ਸ਼੍ਰਧਾ ਕਤਲ ਕਾਂਡ: ਅਜਿਹੇ ਅਪਰਾਧ ਨੂੰ ਅੰਜਾਮ ਦੇਣ ਵਾਲਿਆਂ ਦੇ ਦਿਮਾਗ 'ਚ ਕੀ ਚੱਲਦਾ ਹੈ

ਸ਼੍ਰਧਾ ਕਤਲ ਕੇਸ ਵਿੱਚ ਨਿੱਤ ਨਵੇਂ ਖੁਲਾਸੇ ਹੋ ਰਹੇ ਹਨ

ਤਸਵੀਰ ਸਰੋਤ, Alamy

    • ਲੇਖਕ, ਸੁਸ਼ੀਲਾ ਸਿੰਘ
    • ਰੋਲ, ਬੀਬੀਸੀ ਪੱਤਰਕਾਰ

ਦਿੱਲੀ ਵਿੱਚ ਹੋਏ ਸ਼ਰਧਾ ਕਤਲ ਕਾਂਡ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਕਾਨੂੰਨੀ ਹਲਕਿਆਂ 'ਚ ਇਸ ਗੱਲ ਦੀ ਚਰਚਾ ਹੈ ਕਿ ਜੁਰਮ ਸਾਬਤ ਹੋਣ 'ਤੇ ਸਖ਼ਤ ਸਜ਼ਾ ਦੀ ਵਿਵਸਥਾ ਹੋਣੀ ਚਾਹੀਦੀ ਹੈ ਜਾਂ ਇਸ ਨੂੰ 'ਦੁਰਲੱਭ ਤੋਂ ਦੁਰਲੱਭ' ਮਾਮਲਾ ਮੰਨਿਆ ਜਾਣਾ ਚਾਹੀਦਾ ਹੈ।

ਦੂਜੇ ਪਾਸੇ ਟਵਿੱਟਰ 'ਤੇ #DelhiMurder, #AaftabPoonawala ਅਤੇ #ShraddhaWalkar ਟ੍ਰੈਂਡ ਕਰਨ ਲੱਗੇ।

ਇੱਕ ਹੋਰ ਗੱਲ ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ ਉਹ ਇਹ ਕਿ ਕੋਈ ਅਜਿਹਾ ਘਿਨੌਣਾ ਅਪਰਾਧ ਕਿਵੇਂ ਕਰ ਸਕਦਾ ਹੈ?

ਅਜਿਹੇ ਵਿਅਕਤੀ ਦੇ ਮਨ ਵਿੱਚ ਕੀ ਚੱਲ ਰਿਹਾ ਸੀ ਕਿ ਕਤਲ ਕਰਨ ਤੋਂ ਬਾਅਦ ਉਸ ਨੇ ਆਪਣਾ ਗੁਨਾਹ ਛੁਪਾਉਣ ਲਈ ਅਜਿਹਾ ਵਹਿਸ਼ੀ ਕਦਮ ਚੁੱਕਿਆ?

ਇਸ ਮਾਮਲੇ ਨੂੰ ਸੋਸ਼ਲ ਮੀਡੀਆ 'ਤੇ ਫਿਰਕੂ ਰੰਗ ਦੇਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਸ਼ਰਧਾ ਕਤਲ ਕਾਂਡ

ਤਸਵੀਰ ਸਰੋਤ, ANI

ਕੀ ਹੈ ਪੂਰਾ ਮਾਮਲਾ

ਪੁਲਿਸ ਮੁਤਾਬਕ ਇਸ ਸਾਲ ਮਈ ਮਹੀਨੇ 'ਚ ਆਫਤਾਬ ਪੂਨਾਵਾਲਾ ਨਾਮ ਦੇ ਮੁੰਡੇ ਨੇ 27 ਸਾਲਾ ਕੁੜੀ ਸ਼੍ਰਧਾ ਵਾਲਕਰ ਦਾ ਪਹਿਲਾਂ ਕਤਲ ਕਰ ਦਿੱਤਾ ਅਤੇ ਫਿਰ ਉਸ ਦੇ ਸ਼ਰੀਰ ਦੇ 35 ਟੋਟੇ ਕਰ ਕੇ ਜੰਗਲ ਵਿੱਚ ਸੁੱਟ ਦਿੱਤੇ।

