ਜੇ ਘੱਟ ਗਿਣਤੀ ਭਾਈਚਾਰੇ ਨੂੰ ਸਮੁੰਦਰ 'ਚ ਸੁੱਟ ਦਈਏ - ਨਜ਼ਰੀਆ

ਤਸਵੀਰ ਸਰੋਤ, Getty Images
- ਲੇਖਕ, ਮੁਹੰਮਦ ਹਨੀਫ਼
- ਰੋਲ, ਪਾਕਿਸਤਾਨ ਦੇ ਸੀਨੀਅਰ ਪੱਤਰਕਾਰ ਤੇ ਲੇਖਕ
ਅਜੇ ਇਮਰਾਨ ਖ਼ਾਨ ਦੀ ਹਕੂਮਤ ਨੂੰ ਆਏ 4 ਦਿਨ ਹੀ ਹੋਏ ਹਨ ਪਰ ਯਾਰ ਲੋਕਾਂ ਨੇ ਸਿਆਪਾ ਕੁਝ ਜ਼ਿਆਦਾ ਹੀ ਪਾ ਦਿੱਤਾ ਹੈ।
ਕੋਈ ਕਹਿੰਦਾ ਹੈ ਕਿ ਖ਼ਾਨ ਸਾਹਿਬ ਦਫ਼ਤਰ ਹੈਲੀਕਾਪਟਰ 'ਚ ਬੈਠ ਕੇ ਕਿਉਂ ਜਾਂਦੇ ਹਨ ਕਿਸੇ ਨੂੰ ਇਹ ਤਕਲੀਫ਼ ਹੈ ਕਿ ਉਹ ਦਫ਼ਤਰ ਜਾ ਕੇ ਚਾਹ ਨਾਲ ਬਿਸਕੁਟ ਕਿੰਨੇ ਖਾਂਦੇ ਹਨ।
ਕੋਈ ਕਹਿੰਦਾ ਹੈ ਕਿ ਖ਼ਾਨ ਸਾਹਿਬ ਨੇ ਜਿਹੜੀ ਟੀਮ ਬਣਾਈ ਹੈ, ਬੜੀ ਥੱਕੀ ਹੋਈ ਹੈ। ਇਨ੍ਹਾਂ ਕੋਲੋ ਕੁਝ ਨਹੀਂ ਹੋਣਾ।
ਖ਼ਾਨ ਸਾਹਿਬ ਆਪ ਵੀ ਫਰਮਾਉਂਦੇ ਹੁੰਦੇ ਸਨ ਕਿ ਮੈਨੂੰ ਹੋਰ ਕੋਈ ਕੰਮ ਆਵੇ ਨਾ ਆਵੇ, ਮੈਨੂੰ ਟੀਮ ਬਣਾਉਣੀ ਆਉਂਦੀ ਹੈ।
ਜੇ ਮੈਂ ਹਕੂਮਤ ਵਿੱਚ ਆਇਆ ਤਾਂ ਉਸ ਤਰ੍ਹਾਂ ਦੀ ਟੀਮ ਬਣਾਵਾਂਗਾ ਜਿਸ ਤਰ੍ਹਾਂ ਦੀ ਟੀਮ ਬਣਾ ਕੇ ਮੈਂ ਵਰਲਡ ਕੱਪ ਜਿੱਤਿਆ ਸੀ।
ਇੱਕ ਦਿਨ ਜਲਸੇ ਵਿੱਚ ਐਲਾਨ ਕਰ ਛੱਡਿਆ ਕਿ ਅਮਰੀਕਾ ਵਿੱਚ ਜਿਹੜਾ ਪਾਕਿਸਤਾਨੀ ਮੁੰਡਾ ਹੈ ਸਾਰੀ ਦੁਨੀਆਂ ਉਸ ਨੂੰ ਮੰਨਿਆ-ਪ੍ਰਮੰਨਿਆ ਇਕੌਨੋਮਿਸਟ ਮੰਨਦੀ ਹੈ ਤੇ ਮੈਂ ਉਸ ਨੂੰ ਵਾਪਿਸ ਬੁਲਾ ਕੇ ਆਪਣਾ ਵਜ਼ੀਰ-ਏ-ਖਜ਼ਾਨਾ ਬਣਾਵਾਂਗਾ।
ਇਹ ਵੀ ਪੜ੍ਹੋ:
ਮੁੰਡੇ ਦਾ ਨਾਮ ਸੀ ਆਤਿਫ਼ ਮੀਆਂ ਤੇ ਪਾਕਿਸਤਾਨ ਵਿੱਚ ਕਿਸੇ ਨੇ ਉਸਦਾ ਨਾਮ ਵੀ ਨਹੀਂ ਸੀ ਸੁਣਿਆ।
