ਪੰਜਾਬ: 'ਅਸੀਂ ਮੋਰਚੇ ਉੱਤੇ ਬਿਮਾਰ ਲੋਕਾਂ ਨੂੰ ਮਰਦੇ ਅੱਖੀਂ ਦੇਖਿਆ ਹੈ'- 1965 ਤੇ '71 ਦੀਆਂ ਜੰਗਾਂ ਦੇ ਚਸ਼ਮਦੀਦ ਲੋਕਾਂ ਦੀ ਹੱਡਬੀਤੀ

ਨਿਰਮਲਜੀਤ ਸਿੰਘ, ਕੌਸ਼ਲਿਆ ਬਾਈ ਅਤੇ ਪ੍ਰਿਥਵੀਰਾਜ

ਤਸਵੀਰ ਸਰੋਤ, Kuldeep Brar/BBC

ਤਸਵੀਰ ਕੈਪਸ਼ਨ, ਨਿਰਮਲਜੀਤ ਸਿੰਘ, ਕੌਸ਼ਲਿਆ ਬਾਈ ਅਤੇ ਪ੍ਰਿਥਵੀਰਾਜ ਭਾਰਤ-ਪਾਕਿਸਤਾਨ ਦੀਆਂ ਜੰਗਾਂ ਦੇ ਗਵਾਹ ਹਨ
    • ਲੇਖਕ, ਕੁਲਦੀਪ ਸਿੰਘ ਬਰਾੜ
    • ਰੋਲ, ਬੀਬੀਸੀ ਸਹਿਯੋਗੀ

ਭਾਰਤ ਵੱਲੋਂ ਚਲਾਏ ਗਏ 'ਆਪ੍ਰੇਸ਼ਨ ਸਿੰਦੂਰ' ਤੋਂ ਬਾਅਦ ਭਾਰਤ-ਪਾਕਿਸਤਾਨ ਦਰਮਿਆਨ ਹੋਈ ਫੌਜੀ ਕਾਰਵਾਈ ਕਾਰਨ ਕਈ ਦਿਨ ਤਣਾਅ ਰਿਹਾ। ਹਾਲਾਂਕਿ ਸ਼ਨੀਵਾਰ ਦੋਵਾਂ ਦੇਸ਼ਾਂ ਨੇ ਜੰਗਬੰਦੀ ਦਾ ਐਲਾਨ ਕੀਤਾ।

ਇਹ ਹਾਲਾਤ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਬੀਤੀ 22 ਅਪ੍ਰੈਲ ਨੂੰ 26 ਸੈਲਾਨੀਆਂ ਦੀ ਜਾਨ ਲੈਣ ਵਾਲੇ ਅੱਤਵਾਦੀ ਹਮਲੇ ਤੋਂ ਬਾਅਦ ਬਣੇ ਸਨ।

ਪਰ ਕਰੀਬ ਤਿੰਨ ਦਿਨਾਂ ਤੱਕ ਦੋਵਾਂ ਮੁਲਕਾਂ ਦਰਮਿਆਨ ਚੱਲੇ ਫ਼ੌਜੀ ਆਪਰੇਸ਼ਨਾਂ ਕਾਰਨ ਪੰਜਾਬ ਸਣੇ ਹੋਰ ਸਰਹੱਦੀ ਇਲਾਕਿਆਂ ਵਿੱਚ ਸਹਿਮ ਅਤੇ ਅਨਿਸ਼ਚਿਤਤਾ ਦਾ ਮਾਹੌਲ ਰਿਹਾ।

ਇਸ ਮਾਹੌਲ ਨੇ ਸਰਹੱਦੀ ਇਲਾਕਿਆਂ ਵਿੱਚ ਰਹਿੰਦੇ ਲੋਕਾਂ ਦੇ ਪੁਰਾਣੇ ਜ਼ਖ਼ਮਾਂ ਨੂੰ ਕੁਰੇਦਿਆ ਹੈ।

ਬਜ਼ੁਰਗਾਂ , ਜਿਨ੍ਹਾਂ ਅੰਦਰ 1965 ਅਤੇ 1971 ਦੀ ਭਾਰਤ-ਪਾਕਿਸਤਾਨ ਵਿਚਾਲੇ ਹੋਈਆਂ ਲੜਾਈ ਦੀਆਂ ਕੌੜੀਆਂ ਯਾਦਾਂ ਘੁੰਮ ਰਹੀਆਂ ਹਨ।

