ਅੰਨ੍ਹੇ ਪਿਆਰ ਦਾ ਸ਼ਿਕਾਰ, ਬਹਾਦਰ ਕੁੜੀਓ ਹਿੰਸਕ ਰਿਸ਼ਤੇ ਤੋਂ ਬਾਹਰ ਆਉਣਾ ਜ਼ਰੂਰੀ ਹੈ: ਬਲਾਗ

ਤਸਵੀਰ ਸਰੋਤ, Getty Images
- ਲੇਖਕ, ਨਾਸਿਰੂਦੀਨ
- ਰੋਲ, ਸੀਨੀਅਰ ਪੱਤਰਕਾਰ, ਬੀਬੀਸੀ ਲਈ
ਮੁਬੰਈ ਤੋਂ ਇੱਕ ਹੋਰ ਕੁੜੀ ਦੇ ਕਤਲ ਦੀ ਦਿਲ ਦਹਿਲਾ ਦੇਣ ਵਾਲੀ ਖ਼ਬਰ ਆਈ ਹੈ।
ਪਿਛਲੇ 6 ਮਹੀਨਿਆਂ ਦੌਰਾਨ ਅਜਿਹੀਆਂ ਕਈ ਖ਼ਬਰਾਂ ਸਾਹਮਣੇ ਆਈਆਂ ਹਨ, ਜਿੰਨ੍ਹਾਂ ’ਚ ਲਿਵ-ਇਨ- ਰਿਲੇਸ਼ਨਸ਼ਿਪ ’ਚ ਰਹਿ ਰਹੀਆਂ ਕੁੜੀਆਂ ਦਾ ਕਤਲ ਉਨ੍ਹਾਂ ਦੇ ਹੀ ਸਾਥੀਆਂ ਵੱਲੋਂ ਕੀਤਾ ਗਿਆ ਹੈ।
ਪਹਿਲਾਂ ਤਾਂ ਆਪਣੀ ਪਸੰਦ ਦੇ ਮੁੰਡਿਆਂ ਨਾਲ ਆਪਣੀ ਜ਼ਿੰਦਗੀ ਬਿਤਾਉਣ ਦਾ ਫ਼ੈਸਲਾ ਕਰਨ ਵਾਲੀਆਂ ਕੁੜੀਆਂ ਨੂੰ ਉਨ੍ਹਾਂ ਦੇ ਮਾਤਾ-ਪਿਤਾ ਜਾਂ ਰਿਸ਼ਤੇਦਾਰਾਂ ਵੱਲੋਂ ਮਾਰਨ ਦੀਆਂ ਖ਼ਬਰਾਂ ਆਮ ਹੀ ਸੁਣਨ ਨੂੰ ਮਿਲਦੀਆਂ ਸਨ।
ਪਰ ਹੁਣ ਉਨ੍ਹਾਂ ਦਾ ਜ਼ਿੰਦਗੀ ਭਰ ਸਾਥ ਦੇਣ ਦਾ ਵਾਅਦਾ ਕਰਨ ਵਾਲੇ ਸਾਥੀ ਹੀ ਉਨ੍ਹਾਂ ਦੀ ਮੌਤ ਦਾ ਕਾਰਨ ਬਣ ਰਹੇ ਹਨ।
ਸਾਹਮਣੇ ਆਉਣ ਵਾਲੀ ਹਰ ਘਟਨਾ ਪਹਿਲੀ ਘਟਨਾ ਤੋਂ ਕਿਤੇ ਵੱਧ ਖੌਫ਼ਨਾਕ ਅਤੇ ਦਿਲ ਦਹਿਲਾ ਦੇਣ ਵਾਲੀ ਹੈ।
ਪਹਿਲਾਂ ਕੁੜੀ ਦਾ ਕਤਲ, ਫਿਰ ਉਸ ਦੀ ਮ੍ਰਿਤਕ ਦੇਹ ਦੇ ਟੁੱਕੜੇ ਕਰਨਾ, ਕੱਟਣ ਲਈ ਵੱਖ-ਵੱਖ ਤਰੀਕੇ ਅਪਣਾਉਣਾ ਅਤੇ ਹਥਿਆਰਾਂ ਦੀ ਵਰਤੋਂ ਕਰਨਾ।
ਕੱਟੇ ਹੋਏ ਸਰੀਰ ਨਾਲ ਉਸੇ ਘਰ ’ਚ ਰਹਿਣਾ। ਫਿਰ ਇੱਕ-ਇੱਕ ਕਰਕੇ ਸਰੀਰ ਦੇ ਕੱਟੇ ਹਿੱਸਿਆਂ ਨੂੰ ਠਿਕਾਣੇ ਲਗਾਉਣਾ।
ਉਨ੍ਹਾਂ ਨੂੰ ਸਾੜਨਾ, ਉਬਾਲਣਾ, ਸੁੱਟਣਾ, ਕੁੱਤਿਆਂ ਨੂੰ ਖੁਆਉਣਾ, ਸੂਟਕੇਸ ’ਚ ਭਰ ਕੇ ਲੈ ਕੇ ਜਾਣਾ, ਫ੍ਰਿਜ ’ਚ ਰੱਖਣਾ… ਆਦਿ ਅਤੇ ਇਹ ਸਭ ਕਰਦੇ ਹੋਏ ਵੀ ਆਪਣੀ ਦੁਨੀਆ ’ਚ ਮਜ਼ੇ ’ਚ ਰਹਿਣਾ।

ਤਸਵੀਰ ਸਰੋਤ, Getty Images
ਇਹ ਸਭ ਉਨ੍ਹਾਂ ਨਾਲ ਕੀਤਾ ਜਾ ਰਿਹਾ ਹੈ, ਜਿਨ੍ਹਾਂ ਨਾਲ ਇੱਕਠੇ ਜੀਣ ਮਰਨ ਦੀਆਂ ਸਹੁੰਆਂ ਖਾਧੀਆਂ ਗਈਆਂ ਸਨ।
ਲਿਵ-ਇਨ ਭਾਵ ਕਿ ਸਹਿ-ਜੀਵਨ ’ਚ ਦੋ ਲੋਕ ਆਪਣੀ ਮਰਜ਼ੀ ਨਾਲ ਇਕੱਠੇ ਇੱਕੋ ਛੱਤ ਹੇਠ ਰਹਿਣਾ ਤੈਅ ਕਰਦੇ ਹਨ।
ਇਹ ਜ਼ਿੰਦਗੀ ਜਿਉਣ ਦਾ ਵਧੀਆ ਤਰੀਕਾ ਹੋ ਸਕਦਾ ਹੈ, ਇਸ ਲਈ ਉਮੀਦ ਕੀਤੀ ਜਾਂਦੀ ਹੈ ਕਿ ਇਸ ਰਿਸ਼ਤੇ ’ਚ ਬਰਾਬਰੀ ਅਤੇ ਇੱਜ਼ਤ ਜ਼ਰੂਰ ਹੋਵੇਗੀ, ਅਹਿੰਸਾ ਹੋਵੇਗੀ ਅਤੇ ਪਿਆਰ-ਮੁਹੱਬਤ ਤਾਂ ਹੋਵੇਗਾ ਹੀ।
ਪਰ ਹੁਣ ਇਹ ਰਿਸ਼ਤੇ ਵੀ ਦਾਗ਼ਦਾਰ ਹੋ ਰਹੇ ਹਨ। ਹਾਲਾਂਕਿ ਅਜਿਹੀਆਂ ਕਹਾਣੀਆਂ ਦੀ ਵਰਤੋਂ ਲਿਵ ਇਨ ਦੇ ਵਿਚਾਰ ਦੇ ਖ਼ਿਲਾਫ਼ ਕਰਨਾ ਗ਼ਲਤ ਹੋਵੇਗਾ।
ਮਰਦਾਂ ਲਈ ਇਹ ਸਭ ਕਰਨਾ ਇੰਨਾ ਸੌਖਾ ਕਿਉਂ ਹੈ?