ਇਹ ਦੋਵੇਂ ਲਿਵ ਇਨ ਰਿਲੇਸ਼ਨ ਮਤਲਬ ਬਿਨਾਂ ਵਿਆਹ ਦੇ ਇਕੱਠੇ ਰਹਿੰਦੇ ਸਨ। ਪੁਲਿਸ ਨੇ ਆਫ਼ਤਾਬ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਪੁੱਛਗਿੱਛ ਦੌਰਾਨ ਪੁਲਿਸ ਆਫ਼ਤਾਬ ਨੂੰ ਉਸ ਥਾਂ 'ਤੇ ਵੀ ਲੈ ਗਈ, ਜਿੱਥੇ ਉਸ ਨੇ ਸ਼੍ਰਧਾ ਦੀ ਲਾਸ਼ ਦੇ ਟੁਕੜੇ ਸੁੱਟੇ ਸਨ।

ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਵਿੱਚ ਦੱਸਿਆ ਗਿਆ ਹੈ ਕਿ ਸ਼੍ਰਧਾ ਮਹਾਰਾਸ਼ਟਰ ਦੇ ਪਾਲਘਰ ਦੀ ਰਹਿਣ ਵਾਲੀ ਸੀ ਅਤੇ ਕੁੜੀ ਦਾ ਪਰਿਵਾਰ ਇਸ ਰਿਸ਼ਤੇ ਤੋਂ ਨਾਖੁਸ਼ ਸੀ।

ਇਸ ਕਾਰਨ ਦੋਹਾਂ ਨੇ ਦਿੱਲੀ ਆਉਣ ਦਾ ਫੈਸਲਾ ਕੀਤਾ ਅਤੇ ਇਕੱਠੇ ਰਹਿਣ ਲੱਗੇ।

ਪੁਲਿਸ ਮੁਤਾਬਕ ਆਫ਼ਤਾਬ ਨੇ 18 ਮਈ ਤੋਂ ਪਹਿਲਾਂ ਵੀ ਆਪਣੀ ਪ੍ਰੇਮਿਕਾ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ।

ਵਿਆਹ ਨੂੰ ਲੈ ਕੇ ਦੋਹਾਂ ਵਿਚਕਾਰ ਤਕਰਾਰ ਚੱਲ ਰਹੀ ਸੀ। ਨਾਲ ਹੀ, ਜਿਸ ਦਿਨ ਕਤਲ ਹੋਇਆ, ਉਸ ਦਿਨ ਦੋਵਾਂ ਵਿਚਕਾਰ ਲੜਾਈ ਵੀ ਹੋਈ ਸੀ।

ਸ਼ਰਧਾ ਕਤਲ ਕਾਂਡ

ਤਸਵੀਰ ਸਰੋਤ, ANI

ਲਾਈਨ

ਸ਼੍ਰਧਾ ਕਤਲ ਕੇਸ ਵਿੱਚ ਹੁਣ ਤੱਕ ਜੋ ਪਤਾ ਹੈ:

