤਲਬ ਹੈ ਕਿ ਅਪਰਾਧੀਆਂ ਵਿੱਚ ਇੱਕ ਗੁਪਤ ਸਮਝੌਤਾ ਹੁੰਦਾ ਹੈ, ਜਿਸ ਅਨੁਸਾਰ ਅਸੀਂ ਨਾ ਤੁਹਾਡੇ ਬਾਰੇ ਕੁਝ ਦੱਸਾਂਗੇ ਤੇ ਨਾ ਹੀ ਤੁਸੀਂ ਕੁਝ ਸਾਡੇ ਬਾਰੇ ਦੱਸੋਗੇ। ਭਾਰਤੀ ਸਿਆਸਤ ਵਿੱਚ ਵੀ ਕੁਝ ਔਮਾਰਟਾ ਵਰਗਾ ਹੀ ਹੈ। ਜਿਨ੍ਹਾਂ ਗੱਲਾਂ 'ਤੇ ਬਿਲਕੁਲ ਚੁੱਪ ਨਹੀਂ ਹੋਣਾ ਚਾਹੀਦਾ, ਉਨ੍ਹਾਂ ਮਾਮਲਿਆਂ ਵਿਚ ਚੁੱਪੀ ਐਨੀ ਜ਼ਿਆਦਾ ਹੈ।"
ਗਾਂਧੀ ਦਾ ਬ੍ਰਹਮਚਾਰਿਆ ਪ੍ਰਯੋਗ
ਮੀਡੀਆ ਅਤੇ ਸਿਆਸਤਦਾਨਾਂ ਵਿਚਕਾਰ ਆਪਣੀ ਨਿੱਜੀ ਜ਼ਿੰਦਗੀ ਬਾਰੇ ਇਕ ਕਿਸਮ ਦਾ ਸਮਾਜਿਕ ਸਮਝੌਤਾ ਹੀ ਲੱਗਦਾ ਹੈ ਕਿ ਇੱਕ ਹੱਦ ਤੋਂ ਬਾਅਦ ਉਨ੍ਹਾਂ 'ਤੇ ਜਨਤਕ ਚਰਚਾ ਜਾਂ ਬਹਿਸ ਤੋਂ ਬਚਿਆ ਜਾਵੇਗਾ।

ਤਸਵੀਰ ਸਰੋਤ, Getty Images
ਭ੍ਰਿਸ਼ਟਾਚਾਰ, ਧੋਖਾਧੜੀ ਦੇ ਮੁੱਦੇ ਜਾਂ ਫਿਰ ਭਾਈ-ਭਤੀਜਾਵਾਦ ਦੇ ਮੁੱਦਿਆਂ 'ਤੇ ਭਾਵੇ ਆਮ ਲੋਕ ਜਾਂ ਮੀਡੀਆ ਬਹੁਤ ਸਖ਼ਤ ਹੋਣ ਪਰ ਨਿੱਜੀ ਜ਼ਿੰਦਗੀ ਦੇ ਕਥਿਤ 'ਸਕੈਂਡਲਜ਼' ਨੂੰ ਇਹ ਨਜ਼ਰਅੰਦਾਜ਼ ਹੀ ਕਰਦੇ ਹਨ ।
ਟਾਈਮਜ਼ ਆਫ਼ ਇੰਡੀਆ ਦੇ ਸਾਬਕਾ ਸੰਪਾਦਕ ਇੰਦਰ ਮਲਹੋਤਰਾ ਨੇ ਬੀਬੀਸੀ ਨੂੰ ਦੱਸਿਆ ਸੀ, "ਤਮਾਮ ਦੁਨੀਆਂ ਵਿੱਚ ਇਹ ਹੋ ਗਿਆ ਹੈ ਕਿ ਹਰ ਚੀਜ਼ ਖੁੱਲ੍ਹੀ ਹੈ, ਸੋਸ਼ਲ ਮੀਡੀਆ ਵੀ ਹੈ। ਅਖ਼ਬਾਰਾਂ ਵਿੱਚ ਨੇਤਾਵਾਂ ਦੀ ਨਿੱਜੀ ਜ਼ਿੰਦਗੀ ਬਾਰੇ ਕੁਝ ਵੀ ਨਹੀਂ ਛੱਪਦਾ ਸੀ। ਰੇਡੀਓ ਅਤੇ ਟੈਲੀਵਿਜ਼ਨ ਸਰਕਾਰ ਦੇ ਸੀ।"
ਇੰਦਰ ਮਲਹੋਤਰਾ ਨੇ ਕਿਹਾ, "ਹੁਣ ਪੰਡਿਤ ਨਹਿਰੂ ਨੂੰ ਹੀ ਲੈ ਲਵੋ। ਪੂਰੇ ਦੇਸ ਵਿੱਚ ਮੂੰਹ-ਜ਼ੁਬਾਨੀ ਹੀ ਇਹ ਚਰਚਾ ਹੁੰਦੀ ਸੀ ਕਿ ਉਨ੍ਹਾਂ ਦਾ ਲੇਡੀ ਮਾਊਂਟਬੇਟਨ ਨਾਲ ਸਬੰਧ ਹੈ। ਫਿਰ ਇਕ ਸ਼ਾਰਦਾ ਮਾਤਾ ਸੀ ਜਿਨ੍ਹਾਂ ਬਾਰੇ ਵੀ ਉਨ੍ਹਾਂ ਦੀ ਜ਼ਿੰਦਗੀ ਦੌਰਾਨ ਵੀ ਸੁਣਨ 'ਚ ਆਇਆ ਅਤੇ ਉਨ੍ਹਾਂ ਦੀ ਮੌਤ ਤੋਂ ਬਾਅਦ ਉਸ ਉੱਤੇ ਕਿਤਾਬ ਵੀ ਪ੍ਰਕਾਸ਼ਿਤ ਕੀਤੀ ਗਈ।"
"ਉਨ੍ਹਾਂ ਤੋਂ ਪਹਿਲਾਂ ਗਾਂਧੀ ਬਾਰੇ ਵੀ, ਜੋ ਕਦੇ ਕੁਝ ਛੁਪਾਉਂਦੇ ਨਹੀਂ ਸੀ, ਉਹਨਾਂ ਦੇ ਇੱਕ ਸਮਰਥਕ ਨੇ ਕਿਤਾਬ ਲਿੱਖੀ ਕਿ ਉਹ ਬ੍ਰਹਮਚਾਰੀ ਹੋਣ ਦੇ ਪ੍ਰਯੋਗ ਦੌਰਾਨ ਆਪਣੇ ਦੋਵੇਂ ਪਾਸੇ ਨੌਜਵਾਨ ਕੁੜੀਆਂ ਨੂੰ ਸਵਾਉਂਦੇ ਸੀ।"