ਕੀ ਅਸੀਂ ਮੁੰਡਿਆਂ ਅਤੇ ਮਰਦਾਂ ਨੇ ਕਦੇ ਪਿਆਰ ’ਚ ਡੁੱਬੀਆਂ ਕੁੜੀਆਂ ਦੀਆਂ ਅੱਖਾਂ ’ਚ ਝਾਤ ਮਾਰੀ ਹੈ?
ਜੇਕਰ ਉਨ੍ਹਾਂ ਦੀਆ ਅੱਖਾਂ ’ਚ ਵੇਖਿਆ ਹੈ ਤਾਂ ਫਿਰ ਪਿਆਰ ਅਤੇ ਭਰੋਸੇ ਨਾਲ ਭਰੀਆਂ ਉਨ੍ਹਾਂ ਨਜ਼ਰਾਂ ਨਾਲ ਧੋਖਾ ਕਿਵੇਂ ਕੀਤਾ ਜਾ ਸਕਦਾ ਹੈ? ਜ਼ਰਾ ਸੋਚੋ ਕਿ ਅਸੀਂ ਕਿੰਨਾ ਵੱਡਾ ਗੁਨਾਹ ਕਰ ਰਹੇ ਹਾਂ।
ਅਸਲ ’ਚ ਜ਼ਿਆਦਾਤਰ ਮੁੰਡਿਆਂ ਅਤੇ ਮਰਦਾਂ ਨੂੰ ਪਿਆਰ ਹੀ ਨਹੀਂ ਕਰਨਾ ਆਉਂਦਾ। ਉਹ ਪਿਆਰ ’ਚ ਬੇਚੈਨ ਅਤੇ ਹੰਕਾਰੀ ਹੋ ਜਾਂਦੇ ਹਨ। ਉਹ ਖ਼ੁਦ ਨੂੰ ਜੇਤੂ ਸਮਝਦੇ ਹਨ ਅਤੇ ਹਮੇਸ਼ਾ ਪਿਆਰ ਨੂੰ ਜਿੱਤਣਾ ਚਾਹੁੰਦੇ ਹਨ।
ਉਹ ਨਹੀਂ ਜਾਣਦੇ ਕਿ ਪਿਆਰ ’ਚ ਤਾਂ ਹਾਰਨਾ ਹੁੰਦਾ ਹੈ। ਸਭ ਕੁਝ ਹਾਰਨਾ ਹੁੰਦਾ ਹੈ।
ਇੰਨਾ ਹੀ ਨਹੀਂ ਮਰਦ ਤਾਂ ਪਿਆਰ ਦੀ ਸ਼ੁਰੂਆਤ ਹੀ ਸਰੀਰ ਤੋਂ ਮੰਨਦੇ ਹਨ। ਇਸ ਲਈ ਸਰੀਰ ਤੋਂ ਹੀ ਕਰਦੇ ਹਨ। ਸਰੀਰ ਜਿੱਤਣ ਲਈ ਉਹ ਹਮਲਾਵਰ ਵੀ ਹੋ ਜਾਂਦੇ ਹਨ ਅਤੇ ਜ਼ੋਰ-ਜਬਰਦਸਤੀ ਤੱਕ ਕਰਦੇ ਹਨ।
ਪਰ ਕਿਸੇ ਦਾ ਦਿਲ ਜਿੱਤਣ ਲਈ ਤਾਂ ਇਨਸਾਨ ਹੋਣਾ ਲਾਜ਼ਮੀ ਹੈ, ਮਤਲਬ ਕਿ ਅਹਿੰਸਕ ਬਣਨਾ ਪੈਂਦਾ ਹੈ ਅਤੇ ਅਜਿਹਾ ਹੋਣਾ ਸੌਖਾ ਨਹੀਂ ਹੁੰਦਾ ਹੈ।


ਮੁੰਡੇ ਕੁੜੀਆਂ ਦੇ ਹਾਲਾਤ ਦਾ ਫਾਇਦਾ ਚੁੱਕਦੇ ਹਨ
- ਉਹ ਖ਼ੁਦ ਨੂੰ ਜੇਤੂ ਸਮਝਦੇ ਹਨ ਅਤੇ ਹਮੇਸ਼ਾ ਪਿਆਰ ਨੂੰ ਜਿੱਤਣਾ ਚਾਹੁੰਦੇ ਹਨ।
- ਉਹ ਨਹੀਂ ਜਾਣਦੇ ਕਿ ਪਿਆਰ ’ਚ ਤਾਂ ਹਾਰਨਾ ਹੁੰਦਾ ਹੈ।
- ਲਿਵ-ਇਨ ਭਾਵ ਕਿ ਸਹਿ-ਜੀਵਨ ’ਚ ਦੋ ਲੋਕ ਆਪਣੀ ਮਰਜ਼ੀ ਨਾਲ ਇਕੱਠੇ ਇੱਕੋ ਛੱਤ ਹੇਠ ਰਹਿਣਾ ਤੈਅ ਕਰਦੇ ਹਨ।
- ਮੁੰਡੇ ਇਸ ਗੱਲ ਤੋਂ ਵੀ ਜਾਣੂ ਹੁੰਦੇ ਹਨ ਕਿ ਵਿਆਹ ਤੋਂ ਬਿਨ੍ਹਾਂ ਰਹਿ ਰਹੀਆਂ ਕੁੜੀਆਂ ਨੂੰ ਸਮਾਜਿਕ ਮਾਨਤਾ ਨਹੀਂ ਮਿਲੇਗੀ।
- ਕੁੜੀਆਂ ਦੀ ਇਸ ਦਿਮਾਗ਼ੀ ਹਾਲਤ ਦਾ ਲਾਭ ਪੁਰਸ਼ ਬਾਖ਼ੂਬੀ ਚੁੱਕਦੇ ਹਨ।
- ਸਮਾਜ ਦੇ ਲੋਕਾਂ ਦੀ ਉਂਗਲੀ ਹਮੇਸ਼ਾ ਕੁੜੀ ’ਤੇ ਹੀ ਉੱਠਦੀ ਹੈ।
- ਸਵਾਲ ਹਮੇਸ਼ਾ ਕੁੜੀ ਨੂੰ ਹੀ ਕੀਤੇ ਜਾਂਦੇ ਹਨ ਅਤੇ ਕਲੰਕ ਵੀ ਕੁੜੀ ਦੇ ਚਰਿੱਤਰ ’ਤੇ ਹੀ ਲੱਗਦੇ ਹਨ।
