ਅਰਵਿੰਦ ਕੇਜਰੀਵਾਲ ਨੂੰ ਜ਼ਿੱਦੀ ਕਿਉਂ ਕਹਿੰਦੇ ਹਨ ਉਨ੍ਹਾਂ ਦੇ ਕਰੀਬੀ, ਜਾਣੋ ਪੜ੍ਹਾਈ ਕਰਨ ਤੇ ਨੌਕਰੀ ਛੱਡਣ ਦੌਰਾਨ ਦੇ ਕਈ ਦਿਲਚਸਪ ਕਿੱਸੇ

ਅਰਵਿੰਦ ਕੇਜਰੀਵਾਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੇਜਰੀਵਾਲ ਦੇ ਕਰੀਬੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਅੰਦਰ ਕਿਸੇ ਨੂੰ ਨਾਲ ਲੈ ਕੇ ਚੱਲਣ ਦਾ ਮੋਹ ਕਦੇ ਵੀ ਨਹੀਂ ਸੀ
    • ਲੇਖਕ, ਰਜਨੀਸ਼ ਕੁਮਾਰ
    • ਰੋਲ, ਬੀਬੀਸੀ ਪੱਤਰਕਾਰ

ਅਰਵਿੰਦ ਕੇਜਰੀਵਾਲ ਲਗਾਤਾਰ ਇੱਕ ਕੰਮ ਕਰਦੇ ਆਏ ਹਨ, ਉਹ ਕੰਮ ਹੈ - ਛੱਡਣਾ।

ਚੋਣਾਂ ਦੌਰਾਨ ਟੀਵੀ ਇੰਟਰਵਿਊ ਦੌਰਾਨ ਕੇਜਰੀਵਾਲ ਨੂੰ ਪਾਰਟੀ ਵਿਚਲੇ ਪੁਰਾਣੇ ਸਾਥੀਆਂ ਬਾਰੇ ਪੁੱਛਿਆ ਗਿਆ ਤਾਂ, ਉਨ੍ਹਾਂ ਕਿਹਾ ਕਿ ਕੋਈ ਵੀ ਹਮੇਸ਼ਾ ਲਈ ਨਾਲ ਨਹੀਂ ਹੁੰਦਾ ਹੈ।

ਕੇਜਰੀਵਾਲ ਦੇ ਕਰੀਬੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਅੰਦਰ ਆਪਣੀ ਪੇਸ਼ੇਵਰ ਜ਼ਿੰਦਗੀ ਵਿੱਚ ਨੌਕਰੀ ਅਤੇ ਕਿਸੇ ਨੂੰ ਨਾਲ ਲੈ ਕੇ ਚੱਲਣ ਦਾ ਮੋਹ ਕਦੇ ਵੀ ਨਹੀਂ ਸੀ।

ਅਰਵਿੰਦ ਕੇਜਰੀਵਾਲ ਦੀ ਜ਼ਿੱਦ ਸੀ ਕਿ ਸਕੂਲ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਆਈਆਈਟੀ ਵਿੱਚ ਦਾਖਲਾ ਲੈਣਾ ਹੈ ਅਤੇ ਉਨ੍ਹਾਂ ਨੇ ਆਪਣੀ ਜ਼ਿੱਦ ਪੂਰੀ ਕੀਤੀ।

ਇਸ ਮਗਰੋਂ ਉਨ੍ਹਾਂ ਨੂੰ ਟਾਟਾ ਸਟੀਲ ਵਿੱਚ ਨੌਕਰੀ ਮਿਲ ਗਈ ਪਰ ਕੁਝ ਕਰਨ ਦੀ ਉਨ੍ਹਾਂ ਦੀ ਬੇਚੈਨੀ ਖਤਮ ਨਹੀਂ ਹੋਈ। ਉਨ੍ਹਾਂ ਨੇ ਤਿੰਨ ਸਾਲ ਬਾਅਦ ਨੌਕਰੀ ਛੱਡ ਦਿੱਤੀ ਅਤੇ ਸਿਵਲ ਸੇਵਾਵਾਂ ਦੀ ਤਿਆਰੀ ਸ਼ੁਰੂ ਕਰ ਦਿੱਤੀ।

ਸਿਵਲ ਪ੍ਰੀਖਿਆ ਪਾਸ ਕਰਨ ਮਗਰੋਂ ਕੇਜਰੀਵਾਲ ਨੂੰ ਰਵੈਨੀਉ ਸਰਵਿਸ ਵਿੱਚ ਨੌਕਰੀ ਮਿਲ ਗਈ। ਪਰ ਉਨ੍ਹਾਂ ਨੂੰ ਸਿਸਟਮ ਪਸੰਦ ਨਹੀਂ ਆਇਆ ਅਤੇ ਇੱਕ ਵਾਰ ਫਿਰ ਉਨ੍ਹਾਂ ਨੇ ਇੱਕ ਚੰਗੀ ਨੌਕਰੀ ਛੱਡ ਦਿੱਤੀ।

ਇਸ ਤੋਂ ਬਾਅਦ ਪਰਿਵਰਤਨ, ਇੰਡੀਆ ਅਗੇਂਸਟ ਕਰੱਪਸ਼ਨ, ਅੰਨਾ ਹਜ਼ਾਰੇ, ਆਮ ਆਦਮੀ ਪਾਰਟੀ ਅਤੇ ਫਿਰ ਦਿੱਲੀ ਦੇ ਮੁੱਖ ਮੰਤਰੀ। ਇਸ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਦਾ ਅਹੁਦਾ ਵੀ ਛੱਡਿਆ ਅਤੇ ਆਤਿਸ਼ੀ ਨੂੰ ਮੁੱਖ ਮੰਤਰੀ ਬਣਾ ਦਿੱਤਾ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਆਈਆਈਟੀ ਦੇ ਦਿਨ

ਅਰਵਿੰਦ ਕੇਜਰੀਵਾਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਰਵਿੰਦ ਕੇਜਰੀਵਾਲ ਨੇ ਆਪਣੀ ਪਹਿਲੀ ਚੋਣ 1985 ਵਿੱਚ ਆਈਆਈਟੀ ਖੜਗਪੁਰ ਵਿੱਚ ਲੜੀ ਸੀ

ਅਰਵਿੰਦ ਕੇਜਰੀਵਾਲ ਨੇ ਆਪਣੀ ਪਹਿਲੀ ਚੋਣ 1985 ਵਿੱਚ ਆਈਆਈਟੀ ਖੜਗਪੁਰ ਵਿੱਚ ਲੜੀ ਸੀ। ਇਹ ਚੋਣ ਹੋਸਟਲ ਦੇ ਮੈੱਸ ਸੈਕਟਰੀ ਲਈ ਸੀ। ਕੇਜਰੀਵਾਲ ਨੇ ਚੋਣ ਬਿਨਾਂ ਕਿਸੇ ਪ੍ਰਚਾਰ ਦੇ ਜਿੱਤੀ ਸੀ।

ਇਸ ਮਗਰੋਂ ਕੇਜਰੀਵਾਲ ਨੇ ਦੂਜੀ ਚੋਣ 2013 ਵਿੱਚ ਨਵੀਂ ਦਿੱਲੀ ਵਿਧਾਨ ਸਭਾ ਹਲਕੇ ਤੋਂ ਲੜੀ ਅਤੇ 15 ਸਾਲ ਤੱਕ ਦਿੱਲੀ ਦੇ ਮੁੱਖ ਮੰਤਰੀ ਦੇ ਅਹੁਦੇ 'ਤੇ ਕਾਬਜ਼ ਸ਼ੀਲਾ ਦੀਕਸ਼ਿਤ ਨੂੰ ਹਰਾਇਆ। ਇਸੇ ਜਿੱਤ ਨੇ ਕੇਜਰੀਵਾਲ ਨੂੰ ਮੁੱਖ ਮੰਤਰੀ ਦੇ ਅਹੁਦੇ ਤੱਕ ਪਹੁੰਚਾਇਆ ਸੀ।

ਅਰਵਿੰਦ ਕੇਜਰੀਵਾਲ ਨੂੰ ਆਪਣੀ 56 ਸਾਲਾਂ ਦੀ ਜ਼ਿੰਦਗੀ ਵਿੱਚ ਬਹੁਤ ਘੱਟ ਅਸਫਲਤਾਵਾਂ ਦਾ ਸਾਹਮਣਾ ਕਰਨਾ ਪਿਆ ਹੈ। ਦਿੱਲੀ ਦੀਆਂ ਹਾਲੀਆ ਵਿਧਾਨ ਸਭਾ ਚੋਣਾਂ ਵਿੱਚ ਮਿਲੀ ਹਾਰ ਹੀ ਕੇਜਰੀਵਾਲ ਦੀ ਸਭ ਤੋਂ ਵੱਡੀ ਅਸਫਲਤਾ ਮੰਨੀ ਜਾ ਸਕਦੀ ਹੈ।

ਅਰਵਿੰਦ ਕੇਜਰੀਵਾਲ ਦਾ ਜਨਮ 1968 ਵਿੱਚ ਹਰਿਆਣਾ ਦੇ ਹਿਸਾਰ ਵਿੱਚ ਇੱਕ ਮੱਧ ਵਰਗੀ ਪਰਿਵਾਰ ਵਿੱਚ ਹੋਇਆ ਸੀ ਜਿੱਥੇ ਸੁਪਨੇ ਦੇਖਣਾ ਅਤੇ ਉਨ੍ਹਾਂ ਨੂੰ ਸਾਕਾਰ ਕਰਨਾ ਇੰਨਾ ਆਸਾਨ ਨਹੀਂ ਸੀ।

ਅਰਵਿੰਦ ਦੇ ਪਿਤਾ ਗੋਵਿੰਦ ਰਾਮ ਕੇਜਰੀਵਾਲ ਇਲੈਕਟ੍ਰੀਕਲ ਇੰਜੀਨੀਅਰ ਸਨ। ਅਰਵਿੰਦ ਨੇ ਆਪਣੀ ਸਕੂਲੀ ਪੜ੍ਹਾਈ ਸੋਨੀਪਤ ਦੇ ਇੱਕ ਈਸਾਈ ਮਿਸ਼ਨਰੀ ਸਕੂਲ ਵਿੱਚ ਕੀਤੀ ਸੀ।