ਇੰਦਰ ਮਲਹੋਤਰਾ ਦਾ ਕਹਿਣਾ ਹੈ, "ਸੰਭਵ ਹੈ ਕਿ ਨਿਰਮਲ ਕੁਮਾਰ ਬੋਸ ਦੀ ਕਿਤਾਬ ਛੱਪਣ ਤੋਂ ਪਹਿਲਾਂ 60 ਦੇ ਦਹਾਕੇ ਦੌਰਾਨ ਲੋਕਾਂ ਨੂੰ ਗਾਂਧੀ ਦੇ ਸੈਕਸ ਅਤੇ ਬ੍ਰਹਮਚਾਰੀ ਦੇ ਪ੍ਰਯੋਗਾਂ ਬਾਰੇ ਪਤਾ ਵੀ ਨਹੀਂ ਸੀ। ਇਸ ਤੋਂ ਪਹਿਲਾਂ ਇਸ ਵਿਸ਼ੇ 'ਤੇ ਲਿੱਖਣ ਦੀ ਲੋਕ ਕਲਪਨਾ ਵੀ ਨਹੀਂ ਕਰ ਸਕਦੇ ਸਨ।"
ਹਾਲ ਹੀ ਵਿੱਚ ਸੰਸਾਰ ਨੂੰ ਅਲਵਿਦਾ ਕਹਿ ਗਏ ਕੁਲਦੀਪ ਨਈਅਰ ਨੇ ਬੀਬੀਸੀ ਨੂੰ ਨਹਿਰੂ-ਐਡਵੀਨਾ (ਲੇਡੀ ਮਾਊਂਟਬੇਟਨ ਦੇ ਰਿਸ਼ਤੇ) ਬਾਰੇ ਇੱਕ ਦਿਲਚਸਪ ਗੱਲ ਦੱਸੀ ਸੀ ਕਿ ਜਦੋਂ ਉਹ ਬ੍ਰਿਟੇਨ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਸੀ, ਉਸ ਸਮੇਂ ਉਨ੍ਹਾਂ ਨੂੰ ਪਤਾ ਲੱਗਿਆ ਸੀ ਕਿ ਨਹਿਰੂ ਏਅਰ ਇੰਡੀਆ ਦੀ ਫਲਾਈਟ ਜ਼ਰੀਏ ਰੋਜ਼ਾਨਾ ਐਡਵੀਨਾ ਨੂੰ ਚਿੱਠੀ ਭੇਜਦੇ ਸੀ।

ਤਸਵੀਰ ਸਰੋਤ, Getty Images
ਐਡਵੀਨਾ ਵੀ ਉਨ੍ਹਾਂ ਦਾ ਜਵਾਬ ਦਿੰਦੀ ਸੀ ਅਤੇ ਹਾਈ ਕਮਿਸ਼ਨਰ ਦਾ ਆਦਮੀ ਏਅਰ ਇੰਡੀਆ ਦੇ ਜਹਾਜ਼ਾਂ ਤੱਕ ਇਹ ਪੱਤਰ ਪਹੁੰਚਾਉਂਦਾ ਸੀ।
ਨਈਅਰ ਨੇ ਇਕ ਵਾਰ ਐਡਵੀਨਾ ਦੇ ਦੋਹਤੇ ਲਾਰਡ ਰੈਮਸੇ ਨੂੰ ਪੁੱਛ ਹੀ ਲਿਆ ਕੀ ਉਸ ਦੀ ਨਾਨੀ ਅਤੇ ਨਹਿਰੂ ਦਾ ਇਸ਼ਕ ਸੀ?" ਰੈਮਸੇ ਦਾ ਜਵਾਬ ਸੀ, "ਉਨ੍ਹਾਂ ਵਿਚ ਇਕ ਰੂਹਾਨੀ ਪਿਆਰ ਸੀ।"
ਇਸ ਤੋਂ ਬਾਅਦ ਨਈਅਰ ਨੇ ਉਨ੍ਹਾਂ ਨੂੰ ਨਹੀਂ ਕੁਰੇਦਿਆ। ਨਹਿਰੂ ਦੀਆਂ ਐਡਵੀਨਾ ਨੂੰ ਲਿਖੀਆਂ ਚਿੱਠੀਆਂ ਪ੍ਰਕਾਸ਼ਿਤ ਹੋਈਆ ਹਨ ਪਰ ਨਹਿਰੂ ਨੂੰ ਐਡਵਿਨਾ ਦੀਆਂ ਲਿਖੀਆਂ ਚਿੱਠੀਆਂ ਬਾਰੇ ਕੋਈ ਨਹੀਂ ਜਾਣਦਾ ।
ਕੁਲਦੀਪ ਨਈਅਰ ਨੇ ਇਕ ਵਾਰ ਇੰਦਰਾ ਗਾਂਧੀ ਤੋਂ ਇਨ੍ਹਾਂ ਚਿੱਠੀਆਂ ਨੂੰ ਵੇਖਣ ਦੀ ਇਜ਼ਾਜਤ ਮੰਗੀ ਸੀ, ਪਰ ਉਨ੍ਹਾਂ ਨੇ ਇਸ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ ।
ਨਹਿਰੂ ਅਤੇ ਪਦਮਜਾ ਨਾਇਡੂ ਦਾ ਇਸ਼ਕ
ਸਿਰਫ ਐਡਵੀਨਾ ਹੀ ਨਹੀਂ, ਸਰੋਜਿਨੀ ਨਾਇਡੂ ਦੀ ਕੁੜੀ ਪਦਮਾਜਾ ਨਾਇਡੂ ਲਈ ਵੀ ਨਹਿਰੂ ਦੇ ਦਿਲ ਵਿੱਚ ਸਾਫ਼ਟ ਕਾਰਨਰ ਸੀ।