- ਉਨ੍ਹਾਂ ਦਾ ਪਰਿਵਾਰ ਆਸਾਨੀ ਨਾਲ ਮੁੜ ਅਪਣਾ ਲੈਂਦਾ ਹੈ ਕਿਉਂਕਿ ਉਹ ਮਰਦ ਹਨ।

ਮਰਦਾਨਾ ਪ੍ਰੇਮੀ ਬਣ ਕੇ ਪਿਆਰ ਨਹੀਂ ਕੀਤਾ ਜਾ ਸਕਦਾ
ਜਦੋਂ ਤੱਕ ਕੁੜੀ ਉਨ੍ਹਾਂ ਦੇ ‘ਕਾਬੂ’ ’ਚ ਨਹੀਂ ਆਉਂਦੀ, ਉਦੋਂ ਤੱਕ ਇਹੀ ਮੁੰਡੇ ਬਹੁਤ ਪਿਆਰ ਨਾਲ ਗੱਲ ਕਰਦੇ ਹਨ ਅਤੇ ਜਿਵੇਂ ਹੀ ਉਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਹੋ ਜਾਂਦਾ ਹੈ ਕਿ ਇਹ ਕੁੜੀ ਹੁਣ ‘ਮੇਰੀ’ ਹੈ ਤਾਂ ਉਸੇ ਸਮੇਂ ਉਨ੍ਹਾਂ ਦਾ ਵਤੀਰਾ ਇੱਕ ਪ੍ਰੇਮੀ ਤੋਂ ‘ਮਰਦ’ ਵਾਲਾ ਬਣ ਜਾਂਦਾ ਹੈ।
ਜੇਕਰ ਉਨ੍ਹਾਂ ਨੂੰ ਇਸ ਗੱਲ ਦਾ ਯਕੀਨ ਹੋ ਜਾਵੇ ਕਿ ਇਸ ਕੁੜੀ ਦਾ ਸਾਥ ਦੇਣ ਵਾਲਾ ਕੋਈ ਨਹੀਂ ਹੈ ਜਾਂ ਇਸ ਦਾ ਕੋਈ ਸਹਾਰਾ ਨਹੀਂ ਹੈ ਜਾਂ ਫਿਰ ਹੁਣ ਇਹ ਉਸ ਦੇ ਚੁੰਗਲ ’ਚ ਪੂਰੀ ਤਰ੍ਹਾਂ ਨਾਲ ਫਸ ਗਈ ਹੈ ਤਾਂ ਉਸੇ ਸਮੇਂ ਮੁੰਡਿਆਂ ਅਤੇ ਮਰਦਾਂ ਦਾ ਵਿਵਹਾਰ ਬਦਲ ਜਾਂਦਾ ਹੈ।
ਮੁੰਡੇ ਇਸ ਗੱਲ ਤੋਂ ਵੀ ਜਾਣੂ ਹੁੰਦੇ ਹਨ ਕਿ ਵਿਆਹ ਤੋਂ ਬਿਨ੍ਹਾਂ ਰਹਿ ਰਹੀਆਂ ਕੁੜੀਆਂ ਨੂੰ ਸਮਾਜਿਕ ਮਾਨਤਾ ਨਹੀਂ ਮਿਲੇਗੀ। ਉਹ ਲੋਕ-ਲਾਜ, ਇੱਜ਼ਤ ਦੇ ਨਾਂ ’ਤੇ ਚੁੱਪ ਰਹਿਣਾ ਪਸੰਦ ਕਰਨਗੀਆਂ।
ਉਨ੍ਹਾਂ ਦੀ ਇਸ ਦਿਮਾਗ਼ੀ ਹਾਲਤ ਦਾ ਲਾਭ ਪੁਰਸ਼ ਬਾਖ਼ੂਬੀ ਚੁੱਕਦੇ ਹਨ ਅਤੇ ਇਸ ਤਰ੍ਹਾਂ ਹੀ ਹਿੰਸਾ ਦੀ ਨੀਂਹ ਰੱਖੀ ਜਾਂਦੀ ਹੈ।
ਲਿਵ-ਇਨ ’ਚ ਰਹਿਣ ਵਾਲੀਆਂ ਅਤੇ ਬੀਤੇ ਸਮੇਂ ਦੌਰਾਨ ਮਾਰੀਆਂ ਗਈਆਂ ਜ਼ਿਆਦਾਤਰ ਕੁੜੀਆਂ ਦੀ ਵੀ ਇਹੀ ਹਾਲਤ ਰਹੀ ਹੋਵੇਗੀ।
ਇਸ ਲਈ ਇਨ੍ਹਾਂ ’ਚੋਂ ਜ਼ਿਆਦਾਤਰ ਦੇ ਰਿਸ਼ਤੇਦਾਰਾਂ ਨੂੰ ਉਨ੍ਹਾਂ ਦੇ ਜੀਵਣ ਬਾਰੇ ਜਾਂ ਤਾਂ ਪਤਾ ਨਹੀਂ ਸੀ ਜਾਂ ਫਿਰ ਪਤਾ ਸੀ ਅਤੇ ਉਨ੍ਹਾਂ ਨੇ ਆਪਣੀਆਂ ਧੀਆਂ ਨਾਲ ਨਾਤਾ ਹੀ ਤੋੜ ਦਿੱਤਾ ਸੀ।


ਬਹਾਦਰ ਹੁੰਦੀਆਂ ਹਨ ਲਿਵ-ਇਨ ’ਚ ਰਹਿਣ ਵਾਲੀਆਂ ਕੁੜੀਆਂ
ਸਾਡੇ ਸਮਾਜ ’ਚ ਕੁੜੀ ਲਈ ਵਿਆਹ ਨਾ ਸਿਰਫ਼ ਇੱਕ ਸਮਾਜਿਕ ਸੁਰੱਖਿਆ ਦੀ ਛੱਤਰੀ ਹੈ, ਬਲਕਿ ਸਮਾਜਿਕ ਇੱਜ਼ਤ ਅਤੇ ਰਿਸ਼ਤੇ ਦੀ ਮਾਨਤਾ ਹਾਸਲ ਕਰਨ ਦਾ ਵੀ ਜ਼ਰੀਆ ਹੈ।
