ਭਾਰਤ ਅਤੇ ਪਾਕਿਸਤਾਨ ਦਰਮਿਆਨ ਕਿਵੇਂ ਹੋਈ ਜੰਗਬੰਦੀ ਅਤੇ ਇਹ ਕਿੰਨਾ ਕੁ ਸਮਾਂ ਟਿਕੇਗੀ?

ਤਸਵੀਰ ਸਰੋਤ, ANI/Getty Images
- ਲੇਖਕ, ਦਿਲਨਵਾਜ਼ ਪਾਸ਼ਾ
- ਰੋਲ, ਬੀਬੀਸੀ ਪੱਤਰਕਾਰ
ਭਾਰਤ ਅਤੇ ਪਾਕਿਸਤਾਨ ਦੋਵੇਂ ਹੀ ਜੰਗਬੰਦੀ ਲਈ ਤਿਆਰ ਹੋ ਗਏ ਹਨ। ਦੋਵਾਂ ਹੀ ਮੁਲਕਾਂ ਵੱਲੋਂ ਇਸ ਦੀ ਪੁਸ਼ਟੀ ਕੀਤੀ ਗਈ ਹੈ। ਦੋਵੇਂ ਦੇਸ਼ ਇੱਕ ਦੂਜੇ ਦੇ ਖਿਲਾਫ ਫੌਜੀ ਕਾਰਵਾਈ ਰੋਕਣ ਲਈ ਸਹਿਮਤ ਹੋ ਗਏ ਹਨ। ਅਮਰੀਕਾ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਇਸ ਜੰਗਬੰਦੀ 'ਚ ਵਿਚੋਲਗੀ ਕੀਤੀ ਹੈ।
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਇੱਕ ਸੋਸ਼ਲ ਮੀਡੀਆ ਪੋਸਟ 'ਚ ਕਿਹਾ ਹੈ, "ਅਮਰੀਕਾ ਦੀ ਵਿਚੋਲਗੀ 'ਚ ਹੋਈ ਇੱਕ ਲੰਮੇ ਸਮੇਂ ਤੱਕ ਚੱਲੀ ਗੱਲਬਾਤ ਤੋਂ ਬਾਅਦ, ਮੈਨੂੰ ਇਹ ਐਲਾਨ ਕਰਦਿਆਂ ਖੁਸ਼ੀ ਹੋ ਰਹੀ ਹੈ ਕਿ ਭਾਰਤ ਅਤੇ ਪਾਕਿਸਤਾਨ ਨੇ ਪੂਰਨ ਅਤੇ ਤੁਰੰਤ ਜੰਗਬੰਦੀ ਕਰਨ ਲਈ ਸਹਿਮਤੀ ਪ੍ਰਗਟ ਕੀਤੀ ਹੈ।"
ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਆਪਣੀ ਪੋਸਟ 'ਚ ਕਿਹਾ ਹੈ, "ਅੱਤਵਾਦ ਦੇ ਸਾਰੇ ਰੂਪਾਂ ਦੇ ਖਿਲਾਫ ਭਾਰਤ ਨੇ ਲਗਾਤਾਰ ਸਖ਼ਤ ਅਤੇ ਨਾ ਝੁਕਣ ਵਾਲਾ ਰੁਖ਼ ਅਖ਼ਤਿਆਰ ਕੀਤਾ ਹੈ ਅਤੇ ਉਹ ਅਜਿਹਾ ਕਰਨਾ ਜਾਰੀ ਰਖੇਗਾ।"
ਪਾਕਿਸਤਾਨ ਦੇ ਵਿਦੇਸ਼ ਮੰਤਰੀ ਇਸਹਾਕ ਡਾਰ ਨੇ ਕਿਹਾ ਹੈ ਕਿ ਉਨ੍ਹਾਂ ਦਾ ਮੁਲਕ ਜੰਗਬੰਦੀ ਲਈ ਤਿਆਰ ਹੋ ਗਿਆ ਹੈ।
ਇਸਹਾਕ ਡਾਰ ਨੇ ਕਿਹਾ, "ਤਿੰਨ ਦਰਜਨ ਦੇਸ਼ ਕੂਟਨੀਤਿਕ ਯਤਨ ਕਰ ਰਹੇ ਸਨ। ਇਨ੍ਹਾਂ 'ਚ ਤੁਰਕੀ, ਸਾਊਦੀ ਅਰਬ ਅਤੇ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਸ਼ਾਮਲ ਸਨ।"
ਇਸ ਦੇ ਨਾਲ ਹੀ ਉਨ੍ਹਾਂ ਕਹਾ ਕਿ ਬ੍ਰਿਟੇਨ ਦੇ ਵਿਦੇਸ਼ ਮੰਤਰੀ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ।

ਤਸਵੀਰ ਸਰੋਤ, Getty Images
ਜੰਗਬੰਦੀ ਦੇ ਇਸ ਐਲਾਨ ਤੋਂ ਕੁਝ ਘੰਟੇ ਪਹਿਲਾਂ ਤੱਕ ਦੋਵੇਂ ਹੀ ਦੇਸ਼ ਇੱਕ ਦੂਜੇ 'ਤੇ ਲਗਤਾਰ ਹਮਲੇ ਕਰ ਰਹੇ ਸਨ। ਦੋਵੇਂ ਹੀ ਮੁਲਕ ਪਰਮਾਣੂ ਸ਼ਕਤੀ ਦੇ ਮਾਲਕ ਹਨ।