ਕੈਥਰੀਨ ਫਰੈਂਕ ਇੰਦਰਾ ਗਾਂਧੀ ਦੀ ਜੀਵਨੀ ਵਿੱਚ ਲਿਖਦੀ ਹੈ ਕਿ ਵਿਜੈਲਕਸ਼ਮੀ ਪੰਡਿਤ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਨਹਿਰੂ ਅਤੇ ਪਦਮਾਜਾ ਦੇ 'ਇਸ਼ਕ' ਸਾਲਾਂ ਤੱਕ ਚੱਲਿਆ।
ਨਹਿਰੂ ਨੇ ਉਸ ਨਾਲ ਇਸ ਲਈ ਵਿਆਹ ਨਹੀਂ ਕਰਵਾਇਆ ਕਿਉਂਕਿ ਉਹ ਆਪਣੀ ਕੁੜੀ ਇੰਦਰਾ ਦੇ ਦਿਲ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ ਸਨ।
ਨਹਿਰੂ ਦੇ ਜੀਵਨੀਕਾਰ ਐਸ. ਗੋਪਾਲ ਨਾਲ ਇੰਦਰਾ ਇਸ ਗੱਲ 'ਤੇ ਨਰਾਜ਼ ਵੀ ਹੋ ਗਈ ਸੀ ਕਿਉਂਕਿ ਨਹਿਰੂ ਦੇ 'ਸਿਲੈਕਟਡ ਵਰਕਸ' ਵਿੱਚ ਪਦਮਾਜਾ ਤੇ ਨਹਿਰੂ ਦੀਆਂ ਪ੍ਰੇਮ-ਚਿੱਠੀਆਂ ਨੂੰ ਛਾਪ ਦਿੱਤਾ ਸੀ।
1937 ਵਿਚ ਨਹਿਰੂ ਨੇ ਪਦਮਜਾ ਨੂੰ ਲਿਖਿਆ ਸੀ, "ਤੂੰ 19 ਸਾਲ ਦੀ ਹੈ (ਜਦਕਿ ਉਹ ਉਸ ਵੇਲੇ 37 ਸਾਲ ਦੀ ਸੀ)... ਅਤੇ ਮੈਂ 100 ਜਾਂ ਇਸ ਤੋਂ ਵੀ ਜ਼ਿਆਦਾ। ਕੀ ਕਦੇ ਮੈਨੂੰ ਪਤਾ ਲੱਗ ਸਕੇਗਾ ਕਿ ਤੂੰ ਮੈਨੂੰ ਕਿੰਨਾ ਪਿਆਰ ਕਰਦੀ ਹੈਂ।"

ਤਸਵੀਰ ਸਰੋਤ, Getty Images
ਇੱਕ ਵਾਰ ਹੋਰ ਮਲਾਇਆ ਤੋਂ ਨਹਿਰੂ ਨੇ ਪਦਮਾਜਾ ਨੂੰ ਲਿਖਿਆ ਸੀ, "ਮੈਂ ਤੁਹਾਡੇ ਬਾਰੇ ਜਾਣਨ ਲਈ ਮਰ ਰਿਹਾ ਹਾਂ.. ਮੈਂ ਤੁਹਾਨੂੰ ਵੇਖਣ ਲਈ, ਤੈਨੂੰ ਆਪਣੀਆ ਬਾਹਵਾਂ ਵਿੱਚ ਲੈਣ ਲਈ ਅਤੇ ਤੇਰੀਆਂ ਅੱਖਾਂ ਵਿੱਚ ਦੇਖਣ ਲਈ ਤੜਫ਼ ਰਿਹਾ ਹਾਂ।" (ਸਿਲੈਕਟਡ ਵਰਕਸ ਆਫ਼ ਨਹਿਰੂ , ਸਰਵਪੱਲੀ ਗੋਪਾਲ, ਸਫ਼ਾ 694)
ਇੰਦਰਾ ਫ਼ਿਰੋਜ਼ ਦੀ ਵਿਵਾਹਿਕ ਲੜਾਈ
ਇੰਦਰ ਮਲਹੋਤਰਾ ਨੇ ਬੀਬੀਸੀ ਨੂੰ ਦੱਸਿਆ ਸੀ, "ਫਿਰੋਜ਼ ਗਾਂਧੀ ਮੇਰੇ ਬਹੁਤ ਅਜ਼ੀਜ਼ ਦੋਸਤ ਸਨ। ਉਹ ਕਦੇ ਜ਼ਿਕਰ ਵੀ ਕਰ ਦਿੰਦੇ ਸਨ ਅਤੇ ਉਨ੍ਹਾਂ ਦੇ ਘਰ ਜਿਹੜੀਆਂ ਔਰਤਾਂ ਆਉਂਦੀਆਂ ਸੀ ਉਹ ਮੈਨੂੰ ਵੀ ਜਾਣਦੀਆਂ ਸੀ। ਉਨ੍ਹਾਂ ਦੀ ਦੋਸਤੀ ਹੱਮੀ ਨਾਮ ਦੀ ਇੱਕ ਬਹੁਤ ਹੀ ਖ਼ੁਬਸੂਰਤ ਔਰਤ ਨਾਲ ਸੀ ਜਿਨ੍ਹਾਂ ਦੇ ਪਿਤਾ ਉੱਤਰ ਪ੍ਰਦੇਸ਼ ਸਰਕਾਰ ਵਿਚ ਇਕ ਮੰਤਰੀ ਹੁੰਦੇ ਸਨ।''
"ਇੰਦਰਾ ਨਹਿਰੂ ਦੀ ਦੇਖਭਾਲ ਕਰਨ ਲਈ ਬੱਚਿਆ ਨੂੰ ਲੈ ਕੇ ਦਿੱਲੀ ਪ੍ਰਧਾਨ ਮੰਤਰੀ ਨਿਵਾਸ ਆ ਗਈ। ਉੱਥੋਂ ਹੀ ਫਿਰੋਜ਼ ਦਾ ਰੋਮਾਂਸ ਸ਼ੁਰੂ ਹੋਇਆ।"