ਜ਼ਿਆਦਾਤਰ ਕੁੜੀਆਂ ਦਾ ਜਿਸ ਤਰ੍ਹਾਂ ਨਾਲ ਪਾਲਣ-ਪੋਸ਼ਣ ਕੀਤਾ ਜਾਂਦਾ ਹੈ, ਉਸ ’ਚ ਉਨ੍ਹਾਂ ਦੀ ਜ਼ਿੰਦਗੀ ਦਾ ਮਕਸਦ ਵਿਆਹ ਹੀ ਬਣਾ ਦਿੱਤਾ ਜਾਂਦਾ ਹੈ।
ਇਸ ਲਈ ਵਿਆਹ ਦੀ ਰਸਮ ਤੋਂ ਬਿਨ੍ਹਾਂ ਜਾਂ ਲਿਵ-ਇਨ ਰਿਲੇਸ਼ਨਸ਼ਿਪ ’ਚ ਮੁੰਡੇ ਦਾ ਰਹਿਣਾ ਅਤੇ ਕੁੜੀ ਦਾ ਰਹਿਣਾ ਇਕ ਸਮਾਨ ਨਹੀਂ ਹੈ।
ਕੁੜੀ ਦਾ ਇਸ ਤਰ੍ਹਾਂ ਨਾਲ ਰਹਿਣਾ ਬਹੁਤ ਹੀ ਬਹਾਦਰੀ ਵਾਲਾ ਕੰਮ ਹੈ।
ਸਮਾਜ ਦੇ ਲੋਕਾਂ ਦੀ ਉਂਗਲੀ ਹਮੇਸ਼ਾ ਕੁੜੀ ’ਤੇ ਹੀ ਉੱਠਦੀ ਹੈ। ਸਵਾਲ ਹਮੇਸ਼ਾ ਕੁੜੀ ਨੂੰ ਹੀ ਕੀਤੇ ਜਾਂਦੇ ਹਨ ਅਤੇ ਕਲੰਕ ਵੀ ਕੁੜੀ ਦੇ ਚਰਿੱਤਰ ’ਤੇ ਹੀ ਲੱਗਦੇ ਹਨ।
ਅੱਜ ਵੀ ਬਹੁਤ ਘੱਟ ਕੁੜੀਆਂ ਹਨ ਜੋ ਕਿ ਵਿਆਹ ਦੇ ਦਾਇਰੇ ਤੋਂ ਬਾਹਰ ਖੁੱਲ੍ਹੇਆਮ ਕਿਸੇ ਸਾਥੀ ਨਾਲ ਲਿਵ-ਇਨ ’ਚ ਰਹਿਣ ਦੀ ਹਿੰਮਤ ਰੱਖਦੀਆਂ ਹਨ।
ਇਸ ਰਿਸ਼ਤੇ ਨੂੰ ਸਾਰਿਆਂ ਸਾਹਮਣੇ ਮੰਨਣ ਦੀ ਹਿੰਮਤ ਅਤੇ ਤਾਕਤ ਰੱਖਦੀਆਂ ਹਨ।
ਜ਼ਿਆਦਾਤਰ ਕੁੜੀਆਂ ਆਪਣੇ ਇਸ ਫ਼ੈਸਲੇ ਨੂੰ ਨਾ ਸਿਰਫ਼ ਆਪਣੇ ਪਰਿਵਾਰਕ ਮੈਂਬਰਾਂ ਤੋਂ ਲੁਕਾ ਕੇ ਰੱਖਦੀਆਂ ਹਨ ਸਗੋਂ ਬਹੁਤ ਨਜ਼ਦੀਕੀ ਲੋਕਾਂ ਨੂੰ ਵੀ ਇਸ ਬਾਰੇ ਖੁੱਲ੍ਹ ਕੇ ਨਹੀਂ ਦੱਸਦੀਆਂ।

ਤਸਵੀਰ ਸਰੋਤ, Getty Images
ਅਜਿਹਾ ਕਿਉਂ?
ਇੰਨਾ ਹੀ ਨਹੀਂ, ਕਿਸੇ ਕੁੜੀ ਲਈ ਆਪਣੇ ਜੀਵਨ ਸਾਥੀ ਦੀ ਚੋਣ ਅਤੇ ਉਸ ਨਾਲ ਹਿੰਮਤ ਨਾਲ ਖੜ੍ਹੇ ਹੋਣਾ, ਮੁੰਡਿਆਂ ਦੀ ਤੁਲਨਾ ’ਚ ਕਿਤੇ ਵਧੇਰੇ ਹਿੰਮਤ ਦਾ ਕੰਮ ਹੈ।
ਇਸ ਲਈ ਜੇਕਰ ਕੋਈ ਕੁੜੀ ਆਪਣੇ ਪ੍ਰੇਮੀ ਦੇ ਭਰੋਸੇ ਆਪਣਾ ਘਰ ਛੱਡਦੀ ਹੈ ਅਤੇ ਫਿਰ ਉਸ ਨਾਲ ਹੀ ਧੋਖਾ ਹੁੰਦਾ ਹੈ ਤਾਂ ਇਹ ਕਿਤੇ ਵੱਡਾ ਅਪਰਾਧ ਹੈ।
ਆਮ ਤੌਰ ’ਤੇ ਲਿਵ-ਇਨ ਦਾ ਫ਼ੈਸਲਾ ਲੈਣ ਵਾਲੀਆਂ ਕੁੜੀਆਂ ਦੇ ਨਾਲ ਉਨ੍ਹਾਂ ਦੇ ਪਰਿਵਾਰ ਵਾਲੇ ਸਾਥ ਨਹੀਂ ਦਿੰਦੇ ਹਨ।
ਜਦੋਂ ਇੰਨਾਂ ਕੁੜੀਆਂ ਦੇ ਸਾਥੀ ਉਨ੍ਹਾਂ ਨਾਲ ਦੁਰ ਵਿਵਹਾਰ ਜਾਂ ਹਿੰਸਕ ਵਤੀਰਾ ਕਰਦੇ ਹਨ ਤਾਂ ਉਨ੍ਹਾਂ ਕੋਲ ਕੋਈ ਅਜਿਹਾ ਮੋਢਾ ਨਹੀਂ ਹੁੰਦਾ ਜਿਸ ’ਤੇ ਸਿਰ ਰੱਖ ਕੇ ਉਹ ਆਪਣਾ ਦੁੱਖੜਾ ਰੋ ਸਕਣ ਜਾਂ ਉਸ ਦੇ ਭਰੋਸੇ ਦੁਰ ਵਿਵਹਾਰ ਕਰਨ ਵਾਲੇ ਸਾਥੀ ਨਾਲੋਂ ਨਾਤਾ ਤੋੜ ਸਕਣ।