ਸ਼ੁੱਕਰਵਾਰ ਰਾਤ ਨੂੰ ਪਾਕਿਸਤਾਨ ਅਤੇ ਭਾਰਤ ਦੋਵਾਂ ਨੇ ਇੱਕ ਦੂਜੇ ਦੇ ਹਵਾਈ ਸੈਨਾ ਦੇ ਠਿਕਾਣਿਆਂ ਨੂੰ ਨਿਸ਼ਾਨੇ 'ਤੇ ਲਿਆ ਅਤੇ ਨੁਕਸਾਨ ਪਹੁੰਚਾਉਣ ਦੇ ਦਾਅਵੇ ਕੀਤੇ।
22 ਅਪ੍ਰੈਲ ਨੂੰ ਪਹਿਲਗਾਮ 'ਚ ਹੋਏ ਅੱਤਵਾਦੀ ਹਮਲੇ ਦੀ ਜਵਾਬੀ ਕਾਰਵਾਈ 'ਚ ਭਾਰਤ ਨੇ 6-7 ਮਈ ਦੀ ਰਾਤ ਨੂੰ ਪਾਕਿਸਤਾਨ ਦੇ ਅੰਦਰ ਕਈ ਥਾਵਾਂ 'ਤੇ ਹਮਲੇ ਕੀਤੇ। ਭਾਰਤ ਨੇ ਆਪਣੀ ਕਾਰਵਾਈ ਨੂੰ ' ਕੇਂਦਰਿਤ ਅਤੇ ਨਪੀ-ਤੁਲੀ' ਕਰਾਰ ਦਿੱਤਾ।
ਇਸ ਤੋਂ ਬਾਅਦ ਦੋਵਾਂ ਮੁਲਕਾਂ ਦਰਮਿਆਨ ਤਣਾਅ ਸਿਖਰ 'ਤੇ ਪਹੁੰਚ ਗਿਆ ਅਤੇ ਇੱਕ ਦੂਜੇ 'ਤੇ ਡਰੋਨ ਦੀ ਮਦਦ ਨਾਲ ਹਮਲੇ ਕਰਨ ਦਾ ਸਿਲਸਿਲਾ ਸ਼ੁਰੂ ਹੋਇਆ। ਦੋਵੇਂ ਹੀ ਦੇਸ਼ ਇੱਕ ਦੂਜੇ ਦੇ ਡਰੋਨ ਅਤੇ ਮਿਜ਼ਾਈਲਾਂ ਨੂੰ ਤਬਾਹ ਕਰਨ ਦਾ ਦਾਅਵਾ ਕਰ ਰਹੇ ਹਨ।
ਕੰਟਰੋਲ ਰੇਖਾ 'ਤੇ ਵੀ ਦੋਵਾਂ ਮੁਲਕਾਂ ਵਿਚਾਲੇ ਭਾਰੀ ਗੋਲੀਬਾਰੀ ਹੋਈ। ਪਾਕਿਸਤਾਨ ਨੇ ਸ਼ਨੀਵਾਰ ਸਵੇਰੇ ਦਾਅਵਾ ਕੀਤਾ ਕਿ ਭਾਰਤ ਨੇ ਉਸ ਦੇ ਤਿੰਨ ਫੌਜੀ ਹਵਾਈ ਠਿਕਾਣਿਆਂ ਨੂੰ ਤਬਾਹ ਕੀਤਾ ਹੈ।
ਭਾਰਤ ਨੇ ਵੀ ਪਾਕਿਸਤਾਨ ਦੇ ਹਵਾਈ ਅੱਡਿਆਂ 'ਤੇ ਸਟੀਕ ਹਮਲੇ ਦੀ ਪੁਸ਼ਟੀ ਕੀਤੀ ਹੈ।
ਸਵੇਰੇ ਧਮਾਕੇ ਅਤੇ ਸ਼ਾਮ ਨੂੰ ਜੰਗਬੰਦੀ

ਤਸਵੀਰ ਸਰੋਤ, Getty Images
ਸ਼ਨੀਵਾਰ ਸਵੇਰੇ ਜੰਮੂ ਅਤੇ ਸ੍ਰੀਨਗਰ ਸਮੇਤ ਕਈ ਸ਼ਹਿਰਾਂ 'ਚ ਧਮਾਕਿਆਂ ਦੀ ਆਵਾਜ਼ ਕੰਨੀਂ ਪਈ। ਪਾਕਿਸਤਾਨ ਨੇ ਕਿਹਾ ਕਿ ਉਸ ਨੇ ਭਾਰਤ ਦੇ ਵਿਰੁੱਧ ਆਪ੍ਰੇਸ਼ਨ 'ਬੁਨਯਾਨ ਅਲ ਮਰਸੂਸ' ਸ਼ੁਰੂ ਕੀਤਾ ਹੈ।
ਸ਼ੁੱਕਰਵਾਰ ਰਾਤ ਨੂੰ ਕੌਮਾਂਤਰੀ ਮਾਮਲਿਆਂ ਦੇ ਜਾਣਕਾਰ ਅਤੇ ਦੱਖਣੀ ਏਸ਼ੀਆ ਮਾਮਲਿਆਂ ਦੇ ਮਾਹਰ ਮਾਈਕਲ ਕੂਗਲਮੈਨ ਨੇ ਕਿਹਾ ਸੀ, "ਭਾਰਤ ਅਤੇ ਪਾਕਿਸਤਾਨ ਯੁੱਧ ਦੇ ਬਹੁਤ ਨਜ਼ਦੀਕ ਪਹੁੰਚ ਗਏ ਹਨ।"
ਪਰ ਸ਼ਨੀਵਾਰ ਸ਼ਾਮ ਤੱਕ ਦੋਵਾਂ ਦੇਸ਼ਾਂ ਨੇ ਹਰ ਤਰ੍ਹਾਂ ਦੀ ਫੌਜੀ ਕਾਰਵਾਈ ਰੋਕਣ ਦਾ ਐਲਾਨ ਕਰ ਦਿੱਤਾ।
ਤੇਜ਼ੀ ਨਾਲ ਬਦਲਦੇ ਇਸ ਵਰਤਾਰੇ ਨੇ ਲੋਕਾਂ ਨੂੰ ਹੈਰਾਨ ਤਾਂ ਕੀਤਾ ਹੀ ਹੈ ਪਰ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਦੋਵਾਂ ਦੇਸ਼ਾਂ ਵਿਚਾਲੇ ਜੰਗਬੰਦੀ ਹੋਣ ਦੇ ਸੰਕੇਤ ਮਿਲਣ ਲੱਗ ਪਏ ਸਨ।
