ਪ੍ਰਯਾਗਰਾਜ: ਦਾਜ ਲਈ ਕਥਿਤ ਕਤਲ ਤੋਂ ਬਾਅਦ ਦਿਲ-ਦਹਿਲਾਉਣ ਵਾਲੀ 'ਬਦਲੇ ਦੀ ਅੱਗ' ’ਚ ਕੌਣ-ਕੌਣ ਸੜਿਆ

ਤਸਵੀਰ ਸਰੋਤ, Ankit Srinivas
- ਲੇਖਕ, ਗੀਤਾ ਪਾਂਡੇ
- ਰੋਲ, ਬੀਬੀਸੀ ਪੱਤਰਕਾਰ
ਦੇਸ਼ ਵਿੱਚ ਵਾਪਰੀ ਇੱਕ ਭਿਆਨਕ ਤ੍ਰਾਸਦੀ ਨੇ ਦੋ ਪਰਿਵਾਰਾਂ ਨੂੰ ਤਬਾਹ ਕਰ ਦਿੱਤਾ, ਤਿੰਨ ਜਾਣਿਆਂ ਦੀ ਮੌਤ ਹੋ ਗਈ ਅਤੇ ਸੱਤ ਨੂੰ ਜੇਲ੍ਹ ਜਾਣਾ ਪਿਆ।
ਪ੍ਰਯਾਗਰਾਜ ਜਿਸ ਨੂੰ ਪਹਿਲਾਂ ਇਲਾਹਾਬਾਦ ਕਿਹਾ ਜਾਂਦਾ ਸੀ, ਉੱਥੇ 18 ਮਾਰਚ ਦੀ ਰਾਤ ਨੂੰ ਵਾਪਰੀ ਘਟਨਾ ਨੇ ਦੋ ਭੀੜ-ਭੜੱਕੇ ਵਾਲੇ ਮੱਧ-ਵਰਗੀ ਮੁਹੱਲੇ ਦੇ ਲੋਕਾਂ ਨੂੰ ਗ਼ਮਗੀਨ ਕਰ ਦਿੱਤਾ।
ਚਿਤਾਵਨੀ: ਇਸ ਰਿਪੋਰਟ ਵਿੱਚ ਕੁਝ ਅਜਿਹੇ ਵਿਵਰਣ ਹਨ ਜੋ ਤੁਹਾਨੂੰ ਪ੍ਰੇਸ਼ਾਨ ਕਰ ਸਕਦੇ ਹਨ।
ਅੰਸ਼ਿਕਾ ਦੇ ਪਤੀ ਅੰਸ਼ੂ ਦੀ ਭੈਣ ਸ਼ਿਵਾਨੀ ਕੇਸਰਵਾਨੀ ਦੱਸਦੇ ਹੈ, ‘‘ਰਾਤ ਦੇ ਕਰੀਬ 11 ਵਜੇ ਸਨ ਜਦੋਂ ਤਕਰੀਬਨ 60-70 ਲੋਕ ਸਾਡੇ ਘਰ ਆਏ। ਉਨ੍ਹਾਂ ਨੇ ਸਾਨੂੰ ਬੇਰਹਿਮੀ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ।’’
ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਹਮਲਾਵਰਾਂ ਵਿੱਚ ਉਸ ਦੇ ਭਰਾ ਅੰਸ਼ੂ ਦੀ ਪਤਨੀ ਅੰਸ਼ਿਕਾ ਦੇ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਸ਼ਾਮਲ ਸਨ। ਇਸ ਤੋਂ ਇੱਕ ਘੰਟਾ ਪਹਿਲਾਂ ਕੇਸਰਵਾਨੀ ਦੇ ਘਰ ਵਿੱਚ ਅੰਸ਼ਿਕਾ ਦੀ ਲਾਸ਼ ਲਟਕਦੀ ਮਿਲੀ ਸੀ।
ਸ਼ਿਵਾਨੀ ਅਤੇ ਪੁਲਿਸ ਦਾ ਕਹਿਣਾ ਹੈ ਕਿ ਅੰਸ਼ਿਕਾ ਦੀ ਮੌਤ ਖੁਦਕੁਸ਼ੀ ਨਾਲ ਹੋਈ, ਪਰ ਉਸ ਦੇ ਪਰਿਵਾਰ ਅਤੇ ਗੁਆਂਢੀਆਂ ਦਾ ਇਲਜ਼ਾਮ ਹੈ ਕਿ ਉਸ ਨੂੰ ਦਾਜ ਲਈ ਮਾਰਿਆ ਗਿਆ ਹੈ।

ਤਸਵੀਰ ਸਰੋਤ, Ankit Srinivas