ਆਈਆਈਟੀ ਖੜਗਪੁਰ ਵਿੱਚ ਅਰਵਿੰਦ ਕੇਜਰੀਵਾਲ ਦੇ ਦੋਸਤ ਰਹੇ ਪ੍ਰਾਣ ਕੁਰੂਪ ਨੇ ਆਪਣੀ ਕਿਤਾਬ 'ਅਰਵਿੰਦ ਕੇਜਰੀਵਾਲ ਐਂਡ ਦਾ ਆਮ ਆਦਮੀ ਪਾਰਟੀ: ਐਨ ਇਨਸਾਈਡ ਲੁੱਕ' ਵਿੱਚ ਲਿਖਿਆ ਕਿ ਕੇਜਰੀਵਾਲ ਹੁਸ਼ਿਆਰ ਵਿਦਿਆਰਥੀ ਸੀ।

ਪ੍ਰਾਣ ਕੁਰੂਪ ਨੇ ਲਿਖਿਆ ਹੈ, "ਅੱਜ ਵੀ ਜਦੋਂ ਮੈਂ ਅਰਵਿੰਦ ਨੂੰ ਦੇਖਦਾ ਹਾਂ, ਤਾਂ ਅਜਿਹਾ ਨਹੀਂ ਲੱਗਦਾ ਕਿ ਉਨ੍ਹਾਂ ਦੇ ਵਿਵਹਾਰ ਵਿੱਚ ਕੋਈ ਬਦਲਾਅ ਆਇਆ ਹੈ। ਆਈਆਈਟੀ ਖੜਗਪੁਰ ਵਿੱਚ ਸਾਦੇ, ਨਿਮਰ ਅਤੇ ਨਸ਼ੇ ਤੋਂ ਦੂਰ ਰਹਿਣ ਵਾਲੇ ਕੇਜਰੀਵਾਲ, ਅੱਜ ਵੀ ਉਵੇ ਹੀ ਹਨ।"

ਪ੍ਰਾਣ ਕੁਰੂਪ ਨੇ ਲਿਖਿਆ ਹੈ, "ਅਰਵਿੰਦ ਕੇਜਰੀਵਾਲ ਬਿਲਕੁਲ ਵੱਖਰੇ ਸਨ। ਅੱਜ ਤੱਕ, ਮੈਨੂੰ ਯਾਦ ਨਹੀਂ ਕਿ ਕੇਜਰੀਵਾਲ ਨੇ ਕਿਸੇ ਨਾਲ ਅਸੱਭਿਅਕ ਭਾਸ਼ਾ ਵਿੱਚ ਗੱਲ ਕੀਤੀ ਹੋਵੇ।"

ਅਰਵਿੰਦ ਕੇਜਰੀਵਾਲ ਦੀ ਜ਼ਿੱਦ

ਅਰਵਿੰਦ ਕੇਜਰੀਵਾਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੇਜਰੀਵਾਲ ਆਈਆਰਐੱਸ ਦੀ ਸਿਖਲਾਈ ਲਈ ਮਸੂਰੀ ਗਏ, ਜਿੱਥੇ ਉਨ੍ਹਾਂ ਦੀ ਮੁਲਾਕਾਤ ਆਪਣੀ ਭਵਿੱਖੀ ਜੀਵਨ ਸਾਥੀ ਸੁਨੀਤਾ ਨਾਲ ਹੋਈ

ਕੇਜਰੀਵਾਲ ਦੇ ਪਿਤਾ, ਗੋਵਿੰਦ ਰਾਮ ਕੇਜਰੀਵਾਲ ਨੇ 2011 ਵਿੱਚ ਦ ਕਾਰਾਵਨ ਮੈਗਜ਼ੀਨ ਨੂੰ ਦੱਸਿਆ, "ਮੇਰੇ ਪੁੱਤਰ ਦਾ ਪੂਰਾ ਬਚਪਨ ਕਿਤਾਬਾਂ ਨਾਲ ਲੰਘਿਆ। ਜਦੋਂ ਸਾਡੇ ਇੱਕ ਬੈੱਡਰੂਮ ਵਾਲੇ ਅਪਾਰਟਮੈਂਟ ਵਿੱਚ ਮਹਿਮਾਨ ਆਉਂਦੇ ਸਨ, ਤਾਂ ਅਰਵਿੰਦ ਜ਼ਿਆਦਾ ਮੇਲ-ਜੋਲ ਨਹੀਂ ਰੱਖਦਾ ਸੀ ਅਤੇ ਪੜ੍ਹਾਈ ਕਰਨ ਲਈ ਬਾਥਰੂਮ ਵਿੱਚ ਚੱਲੇ ਜਾਂਦਾ ਸੀ।

ਕੇਜਰੀਵਾਲ ਦੇ ਪਿਤਾ ਨੇ ਕਿਹਾ ਸੀ, "ਕੇਜਰੀਵਾਲ ਨੇ 1985 ਵਿੱਚ ਸਕੂਲ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਫੈਸਲਾ ਕੀਤਾ ਕਿ ਉਹ ਆਈਆਈਟੀ ਜਾਣਾ ਚਾਹੁੰਦੇ ਹਨ। ਮੈਂ ਸਲਾਹ ਦਿੱਤੀ ਕਿ ਆਈਆਈਟੀ ਸਹੀਂ ਹੈ ਪਰ ਬੈਕਅੱਪ ਪਲਾਨ ਵੀ ਹੋਣਾ ਚਾਹੀਦਾ ਹੈ, ਇਸ ਲਈ ਤੁਹਾਨੂੰ ਸਟੇਟ ਇੰਜੀਨੀਅਰਿੰਗ ਕਾਲਜ ਵਿੱਚ ਵੀ ਅਪਲਾਈ ਕਰਨਾ ਚਾਹੀਦਾ ਹੈ। ਪਰ ਕੇਜਰੀਵਾਲ ਨੇ ਸਟੇਟ ਐਂਟਰੈਂਸ ਇਮਤਿਹਾਨ ਨਹੀਂ ਦਿੱਤਾ। ਜਦੋਂ ਮੈਂ ਉਨ੍ਹਾਂ ਨੂੰ ਪੁੱਛਿਆ ਕਿ ਅਜਿਹਾ ਕਿਉਂ ਕੀਤਾ, ਤਾਂ ਜਵਾਬ ਸੀ, 'ਮੈਂ ਬੱਸ ਆਈਆਈਟੀ ਜਾਣਾ ਚਾਹੁੰਦਾ ਹਾਂ।'

ਕੇਜਰੀਵਾਲ ਨੇ ਆਈਆਈਟੀ ਵਿੱਚ ਦਾਖਲਾ ਲਿਆ ਅਤੇ 1989 ਵਿੱਚ ਇਲੈਕਟ੍ਰੀਕਲ ਇੰਜੀਨੀਅਰਿੰਗ ਵਿੱਚ ਆਪਣੀ ਡਿਗਰੀ ਪੂਰੀ ਕੀਤੀ। ਇਸ ਮਗਰੋਂ ਉਨ੍ਹਾਂ ਨੂੰ ਜਮਸ਼ੇਦਪੁਰ ਵਿੱਚ ਟਾਟਾ ਸਟੀਲ ਵਿੱਚ ਸਹਾਇਕ ਇੰਜੀਨੀਅਰ ਦੀ ਨੌਕਰੀ ਮਿਲ ਗਈ ਸੀ।

ਕੇਜਰੀਵਾਲ ਦੇ ਪਿਤਾ ਨੇ ਕਿਹਾ ਸੀ, "ਅਰਵਿੰਦ ਆਪਣੀ ਨੌਕਰੀ ਦਾ ਆਨੰਦ ਮਾਣ ਰਹੇ ਸਨ ਅਤੇ ਉਨ੍ਹਾਂ ਦੇ ਸਾਥੀ ਵੀ ਉਨ੍ਹਾਂ ਦੀ ਇਮਾਨਦਾਰੀ ਦੀ ਪ੍ਰਸ਼ੰਸਾ ਕਰਦੇ ਸਨ। ਪਰ ਤਿੰਨ ਸਾਲ ਬਾਅਦ ਹੀ ਨੌਕਰੀ ਛੱਡ ਕੇ ਦਿੱਲੀ ਵਾਪਸ ਆਏ ਅਤੇ ਸਿਵਲ ਸੇਵਾਵਾਂ ਪ੍ਰੀਖਿਆ ਦੀ ਤਿਆਰੀ ਸ਼ੁਰੂ ਕਰ ਦਿੱਤੀ। ਅਸਲ ਵਿੱਚ ਉਹ ਪੁਲਿਸ ਵਿੱਚ ਭਰਤੀ ਹੋਣਾ ਚਾਹੁੰਦੇ ਸਨ। ਮੈਨੂੰ ਨਹੀਂ ਪਤਾ ਕਿ ਉਹ ਇਹ ਕਿਉਂ ਚਾਹੁੰਦਾ ਸੀ ਪਰ ਮੈਂ ਕਦੇ ਉਸਦੀ ਜ਼ਿੰਦਗੀ ਵਿੱਚ ਦਖਲ ਨਹੀਂ ਦਿੱਤਾ।”

ਕੇਜਰੀਵਾਲ ਆਈਏਐਸ ਰੈਂਕ ਲਈ ਕੁਆਲੀਫਾਈ ਪੂਰੀ ਨਹੀਂ ਕਰ ਸਕੇ ਪਰ ਉਨ੍ਹਾਂ ਦਾ ਸਕੋਰ ਰਵੈਨੂਉ ਸਰਵਿਸ ਵਿੱਚ ਸ਼ਾਮਲ ਹੋਣ ਲਈ ਕਾਫ਼ੀ ਸੀ।

ਕੇਜਰੀਵਾਲ ਆਈਆਰਐੱਸ ਸਿਖਲਾਈ ਲਈ ਮਸੂਰੀ ਗਏ ਅਤੇ ਜਿੱਥੇ ਉਨ੍ਹਾਂ ਦੀ ਮੁਲਾਕਾਤ ਆਪਣੀ ਭਵਿੱਖੀ ਜੀਵਨ ਸਾਥੀ ਸੁਨੀਤਾ ਨਾਲ ਹੋਈ। ਮਸੂਰੀ ਵਿੱਚ ਸਿਖਲਾਈ ਮਗਰੋਂ ਅਰਵਿੰਦ ਕੇਜਰੀਵਾਲ ਅਤੇ ਸੁਨੀਤਾ ਦੋਵੇਂ ਦਿੱਲੀ ਵਿੱਚ ਆਮਦਨ ਕਰ ਵਿਭਾਗ ਵਿੱਚ ਸਹਾਇਕ ਕਮਿਸ਼ਨਰ ਵਜੋਂ ਨਿਯੁਕਤ ਹੋਏ ਸਨ।