ਤਕਰੀਰ ਖ਼ਾਨ ਸਾਹਿਬ ਕਰ ਰਹੇ ਸਨ ਜਦੋਂ ਕੰਨ ਵਿੱਚ ਕਿਸੇ ਨੇ ਉਹਦਾ ਨਾਮ ਬੋਲਿਆ ਤਾਂ ਖ਼ਾਨ ਸਾਹਿਬ ਨੇ ਵੀ ਤਕਰੀਜ਼ ਬੋਲ ਛੱਡਿਆ। ਅਗਲੇ ਦਿਨ ਕਿਸ ਭਰਾ ਨੇ ਜਾ ਕੇ ਖ਼ਾਨ ਸਾਹਿਬ ਨੂੰ ਦੱਸਿਆ ਕਿ ਉਹ ਮੁੰਡਾ ਤਾਂ ਮਰਜ਼ਈ ਏ।
ਕਾਫ਼ਰ ਨੂੰ ਹਟਾਓ, ਸਾਡੇ ਕੋਲ ਨਵਾਂ ਮੁੰਡਾ ਹੈ
ਹੁਣ 40 ਵਰ੍ਹੇ ਹੋ ਗਏ ਹਨ ਕਿ ਅਸੀਂ ਅਹਿਮਦੀਆਂ ਨੂੰ ਕਾਫ਼ਰ ਕਰਾਰ ਦੇ ਚੁੱਕੇ ਹਾਂ। ਉਨ੍ਹਾਂ ਨੂੰ ਸਿੱਧਾ ਰੱਖਣ ਲਈ, ਉਨ੍ਹਾਂ ਦਾ ਮੱਕੂ ਠੱਪਣ ਲਈ ਹੋਰ ਵੀ ਬੜੇ ਕਾਨੂੰਨ ਮੌਜੂਦ ਹਨ।
ਅਹਿਮਦੀਆਂ ਨੂੰ ਇਹ ਵੀ ਪਸੰਦ ਨਹੀਂ ਕਿ ਕੋਈ ਉਨ੍ਹਾਂ ਨੂੰ ਮਰਜ਼ਈ ਜਾਂ ਕਾਦਆਇਨੀ ਕਹੇ।
ਪਰ ਖ਼ਾਨ ਸਾਹਿਬ ਨੂੰ ਗੱਲ ਤੁਰੰਤ ਸਮਝ ਆ ਗਈ। ਉਨ੍ਹਾਂ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਇਹ ਮੁੰਡਾ ਕਾਫ਼ਰ ਹੈ। ਇਸ ਨੂੰ ਬਿਲਕੁਲ ਨਹੀਂ ਬਣਾਉਣਾ, ਸਾਡੇ ਕੋਲ ਇੱਕ ਹੋਰ ਮੁੰਡਾ ਹੈ।
ਆਸੀਦ ਉਮਰ, ਮੁਸਲਮਾਨ ਵੀ ਹੈ, ਐਂਗਰੋ ਦਾ ਹੈੱਡ ਵੀ ਰਿਹਾ ਹੈ ਤੇ ਪਿਓ ਵੀ ਜਰਨੈਲ ਸੀ ਉਸ ਨੂੰ ਬਣਾ ਦਿਆਂਗੇ।
ਖ਼ਾਨ ਸਾਹਿਬ ਦੀ ਹਕੂਮਤ ਆ ਗਈ ਤੇ ਉਨ੍ਹਾਂ ਨੇ ਖ਼ਜ਼ਾਨੇ ਦੀਆਂ ਕੂੰਜੀਆਂ ਆਸੀਦ ਉਮਰ ਸਾਹਿਬ ਨੂੰ ਫੜਾ ਦਿੱਤੀਆਂ। ਉਨ੍ਹਾਂ ਨੇ ਖਜ਼ਾਨਾ ਖੋਲ੍ਹਿਆ ਤੇ ਪਤਾ ਲੱਗਾ ਕਿ ਇਹ ਤਾਂ ਖਾਲੀ ਹੈ।
