ਪਾਕ ਪੰਜਾਬ: ‘ਉਨ੍ਹਾਂ ਮੇਰੇ ਦਾਜ ਦਾ ਸਾਰਾ ਸਮਾਨ ਲੁੱਟ ਲਿਆ, ਜੋ ਬਾਪ ਨੇ ਉਮਰ ਭਰ ਦੀ ਕਮਾਈ ਨਾਲ ਬਣਵਾਇਆ ਸੀ’

- ਲੇਖਕ, ਉਮਰ ਦਰਾਜ਼ ਨੰਗਿਆਣਾ ਅਤੇ ਅਹਿਮਨ ਖ਼ਵਾਜ਼ਾ
- ਰੋਲ, ਬੀਬੀਸੀ ਪੱਤਰਕਾਰ
ਸੁੰਦਾਸ ਤੋਂ ਆਪਣੇ ਹੰਝੂ ਨਹੀਂ ਰੋਕੇ ਜਾ ਰਹੇ, ਉਨ੍ਹਾਂ ਦੀ ਸ਼ਾਨਦਾਰ ਵਿਆਹ ਦੀ ਰੀਝ ਵੀ ਕੁਝ ਧੁੰਦਲੀ ਹੁੰਦੀ ਨਜ਼ਰ ਆ ਰਹੀ ਹੈ।
ਉਨ੍ਹਾਂ ਦਾ ਨਵੰਬਰ ਵਿੱਚ ਵਿਆਹ ਤੈਅ ਹੋਇਆ ਸੀ ਅਤੇ ਪਿਤਾ ਨੇ ਆਪਣੀ ਉਮਰ ਭਰ ਬੱਚਤ ਕਰਕੇ ਧੀ ਦਾ ਦਾਜ ਬਣਾਇਆ ਤੇ ਉਸ ਦੇ ਸਹੁਰੇ ਪਰਿਵਾਰ ਲਈ ਤੋਹਫ਼ੇ ਖ਼ਰੀਦੇ।
ਪਰ 16 ਅਗਸਤ ਨੂੰ ਜਦੋਂ ਹਜੂਮ ਨੇ ਪਾਕਿਸਤਾਨ ਵਿੱਚ ਉਨ੍ਹਾਂ ਦੀ ਇਸਾਈ ਕਲੋਨੀ ’ਤੇ ਹਮਲਾ ਕੀਤਾ ਤਾਂ ਸਭ ਕੁਝ ਲੁੱਟਿਆ ਗਿਆ ਤੇ ਸਭ ਆਸਾਂ ਤਬਾਹ ਹੋ ਗਈਆਂ।
ਸੁੰਦਾਸ ਕਹਿੰਦੇ ਹਨ, "ਮੇਰੇ ਦਾਜ ਦਾ ਕੋਈ ਸਮਾਨ ਨਹੀਂ ਬਚਿਆ। ਉਹ ਸਾਰੇ ਗਹਿਣੇ ਲੈ ਗਏ ਹਨ। ਉਨ੍ਹਾਂ ਨੇ ਸਿਰਫ਼ ਇੱਕ ਚੀਜ਼ ਛੱਡੀ ਹੈ, ਇੱਕ ਫਰਿੱਜ।"
ਉਨ੍ਹਾਂ ਨੂੰ ਨਹੀਂ ਪਤਾ ਕਿ ਇੰਨੇ ਥੋੜ੍ਹੇ ਸਮੇਂ ਵਿੱਚ ਮੁੜ ਦਾਜ ਦਾ ਸਮਾਨ ਖ਼ਰੀਦਣ ਲਈ ਪੈਸੇ ਕਿੱਥੋਂ ਆਉਣੇ ਨੇ ਤੇ ਭਵਿੱਖ ਵਿੱਚ ਕੀ ਹੋਵੇਗਾ।

ਪੂਰਬੀ ਪੰਜਾਬੀ ਕਸਬੇ ਜੜ੍ਹਾਂਵਾਲਾ ਦੇ ਬਹੁਤ ਮਸੀਹੀ ਪਰਿਵਾਰ ਇਸੇ ਤਰ੍ਹਾਂ ਦੀ ਬਦਹਾਲੀ ਤੇ ਬੇਬਸੀ ਵਿੱਚੋਂ ਲੰਘ ਰਹੇ ਹਨ।