  • ਸ਼੍ਰਧਾ ਅਤੇ ਆਫ਼ਤਾਬ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਸਨ ਅਤੇ ਮੁੰਬਈ ਤੋਂ ਆ ਕੇ ਦਿੱਲੀ ਵਿੱਚ ਰਹਿ ਰਹੇ ਸਨ
  • ਦਿੱਲੀ ਪੁਲਿਸ ਮੁਤਾਬਕ 18 ਮਈ ਨੂੰ ਸ਼ਰਧਾ ਦਾ ਕਤਲ ਕਰਨ ਤੋਂ ਬਾਅਦ ਆਫ਼ਤਾਬ ਨੇ ਉਸ ਦੀ ਲਾਸ਼ ਦੇ ਕਈ ਟੋਟੇ ਦਿੱਤੇ ਸਨ
  • ਉਸ ਨੇ ਲਾਸ਼ ਦੇ ਟੁਕੜੇ ਜੰਗਲ ਵਿਚ ਵੱਖ-ਵੱਖ ਥਾਵਾਂ 'ਤੇ ਸੁੱਟ ਦਿੱਤੇ ਤਾਂ ਕਿ ਉਹ ਫੜ੍ਹਿਆ ਨਾ ਜਾਵੇ
  • ਕਤਲ ਤੋਂ ਬਾਅਦ ਆਫ਼ਤਾਬ ਨੇ ਸ਼ਰਧਾ ਦਾ ਫ਼ੋਨ ਵੀ ਸੁੱਟ ਦਿੱਤਾ ਸੀ, ਹੁਣ ਪੁਲਿਸ ਉਸ ਫ਼ੋਨ ਦੀ ਵੀ ਭਾਲ ਕਰ ਰਹੀ ਹੈ
  • ਕਤਲ ਤੋਂ ਬਾਅਦ ਆਫ਼ਤਾਬ ਜੂਨ ਤੱਕ ਸ਼ਰਧਾ ਦੇ ਇੰਸਟਾਗ੍ਰਾਮ ਅਕਾਊਂਟ ਦੀ ਵਰਤੋਂ ਕਰਦਾ ਰਿਹਾ ਤਾਂ ਕਿ ਲੋਕ ਸੋਚਣ ਕਿ ਸ਼ਰਧਾ ਜਿਉਂਦੀ ਹੈ
  • ਪੁਲਿਸ ਅਜੇ ਤੱਕ ਜੁਰਮ ਲਈ ਇਸਤੇਮਾਲ ਹੋਏ ਹਥਿਆਰ ਦਾ ਪਤਾ ਨਹੀਂ ਲਗਾ ਸਕੀ ਹੈ
ਲਾਈਨ

ਅਜਿਹੇ ਵਿਅਕਤੀ ਨੂੰ ਕਿਵੇਂ ਪਛਾਣਿਆ ਜਾਵੇ?

ਜੰਗਲ ਵਿੱਚ ਮੁਲਜ਼ਮ ਨੂੰ ਲੈ ਕੇ ਦਿੱਲੀ ਪੁਲਿਸ ਪਹੁੰਚੀ

ਤਸਵੀਰ ਸਰੋਤ, ANI

ਮਨੋਵਿਗਿਆਨੀ ਡਾਕਟਰ ਸਮੀਰ ਮਲਹੋਤਰਾ ਦਾ ਕਹਿਣਾ ਹੈ ਕਿ ਅਜਿਹੇ ਅਪਰਾਧਾਂ ਪਿੱਛੇ ਕਈ ਕਾਰਨ ਹੁੰਦੇ ਹਨ।

ਉਹ ਦੱਸਦੇ ਹਨ, "ਇੱਥੇ ਇਹ ਦੇਖਣਾ ਜ਼ਰੂਰੀ ਹੈ ਕਿ ਅਪਰਾਧ ਕਰਨ ਵਾਲਾ ਵਿਅਕਤੀ ਕਿਸ ਮਾਹੌਲ ਵਿੱਚ ਵੱਡਾ ਹੋਇਆ ਹੈ, ਬਚਪਨ ਤੋਂ ਲੈ ਕੇ ਵੱਡੇ ਹੋਣ ਤੱਕ ਉਸ ਦੀ ਕਿਹੋ-ਜਿਹੀ ਸੋਚ ਰਹੀ ਅਤੇ ਇਸ ਦਾ ਉਸ ਦੇ ਵਤੀਰੇ 'ਤੇ ਕੀ ਅਸਰ ਪਿਆ ਹੈ।"

ਦਿੱਲੀ ਦੇ ਮੈਕਸ ਹਸਪਤਾਲ ਦੇ ਮਾਨਸਿਕ ਸਿਹਤ ਅਤੇ ਵਿਵਹਾਰ ਵਿਗਿਆਨ ਦੇ ਨਿਰਦੇਸ਼ਕ ਡਾ. ਸਮੀਰ ਮਲਹੋਤਰਾ ਕਹਿੰਦੇ ਹਨ, ''ਅਜਿਹੇ ਅਪਰਾਧ ਕਰਨ ਵਾਲਿਆਂ 'ਚ ਬਚਪਨ ਤੋਂ ਵੱਡੇ ਹੋਣ ਤੱਕ ਅਜਿਹੇ ਲੱਛਣ ਮਿਲਦੇ ਹਨ ਜਿੱਥੇ ਉਹ ਆਪਣੇ ਗੁੱਸੇ 'ਤੇ ਕਾਬੂ ਨਹੀਂ ਰੱਖ ਪਾਉਂਦੇ ਅਤੇ ਅਜਿਹੇ ਅਪਰਾਧ ਕਰ ਬੈਠਦੇ ਹਨ।''