ਨੌਕਰੀ ਤੋਂ ਮੋਹਭੰਗ

ਅਰਵਿੰਦ ਕੇਜਰੀਵਾਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੇਜਰੀਵਾਲ ਨੂੰ ਕਈ ਖੇਤਰਾਂ ਵਿੱਚ ਤਜਰਬਾ ਸੀ। ਉਨ੍ਹਾਂ ਟਾਟਾ ਸਟੀਲ ਵਿੱਚ ਕੰਮ ਕੀਤਾ ਸੀ। ਆਈਆਰਐੱਸ ਦਾ ਤਜਰਬਾ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਮਦਰ ਟੈਰੇਸਾ ਦੇ ਆਸ਼ਰਮ ਵਿੱਚ ਵੀ ਕੰਮ ਕੀਤਾ

ਕੇਜਰੀਵਾਲ ਦੇ ਪਿਤਾ ਗੋਵਿੰਦ ਰਾਮ ਕੇਜਰੀਵਾਲ ਨੇ ਕਿਹਾ ਸੀ, "ਮੇਰਾ ਪੁੱਤਰ ਕਦੇ ਵੀ ਬਿਊਰੋਕ੍ਰੈਟ ਵਜੋਂ ਸਹੀ ਢੰਗ ਨਾਲ ਸੈਟਲ ਨਹੀਂ ਹੋ ਸਕਿਆ। ਉਹ ਬਾਕੀਆਂ ਨਾਲੋਂ ਬਿਲਕੁਲ ਵੱਖਰਾ ਸੀ। ਉਨ੍ਹਾਂ ਨੇ ਚਪੜਾਸੀ ਦੀ ਸੇਵਾ ਨਹੀਂ ਲਈ। ਉਹ ਆਪਣਾ ਡੈਸਕ ਖੁਦ ਸਾਫ਼ ਕਰਦਾ ਸੀ ਅਤੇ ਕੂੜੇਦਾਨ ਵੀ ਖੁਦ ਖਾਲੀ ਕਰਦਾ ਸੀ।

"ਉਹ ਦਫ਼ਤਰੀ ਪਾਰਟੀਆਂ ਵਿੱਚ ਸ਼ਾਮਲ ਨਹੀਂ ਹੁੰਦਾ ਸੀ ਅਤੇ ਹੋਰ ਸਮਾਗਮਾਂ ਤੋਂ ਵੀ ਦੂਰ ਰਹਿੰਦਾ ਸੀ। ਉਹ ਨੇੜੇ ਦੇ ਚਾਹ ਦੇ ਸਟਾਲ 'ਤੇ ਜਾ ਕੇ ਬੈਠਣਾ ਪਸੰਦ ਕਰਦਾ ਸੀ। ਕੇਜਰੀਵਾਲ ਆਪਣੇ ਅਤੇ ਆਪਣੇ ਦੋ ਬੱਚਿਆਂ ਦੇ ਜਨਮਦਿਨ ਵੀ ਨਹੀਂ ਮਨਾਉਂਦੇ ਸਨ।

ਕੇਜਰੀਵਾਲ ਦੇ ਬੈਚਮੇਟ ਅਤੇ ਦਿੱਲੀ ਆਈਟੀ ਦਫ਼ਤਰ ਦੇ ਸਾਬਕਾ ਵਧੀਕ ਕਮਿਸ਼ਨਰ ਜਾਵੇਦ ਅਹਿਮਦ ਖਾਨ ਨੇ ਦ ਕੈਰਾਵਨ ਨੂੰ ਦੱਸਿਆ, "ਕੇਜਰੀਵਾਲ ਬਹੁਤ ਸ਼ਾਂਤ ਅਫ਼ਸਰ ਸੀ। ਉਹ ਆਪਣਾ ਜ਼ਿਆਦਾਤਰ ਸਮਾਂ ਆਪਣੇ ਚੈਂਬਰ ਵਿੱਚ ਬਿਤਾਉਂਦੇ ਸਨ। ਕਈ ਅਫ਼ਸਰ ਕੇਜਰੀਵਾਲ ਨੂੰ ਪਸੰਦ ਨਹੀਂ ਕਰਦੇ ਸਨ।

"ਕੇਜਰੀਵਾਲ ਨੂੰ ਅਹਿਸਾਸ ਹੋਣ ਲੱਗਾ ਕਿ ਰਿਸ਼ਵਤ ਤੋਂ ਬਿਨਾਂ ਕੁਝ ਵੀ ਸੰਭਵ ਨਹੀਂ ਹੈ। ਸਾਲ 2000 ਤੱਕ ਉਨ੍ਹਾਂ ਦੀ ਨਿਰਾਸ਼ਾ ਸਿਖਰ 'ਤੇ ਪਹੁੰਚ ਗਈ ਸੀ। ਇਸ ਸਮੇਂ ਦੌਰਾਨ ਉਨ੍ਹਾਂ ਨੇ ਗੁਪਤ ਰੂਪ ਵਿੱਚ ਪਰਿਵਰਤਨ ਐਨਜੀਓ ਦੀ ਸ਼ੁਰੂਆਤ ਕੀਤਾ। ਉਨ੍ਹਾਂ ਨੇੜਲੇ ਇਲਾਕਿਆਂ ਵਿੱਚ ਪੋਸਟਰ ਲਗਾਉਣੇ ਸ਼ੁਰੂ ਕਰ ਦਿੱਤੇ ਕਿ ਜੇਕਰ ਤੁਸੀਂ ਰਿਸ਼ਵਤਖੋਰੀ ਤੋਂ ਪਰੇਸ਼ਾਨ ਹੋ, ਤਾਂ ਪਰਿਵਰਤਨ ਨਾਲ ਸੰਪਰਕ ਕਰੋ।"

ਪ੍ਰਾਣ ਕੁਰੂਪ ਨੇ ਆਪਣੀ ਕਿਤਾਬ ਵਿੱਚ ਲਿਖਿਆ ਹੈ, "ਇਹ 2000 ਦੇ ਦਹਾਕੇ ਦੇ ਸ਼ੁਰੂਆਤੀ ਸਾਲ ਸਨ। ਕੇਜਰੀਵਾਲ ਕੈਲੀਫੋਰਨੀਆ ਯੂਨੀਵਰਸਿਟੀ ਵਿੱਚ ਲੋਕਤੰਤਰ ਬਾਰੇ ਇੱਕ ਕਾਨਫਰੰਸ ਵਿੱਚ ਸ਼ਾਮਲ ਹੋਣ ਲਈ ਆਏ ਸਨ। ਅਸੀਂ ਆਈਆਈਟੀ ਤੋਂ ਬਾਅਦ ਸੰਪਰਕ ਵਿੱਚ ਸਨ। ਮੈਂ ਮਾਸਟਰ ਦੀ ਪੜ੍ਹਾਈ ਲਈ ਅਮਰੀਕਾ ਆਇਆ ਸੀ ਅਤੇ ਇੱਥੇ ਹੀ ਮੈਨੂੰ ਪਤਾ ਲੱਗਾ ਕਿ ਕੇਜਰੀਵਾਲ ਆਰਟੀਆਈ 'ਤੇ ਕੰਮ ਕਰ ਰਹੇ ਹਨ।"

"ਅਸੀਂ ਬਰਕਲੇ ਵਿੱਚ ਪ੍ਰਸਿੱਧ ਸਟ੍ਰਾਡਾ ਕੌਫੀ ਵਿੱਚ ਮਿਲੇ ਸਨ। ਅਸੀਂ 1989 ਤੋਂ ਬਾਅਦ ਇੱਕ ਦੂਜੇ ਨੂੰ ਨਹੀਂ ਮਿਲੇ ਸਨ। ਕੇਜਰੀਵਾਲ ਨੂੰ ਕਈ ਖੇਤਰਾਂ ਵਿੱਚ ਤਜਰਬਾ ਸੀ। ਟਾਟਾ ਸਟੀਲ ਵਿੱਚ ਕੰਮ ਕੀਤਾ ਸੀ। ਆਈਆਰਐੱਸ ਦਾ ਤਜਰਬਾ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਮਦਰ ਟੈਰੇਸਾ ਦੇ ਆਸ਼ਰਮ ਵਿੱਚ ਵੀ ਕੰਮ ਕੀਤਾ। ਮੈਨੂੰ ਲੱਗਿਆ ਕਿ ਉਨ੍ਹਾਂ ਨੇ ਅਸਲੀ ਕੰਮ ਕੀਤਾ। ਆਪਣੇ ਆਪ ਨੂੰ ਲੱਭਿਆ ਹੈ।"

ਪ੍ਰਾਣ ਕੁਰੂਪ ਕਹਿੰਦੇ ਹਨ, "ਮੈਂ ਕੇਜਰੀਵਾਲ ਨੂੰ ਪੁੱਛਿਆ ਕਿ ਤੁਸੀਂ ਇਹ ਸਭ ਕਿਵੇਂ ਕਰਦੇ ਹੋ। ਸਭ ਕੁਝ ਛੱਡਣ ਦੀ ਹਿੰਮਤ ਕਿੱਥੋਂ ਮਿਲਦੀ ਹੈ? ਕੀ ਤੁਹਾਡੇ ਪਰਿਵਾਰ ਦੇ ਮੈਂਬਰ ਤੁਹਾਡੇ ਫੈਸਲਿਆਂ ਤੋਂ ਨਾਰਾਜ਼ ਨਹੀਂ ਹੁੰਦੇ?