ਹੱਮੀ ਨੂੰ ਲੈ ਕੈ ਇੰਦਰਾ ਗਾਂਧੀ ਨੂੰ ਜ਼ਿੰਦਗੀ ਭਰ ਮਲਾਲ ਰਿਹਾ ਹੈ।
ਇਹ ਵੀ ਪੜ੍ਹੋ:
ਇੰਦਰ ਮਲਹੋਤਰਾ ਨੇ ਇਸ ਸਬੰਧ 'ਚ ਕਿਹਾ ਹੈ, "ਜਦੋਂ ਫਿਰੋਜ਼ ਨਹੀਂ ਰਹੇ ਅਤੇ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਬਣ ਗਈ ਸੀ ਤਾਂ ਐਮਰਜੈਂਸੀ ਤੋਂ ਪਹਿਲਾਂ ਹੱਮੀ ਪ੍ਰਧਾਨ ਮੰਤਰੀ ਦਫਤਰ ਵਿਚ ਕਿਸੇ ਗੱਲ 'ਤੇ ਇੱਕ ਅਰਜ਼ੀ ਦੇਣ ਆਈ। ਜਦੋਂ ਉਹ ਪ੍ਰਧਾਨ ਮੰਤਰੀ ਦਫਤਰ ਤੋਂ ਬਾਹਰ ਜਾ ਰਹੀ ਸੀ, ਠੀਕ ਉਸੇ ਸਮੇਂ ਕਾਂਗਰਸ ਪ੍ਰਧਾਨ ਦੇਵਕਾਂਤ ਬਰੂਆ ਦਫ਼ਤਰ ਦੇ ਅੰਦਰ ਆ ਰਹੇ ਸੀ।"
"ਇੰਦਰਾ ਗਾਂਧੀ ਨੇ ਬਰੁਆ ਨੂੰ ਕਿਹਾ ਬਾਹਰ ਨਜ਼ਰ ਮਾਰੋ। ਜਿਸ ਔਰਤ ਨੂੰ ਤੁਸੀਂ ਦੇਖ ਰਹੇ ਹੋ, ਇਸ ਔਰਤ ਲਈ ਫਿਰੋਜ਼ ਨੇ ਸਾਡੀ ਸਾਰੀ ਜ਼ਿੰਦਗੀ ਖ਼ਰਾਬ ਕਰ ਦਿੱਤੀ।"
ਰਾਜੀਵ-ਸੋਨੀਆ ਦੀ ਪ੍ਰੇਮ ਕਹਾਣੀ
ਕੌਮੀ ਮੀਡੀਆ ਵਿਚ ਰਾਜੀਵ ਗਾਂਧੀ ਅਤੇ ਸੋਨੀਆ ਗਾਂਧੀ ਦੇ ਪਿਆਰ ਬਾਰੇ ਵੀ ਬਹੁਤ ਘੱਟ ਚਰਚਾ ਹੋਈ ਹੈ। ਰਾਸ਼ੀਦ ਕਿਦਵਈ ਨੇ ਜ਼ਰੂਰ ਸੋਨੀਆ ਗਾਂਧੀ 'ਤੇ ਲਿਖੀ ਜੀਵਨੀ ਵਿਚ ਇਸ ਮੁੱਦੇ 'ਤੇ ਗੱਲ ਕੀਤੀ ਹੈ।

ਤਸਵੀਰ ਸਰੋਤ, Getty Images
ਕਿਦਵਈ ਨੇ ਬੀਬੀਸੀ ਨੂੰ ਦੱਸਿਆ ਹੈ, "ਸ਼ੁਰੂ ਵਿਚ ਸੋਨੀਆ ਗਾਂਧੀ ਨੂੰ ਇਹ ਵੀ ਪਤਾ ਨਹੀਂ ਸੀ ਕਿ ਰਾਜੀਵ ਗਾਂਧੀ, ਜਵਾਹਰ ਲਾਲ ਨਹਿਰੂ ਦੇ ਪੋਤੇ ਹਨ। ਉਹ ਪਹਿਲੀ ਵਾਰ ਕੈਂਬ੍ਰਿਜ ਵਿਚ ਇਕ ਗ੍ਰੀਕ ਰੈਸਟੋਰੈਂਟ 'ਵਰਸਿਟੀ' ਵਿੱਚ ਮਿਲੇ ਸੀ। ਉਹ ਆਪਣੀ ਇੱਕ ਦੋਸਤ ਦੇ ਨਾਲ ਬੈਠੀ ਹੋਈ ਸੀ, ਰਾਜੀਵ ਗਾਂਧੀ ਵੀ ਆਪਣੇ ਦੋਸਤਾਂ ਨਾਲ ਸਨ।"
ਕਿਦਵਈ ਦੱਸਦੇ ਹਨ, "ਸੋਨੀਆ ਗਾਂਧੀ ਖੁਦ ਕਹਿੰਦੇ ਹਨ ਕਿ ਉਨ੍ਹਾਂ ਨੂੰ ਜਿਸ ਨਜ਼ਰ ਨਾਲ ਰਾਜੀਵ ਨੇ ਦੇਖਿਆ ਸੀ .... ਪਹਿਲੀ ਹੀ ਨਜ਼ਰ 'ਚ ਉਨ੍ਹਾਂ ਨੂੰ ਰਾਜੀਵ ਨਾਲ ਪਿਆਰ ਹੋ ਗਿਆ ਸੀ।"
"ਫ਼ਿਰ ਰਾਜੀਵ ਨੇ ਉਨ੍ਹਾਂ ਨੂੰ ਇਕ ਕਵਿਤਾ ਲਿੱਖ ਕੇ ਭੇਜੀ। ਸੋਨੀਆ ਗਾਂਧੀ ਨੂੰ ਇਹ ਬਹੁਤ ਹੀ ਚੰਗਾ ਲੱਗਿਆ ਤੇ ਉਸ ਤੋਂ ਬਾਅਦ ਦੋਵਾਂ ਦਾ ਮਿਲਣਾ-ਜੁਲਣਾ ਸ਼ੁਰੂ ਹੋ ਗਿਆ। ਪਰ ਇਕ ਵਾਰ ਜਦੋਂ ਇੰਦਰਾ ਗਾਂਧੀ ਬ੍ਰਿਟੇਨ ਦੇ ਦੌਰੇ 'ਤੇ ਗਈ ਅਤੇ ਉਸ ਦੀ ਇਕ ਫੋਟੋ ਅਖ਼ਬਾਰ ਵਿਚ ਛਪੀ, ਤਾਂ ਉਹ ਡਰ ਗਈ।"