ਰੱਖਿਆ ਮਾਮਲਿਆਂ ਦੇ ਮਾਹਰ ਪ੍ਰਵੀਣ ਸਾਹਨੀ ਕਹਿੰਦੇ ਹਨ, "ਸ਼ਨੀਵਾਰ ਨੂੰ ਜਦੋਂ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੌਜ ਮੁਖੀਆਂ ਨਾਲ ਮੁਲਾਕਾਤ ਤੋਂ ਬਾਅਦ ਖ਼ਬਰ ਆਈ ਕਿ ਭਾਰਤ ਭਵਿੱਖ 'ਚ ਕਿਸੇ ਵੀ ਅੱਤਵਾਦੀ ਹਮਲੇ ਨੂੰ ਯੁੱਧ ਦੀ ਕਾਰਵਾਈ ਮੰਨੇਗਾ, ਤਾਂ ਉਦੋਂ ਹੀ ਇਹ ਸਪੱਸ਼ਟ ਹੋ ਗਿਆ ਸੀ ਕਿ ਭਾਰਤ ਹੁਣ ਇਸ ਮਾਮਲੇ 'ਚ ਅੱਗੇ ਕੁਝ ਨਹੀਂ ਚਾਹੁੰਦਾ ਹੈ।"

ਹੁਣ ਤੱਕ ਦਾ ਮੁੱਖ ਘਟਨਾਕ੍ਰਮ
- 6-7 ਮਈ ਦੀ ਦਰਮਿਆਨੀ ਰਾਤ ਨੂੰ ਭਾਰਤ ਨੇ ਪਾਕਿਸਤਾਨ ਅਤੇ ਪਾਕ ਸਾਸ਼ਿਤ ਕਸ਼ਮੀਰ ਵਿੱਚ 'ਆਪਰੇਸ਼ਨ ਸਿੰਦੂਰ' ਤਹਿਤ ਫੌਜੀ ਕਾਰਵਾਈ ਕੀਤੀ।
- 22 ਅਪ੍ਰੈਲ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਕਿਹਾ ਕਿ ਅੱਤਵਾਦੀ ਟਿਕਾਣਿਆਂ ਨੂੰ ਖ਼ਤਮ ਕਰਨ ਲਈ ਇਹ ਕਾਰਵਾਈ ਕੀਤੀ।
- ਪਾਕਿਸਤਾਨ ਨੇ ਕਿਹਾ ਕਿ ਉਸ ਦੀਆਂ ਫੌਜਾਂ ਨੇ ਭਾਰਤੀ ਫੌਜੀ ਕਾਰਵਾਈ ਦਾ ਜਵਾਬ ਦਿੱਤਾ ਹੈ।
- ਪਾਕਿਸਤਾਨੀ ਫੌਜ ਦੇ ਬੁਲਾਰੇ ਨੇ ਦੱਸਿਆ ਕਿ ਹੁਣ ਤੱਕ ਹਮਲੇ ਵਿੱਚ 36 ਲੋਕਾਂ ਦੀ ਮੌਤ ਹੋਈ ਹੈ ਜਦਕਿ 57 ਲੋਕ ਜ਼ਖਮੀ ਹੋਏ ਹਨ। ਇਸ ਉੱਪਰ ਭਾਰਤ ਦੀ ਹਾਲੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।
- ਭਾਰਤੀ ਫੌਜ ਦੇ ਉੱਚ ਅਧਿਕਾਰੀ ਨੇ ਬੀਬੀਸੀ ਕੋਲ ਪੁਸ਼ਟੀ ਕੀਤੀ ਹੈ ਕਿ ਸਰਹੱਦ ਉੱਤੇ ਪੁੰਛ ਇਲਾਕੇ ਵਿੱਚ ਹੋਈ ਪਾਕਿਸਤਾਨੀ ਗੋਲੀਬਾਰੀ ਵਿੱਚ ਮਰਨ ਵਾਲਿਆਂ ਦੀ ਗਿਣਤੀ 16 ਹੋ ਗਈ ਹੈ ਅਤੇ 43 ਲੋਕ ਜ਼ਖ਼ਮੀ ਹਨ।
- ਦੋਵਾਂ ਵਲੋਂ ਇੱਕ ਦੂਜੇ ਉੱਤੇ ਕਾਰਵਾਈਆਂ ਕਰਨ ਦੇ ਇਲਜਾਮ ਲਾਏ ਗਏ ਅਤੇ ਨੁਕਸਾਨ ਪਹੁੰਚਾਉਣ ਦਾਅਵੇ ਕੀਤੇ ਗਏ।
- 10 ਮਈ ਨੂੰ ਭਾਰਤੀ ਸਮੇਂ ਮੁਤਾਬਕ ਸ਼ਾਮੀ 5 ਵਜੇ ਤੋਂ ਦੋਵਾਂ ਮੁਲਕਾਂ ਨੇ ਜੰਗਬੰਦੀ ਦਾ ਐਲਾਨ ਕੀਤਾ, ਭਾਵੇਂ ਉਸ ਤੋਂ ਕੁਝ ਘੰਟੇ ਬਾਅਦ ਤੱਕ ਜੰਮੂ-ਕਸ਼ਮੀਰ ਵਿੱਚ ਫਾਇਰਿੰਗ ਅਤੇ ਡਰੋਨ ਦਿਖਣ ਦੀਆਂ ਖ਼ਬਰਾਂ ਆਉਂਦੀਆਂ ਰਹੀਆਂ।