ਕੋਈ ਵੀ ਅਜਿਹੀ ਥਾਂ ਨਹੀਂ ਹੈ ਜਿੱਥੇ ਉਹ ਆਪਣੇ ਹਿੰਸਕ ਸਾਥੀ ਨਾਲ ਬੇਝਿਜਕ ਨਾਤਾ ਤੋੜ ਕੇ ਜਾ ਕੇ ਰਹਿ ਸਕਣ। ਉਹ ਆਪਣੇ ਪੁਰਾਣੇ ਦੋਸਤਾਂ ਨਾਲੋਂ ਵੀ ਦੂਰ ਹੋ ਜਾਂਦੀਆਂ ਹਨ।
ਵੈਸੇ ਵੀ ਕੁੜੀਆਂ ਨੂੰ ਇਕੋ ਗੱਲ ਸਿਖਾਈ ਜਾਂਦੀ ਹੈ ਕਿ ਭਲਾ ਹੈ ਜਾਂ ਬੁਰਾ, ਜਿਵੇਂ ਦਾ ਵੀ ਹੈ, ਤੁਹਾਨੂੰ ਹੀ ਉਨ੍ਹਾਂ ਨਾਲ ਕੱਟਣੀ ਪਵੇਗੀ।
ਇਸ ਲਈ ਲਿਵ-ਇਨ ਰਿਲੇਸ਼ਨਸ਼ਿਪ ’ਚ ਰਹਿਣ ਵਾਲੀਆਂ ਕੁੜੀਆਂ ਵੀ ਆਪਣੇ ਸਾਥੀ ਦੀ ਹਰ ਬਦਸਲੂਕੀ ਨੂੰ ਬਰਦਾਸ਼ਤ ਕਰਦੀਆਂ ਹਨ।
ਬਰਦਾਸ਼ਤ ਕਰਨ ਦਾ ਇੱਕ ਵਾਡਾ ਕਾਰਨ ਇਹ ਵੀ ਹੁੰਦਾ ਹੈ ਕਿ ਉਹ ਇਸ ਸਥਿਤੀ ਨੂੰ ਆਪਣੇ ਫ਼ੈਸਲੇ ਦਾ ਨਤੀਜਾ ਮੰਨਦੀਆਂ ਹਨ। ਇਸ ਲਈ ਹੀ ਇਸ ਨੂੰ ਸਹਿੰਦੀਆਂ ਹਨ।
ਦੂਜੇ ਪਾਸੇ ਮੁੰਡਿਆਂ ਜਾਂ ਮਰਦਾਂ ਲਈ ਅਜਿਹੇ ਰਿਸ਼ਤੇ ‘ਚੋਂ ਨਿਕਲਣਾ ਹਮੇਸ਼ਾ ਸੌਖਾ ਹੁੰਦਾ ਹੈ।
ਉਨ੍ਹਾਂ ਦਾ ਪਰਿਵਾਰ ਉਨ੍ਹਾਂ ਤੋਂ ਛੁੱਟਦਾ ਨਹੀਂ ਹੈ ਜਾਂ ਫਿਰ ਆਸਾਨੀ ਨਾਲ ਮੁੜ ਅਪਣਾ ਲੈਂਦਾ ਹੈ ਕਿਉਂਕਿ ਉਹ ਮਰਦ ਹਨ। ਇਹ ਉਨ੍ਹਾਂ ਦੀ ਮਰਦਾਨਗੀ ਦਾ ਗੁਣ ਮੰਨ ਲਿਆ ਜਾਂਦਾ ਹੈ।
ਇੰਨਾ ਹੀ ਨਹੀਂ ਪਰਿਵਾਰ ਵਾਲੇ ਤਾਂ ਸਭ ਕੁਝ ਜਾਣਦੇ ਹੋਏ ਵੀ ਅਜਿਹੇ ਮੁੰਡਿਆਂ ਦਾ ਵਿਆਹ ਵੀ ਤੈਅ ਕਰ ਦਿੰਦੇ ਹਨ।
ਉਹ ਇੱਕ ਰਿਸ਼ਤੇ ’ਚ ਰਹਿੰਦੇ ਹੋਏ ਵੀ ਕਿਸੇ ਦੂਜੀ ਕੁੜੀ ਨਾਲ ਵਿਆਹ ਕਰਵਾ ਲੈਂਦੇ ਹਨ।
ਵਿਆਹ ਲਈ ਲਿਵ-ਇਨ ਵਾਲੀ ਦੋਸਤ ਨੂੰ ਮਾਰ ਕੇ ਤੰਦੂਰ ’ਚ ਪਾ ਦਿੰਦੇ ਹਨ।
ਉਹ ਸਥਿਤੀਆਂ ਨੂੰ ਆਪਣੇ ਅਨੁਕੂਲ ਬਦਲ ਕੇ ਬਹੁਤ ਹੀ ਆਸਾਨੀ ਨਾਲ ਸਮਾਜ, ਪਰਿਵਾਰ ਅਤੇ ਦੋਸਤਾਂ ਵੱਲੋਂ ਮੁੜ ਅਪਣਾਏ ਜਾਂਦੇ ਹਨ।

ਮਰਦਾਂ ਨੂੰ ਪਿਆਰ ਕਰਨਾ ਸਿੱਖਣਾ ਹੋਵੇਗਾ
ਕੁੜੀਆਂ ’ਚ ਤਾਂ ਬਹੁਤ ਤਬਦੀਲੀ ਆਈ ਹੈ ਪਰ ਉਨ੍ਹਾਂ ਨਾਲ ਕਦਮ ਤਾਲ ਕਰਦੇ ਮੁੰਡਿਆਂ ’ਚ ਕੋਈ ਬਦਲਾਅ ਨਹੀਂ ਆਇਆ ਹੈ।
ਉਹ ਹੁਣ ਵੀ ਮਰਦਾਨਾ ਤਰੀਕੇ ਨਾਲ ਵਿਹਾਰ ਕਰਦੇ ਹਨ। ਉਨ੍ਹਾਂ ਲਈ ਰਿਸ਼ਤੇ ਅਤੇ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਦਾ ਤਰੀਕਾ ਪਿਤਾ ਪੁਰਖੀ ਹੀ ਹੈ।