ਕਿਦਵਈ ਕਹਿੰਦੇ ਹਨ, "ਇੱਕ ਵਾਰ ਉਹ ਅੱਧੇ ਰਸਤੇ ਤੋਂ ਵਾਪਸ ਆ ਗਈ ਅਤੇ ਇੰਦਰਾ ਨੂੰ ਮਿਲਣ ਦੀ ਹਿੰਮਤ ਨਹੀਂ ਕਰ ਸਕੀ। ਜਦੋਂ ਉਸ ਦੀ ਇੰਦਰਾ ਨਾਲ ਪਹਿਲੀ ਮੁਲਾਕਾਤ ਹੋਈ ਉਸ ਸਮੇਂ ਸੋਨੀਆ ਨੇ ਇੰਦਰਾ ਨਾਲ ਫਰੈਂਚ ਭਾਸ਼ਾ ਵਿੱਚ ਗੱਲ ਕੀਤੀ ਕਿਉਂਕਿ ਇੰਦਰਾ ਫਰੈਂਚ ਤੋਂ ਵਾਕਫ ਸੀ ਪਰ ਸੋਨੀਆ ਦਾ ਅੰਗਰੇਜ਼ੀ ਵਿਚ ਹੱਥ ਤੰਗ ਸੀ।"
"ਬਾਅਦ ਵਿਚ ਜਦੋਂ ਸੋਨੀਆ ਦੇ ਪਿਤਾ ਨੂੰ ਪਤਾ ਲੱਗਾ ਕਿ ਉਹ ਰਾਜੀਵ ਨਾਲ ਵਿਆਹ ਕਰਨ ਜਾ ਰਹੀ ਹੈ ਤਾਂ ਉਨ੍ਹਾਂ ਨੇ ਇਸ ਦਾ ਵਿਰੋਧ ਕੀਤਾ। "
ਉਹ ਕਹਿੰਦੇ ਹਨ, "ਜਦੋਂ ਰਾਜੀਵ ਗਾਂਧੀ ਸੋਨੀਆ ਦਾ ਹੱਥ ਮੰਗਣ ਗਏ ਤਾਂ ਉਨ੍ਹਾਂ ਨੇ ਕਿਹਾ ਕਿ ਮੈਂ ਇਹ ਦੇਖਣਾ ਚਾਹੁੰਦਾ ਹਾਂ ਤੁਹਾਡੇ ਦੋਵਾਂ ਵਿੱਚ ਕਿੰਨੀ ਮੁਹੱਬਤ ਹੈ। ਇਸ ਲਈ ਤੁਸੀਂ ਇੱਕ ਸਾਲ ਲਈ ਇਕ ਦੂਜੇ ਨੂੰ ਨਾ ਮਿਲੋ। ਇਕ ਸਾਲ ਬਾਅਦ, ਸੋਨੀਆ ਗਾਂਧੀ ਨੇ ਪਹਿਲ ਕੀਤੀ, ਪਰ ਹਾਲੇ ਵੀ ਉਨ੍ਹਾਂ ਦੇ ਪਿਤਾ ਇਸ ਵਿਆਹ ਲਈ ਤਿਆਰ ਨਹੀਂ ਸਨ ਅਤੇ ਉਹ ਦੋਵਾਂ ਦੇ ਵਿਆਹ ਵਿੱਚ ਸ਼ਾਮਲ ਵੀ ਨਹੀਂ ਹੋਏ।''
ਸੰਜੇ ਅਤੇ ਰੁਖ਼ਸਾਨਾ ਸੁਲਤਾਨਾ
ਰਾਜੀਵ ਦੇ ਛੋਟੇ ਭਰਾ ਸੰਜੇ ਗਾਂਧੀ ਦਾ ਵੀ ਬਹੁਤ ਸਾਰੀਆਂ ਔਰਤਾਂ ਨਾਲ ਨਾਮ ਜੋੜਿਆ ਗਿਆ। ਉਨ੍ਹਾਂ ਵਿਚੋਂ ਇਕ ਰੁਖ਼ਸਾਨਾ ਸੁਲਤਾਨਾ ਵੀ ਸੀ।

ਤਸਵੀਰ ਸਰੋਤ, Getty Images
ਰਾਸ਼ਿਦ ਕਿਦਵਈ ਕਹਿੰਦੇ ਹਨ, "ਰੁਖ਼ਸਾਨਾ ਸੁਲਤਾਨਾ ਕੋਈ ਬਹੁਤ ਵੱਡੀ ਪਬਲਿਕ ਫਿਗਰ ਨਹੀਂ ਸੀ। ਪਰ ਸੰਜੇ ਗਾਧੀ ਨੇ ਉਸ ਨੂੰ ਅੱਗੇ ਵਧਾਇਆ। ਉਸ ਜ਼ਮਾਨੇ ਵਿਚ ਉਨ੍ਹਾਂ ਦਾ ਜੋ ਲਾਈਫ਼ਸਟਾਈਲ ਸੀ, ਉਹ ਮੇਕ-ਅੱਪ ਕਰਕੇ ਤੇ ਉੱਚੀ ਹੀਲ ਵਾਲੇ ਸੈਂਡਲ ਪਾ ਕੇ ਨਿਕਲਦੀ ਸੀ। ਉਸ ਦਾ ਇੱਕ ਡੌਮੀਨੇਟਿੰਗ ਚਰਿਤੱਰ ਸੀ।''