ਡਾਕਟਰਾਂ ਦਾ ਕਹਿਣਾ ਹੈ ਕਿ ਆਫ਼ਤਾਬ ਦਾ ਜੋ ਮਾਮਲਾ ਸਾਹਮਣੇ ਆਇਆ ਹੈ, ਅਜਿਹੇ ਅਪਰਾਧ ਕਰਨ ਦੀ ਮਾਨਸਿਕਤਾ ਇੱਕ ਦਿਨ ਵਿੱਚ ਵਿਕਸਤ ਨਹੀਂ ਹੁੰਦੀ।

ਅਜਿਹੇ ਲੋਕਾਂ ਲਈ, ਆਪਣੀਆਂ ਲੋੜਾਂ ਪੂਰੀਆਂ ਕਰਨਾ, ਚੀਜ਼ਾਂ 'ਤੇ ਆਪਣਾ ਕਾਬੂ ਰੱਖਣਾ ਹੀ ਸਰਵਉੱਚ ਹੋ ਜਾਂਦਾ ਹੈ ਅਤੇ ਸਹੀ-ਗ਼ਲਤ ਦਾ ਗਿਆਨ ਹੋਣ ਦੇ ਬਾਵਜੂਦ, ਉਹ ਆਪਣੀ ਤਰਕਸ਼ੀਲ ਸਮਝ ਗੁਆ ਬੈਠਦੇ ਹਨ।

ਲਾਈਨ
ਡਾ. ਪੂਜਾਸ਼ਿਵਮ ਜੇਟਲੀ
ਤਸਵੀਰ ਕੈਪਸ਼ਨ, ਡਾ. ਪੂਜਾਸ਼ਿਵਮ ਜੇਟਲੀ

ਮਨੋਵਿਗਿਆਨੀ ਡਾ. ਪੂਜਾਸ਼ਿਵਮ ਅਤੇ ਡਾ. ਸਮੀਰ ਮਲਹੋਤਰਾ ਦਾ ਕਹਿਣਾ ਹੈ ਕਿ ਅਜਿਹੇ ਵਤੀਰੇ ਤੋਂ ਇਹ ਪਤਾ ਲੱਗ ਸਕਦਾ ਹੈ ਕਿ ਕੋਈ ਵਿਅਕਤੀ ਅਪਰਾਧ ਕਰ ਸਕਦਾ ਹੈ:-

• ਛੋਟੀ-ਛੋਟੀ ਗੱਲ 'ਤੇ ਬਹੁਤ ਜ਼ਿਆਦਾ ਗੁੱਸਾ ਹੋਣਾ, ਆਪਣੇ ਆਪ ਨੂੰ ਜਾਂ ਦੂਜਿਆਂ ਨੂੰ ਸਰੀਰਕ ਨੁਕਸਾਨ ਪਹੁੰਚਾਉਣਾ

• ਦੂਸਰਿਆਂ ਨੂੰ ਦਰਦ ਦੇ ਕੇ ਸੁੱਖ ਮਹਿਸੂਸ ਕਰਨਾ

• ਰਿਸ਼ਤੇ ਵਿੱਚ ਇੱਕ-ਦੂਜੇ ਲਈ ਸਤਿਕਾਰ ਦੀ ਘਾਟ

• ਇੱਕ ਰਿਸ਼ਤਾ ਸਿਰਫ਼ ਇੱਕ ਹੀ ਵਿਅਕਤੀ ਦੀਆਂ ਜ਼ਰੂਰਤਾਂ ਅਨੁਸਾਰ ਚੱਲ ਰਿਹਾ ਹੈ ਅਤੇ ਉਸ 'ਚ ਦੂਜੇ ਦੀ ਰਾਇ ਅਤੇ ਇੱਛਾ ਮਾਇਨੇ ਹੀ ਨਾ ਰੱਖਦੀ ਹੋਵੇ