ਕੇਜਰੀਵਾਲ ਨੇ ਜਵਾਬ ਦਿੱਤਾ, "ਮੇਰੇ ਮਾਪੇ ਮੇਰੇ ਤੋਂ ਬਹੁਤੇ ਖੁਸ਼ ਨਹੀਂ ਹਨ। ਪਰ ਸੁਨੀਤਾ ਹਮੇਸ਼ਾ ਮੇਰੇ ਨਾਲ ਖੜ੍ਹੀ ਹੈ। ਸੁਨੀਤਾ ਨੇ ਕਦੇ ਨਹੀਂ ਕਿਹਾ ਕਿ ਇਹ ਨਾ ਕਰੋ, ਉਹ ਨਾ ਕਰੋ। ਮੈਂ ਇਸ ਮਾਮਲੇ ਵਿੱਚ ਬਹੁਤ ਖੁਸ਼ਕਿਸਮਤ ਹਾਂ।”

ਕੇਜਰੀਵਾਲ ਦੀ ਸਫਲਤਾ

ਅਰਵਿੰਦ ਕੇਜਰੀਵਾਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਆਮ ਆਦਮੀ ਪਾਰਟੀ ਨਵੰਬਰ 2012 ਵਿੱਚ ਹੋਂਦ ਵਿੱਚ ਆਈ ਸੀ

ਪ੍ਰਾਣ ਕੁਰੂਪ ਨੇ ਆਪਣੀ ਕਿਤਾਬ ਵਿੱਚ ਕੇਜਰੀਵਾਲ ਨਾਲ ਹੋਈ ਗੱਲਬਾਤ ਦਾ ਹਵਾਲਾ ਦਿੰਦਿਆ ਲਿਖਿਆ, "ਜ਼ਿਆਦਾਤਰ ਲੋਕ ਸੋਚਦੇ ਹਨ ਕਿ ਆਈਆਰਐਸ ਵਿੱਚ ਲੋਕ ਹਰ ਥਾਂ ਤੋਂ ਪੈਸਾ ਕਮਾਉਂਦੇ ਹਨ। ਕੀ ਤੁਹਾਨੂੰ ਵੀ ਨਹੀਂ ਕਮਾਉਣਾ ਚਾਹੀਦਾ? ਇਸ ਸਵਾਲ 'ਤੇ ਕੇਜਰੀਵਾਲ ਹੱਸਣ ਲੱਗ ਪਏ ਅਤੇ ਬੋਲੇ, "ਨਹੀਂ, ਕਦੇ ਨਹੀਂ। ਜੇ ਮੈਂ ਅਜਿਹਾ ਕਰਾਂਗਾ ਤਾਂ ਮੈਨੂੰ ਰਾਤ ਨੂੰ ਨੀਂਦ ਨਹੀਂ ਆਵੇਗੀ। ਜੇ ਇਹੀ ਸਭ ਕੁਝ ਕਰਨਾ ਹੁੰਦਾ ਤਾਂ ਪਰਿਵਰਤਨ ਬਣਾਉਣ ਦੀ ਕੋਈ ਲੋੜ ਹੀ ਨਹੀਂ ਸੀ। ਹਾਂ, ਇਹ ਸੱਚ ਹੈ ਕਿ ਆਈਆਰਐਸ ਵਿੱਚ ਲੋਕ ਬਹੁਤ ਪੈਸਾ ਕਮਾਉਂਦੇ ਹਨ।"

ਉਹੀ ਕੇਜਰੀਵਾਲ ਪਿਛਲੇ ਸਾਲ ਦੇ ਸਤੰਬਰ ਮਹੀਨੇ ਵਿੱਚ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਪੰਜ ਮਹੀਨੇ ਜੇਲ੍ਹ ਵਿੱਚ ਬਿਤਾਉਣ ਤੋਂ ਬਾਅਦ ਬਾਹਰ ਆਏ। ਈਡੀ ਨੇ ਪਿਛਲੇ ਸਾਲ ਮਾਰਚ ਵਿੱਚ ਕੇਜਰੀਵਾਲ ਨੂੰ ਦਿੱਲੀ ਦੀ ਆਬਕਾਰੀ ਨੀਤੀ ਵਿੱਚ ਕਥਿਤ ਬੇਨਿਯਮੀਆਂ ਦੇ ਸਬੰਧ ਵਿੱਚ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ਨੂੰ ਸੁਪਰੀਮ ਕੋਰਟ ਨੇ ਸਤੰਬਰ ਵਿੱਚ ਜ਼ਮਾਨਤ ਦੇ ਦਿੱਤੀ ਸੀ। ਹਾਲਾਂਕਿ, ਕੇਜਰੀਵਾਲ ਵਿਰੁੱਧ ਅਜੇ ਤੱਕ ਕੋਈ ਦੋਸ਼ ਸਾਬਤ ਨਹੀਂ ਹੋਇਆ ਹੈ।

ਆਮ ਆਦਮੀ ਪਾਰਟੀ ਤੋਂ ਇਲਾਵਾ ਐਨਟੀ ਰਾਮਾ ਰਾਓ ਦੀ ਤੇਲਗੂ ਦੇਸ਼ਮ ਪਾਰਟੀ ਅਤੇ ਪ੍ਰਫੁੱਲ ਕੁਮਾਰ ਮਹੰਤ ਦੀ ਅਸਾਮ ਗਣ ਪ੍ਰੀਸ਼ਦ ਹੀ ਆਜ਼ਾਦ ਭਾਰਤ ਵਿੱਚ ਦੋ ਅਜਿਹੀਆਂ ਉਦਾਹਰਣਾਂ ਹਨ, ਜੋ ਪਹਿਲੀ ਕੋਸ਼ਿਸ਼ ਵਿੱਚ ਹੀ ਸੱਤਾ ਵਿੱਚ ਆਉਣ ਵਿੱਚ ਸਫਲ ਹੋਈਆਂ ਹਨ। ਹਾਲਾਂਕਿ ਤੇਲਗੂ ਦੇਸ਼ਮ ਪਾਰਟੀ ਅਤੇ ਅਸਾਮ ਗਣ ਪ੍ਰੀਸ਼ਦ ਇੱਕ ਸੂਬੇ ਤੱਕ ਸੀਮਤ ਸਨ ਜਦੋਂ ਕਿ ਆਮ ਆਦਮੀ ਪਾਰਟੀ ਦਿੱਲੀ ਤੋਂ ਬਾਹਰ ਵੀ ਸਰਕਾਰ ਬਣਾਉਣ ਵਿੱਚ ਸਫਲ ਰਹੀ।

ਆਮ ਆਦਮੀ ਪਾਰਟੀ ਨਵੰਬਰ 2012 ਵਿੱਚ ਬਣੀ ਸੀ ਅਤੇ ਦਸੰਬਰ 2013 ਵਿੱਚ ਸੱਤਾ ਵਿੱਚ ਆ ਗਈ। 2013 ਦੀਆਂ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ। ਆਮ ਆਦਮੀ ਪਾਰਟੀ ਨੇ 28 ਸੀਟਾਂ ਜਿੱਤੀਆਂ, ਭਾਜਪਾ ਨੇ 31 ਅਤੇ ਕਾਂਗਰਸ ਨੇ ਅੱਠ ਸੀਟਾਂ ਜਿੱਤੀਆਂ।

ਅਰਵਿੰਦ ਕੇਜਰੀਵਾਲ ਕਾਂਗਰਸ ਦੇ ਸਮਰਥਨ ਨਾਲ ਮੁੱਖ ਮੰਤਰੀ ਬਣੇ। ਕੇਜਰੀਵਾਲ ਸਿਰਫ਼ 49 ਦਿਨਾਂ ਲਈ ਮੁੱਖ ਮੰਤਰੀ ਰਹੇ, ਪਰ ਇਨ੍ਹਾਂ 49 ਦਿਨਾਂ ਵਿੱਚ ਕੇਜਰੀਵਾਲ ਮੁੱਖ ਮੰਤਰੀ ਨਾਲੋਂ ਇੱਕ ਕਾਰਕੁਨ ਵਜੋਂ ਵਧੇਰੇ ਦਿਖਾਈ ਦਿੱਤੇ।

ਮੁਕੇਸ਼ ਅੰਬਾਨੀ ਵਿਰੁੱਧ ਐਫਆਈਆਰ ਦਰਜ ਕਰਨ ਦਾ ਹੁਕਮ

ਅਰਵਿੰਦ ਕੇਜਰੀਵਾਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਮੁੱਖ ਮੰਤਰੀ ਵਜੋਂ ਅਸਤੀਫਾ ਦੇਣ ਤੋਂ ਚਾਰ ਦਿਨ ਪਹਿਲਾਂ ਮੁਕੇਸ਼ ਅੰਬਾਨੀ ਵਿਰੁੱਧ ਐਫਆਈਆਰ ਦਰਜ ਕਰਨ ਦਾ ਹੁਕਮ ਦਿੱਤਾ ਸੀ

ਅਰਵਿੰਦ ਕੇਜਰੀਵਾਲ ਨੇ 14 ਫਰਵਰੀ, 2014 ਨੂੰ ਦਿੱਲੀ ਦੇ ਮੁੱਖ ਮੰਤਰੀ ਵਜੋਂ ਅਸਤੀਫਾ ਦੇਣ ਤੋਂ ਸਿਰਫ਼ ਚਾਰ ਦਿਨ ਪਹਿਲਾਂ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ, ਤਤਕਾਲੀ ਪੈਟਰੋਲੀਅਮ ਮੰਤਰੀ ਵੀਰੱਪਾ ਮੋਇਲੀ ਅਤੇ ਸਾਬਕਾ ਪੈਟਰੋਲੀਅਮ ਮੰਤਰੀ ਮੁਰਲੀ ਦਿਓੜਾ ਵਿਰੁੱਧ ਐਫਆਈਆਰ ਦਰਜ ਕਰਨ ਦਾ ਹੁਕਮ ਦਿੱਤਾ ਸੀ।

ਕੇਜਰੀਵਾਲ ਨੇ ਇਲਜ਼ਾਮ ਲਗਾਇਆ ਸੀ ਕਿ ਇਨ੍ਹਾਂ ਤਿੰਨਾਂ ਦੀ ਮਿਲੀਭੁਗਤ ਨਾਲ ਕੇਜੀ ਬੇਸਿਨ ਤੋਂ ਪੈਦਾ ਹੋਣ ਵਾਲੀ ਕੁਦਰਤੀ ਗੈਸ ਦੀ ਕੀਮਤ ਜਾਣਬੁੱਝ ਕੇ ਵਧਾਈ ਗਈ ਹੈ। ਕੇਜਰੀਵਾਲ ਨੇ ਇਹ ਹੁਕਮ ਦਿੱਲੀ ਦੀ ਭ੍ਰਿਸ਼ਟਾਚਾਰ ਵਿਰੋਧੀ ਸ਼ਾਖਾ ਨੂੰ ਦਿੱਤਾ ਸੀ।

ਜਦੋਂ ਕੇਜਰੀਵਾਲ ਕੋਲ ਬਹੁਮਤ ਨਹੀਂ ਸੀ, ਉਹ ਇੰਨਾ ਹਮਲਾਵਰ ਵਿਵਹਾਰ ਕਰ ਰਹੇ ਸੀ। ਅਸਤੀਫ਼ਾ ਦੇਣ ਤੋਂ ਪਹਿਲਾਂ, ਕੇਜਰੀਵਾਲ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਭ੍ਰਿਸ਼ਟਾਚਾਰ ਵਿਰੋਧੀ ਕਦਮ ਚੁੱਕਣ ਤੋਂ ਰੋਕਿਆ ਜਾ ਰਿਹਾ ਹੈ। ਅਸਤੀਫ਼ੇ ਮਗਰੋਂ ਕੇਜਰੀਵਾਲ ਨੇ ਦਿੱਲੀ ਵਿੱਚ ਜਲਦੀ ਚੋਣਾਂ ਦੀ ਮੰਗ ਕੀਤੀ ਸੀ।