ਉਨ੍ਹਾਂ ਨੇ ਸਿਆਣਿਆ ਦੀ ਇੱਕ ਪਰਿਆ ਬਣਾਈ, ਕੋਈ ਨੌਕਰੀ ਨਹੀਂ ਦਿੱਤੀ, ਕੋਈ ਅਹੁਦਾ ਨਹੀਂ ਦਿੱਤਾ।
ਬਸ ਇੰਜ ਹੀ ਕੋਈ ਸਲਾਹ-ਮਸ਼ਵਰਾ ਦੇ ਦਿਆ ਕਰੋ ਕਿ ਅਸੀਂ ਪੈਸਾ ਕਿੱਥੋਂ ਲੈ ਕੇ ਆਈਏ। ਹੁਣ ਇਸ ਟੀਮ ਵਿੱਚ ਵੀ ਆਤਿਫ਼ ਮੀਆਂ ਦਾ ਨਾਮ ਪਾ ਦਿੱਤਾ।
ਇੱਕ ਵਾਰੀ ਫਿਰ ਰੌਲਾ ਪੈ ਗਿਆ। ਹਕੂਮਤ ਡਟ ਗਈ ਪਰ ਸਿਰਫ਼ ਕੋਈ 24 ਘੰਟਿਆਂ ਵਾਸਤੇ।

ਤਸਵੀਰ ਸਰੋਤ, Getty Images
ਇਮਰਾਨ ਖ਼ਾਨ ਨੇ ਆਪਣਾ ਇੱਕ ਖਾਸ ਫਵਾਦ ਚੌਧਰੀ ਗੱਜਿਆ, ''ਬਈ ਹਮ ਮਦੀਨੇ ਕੀ ਰਿਆਸਤ ਬਨਾਨੇ ਆਏ ਹੈਂ, ਪਰ ਮਦੀਨੇ ਕੀ ਰਿਆਸਤ ਮੇਂ ਤੋ ਮਾਈਨੋਰਟੀਸ ਕੋ ਸਾਰੇ ਹਕੂਕ ਹਾਸਲ ਹੋਤੇ ਥੇ, ਅਬ ਹਮ ਕਿਆ ਕਰੇਂ, ਮਾਈਨੋਰਟੀਸ ਕੋ ਉਠਾ ਕੇ ਸਮੁੰਦਰ ਮੇਂ ਫੇਂਕ ਦੇ।''
ਸਾਡੇ ਕੋਲ ਜੀਡੀਪੀ ਬਾਰੇ ਨਾ ਪੁੱਛੋ
ਫਿਰ ਕੁਝ ਮੋਲਵੀਆਂ ਨੇ ਲਲਕਾਰਿਆ, ਕੁਝ ਖ਼ਾਨ ਸਾਹਿਬ ਦੇ ਆਪਣੇ ਲੋਕਾਂ ਨੇ ਕਾਫ਼ਰ-ਕਾਫ਼ਰ ਦਾ ਰੌਲਾ ਪਾਇਆ ਤੇ ਖ਼ਾਨ ਸਾਹਿਬ ਨੂੰ ਲੱਗਾ ਕਿ ਸਮੁੰਦਰ ਵਿੱਚ ਸੁੱਟਣ ਵਾਲਾ ਆਈਡੀਆ ਕੋਈ ਐਡਾ ਭੈੜਾ ਨਹੀਂ। ਆਤਿਫ਼ ਮੀਆਂ ਨੂੰ ਕਿਹਾ ਗਿਆ ਕਿ ਜਾ ਕਾਕਾ ਤੇਰੀ ਕੋਈ ਲੋੜ ਨਹੀਂ।
ਇਹ ਵੀ ਪੜ੍ਹੋ:
ਮੁਸਲਮਾਨਾਂ ਉੱਤੇ ਇੱਕ ਇਲਜ਼ਾਮ ਹਮੇਸ਼ਾ ਤੋਂ ਲਗਦਾ ਰਿਹਾ ਹੈ ਕਿ ਅਸੀਂ ਅਰਬੀ-ਫਾਰਸੀ ਚੰਗੀ ਬੋਲ ਲੈਂਦੇ ਰਹੇ ਹਾਂ, ਸਾਡੇ ਕੋਲ ਗ਼ਜ਼ਲਾ ਲਿਖਵਾ ਲਓ, ਮਰਸੀਏ ਪੜ੍ਹਵਾ ਲਓ, ਸਾਡੇ ਕੋਲ ਇਹ ਨਾ ਪੁੱਛੋ ਕਿ ਜੀਡੀਪੀ ਕੀ ਹੁੰਦਾ ਹੈ।