• ਜਿੱਥੇ ਰਿਸ਼ਤੇ ਵਿੱਚ ਇੱਕ ਵਿਅਕਤੀ ਦੂਜੇ 'ਤੇ ਕੰਟਰੋਲ ਹੋਵੇ

• ਅਜੀਬ ਵਤੀਰਾ ਜਾਂ ਮੂਡ ਸਵਿੰਗ, ਭਾਵ ਬਹੁਤ ਜ਼ਿਆਦਾ ਪਿਆਰ, ਬਹੁਤ ਜ਼ਿਆਦਾ ਗੁੱਸਾ ਅਤੇ ਸਿਰਫ ਪਾਰਟਨਰ ਨਾਲ ਹੀ ਨਹੀਂ ਸਗੋਂ ਦੂਜੇ ਲੋਕਾਂ ਨਾਲ ਵੀ

• ਚੀਜ਼ਾਂ ਨੂੰ ਲੁਕਾਉਣ ਦੀ ਆਦਤ, ਝੂਠ ਬੋਲਣਾ ਅਤੇ ਦੂਜਿਆਂ ਦੀਆਂ ਭਾਵਨਾਵਾਂ ਨੂੰ ਨਾ ਸਮਝਣਾ

ਜੇਕਰ ਇਸ ਤਰ੍ਹਾਂ ਦੇ ਵਿਵਹਾਰ ਸੁਭਾਅ 'ਚ ਦਿਖਾਈ ਦਿੰਦੇ ਹਨ ਤਾਂ ਇਹ ਖ਼ਤਰੇ ਦੀ ਘੰਟੀ ਹੋ ਸਕਦੀ ਹੈ, ਪਰ ਇਸ ਦਾ ਮਤਲਬ ਇਹ ਬਿਲਕੁਲ ਨਹੀਂ ਹੈ ਕਿ ਅਜਿਹੇ ਵਤੀਰੇ ਵਾਲਾ ਵਿਅਕਤੀ ਅਜਿਹਾ ਘਿਨੌਣਾ ਅਪਰਾਧ ਹੀ ਕਰੇਗਾ।

ਲਾਈਨ

'ਕ੍ਰਾਈਮ ਸ਼ੋਅ ਦੇਖਦਾ ਸੀ'

ਆਫ਼ਤਾਬ ਅਮਰੀਕੀ ਟੀਵੀ ਸੀਰੀਜ਼ 'ਡੇਕਸਟਰ' ਵੀ ਦੇਖਦਾ ਸੀ

ਤਸਵੀਰ ਸਰੋਤ, ani

ਪੁਲਿਸ ਦੇ ਅਨੁਸਾਰ, ਸ਼੍ਰਧਾ ਦੀ ਲਾਸ਼ ਨੂੰ ਟਿਕਾਣੇ ਲਗਾਉਣ ਦੀ ਤਰਕੀਬ ਆਫ਼ਤਾਬ ਨੇ 'ਡੇਕਸਟਰ' ਸੀਰੀਜ਼ ਤੋਂ ਜਾਣੀ। ਜਾਣਕਾਰੀ ਮੁਤਾਬਕ, ਡੇਕਸਟਰ ਇੱਕ ਅਮਰੀਕੀ ਟੀਵੀ ਸੀਰੀਜ਼ ਹੈ ਜੋ 2006 ਤੋਂ 2013 ਤੱਕ ਪ੍ਰਸਾਰਿਤ ਹੋਈ ਸੀ।

ਇਸ ਟੀਵੀ ਸੀਰੀਜ਼ ਦੀ ਕਹਾਣੀ ਡੇਕਸਟਰ ਮੋਰਗਨ ਦੇ ਆਲੇ-ਦੁਆਲੇ ਘੁੰਮਦੀ ਹੈ ਜੋ ਇੱਕ ਫੋਰੈਂਸਿਕ ਟੈਕਨੀਸ਼ੀਅਨ ਹੈ ਅਤੇ ਇੱਕ ਸੀਰੀਅਲ ਕਿਲਰ ਵਜੋਂ ਦੋਹਰੀ ਜ਼ਿੰਦਗੀ ਜੀ ਰਿਹਾ ਹੈ।