ਜੰਗ ਵਰਗੇ ਹਾਲਾਤ ਦੌਰਾਨ ਬੀਬੀਸੀ ਪੰਜਾਬੀ ਦੀ ਟੀਮ ਨੇ ਫਿਰੋਜ਼ਪੁਰ ਖੇਤਰ ਵਿੱਚ ਸਰਹੱਦੀ ਪਿੰਡਾਂ ਦਾ ਦੌਰਾ ਕੀਤਾ ਅਤੇ ਉਨ੍ਹਾਂ ਦੀਆਂ ਹੱਡਬੀਤੀਆਂ ਸੁਣੀਆਂ।

"ਹਨੇਰਾ ਹੋਣ ਤੋਂ ਪਹਿਲਾਂ ਖਾਣਾ ਪਕਾਉਣ ਦੇ ਹੁਕਮ ਸਨ"

ਕੌਸ਼ਲਿਆ ਬਾਈ

ਤਸਵੀਰ ਸਰੋਤ, Kuldeep Brar/BBC

ਤਸਵੀਰ ਕੈਪਸ਼ਨ, ਕੌਸ਼ਲਿਆ ਬਾਈ ਨੇ ਦੱਸਿਆ ਕਿ ਉਸ ਵੇਲੇ ਫ਼ੌਜੀਆਂ ਵੱਲੋਂ ਹੁਕਮ ਹੁੰਦਾ ਸੀ ਕਿ ਹਨੇਰਾ ਹੋਣ ਤੋਂ ਪਹਿਲਾਂ ਖਾਣਾ ਪਕਾ ਕੇ ਚੁੱਲ੍ਹਿਆਂ ਦੀ ਅੱਗ ਬੁਝਾ ਦਿੱਤੀ ਜਾਵੇ

ਜ਼ਿਲ੍ਹਾ ਫ਼ਾਜ਼ਿਲਕਾ ਦੇ ਪਿੰਡ ਮੋਹਰ ਸਿੰਘ ਵਾਲਾ ਧਰਮੂ ਵਾਲਾ ਦੀ ਰਹਿਣ ਵਾਲੀ ਬਜ਼ੁਰਗ ਕੌਸ਼ਲਿਆ ਬਾਈ ਦੋ ਦੋਵਾਂ ਦੇਸਾਂ ਵਿਚਕਾਰ ਪਏ 'ਰੌਲੇ' ਨੂੰ ਸੁਣ ਕੇ ਚਿੰਤਾ ਵਿੱਚ ਸਨ।

ਉਨ੍ਹਾਂ ਨੂੰ ਯਾਦ ਹੈ ਕਿ ਪਹਿਲਾਂ ਕਿਸ ਤਰ੍ਹਾਂ ਜਹਾਜ਼ਾਂ ਅਤੇ ਤੋਪਾਂ ਜ਼ਰੀਏ ਬੰਬ ਸੁੱਟੇ ਗਏ ਸਨ।

1971 ਦੀ ਜੰਗ ਦਾ ਸਮਾਂ ਯਾਦ ਕਰਦਿਆਂ ਕੌਸ਼ਲਿਆ ਬਾਈ ਨੇ ਦੱਸਿਆ ਕਿ ਉਹ ਆਪਣੀ ਮਾਂ ਅਤੇ ਚਚੇਰੀ ਭੈਣ ਨਾਲ ਨਰਮਾ ਚੁਗਣ ਗਏ ਹੋਏ ਸਨ ਜਦੋਂ ਉਨ੍ਹਾਂ ਨੇ 12-13 ਜਹਾਜ਼ਾਂ ਨੂੰ ਬਾਹਮਣੀ ਵਾਲਾ ਸਟੇਸ਼ਨ (ਨੇੜਲੇ ਪਿੰਡ ਦਾ ਸਟੇਸ਼ਨ) 'ਤੇ ਹਮਲਾ ਕਰਦੇ ਦੇਖਿਆ।

ਉਨ੍ਹਾਂ ਨੇ ਦੱਸਿਆ, "ਆਪਣੇ ਬਚਾਅ ਲਈ ਅਸੀਂ ਇੱਕ ਦੂਜੇ ਹੇਠ-ਉੱਤੇ ਇਕੱਠੀਆਂ ਪੈ ਗਈਆਂ। ਸੋਚਿਆ ਕਿ ਕੋਈ ਨਾ ਜੇ ਮਰਾਂਗੀਆਂ ਤਾਂ ਇਕੱਠੀਆਂ ਹੀ ਮਰਾਂਗੀਆਂ।"