- ਇਸ ਵੇਲੇ ਮਾਹੌਲ ਸ਼ਾਂਤ ਹੈ ਅਤੇ ਦੋਵਾਂ ਮੁਲਕਾਂ ਦੇ ਫੌਜੀ ਅਫ਼ਸਰਾਂ ਵਿਚਾਲੇ 12 ਮਈ ਨੂੰ ਬੈਠਕ ਹੋਵੇਗੀ।

ਸ਼ਨੀਵਾਰ ਸਵੇਰੇ ਪਾਕਿਸਤਾਨ ਦੇ ਜਵਾਬੀ ਹਮਲੇ ਤੋਂ ਬਾਅਦ ਮਾਈਕਲ ਕੁਗਲਮੈਨ ਨੇ ਲਿਖਿਆ ਸੀ, "ਰਸਮੀ ਤੌਰ 'ਤੇ ਪ੍ਰਮਾਣੂ ਸ਼ਕਤੀਆਂ ਬਣਨ ਤੋਂ ਇੱਕ ਸਾਲ ਬਾਅਦ 1999 'ਚ ਹੋਏ ਕਾਰਗਿਲ ਯੁੱਧ ਤੋਂ ਬਾਅਦ ਪਹਿਲੀ ਵਾਰ ਅਜਿਹੀ ਸਥਿਤੀ ਬਣੀ ਹੈ। ਇਹ ਪ੍ਰਮਾਣੂ ਰੋਕਥਾਮ ਸਮਰੱਥਾ ਦਾ ਸਭ ਤੋਂ ਵੱਡਾ ਇਮਤਿਹਾਨ ਹੋਵੇਗਾ। ਅੰਤਰਰਾਸ਼ਟਰੀ ਵਿਚੋਲੇ ਹੁਣ ਤੇਜ਼ੀ ਨਾਲ ਸਰਗਰਮ ਹੋ ਸਕਦੇ ਹਨ।"
ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਭਾਰਤ ਅਤੇ ਪਾਕਿਸਤਾਨ ਵੱਲੋਂ ਇੱਕ ਦੂਜੇ 'ਤੇ ਮਿਜ਼ਾਈਲਾਂ ਦਾਗਣ ਤੋਂ ਬਾਅਦ ਇਹ ਤਣਾਅ ਉਸ ਪੱਧਰ 'ਤੇ ਪਹੁੰਚ ਗਿਆ ਸੀ, ਜਿੱਥੋਂ ਅੱਗੇ ਵੱਧਣਾ ਤਬਾਹੀ ਨੂੰ ਸੱਦਾ ਦੇਣਾ ਸੀ।
ਰੱਖਿਆ ਮਾਮਲਿਆਂ ਦੀ ਮਾਹਰ ਅਤੇ ਮਨੋਹਰ ਪਾਰੀਕਰ ਇੰਸਟੀਚਿਊਟ ਆਫ਼ ਡਿਫੈਂਸ ਸਟੱਡੀਜ਼ ਦੇ ਰਿਸਰਚ ਫੈਲੋ, ਐਸ ਪਟਨਾਇਕ ਦਾ ਕਹਿਣਾ ਹੈ, "ਐਸਕਲੇਸ਼ਨ ਲੈਡਰ ਭਾਵ ਤਣਾਅ ਦੀ ਵੱਧਦੀ ਸਥਿਤੀ 'ਚ ਅੱਗੇ ਵੱਧਦੇ ਹੋਏ ਦੋਵੇਂ ਹੀ ਦੇਸ਼ ਮਿਜ਼ਾੲਲ ਹਮਲਿਆਂ ਤੱਕ ਪਹੁੰਚ ਗਏ ਸਨ। ਇਸ ਤੋਂ ਬਾਅਦ ਮਾਮਲਾ ਜੇਕਰ ਹੋਰ ਵਿਗੜਦਾ ਹੈ ਤਾਂ ਆਲ ਆਊਟ ਵਾਰ ਦੀ ਸਥਿਤੀ ਹੁੰਦੀ, ਜੋਕਿ ਅਜੇ ਨਹੀਂ ਬਣੀ ਹੈ। ਅਜਿਹੇ 'ਚ ਦੋਵਾਂ ਦੇਸ਼ਾਂ ਵਿਚਾਲੇ ਸਮਝ ਬਣ ਰਹੀ ਸੀ ਕਿ ਪੂਰਨ ਜੰਗ ਹਿੱਤਕਾਰੀ ਨਹੀਂ ਹੈ।"
ਜ਼ਮੀਨੀ ਸਥਿਤੀ 'ਚ ਕੀ ਬਦਲਾਅ ਆਵੇਗਾ?

ਤਸਵੀਰ ਸਰੋਤ, ANI
ਸ਼ਨੀਵਾਰ ਨੂੰ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਪਾਕਿਸਤਾਨ ਦੇ ਫੌਜ ਮੁਖੀ ਜਨਰਲ ਆਸਿਮ ਮੁਨੀਰ ਨਾਲ ਫੋਨ 'ਤੇ ਗੱਲਬਾਤ ਕਰਨ ਤੋਂ ਬਾਅਦ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨਾਲ ਵੀ ਗੱਲਬਾਤ ਕੀਤੀ।
ਸ਼ਾਮ ਦੇ ਲਗਭਗ ਸਾਢੇ ਪੰਜ ਵਜੇ ਦੋਵਾਂ ਦੇਸ਼ਾਂ ਦਰਮਿਆਨ ਜੰਗਬੰਦੀ ਦਾ ਐਲਾਨ ਹੋਇਆ। ਹੁਣ ਸਵਾਲ ਇਹ ਵੀ ਉੱਠ ਰਿਹਾ ਹੈ ਕਿ ਕੀ ਇਹ ਜੰਗਬੰਦੀ ਬਰਕਰਾਰ ਵੀ ਰਹੇਗੀ?