ਇਸ ਸੀਰੀਜ਼ ਵਿੱਚ ਦਿਖਾਇਆ ਗਿਆ ਹੈ ਕਿ ਉਹ ਉਨ੍ਹਾਂ ਲੋਕਾਂ ਨੂੰ ਮਾਰਦਾ ਹੈ ਜਿਨ੍ਹਾਂ ਨੂੰ ਕਾਨੂੰਨ ਰਿਹਾਅ ਕਰ ਦਿੰਦਾ ਹੈ।

ਪੁਲਿਸ ਦੇ ਸਾਹਮਣੇ ਆਫ਼ਤਾਬ ਨੇ ਕਤਲ ਦਾ ਕਾਰਨ ਦੱਸਦੇ ਹੋਏ ਕਿਹਾ ਕਿ ਸ਼ਰਧਾ ਉਸ 'ਤੇ ਵਿਆਹ ਲਈ ਦਬਾਅ ਪਾ ਰਹੀ ਸੀ।

ਡਾ. ਪੂਜਾਸ਼ਿਵਮ ਜੇਟਲੀ ਦਾ ਕਹਿਣਾ ਹੈ "ਜ਼ਿਆਦਾਤਰ ਲੋਕ ਅਜਿਹੀ ਸਮੱਗਰੀ ਦੇਖਣਾ ਚਾਹੁੰਦੇ ਹਨ ਜੋ ਉਨ੍ਹਾਂ ਨੂੰ ਉਤਸ਼ਾਹਿਤ ਕਰੇ।''

ਉਨ੍ਹਾਂ ਕਿਹਾ, ''ਤੁਸੀਂ ਇਸ ਨੂੰ ਇਸ ਤਰ੍ਹਾਂ ਸਮਝੋ ਕਿ ਜੇਕਰ ਆਮ ਲੋਕ ਵੀ ਅਜਿਹੀ ਕੋਈ ਸਮੱਗਰੀ ਜਾਂ ਕੋਈ ਕੰਮ ਲੰਬੇ ਸਮੇਂ ਤੱਕ ਦੇਖਦੇ ਜਾਂ ਕਰਦੇ ਹਨ, ਤਾਂ ਉਨ੍ਹਾਂ ਦੀ ਮਾਨਸਿਕ ਸਥਿਤੀ 'ਤੇ ਵੀ ਇਸ ਦਾ ਅਸਰ ਪੈਂਦਾ ਹੈ।''

ਉਨ੍ਹਾਂ ਅਨੁਸਾਰ, "ਕੁਝ ਲੋਕ ਅਜਿਹੇ ਵੀ ਹੁੰਦੇ ਹਨ ਜੋ ਅਜਿਹੀਆਂ ਸਮੱਗਰੀਆਂ ਨੂੰ ਦੇਖ ਕੇ ਇੰਨਾਂ ਉਲਝ ਜਾਂਦੇ ਹਨ ਜਾਂ ਉਨ੍ਹਾਂ ਦੇ ਦਿਮਾਗ ਅਤੇ ਮਨ 'ਤੇ ਇੰਨਾ ਡੂੰਘਾ ਅਸਰ ਪੈਂਦਾ ਹੈ ਕਿ ਉਹ ਤਰਕ ਕਰਨ ਦੀ ਸਮਰੱਥਾ ਹੀ ਗੁਆ ਦਿੰਦੇ ਹਨ।"

''ਅਜਿਹੇ ਵਿਅਕਤੀ ਜੋ ਆਪਣੇ ਆਪ 'ਚ ਖੋਏ ਰਹਿਣ ਵਾਲੇ ਜਾਂ ਅਸਮਾਜਿਕ ਹੋਣ, ਜਦੋਂ ਉਹ ਅਜਿਹੀਆਂ ਉਤੇਜਕ ਚੀਜ਼ਾਂ ਦੇਖਦੇ ਹਨ ਤਾਂ ਅਜਿਹੀਆਂ ਸਮੱਗਰੀਆਂ ਉਨ੍ਹਾਂ ਦੀ ਸੋਚਣ ਅਤੇ ਸਮਝਣ ਦੀ ਸ਼ਕਤੀ ਨੂੰ ਨਸ਼ਟ ਕਰ ਦਿੰਦੀਆਂ ਹਨ।''