ਉਦੋਂ ਕੇਜਰੀਵਾਲ ਦੇ ਅਸਤੀਫ਼ੇ ਨੂੰ ਰਣਨੀਤਕ ਫੈਸਲੇ ਵਜੋਂ ਦੇਖਿਆ ਗਿਆ ਕਿਉਂਕਿ ਲੋਕ ਸਭਾ ਚੋਣਾਂ ਕੁਝ ਮਹੀਨਿਆਂ ਵਿੱਚ ਹੋਣੀਆਂ ਸਨ। ਹਾਲਾਂਕਿ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਕੇਜਰੀਵਾਲ ਨੂੰ ਬਹੁਤਾ ਫਾਇਦਾ ਨਹੀਂ ਹੋਇਆ।

ਜਦੋਂ 2013 ਵਿੱਚ ਅਰਵਿੰਦ ਕੇਜਰੀਵਾਲ ਨੇ ਕਾਂਗਰਸ ਦੇ ਸਮਰਥਨ ਨਾਲ ਸਰਕਾਰ ਬਣਾਈ ਤਾਂ ਇਸਨੂੰ ਸੱਤਾ ਹਾਸਲ ਕਰਨ ਲਈ ਸਮਝੌਤੇ ਵਜੋਂ ਦੇਖਿਆ ਗਿਆ ਸੀ।

ਕੇਜਰੀਵਾਲ ਨੇ ਖੁਦ ਕਿਹਾ ਸੀ, "ਮੈਂ ਆਪਣੇ ਬੱਚਿਆਂ ਦੀ ਸਹੁੰ ਖਾਂਦਾ ਹਾਂ। ਮੈਂ ਨਾ ਤਾਂ ਭਾਜਪਾ ਨਾਲ ਜਾਵਾਂਗਾ ਅਤੇ ਨਾ ਹੀ ਕਾਂਗਰਸ ਨਾਲ, ਕਿਉਂਕਿ ਦਿੱਲੀ ਦੇ ਲੋਕ ਦੋਵਾਂ ਦੇ ਖਿਲਾਫ ਆਮ ਆਦਮੀ ਪਾਰਟੀ ਨੂੰ ਵੋਟ ਪਾਉਣਗੇ। ਭਾਜਪਾ ਅਤੇ ਕਾਂਗਰਸ ਗੱਠਜੋੜ ਬਣਾ ਸਕਦੇ ਹਨ ਅਤੇ ਸਰਕਾਰ ਬਣਾ ਸਕਦੇ ਹਨ ਕਿਉਂਕਿ ਪਰਦੇ ਪਿੱਛੇ ਦੋਵੇਂ ਇੱਕੋ ਜਿਹੇ ਹਨ।”

“ਮੈਂ ਸੱਤਾ ਦਾ ਭੁੱਖਾ ਨਹੀਂ ਹਾਂ। ਅਸੀਂ ਗੱਠਜੋੜ ਸਰਕਾਰ ਨਹੀਂ ਬਣਾਵਾਂਗੇ ਕਿਉਂਕਿ ਅਸੀਂ ਭਾਜਪਾ ਅਤੇ ਕਾਂਗਰਸ ਨਾਲ ਰਹਿ ਕੇ ਭ੍ਰਿਸ਼ਟਾਚਾਰ ਨੂੰ ਖਤਮ ਨਹੀਂ ਕਰ ਸਕਦੇ। ਅਸੀਂ ਗੱਠਜੋੜ ਸਰਕਾਰ ਬਣਾਉਣ ਦੀ ਬਜਾਏ ਵਿਰੋਧੀ ਧਿਰ ਵਿੱਚ ਬੈਠਣਾ ਪਸੰਦ ਕਰਾਂਗੇ।"

ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਦੇ ਪੁੱਤਰ ਸੰਦੀਪ ਦੀਕਸ਼ਿਤ ਨਵੀਂ ਦਿੱਲੀ ਵਿਧਾਨ ਸਭਾ ਹਲਕੇ ਤੋਂ ਅਰਵਿੰਦ ਕੇਜਰੀਵਾਲ ਦੇ ਖਿਲਾਫ ਕਾਂਗਰਸ ਦੇ ਉਮੀਦਵਾਰ ਸਨ। ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਅਰਵਿੰਦ ਕੇਜਰੀਵਾਲ ਅਤੇ ਸੰਦੀਪ ਦੀਕਸ਼ਿਤ ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਚੰਗੇ ਦੋਸਤ ਸਨ।

ਕੇਜਰੀਵਾਲ ਨਾਲ ਆਪਣੀ ਦੋਸਤੀ ਬਾਰੇ 'ਤੇ ਸੰਦੀਪ ਦੀਕਸ਼ਿਤ ਨੇ ਕਿਹਾ, "ਮੈਂ ਕਦੇ ਵੀ ਕੇਜਰੀਵਾਲ ਨਾਲ ਦੋਸਤ ਨਹੀਂ ਰਿਹਾ। ਮੈਂ ਉਨ੍ਹਾਂ ਨੂੰ ਦੋ ਜਾਂ ਤਿੰਨ ਵਾਰ ਮਿਲਿਆ ਹੋ ਸਕਦਾ ਹਾਂ।"

ਸੰਦੀਪ ਦੀਕਸ਼ਿਤ 2013 ਵਿੱਚ ਅਰਵਿੰਦ ਕੇਜਰੀਵਾਲ ਨੂੰ ਕਾਂਗਰਸ ਦੇ ਸਮਰਥਨ ਦੇਣ ਨੂੰ ਕਿਵੇਂ ਦੇਖਦੇ ਹਨ?

ਇਸ ਦੇ ਜਵਾਬ ਵਿੱਚ ਸੰਦੀਪ ਨੇ ਕਿਹਾ, "ਮੈਂ ਮੰਨਦਾ ਹਾਂ ਕਿ ਕਾਂਗਰਸ ਨੇ ਅਰਵਿੰਦ ਕੇਜਰੀਵਾਲ ਨੂੰ ਸਹੀ ਢੰਗ ਨਾਲ ਨਹੀਂ ਸੰਭਾਲਿਆ। ਇਸ ਕਾਰਨ ਸਾਨੂੰ ਬਹੁਤ ਨੁਕਸਾਨ ਝੱਲਣਾ ਪਿਆ ਹੈ। 2013 ਵਿੱਚ ਅਰਵਿੰਦ ਕੇਜਰੀਵਾਲ ਨੂੰ ਕਾਂਗਰਸ ਦਾ ਸਮਰਥਨ ਕਰਨਾ ਵੱਡੀ ਗਲਤੀ ਸੀ। ਜ਼ਾਹਿਰ ਹੈ ਕਿ ਇਹ ਸ਼ੀਲਾ ਦੀਕਸ਼ਿਤ ਦਾ ਫੈਸਲਾ ਨਹੀਂ ਸੀ। ਇਹ ਕੇਂਦਰੀ ਲੀਡਰਸ਼ਿਪ ਦਾ ਫੈਸਲਾ ਸੀ। ਆਮ ਆਦਮੀ ਪਾਰਟੀ ਭਾਜਪਾ ਨਾਲੋਂ ਕਾਂਗਰਸ ਨੂੰ ਜ਼ਿਆਦਾ ਕਮਜ਼ੋਰ ਕਰ ਰਹੀ ਹੈ।"

ਮੁਸਲਮਾਨਾਂ ਵਿੱਚ ਕੇਜਰੀਵਾਲ ਦਾ ਅਕਸ

ਅਰਵਿੰਦ ਕੇਜਰੀਵਾਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਆਮ ਆਦਮੀ ਪਾਰਟੀ ਨੂੰ ਸਤੰਬਰ 2023 ਵਿੱਚ ਕੌਮੀ ਪਾਰਟੀ ਦਾ ਦਰਜਾ ਮਿਲਿਆ ਸੀ

ਕੀ ਦਿੱਲੀ ਦੇ ਮੁਸਲਮਾਨ ਅਰਵਿੰਦ ਕੇਜਰੀਵਾਲ ਅਤੇ ਕਾਂਗਰਸ ਬਾਰੇ ਉਲਝਣ ਵਿੱਚ ਹਨ?

ਸੰਦੀਪ ਦੀਕਸ਼ਿਤ ਨੇ ਕਿਹਾ, "ਜੇਕਰ ਦਿੱਲੀ ਦੇ ਮੁਸਲਮਾਨ ਅਰਵਿੰਦ ਕੇਜਰੀਵਾਲ ਨੂੰ ਵੋਟ ਪਾ ਰਹੇ ਹਨ, ਤਾਂ ਉਹ ਮਜਬੂਰੀ ਵਿੱਚ ਅਜਿਹਾ ਕਰ ਰਹੇ ਹਨ। ਮੁਸਲਮਾਨਾਂ ਨੂੰ ਲੱਗਦਾ ਹੈ ਕਿ ਕੇਜਰੀਵਾਲ ਭਾਜਪਾ ਨੂੰ ਹਰਾ ਸਕਦੇ ਹਨ। ਪਰ ਇਹ ਜ਼ਰੂਰੀ ਨਹੀਂ ਹੈ ਕਿ ਮੁਸਲਮਾਨ ਜਿਸ ਨੂੰ ਵੋਟ ਪਾਉਣਗੇ, ਉਹ ਭਾਜਪਾ ਨੂੰ ਹਰਾ ਦੇਵੇ। ਕੇਜਰੀਵਾਲ ਬਿਲਕੁਲ ਵੀ ਧਰਮ ਨਿਰਪੱਖ ਲੀਡਰ ਨਹੀਂ ਹਨ। ਜੇਕਰ ਮੁਸਲਮਾਨ ਧਰਮ ਨਿਰਪੱਖ ਰਾਜਨੀਤੀ ਚਾਹੁੰਦੇ ਹਨ ਤਾਂ ਉਹ ਕੇਜਰੀਵਾਲ ਨੂੰ ਚੁਣ ਕੇ ਇਸ ਨੂੰ ਹਾਸਲ ਨਹੀਂ ਕਰ ਸਕਦੇ।"

ਆਮ ਆਦਮੀ ਪਾਰਟੀ ਲਗਭਗ 12 ਸਾਲ ਪੁਰਾਣੀ ਪਾਰਟੀ ਹੈ ਅਤੇ ਅਰਵਿੰਦ ਕੇਜਰੀਵਾਲ ਨੇ ਇਨ੍ਹਾਂ 12 ਸਾਲਾਂ ਵਿੱਚ ਅਸਫਲਤਾ ਨਾਲੋਂ ਜ਼ਿਆਦਾ ਸਫਲਤਾ ਦੇਖੀ ਹੈ।