ਕੇਸਰਵਾਨੀ ਪਰਿਵਾਰ
ਕੇਸਰਵਾਨੀ ਪਰਿਵਾਰ ਦਾ ਲੱਕੜ ਦਾ ਜੱਦੀ ਕਾਰੋਬਾਰ ਸੀ ਅਤੇ ਉਹ ਸਾਂਝੇ ਪਰਿਵਾਰ ਵਿੱਚ ਰਹਿੰਦੇ ਸਨ।
ਹੇਠਲੀ ਮੰਜ਼ਿਲ ਅਤੇ ਬੇਸਮੈਂਟ ’ਤੇ ਦੁਕਾਨ ਅਤੇ ਗੋਦਾਮ ਬਣਾਇਆ ਹੋਇਆ ਸੀ ਅਤੇ ਪਰਿਵਾਰ ਇਸ ਦੇ ਉੱਪਰ ਰਹਿੰਦਾ ਸੀ।
ਘਰ ਦੀ ਹਰ ਮੰਜ਼ਿਲ ’ਤੇ ਇੱਕ ਬੈੱਡਰੂਮ ਸੀ। ਅੰਸ਼ੂ ਇੱਕ ਸਾਲ ਪਹਿਲਾਂ ਹੋਏ ਵਿਆਹ ਤੋਂ ਬਾਅਦ ਆਪਣੀ ਪਤਨੀ ਨਾਲ ਉਪਰਲੀ ਮੰਜ਼ਿਲ ’ਤੇ ਰਹਿੰਦਾ ਸੀ, ਉਸ ਦੇ ਮਾਤਾ-ਪਿਤਾ ਪਹਿਲੀ ਮੰਜ਼ਿਲ ’ਤੇ ਅਤੇ ਉਸ ਦੀ ਭੈਣ ਸ਼ਿਵਾਨੀ ਦੂਜੀ ਮੰਜ਼ਿਲ ’ਤੇ ਰਹਿੰਦੀ ਸੀ।
ਸ਼ਿਵਾਨੀ ਨੇ ਬੀਬੀਸੀ ਨੂੰ ਦੱਸਿਆ, ‘‘ਅੰਸ਼ਿਕਾ ਆਮ ਤੌਰ ’ਤੇ ਰਾਤ ਦੇ 8 ਵਜੇ ਦੇ ਆਸ-ਪਾਸ ਖਾਣਾ ਖਾਣ ਲਈ ਹੇਠਾਂ ਆਉਂਦੀ ਸੀ, ਪਰ ਉਸ ਦਿਨ ਉਹ ਨਹੀਂ ਆਈ ਅਤੇ ਅਸੀਂ ਸੋਚਿਆ ਕਿ ਉਹ ਸੌਂ ਗਈ ਹੋਵੇਗੀ।’’
ਸ਼ਿਵਾਨੀ ਮੁਤਾਬਕ ਜਦੋਂ ਰਾਤ 10 ਵਜੇ ਉਨ੍ਹਾਂ ਦਾ ਭਰਾ ਦੁਕਾਨ ਤੋਂ ਆਇਆ ਤਾਂ ਉਹ ਆਪਣੀ ਪਤਨੀ ਨੂੰ ਬੁਲਾਉਣ ਲਈ ਗਿਆ।
ਉਹ ਦੱਸਦੇ ਹਨ,"ਜਦੋਂ ਉਸ ਵੱਲੋਂ ਦਰਵਾਜ਼ਾ ਖੜਕਾਉਣ ’ਤੇ ਕੋਈ ਜਵਾਬ ਨਾ ਮਿਲਿਆ ਤਾਂ ਉਸ ਨੇ ਅੰਦਰੋਂ ਬੂਹਾ ਖੋਲ੍ਹਣ ਲਈ ਦਰਵਾਜ਼ੇ ਦੇ ਉੱਪਰ ਲੱਗੇ ਸ਼ੀਸ਼ੇ ਨੂੰ ਤੋੜ ਦਿੱਤਾ।”
“ਉਦੋਂ ਉਸ ਨੇ ਅੰਸ਼ਿਕਾ ਨੂੰ ਮਰਿਆ ਹੋਇਆ ਦੇਖਿਆ। ਇਹ ਦੇਖ ਕੇ ਉਹ ਚੀਕਿਆ ਅਤੇ ਅਸੀਂ ਸਾਰੇ ਕਾਹਲੀ ਨਾਲ ਭੱਜ ਕੇ ਉੱਪਰ ਚਲੇ ਗਏ।’’
ਅੰਸ਼ੂ ਅਤੇ ਉਸ ਦੇ ਚਾਚੇ ਨੇ ਆਪਣੇ ਘਰ ਤੋਂ ਅੱਧੇ ਕਿਲੋਮੀਟਰ ਤੋਂ ਵੀ ਘੱਟ ਦੂਰੀ ’ਤੇ ਸਥਿਤ ਪੁਲਿਸ ਸਟੇਸ਼ਨ ਨੂੰ ਮੌਤ ਦੀ ਸੂਚਨਾ ਦਿੱਤੀ ਅਤੇ ਅੰਸ਼ਿਕਾ ਦੇ ਮਾਪਿਆਂ ਨੂੰ ਵੀ ਸੂਚਿਤ ਕਰ ਦਿੱਤਾ।

ਤਸਵੀਰ ਸਰੋਤ, Ankit Srinivas