ਉਹ ਪਿਆਰ ਦੇ ਨਾਮ ’ਤੇ ਧੋਖਾ ਦਿੰਦੇ ਹਨ। ਉਹ ਹੁੰਦੇ ਤਾਂ ਮਰਦਵਾਦੀ ਹਨ ਪਰ ਬਾਹਰੋਂ ਨਾਰੀਵਾਦੀ ਹੋਣ ਦਾ ਦਾਅਵਾ ਕਰਦੇ ਹਨ।
ਉਹ ਇੰਸਟਾਗ੍ਰਾਮ ਦੀਆਂ ਨਾਰੀਵਾਦੀ ਪੋਸਟਾਂ ਅਤੇ ਰੀਲਾਂ ਰਾਹੀਂ ਕੁੜੀਆਂ ਨੂੰ ਲੁਭਾਉਣਾ ਚਾਹੁੰਦੇ ਹਨ, ਪਰ ਉਸ ਰੀਲ ’ਚ ਦੱਸੀਆਂ ਗੱਲਾਂ ਨੂੰ ਆਪਣੇ ਜੀਵਨ ’ਚ ਨਹੀਂ ਅਪਣਾਉਂਦੇ ਹਨ ਭਾਵ ਹਾਥੀ ਦੇ ਦੰਦ ਵਿਖਾਉਣ ਦੇ ਕੁਝ ਹੋਰ ਅਤੇ ਖਾਣ ਦੇ ਕੁਝ ਹੋਰ ਹੁੰਦੇ ਹਨ।
ਹੁਣ ਸਮਾਂ ਆ ਗਿਆ ਹੈ ਕਿ ਪੁਰਸ਼ਾਂ ਨੂੰ ਬਰਾਬਰੀ ਅਤੇ ਇੱਜ਼ਤ ਭਰਪੂਰ ਪਿਆਰ ਕਰਨਾ ਸਿੱਖਣਾ ਪਵੇਗਾ।
ਇਸ ਲਈ ਉਨ੍ਹਾਂ ਨੂੰ ਸਭ ਤੋਂ ਪਹਿਲਾਂ ਕਿਸੇ ਕੁੜੀ ਦੀ ਇੱਜ਼ਤ ਕਰਨੀ ਸਿੱਖਣੀ ਪਵੇਗੀ।
ਮਾਤਾ-ਪਿਤਾ, ਰਿਸ਼ਤੇਦਾਰ ਜਾਂ ਦੋਸਤ ਵੀ ਬਹੁਤ ਕੁਝ ਕਰ ਸਕਦੇ ਹਨ
ਆਮ ਤੌਰ ‘ਤੇ ਲਿਵ-ਇਨ ਜਾਂ ਆਪਣੀ ਪਸੰਦ ਦਾ ਜੀਵਨ ਸਾਥੀ ਚੁਣਨ ਵਾਲੀ ਕੁੜੀ ਦੇ ਨਾਲ ਉਸ ਦੇ ਪਰਿਵਾਰਕ ਮੈਂਬਰ, ਰਿਸ਼ਤੇਦਾਰ, ਪਿੰਡ-ਸਮਾਜ ਦੇ ਲੋਕ ਖੜ੍ਹੇ ਨਹੀਂ ਹੁੰਦੇ ਹਨ।
ਇਹ ਉਹ ਪਹਿਲੀ ਚੀਜ਼ ਹੈ ਜੋ ਕਿ ਕੁੜੀ ਦੀ ਸਥਿਤੀ ਨੂੰ ਕਮਜ਼ੋਰ ਬਣਾਉਂਦੀ ਹੈ ਅਤੇ ਮੁੰਡੇ ਨੂੰ ਮਰਦਾਨਾ ਤਾਕਤ ਦਿੰਦੀ ਹੈ।
ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਜੇਕਰ ਕੋਈ ਕੁੜੀ ਆਪਣਾ ਸਾਥੀ ਚੁਣ ਰਹੀ ਹੈ ਤਾਂ ਉਸ ਦਾ ਨਜ਼ਰੀਆ ਸਮਝਿਆ ਜਾਵੇ, ਉਸ ਨੂੰ ਚੰਗੀ ਤਰ੍ਹਾਂ ਜਾਣਿਆ ਜਾਵੇ।
ਉਸ ਨੂੰ ਹੌਂਸਲਾ ਦਿੱਤਾ ਜਾਵੇ ਅਤੇ ਇੰਨਾ ਭਰੋਸਾ ਦਿੱਤਾ ਜਾਵੇ ਕਿ ਉਹ ਹਮੇਸ਼ਾ ਆਪਣੀ ਹਰ ਗੱਲ ਖੁੱਲ੍ਹ ਕੇ ਅਤੇ ਨਿਡਰ ਹੋ ਕੇ ਕਹਿ ਸਕੇ।
ਕੁੜੀ ਜਾਂ ਧੀ ਦੇ ਅਜਿਹੇ ਫ਼ੈਸਲੇ ਨੂੰ ਇੱਜ਼ਤ ਜਾਂ ਨੱਕ ਜਾਂ ਮੁੱਛ ਨਾਲ ਜੋੜ ਕੇ ਨਾ ਵੇਖਿਆ ਜਾਵੇ ਤਾਂ ਹੀ ਸ਼ਾਇਦ ਸਾਡੀਆਂ ਧੀਆਂ ਜ਼ਹਿਰੀਲੇ ਦਬੰਗ ਸਾਥੀਆਂ ਦੀ ਹਿੰਸਾ ਦਾ ਡੱਟ ਕੇ ਮੁਕਾਬਲਾ ਕਰਨ ਦੇ ਯੋਗ ਹੋ ਸਕਣਗੀਆਂ।

ਕੁੜੀਆਂ ਨੂੰ ਕੁਝ ਕਰਨਾ ਪਵੇਗਾ ਜਾਂ ਨਹੀਂ?