ਪੁਰਾਣੇ ਮੁਸਲਮਾਨ ਬਾਦਸ਼ਾਹਾਂ ਨੇ ਵੀ ਆਪਣੇ ਖਜ਼ਾਨੇ ਦੇ ਹਿਸਾਬ-ਕਿਤਾਬ ਲਈ ਕਦੇ ਕੋਈ ਯਹੂਦੀ, ਕਦੇ ਕੋਈ ਹਿੰਦੂ ਰੱਖਿਆ ਹੁੰਦਾ ਸੀ।
ਹੁਕਮ ਇਹ ਸੀ ਕਿ ਸਾਡੇ ਬਈ ਖਾਤੇ ਤੁਸੀਂ ਸੰਭਾਲੋ, ਅਸੀਂ ਕੋਠੇ ਤੇ ਜਾ ਕੇ ਬਾਈ ਜੀ ਕੋਲ ਜ਼ਰਾ ਤਹਿਜ਼ੀਬ ਸਿੱਖ ਲਈਏ।
ਸਾਡੀ ਮਦੀਨਿਆਂ ਵਾਲੀ ਰਿਆਸਤ ਨੇ ਤਾਂ ਆਤਿਫ਼ ਮੀਆਂ ਨੂੰ ਕਾਫ਼ਰ ਆਖ ਕੇ ਘਰ ਭੇਜ ਛੱਡਿਆ ਪਰ ਸਾਡੇ ਸਾਊਦੀ ਅਰਬ ਦੇ ਭਰਾਵਾਂ ਨੇ ਆਪਣੇ ਮੱਕੇ ਵਾਲੀ ਰਿਆਸਤ ਵਿੱਚ ਬੁਲਾ ਕੇ ਉਸ ਨੂੰ ਵਾਹਵਾ ਇੱਜ਼ਤ ਦਿੱਤੀ। ਮੀਆਂ ਨੇ ਵੀ ਕੋਈ ਹਿਸਾਬੀ-ਕਿਤਾਬੀ ਗੱਲਾਂ ਕੀਤੀਆਂ। ਉਨ੍ਹਾਂ ਨੇ ਸਲਾਹ-ਮਸ਼ਵਰਾ ਕਰਕੇ ਮੂੰਹ ਚੁੰਮਿਆ ਤੇ ਵਾਪਿਸ ਘਰ ਭੇਜ ਛੱਡਿਆ।
ਹੁਣ ਮਸਲਾ ਇਹ ਹੈ ਕਿ ਖ਼ਾਨ ਸਾਹਿਬ ਸਾਊਦੀ ਅਰਬ ਦੇ ਸ਼ਹਿਜ਼ਾਦੇ ਤਾਂ ਹੈ ਨਹੀਂ, ਪਾਕਿਸਤਾਨ ਦੇ ਸ਼ਹਿਜ਼ਾਦੇ ਹਨ ਜਿੱਥੇ ਬਾਦਸ਼ਾਹ ਆਵਾਮ ਏ। ਹੁਣ ਆਵਾਮ ਹੀ ਨਹੀਂ ਚਾਹ ਰਹੀ ਤੇ ਖ਼ਾਨ ਸਾਹਿਬ ਕੀ ਕਰਨ।
ਸਾਡਾ ਖਜ਼ਾਨਾ ਭਾਵੇਂ ਖਾਲੀ ਹੋਵੇ ਪਰ ਸਾਡੇ ਦਿਲਾਂ 'ਚ ਇਮਾਨ ਜ਼ਰੂਰ ਭਰਿਆ ਏ। ਪਿਛਲੇ 40 ਵਰ੍ਹਿਆਂ 'ਚ ਦਿਮਾਗ ਵਿੱਚ ਵੀ ਮਜ਼ਹਬ ਦੀ ਐਨੀ ਕਿ ਬਰਕਤ ਹੋਈ ਏ ਕਿ ਹੁਣ ਕਿਸੇ ਸ਼ਹਿ ਦੀ ਥਾਂ ਬਚੀ ਵੀ ਨਹੀਂ।
ਓਏ ਕਾਫ਼ਰਾ ਤੇਰੇ ਲਈ ਕੋਈ ਰੋਟੀ ਨਹੀਂ
ਜਿਹੜੇ ਮੁੰਡਿਆਂ ਨੂੰ ਅਜੇ ਆਪਣੇ ਬੂਟਾਂ ਦੇ ਤਸਮੇ ਵੀ ਬੰਨਣੇ ਨਹੀਂ ਆਉਂਦੇ, ਉਹ ਵੀ ਆਪਣੇ ਆਪ ਨੂੰ ਅਮੀਨੋ ਸਰੀਜ਼ ਸਮਝਦੇ ਹਨ। ਮੈਂ ਵੀ ਇੱਥੋਂ ਦਾ ਜੰਮਪਾਲ ਹਾਂ ਤੇ ਮੈਂ ਵੀ ਅੱਧਾ ਕੁ ਮੌਲਵੀ ਹੋ ਗਿਆ ਹਾਂ।