ਲਾਈਨ

ਇਹ ਵੀ ਪੜ੍ਹੋ-

ਲਾਈਨ

ਪਰਿਵਾਰਕ ਅਤੇ ਸਮਾਜਿਕ ਕਦਰਾਂ-ਕੀਮਤਾਂ ਪ੍ਰਭਾਵਿਤ

ਸ਼੍ਰਧਾ ਕਤਲਕਾਂਡ

ਤਸਵੀਰ ਸਰੋਤ, ani

ਜੇਕਰ ਵੱਡੇ ਮਾਮਲਿਆਂ ਦੀ ਗੱਲ ਕਰੀਏ ਤਾਂ ਤੁਹਾਨੂੰ ਆਰੂਸ਼ੀ ਕਤਲ ਕਾਂਡ ਯਾਦ ਹੋਵੇਗਾ ਜਿੱਥੇ ਸਕੂਲ 'ਚ ਪੜ੍ਹਨ ਵਾਲੀ ਇੱਕ 14 ਸਾਲਾ ਕੁੜੀ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ ਸੀ ਅਤੇ ਨਿਠਾਰੀ ਦਾ ਮਾਮਲਾ ਅੱਜ ਵੀ ਲੋਕਾਂ ਦੇ ਦਿਮਾਗ ਵਿੱਚ ਹੈ।

ਨੀਰਜ ਗਰੋਵਰ ਕੇਸ ਸਭ ਤੋਂ ਭਿਆਨਕ ਮਾਮਲਿਆਂ ਵਿੱਚੋਂ ਇੱਕ ਹੈ ਜਿਸ ਵਿੱਚ ਨੀਰਜ ਦੇ ਸਰੀਰ ਨੂੰ ਟੁਕੜਿਆਂ 'ਚ ਕੱਟ ਕੇ ਤਿੰਨ ਸੂਟਕੇਸਾਂ ਵਿੱਚ ਭਰਿਆ ਗਿਆ ਅਤੇ ਜੰਗਲ ਵਿੱਚ ਅੱਗ ਲਗਾ ਦਿੱਤੀ ਗਈ ਸੀ।

ਹਾਲ ਹੀ ਦੇ ਮਾਮਲਿਆਂ ਦੀ ਗੱਲ ਕਰੀਏ ਤਾਂ ਮੱਧ ਪ੍ਰਦੇਸ਼ ਤੋਂ ਇੱਕ ਵਿਅਕਤੀ ਵੱਲੋਂ ਆਪਣੀ ਪ੍ਰੇਮਿਕਾ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਉਸ ਨੇ ਇਸ ਬਾਰੇ ਸੋਸ਼ਲ ਮੀਡੀਆ 'ਤੇ ਪੋਸਟ ਵੀ ਕੀਤਾ ਸੀ, ਜਿਸ 'ਚ ਉਹ ਕਹਿ ਰਹੇ ਸਨ, ''ਬੇਵਫਾਈ ਨਹੀਂ ਕਰਨੇ ਕਾ''।

ਉੱਤਰ ਪ੍ਰਦੇਸ਼ ਦੇ ਗਾਜ਼ਿਆਬਾਦ ਜ਼ਿਲ੍ਹੇ ਵਿੱਚ ਇੱਕ ਪਤਨੀ ਵੱਲੋਂ ਆਪਣੇ ਪਤੀ ਦੀ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ। ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ 'ਚ ਮਹਿਲਾ ਸਮੇਤ ਪ੍ਰੇਮੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਨ੍ਹਾਂ ਮੁਲਜ਼ਮਾਂ ਨੇ ਕਤਲ ਕਰਕੇ ਲਾਸ਼ ਘਰ ਵਿੱਚ ਹੀ ਦੱਬ ਦਿੱਤੀ ਸੀ।

ਔਰਤਾਂ ਖਿਲਾਫ਼ ਜੁਰਮ ਨਹੀਂ ਰੁਕ ਰਹੇ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਔਰਤਾਂ ਖਿਲਾਫ਼ ਜੁਰਮ ਨਹੀਂ ਰੁਕ ਰਹੇ (ਪੁਰਾਣੀ ਤਸਵੀਰ)