ਕੌਸ਼ਲਿਆ ਦੇਵੀ ਨੇ ਇਹ ਵੀ ਦੱਸਿਆ ਕਿ ਘਰਾਂ ਵਿੱਚ ਉਨ੍ਹਾਂ ਨੇ ਬਚਾਅ ਲਈ ਮੋਰਚੇ ਬਣਾਏ ਹੁੰਦੇ ਸਨ ਅਤੇ ਜਦੋਂ ਜਹਾਜ਼ ਆਉਂਦੇ ਸੀ ਤਾਂ ਭੱਜ ਕੇ ਉਨ੍ਹਾਂ ਅੰਦਰ ਲੁਕ ਜਾਂਦੇ ਸੀ।

ਉਨ੍ਹਾਂ ਨੇ ਦੱਸਿਆ ਕਿ ਉਸ ਵੇਲੇ ਫ਼ੌਜੀਆਂ ਵੱਲੋਂ ਹੁਕਮ ਹੁੰਦਾ ਸੀ ਕਿ ਹਨੇਰਾ ਹੋਣ ਤੋਂ ਪਹਿਲਾਂ ਖਾਣਾ ਪਕਾ ਕੇ ਚੁੱਲ੍ਹਿਆਂ ਦੀ ਅੱਗ ਬੁਝਾ ਦਿੱਤੀ ਜਾਵੇ।

ਕੌਸ਼ਲਿਆ

ਮੌਜੂਦਾ ਹਾਲਤ ਦੀ ਤੁਲਨਾ ਉਸ ਵੇਲੇ ਨਾਲ ਕਰਦਿਆਂ ਕੌਸ਼ਲਿਆ ਬਾਈ ਕਹਿੰਦੇ ਹਨ ਕਿ ਪਹਿਲਾਂ ਫ਼ੌਜੀ ਆ ਕੇ ਘੇਰਾ ਪਾਉਂਦੇ ਸਨ ਤੇ ਲੋਕਾਂ ਨੂੰ ਲੈ ਜਾਂਦੇ ਸੀ, ਪਰ ਹੁਣ ਤਾਂ ਐਟਮ ਬੰਬ ਹਨ।

ਉਹ ਕਹਿੰਦੇ ਹਨ, "ਹੁਣ ਜੇ ਜੰਗ ਲੱਗੀ ਤਾਂ ਕੁਝ ਬਚਣਾ ਨਹੀਂ।"

1971 ਦੀ ਜੰਗ ਦੇ ਹਾਲਾਤ ਦੇਖਣ ਵਾਲੇ ਕੌਸ਼ਲਿਆ ਦੇਵੀ ਸਰਕਾਰਾਂ ਨੂੰ ਸ਼ਾਂਤੀ ਦੀ ਬੇਨਤੀ ਕਰਦੇ ਹਨ।

ਉਹ ਕਹਿੰਦੇ ਹਨ, "ਭਾਰਤ ਨੇ ਪਹਿਲਗਾਮ ਹਮਲੇ ਦਾ ਬਦਲਾ ਲੈ ਲਿਆ ਹੈ। ਦੋਵਾਂ ਦੇਸਾਂ ਵਿੱਚ ਹੁਣ ਸ਼ਾਂਤੀ ਹੋਣੀ ਚਾਹੀਦੀ ਹੈ।"

ਉਹ ਅਸੀਸ ਦੇਣ ਵਾਂਗ ਕਹਿੰਦੇ ਹਨ, "ਸਰਕਾਰਾਂ ਕਦੇ ਜੰਗ ਨਾ ਲਾਉਣ ਅਤੇ ਨੌਜਵਾਨ ਜਵਾਨੀਆਂ ਮਾਨਣ ਅਤੇ ਬੱਚੇ ਤੰਦਰੁਸਤ ਰਹਿਣ।"