ਉਹ ਨਹੀਂ ਜਾਣਦੇ ਕਿ ਕੀ ਉਹ ਹੁਣ ਕਦੇ ਬੇਫ਼ਿਕਰੇ ਹੋ ਕੇ ਮੁੜ ਇਸ ਸ਼ਹਿਰ ਵਿੱਚ ਆਪਣੇ ਪੈਰਾਂ ਉੱਤੇ ਖੜ੍ਹੇ ਹੋ ਸਕਣਗੇ ਜਾਂ ਮੜ ਵਸੇਬੇ ਜੋਗੇ ਵੀ ਹੋਣਗੇ।
ਛੇ ਬੱਚਿਆਂ ਦੀ ਮਾਂ ਪਰਵੀਨ ਬੀਬੀ ਦਾ ਘਰ ਵੀ ਸੁੰਡਾਸ ਦੇ ਘਰ ਨੇੜੇ ਹੀ ਹੈ। ਉਹ ਮਲਬੇ ਦੀ ਫਰੋਲਾ-ਫਰਾਲੀ ਕਰ ਕੁਝ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ।
ਉਹ ਕਹਿੰਦੇ ਹਨ, "ਕੁਝ ਨਹੀਂ ਬਚਿਆ। ਰਸੋਈ ’ਚੋਂ ਭਾਂਡੇ ਵੀ ਲੈ ਗਏ ਹਨ। ਉਨ੍ਹਾਂ ਨੇ ਕੁਝ ਨਹੀਂ ਛੱਡਿਆ।"
ਥੋੜ੍ਹੀ-ਥੋੜ੍ਹੀ ਦੇਰ ਬਾਅਦ ਉਹ ਚੀਖ਼ ਉੱਠਦੇ ਹਨ। ਉਨ੍ਹਾਂ ਦੀ ਜ਼ਿੰਦਗੀ ਦੀ ਕਮਾਈ ਲੁੱਟੀ ਜਾ ਚੁੱਕੀ ਹੈ। ਪਰਵੀਨ ਤੇ ਉਨ੍ਹਾਂ ਦਾ ਪਤੀ ਘਰੇਲੂ ਨੌਕਰਾਂ ਵਜੋਂ ਕੰਮ ਕਰਦੇ ਹਨ।
ਜਦੋਂ ਭੀੜ ਆਉਣ ਦੀ ਭਿਣਕ ਪਈ ਤਾਂ ਉਹ ਘਰ ਛੱਡ ਕੇ ਆਪਣੇ ਜਾਨ ਬਚਾਉਣ ਲਈ ਭੱਜ ਗਏ ਸਨ।
ਪਰਵੀਨ ਰੋਂਦਿਆਂ ਦੱਸਦੇ ਹਨ, "ਲੋਕਾਂ ਨੇ ਮੈਨੂੰ ਕਿਹਾ ਕਿ ਉਹ ਆ ਰਹੇ ਹਨ। ਉਹ ਸਾਰਿਆਂ ਨੂੰ ਅੱਗ ਲਾ ਦੇਣਗੇ। ਆਪਣੇ ਬੱਚਿਆਂ ਨੂੰ ਲੈ ਕੇ ਇੱਥੋਂ ਭੱਜ ਜਾ।”

ਤਸਵੀਰ ਸਰੋਤ, Getty Images
ਈਸ਼ਨਿੰਦਾ ਦੇ ਇਲਜ਼ਾਮ
ਦੋ ਇਸਾਈ ਭਾਈਚਾਰੇ ਨਾਲ ਸਬੰਧਤ ਵਿਅਕਤੀਆਂ ਵੱਲੋਂ ਮੁਸਲਮਾਨਾਂ ਦੀ ਪਵਿੱਤਰ ਗ੍ਰੰਥ ਕੁਰਾਨ ਦੀ ਕਾਪੀ ਦੇ ਪੰਨਿਆਂ ਨੂੰ ਨੁਕਸਾਨ ਪਹੁੰਚਾਉਣ ਤੇ ਫ਼ਿਰ ਈਸ਼ਨਿੰਦਾ ਸਮੱਗਰੀ ਲਿਖਣ ਦੇ ਇਲਜ਼ਾਮਾਂ ਤੋਂ ਬਾਅਦ ਹਜ਼ਾਰਾਂ ਮੁਸਲਮਾਨਾਂ ਨੇ ਚਰਚਾਂ ਨੂੰ ਸਾੜ ਦਿੱਤਾ ਅਤੇ ਇਸਾਈਆਂ ਦੇ ਘਰਾਂ ਦੀ ਭੰਨਤੋੜ ਕੀਤੀ।