ਇੱਕ ਘੰਟੇ ਵਿੱਚ ਲਿਆ ਬਦਲੇ ਦਾ ਰਾਹ
ਪੁਲਿਸ ਦਾ ਕਹਿਣਾ ਹੈ ਕਿ ਸ਼ਿਵਾਨੀ ਦੀ ਮੌਤ ਦਾ ਪਤਾ ਲੱਗਣ ਦੇ ਇੱਕ ਘੰਟੇ ਤੋਂ ਵੀ ਘੱਟ ਸਮੇਂ ਵਿੱਚ ਅੰਸ਼ਿਕਾ ਦਾ ਪਰਿਵਾਰ ਦਰਜਨਾਂ ਰਿਸ਼ਤੇਦਾਰਾਂ ਨੂੰ ਨਾਲ ਲੈ ਕੇ ਉੱਥੇ ਪਹੁੰਚਿਆ ਅਤੇ ਕੁਝ ਹੀ ਮਿੰਟਾਂ ਵਿੱਚ ਦੋਵਾਂ ਪਰਿਵਾਰ ਵਿਚਕਾਰ ਭਿਆਨਕ ਲੜਾਈ ਸ਼ੁਰੂ ਹੋ ਗਈ।
ਆਪਣੇ ਮੋਬਾਈਲ ਫੋਨ ’ਤੇ ਸ਼ਿਵਾਨੀ ਸਾਨੂੰ ਆਦਮੀਆਂ ਵੱਲੋਂ ਰੌਲਾ ਪਾਉਣ, ਇੱਕ-ਦੂਜੇ ਨੂੰ ਲੱਕੜ ਦੇ ਡੰਡਿਆਂ ਨਾਲ ਮਾਰਨ ਦੇ ਵੀਡੀਓ ਦਿਖਾਉਂਦੀ ਹੈ।
ਇੱਕ ਪੁਲਿਸ ਕਰਮਚਾਰੀ ਦੋਵਾਂ ਧਿਰਾਂ ਵਿਚਕਾਰ ਖੜ੍ਹਾ ਨਜ਼ਰ ਆਉਂਦਾ ਹੈ, ਉਹ ਸਥਿਤੀ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਿਹਾ ਹੈ, ਪਰ ਉਹ ਇਸ ਵਿੱਚ ਸਫ਼ਲ ਨਹੀਂ ਹੋ ਰਿਹਾ।
ਪੁਲਿਸ ਦਾ ਕਹਿਣਾ ਹੈ ਕਿ ਜਿਵੇਂ ਹੀ ਅੰਸ਼ਿਕਾ ਦੀ ਲਾਸ਼ ਨੂੰ ਘਰ ਤੋਂ ਬਾਹਰ ਕੱਢਿਆ ਗਿਆ, ਉਸ ਦੇ ਰਿਸ਼ਤੇਦਾਰਾਂ ਨੇ ਘਰ ਨੂੰ ਅੱਗ ਲਗਾ ਦਿੱਤੀ।
ਘਰ ਦੀ ਜ਼ਮੀਨੀ ਮੰਜ਼ਿਲ ਅਤੇ ਬੇਸਮੈਂਟ ਵਿੱਚ ਰੱਖੀ ਹੋਈ ਲੱਕੜ ਬੁਰੀ ਤਰ੍ਹਾਂ ਸੜ ਗਈ, ਜਿਸ ਨਾਲ ਸ਼ਿਵਾਨੀ, ਉਸ ਦੇ ਮਾਤਾ-ਪਿਤਾ ਅਤੇ ਚਾਚੀ ਘਰ ਵਿੱਚ ਹੀ ਫ਼ਸ ਗਏ।
ਸ਼ਿਵਾਨੀ ਅਤੇ ਉਸ ਦੀ ਚਾਚੀ ਨੇ ਦੂਜੀ ਮੰਜ਼ਿਲ ਦੀ ਖਿੜਕੀ ਤੋੜ ਦਿੱਤੀ ਅਤੇ ਨਾਲ ਲੱਗਦੇ ਘਰ ਜੋ ਕਿ ਉਨ੍ਹਾਂ ਦੇ ਚਾਚੇ ਦਾ ਹੈ, ਉੱਥੇ ਸੁਰੱਖਿਅਤ ਪਹੁੰਚ ਗਏ, ਪਰ ਉਸ ਦੇ ਮਾਪੇ ਇੰਨੇ ਖੁਸ਼ਕਿਸਮਤ ਨਹੀਂ ਸਨ।
ਅੱਗ ਬੁਝਾਉਣ ਵਾਲਾ ਅਮਲਾ ਤਿੰਨ ਘੰਟੇ ਤੋਂ ਵੱਧ ਸਮੇਂ ਵਿੱਚ ਸਵੇਰੇ 3 ਵਜੇ ਦੇ ਕਰੀਬ ਘਰ ਅੰਦਰ ਦਾਖਲ ਹੋਇਆ ਤਾਂ ਉਨ੍ਹਾਂ ਨੂੰ ਬਜ਼ੁਰਗ ਜੋੜੇ ਦੀਆਂ ਸੜੀਆਂ ਹੋਈਆਂ ਲਾਸ਼ਾਂ ਮਿਲੀਆਂ।