ਲਾਈਨ

ਹੁਣ ਤੱਕ ਦਾ ਮੁੱਖ ਘਟਨਾਕ੍ਰਮ

  • 6-7 ਮਈ ਦੀ ਦਰਮਿਆਨੀ ਰਾਤ ਨੂੰ ਭਾਰਤ ਨੇ ਪਾਕਿਸਤਾਨ ਅਤੇ ਪਾਕ ਸਾਸ਼ਿਤ ਕਸ਼ਮੀਰ ਵਿੱਚ 'ਆਪਰੇਸ਼ਨ ਸਿੰਦੂਰ' ਤਹਿਤ ਫੌਜੀ ਕਾਰਵਾਈ ਕੀਤੀ
  • 22 ਅਪ੍ਰੈਲ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਕਿਹਾ ਕਿ ਅੱਤਵਾਦੀ ਟਿਕਾਣਿਆਂ ਨੂੰ ਖ਼ਤਮ ਕਰਨ ਇਹ ਕਾਰਵਾਈ ਕੀਤੀ
  • ਪਾਕਿਸਤਾਨ ਨੇ ਕਿਹਾ ਕਿ ਉਸ ਦੀਆਂ ਫੌਜਾਂ ਨੇ ਭਾਰਤੀ ਫੌਜੀ ਕਾਰਵਾਈ ਦਾ ਜਵਾਬ ਦਿੱਤਾ ਹੈ।
  • ਪਾਕਿਸਤਾਨੀ ਫੌਜ ਦੇ ਬੁਲਾਰੇ ਨੇ ਦੱਸਿਆ ਕਿ ਹੁਣ ਤੱਕ ਹਮਲੇ ਵਿੱਚ 36 ਲੋਕਾਂ ਦੀ ਮੌਤ ਹੋਈ ਹੈ ਜਦਕਿ 57 ਲੋਕ ਜ਼ਖਮੀ ਹੋਏ ਹਨ। ਇਸ ਉੱਪਰ ਭਾਰਤ ਦੀ ਹਾਲੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।
  • ਭਾਰਤੀ ਫੌਜ ਦੇ ਉੱਚ ਅਧਿਕਾਰੀ ਨੇ ਬੀਬੀਸੀ ਕੋਲ ਪੁਸ਼ਟੀ ਕੀਤੀ ਹੈ ਕਿ ਸਰਹੱਦ ਉੱਤੇ ਪੁੰਛ ਇਲਾਕੇ ਵਿੱਚ ਹੋਈ ਪਾਕਿਸਤਾਨੀ ਗੋਲੀਬਾਰੀ ਵਿੱਚ ਮਰਨ ਵਾਲਿਆਂ ਦੀ ਗਿਣਤੀ 16 ਹੋ ਗਈ ਹੈ ਅਤੇ 43 ਲੋਕ ਜ਼ਖ਼ਮੀ ਹਨ।
  • ਦੋਵਾਂ ਵਲੋਂ ਇੱਕ ਦੂਜੇ ਉੱਤੇ ਕਾਰਵਾਈਆਂ ਕਰਨ ਦੇ ਇਲਜਾਮ ਲਾਏ ਗਏ ਅਤੇ ਨੁਕਸਾਨ ਪਹੁੰਚਾਉਣ ਦਾਅਵੇ ਕੀਤੇ ਗਏ
  • 10 ਮਈ ਨੂੰ ਭਾਰਤੀ ਸਮੇਂ ਮੁਤਾਬਕ ਸ਼ਾਮੀ 5 ਵਜੇ ਤੋਂ ਦੋਵਾਂ ਮੁਲਕਾਂ ਨੇ ਜੰਗਬੰਦੀ ਦਾ ਐਲਾਨ ਕੀਤਾ, ਭਾਵੇਂ ਉਸ ਤੋਂ ਕੁਝ ਘੰਟੇ ਬਾਅਦ ਤੱਕ ਜੰਮੂ-ਕਸ਼ਮੀਰ ਵਿੱਚ ਫਾਇਰਿੰਗ ਅਤੇ ਡਰੋਨ ਦਿਖਣ ਦੀਆਂ ਖ਼ਬਰਾਂ ਆਉਂਦੀਆਂ ਰਹੀਆਂ
  • ਇਸ ਵੇਲੇ ਮਾਹੌਲ ਸ਼ਾਂਤ ਹੈ ਅਤੇ ਦੋਵਾਂ ਮੁਲਕਾਂ ਦੇ ਫੌਜੀ ਅਫ਼ਸਰਾਂ ਵਿਚਾਲੇ 12 ਮਈ ਨੂੰ ਬੈਠਕ ਹੋਵੇਗੀ।
ਲਾਈਨ

"ਹੁਣ ਜੰਗ ਲੱਗੀ ਤਾਂ ਮਨੁੱਖਤਾ ਦਾ ਘਾਣ ਹੋਵੇਗਾ"