ਆਮ ਆਦਮੀ ਪਾਰਟੀ ਨੂੰ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸ਼ਾਨਦਾਰ ਜਿੱਤ ਮਿਲੀ। ਸਤੰਬਰ 2023 ਵਿੱਚ, ਚੋਣ ਕਮਿਸ਼ਨ ਨੇ ਆਮ ਆਦਮੀ ਪਾਰਟੀ ਨੂੰ ਕੌਮੀ ਪਾਰਟੀ ਦਾ ਦਰਜਾ ਦਿੱਤਾ। ਇਹ ਦਰਜਾ ਦਿੱਲੀ, ਗੋਆ, ਪੰਜਾਬ ਅਤੇ ਗੁਜਰਾਤ ਵਿੱਚ 'ਆਪ' ਨੂੰ ਮਿਲੇ ਵੋਟ ਸ਼ੇਅਰ ਦੇ ਆਧਾਰ 'ਤੇ ਦਿੱਤਾ ਗਿਆ ਸੀ। ਜੇਕਰ ਭਵਿੱਖ ਵਿੱਚ ਇੰਡੀਆ ਅਲਾਇੰਸ ਦੁਬਾਰਾ ਇੱਕਜੁੱਟ ਹੁੰਦਾ ਹੈ, ਤਾਂ ਆਮ ਆਦਮੀ ਪਾਰਟੀ ਇੱਕ ਨਿਰਣਾਇਕ ਭੂਮਿਕਾ ਵਿੱਚ ਹੋਵੇਗੀ।

ਇਨ੍ਹਾਂ 12 ਸਾਲਾਂ ਵਿੱਚ ਅਰਵਿੰਦ ਕੇਜਰੀਵਾਲ ਦੀ ਰਾਜਨੀਤੀ 'ਤੇ ਕਈ ਸਵਾਲ ਉੱਠੇ। ਕੀ ਆਮ ਆਦਮੀ ਪਾਰਟੀ ਖੱਬੇ ਪੱਖੀ ਹੈ ਜਾਂ ਸੱਜੇ ਪੱਖੀ ਜਾਂ ਮੱਧਵਾਦੀ? 'ਆਪ' ਨੂੰ ਕਿਸੇ ਵੀ ਸ਼੍ਰੇਣੀ ਵਿੱਚ ਰੱਖਣਾ ਮੁਸ਼ਕਲ ਹੈ।

ਹਾਲਾਂਕਿ, ਆਲੋਚਕ ਇਲਜ਼ਾਮ ਲਗਾਉਂਦੇ ਰਹੇ ਹਨ ਕਿ ਇੰਡੀਆ ਅਗੇਂਸਟ ਕਰੱਪਸ਼ਨ ਅੰਦੋਲਨ ਨੂੰ ਸੱਜੇ-ਪੱਖੀ ਰਾਜਨੀਤੀ ਦਾ ਸਮਰਥਨ ਹਾਸਲ ਸੀ। ਇਹ ਵੀ ਸੱਚ ਹੈ ਕਿ ਇਸ ਅੰਦੋਲਨ ਤੋਂ ਭਾਜਪਾ ਅਤੇ ਖ਼ੁਦ ਅਰਵਿੰਦ ਕੇਜਰੀਵਾਲ ਨੂੰ ਸਭ ਤੋਂ ਵੱਧ ਫਾਇਦਾ ਹੋਇਆ ਸੀ।

ਮੈਂ ਦਿੱਲੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਲਈ ਡਾਟਾ ਇਕੱਠਾ ਕਰ ਰਹੇ ਰਿਜ਼ਵਾਨ ਅਹਿਸਨ ਨੂੰ ਪੁੱਛਿਆ ਕੀ ਉਹ ਵੀ ਅਰਵਿੰਦ ਕੇਜਰੀਵਾਲ ਦੀ ਰਾਜਨੀਤੀ ਨੂੰ ਬਹੁਗਿਣਤੀਵਾਦ ਦੇ ਨੇੜੇ ਪਾਉਂਦੇ ਹਨ?

ਕੀ ਅਰਵਿੰਦ ਕੇਜਰੀਵਾਲ ਧਰਮ ਨਿਰਪੱਖ ਹਨ?

ਅਰਵਿੰਦ ਕੇਜਰੀਵਾਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੇਜਰੀਵਾਲ ਭ੍ਰਿਸ਼ਟਾਚਾਰ ਵਿਰੋਧੀ ਲਹਿਰ ਦੇ ਜ਼ੋਰ 'ਤੇ ਸੱਤਾ ਵਿੱਚ ਆਏ ਅਤੇ ਉਨ੍ਹਾਂ ਨੂੰ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਵਿੱਚ ਹੀ ਜੇਲ੍ਹ ਜਾਣਾ ਪਿਆ

ਰਿਜ਼ਵਾਨ ਅਹਿਸਨ ਕਹਿੰਦੇ ਹਨ, "ਭਾਰਤ ਵਿੱਚ 20 ਪ੍ਰਤੀਸ਼ਤ ਧਰਮ ਨਿਰਪੱਖ ਜਗ੍ਹਾ ਪਹਿਲਾਂ ਹੀ ਭਰੀ ਹੋਈ ਹੈ। ਬਹੁਤ ਸਾਰੇ ਦਾਅਵੇਦਾਰ ਹਨ। ਅਜਿਹੀ ਸਥਿਤੀ ਵਿੱਚ, ਅਰਵਿੰਦ ਕੇਜਰੀਵਾਲ ਉੱਥੇ ਕਿਉਂ ਪਰੇਸ਼ਾਨ ਹੋਣਗੇ?

ਜੇਕਰ ਅਰਵਿੰਦ ਕੇਜਰੀਵਾਲ 80 ਪ੍ਰਤੀਸ਼ਤ ਜਗ੍ਹਾ 'ਤੇ ਆਪਣੀ ਜਗ੍ਹਾ ਬਣਾਉਣਾ ਚਾਹੁੰਦੇ ਹਨ ਤਾਂ ਇਸ ਵਿੱਚ ਕੀ ਸਮੱਸਿਆ ਹੈ। ਧਰਮ ਨਿਰਪੱਖਤਾ ਦੇ ਨਾਮ 'ਤੇ ਉਸ 80 ਪ੍ਰਤੀਸ਼ਤ ਜਗ੍ਹਾ ਨੂੰ ਸਿਰਫ਼ ਭਾਜਪਾ ਲਈ ਛੱਡਣਾ ਸਿਆਣਪ ਨਹੀਂ ਹੈ।

ਅਰਵਿੰਦ ਕੇਜਰੀਵਾਲ ਨੂੰ ਭਾਜਪਾ ਨੂੰ ਹਰਾਉਣਾ ਪਵੇਗਾ ਅਤੇ ਭਾਜਪਾ ਦੀ ਤਾਕਤ ਉਹੀ 80 ਪ੍ਰਤੀਸ਼ਤ ਜਗ੍ਹਾ ਹੈ। ਅਜਿਹੀ ਸਥਿਤੀ ਵਿੱਚ, ਆਮ ਆਦਮੀ ਪਾਰਟੀ 20 ਪ੍ਰਤੀਸ਼ਤ 'ਤੇ ਦਾਅ ਕਿਉਂ ਲਗਾਏਗੀ? ਮੈਨੂੰ ਨਹੀਂ ਲੱਗਦਾ ਕਿ ਦਿੱਲੀ ਸਰਕਾਰ ਨੇ ਮੁਸਲਮਾਨਾਂ ਨਾਲ ਕੋਈ ਵਿਤਕਰਾ ਕੀਤਾ ਹੈ।"

ਰਿਜ਼ਵਾਨ ਅਹਿਸਨ ਕਹਿੰਦੇ ਹਨ, "ਕਾਂਗਰਸ ਨੇ ਇਹ 80 ਪ੍ਰਤੀਸ਼ਤ ਜਗ੍ਹਾ ਪੂਰੀ ਤਰ੍ਹਾਂ ਭਾਜਪਾ ਲਈ ਛੱਡ ਦਿੱਤੀ ਹੈ ਅਤੇ ਸਥਿਤੀ ਅਜਿਹੀ ਹੈ ਕਿ ਉਹ 20 ਪ੍ਰਤੀਸ਼ਤ ਜਗ੍ਹਾ ਨਹੀਂ ਮਿਲ ਰਹੀ ਅਜਿਹੀ ਸਥਿਤੀ ਵਿੱਚ, ਆਮ ਆਦਮੀ ਪਾਰਟੀ ਇਹ ਗਲਤੀ ਕਿਉਂ ਕਰੇਗੀ?”

ਅਰਵਿੰਦ ਕੇਜਰੀਵਾਲ ਬਾਰੇ ਮੁਸਲਮਾਨਾਂ ਵਿੱਚ ਇੱਕ ਤਰ੍ਹਾਂ ਦੀ ਉਲਝਣ ਸੀ, ਪਰ ਇਹ ਵੀ ਸੱਚ ਹੈ ਕਿ ਦਿੱਲੀ ਸਰਕਾਰ ਦੀਆਂ ਯੋਜਨਾਵਾਂ ਦਾ ਲਾਭ ਮੁਸਲਮਾਨਾਂ ਨੂੰ ਵੀ ਹੋਇਆ ਹੈ। ਮੁਸਲਮਾਨ ਇਸ ਤੱਥ ਬਾਰੇ ਵੀ ਸਪੱਸ਼ਟ ਸਨ ਕਿ ਸਿਰਫ਼ 'ਆਪ' ਹੀ ਭਾਜਪਾ ਨੂੰ ਹਰਾ ਸਕਦੀ ਹੈ। ਅਜਿਹੀ ਸਥਿਤੀ ਵਿੱਚ, ਮੈਨੂੰ ਨਹੀਂ ਲੱਗਦਾ ਕਿ ਆਮ ਆਦਮੀ ਪਾਰਟੀ ਨੂੰ ਇਨ੍ਹਾਂ 20 ਪ੍ਰਤੀਸ਼ਤ ਨੂੰ ਖੁਸ਼ ਕਰਨ ਲਈ 80 ਪ੍ਰਤੀਸ਼ਤ ਨੂੰ ਨਾਰਾਜ਼ ਕਰਨ ਦੀ ਲੋੜ ਹੈ।"

2019 ਵਿੱਚ, ਆਮ ਆਦਮੀ ਪਾਰਟੀ ਨੇ ਜੰਮੂ-ਕਸ਼ਮੀਰ ਤੋਂ ਆਰਟੀਕਲ 370 ਹਟਾਉਣ ਦੇ ਪ੍ਰਸਤਾਵ ਦੇ ਹੱਕ ਵਿੱਚ ਵੋਟ ਦਿੱਤੀ ਸੀ। ਚਾਰ ਸਾਲ ਬਾਅਦ, ਅਰਵਿੰਦ ਕੇਜਰੀਵਾਲ ਨੂੰ ਦਿੱਲੀ ਸਰਵਿਸ ਬਿੱਲ ਨਾਲ ਜੂਝਣਾ ਪਿਆ, ਜਿਸ ਦੇ ਤਹਿਤ ਦਿੱਲੀ ਵਿੱਚ ਬਿਊਰੋਕ੍ਰੇਸੀ ਉੱਤੇ ਕੰਟਰੋਲ ਉਪ ਰਾਜਪਾਲ ਨੂੰ ਦੇ ਦਿੱਤਾ ਗਿਆ ਸੀ।

ਕੀ ਅਰਵਿੰਦ ਕੇਜਰੀਵਾਲ ਨੇ ਜਿਹੜੀ ਰਾਜਨੀਤੀ ਦਾ ਵਾਅਦਾ ਕੀਤਾ ਸੀ, ਉਹ ਰਾਜਨੀਤੀ ਕਰ ਰਹੇ ਹਨ?