ਲਿਵ-ਇਨ ’ਚ ਰਹਿਣਾ ਇੱਕ ਵੱਡਾ ਫ਼ੈਸਲਾ ਹੈ। ਆਮ ਤੌਰ ’ਤੇ ਨੌਕਰੀ ਕਰਨ ਵਾਲੀਆਂ ਕੁੜੀਆਂ ਨੂੰ ਲੱਗਦਾ ਹੈ ਕਿ ਹੁਣ ਉਹ ਅਜਿਹੇ ਫ਼ੈਸਲੇ ਲੈ ਸਕਦੀਆਂ ਹਨ ਅਤੇ ਉਹ ਲੈਂਦੀਆਂ ਵੀ ਹਨ।
ਪਰ ਪੈਰਾਂ ’ਤੇ ਖੜ੍ਹੇ ਹੋਣ ਦਾ ਮਤਲਬ ਸਿਰਫ਼ ਨੌਕਰੀ ਜਾਂ ਆਰਥਿਕ ਤੌਰ ’ਤੇ ਆਤਮ ਨਿਰਭਰ ਹੋਣਾ ਹੀ ਨਹੀਂ ਹੁੰਦਾ ਹੈ।
ਮਜ਼ਬੂਤ ਹੋਣ ਦੀ ਪਹਿਲੀ ਸ਼ਰਤ ਹੋਣੀ ਚਾਹੀਦੀ ਹੈ- ਦਿਮਾਗ਼ੀ ਤੌਰ ’ਤੇ ਸੁਤੰਤਰ ਸ਼ਖ਼ਸੀਅਤ ਦਾ ਹੋਣਾ। ਮਾਨਸਿਕ ਗ਼ੁਲਾਮੀ ਦੀਆਂ ਜੰਜ਼ੀਰਾਂ ਨੂੰ ਤੋੜ ਸੁੱਟਣਾ।
ਜੇਕਰ ਕੁੜੀਆਂ ਨੇ ਆਪਣੇ ਪਰਿਵਾਰ ਵਾਲਿਆਂ ਦੀ ਮਰਜ਼ੀ ਤੋਂ ਬਿਨ੍ਹਾਂ, ਆਪਣੇ ਹਿੱਤ ’ਚ ਕੁਝ ਫ਼ੈਸਲੇ ਲਏ ਹਨ ਤਾਂ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਦੇ ਹਰ ਫ਼ੈਸਲੇ ’ਚ ਇਸ ਆਜ਼ਾਦੀ ਨੂੰ ਬਰਕਰਾਰ ਰੱਖਣਾ ਚਾਹੀਦਾ ਹੈ।
ਅਜਿਹਾ ਬਿਲਕੁਲ ਵੀ ਨਹੀਂ ਹੋਣਾ ਚਾਹੀਦਾ ਕਿ ਇੱਕ ਪਾਸੇ ਤੁਸੀਂ ਆਪਣੇ ਪਰਿਵਾਰ ਵਾਲਿਆਂ ਤੋਂ ਆਜ਼ਾਦੀ ਲਈ ਅਤੇ ਫਿਰ ਉਸੇ ਆਜ਼ਾਦੀ ਨੂੰ ਆਪਣੇ ਮਰਦ ਸਾਥੀ ਕੋਲ ਗਿਰਵੀ ਰੱਖ ਦਿੱਤਾ।
ਜਿਵੇਂ ਉਨ੍ਹਾਂ ਦਾ ਮਰਦ ਸਾਥੀ ਚਾਹੇ ਉਸ ਤਰ੍ਹਾਂ ਦੀ ਜ਼ਿੰਦਗੀ ਜਿਉਣ ਅਤੇ ਉਸ ਮੁਤਾਬਕ ਹੀ ਆਪਣੀ ਜ਼ਿੰਦਗੀ ਦੇ ਫ਼ੈਸਲੇ ਤੱਕ ਲੈਣ…ਇਹ ਆਤਮ ਨਿਰਭਰ ਜਾਂ ਮਜ਼ਬੂਤ ਹੋਣ ਦੀ ਨਿਸ਼ਾਨੀ ਨਹੀਂ ਹੈ।
ਇਸ ਲਈ ਕੁੜੀਆਂ ਨੂੰ ਪਿਆਰ ਅਤੇ ਪਿਆਰ ਦੇ ਨਾਮ ’ਤੇ ਗ਼ੁਲਾਮੀ ’ਚ ਫਰਕ ਕਰਨਾ ਸਿੱਖਣਾ ਚਾਹੀਦਾ ਹੈ।
‘ਚੰਗੀ ਕੁੜੀ’ ਦਾ ਅਕਸ ਤੋੜਨਾ ਬਹੁਤ ਜ਼ਰੂਰੀ ਹੈ
ਕੁੜੀਆਂ ਨੂੰ ਵੀ ਇਸ ਪੁਰਸ਼ ਪ੍ਰਧਾਨ ਸਮਾਜ ਵੱਲੋਂ ਬਣਾਈਆਂ ਸ਼ਹਿਣਸ਼ੀਲ, ਕੋਮਲ, ਤਿਆਗੀ, ਸੇਵਕ, ਚੰਗੀ ਕੁੜੀ ਆਦਿ ਦੀ ਮੁਹਰਾਂ ਨੂੰ ਆਪਣੇ ਤੋਂ ਹਟਾਉਣਾ ਹੋਵੇਗਾ।
‘ਕੁੜੀ ਆਪਣੇ ਪੇਕੇ ਘਰੋਂ ਡੋਲੀ ’ਚ ਜਾਂਦੀ ਹੈ ਅਤੇ ਸਹੁਰੇ ਘਰੋਂ ਅਰਥੀ ’ਚ ਜਾਂਦੀ ਹੈ’ ਜਾਂ ‘ਪਤੀ ਦਾ ਘਰ ਹੀ ਅਸਲੀ ਘਰ ਹੈ’ ਜਾਂ ‘ਮੇਰਾ ਪਤੀ ਮੇਰਾ ਦੇਵਤਾ’… ਅਜਿਹੀ ਸੋਚ ਨੂੰ ਦਿਮਾਗ਼ ਤੋਂ ਬਾਹਰ ਕੱਢ ਸੁੱਟਣਾ ਪਵੇਗਾ।
ਕੁੜੀਆਂ ਨੂੰ ਆਪਣੇ ਦਿਲੋ-ਦਿਮਾਗ਼ ’ਚੋਂ ਇਹ ਵੀ ਕੱਢਣਾ ਪਵੇਗਾ ਕਿ ਉਨ੍ਹਾਂ ਦਾ ਸਾਥੀ ਉਨ੍ਹਾਂ ਨਾਲ ਕੁਝ ਵੀ ਕਰ ਸਕਦਾ ਹੈ।
ਮਿਸਾਲ ਵਜੋਂ ‘ਜੇਕਰ ਉਹ ਪਿਆਰ ਕਰਦਾ ਹੈ ਤਾਂ ਹੱਥ ਵੀ ਚੁੱਕ ਸਕਦਾ ਹੈ। ਜੇਕਰ ਕਦੇ ਮੇਰੀ ਗ਼ਲਤੀ ’ਤੇ ਮਾਰ ਦਿੱਤਾ ਤਾਂ ਕੀ ਗ਼ਲਤ ਹੈ, ਪਿਆਰ ਵੀ ਤਾਂ ਮੈਨੂੰ ਹੀ ਕਰਦਾ ਹੈ।
ਪਤਾ ਨਹੀਂ ਅਜਿਹਾ ਸੋਚਣ ਵਾਲੀਆਂ ਕੁੜੀਆਂ ਦੇ ਦਿਮਾਗ਼ ’ਚ ਪਿਆਰ ਦੀ ਪਰਿਭਾਸ਼ਾ ਕੀ ਹੈ? ਉਹ ਕਿਹੜੇ ਪਿਆਰ ਦੀ ਗੱਲ ਕਰਦੀਆਂ ਹਨ?