ਸ਼ਿਵਾਨੀ ਨੇ ਆਪਣੇ ਹੰਝੂ ਪੂੰਝਦਿਆਂ ਦੱਸਿਆ, ‘‘ਮੇਰੀ ਮਾਂ ਪੌੜੀਆਂ ’ਤੇ ਬੈਠੀ ਮਿਲੀ। ਉਨ੍ਹਾਂ ਨੂੰ ਇੱਕ ਬੋਰੀ ਵਿੱਚ ਪਾ ਕੇ ਮੁਰਦਾਘਰ ਲਿਜਾਇਆ ਗਿਆ।’’
ਸ਼ਿਵਾਨੀ ਵੱਲੋਂ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਅੰਸ਼ਿਕਾ ਦੇ ਪਰਿਵਾਰ ਦੇ 12 ਮੈਂਬਰ ਅਤੇ ‘60-70 ਅਣਪਛਾਤੇ ਲੋਕਾਂ’ ਦੇ ਨਾਂ ਸ਼ਾਮਲ ਹਨ।
ਇੱਕ ਪੁਲਿਸ ਅਧਿਕਾਰੀ ਨੇ ਬੀਬੀਸੀ ਨੂੰ ਦੱਸਿਆ ਕਿ ਅੰਸ਼ਿਕਾ ਦੇ ਪਿਤਾ, ਚਾਚਾ ਅਤੇ ਉਨ੍ਹਾਂ ਦੇ ਪੁੱਤਰਾਂ ਸਮੇਤ ਸੱਤ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਹ ਜੇਲ੍ਹ ਵਿੱਚ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਅੰਸ਼ਿਕਾ ਦੇ ਪਿਤਾ ਨੇ “ਅੰਸ਼ੂ, ਉਸ ਦੇ ਮਾਤਾ-ਪਿਤਾ ਅਤੇ ਭੈਣਾਂ” ’ਤੇ ਉਸ ਦੀ ਧੀ ਨੂੰ ਦਾਜ ਲਈ ਪ੍ਰੇਸ਼ਾਨ ਕਰਨ ਅਤੇ ਉਸ ਦੀ ਹੱਤਿਆ ਕਰਨ ਦਾ ਇਲਜ਼ਾਮ ਲਗਾਉਂਦੇ ਹੋਏ ਜਵਾਬੀ ਸ਼ਿਕਾਇਤ ਦਰਜ ਕਰਵਾਈ ਹੈ।
ਸ਼ਿਵਾਨੀ ਨੇ ਆਪਣੇ ਪਰਿਵਾਰ ’ਤੇ ਲਗਾਏ ਇਲਜ਼ਾਮਾਂ ਤੋਂ ਇਨਕਾਰ ਕੀਤਾ ਹੈ, ਹਾਲਾਂਕਿ ਉਹ ਮੰਨਦੀ ਹੈ ਕਿ ਉਨ੍ਹਾਂ ਨੂੰ ਵਿਆਹ ਵਿੱਚ ਅੰਸ਼ਿਕਾ ਦੇ ਪਰਿਵਾਰ ਨੇ ਕਾਰ ਸਮੇਤ ਹੋਰ ਤੋਹਫ਼ੇ ਦਿੱਤੇ ਸਨ।
ਉਹ ਕਹਿੰਦੇ ਹਨ, ‘‘ਉਨ੍ਹਾਂ ਨੇ ਆਪਣੀ ਧੀ ਨੂੰ ਉਹ ਸਭ ਕੁਝ ਦਿੱਤਾ ਜੋ ਉਹ ਦੇਣਾ ਚਾਹੁੰਦੇ ਸਨ। ਅਸੀਂ ਕੁਝ ਨਹੀਂ ਮੰਗਿਆ ਸੀ।’’
ਅੰਸ਼ੂ ਉਸ ਰਾਤ ਤੋਂ ਘਰ ਨਹੀਂ ਪਰਤਿਆ ਜਦੋਂ ਤੋਂ ਉਸ ਦੀ ਪਤਨੀ ਦੀ ਮੌਤ ਹੋਈ ਸੀ।
ਸ਼ਿਵਾਨੀ ਅੱਗੇ ਦੱਸਦੇ ਹਨ, ‘‘ਉਹ ਇਸ ਲਈ ਲੁਕਿਆ ਹੋਇਆ ਹੈ ਕਿਉਂਕਿ ਅੰਸ਼ਿਕਾ ਦੇ ਜ਼ਿਆਦਾਤਰ ਰਿਸ਼ਤੇਦਾਰ ਜੇਲ੍ਹ ਤੋਂ ਬਾਹਰ ਹਨ ਅਤੇ ਉਸ ਨੂੰ ਉਨ੍ਹਾਂ ਤੋਂ ਆਪਣੀ ਜਾਨ ਦਾ ਖਤਰਾ ਹੈ।’’