ਆਮ ਆਦਮੀ ਪਾਰਟੀ ਨੂੰ ਨੇੜਿਓਂ ਦੇਖਣ ਵਾਲੇ ਰਾਜਨੀਤਿਕ ਵਿਸ਼ਲੇਸ਼ਕ ਅਭੈ ਕੁਮਾਰ ਦੂਬੇ ਕਹਿੰਦੇ ਹਨ, "ਜੇ ਅਸੀਂ ਆਮ ਆਦਮੀ ਪਾਰਟੀ ਜਾਂ ਅਰਵਿੰਦ ਕੇਜਰੀਵਾਲ ਨੂੰ ਅੰਦੋਲਨ ਦੇ ਪੱਖ ਤੋਂ ਵੇਖੀਏ, ਤਾਂ ਸਾਨੂੰ ਲੱਗੇਗਾ ਕਿ ਇਹ ਉਹ ਰਾਜਨੀਤੀ ਨਹੀਂ ਹੈ ਜਿਸਦਾ ਉਨ੍ਹਾਂ ਨੇ ਵਾਅਦਾ ਕੀਤਾ ਸੀ।

ਪਰ ਅੰਦੋਲਨ ਕਰਨਾ ਅਤੇ ਸਰਕਾਰ ਚਲਾਉਣਾ ਦੋ ਵੱਖੋ-ਵੱਖਰੇ ਹਨ। ਅੰਦੋਲਨ ਵਿੱਚ ਕੋਈ ਵੀ ਤੁਹਾਡੇ ਨਾਲ ਮੁਕਾਬਲਾ ਨਹੀਂ ਕਰ ਰਿਹਾ, ਪਰ ਚੋਣ ਮੈਦਾਨ ਵਿੱਚ ਤੁਹਾਡੇ ਵਿਰੋਧੀ ਹਨ ਅਤੇ ਜਦੋਂ ਤੁਸੀਂ ਸੱਤਾ ਵਿੱਚ ਆਉਂਦੇ ਹੋ ਤਾਂ ਹੋਰ ਵੀ ਬਹੁਤ ਸਾਰੀਆਂ ਚੁਣੌਤੀਆਂ ਹੁੰਦੀਆਂ ਹਨ। ਅਜਿਹੀ ਸਥਿਤੀ ਵਿੱਚ, ਬਹੁਤ ਸਾਰੇ ਆਦਰਸ਼ਾਂ ਨੂੰ ਛੱਡਣਾ ਪੈਂਦਾ ਹੈ। ਬਹੁਤ ਸਾਰੇ ਫਾਇਦੇਮੰਦ ਨਹੀਂ ਰਹਿੰਦੇ।"

ਕੀ ਮੋਦੀ ਅਤੇ ਕੇਜਰੀਵਾਲ ਦੀ ਰਾਜਨੀਤੀ ਵਿੱਚ ਕੋਈ ਸਮਾਨਤਾ ਹੈ?

ਅਰਵਿੰਦ ਕੇਜਰੀਵਾਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਰਵਿੰਦ ਕੇਜਰੀਵਾਲ ਨੇ ਬੁਨਿਆਦੀ ਜ਼ਰੂਰਤਾਂ ਦੇ ਮੁੱਦੇ ਨੂੰ ਭਾਰਤੀ ਰਾਜਨੀਤੀ ਦੇ ਕੇਂਦਰ ਵਿੱਚ ਲਿਆਂਦਾ ਹੈ

ਅਭੈ ਕੁਮਾਰ ਦੂਬੇ ਕਹਿੰਦੇ ਹਨ, "ਕੇਜਰੀਵਾਲ ਨੇ ਦਿੱਲੀ ਵਿੱਚ ਰਾਜਨੀਤੀ ਕਰਨੀ ਸੀ ਅਤੇ ਉਨ੍ਹਾਂ ਨੇ ਗਰੀਬਾਂ 'ਤੇ ਧਿਆਨ ਕੇਂਦਰਿਤ ਕੀਤਾ। ਕਿਉਂਕਿ ਦਿੱਲੀ ਵਿੱਚ ਜਾਤੀ ਪਛਾਣ ਦੀ ਕੋਈ ਰਾਜਨੀਤੀ ਨਹੀਂ ਹੈ। 2013 ਦੀਆਂ ਚੋਣਾਂ ਵਿੱਚ, ਦਿੱਲੀ ਦੇ ਮੁਸਲਮਾਨਾਂ ਨੂੰ ਇਹ ਨਹੀਂ ਲੱਗਾ ਕਿ ਕੇਜਰੀਵਾਲ ਭਾਜਪਾ ਨੂੰ ਹਰਾ ਸਕਦੇ ਹਨ, ਇਸ ਲਈ ਉਨ੍ਹਾਂ ਨੇ ਕਾਂਗਰਸ ਨੂੰ ਵੋਟ ਦਿੱਤੀ। ਇਹੀ ਕਾਰਨ ਸੀ ਕਿ ਕਾਂਗਰਸ ਨੂੰ ਅੱਠ ਸੀਟਾਂ ਮਿਲੀਆਂ।"

"ਹਾਲਾਂਕਿ ਅਗਲੀਆਂ ਚੋਣਾਂ ਵਿੱਚ ਮੁਸਲਮਾਨਾਂ ਨੂੰ ਲੱਗਿਆ ਕਿ ਕੇਜਰੀਵਾਲ ਭਾਜਪਾ ਨੂੰ ਹਰਾ ਸਕਦੇ ਹਨ ਅਤੇ ਉਨ੍ਹਾਂ ਨੇ ਕਾਂਗਰਸ ਨੂੰ ਵੋਟ ਦੇਣਾ ਬੰਦ ਕਰ ਦਿੱਤਾ। ਉਂਝ ਵੀ, ਕਾਂਗਰਸ ਦਿੱਲੀ ਵਿੱਚ ਗੰਭੀਰਤਾ ਨਾਲ ਚੋਣਾਂ ਨਹੀਂ ਲੜਦੀ। ਅਰਵਿੰਦ ਕੇਜਰੀਵਾਲ ਨੇ ਇਕੱਲੇ ਦਿੱਲੀ ਵਿੱਚ 37 ਰੈਲੀਆਂ ਕੀਤੀਆਂ ਹਨ।"

"ਭਾਜਪਾ ਨੇ ਮੁਸਲਮਾਨਾਂ ਪ੍ਰਤੀ ਜੋ ਮਾਹੌਲ ਬਣਾਇਆ ਹੈ, ਉਸ ਵਿੱਚ ਅਰਵਿੰਦ ਕੇਜਰੀਵਾਲ ਲਈ ਖੁੱਲ੍ਹ ਕੇ ਬੋਲਣ ਦੀ ਬਹੁਤੀ ਜਗ੍ਹਾ ਨਹੀਂ ਹੈ। ਮੁਸਲਮਾਨਾਂ ਨੂੰ ਸੋਚਣਾ ਪਵੇਗਾ ਕਿ ਕੀ ਉਹ ਅਜਿਹਾ ਵਿਅਕਤੀ ਚਾਹੁੰਦੇ ਹਨ ਜੋ ਉਨ੍ਹਾਂ ਦੀ ਗੱਲ ਕਰੇ ਜਾਂ ਫਿਰ ਅਜਿਹਾ ਵਿਅਕਤੀ ਜੋ ਭਾਜਪਾ ਨੂੰ ਹਰਾ ਸਕੇ।"

ਕੀ ਮੋਦੀ ਅਤੇ ਕੇਜਰੀਵਾਲ ਦੀ ਰਾਜਨੀਤੀ ਵਿੱਚ ਕੋਈ ਸਮਾਨਤਾ ਹੈ? ਇਸ ਸਵਾਲ ਦੇ ਜਵਾਬ ਵਿੱਚ, ਅਭੈ ਕੁਮਾਰ ਦੂਬੇ ਕਹਿੰਦੇ ਹਨ, " ਹਰ ਵਿਅਕਤੀ ਸੱਤਾ ਹਾਸਲ ਕਰਨਾ ਚਾਹੁੰਦਾ ਹੈ। ਸੱਤਾ ਪ੍ਰਾਪਤ ਕਰਨ ਲਈ ਕੁਝ ਤਰੀਕੇ ਜਾਂ ਕੁਝ ਫਾਰਮੂਲੇ ਹਨ। ਲੋਕ ਇਸ ਆਧਾਰ 'ਤੇ ਹੀ ਪ੍ਰਚਾਰ-ਪ੍ਰਸਾਰ ਕਰਦੇ ਹਨ।"

"ਮੋਦੀ ਅਤੇ ਕੇਜਰੀਵਾਲ ਦੇ ਭਾਸ਼ਣ ਸ਼ੈਲੀ ਵਿੱਚ ਬਹੁਤ ਫ਼ਰਕ ਹੈ। ਜੇਕਰ ਗੱਲ ਵਿਅਕਤੀ-ਕੇਂਦ੍ਰਿਤ ਪਾਰਟੀ ਹੋਣ ਦੀ ਕਰੀਏ, ਤਾਂ ਸਾਰੀਆਂ ਰਾਜਨੀਤਿਕ ਪਾਰਟੀਆਂ ਇਸ ਤਰ੍ਹਾਂ ਦੀਆਂ ਹੀ ਹਨ। ਇਹ ਸੱਚ ਹੈ ਕਿ ਅੰਨਾ ਹਜ਼ਾਰੇ ਦੇ ਅੰਦੋਲਨ ਤੋਂ ਅਰਵਿੰਦ ਕੇਜਰੀਵਾਲ ਅਤੇ ਨਰਿੰਦਰ ਮੋਦੀ ਨੂੰ ਸਭ ਤੋਂ ਵੱਧ ਫਾਇਦਾ ਹੋਇਆ ਹੈ।"