ਨਿਰਮਲਜੀਤ ਸਿੰਘ

ਤਸਵੀਰ ਸਰੋਤ, Kuldeep Brar/BBC

ਤਸਵੀਰ ਕੈਪਸ਼ਨ, ਨਿਰਮਲਜੀਤ ਸਿੰਘ ਕਹਿੰਦੇ ਹਨ ਕਿ ਆਮ ਕਿਸਾਨਾਂ ਨੇ ਜੰਗ ਦੇ ਦਿਨਾਂ ਵਿੱਚ ਖੇਤਾਂ ਅੰਦਰ ਵੀ ਦਰਖਤਾਂ ਹੇਠ ਟੋਏ ਪੁੱਟ ਕੇ ਖ਼ੁਦ ਨੂੰ ਬਚਾਉਣ ਦੇ ਪ੍ਰਬੰਧ ਕੀਤੇ ਹੋਏ ਸਨ।

ਇਸੇ ਤਰ੍ਹਾਂ ਜਲਾਲਾਬਾਦ ਦੇ ਸਰਕਾਰੀ ਸਕੂਲ ਤੋਂ ਰਿਟਾਇਰ ਪ੍ਰਿੰਸੀਪਲ ਨਿਰਮਲਜੀਤ ਸਿੰਘ ਬਰਾੜ 1965 ਅਤੇ 1971 ਦੋਵਾਂ ਜੰਗਾਂ ਦੇ ਗਵਾਹ ਰਹੇ ਹਨ।

ਉਹ ਦੱਸਦੇ ਹਨ ਕਿ 1965 ਦੀ ਜੰਗ ਵੇਲੇ ਉਹ 10 ਕੁ ਸਾਲ ਦੇ ਸਨ ਅਤੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਯਾਦ ਹੈ ਕਿ ਕਿਵੇਂ ਜਹਾਜ਼ ਆਉਂਦੇ ਸਨ ਅਤੇ ਹਮਲਾ ਕਰਦੇ ਸਨ।

ਉਨ੍ਹਾਂ ਯਾਦ ਕੀਤਾ ਕਿ ਕਿਵੇਂ ਪਿੰਡ ਦੇ ਸਕੂਲ ਵਿੱਚ ਬੋਹੜ ਦੇ ਦਰਖ਼ਤ ਨੇੜੇ ਕਾਫ਼ੀ ਵੱਡਾ ਟੋਆ ਪੱਟਿਆਂ ਹੋਇਆ ਸੀ ਜਿਸ ਨੂੰ ਉੱਪਰ ਵੱਡੀ ਟਾਹਣੀ ਰੱਖ ਕੇ ਹਰੇ ਰੰਗ ਦੇ ਕੱਪੜਿਆਂ ਨਾਲ ਲੁਕੋਇਆ ਸੀ।

ਉਨ੍ਹਾਂ ਦੱਸਿਆ ਕਿ ਇੱਕ ਪਾਸਿਓਂ ਟੋਆ ਖੁੱਲ੍ਹਾ ਰੱਖਿਆ ਗਿਆ ਸੀ ਅਤੇ ਜਦੋਂ ਵੀ ਕੋਈ ਖਤਰੇ ਵਾਲੇ ਹਾਲਾਤ ਬਣਦੇ ਸਨ ਤਾਂ ਵਿਦਿਆਰਥੀ ਅਤੇ ਅਧਿਆਪਕ ਉੱਥੇ ਜਾ ਕੇ ਖ਼ੁਦ ਨੂੰ ਸੁਰੱਖਿਅਤ ਕਰ ਲੈਂਦੇ ਸਨ।

ਨਿਰਮਲਜੀਤ ਸਿੰਘ ਨੇ ਦੱਸਿਆ ਕਿ ਇਸੇ ਤਰ੍ਹਾਂ ਘਰਾਂ ਅੰਦਰ ਫ਼ਸਲਾਂ ਰੱਖਣ ਲਈ ਬਣਾਈਆਂ ਕੱਚੀਆਂ ਸਬ੍ਹਾਤਾਂ (ਲੁੱਕਵੇਂ ਕਮਰੇ) ਅੰਦਰ ਸ਼ਤੀਰਾਂ ਨਾਲ ਬਣਾਏ ਤਿਕੋਣ-ਨੁਮਾ ਸ਼ੈਲਟਰ ਹੇਠ ਲੋਕ ਖ਼ੁਦ ਨੂੰ ਬਚਾਉਣ ਦੇ ਇੰਤਜ਼ਾਮ ਕਰਦੇ ਸੀ।