ਤਸਵੀਰ ਸਰੋਤ, Getty Images
ਫਿਰ ਪੁਰਾਣੇ ਮੌਲਵੀ ਸਾਹਿਬ ਕੋਲੋਂ ਵਾਕਿਆ ਸੁਣਿਆ ਸੀ ਤੁਸੀਂ ਵੀ ਸੁਣ ਲਵੋ। ਹਜ਼ਰਤ ਮੁਸਾ ਨੂੰ ਇੱਕ ਮੁਸਾਫ਼ਰ ਟਕਰਿਆ ਤੇ ਕਹਿੰਦਾ ਏ ਕਿ ਭੁੱਖ ਲੱਗੀ ਏ।
ਹਜ਼ਰਤ ਮੁਸਾ ਨੇ ਆਖਿਆ ਆਜਾ, ਬੈਜਾ ਤੇ ਰੋਟੀ ਖਾ ਲੈ। ਰੋਟੀ ਖਾਣ ਲੱਗਾ ਤੇ ਮੁਸਾ ਨੇ ਆਖਿਆ ਪਹਿਲਾਂ ਅੱਲ੍ਹਾ ਦਾ ਨਾਮ ਤਾਂ ਲੈਲੈ।
ਮੁਸਾਫ਼ਰ ਨੇ ਆਖਿਆ ਮੈਂ ਤਾਂ ਅੱਲ੍ਹਾ ਨੂੰ ਮੰਨਦਾ ਹੀ ਨਹੀਂ, ਹਜ਼ਰਤ ਮੁਸਾ ਨੇ ਕਿਹਾ ਓਏ ਕਾਫ਼ਰਾ ਤੇਰੇ ਲਈ ਕੋਈ ਰੋਟੀ ਨਹੀਂ, ਚੱਲ ਦਫ਼ਾ ਹੋ ਜਾ।
ਇਹ ਵੀ ਪੜ੍ਹੋ:
ਅੱਲ੍ਹਾ ਮੀਆਂ ਹਜ਼ਰਤ ਮੀਆਂ ਨਾਲ ਡਾਇਰੈਕਟ ਹੋ ਗਏ ਤੇ ਫਰਮਾਇਆ ਤੇਰੇ ਖਿਆਲ ਨਾਲ ਭੁੱਖੇ ਮੁਸਾਫ਼ਰ ਦੀ ਉਮਰ ਕਿੰਨੀ ਕੁ ਹੋਵੇਗੀ।
ਹਜ਼ਰਤ ਮੂਸਾ ਨੇ ਕਿਹਾ ਕੋਈ 50 ਦੇ ਗੇੜ੍ਹ ਵਿੱਚ ਤਾਂ ਹੋਵੇਗਾ ਹੀ। ਅੱਲ੍ਹਾ ਮੀਆਂ ਨੇ ਫਰਮਾਇਆ ਇਹ ਬੰਦਾ ਮੈਨੂੰ ਨਹੀਂ ਮੰਨਦਾ ਫਿਰ ਵੀ ਮੈਂ ਇਸ ਨੂੰ 50 ਵਰ੍ਹਿਆਂ ਤੋਂ ਰਿਜਕ ਦਿੰਦਾ ਆ ਰਿਹਾ ਹਾਂ ਤੇ ਤੈਨੂੰ ਇੱਕ ਵਕਤ ਦੀ ਰੋਟੀ ਖੁਆਉਣੀ ਪੈ ਰਹੀ ਹੈ ਤੇ ਐਡੀ ਤਕਲੀਫ਼।
ਐਡਾ ਆਇਆ ਤੂੰ ਮੇਰਾ ਠੇਕੇਦਾਰ। ਹਜ਼ਰਤ ਮੂਸਾ ਨੂੰ ਗੱਲ ਸਮਝ ਆ ਗਈ ਦੁਆ ਕਰੋ ਸਾਨੂੰ ਵੀ ਸਮਝ ਆ ਜਾਵੇ ਤੇ ਅੱਲ੍ਹਾ ਸਾਡੇ ਦਿਲਾਂ ਵਿੱਚ ਰਹਿਮ ਪਾਵੇ।