ਪੰਨੇ ਕਥਿਤ ਤੌਰ 'ਤੇ ਈਸਾ ਨਗਰੀ ਨੂੰ ਜਾਂਦੀ ਸੜਕ 'ਤੇ ਕੁਝ ਵਿਅਕਤੀਆਂ ਨੂੰ ਮਿਲੇ, ਜੋ ਆਪਣੇ ਕੰਮ ਦੇ ਸਿਲਸਲੇ ਵਿੱਚ ਉੱਥੋਂ ਲੰਘ ਰਹੇ ਸਨ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੋ ਪੰਨੇ ਮਿਲੇ ਹਨ ਉਨ੍ਹਾਂ ਨਾਲ ਕੁਝ ਤਸਵੀਰਾਂ ਵੀ ਮਿਲੀਆਂ ਹਨ ਤੇ ਇੱਕ ਕਾਗਜ਼ ਮਿਲਿਆ ਹੈ ਜਿਸ ਉੱਤੇ ਬਾਪ-ਬੇਟੇ ਦਾ ਨਾਮ ਲਿਖਿਆ ਹੈ। ਇਹ ਦੋਵੇਂ ਇੱਕ ਇਸਾਈ ਪਰਿਵਾਰ ਨਾਲ ਸਬੰਧਤ ਹਨ।

ਈਸ਼ਨਿੰਦਾ ਦੇ ਮਾਮਲੇ ਵਿੱਚ ਮੌਤ ਦੀ ਸਜ਼ਾ ਤੱਕ ਦਿੱਤੀ ਜਾ ਸਕਦੀ ਹੈ ਹਾਲਾਂਕਿ ਇਹ ਕਦੇ ਲਾਗੂ ਨਹੀਂ ਕੀਤੀ ਗਈ।
ਪਰ ਭੀੜ ਵਲੋਂ ਕੀਤੀ ਹਿੰਸਾ ਅਕਸਰ ਬੇਗੁਨਾਹਾਂ ਦੀ ਜ਼ਿੰਦਗੀ ਦੇ ਅੰਤ ਤੇ ਤਬਾਹੀ ਦਾ ਕਾਰਨ ਬਣਦੀ ਹੈ।
ਪਾਕਿਸਤਾਨ ਦੇ ਘੱਟ ਗਿਣਤੀ ਭਾਈਚਾਰੇ ਜਿਨ੍ਹਾਂ ਵਿੱਚ ਇਸਾਈ, ਹਿੰਦੂ ਅਤੇ ਸਿੱਖ ਸ਼ਾਮਲ ਹਨ, ਖ਼ਾਸ ਤੌਰ 'ਤੇ ਕਮਜ਼ੋਰ ਮੰਨੇ ਜਾਂਦੇ ਹਨ।

ਤਸਵੀਰ ਸਰੋਤ, Getty Images
'ਕਿਆਮਤ ਦਾ ਦਿਨ'
ਸ਼ਾਂਤੀ ਦੀ ਇੱਕ ਛੋਟੀ ਜਿਹੀ ਆਸ ਬਚੀ ਸੀ ਉਹ ਵੀ ਉਸ ਸਮੇਂ ਟੁੱਟ ਗਈ ਜਦੋਂ ਇੱਕ ਨੇੜਲੀ ਮਸਜਿਦ ਦੇ ਪ੍ਰਬੰਧਕਾਂ ਵੱਲੋਂ ਮੁਸਲਮਾਨਾਂ ਨੂੰ ਸੜਕਾਂ 'ਤੇ ਆਉਣ ਲਈ ਕਿਹਾ।