ਦਾਜ ਲੈਣਾ ਤੇ ਦੇਣਾ ਦੋਵੇਂ ਗ਼ੈਰ-ਕਾਨੂੰਨੀ ਹਨ
ਦੇਸ਼ ਵਿੱਚ 1961 ਤੋਂ ਦਾਜ ਦੇਣਾ ਅਤੇ ਸਵੀਕਾਰ ਕਰਨਾ ਦੋਵੇਂ ਗ਼ੈਰ-ਕਾਨੂੰਨੀ ਹਨ, ਪਰ ਇੱਕ ਤਾਜ਼ਾ ਅਧਿਐਨ ਮੁਤਾਬਕ 90 ਫ਼ੀਸਦੀ ਭਾਰਤੀ ਵਿਆਹਾਂ ਵਿੱਚ ਅਜੇ ਵੀ ਦਾਜ ਦਿੱਤਾ ਜਾਂਦਾ ਹੈ।
ਪੁਲਿਸ ਨੂੰ ਹਰ ਸਾਲ ਪਤਨੀਆਂ ਨੂੰ ਪ੍ਰੇਸ਼ਾਨ ਕਰਨ ਦੀਆਂ ਹਜ਼ਾਰਾਂ ਸ਼ਿਕਾਇਤਾਂ ਮਿਲਦੀਆਂ ਹਨ ਅਤੇ ਅਪਰਾਧ ਦੇ ਅੰਕੜੇ ਦਰਸਾਉਂਦੇ ਹਨ ਕਿ ਘੱਟ ਦਾਜ ਲਿਆਉਣ ਕਾਰਨ 2017 ਤੋਂ 2022 ਦਰਮਿਆਨ ਭਾਰਤ ਵਿੱਚ 35,493 ਨਵਵਿਆਹੀਆਂ ਕੁੜੀਆਂ ਨੂੰ ਮਾਰ ਦਿੱਤਾ ਗਿਆ।
ਪਰ ਕਥਿਤ ਦਾਜ ਕਤਲ ਦੇ ਮਾਮਲੇ ਵਿੱਚ ਇਸ ਤਰ੍ਹਾਂ ਦਾ ਘਿਨਾਉਣਾ ਬਦਲਾ ਪਹਿਲਾਂ ਨਹੀਂ ਸੁਣਿਆ ਸੀ।
ਸ਼ਿਵਾਨੀ, ਜੋ ਹੁਣ ਆਪਣੇ ਚਾਚੇ ਦੇ ਪਰਿਵਾਰ ਨਾਲ ਗੁਆਂਢ ਵਿੱਚ ਹੀ ਰਹਿੰਦੇ ਹਨ, ਉਹ ਸਾਨੂੰ ਉਹ ਥਾਂ ਦਿਖਾਉਣ ਲਈ ਲੈ ਗਏ ਜੋ ਕੁਝ ਸਮਾਂ ਪਹਿਲਾਂ ਉਸ ਦਾ ਘਰ ਹੁੰਦਾ ਸੀ।
ਉਸ ਰਾਤ ਦੇ ਦੁਖਾਂਤ ਦੇ ਪਰਛਾਵੇਂ ਹਰ ਪਾਸੇ ਨਜ਼ਰ ਆਉਂਦੇ ਹਨ। ਕੰਧਾਂ ਕਾਲਖ ਨਾਲ ਕਾਲੀਆਂ ਹੋ ਗਈਆਂ ਹਨ ਅਤੇ ਫਰਸ਼ ਸੁਆਹ ਨਾਲ ਢੱਕਿਆ ਹੋਇਆ ਹੈ।
ਧਾਤ ਦੇ ਬਰਤਨ, ਕੜਾਹੀਆਂ ਅਤੇ ਫਰਨੀਚਰ ਦੀ ਸੜੀ ਹੋਈ ਰਹਿੰਦ-ਖੂੰਹਦ ਇੱਧਰ-ਉੱਧਰ ਪਈ ਹੈ।
ਉਹ ਕਹਿੰਦੇ ਹਨ, ‘‘ਮੈਨੂੰ ਨਿਆਂ ਚਾਹੀਦਾ ਹੈ। ਮੇਰੀ ਜ਼ਿੰਦਗੀ ਬਰਬਾਦ ਹੋ ਗਈ ਹੈ, ਮੇਰਾ ਘਰ ਅਤੇ ਪਰਿਵਾਰ ਖ਼ਤਮ ਹੋ ਗਿਆ ਹੈ। ਮੈਂ ਸੁਤੰਤਰ ਅਤੇ ਨਿਰਪੱਖ ਜਾਂਚ ਚਾਹੁੰਦੀ ਹਾਂ ਅਤੇ ਜੋ ਵੀ ਦੋਸ਼ੀ ਪਾਇਆ ਜਾਵੇ, ਉਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ।’’
ਉਨ੍ਹਾਂ ਨੇ ਅੱਗੇ ਕਿਹਾ, ‘‘ਉਨ੍ਹਾਂ ਨੇ ਘਰ ਨੂੰ ਕਿਉਂ ਸਾੜਿਆ? ਹੁਣ ਸਾਨੂੰ ਕੋਈ ਸਬੂਤ ਕਿਵੇਂ ਮਿਲੇਗਾ?’’