"ਕਾਂਗਰਸ ਦੇ ਲੋਕ ਕਹਿੰਦੇ ਸੀ ਕਿ ਉਹ ਸੰਜੇ 'ਤੇ ਆਪਣਾ ਹੱਕ ਜਮਾਉਂਦੀ ਸੀ ਅਤੇ ਇਹ ਅਜਿਹਾ ਹੱਕ ਸੀ, ਜਿਸ ਨੂੰ ਕਿਸੇ ਰਿਸ਼ਤੇ ਦਾ ਨਾਮ ਨਹੀਂ ਦਿੱਤਾ ਗਿਆ ਸੀ। ਸੰਜੇ ਦਾ ਕਈ ਕੁੜੀਆਂ ਨਾਲ ਉਠਣਾ ਬੈਠਣਾ ਸੀ। ਇਥੋਂ ਤੱਕ ਜਦੋਂ ਸੰਜੇ ਗਾਂਧੀ ਦੇ ਮੇਨਕਾ ਨਾਲ ਵਿਆਹ ਬਾਰੇ ਪਤਾ ਲੱਗਿਆ ਤਾਂ ਬਹੁਤ ਸਾਰੇ ਲੋਕਾਂ ਨੂੰ ਹੈਰਾਨੀ ਹੋਈ ਸੀ ਕਿ ਇਹ ਕਿਵੇਂ ਹੋਇਆ ਅਤੇ ਕਈ ਕੁੜੀਆਂ ਦੇ ਦਿਲ ਟੁੱਟ ਗਏ।"
ਰਾਜਕੁਮਾਰੀ ਕੌਲ ਨਾਲ ਰਹਿਣ ਵਾਲੇ ਵਾਜਪਾਈ
ਸਾਬਕਾ ਪ੍ਰਧਾਨਮੰਤਰੀ ਅਟਲ ਬਿਹਾਰੀ ਵਾਜਪਾਈ ਦੇ 'ਪਰਿਵਾਰ' ਬਾਰੇ ਹੌਲੀ ਜ਼ੁਬਾਨ ਵਿੱਚ ਕੋਈ ਚਰਚਾ ਭਾਵੇਂ ਹੁੰਦੀ ਰਹੀ ਹੋਵੇ ਪਰ ਉਨ੍ਹਾਂ ਨੂੰ ਪਸੰਦ ਕਰਨ ਵਾਲਿਆਂ ਦੀ ਗਿਣਤੀ ਨਹੀਂ ਘਟੀ।
ਵਾਜਪਾਈ ਨੇ ਆਪਣੇ ਕਾਲਜ ਦੇ ਦਿਨਾਂ ਦੀ ਦੋਸਤ ਰਾਜਕੁਮਾਰੀ ਕੌਲ ਦੇ ਨਾਲ ਵਿਆਹ ਨਹੀਂ ਕੀਤਾ ਸੀ, ਪਰ ਉਨ੍ਹਾਂ ਦੇ ਵਿਆਹ ਤੋਂ ਬਾਅਦ ਉਹ ਉਨ੍ਹਾਂ ਦੇ ਪਤੀ ਦੇ ਘਰ ਰਹਿਣ ਲੱਗ ਗਏ ਸਨ।

ਤਸਵੀਰ ਸਰੋਤ, Getty Images
ਸੈਵੀ ਰਸਾਲੇ ਨਾਲ ਇੱਕ ਇੰਟਰਵਿਊ ਵਿੱਚ ਸ਼੍ਰੀਮਤੀ ਕੌਲ ਨੇ ਕਿਹਾ, "ਮੈਂ ਅਤੇ ਅਟਲ ਬਿਹਾਰੀ ਵਾਜਪਾਈ ਨੇ ਕਦੇ ਵੀ ਇਸ ਗੱਲ ਦੀ ਲੋੜ ਨਹੀਂ ਸਮਝੀ ਕਿ ਇਸ ਰਿਸ਼ਤੇ ਬਾਰੇ ਕੋਈ ਵੀ ਸਫ਼ਾਈ ਦਿੱਤੀ ਜਾਵੇ।''
ਕੁਝ ਦਿਨ ਪਹਿਲਾਂ ਸ਼੍ਰੀਮਤੀ ਕੌਲ ਦੀ ਮੌਤ ਹੋ ਗਈ ਸੀ ਪਰ ਉਨ੍ਹਾਂ ਦੀ ਸ਼ਖ਼ਸੀਅਤ ਬਾਰੇ ਕੌਮੀ ਮੀਡੀਆ ਵਿਚ ਕੋਈ ਚਰਚਾ ਨਹੀਂ ਹੋਈ ਸੀ ਕਿਉਂਕਿ ਲੋਕ ਉਨ੍ਹਾਂ ਬਾਰੇ ਕੁਝ ਨਹੀਂ ਜਾਣਦੇ ਸਨ। ਬੀਬੀਸੀ ਨੇ ਸ਼੍ਰੀਮਤੀ ਰਾਜਕੁਮਾਰੀ ਕੌਲ ਦੀ ਦੋਸਤ ਤਲਤ ਜ਼ਮੀਰ ਨਾਲ ਗੱਲ ਕੀਤੀ।
ਤਲਤ ਕਹਿੰਦੀ ਹੈ, "ਉਹ ਬਹੁਤ ਹੀ ਸੋਹਣੀ ਕਸ਼ਮੀਰੀ ਮਹਿਲਾ ਸੀ ... ਬਹੁਤ ਹੀ ਵਜ਼ਨਦਾਰ ਸੀ, ਬਹੁਤ ਮਿੱਠਾ ਬੋਲਦੀ ਸੀ। ਉਸ ਦੀ ਬਹੁਤ ਹੀ ਸਾਫ਼ ਉਰਦੂ ਜ਼ੁਬਾਨ ਸੀ। ਮੈਂ ਜਦੋਂ ਵੀ ਉਨ੍ਹਾਂ ਨੂੰ ਮਿਲਣ ਪ੍ਰਧਾਨ ਮੰਤਰੀ ਦੀ ਰਿਹਾਇਸ਼ 'ਤੇ ਜਾਂਦੀ ਸੀ ਲੋਕ ਉਨ੍ਹਾਂ ਨੂੰ ਮਾਤਾ ਜੀ ਕਹਿ ਕੇ ਬੁਲਾਉਂਦੇ ਸਨ। ਅਟਲ ਜੀ ਦੇ ਖਾਣੇ ਦੀ ਸਾਰੀ ਜ਼ਿੰਮੇਵਾਰੀ ਉਨ੍ਹਾਂ ਦੀ ਹੀ ਸੀ। ਰਸੋਈਆ ਆ ਕੇ ਉਨ੍ਹਾਂ ਨੂੰ ਹੀ ਪੁੱਛਦਾ ਸੀ ਕਿ ਅੱਜ ਖਾਣੇ ਵਿੱਚ ਕੀ ਬਣਾਉਣਾ ਹੈ।"