ਸੇਂਟ ਪੌਲ ਕੈਥੋਲਿਕ ਚਰਚ ਦੇ ਸਾਹਮਣੇ ਮਿੱਟੀ ਦੇ ਤੇਲ ਦੀਆਂ ਬੋਤਲਾਂ ਅਤੇ ਸੋਟੀਆਂ ਲੈ ਕੇ ਭੀੜ ਇਕੱਠੀ ਹੋ ਗਈ। ਕੁਝ ਪੁਲਿਸ ਵਾਲਿਆਂ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਅਜਿਹਾ ਨਾ ਹੋ ਸਕਿਆ।
ਈਸਾ ਨਗਰੀ ਦੇ ਰਹਿਣ ਵਾਲੇ ਅਫ਼ਜ਼ਲ ਮਸੀਹ ਨੇ ਕਿਹਾ, “ਅਜਿਹਾ ਮਹਿਸੂਸ ਹੋਇਆ ਜਿਵੇਂ ਸਾਡੇ ਲਈ ਕਿਆਮਤ ਦਾ ਦਿਨ ਹੋਵੇ।”
“ਮੈਨੂੰ ਲੱਗਿਆ ਇਹ ਸਾਡਾ ਪਾਕਿਸਤਾਨ ਨਹੀਂ ਹੋ ਸਕਦਾ ਅਤੇ ਅਸੀਂ ਹੁਣ ਇਸਦੇ ਨਾਗਰਿਕ ਨਹੀਂ ਹਾਂ।"

ਭੀੜ ਨੇ ਚਰਚ ਵਿੱਚ ਭੰਨਤੋੜ ਕੀਤੀ, ਇਸ ਦਾ ਸਮਾਨ ਚੋਰੀ ਕਰ ਲਿਆ ਅਤੇ ਫਿਰ ਅੱਗ ਲਗਾ ਦਿੱਤੀ। ਆਲੇ-ਦੁਆਲੇ ਦੇ ਕਈ ਘਰਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ।
ਇਹ ਹਜੂਮ ਫ਼ਿਰ ਇੱਕ ਹੋਰ ਇਲਾਕੇ ਵਿੱਚ ਵੜ ਗਿਆ ਤੇ ਜੋ ਵੀ ਨਜ਼ਰ ਆਉਂਦਾ ਉਹ ਸਾੜ ਦਿੰਦੇ।
ਮੁਹੰਮਦ ਅਰਸ਼ਦ ਵੀ ਈਸਾ ਨਗਰੀ ਵਿੱਚ ਹੀ ਰਹਿੰਦੇ ਹਨ। ਉਨ੍ਹਾਂ ਕਿਹਾ, "ਜਿਨ੍ਹਾਂ ਲੋਕਾਂ ਨੇ ਅਜਿਹਾ ਕੀਤਾ ਉਹ ਨੇੜਲੇ ਪਿੰਡਾਂ ਜਾਂ ਹੋਰ ਇਲਾਕਿਆਂ ਤੋਂ ਆਏ ਸਨ।"
ਅਰਸ਼ਦ 45 ਸਾਲਾਂ ਤੋਂ ਉੱਥੇ ਰਹਿ ਰਹੇ ਹੈ। ਉਹ ਕਹਿੰਦੇ ਹਨ ਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਇਸਾਈ ਅਤੇ ਮੁਸਲਿਮ ਗੁਆਂਢੀਆਂ ਦਰਮਿਆਨ ਲੜਾਈ ਨਹੀਂ ਵੇਖੀ।
"ਸਾਡੀ ਇੱਕ ਦੂਜੇ ਨਾਲ ਖਾਣ-ਪੀਣ ਦੀ ਸਾਂਝ ਹੈ ਅਸੀਂ ਖ਼ਾਸ ਮੌਕਿਆਂ ’ਤੇ ਇਕੱਠਿਆਂ ਖ਼ੁਸ਼ੀ ਮਨਾਉਂਦੇ ਹਾਂ।"