ਪਿਆਰ ’ਚ ਹਿੰਸਾ ਦੀ ਕੋਈ ਥਾਂ ਨਹੀਂ ਹੁੰਦੀ ਹੈ
ਪਿਆਰ ’ਚ ਕਿਸੇ ਵੀ ਤਰ੍ਹਾਂ ਦੀ ਹਿੰਸਾ ਜਾਂ ਬਦਸਲੂਕੀ ਦੀ ਕੋਈ ਥਾਂ ਨਹੀਂ ਹੋ ਸਕਦੀ ਹੈ। ਹਿੰਸਾ ਦਾ ਮਤਲਬ ਸਿਰਫ਼ ਸਰੀਰਕ ਸੱਟ ਨਹੀਂ, ਸਗੋਂ ਮਾਨਸਿਕ ਪਰੇਸ਼ਾਨੀ ਵੀ ਇਸ ਦਾ ਹੀ ਹਿੱਸਾ ਹੈ।
ਜੋ ਗਤੀਵਿਧੀ ਕਿਸੇ ਮਨੁੱਖ ਦੇ ਸਨਮਾਨ ਨੂੰ ਠੇਸ ਪਹੁੰਚਾਏ, ਉਹ ਹਰ ਗਤੀਵਿਧੀ ਹਿੰਸਾ ਦੇ ਦਾਇਰੇ ’ਚ ਆਉਂਦੀ ਹੈ।
ਜੋ ਪਿਆਰ ਕਰਦਾ ਹੈ, ਉਹ ਮਰਦ ਕਦੇ ਵੀ ਕਿਸੇ ਤਰ੍ਹਾਂ ਦੀ ਵੀ ਹਿੰਸਾ ਨਹੀਂ ਕਰ ਸਕਦਾ ਹੈ ਅਤੇ ਨਾ ਹੀ ਕਿਤੇ ਆਉਣ-ਜਾਣ ਜਾਂ ਕਿਸੇ ਨਾਲ ਗੱਲ ਕਰਨ ਤੋਂ ਰੋਕ ਸਕਦਾ ਹੈ।
ਕੁੜੀਆਂ ਨੂੰ ਨਿਡਰ ਹੋ ਕੇ ਅਜਿਹੀ ਸਥਿਤੀ ਵਿਰੁੱਧ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਸਭ ਤੋਂ ਪਹਿਲਾਂ ਤਾਂ ਉਨ੍ਹਾਂ ਨੂੰ ਆਪਣੇ ਸਵੈ-ਮਾਣ ਦੀ ਸੁਰੱਖਿਆ ਕਰਨੀ ਆਉਣੀ ਚਾਹੀਦੀ ਹੈ।
ਜਿਹੜੀ ਗੱਲ ਉਨ੍ਹਾਂ ਦੇ ਸਤਿਕਾਰ ਦੇ ਵਿਰੁਧ ਹੋਵੇ, ਉਨ੍ਹਾਂ ਦੀ ਆਜ਼ਾਦੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰੇ, ਉਸ ਨੂੰ ਸ਼ੁਰੂ 'ਚ ਹੀ ਰੋਕ ਦੇਣਾ ਚਾਹੀਦਾ ਹੈ।
ਸਨਮਾਨ ਅਤੇ ਆਜ਼ਾਦੀ ਨਾਲ ਕੀਤਾ ਸਮਝੌਤਾ ਤੁਹਾਨੂੰ ਹਮੇਸ਼ਾ ਲਈ ਸਮਝੌਤੇ ਦੀ ਰਾਹ 'ਤੇ ਲੈ ਜਾਂਦਾ ਹੈ ਅਤੇ ਇਸ ਸਮਝੌਤੇ 'ਚ ਜੋ ਚੀਜ਼ ਖ਼ਤਮ ਹੋਵੇਗੀ ਉਹ ਹੈ ਕੁੜੀਆਂ ਦੀ ਆਜ਼ਾਦ ਸ਼ਖਸੀਅਤ।

ਤਸਵੀਰ ਸਰੋਤ, Getty Images
ਅਜਿਹੀ ਕਿਸੇ ਵੀ ਹਿੰਸਾ ਦਾ ਅਹਿੰਸਕ ਤਰੀਕੇ ਨਾਲ ਮੁਕਾਬਲਾ ਕਰਨਾ ਬਹੁਤ ਜ਼ਰੂਰੀ ਹੈ। ਅਹਿੰਸਾ ਕਮਜ਼ੋਰੀ ਦੀ ਨਿਸ਼ਾਨੀ ਨਹੀਂ ਹੈ। ਜਿਵੇਂ ਕਿ ਮਹਾਤਮਾ ਗਾਂਧੀ ਕਹਿੰਦੇ ਸਨ ਕਿ ‘ਅਹਿੰਸਾ ਤਾਕਤਵਰਾਂ ਦਾ ਹਥਿਆਰ ਹੈ’।
ਇੰਨਾ ਹੀ ਨਹੀਂ ਕੁੜੀਆਂ ਨੂੰ ਇਹ ਗੱਲ ਵੀ ਯਾਦ ਰੱਖਣੀ ਚਾਹੀਦੀ ਹੈ ਕਿ ਉਨ੍ਹਾਂ ਨੇ ਲਿਵ-ਇਨ ’ਚ ਰਹਿਣ ਦਾ ਫ਼ੈਸਲਾ ਬਹੁਤ ਹੀ ਬਹਾਦਰੀ ਨਾਲ ਆਪਣੇ ਦਮ ’ਤੇ ਲਿਆ ਹੈ ਅਤੇ ਇਸ ਲਈ ਆਪਣੇ ਨਜ਼ਦੀਕੀਆਂ ਨਾਲ ਸਬੰਧ ਵੀ ਤੋੜੇ।
ਇਸ ਲਈ ਪਿਆਰ ਦਾ ਮਤਲਬ ਬਰਦਾਸ਼ਤ ਕਰਨਾ ਨਹੀਂ ਹੁੰਦਾ ਹੈ।
ਹਿੰਸਾ ਨੂੰ ਕਿਸੇ ਵੀ ਸੂਰਤ ’ਚ ਬਰਦਾਸ਼ਤ ਨਹੀਂ ਕੀਤਾ ਜਾਣਾ ਚਾਹੀਦਾ ਹੈ।
ਜੇਕਰ ਕਿਸੇ ਵੀ ਰਿਸ਼ਤੇ ’ਚ ਹਿੰਸਾ ਨੂੰ ਇੱਕ ਵਾਰ ਥਾਂ ਮਿਲ ਗਈ ਤਾਂ ਫਿਰ ਉਹ ਵੱਧਦੀ ਹੀ ਜਾਵੇਗੀ।
ਇਸ ਲਈ ਕੁੜੀਆਂ ਨੂੰ ਇਸ ਗੱਲ ਤੋਂ ਜਾਣੂ ਹੋਣਾ ਚਾਹੀਦਾ ਹੈ ਕਿ ਅਜਿਹੇ ਰਿਸ਼ਤੇ ’ਚੋਂ ਜਿੰਨੀ ਜਲਦੀ ਹੋ ਸਕੇ ਬਾਹਰ ਹੋ ਜਾਣਾ ਚਾਹੀਦਾ ਹੈ।


