ਉਹ ਕਹਿੰਦੀ ਹੈ, "ਉਨ੍ਹਾਂ ਨੂੰ ਟੈਲੀਵਿਜ਼ਨ ਦੇਖਣ ਦਾ ਬਹੁਤ ਸ਼ੋਕ ਸੀ ਅਤੇ ਸਾਰੇ ਸੀਰੀਅਲ ਡਿਸਕਸ ਕਰਦੇ ਹੁੰਦੇ ਸੀ। ਉਹ ਕਹਿੰਦੇ ਸਨ ਕਿ ਮਸ਼ਹੂਰ ਗੀਤਕਾਰ ਜਾਵੇਦ ਅਖ਼ਤਰ ਜਦੋਂ ਪੈਦਾ ਹੋਏ ਸੀ, ਉਸ ਸਮੇਂ ਉਹ ਉਨ੍ਹਾਂ ਨੂੰ ਦੇਖਣ ਹਸਪਤਾਲ ਗਈ ਸੀ ਕਿਉਂਕਿ ਉਹਨਾਂ ਦੇ ਪਿਤਾ ਜਾਨਿਸਾਰ ਅਖ਼ਤਰ ਉਨ੍ਹਾਂ ਨੂੰ ਗਵਾਲੀਅਰ ਦੇ ਵਿਕਟੋਰੀਆ ਕਾਲਜ ਵਿਚ ਪੜ੍ਹਾਉਂਦੇ ਸਨ। ਉਹ ਜਾਵੇਦ ਦੇ ਨਾਲ ਲਗਾਤਾਰ ਸੰਪਰਕ ਵਿਚ ਰਹਿੰਦੀ ਸੀ। "
ਫਰਨਾਂਡੀਸ ਅਤੇ ਜਯਾ ਜੇਤਲੀ ਦੀ ਦੋਸਤੀ
ਸਾਬਕਾ ਰੱਖਿਆ ਮੰਤਰੀ ਜਾਰਜ ਫਰਨਾਂਡੀਸ ਅਤੇ ਜਯਾ ਜੇਤਲੀ ਦੇ ਸਬੰਧਾਂ ਬਾਰੇ ਸਿਆਸੀ ਹਲਕਿਆ ਵਿੱਚ ਵੀ ਕਾਫ਼ੀ ਚਰਚਾ ਰਹੀ ਸੀ। ਉਨ੍ਹਾਂ ਦੇ ਰਿਸ਼ਤੇ ਉਦੋਂ ਮਜ਼ਬੂਤ ਹੋਏ ਜਦੋਂ ਜਾਰਜ ਤੇ ਉਨ੍ਹਾਂ ਦੀ ਪਤਨੀ ਲੈਲਾ ਕਬੀਰ ਦੇ ਰਿਸ਼ਤਿਆਂ ਵਿੱਚ ਖੱਟਾਸ ਪੈਦਾ ਹੋਈ ਸੀ।

ਤਸਵੀਰ ਸਰੋਤ, Getty Images
ਮੈਂ ਜਯਾ ਜੇਤਲੀ ਨੂੰ ਪੁੱਛਿਆ ਤੁਹਾਡੀ ਜੌਰਜ ਨਾਲ ਦੋਸਤੀ ਕਿਵੇਂ ਹੋਈ? ਜੇਤਲੀ ਨੇ ਕਿਹਾ, "1979 ਵਿੱਚ, ਜਨਤਾ ਸਰਕਾਰ ਡਿੱਗਣ ਮਗਰੋਂ ਜਾਰਜ ਇਕੱਲੇ ਰਹਿ ਗਏ। ਉਨ੍ਹਾਂ ਦੇ ਸਮਾਜਵਾਦੀ ਪਾਰਟੀ ਦੇ ਦੋਸਤ ਸੋਚਦੇ ਸਨ ਕਿ ਉਨ੍ਹਾਂ ਨੇ ਮੋਰਾਰਜੀ ਦਾ ਸਮਰਥਨ ਕਰਨ ਤੋਂ ਬਾਅਦ ਉਸੇ ਦਿਨ ਉਨ੍ਹਾਂ ਦੀ ਸਰਕਾਰ ਦੇ ਖਿਲਾਫ ਵੋਟ ਦਿੱਤਾ ਸੀ।"
"ਉਨ੍ਹਾਂ ਦੀ ਪਤਨੀ ਦੀ ਸਿਹਤ ਠੀਕ ਨਹੀਂ ਰਹਿੰਦੀ ਸੀ ਅਤੇ ਉਹ ਇੱਕ ਲੰਬੇ ਸਮੇਂ ਲਈ ਵਿਦੇਸ਼ ਚਲੀ ਜਾਂਦੀ ਸੀ। ਮੇਰੇ ਪਤੀ ਉਨ੍ਹਾਂ ਨਾਲ ਕੰਮ ਕਰਦੇ ਸਨ, ਇਸ ਲਈ ਸਾਡਾ ਉਨ੍ਹਾਂ ਦੇ ਘਰ ਆਉਣਾ-ਜਾਣਾ ਹੋ ਗਿਆ ਸੀ।"
ਉਨ੍ਹਾਂ ਦੱਸਿਆ, "ਜਾਰਜ ਨੂੰ ਕਈ ਵਾਰ ਦੌਰੇ 'ਤੇ ਬਾਹਰ ਜਾਣਾ ਪੈਂਦਾ ਸੀ, ਇਸ ਲਈ ਉਹ ਆਪਣੇ ਮੁੰਡੇ ਨੂੰ ਮੇਰੇ ਕੋਲ ਛੱਡ ਜਾਂਦੇ ਸਨ। ਉਨ੍ਹਾਂ ਦੀ ਨਿੱਜੀ ਜ਼ਿੰਦਗੀ ਵਿਚ ਕੋਈ ਵੀ ਅਜਿਹਾ ਨਹੀਂ ਸੀ, ਜੋ ਉਨ੍ਹਾਂ ਲਈ ਇਸ ਤਰ੍ਹਾਂ ਦਾ ਕੰਮ ਕਰੇ। ਇਸ ਤਰ੍ਹਾਂ ਉਹ ਅਤੇ ਮੇਰਾ ਪਰਿਵਾਰ ਕਰੀਬ ਆ ਗਏ।"
ਮੁਲਾਇਮ ਦਾ ਦੂਜਾ ਵਿਆਹ