ਉਹ ਜ਼ੋਰ ਦਿੰਦਿਆਂ ਹਨ ਕਿ ਉਨ੍ਹਾਂ ਦੇ ਇਲਾਕੇ ਦੇ ਮੁਸਲਮਾਨ ਕਦੇ ਵੀ ਆਪਣੇ ਇਸਾਈ ਗੁਆਂਢੀਆਂ ਦੇ ਘਰਾਂ ਨੂੰ ਸਾੜਨ ਬਾਰੇ ਨਹੀਂ ਸੋਚ ਸਕਦੇ।

ਪਾਕਿਸਤਾਨ ਵਿੱਚ ਇਸਾਈ ਭਾਈਚਾਰੇ ਦੇ ਇਲਾਕੇ ’ਤੇ ਹਮਲਾ
- ਅਧਿਕਾਰੀਆਂ ਮੁਤਾਬਕ 17 ਚਰਚਾਂ ਅਤੇ ਘੱਟੋ-ਘੱਟ 85 ਘਰਾਂ ਨੂੰ ਸਾੜ ਦਿੱਤਾ ਗਿਆ ਹੈ।
- ਹਾਲਾਂਕਿ, ਇਸਾਈ ਭਾਈਚਾਰੇ ਦਾ ਦਾਅਵਾ ਹੈ ਕਿ ਇਤਿਹਾਸਕ ਸਾਲਵੇਸ਼ਨ ਆਰਮੀ ਚਰਚ ਸਮੇਤ 20 ਤੋਂ ਵੱਧ ਚਰਚਾਂ ਨੂੰ ਸਾੜ ਦਿੱਤਾ ਗਿਆ ਸੀ।
- ਹਿੰਸਾ ਕਰੀਬ 10 ਘੰਟਿਆਂ ਤੱਕ ਜਾਰੀ ਰਹੀ। ਹਿੰਸਾ ਕਾਬੂ ਕਰਨ ਲਈ ਹੋਰ ਸ਼ਹਿਰਾਂ ਤੋਂ ਪੁਲਿਸ ਨੂੰ ਬੁਲਾਇਆ ਗਿਆ ਸੀ।
- ਇਸ ਮਾਮਲੇ ਵਿੱਚ 100 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਪਰ ਸਥਿਤੀ ਤਣਾਅਪੂਰਨ ਬਣੀ ਹੋਈ ਹੈ।
- ਸਾਰੇ ਜਨਤਕ ਇਕੱਠਾਂ 'ਤੇ ਸੱਤ ਦਿਨਾਂ ਲਈ ਪਾਬੰਦੀ ਲਗਾਈ ਗਈ ਹੈ।


ਤਸਵੀਰ ਸਰੋਤ, Getty Images
ਅਸਲ ਵਿੱਚ ਹੋਇਆ ਕੀ?
ਅਰਸ਼ਦ ਦੱਸਦੇ ਹਨ ਕਿ ਸਥਾਨ ਲੋਕ ਇੱਕ ਅਜਿਹੇ ਇਸਾਈ ਪਾਦਰੀ ਨੂੰ ਜਾਣਦੇ ਹਨ ਜਿਸ ਸਿਰ ਈਸ਼ਨਿੰਦਾ ਦੇ ਇਲਜ਼ਾਮ ਲੱਗੇ ਸਨ, ਪਰ ਅਰਸ਼ਦ ਨੂੰ ਨਹੀਂ ਲੱਗਦਾ ਕਿ ਪਾਦਰੀ ਨੇ ਕੁਰਾਨ ਨਾਲ ਛੇੜਛਾੜ ਕੀਤੀ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ, "ਇੱਕ ਅਪਰਾਧੀ ਆਪਣਾ ਨਾਮ ਅਤੇ ਪਤਾ ਖ਼ੁਦ ਕਿਉਂ ਦੱਸੇਗਾ?"