ਰੋਜ਼ ਅਖ਼ਬਾਰਾਂ ਵਿੱਚ ਜੁਰਮ ਦੀਆਂ ਖ਼ਬਰਾਂ ਸੁਰਖੀਆਂ ਬਣ ਜਾਂਦੀਆਂ ਹਨ ਅਤੇ ਅਜਿਹੇ ਘਿਨੌਣੇ ਅਪਰਾਧਾਂ ਦੀਆਂ ਖ਼ਬਰਾਂ ਇਹ ਵੀ ਸਵਾਲ ਖੜ੍ਹੇ ਕਰਦੀਆਂ ਹਨ ਕਿ ਰਿਸ਼ਤਿਆਂ ਵਿੱਚ ਹੋਣ ਵਾਲੇ ਅਜਿਹੇ ਅਪਰਾਧ ਸਮਾਜ ਨੂੰ ਕਿਸ ਦਿਸ਼ਾ ਵੱਲ ਲੈ ਕੇ ਜਾ ਰਹੇ ਹਨ?

ਡਾ. ਸਮੀਰ ਮਲਹੋਤਰਾ ਦਾ ਕਹਿਣਾ ਹੈ, ''ਇਸ ਦੇ ਕਈ ਸਮਾਜਿਕ ਪਹਿਲੂ ਹਨ। ਇਹ ਦੇਖਿਆ ਜਾ ਰਿਹਾ ਹੈ ਕਿ ਪਹਿਲਾਂ ਰਿਸ਼ਤਿਆਂ ਵਿੱਚ ਪਰਿਵਾਰਕ ਕਦਰਾਂ-ਕੀਮਤਾਂ ਹੁੰਦੀਆਂ ਸਨ, ਇੱਕ ਜੁੜਾਅ ਹੁੰਦਾ ਸੀ ਅਤੇ ਭੌਤਿਕ ਚੀਜ਼ਾਂ ਨਾਲੋਂ ਜ਼ਿਆਦਾ ਪਰਿਵਾਰ ਨੂੰ ਤਰਜੀਹ ਦਿੱਤੀ ਜਾਂਦੀ ਸੀ, ਪਰ ਹੁਣ ਇਸ 'ਚ ਕਮੀ ਆ ਰਹੀ ਹੈ।''

ਉਹ ਅੱਗੇ ਕਹਿੰਦੇ ਹਨ, ''ਲੋਕ ਹੁਣ ਮਨੁੱਖਤਾ ਅਤੇ ਸੰਵੇਦਨਾਵਾਂ ਨੂੰ ਸਮਝਣ ਦੀ ਬਜਾਏ, ਭੌਤਿਕਵਾਦ ਦੇ ਪਿੱਛੇ ਭੱਜਦੇ ਹਨ ਅਤੇ ਪਰਿਵਾਰਕ ਕਦਰਾਂ-ਕੀਮਤਾਂ ਅਲੋਪ ਹੋ ਰਹੀਆਂ ਹਨ।''

''ਲੋਕ ਤੁਰੰਤ ਚੀਜ਼ਾਂ ਚਾਹੁੰਦੇ ਹਨ ਅਤੇ ਕੋਈ ਭਾਵਨਾਤਮਕ ਜੁੜਾਅ ਨਹੀਂ ਹੋ ਰਿਹਾ। ਇਹੋ ਜਿਹੇ ਜੁਰਮ ਸਿਰਫ਼ ਆਪਣੀਆਂ ਇੱਛਾਵਾਂ ਦੀ ਪੂਰਤੀ ਲਈ ਵੀ ਕੀਤੇ ਜਾਂਦੇ ਹਨ।''

''ਇਸ ਦੇ ਨਾਲ ਹੀ ਸਿੱਖਿਆ ਦੀ ਘਾਟ, ਨਸ਼ਾ ਅਤੇ ਬਚਪਨ ਵਿੱਚ ਬਿਤਾਇਆ ਗਿਆ ਤਣਾਅਪੂਰਨ ਪਰਿਵਾਰਕ ਜੀਵਨ ਵੀ ਇਸ ਦਾ ਕਾਰਨ ਬਣਦੇ ਹਨ।''

ਲਾਈਨ
ਲਾਈਨ

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)