ਲੋਕਾਂ ਨੂੰ ਮੁਲਾਇਮ ਸਿੰਘ ਯਾਦਵ ਦੇ ਦੂਜੇ ਵਿਆਹ ਬਾਰੇ ਉਦੋਂ ਪਤਾ ਲੱਗਾ ਜਦੋਂ ਮੁਲਾਇਮ ਸਿੰਘ ਨੇ ਸੁਪਰੀਮ ਕੋਰਟ ਵਿਚ ਆਮਦਨ ਤੋਂ ਵੱਧ ਰਕਮ ਮਾਮਲੇ ਵਿਚ ਸੁਪਰੀਮ ਕੋਰਟ ਵਿੱਚ ਇਕ ਹਲਫ਼ਨਾਮਾ ਦਿੱਤਾ।

ਤਸਵੀਰ ਸਰੋਤ, Getty Images
ਅਜੇ ਸਿੰਘ ਕਹਿੰਦੇ ਹਨ, "ਜਦੋਂ ਅਸੀਂ ਲਖਨਊ ਵਿੱਚ ਕੰਮ ਕਰਦੇ ਸੀ ਤਾਂ ਸਾਨੂੰ ਪਤਾ ਸੀ ਕਿ ਅਜਿਹਾ ਕੁਝ ਹੈ, ਜਿਥੇ ਉਹ ਜਾਂਦੇ ਹਨ ਉਹ ਉਨ੍ਹਾਂ ਦੀ ਪਤਨੀ ਤਾਂ ਨਹੀਂ ਹੈ, ਪਰ ਪਤਨੀ ਦੀ ਤਰ੍ਹਾਂ ਹੀ ਹੈ। ਪਰ ਇਸ ਉੱਤੇ ਨਾ ਕਿਸੇ ਨੇ ਲਿਖਿਆ ਅਤੇ ਨਾ ਹੀ ਕੋਈ ਚਰਚਾ ਹੁੰਦੀ ਸੀ। "
"ਉਹ ਤਾਂ ਇਕ ਵਾਰ ਸੁਪਰੀਮ ਕੋਰਟ ਵਿਚ ਹਲਫ਼ਨਾਮਾ ਦੇਣਾ ਪਿਆ। ਫਿਰ ਜਾ ਕੇ ਪਤਾ ਲੱਗਿਆ ਕਿ ਉਨ੍ਹਾਂ ਦੀ ਦੂਜੀ ਪਤਨੀ ਵੀ ਹੈ ਅਤੇ ਉਸ ਦਾ ਇੱਕ ਮੁੰਡਾ ਵੀ ਹੈ।''
ਚੜ੍ਹਦੀ ਉਮਰ ਵਿਚ ਪਿਆਰ ਸਬੰਧ
ਰਾਸ਼ਿਦ ਕਿਦਵਈ ਕਹਿੰਦੇ ਹਨ, "ਇਸ ਜ਼ਮਾਨੇ ਵਿੱਚ ਇੱਕ ਦਰਜਨ ਨਾਮ ਗਿਣਾਏ ਜਾ ਸਕਦੇ ਹਨ ਜਿਹਨਾਂ ਦੀ ਬਹੁਤ ਹੀ ਰੰਗੀਨ ਜ਼ਿੰਦਗੀ ਰਹੀ ਹੈ। ਵਿਦਿਆਚਰਨ ਸ਼ੁਕਲ ਦੇ ਬਾਰੇ ਗੱਲ ਹੁੰਦੀ ਸੀ, ਚੰਦਰਸ਼ੇਖਰ ਬਾਰੇ ਗੱਲ ਹੁੰਦੀ ਸੀ।"
"ਨਰਾਇਣ ਦੱਤ ਤਿਵਾਰੀ ਵੀ ਜਦੋਂ ਰਾਜਭਵਨ ਵਿੱਚ ਫੜੇ ਗਏ ਅਤੇ ਇਸ ਤੋਂ ਇਲਾਵਾ ਜਦੋਂ ਉਹਨਾਂ 'ਤੇ ਇਕ ਪੈਟਰਨਿਟੀ ਸੂਟ ਦਾਖ਼ਲ ਕੀਤਾ ਗਿਆ ਤਾਂ ਲੋਕ ਬਹੁਤ ਚਟਕਾਰੇ ਲੈ ਕੇ ਇਸ ਬਾਰੇ ਗੱਲਾਂ ਕਰਦੇ ਸੀ। ਲੋਹੀਆ ਦੇ ਇਸ਼ਕ 'ਤੇ ਵੀ ਗੱਲ ਹੁੰਦੀ ਸੀ। "

ਇਸ ਤੋਂ ਇਲਾਵਾ ਕੁਝ ਹੋਰ ਨੇਤਾਵਾਂ ਦੀਆਂ ਘਟਨਾਵਾਂ ਦਾ ਹਵਾਲਾ ਦਿੰਦੇ ਹੋਏ ਕਿਦਵਈ ਕਹਿੰਦੇ ਹਨ, "ਇੰਦਰਜੀਤ ਗੁਪਤ ਦਾ ਇੱਕ ਵੱਖਰਾ ਕਿਸਮ ਦਾ ਸੁਫ਼ੀਆਨਾ ਪਿਆਰ ਸੀ, 62 ਸਾਲ ਦੀ ਉਮਰ ਵਿਚ ਉਨ੍ਹਾਂ ਨੇ ਵਿਆਹ ਕਰਵਾਇਆ। ਆਰ ਕੇ ਧਵਨ ਨੇ ਵੀ 74 ਸਾਲ ਦੀ ਉਮਰ ਵਿਚ ਆਪਣਾ ਵਿਆਹ ਜਨਤਕ ਤੌਰ 'ਤੇ ਸਵੀਕਾਰਿਆ ਸੀ।
ਇਹ ਵੀ ਪੜ੍ਹੋ:
"ਸਾਡੇ ਸਮਾਜ ਵਿਚ ਜੋ ਕੁਝ ਵੀ ਵਾਪਰਦਾ ਹੈ ... ਵਿਆਹ, ਪ੍ਰੇਮ-ਸਬੰਧ, ਵਿਆਹ ਤੋਂ ਬਾਹਰੀ ਸਬੰਧ ... ਰਾਜਨੀਤੀ ਇਸ ਤੋਂ ਪਰੇ ਨਹੀਂ ਰਹੀ ਹੈ, ਇਹ ਰਾਜਨੀਤੀ ਦਾ ਰੰਗੀਨ ਪਹਿਲੂ ਹੈ ਜਿਸ ਨੂੰ ਅਸੀਂ ਅੰਡਰਪਲੇਅ ਕਰਦੇ ਹਾਂ।"