ਰੱਖਿਆ ਮਾਮਲਿਆਂ ਦੇ ਮਾਹਰ ਅਤੇ ਭਾਰਤੀ ਫੌਜ ਦੇ ਸਾਬਕਾ ਬ੍ਰਿਗੇਡੀਅਰ ਜੀਵਨ ਰਾਜਪ੍ਰੋਹਿਤ ਦਾ ਕਹਿਣਾ ਹੈ, " ਇਹ ਦੋਵੇਂ ਹੀ ਦੇਸ਼ ਜੰਗ ਨਹੀਂ ਚਾਹੁੰਦੇ ਹਨ ਅਤੇ ਨਾ ਹੀ ਇਹ ਦੋਵਾਂ ਦੇ ਹਿੱਤ 'ਚ ਹੈ। ਇਸ ਜੰਗਬੰਦੀ ਦੀ ਵਿਚੋਲਗੀ ਅਮਰੀਕਾ ਨੇ ਕੀਤੀ ਹੈ, ਜੋ ਕਿ ਪਾਕਿਸਤਾਨ ਦੀ ਹਰ ਤਰ੍ਹਾਂ ਨਾਲ ਮਦਦ ਕਰਦਾ ਹੈ ਅਤੇ ਭਾਰਤ ਦਾ ਨਵਾਂ-ਨਵਾਂ ਰਾਸ਼ਟਰੀ ਹਿੱਤ ਵੀ ਅਮਰੀਕਾ ਨਾਲ ਹੀ ਹੈ। ਭਾਰਤ ਅਤੇ ਅਮਰੀਕਾ ਦੇ ਰਾਸ਼ਟਰੀ ਹਿੱਤ ਮੇਲ ਖਾਂਦੇ ਹਨ। ਅਜਿਹੇ ਹਾਲਾਤ 'ਚ ਇਹ ਜੰਗਬੰਦੀ ਕਾਇਮ ਰਹੇਗੀ।"
ਪ੍ਰਵੀਣ ਸਾਹਨੀ ਦਾ ਵੀ ਮੰਨਣਾ ਹੈ ਕਿ ਅਮਰੀਕਾ ਦੀ ਵਿਚੋਲਗੀ 'ਚ ਹੋਈ ਇਹ ਜੰਗਬੰਦੀ ਕਾਇਮ ਰਹੇਗੀ।"
ਸਾਹਨੀ ਅੱਗੇ ਕਹਿੰਦੇ ਹਨ, "ਦੋਵੇਂ ਹੀ ਦੇਸ਼ ਸਹਿਮਤ ਹੋ ਗਏ ਹਨ ਕਿਉਂਕਿ ਦੋਵਾਂ ਲਈ ਅਮਰੀਕਾ ਮਹੱਤਵਪੂਰਨ ਹੈ। ਅਮਰੀਕਾ ਨੇ ਇਹ ਯੁੱਧ ਰੁਕਵਾਇਆ ਹੈ। ਜਿੱਥੋਂ ਤੱਕ ਜੰਗਬੰਦੀ ਦੇ ਕਾਇਮ ਰਹਿਣ ਦਾ ਸਵਾਲ ਹੈ ਤਾਂ ਇਹ ਬਰਕਰਾਰ ਰਹੇਗੀ, ਪਰ ਦੋਵੇਂ ਮੁਲਕ ਉਸੇ ਹੀ ਸਥਿਤੀ 'ਚ ਰਹਣਗੇ, ਜਿਵੇਂ ਕਿ 6 ਮਈ ਤੋਂ ਪਹਿਲਾਂ ਸਨ।"
"ਦੋਵਾਂ ਦੇਸ਼ਾਂ ਵਿਚਾਲੇ ਚਾਰ ਦਿਨਾਂ ਦੀ ਯੁੱਧ ਸਥਿਤੀ ਤੋਂ ਬਾਅਦ ਹੁਣ ਜੰਗਬੰਦੀ ਹੋ ਤਾਂ ਗਈ ਹੈ ਪਰ ਜ਼ਮੀਨੀ ਸਥਿਤੀ 'ਚ ਕੋਈ ਤਬਦੀਲੀ ਨਹੀਂ ਆਵੇਗੀ। ਸਗੋਂ ਹੁਣ ਭਾਰਤ ਅਤੇ ਪਾਕਿਸਤਾਨ ਵੱਲੋਂ ਸਾਨੂੰ ਜ਼ਿਆਦਾ ਵਿਰੋਧੀ ਬਿਆਨ ਸੁਣਨ ਨੂੰ ਮਿਲਣਗੇ।"
ਕੀ ਕਾਇਮ ਰਹਿ ਪਾਵੇਗੀ ਜੰਗਬੰਦੀ?

ਤਸਵੀਰ ਸਰੋਤ, Getty Images
ਭਾਰਤ ਅਤੇ ਪਾਕਿਸਤਾਨ ਦੇ ਡੀਜੀਐਮਓ ਵਿਚਕਾਰ ਬਾਅਦ ਦੁਪਹਿਰ 3:30 ਵਜੇ ਗੱਲਬਾਤ ਹੋਈ ਅਤੇ ਇਸ ਤੋਂ ਦੋ ਘੰਟਿਆਂ ਦੇ ਅੰਦਰ-ਅੰਦਰ ਹੀ ਜੰਗਬੰਦੀ ਲਾਗੂ ਹੋ ਗਈ। ਦੋਵੇਂ ਦੇਸ਼ਾਂ ਨੇ ਕਿਹੜੀਆਂ ਸ਼ਰਤਾਂ ਦੇ ਬਾਬਤ ਇਹ ਸਹਿਤਮੀ ਪ੍ਰਗਟ ਕੀਤੀ ਹੈ, ਇਸ ਬਾਰੇ ਜ਼ਿਆਦਾ ਜਾਣਾਕਾਰੀ ਹਾਸਲ ਨਹੀਂ ਹੋਈ ਹੈ।
ਐਸ ਪਟਨਾਇਕ ਦਾ ਕਹਿਣਾ ਹੈ ਕਿ ਇਹ ਜੰਗਬੰਦੀ ਜਾਰੀ ਤਾਂ ਰਹੇਗੀ ਪਰ ਇਹ ਇਸ ਗੱਲ 'ਤੇ ਜ਼ਿਆਦਾ ਨਿਰਭਰ ਕਰੇਗਾ ਕਿ ਕਿਹੜੇ ਮੁੱਦਿਆਂ ਨੂੰ ਕੇਂਦਰ 'ਚ ਰੱਖ ਕੇ ਜੰਗਬੰਦੀ ਦਾ ਐਲਾਨ ਹੋਇਆ ਹੈ।