ਕੇਜਰੀਵਾਲ ਦੀ ਰਾਜਨੀਤਿਕ ਵਿਚਾਰਧਾਰਾ

ਅਰਵਿੰਦ ਕੇਜਰੀਵਾਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਆਮ ਆਦਮੀ ਪਾਰਟੀ ਦੀ ਵੈੱਬਸਾਈਟ ਮੁਤਾਬਕ ਪਾਰਟੀ ਵਿਚਾਰਧਾਰਾ-ਕੇਂਦ੍ਰਿਤ ਨਹੀਂ ਹੈ ਬਲਕਿ ਹੱਲ ਮੁਹੱਈਆ ਕਰਵਾਉਣ 'ਤੇ ਜ਼ੋਰ ਦਿੰਦੀ ਹੈ।

ਆਮ ਆਦਮੀ ਪਾਰਟੀ ਦੀ 'ਮੋਰਲ ਫਾਊਡੇਸ਼ਨ' ਕੀ ਹੈ ਜਾਂ ਪਾਰਟੀ ਦੀ ਵਿਰਾਸਤ ਕੀ ਹੈ? ਜਿਵੇਂ ਕਾਂਗਰਸ ਦੀ ਰਾਜਨੀਤਿਕ ਵਿਰਾਸਤ ਆਜ਼ਾਦੀ ਸੰਗਰਾਮ ਹੈ। ਗਾਂਧੀ ਅਤੇ ਵੱਲਭ ਭਾਈ ਪਟੇਲ ਕਾਂਗਰਸ ਦੀ ਵਿਰਾਸਤ ਹਨ। ਭਾਜਪਾ ਦੀ ਰਾਜਨੀਤਿਕ ਵਿਰਾਸਤ ਰਾਮ ਜਨਮ ਭੂਮੀ ਅੰਦੋਲਨ ਅਤੇ ਐਮਰਜੈਂਸੀ ਵਿਰੋਧੀ ਅੰਦੋਲਨ ਹੈ।

ਕੋਲਕਾਤਾ ਯੂਨੀਵਰਸਿਟੀ ਦੇ ਰਾਜਨੀਤੀ ਸ਼ਾਸਤਰ ਦੇ ਪ੍ਰੋਫੈਸਰ ਹਿਮਾਦਰੀ ਚੈਟਰਜੀ ਕਹਿੰਦੇ ਹਨ, "ਆਮ ਆਦਮੀ ਪਾਰਟੀ ਕੋਲ ਚਾਰ ਵੱਡੀਆਂ ਰਾਜਨੀਤਿਕ ਵਿਰਾਸਤਾਂ ਹਨ। ਅੰਨਾ ਹਜ਼ਾਰੇ ਨਾਲ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਸਭ ਤੋਂ ਵੱਡੀ ਵਿਰਾਸਤ ਹੈ। ਦੂਜੀ ਵੱਡੀ ਵਿਰਾਸਤ ਅਰਵਿੰਦ ਕੇਜਰੀਵਾਲ ਦੀ ਕਾਰਕੁਨ ਵਾਲੀ ਛਵੀ ਹੈ। ਤੀਜੀ ਵੱਡੀ ਵਿਰਾਸਤ ਕਾਂਗਰਸ ਅਤੇ ਭਾਜਪਾ ਨੂੰ ਇਕੱਠੇ ਚੁਣੌਤੀ ਦੇਣਾ ਹੈ।

"ਦਿੱਲੀ ਵਿੱਚ ਸ਼ੀਲਾ ਦੀਕਸ਼ਿਤ ਵਰਗੀ ਦਿੱਗਜ ਨੂੰ ਹਰਾਉਣਾ ਕੋਈ ਛੋਟੀ ਗੱਲ ਨਹੀਂ ਸੀ। ਇਹ ਚੋਣ ਜਿੱਤ 'ਆਪ' ਲਈ ਇੱਕ ਵੱਡੀ ਰਾਜਨੀਤਿਕ ਵਿਰਾਸਤ ਹੈ। ਚੌਥੀ ਵੱਡੀ ਵਿਰਾਸਤ ਚੰਗੇ ਸ਼ਾਸਨ ਦੇ ਮੁੱਦੇ ਨੂੰ ਭਾਰਤੀ ਰਾਜਨੀਤੀ ਦੇ ਕੇਂਦਰ ਵਿੱਚ ਵਾਪਸ ਲਿਆਉਣਾ ਹੈ। 'ਆਪ' ਦੇ ਉਭਾਰ ਤੋਂ ਪਹਿਲਾਂ, ਭਾਰਤੀ ਰਾਜਨੀਤੀ ਵਿੱਚ ਪਾਣੀ, ਬਿਜਲੀ, ਸੜਕਾਂ ਅਤੇ ਸਿੱਖਿਆ ਵਰਗੇ ਸ਼ਾਸਨ ਦੇ ਛੋਟੇ ਮੁੱਦਿਆਂ ਨੂੰ ਤਰਜੀਹੀ ਮੁੱਦਾ ਬਣਾਉਣਾ 'ਆਪ' ਦੀ ਇੱਕ ਵੱਡੀ ਵਿਰਾਸਤ ਹੈ।"

ਪ੍ਰੋਫੈਸਰ ਹਿਮਾਦਰੀ ਚੈਟਰਜੀ ਕਹਿੰਦੇ ਹਨ, "ਲੋਕ ਆਮ ਤੌਰ 'ਤੇ ਵਿਰਾਸਤ ਨੂੰ ਇਸ ਤਰ੍ਹਾਂ ਦੇਖਦੇ ਹਨ ਜਿਵੇਂ ਇਹ ਪੱਥਰ 'ਤੇ ਲਕੀਰ ਹੋਵੇ। ਰਾਜਨੀਤਿਕ ਵਿਰਾਸਤ ਅਸ਼ੋਕ ਥੰਮ੍ਹ ਵਾਂਗ ਕੰਮ ਨਹੀਂ ਕਰਦੀ। ਰਾਜਨੀਤਿਕ ਵਿਰਾਸਤ ਦੀ ਵਿਆਖਿਆ ਹਰ ਦਹਾਕੇ ਵਿੱਚ ਰਾਜਨੀਤੀ ਦੇ ਹਰ ਮੋੜ 'ਤੇ ਵੱਖਰੇ ਢੰਗ ਨਾਲ ਕੀਤੀ ਜਾਂਦੀ ਹੈ।"

ਪ੍ਰੋਫੈਸਰ ਹਿਮਾਦਰੀ ਚੈਟਰਜੀ ਕਹਿੰਦੇ ਹਨ, "ਆਪ ਨੇ ਇਹ ਪੂਰੀ ਵਿਰਾਸਤ ਉਦੋਂ ਬਣਾਈ ਜਦੋਂ ਪਾਰਟੀ ਸੱਤਾ ਵਿੱਚ ਨਹੀਂ ਸੀ। ਉਸ ਸਮੇਂ 'ਆਪ' ਵਿਰੋਧ ਪ੍ਰਦਰਸ਼ਨਾਂ ਦੀ ਪਾਰਟੀ ਹੋਇਆ ਕਰਦੀ ਸੀ। 'ਆਪ' ਦੇ ਸ਼ਾਸਨ ਦੀ ਵਿਰਾਸਤ ਪਾਰਟੀ ਲਈ ਸਭ ਤੋਂ ਵੱਡੀ ਰੁਕਾਵਟ ਬਣ ਰਹੀ ਹੈ।”

“ਜੇਕਰ ਤੁਸੀਂ ਇਸ ਵਿਰਾਸਤ ਨੂੰ ਅੱਗੇ ਨਹੀਂ ਵਧਾ ਸਕਦੇ ਤਾਂ ਮੁਸ਼ਕਲਾਂ ਵਧ ਜਾਣਗੀਆਂ। 'ਆਪ' ਨੇ ਹੋਰ ਸੂਬਿਆਂ ਵਿੱਚ ਜਾਣ ਵਿੱਚ ਬਹੁਤ ਜਲਦਬਾਜ਼ੀ ਦਿਖਾਈ। ਇਸ ਕਾਰਨ 'ਆਪ' ਵਿਰੁੱਧ ਆਲੋਚਨਾ ਦਾ ਘੇਰਾ ਵਧ ਗਿਆ ਹੈ। ਪਰ 'ਆਪ' ਚੋਣਾਂ ਜਿੱਤ ਸਕਦੀ ਹੈ, ਉਸ ਨੇ ਇਹ ਸਾਬਤ ਕੀਤਾ ਹੈ।"

'ਆਪ' ਪਾਰਟੀ ਦੀ ਵਿਚਾਰਧਾਰਾ ਕੀ ਹੈੈ? ਇਸ ਸਵਾਲ ਦਾ ਜਵਾਬ ਪਾਰਟੀ ਨੇ ਆਪਣੀ ਵੈੱਬਸਾਈਟ 'ਤੇ ਹੀ ਦਿੱਤਾ ਹੈ ਪਾਰਟੀ ਦੀ ਵੈੱਬਸਾਈਟ ਮੁਤਾਬਕ ਪਾਰਟੀ ਵਿਚਾਰਧਾਰਾ-ਕੇਂਦ੍ਰਿਤ ਨਹੀਂ ਹੈ ਬਲਕਿ ਹੱਲ ਮੁਹੱਈਆ ਕਰਵਾਉਣ 'ਤੇ ਜ਼ੋਰ ਦਿੰਦੀ ਹੈ।

ਹੁਣ ਅਰਵਿੰਦ ਕੇਜਰੀਵਾਲ ਨੂੰ ਆਪਣੀ ਪਾਰਟੀ ਨੂੰ ਹੱਲ ਮੁਹੱਈਆ ਕਰਵਾਉਣਾ ਹੈ। ਦਿੱਲੀ ਵਿੱਚ ਨਾ ਸਿਰਫ਼ ਉਨ੍ਹਾਂ ਦੀ ਪਾਰਟੀ ਹਾਰ ਗਈ, ਸਗੋਂ ਕੇਜਰੀਵਾਲ ਖੁਦ ਆਪਣੀ ਸੀਟ ਨਹੀਂ ਬਚਾ ਸਕੇ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)