ਉਹ ਪੁਲਿਸ ਤੋਂ ਵੀ ਨਾਰਾਜ਼ ਹੈ। ਉਨ੍ਹਾਂ ਨੇ ਇਲਜ਼ਾਮ ਲਾਇਆ, ‘‘ਸਾਡੇ ਘਰ ਦੇ ਬਾਹਰ ਘੱਟੋ-ਘੱਟ ਦੋ ਦਰਜਨ ਪੁਲਿਸ ਮੁਲਾਜ਼ਮ ਸਨ, ਪਰ ਕੋਈ ਵੀ ਮੇਰੇ ਮਾਤਾ-ਪਿਤਾ ਨੂੰ ਬਚਾਉਣ ਲਈ ਅੰਦਰ ਨਹੀਂ ਗਿਆ। ਉਹ ਬਸ ਖੜ੍ਹੇ ਹੋ ਕੇ ਦੇਖਦੇ ਰਹੇ।’’

ਤਸਵੀਰ ਸਰੋਤ, Ankit Srinivas
ਪੁਲਿਸ ਨੇ ਇਹ ਕਿਹਾ
ਪੁਲਿਸ ਇਨ੍ਹਾਂ ਇਲਜ਼ਾਮਾਂ ਦਾ ਸਖ਼ਤੀ ਨਾਲ ਵਿਰੋਧ ਕਰਦੀ ਹੈ।
ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਨਾਮ ਜ਼ਾਹਰ ਨਾ ਕਰਨ ਦੀ ਸ਼ਰਤ ’ਤੇ ਕਿਹਾ, ‘‘ਇਹ ਇੱਕ ਸੰਵੇਦਨਸ਼ੀਲ ਮੁੱਦਾ ਸੀ ਅਤੇ ਭਾਵਨਾਵਾਂ ਸਿਖਰ ’ਤੇ ਸਨ। ਸਾਡਾ ਧਿਆਨ ਘਟਨਾ ਸਥਾਨ ਤੋਂ ਲਾਸ਼ਾਂ ਨੂੰ ਹਟਾਉਣ ਅਤੇ ਪੋਸਟਮਾਰਟਮ ਲਈ ਹਸਪਤਾਲ ਲੈ ਜਾਣ ’ਤੇ ਸੀ। ਸਾਡਾ ਮਕਸਦ ਉੱਥੋਂ ਭੀੜ ਨੂੰ ਹਟਾਉਣਾ ਅਤੇ ਸਥਿਤੀ ਨੂੰ ਸ਼ਾਂਤ ਕਰਨਾ ਸੀ।’’
ਉਨ੍ਹਾਂ ਨੇ ਕਿਹਾ, ‘‘ਕਿਸੇ ਨੂੰ ਵੀ ਇਹ ਅੰਦਾਜ਼ਾ ਨਹੀਂ ਸੀ ਕਿ ਘਰ ਨੂੰ ਅੱਗ ਲਗਾ ਦਿੱਤੀ ਜਾਵੇਗੀ। ਇਹ ਪੂਰੀ ਤਰ੍ਹਾਂ ਅਣਕਿਆਸਿਆ ਵਰਤਾਰਾ ਸੀ।”
‘‘ਅਸੀਂ ਤੁਰੰਤ ਫਾਇਰ ਬ੍ਰਿਗੇਡ ਨੂੰ ਬੁਲਾਇਆ। ਅਸੀਂ ਪੰਜ ਲੋਕਾਂ ਨੂੰ ਬਚਾਉਣ ਵਿੱਚ ਵੀ ਮਦਦ ਕੀਤੀ।”

ਤਸਵੀਰ ਸਰੋਤ, Ankit Srinivas
‘ਮੇਰਾ ਤਾਂ ਸਾਰਾ ਪਰਿਵਾਰ ਜੇਲ੍ਹ ਵਿੱਚ ਹੈ’
ਇਸ ਦੋਹਰੇ ਦੁਖਾਂਤ ਨੇ ਅੰਸ਼ਿਕਾ ਦੇ ਪਰਿਵਾਰ ਨੂੰ ਵੀ ਝੰਜੋੜ ਕੇ ਰੱਖ ਦਿੱਤਾ ਹੈ। ਉਨ੍ਹਾਂ ਦਾ ਪੱਖ ਸੁਣਨ ਲਈ, ਅਸੀਂ ਉਸ ਦੇ ਮਾਪਿਆਂ ਦੇ ਘਰ ਗਏ, ਜਿੱਥੇ ਅੰਸ਼ਿਕਾ ਇੱਕ ਸਾਲ ਪਹਿਲਾਂ ਆਪਣੇ ਵਿਆਹ ਤੱਕ ਰਹਿੰਦੀ ਸੀ।
ਇਸ ਘਰ ਦੇ ਮੁੱਖ ਗੇਟ ’ਤੇ ਲੋਹੇ ਦਾ ਵੱਡਾ ਤਾਲਾ ਲਗਾ ਕੇ ਇਸ ਨੂੰ ਬੰਦ ਕਰ ਦਿੱਤਾ ਗਿਆ ਹੈ।