ਪਟਨਾਇਕ ਅੱਗੇ ਕਹਿੰਦੇ ਹਨ, "ਜੇਕਰ ਪਾਕਿਸਤਾਨ ਪਿੱਛੇ ਹਟਿਆ ਹੋਵੇਗਾ ਤਾਂ ਭਾਰਤ ਨੂੰ ਵੀ ਅਜਿਹਾ ਕਰਨ 'ਚ ਕੋਈ ਮੁਸ਼ਕਲ ਨਹੀਂ ਹੋਈ ਹੋਵੇਗੀ। ਇਹ ਜੰਗਬੰਦੀ ਕਿਨ੍ਹਾਂ ਸ਼ਰਤਾਂ ਦੇ ਅਧਾਰ 'ਤੇ ਹੋਈ ਹੈ, ਇਸ ਬਾਰੇ ਜ਼ਿਆਦਾ ਜਾਣਕਾਰੀ ਤਾਂ ਨਹੀਂ ਹੈ, ਪਰ ਇਹ ਦੋਵਾਂ ਦੇਸ਼ਾਂ ਨੂੰ ਸੋਚਣ ਦਾ ਮੌਕਾ ਦੇਵੇਗੀ ਕਿ ਹੁਣ ਅੱਗੇ ਕਿਵੇਂ ਵੱਧਣਾ ਹੈ।"
ਉਹ ਅੱਗੇ ਕਹਿੰਦੇ ਹਨ, "12 ਮਈ ਨੂੰ ਮੁੜ ਗੱਲਬਾਤ ਹੋਵੇਗੀ ਅਤੇ ਉਸ ਸਮੇਂ ਹੀ ਸਾਰੀ ਸਥਿਤੀ ਸਪਸ਼ਟ ਹੋ ਜਾਵੇਗੀ। ਭਾਰਤ ਦਹਿਸ਼ਤਗਰਦੀ ਖਿਲਾਫ ਆਪਣੇ ਸਖ਼ਤ ਰੁਖ਼ ਨਾਲ ਕੋਈ ਸਮਝੌਤਾ ਨਹੀਂ ਕਰੇਗਾ। ਦੋਵੇਂ ਹੀ ਦੇਸ਼ ਹਮਲਾਵਰ ਹੋ ਰਹੇ ਸਨ ਅਤੇ ਕੌਮਾਂਤਰੀ ਭਾਈਚਾਰਾ ਚਿੰਤਾ 'ਚ ਸੀ। ਭਾਰਤ ਅਤੇ ਪਾਕਿਸਤਾਨ ਦੋਵੇਂ ਹੀ ਜਾਣਦੇ ਹਨ ਕਿ ਹੋਰ ਅੱਗੇ ਵੱਧਣਾ ਕਿਸੇ ਦੇ ਵੀ ਹਿੱਤ 'ਚ ਨਹੀਂ ਹੈ। ਭਾਰਤ ਨੇ ਪਹਿਲਾਂ ਹੀ ਸਪਸ਼ਟ ਕਰ ਦਿੱਤਾ ਸੀ ਕਿ ਜੇਕਰ ਪਾਕਿਸਤਾਨ ਤਣਾਅ ਘੱਟ ਕਰਨ ਦੀ ਪਹਿਲ ਕਰੇਗਾ ਤਾਂ ਭਾਰਤ ਵੀ ਅੱਗੇ ਨਹੀਂ ਵਧੇਗਾ।"
ਤਣਾਅ ਨਹੀਂ ਵਧਾਉਣਾ ਚਾਹੁੰਦਾ ਭਾਰਤ

ਤਸਵੀਰ ਸਰੋਤ, Getty Images
ਸ਼ਨੀਵਾਰ ਸਵੇਰੇ ਭਾਰਤ ਨੇ ਇੱਕ ਪ੍ਰੈਸ ਕਾਨਫਰੰਸ 'ਚ ਜਦੋਂ ਪਾਕਿਸਤਾਨ ਦੀਆਂ ਫੌਜਾਂ ਨੇ ਅੱਗੇ ਵੱਧਣ ਦਾ ਦਾਅਵਾ ਕੀਤਾ ਸੀ ਤਾਂ ਉਸ ਸਮੇਂ ਕਿਹਾ ਸੀ ਕਿ ਭਾਰਤ ਤਣਾਅ ਨੂੰ ਹੋਰ ਨਹੀਂ ਵਧਾਉਣਾ ਚਾਹੁੰਦਾ ਹੈ। ਇਸ ਪ੍ਰੈਸ ਕਾਨਫਰੰਸ 'ਚ ਕਰਨਲ ਸੋਫੀਆ ਕੁਰੈਸ਼ੀ ਨੇ ਕਿਹਾ ਸੀ, "ਪਾਕਿਸਤਾਨੀ ਫੌਜ ਵੱਲੋਂ ਅੱਗੇ ਦੇ ਖੇਤਰਾਂ 'ਚ ਫੌਜ ਦੀ ਤਾਇਨਾਤੀ ਵਧਾਈ ਜਾ ਰਹੀ ਹੈ, ਜੋ ਕਿ ਸਥਿਤੀ ਨੂੰ ਹੋਰ ਵਿਗਾੜਨ ਦੇ ਇਰਾਦੇ ਨੂੰ ਪ੍ਰਗਟ ਕਰਦੀ ਹੈ।"
ਕਰਨਲ ਕੁਰੈਸ਼ੀ ਨੇ ਕਿਹਾ ਸੀ, "ਭਾਰਤੀ ਹਥਿਆਰਬੰਦ ਫੌਜਾਂ ਪੂਰੀ ਤਰ੍ਹਾਂ ਨਾਲ ਅਲਰਟ ਹਨ। ਭਾਰਤੀ ਹਥਿਆਰਬੰਦ ਫੌਜਾਂ ਦੁਹਰਾਉਂਦੀਆਂ ਹਨ ਕਿ ਉਹ ਤਣਾਅ 'ਚ ਵਾਧਾ ਨਹੀਂ ਚਾਹੁੰਦੀਆਂ ਹਨ, ਬਸ਼ਰਤੇ ਪਾਕਿਸਤਾਨ ਵੀ ਅਜਿਹਾ ਵਿਵਹਾਰ ਕਰੇ।"
ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਭਾਰਤ ਇਹ ਸੰਕੇਤ ਦੇ ਰਿਹਾ ਸੀ ਕਿ ਉਸ ਦਾ ਇਰਾਦਾ ਸਥਿਤੀ ਨੂੰ ਹੋਰ ਭੜਕਾਉਣ ਦਾ ਨਹੀਂ ਹੈ।