ਪਰ ਫ਼ਿਰ ਵੀ ਕੁਝ ਲੋਕਾਂ ਦੇ ਦਿਲਾਂ ਵਿੱਚ ਕੁਝ ਕਾਰਨਾਂ ਕਰਕੇ ਇਹ ਧਾਰਨਾ ਘਰ ਕਰ ਗਈ ਹੈ।
ਅਰਸ਼ਦ ਦਾ ਕਹਿਣਾ ਹੈ ਕਿ ਕੁਝ ਲੋਕਾਂ ਨੇ ਫ਼ਾਦਰ ਦੇ ਭਰਾ ਨੂੰ ਕੁਰਾਨ ਦੀ ਕਥਿਤ ਈਸ਼ਨਿੰਦਾ ਦੇ ਪੰਨੇ ਦਿਖਾਏ ਸਨ, ਜਿਸ ਬਾਰੇ ਉਨ੍ਹਾਂ ਕੋਈ ਜਾਣਕਾਰੀ ਨਾ ਹੋਣ ਜਾ ਦਾਅਵਾ ਕੀਤਾ ਸੀ।
ਇੱਥੋਂ ਤੱਕ ਕਿ ਫ਼ਾਦਰ ਨੇ ਵੀ ਅਜਿਹੇ ਕਿਸੇ ਕੰਮ ਵਿੱਚ ਸ਼ਮੂਲੀਅਤ ਤੋਂ ਇਨਕਾਰ ਕੀਤਾ ਸੀ।
ਪਰ ਜਨਤਕ ਗੁੱਸੇ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਦਿਆਂ ਉਨ੍ਹਾਂ ਨੇ ਮਾਫ਼ੀ ਮੰਗ ਲਈ ਸੀ।
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਮੌਕੇ ’ਤੇ ਆਲੇ-ਦੁਆਲੇ ਦੇ ਪਿੰਡਾਂ ਤੋਂ ਆਈ ਭੀੜ ਨੂੰ ਕਾਬੂ ਕਰਨ ਲਈ ਲੋੜੀਂਦੇ ਸਾਧਨ ਮੌਜੂਦ ਨਹੀਂ ਸਨ।

ਅਧਿਕਾਰੀਆਂ ਦਾ ਇਹ ਵੀ ਕਹਿਣਾ ਹੈ ਕਿ 17 ਚਰਚਾਂ ਅਤੇ ਘੱਟੋ-ਘੱਟ 85 ਘਰਾਂ ਨੂੰ ਸਾੜ ਦਿੱਤਾ ਗਿਆ ਹੈ।
ਹਾਲਾਂਕਿ, ਇਸਾਈ ਭਾਈਚਾਰੇ ਦੇ ਕਈ ਲੋਕਾਂ ਨੇ ਬੀਬੀਸੀ ਸਾਹਮਣੇ ਦਾਅਵਾ ਕੀਤਾ ਹੈ ਕਿ ਇਤਿਹਾਸਕ ਸਾਲਵੇਸ਼ਨ ਆਰਮੀ ਚਰਚ ਸਮੇਤ 20 ਤੋਂ ਵੱਧ ਚਰਚਾਂ ਨੂੰ ਸਾੜ ਦਿੱਤਾ ਗਿਆ ਸੀ।
ਹਿੰਸਾ ਕਰੀਬ 10 ਘੰਟਿਆਂ ਤੱਕ ਜਾਰੀ ਰਹੀ। ਹਿੰਸਾ ਕਾਬੂ ਕਰਨ ਲਈ ਹੋਰ ਸ਼ਹਿਰਾਂ ਤੋਂ ਪੁਲਿਸ ਨੂੰ ਬੁਲਾਇਆ ਗਿਆ ਸੀ।
ਇਸ ਮਾਮਲੇ ਵਿੱਚ 100 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਪਰ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਸਾਰੇ ਜਨਤਕ ਇਕੱਠਾਂ 'ਤੇ ਸੱਤ ਦਿਨਾਂ ਲਈ ਪਾਬੰਦੀ ਲਗਾਈ ਗਈ ਹੈ।