ਆਮ ਕਿਸਾਨਾਂ ਨੇ ਖੇਤਾਂ ਅੰਦਰ ਵੀ ਦਰਖਤਾਂ ਹੇਠ ਟੋਏ ਪੁੱਟ ਕੇ ਖ਼ੁਦ ਨੂੰ ਬਚਾਉਣ ਦੇ ਪ੍ਰਬੰਧ ਕੀਤੇ ਹੋਏ ਸਨ।

ਨਿਰਮਲਜੀਤ ਸਿੰਘ

ਨਿਰਮਲਜੀਤ ਸਿੰਘ ਆਪਣਾ ਤਜਰਬਾ ਸਾਂਝਾ ਕਰਦਿਆਂ ਕਹਿੰਦੇ ਹਨ ਕਿ 1971 ਦੀ ਜੰਗ ਵੇਲੇ 1965 ਦੀ ਜੰਗ ਦੇ ਮੁਕਾਬਲੇ ਕਾਫ਼ੀ ਕੁਝ ਬਦਲ ਗਿਆ ਸੀ।

'71 ਵੇਲੇ ਹਵਾਈ ਸ਼ੈਲਿੰਗ ਬਹੁਤ ਤੇਜ਼ ਹੁੰਦੀ ਸੀ ਅਤੇ ਲੋਕ ਆਪਣੇ ਬਚਾਅ ਲਈ ਕੱਚਿਆਂ ਦੇ ਮੁਕਾਬਲੇ ਪੱਕੇ ਮੋਰਚਿਆਂ ਨੂੰ ਹੀ ਸੁਰੱਖਿਅਤ ਸਮਝਦੇ ਸਨ।

ਦੋਵਾਂ ਜੰਗਾਂ ਦੇ ਤਜਰਬੇ ਵਿੱਚੋਂ ਉਨ੍ਹਾਂ ਇਹ ਵੀ ਦੱਸਿਆ, "ਜੰਗ ਦੇ ਦਿਨਾਂ ਵਿੱਚ ਪਾਣੀ ਦੀ ਬਹੁਤ ਕਿੱਲਤ ਹੋਈ। ਨਾ ਲੋਕਾਂ ਦੇ ਪੀਣ ਨੂੰ ਪਾਣੀ ਸੀ ਨਾ ਡੰਗਰਾਂ ਦੇ ਪੀਣ ਨੂੰ।"

"ਜੰਗ ਦੇ ਹਾਲਾਤ ਬਹੁਤ ਖ਼ਰਾਬ ਹੁੰਦੇ ਹਨ, ਇਹ ਨਹੀਂ ਹੋਣੀ ਚਾਹੀਦੀ। ਬਿਮਾਰ ਲੋਕਾਂ ਨੂੰ ਦਵਾਈ ਨਹੀਂ ਮਿਲਦੀ, ਅਸੀਂ ਪਿਛਲੀਆਂ ਜੰਗਾਂ ਵਿੱਚ ਬਿਮਾਰ ਲੋਕਾਂ ਨੂੰ ਮੋਰਚਿਆਂ ਵਿੱਚ ਹੀ ਮਰਦੇ ਦੇਖਿਆ ਹੈ।"

ਨਿਰਮਲਜੀਤ ਸਿੰਘ ਨੇ ਵੀ ਯਾਦ ਕੀਤਾ ਕਿ ਜੰਗ ਦੌਰਾਨ ਦੁਪਹਿਰ ਵੇਲੇ ਹੀ ਖਾਣਾ ਬਣਾ ਕੇ ਖਾ ਲੈਣ ਦੇ ਹੁਕਮ ਹੁੰਦੇ ਸਨ, ਕਿਉਂਕਿ ਹਨੇਰੇ ਵਿੱਚ ਚੁੱਲ੍ਹੇ ਵਿੱਚ ਬਲਦੀ ਅੱਗ ਦਾ ਚਾਨਣ ਹਵਾਈ ਹਮਲੇ ਦਾ ਖ਼ਤਰਾ ਪੈਦਾ ਕਰ ਸਕਦਾ ਸੀ।"