ਫੌਜੀ ਵਿਸ਼ਲੇਸ਼ਕ ਅਤੇ ਭਾਰਤੀ ਫੌਜ ਦੇ ਸੇਵਾਮੁਕਤ ਬ੍ਰਿਗੇਡੀਅਰ ਜੀਵਨ ਰਾਜਪਰੋਹਿਤ ਕਹਿੰਦੇ ਹਨ, "ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਪਹਿਲਾਂ ਹੀ ਕਹਿ ਚੁੱਕੇ ਸਨ ਕਿ ਸਾਡਾ ਇਰਾਦਾ ਸਥਿਤੀ ਨੂੰ ਬਦਤਰ ਕਰਨ ਦਾ ਨਹੀਂ ਹੈ।"
"ਭਾਰਤ ਦਾ ਸਟੈਂਡ ਬਹੁਤ ਸਪੱਸ਼ਟ ਸੀ- ਭਾਰਤ ਨੇ ਕਿਹਾ ਸੀ ਕਿ ਅਸੀਂ ਬਦਲਾ ਲਵਾਂਗੇ ਅਤੇ ਭਾਰਤ ਨੇ ਬਦਲਾ ਲਿਆ। ਫਿਰ ਪਾਕਿਸਤਾਨ ਦੀ ਫੌਜ ਨੇ ਇਹ ਤੈਅ ਕੀਤਾ ਕਿ ਉਹ ਵੀ ਬਦਲਾ ਲੈਣਗੇ ਅਤੇ ਉੱਥੋਂ ਹੀ ਹਾਲਾਤ ਵਿਗੜਨੇ ਸ਼ੁਰੂ ਹੋਏ। ਜੇਕਰ ਪਾਕਿਸਤਾਨ 7 ਮਈ ਨੂੰ ਜਵਾਬੀ ਕਾਰਵਾਈ ਨਾ ਕਰਦਾ ਤਾਂ ਸਥਿਤੀ ਇਸ ਮੁਕਾਮ ਤੱਕ ਨਹੀਂ ਪਹੁੰਚਣੀ ਸੀ।"
ਸਨਮਾਨਯੋਗ ਜੰਗਬੰਦੀ

ਤਸਵੀਰ ਸਰੋਤ, Getty Images
ਵਿਸ਼ਲੇਸ਼ਕਾਂ ਦਾ ਇਹ ਵੀ ਮੰਨਣਾ ਹੈ ਕਿ ਭਾਰਤ ਅਤੇ ਪਾਕਿਸਤਾਨ ਦਰਮਿਆਨ ਸਭ ਤੋਂ ਵੱਡਾ ਮੁੱਦਾ ਇਹ ਸੀ ਕਿ ਇਸ ਸਥਿਤੀ 'ਚੋਂ ਸਨਮਾਨਯੋਗ ਢੰਗ ਨਾਲ ਕਿਵੇਂ ਬਾਹਰ ਨਿਕਲਿਆ ਜਾਵੇ।
ਪ੍ਰਵੀਨ ਸਾਹਨੀ ਕਹਿੰਦੇ ਹਨ, "ਹੁਣ ਤੱਕ ਹਾਸਲ ਹੋਏ ਸੰਕੇਤਾਂ ਤੋਂ ਇਹ ਹੀ ਪਤਾ ਲੱਗ ਰਿਹਾ ਸੀ ਕਿ ਭਾਰਤ ਅਤੇ ਪਾਕਿਸਤਾਨ ਦੋਵੇਂ ਹੀ ਦੇਸ਼ ਹੋਰ ਯੁੱਧ ਦੀ ਇੱਛਾ ਨਹੀਂ ਰੱਖਦੇ ਹਨ। ਦੋਵੇਂ ਹੀ ਮੁਲਕ ਆਲ ਆਊਟ ਵਾਰ ਵੱਲ ਨਹੀਂ ਜਾਣਾ ਚਾਹੁੰਦੇ ਸਨ। ਦੋਵੇਂ ਹੀ ਦੇਸ਼ ਚਾਹੁੰਦੇ ਸਨ ਕਿ ਉਨ੍ਹਾਂ ਨੂੰ ਇਸ ਸਥਿਤੀ 'ਚੋਂ 'ਰਿਸਪੇਕਟੇਬਲ ਐਗਜ਼ਿਟ' ਮਿਲੇ।"
ਐਸ ਪਟਨਾਇਕ ਕਹਿੰਦੇ ਹਨ, "ਪਾਕਿਸਤਾਨ ਦੀ ਫੌਜ ਦਾ ਮੁਲਕ ਦੀ ਸਿਆਸਤ 'ਤੇ ਬਹੁਤ ਡੂੰਗਾ ਪ੍ਰਭਾਵ ਹੈ। ਪਾਕਿਸਤਾਨ ਦੇ ਬਜਟ ਦਾ ਇੱਕ ਵੱਡਾ ਹਿੱਸਾ ਫੌਜ 'ਤੇ ਖਰਚ ਹੁੰਦਾ ਹੈ। ਅਜਿਹੇ 'ਚ ਪਾਕਿਸਤਾਨ 'ਚ ਇਹ ਜਨਤਕ ਭਾਵਨਾ ਸੀ ਕਿ ਫੌਜ ਜਵਾਬ ਦੇਵੇ। ਅਜਿਹੀ ਸਥਿਤੀ 'ਚ ਪਾਕਿਸਤਾਨ ਦੀ ਫੌਜ 'ਤੇ ਇਸ ਗੱਲ ਦਾ ਦਬਾਅ ਹੋ ਸਕਦਾ ਹੈ ਕਿ ਉਹ ਮੁਲਕ ਦੇ ਲੋਕਾਂ ਨੂੰ ਦਿਖਾਵੇ ਕਿ ਉਸ ਨੇ ਜਵਾਬ ਦਿੱਤਾ ਹੈ।"
ਉੱਥੇ ਹੀ ਪ੍ਰਵੀਨ ਸਾਹਨੀ ਕਹਿੰਦੇ ਹਨ ਕਿ ਮੌਜੂਦਾ ਸਥਿਤੀ 'ਚ ਦੋਵੇਂ ਹੀ ਦੇਸ਼ ਆਪਣੀ ਜਨਤਾ ਨੂੰ ਇਹ ਕਹਿ ਸਕਦੇ ਹਨ ਕਿ ਉਨ੍ਹਾਂ ਨੇ ਸਨਮਾਨਯੋਗ ਤਰੀਕੇ ਨਾਲ ਜੰਗਬੰਦੀ 'ਤੇ ਸਹਿਮਤੀ ਪ੍ਰਗਟ ਕੀਤੀ ਹੈ।