ਅੰਸ਼ਿਕਾ ਦੇ ਘਰ ਤੋਂ ਸਿਰਫ਼ 2 ਕਿਲੋਮੀਟਰ ਦੀ ਦੂਰੀ ’ਤੇ ਉਸ ਦੇ ਚਾਚੇ ਦਾ ਘਰ ਹੈ। ਗ੍ਰਿਫ਼ਤਾਰ ਕੀਤੇ ਗਏ ਲੋਕਾਂ ਵਿੱਚ ਉਨ੍ਹਾਂ ਦਾ ਚਾਚਾ ਅਤੇ ਬੇਟਾ ਦੋਵੇਂ ਵੀ ਸ਼ਾਮਲ ਹਨ।
ਪਰਿਵਾਰ ਨੇ ਹੁਣ ਤੱਕ ਮੀਡੀਆ ਨਾਲ ਗੱਲ ਕਰਨ ਤੋਂ ਇਨਕਾਰ ਕੀਤਾ ਹੋਇਆ ਹੈ।
ਦਰਵਾਜ਼ੇ ’ਤੇ ਦਸਤਕ ਦੇਣ ’ਤੇ ਅੰਸ਼ਿਕਾ ਦੇ ਬਜ਼ੁਰਗ ਦਾਦਾ ਜਵਾਹਰ ਲਾਲ ਕੇਸਰਵਾਨੀ ਬਾਹਰ ਨਿਕਲਦੇ ਹਨ। ਉਨ੍ਹਾਂ ਦਾ ਇੱਕ ਪੋਤਾ ਪਲਾਸਟਿਕ ਦੀ ਕੁਰਸੀ ਬਾਹਰ ਲਿਆਉਂਦਾ ਹੈ ਅਤੇ ਉਹ ਔਖੇ ਸਾਹ ਲੈਂਦੇ ਹੋਏ, ਉਸ ’ਤੇ ਬੈਠ ਜਾਂਦੇ ਹਨ।
ਉਹ ਕੁਝ ਮਿੰਟਾਂ ਬਾਅਦ ਕਹਿੰਦੇ ਹਨ, ‘‘ਮੈਂ ਤੁਹਾਨੂੰ ਕੀ ਦੱਸਾਂ? ਮੇਰਾ ਸਾਰਾ ਪਰਿਵਾਰ ਜੇਲ੍ਹ ਵਿੱਚ ਹੈ, ਮੇਰੇ ਪੁੱਤਰ, ਮੇਰੇ ਪੋਤੇ…।’’
ਉਨ੍ਹਾਂ ਨੇ ਇਲਜ਼ਾਮ ਲਾਇਆ, ‘‘ਉਨ੍ਹਾਂ ਨੇ ਅੰਸ਼ਿਕਾ ਨੂੰ ਮਾਰ ਦਿੱਤਾ ਅਤੇ ਇਸ ਨੂੰ ਖੁਦਕੁਸ਼ੀ ਦਾ ਰੂਪ ਦੇਣ ਲਈ ਉਸ ਨੂੰ ਫਾਂਸੀ ’ਤੇ ਲਟਕਾ ਦਿੱਤਾ।”
ਕੇਸਰਵਾਨੀ ਨੇ ਦੱਸਿਆ ਕਿ ਅੰਸ਼ਿਕਾ ਦਾ ਵਿਆਹ ਬਹੁਤ ਸ਼ਾਨਦਾਰ ਢੰਗ ਨਾਲ ਕੀਤਾ ਗਿਆ ਸੀ।
‘‘ਅਸੀਂ 50 ਲੱਖ ਰੁਪਏ ਖਰਚ ਕੀਤੇ। ਅਸੀਂ ਅੰਸ਼ਿਕਾ ਨੂੰ ਉਹ ਸਭ ਕੁਝ ਦਿੱਤਾ ਜਿਸ ਦੀ ਘਰ ਵਿੱਚ ਜ਼ਰੂਰਤ ਹੁੰਦੀ ਹੈ ਅਤੇ ਇੱਕ ਕਾਰ ਵੀ ਦਿੱਤੀ ਜਿਸ ਦੀ ਕੀਮਤ 16 ਲੱਖ ਰੁਪਏ ਸੀ।’’
ਪਛਤਾਵੇ ਨਾਲ ਭਰੀ ਆਵਾਜ਼ ਵਿੱਚ ਉਹ ਅੱਗੇ ਦੱਸਦੇ ਹਨ ਕਿ ਜਦੋਂ ਅੰਸ਼ਿਕਾ ਆਖਰੀ ਵਾਰ ਫ਼ਰਵਰੀ ਵਿੱਚ ਉਨ੍ਹਾਂ ਨੂੰ ਮਿਲਣ ਆਈ ਸੀ, ‘‘ਉਸ ਨੇ ਸਾਨੂੰ ਦੱਸਿਆ ਕਿ ਉਸ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਅਸੀਂ ਉਸ ਨੂੰ ਉੱਥੇ ਹੀ ਟਿਕੇ ਰਹਿਣ, ਐਡਜਸਟ ਕਰਨ ਲਈ ਕਿਹਾ। ਅਸੀਂ ਉਸ ਨੂੰ ਕਿਹਾ ਕਿ ਸਭ ਕੁਝ ਠੀਕ ਹੋ ਜਾਵੇਗਾ।’’