ਉਹ ਕਹਿੰਦੇ ਹਨ, "ਦੁਪਹਿਰ ਵੇਲੇ ਹੀ ਖਾਣਾ ਬਣਦਾ ਸੀ, ਲੋਕ ਸ਼ਾਮ ਨੂੰ ਵੀ ਉਹੀ ਖਾਂਦੇ ਸਨ। ਕਈ ਵਾਰੀ ਤਾਂ ਦੁੱਧ ਅਤੇ ਗੁੜ ਖਾ ਕੇ ਹੀ ਗੁਜ਼ਾਰਾ ਚੱਲਦਾ ਸੀ।"

ਉਹ ਕਹਿੰਦੇ ਹਨ, "ਜੰਗ ਲੱਗਣਾ ਤਾਂ ਮਨੁੱਖਤਾ ਦਾ ਘਾਣ ਹੀ ਹੈ। ਦੋਵਾਂ ਮੁਲਕਾਂ ਕੋਲ ਪ੍ਰਮਾਣੂ ਸ਼ਕਤੀਆਂ ਹਨ ਅਤੇ ਰੱਬ ਕਰੇ ਇਹ ਦਿਨ ਨਾ ਹੀ ਆਵੇ ਕਿ ਪ੍ਰਮਾਣੂ ਹਥਿਆਰ ਵਰਤੇ ਜਾਣ।"

'ਮੁਲਕ ਤਕੜਾ ਹੋਵੇ ਭਾਵੇਂ ਮਾੜਾ, ਜੰਗ ਨਾਲ ਨੁਕਸਾਨ ਤਾਂ ਹੁੰਦਾ ਹੀ ਹੈ'

ਪ੍ਰਿਥਵੀਰਾਜ

ਤਸਵੀਰ ਸਰੋਤ, Kuldeep Brar/BBC

ਤਸਵੀਰ ਕੈਪਸ਼ਨ, ਪ੍ਰਿਥਵੀਰਾਜ ਕਹਿੰਦੇ ਹਨ ਕਿ ਜਦੋਂ ਪਿਛਲੀਆਂ ਜੰਗਾਂ ਲੱਗੀਆਂ ਸਨ ਤਾਂ ਬਜ਼ੁਰਗ ਕਹਿੰਦੇ ਸਨ ਕਿ ਜੇ ਘਰ ਛੱਡ ਕੇ ਭੱਜਣਾ ਪੈ ਜਾਵੇ ਤਾਂ ਪਸ਼ੂਆਂ ਦੇ ਸੰਗਲ ਖੋਲ੍ਹ ਦੇਈਓ

ਜਲਾਲਾਬਾਦ ਦੇ ਹੀ ਰਹਿਣ ਵਾਲੇ ਇੱਕ ਹੋਰ ਬਜ਼ੁਰਗ ਪ੍ਰਿਥਵੀ ਰਾਜ ਨੇ ਵੀ ਪਿਛਲੀਆਂ ਜੰਗਾਂ ਦੇ ਗਵਾਹ ਹੋਣ ਦਾ ਤਜਰਬਾ ਸਾਂਝਾ ਕੀਤਾ।

ਉਨ੍ਹਾਂ ਦੱਸਿਆ ਕਿ ਸਰਹੱਦੀ ਇਲਾਕਿਆਂ ਵਿੱਚ ਜ਼ਿਆਦਾਤਰ ਪਰਿਵਾਰ ਸੁਰੱਖਿਅਤ ਥਾਂਵਾਂ ਵੱਲ ਹਿਜਰਤ ਕਰ ਗਏ ਸਨ ਅਤੇ ਜੋ ਕੁਝ ਕੁ ਲੋਕ ਰਹੇ ਗਏ ਸਨ ਉਨ੍ਹਾਂ ਨੇ ਘਰਾਂ ਅੰਦਰ ਬਚਾਅ ਲਈ ਮੋਰਚੇ ਬਣਾਏ ਸਨ।

ਉਹ ਕਹਿੰਦੇ ਹਨ, "ਬਜ਼ੁਰਗ ਕਹਿੰਦੇ ਸਨ ਕਿ ਜੇ ਘਰ ਛੱਡ ਕੇ ਭੱਜਣਾ ਪੈ ਜਾਵੇ ਤਾਂ ਪਸ਼ੂਆਂ ਦੇ ਸੰਗਲ ਖੋਲ੍ਹ ਦੇਈਓ।"