ਸਾਹਨੀ ਅੱਗੇ ਕਹਿੰਦੇ ਹਨ, "ਜਿੱਥੋਂ ਤੱਕ ਜੰਗ ਦੀ ਇਸ ਸਥਿਤੀ 'ਚੋਂ ਸਨਮਾਨਯੋਗ ਤਰੀਕੇ ਨਾਲ ਬਾਹਰ ਨਿਕਲਣ ਦਾ ਸਵਾਲ ਹੈ, ਭਾਰਤ ਅਤੇ ਪਾਕਿਸਤਾਨ ਦੋਵਾਂ ਨੂੰ ਹੀ ਲੱਗ ਰਿਹਾ ਹੈ ਕਿ ਉਨ੍ਹਾਂ ਨੇ ਆਪੋ-ਆਪਣੇ ਟੀਚੇ ਹਾਸਲ ਕੀਤੇ ਹਨ। ਭਾਰਤ ਨੇ ਪਾਕਿਸਤਾਨ ਦੇ ਅੰਦਰ ਤੱਕ ਹਮਲੇ ਕੀਤੇ, ਜਦੋਂ ਕਿ ਪਾਕਿਸਤਾਨ ਨੇ ਭਾਰਤੀ ਲੜਾਕੂ ਜਹਾਜ਼ ਤਬਾਹ ਕਰਨ ਦਾ ਦਾਅਵਾ ਕੀਤਾ। ਦੋਵੇਂਹੀ ਦੇਸ਼ ਆਪਣੇ ਨਾਗਰਿਕਾਂ ਨੂੰ ਸਮਝਾ ਸਕਦੇ ਹਨ ਕਿ ਉਨ੍ਹਾਂ ਨੇ ਇਸ ਤੋਂ ਕੀ ਹਾਸਲ ਕੀਤਾ ਹੈ।"
'ਅਸੀਂ ਬਦਲਾ ਲੈ ਲਿਆ'

ਤਸਵੀਰ ਸਰੋਤ, Getty Images
ਪਾਕਿਸਤਾਨ ਦੇ ਵਜ਼ੀਰ-ਏ-ਆਜ਼ਮ ਸ਼ਹਿਬਾਜ਼ ਸ਼ਰੀਫ ਨੇ ਸ਼ਨੀਵਾਰ ਸਵੇਰੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਪਾਕਿਸਤਾਨ ਨੇ ਭਾਰਤ ਨੂੰ 'ਢੁਕਵਾਂ' ਜਵਾਬ ਦੇ ਦਿੱਤਾ ਹੈ।
ਸ਼ਹਿਬਾਜ਼ ਸ਼ਰੀਫ ਨੇ ਕਿਹਾ, ''ਸਾਡੇ ਜਵਾਬੀ ਆਪ੍ਰੇਸ਼ਨ 'ਬੁਨਯਾਨ ਅਲ ਮਰਸੂਸ' 'ਚ ਖਾਸ ਤੌਰ 'ਤੇ ਉਨ੍ਹਾਂ ਭਾਰਤੀ ਫੌਜੀ ਠਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ, ਜਿੱਥੋਂ ਕਿ ਪਾਕਿਸਤਾਨ 'ਤੇ ਹਮਲੇ ਸ਼ੁਰੂ ਹੋਏ ਸਨ। ਅੱਜ ਅਸੀਂ ਭਾਰਤ ਨੂੰ ਢੁਕਵਾਂ ਜਵਾਬ ਦਿੱਤਾ ਹੈ ਅਤੇ ਮਾਸੂਮ ਲੋਕਾਂ ਦੀ ਮੌਤ ਦਾ ਬਦਲਾ ਲੈ ਲਿਆ ਹੈ।"
ਹੁਣ ਅੱਗੇ ਕੀ ਹੋਵੇਗਾ ਇਸ ਸਥਿਤੀ 'ਤੇ ਬ੍ਰਿਗੇਡੀਅਰ ਜੀਵਨ ਰਾਜਪੁਰੋਹਿਤ ਦਾ ਮੰਨਣਾ ਹੈ ਕਿ ਮਹੱਤਵਪੂਰਨ ਸਵਾਲ ਇਹ ਹੋਵੇਗਾ ਕਿ ਕੀ ਪਾਕਿਸਤਾਨ ਆਪਣਾ ਨਜ਼ਰੀਆ ਬਦਲਦਾ ਹੈ।
ਰਾਜਪੁਰੋਹਿਤ ਕਹਿੰਦੇ ਹਨ, "ਜੇਕਰ ਪਾਕਿਸਤਾਨ ਆਪਣਾ ਨਜ਼ਰੀਆ ਬਦਲਦਾ ਹੈ ਤਾਂ ਦੋਵਾਂ ਦੇਸ਼ਾਂ ਵਿਚਾਲੇ ਸਾਰਥਕ ਗੱਲਬਾਤ ਦੀ ਸੰਭਾਵਨਾ ਹੈ। ਭਾਰਤ ਦਾ ਇਹ ਸਪਸ਼ਟ ਸਟੈਂਡ ਰਿਹਾ ਹੈ ਕਿ ਦਹਿਸ਼ਤਗਰਦੀ ਅਤੇ ਗੱਲਬਾਤ ਇੱਕਠੇ ਨਹੀਂ ਹੋਣਗੇ।"
"ਹੁਣ ਸਭ ਤੋਂ ਅਹਿਮ ਸਵਾਲ ਇਹ ਹੋਵੇਗਾ ਕਿ ਕੀ ਪਾਕਿਸਤਾਨ ਅੱਤਵਾਦ ਅਤੇ ਪੀਓਕੇ ਭਾਵ ਪਾਕਿਸਤਾਨ ਮਕਬੂਜਾ ਕਸ਼ਮੀਰ 'ਤੇ ਗੱਲ ਕਰਨ ਲਈ ਤਿਆਰ ਹੈ? ਭਾਰਤ ਅਤੇ ਪਾਕਿਸਤਾਨ ਦੇ ਭਵਿੱਖ ਦੇ ਸਬੰਧਾਂ ਦਾ ਆਧਾਰ ਇਹੀ ਹੋਵੇਗਾ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