ਅੰਸ਼ਿਕਾ ਦੇ ਪਰਿਵਾਰ ਨੇ ਕੀ ਕਿਹਾ
ਕੇਸਰਵਾਨੀ ਆਪਣੇ ਇਲਾਕੇ ਵਿੱਚ ਇੱਕ ਨਾਮਵਰ ਪਰਿਵਾਰ ਹੈ, ਜਿਸ ਨੂੰ ਇਲਾਕੇ ਦੇ ਲੋਕ ਨਿਮਰ, ਮਿਲਣਸਾਰ ਅਤੇ ਮਦਦਗਾਰ ਦੱਸਦੇ ਹਨ।
ਇਸ ਦੋਹਰੇ ਦੁਖਾਂਤ ਨੇ ਉਨ੍ਹਾਂ ਦੇ ਗੁਆਂਢੀਆਂ ਨੂੰ ਵੀ ਝੰਜੋੜ ਕੇ ਰੱਖ ਦਿੱਤਾ ਹੈ।
ਉਨ੍ਹਾਂ ਦੀ ਗਲੀ ਤੋਂ ਕੁਝ ਹੀ ਦੂਰੀ ’ਤੇ ਰਹਿਣ ਵਾਲੇ ਇੱਕ ਵਿਅਕਤੀ ਦਾ ਕਹਿਣਾ ਸੀ, ‘‘ਉਹ ਬਹੁਤ ਚੰਗੇ ਲੋਕ ਹਨ। ਅਸੀਂ ਸੋਚ ਵੀ ਨਹੀਂ ਸਕਦੇ ਕਿ ਇਹ ਕਿਵੇਂ ਹੋ ਸਕਦਾ ਹੈ। ਉਹ ਝਗੜੇ ਵਿੱਚ ਪੈਣ ਵਾਲੇ ਲੋਕ ਨਹੀਂ ਹਨ।’’
ਉਨ੍ਹਾਂ ਨੇ ਅੱਗੇ ਕਿਹਾ, ‘‘ਅਸੀਂ ਨਹੀਂ ਜਾਣਦੇ ਕਿ ਅੱਗ ਕਿਸ ਨੇ ਲਗਾਈ, ਪਰ ਆਪਣੀ ਧੀ ਦੀ ਲਾਸ਼ ਨੂੰ ਦੇਖ ਕੇ ਕੋਈ ਵੀ ਆਪਣਾ ਹੋਸ਼ ਗੁਆ ਬੈਠੇਗਾ।’’
ਗੁਆਂਢ ਵਿੱਚ ਰਹਿਣ ਵਾਲੀ ਇੱਕ ਔਰਤ ਦਾ ਕਹਿਣਾ ਹੈ ਕਿ, ‘‘ਅੰਸ਼ਿਕਾ ਇੱਕ ਬਹੁਤ ਹੀ ਵਧੀਆ ਸੁਭਾਅ ਦੀ ਮਾਲਕ ਸੀ… ਇੱਕ ਪਿਆਰੀ ਕੁੜੀ।”
ਉਨ੍ਹਾਂ ਦਾ ਕਹਿਣਾ ਹੈ ਕਿ ਅੰਕਿਤਾ ਦਾ ਪਰਿਵਾਰ ‘ਬਹੁਤ ਹੀ ਸਾਊ ਪਰਿਵਾਰ’ ਹੈ ਅਤੇ ਜਿਸ ਅਪਰਾਧ ਦੇ ਇਸ ਪਰਿਵਾਰ ’ਤੇ ਇਲਜ਼ਾਮ ਲਾਏ ਗਏ ਹਨ ਉਹ ਕਹਿੰਦੇ ਹਨ, ‘‘ਉਹ ਅਜਿਹਾ ਬਿਲਕੁਲ ਨਹੀਂ ਕਰ ਸਕਦੇ।”
ਉਹ ਕਹਿੰਦੇ ਹਨ, ‘‘ਇਹ ਅਫ਼ਸੋਸਨਾਕ ਹੈ ਕਿ ਉਸ ਦੇ ਸੱਸ-ਸਹੁਰੇ ਦੀ ਅੱਗ ਵਿੱਚ ਸੜ ਕੇ ਮੌਤ ਹੋ ਗਈ।’’
‘‘ਪਰ ਮੈਨੂੰ ਸਭ ਤੋਂ ਜ਼ਿਆਦਾ ਦੁੱਖ ਇਸ ਗੱਲ ਦਾ ਹੈ ਕਿ ਹੁਣ ਕੋਈ ਵੀ ਇਸ ਬਾਰੇ ਗੱਲ ਨਹੀਂ ਕਰ ਰਿਹਾ ਕਿ ਅੰਸ਼ਿਕਾ ਨਾਲ ਕੀ ਹੋਇਆ। ਉਸ ਦੀ ਮੌਤ ਕਿਵੇਂ ਹੋਈ?’’