ਤਸਵੀਰ ਸਰੋਤ, Getty Images
ਪਾਕਿਸਤਾਨ ਵਿੱਚ ਈਸ਼ਨਿੰਦਾ ਕਾਨੂੰਨ
ਕੁਰਾਨ ਨੂੰ ਨੁਕਸਾਨ ਪਹੁੰਚਾਉਣ ਦੇ ਮੁਲਜ਼ਮ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਈਸ਼ਨਿੰਦਾ ਲਈ ਜਾਂਚ ਕੀਤੀ ਜਾ ਰਹੀ ਹੈ।
ਆਲੋਚਕਾਂ ਦਾ ਕਹਿਣਾ ਹੈ ਕਿ ਕਾਨੂੰਨ ਦੀ ਵਰਤੋਂ ਘੱਟ ਗਿਣਤੀ ਧਰਮਾਂ ਨੂੰ ਸਤਾਉਣ ਅਤੇ ਉਨ੍ਹਾਂ ਨੂੰ ਗ਼ਲਤ ਤਰੀਕੇ ਨਾਲ ਨਿਸ਼ਾਨਾ ਬਣਾਉਣ ਲਈ ਕੀਤੀ ਜਾਂਦੀ ਹੈ।
ਪਾਕਿਸਤਾਨ ਵਿੱਚ ਈਸ਼ਨਿੰਦਾ ਦਾ ਕਾਨੂੰਨ ਆਜ਼ਾਦੀ ਤੋਂ ਪਹਿਲਾਂ ਦਾ ਮੌਜੂਦ ਹੈ। ਇਹ 19ਵੀਂ ਸਦੀ ਵਿੱਚ ਅੰਗਰੇਜ਼ਾਂ ਵਲੋਂ ਬਣਾਇਆ ਗਿਆ ਸੀ।
1980 ਦੇ ਦਹਾਕੇ ਵਿੱਚ, ਇਸਲਾਮਾਬਾਦ ਨੇ ਇਸਲਾਮ ਦਾ ਅਪਮਾਨ ਕਰਨ ਲਈ ਮੌਤ ਦੀ ਸਜ਼ਾ ਸਮੇਤ ਸਖ਼ਤ ਸਜ਼ਾਵਾਂ ਵਿੱਚ ਤਜਵੀਜ਼ ਕੀਤੀ ਗਈ।
ਪਾਕਿਸਤਾਨ ਦੀ ਕਰੀਬ 96 ਫ਼ੀਸਦ ਆਬਾਦੀ ਮੁਸਲਿਮ ਹੈ। ਈਰਾਨ, ਬਰੂਨੇਈ ਅਤੇ ਮੌਰੀਤਾਨੀਆ ਸਮੇਤ ਹੋਰ ਦੇਸ਼ਾਂ ਵਿੱਚ ਵੀ ਈਸ਼ਨਿੰਦਾ ਲਈ ਫਾਂਸੀ ਦੀ ਸਜ਼ਾ ਦੇਣ ਦੀ ਵਿਵਸਥਾ ਹੈ।
ਪਾਕਿਸਤਾਨ ਦੇ ਮਨੁੱਖੀ ਅਧਿਕਾਰ ਕਮਿਸ਼ਨ ਦੀ ਸਲਾਨਾ ਰਿਪੋਰਟ ਮੁਤਾਬਕ, 2022 ਵਿੱਚ ਪੂਰੇ ਪਾਕਿਸਤਾਨ ਵਿੱਚ ਈਸ਼ਨਿੰਦਾ ਦੇ 35 ਮਾਮਲੇ ਦਰਜ ਕੀਤੇ ਗਏ ਸਨ ਅਤੇ 171 ਲੋਕਾਂ 'ਤੇ ਈਸ਼ਨਿੰਦਾ ਕਾਨੂੰਨ ਦੇ ਤਹਿਤ ਦੋਸ਼ ਆਇਦ ਕੀਤੇ ਗਏ ਸਨ, ਜਿਨ੍ਹਾਂ ਵਿੱਚੋਂ 65 ਫ਼ੀਸਦ ਮਾਮਲੇ ਪੰਜਾਬ ਵਿੱਚ ਹੋਏ ਸਨ।