"ਮੈਨੂੰ ਯਾਦ ਹੈ ਕਿ ਅਸੀਂ ਰਾਤ ਨੂੰ ਵਾਰੀ ਸਿਰ ਦੋ-ਦੋ ਘੰਟੇ ਪਹਿਰਾ ਦਿੰਦੇ ਸੀ ਤਾਂ ਕਿ ਕੋਈ ਪ੍ਰੇਸ਼ਾਨੀ ਨਾ ਆਵੇ।"

1965 ਦੀ ਜੰਗ ਦਾ ਸਮਾਂ ਯਾਦ ਕਰਦਿਆਂ ਪ੍ਰਿਥਵੀ ਰਾਜ ਕਹਿੰਦੇ ਹਨ ਕਿ ਉਸ ਵੇਲੇ ਜਾਣਕਾਰੀ ਦਾ ਸਾਧਨ ਰੇਡੀਓ ਹੀ ਸੀ ਅਤੇ ਬੀਬੀਸੀ ਲੰਡਨ ਤੋਂ ਖ਼ਬਰਾਂ ਸੁਣਦੇ ਸੀ।

ਉਨ੍ਹਾਂ ਦੱਸਿਆ, "ਉਸ ਵੇਲੇ ਟਿਊਬ ਵਾਲੇ ਰੇਡੀਓ ਹੁੰਦੇ ਸੀ। ਰੌਸ਼ਨੀ ਬਾਹਰ ਨਾ ਜਾਵੇ ਇਸ ਲਈ ਰੇਡੀਓ ਉੱਤੇ ਕੱਪੜਾ ਪਾ ਕੇ ਸੁਣਦੇ ਸੀ।"

ਉਨ੍ਹਾਂ ਦੱਸਿਆ ਕਿ ਉਸ ਵੇਲੇ ਆਮ ਲੋਕਾਂ ਨੇ ਵੀ ਲੋੜ ਦਾ ਸਮਾਨ ਮੁਹੱਈਆ ਕਰਵਾ ਕੇ ਫ਼ੌਜ ਦਾ ਬਹੁਤ ਸਾਥ ਦਿੱਤਾ ਸੀ।

ਪ੍ਰਿਥਵੀ ਰਾਜ ਵੀ ਦੱਸਦੇ ਹਨ ਕਿ 1971 ਦੀ ਜੰਗ 1965 ਦੇ ਮੁਕਾਬਲੇ ਆਧੁਨਿਕ ਹੋ ਗਈ ਸੀ ਅਤੇ ਕਈ ਪਿੰਡਾਂ ਵਿੱਚ ਤੋਪਾਂ ਲਗਾਈਆਂ ਗਈਆਂ ਸਨ ਜਿੱਥੋਂ ਗੋਲੇ ਦਾਗ਼ੇ ਜਾਂਦੇ ਸੀ।

ਉਨ੍ਹਾਂ ਦੱਸਿਆ, "ਘਰਾਂ ਦੇ ਦਰਵਾਜ਼ੇ ਕੰਬਣ ਲੱਗ ਜਾਂਦੇ ਸੀ। ਜਾਨਵਰ ਵੀ ਰੌਲਾ ਪਾਉਂਦੇ ਸਨ।"

ਉਹ ਕਹਿੰਦੇ ਹਨ ਕਿ ਪਹਿਲਗਾਮ ਹਮਲੇ ਤੋਂ ਬਾਅਦ ਮੋਦੀ ਸਰਕਾਰ ਨੇ ਜੋ ਕੀਤਾ ਸਹੀ ਕੀਤਾ ਹੈ ਅਤੇ ਉਹ ਦੇਸ਼ ਦੇ ਨਾਲ ਖੜ੍ਹੇ ਹਨ। ਅੱਤਵਾਦ ਖ਼ਤਮ ਹੋਣਾ ਚਾਹੀਦਾ ਹੈ, ਪਰ ਜੰਗ ਕਿਸੇ ਮਸਲੇ ਦਾ ਹੱਲ ਨਹੀਂ।

ਪ੍ਰਿਥਵੀ ਰਾਜ ਕਹਿੰਦੇ ਹਨ ਕਿ ਭਾਵੇਂ ਤਕੜਾ ਮੁਲਕ ਹੋਵੇ ਭਾਵੇਂ ਮਾੜਾ, ਜੰਗ ਨੁਕਸਾਨ ਜ਼ਰੂਰ ਕਰਦੀ ਹੈ ਅਤੇ ਮੁਲਕ ਕਈ ਸਾਲ ਪਿੱਛੇ ਪੈ ਜਾਂਦੇ ਹਨ।