ਦਿੱਲੀ ਚੋਣਾਂ 'ਚ 'ਆਪ' ਕਿਉਂ ਹਾਰੀ, ਹੁਣ ਪੰਜਾਬ 'ਚ ਕਿਹੋ ਜਿਹਾ ਹੋਵੇਗਾ ਭਵਿੱਖ, ਕਿਹੜੀ ਪਾਰਟੀ ਨੂੰ ਹੋਵੇਗਾ ਫਾਇਦਾ

ਅਰਵਿੰਦ ਕੇਜਰੀਵਾਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਰਵਿੰਦ ਕੇਜਰੀਵਾਲ ਨਵੀਂ ਦਿੱਲੀ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਸਨ
    • ਲੇਖਕ, ਗੁਰਜੋਤ ਸਿੰਘ
    • ਰੋਲ, ਬੀਬੀਸੀ ਪੱਤਰਕਾਰ

"ਮੈਂ ਉਦੋਂ ਤੱਕ ਸੀਐੱਮ ਦੀ ਕੁਰਸੀ 'ਤੇ ਨਹੀਂ ਬੈਠਾਂਗਾ, ਜਦੋਂ ਤੱਕ ਜਨਤਾ ਆਪਣਾ ਫ਼ੈਸਲਾ ਨਾ ਸੁਣਾ ਦੇਵੇ।"

9 ਸਾਲ ਤੋਂ ਵੱਧ ਸਮਾਂ ਦਿੱਲੀ ਦੇ ਮੁੱਖ ਮੰਤਰੀ ਰਹੇ ਅਰਵਿੰਦ ਕੇਜਰੀਵਾਲ ਨੇ ਇਹ ਐਲਾਨ ਦਿੱਲੀ ਆਬਕਾਰੀ ਨੀਤੀ ਵਿੱਚ ਕਥਿਤ ਘੁਟਾਲੇ ਦੇ ਮਾਮਲੇ 'ਚ ਜੇਲ੍ਹ ਵਿੱਚੋਂ ਬਾਹਰ ਆਉਣ ਤੋਂ ਬਾਅਦ ਸਤੰਬਰ 2024 'ਚ ਦਿੱਤਾ ਸੀ।

ਹਾਲਾਂਕਿ ਚੋਣ ਕਮਿਸ਼ਨ ਵੱਲੋ ਫਿਲਹਾਲ ਅਧਿਕਾਰਤ ਅੰਕੜੇ ਜਾਰੀ ਕੀਤੇ ਜਾ ਰਹੇ ਹਨ, ਪਰ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਆਪਣੇ ਗੜ੍ਹ ਨਵੀਂ ਦਿੱਲੀ ਵਿੱਚ ਪਾਰਟੀ ਦੀ ਹਾਰ ਕਬੂਲ ਕਰ ਲਈ ਹੈ।

ਇਨ੍ਹਾਂ ਨਤੀਜਿਆਂ ਨਾਲ 27 ਸਾਲਾਂ ਤੋਂ ਦਿੱਲੀ ਵਿੱਚ ਸਰਕਾਰ ਬਣਾਉਣ ਦੀ ਉਡੀਕ ਕਰ ਰਹੀ ਭਾਰਤੀ ਜਨਤਾ ਪਾਰਟੀ ਦਿੱਲੀ ਦੇ ਤਾਜ ਤੱਕ ਪਹੁੰਚ ਗਈ ਹੈ।

ਆਪਣੇ 'ਦਿੱਲੀ ਮਾਡਲ' ਦੇ ਪ੍ਰਚਾਰ ਜ਼ਰੀਏ ਹੀ 'ਆਪ' ਨੇ ਪੰਜਾਬ, ਗੁਜਰਾਤ ਅਤੇ ਗੋਆ 'ਚ ਪਛਾਣ ਬਣਾਈ ਅਤੇ ਵੋਟਾਂ ਹਾਸਲ ਕੀਤੀਆਂ।

ਪਾਰਟੀ ਦੀ ਇਸ ਹਾਰ ਦੇ ਕੀ ਕਾਰਨ ਰਹੇ? ਪੰਜਾਬ ਵਿੱਚ ਪਾਰਟੀ ਦੀ ਸਥਿਤੀ 'ਤੇ ਇਸ ਦਾ ਕੀ ਅਸਰ ਪਵੇਗਾ, ਕੀ ਪਾਰਟੀ ਵਾਪਸੀ ਕਰ ਸਕੇਗੀ? ਅਜਿਹੇ ਸਵਾਲ ਚਰਚਾ ਵਿੱਚ ਹਨ।

ਆਪ ਦੀ ਹਾਰ ਦਾ ਪੰਜਾਬ 'ਤੇ ਕੀ ਅਸਰ ਪਵੇਗਾ?

ਅਦਿਤੀ ਟੰਡਨ

ਦਿੱਲੀ ਵਿਧਾਨ ਸਭਾ ਚੋਣਾਂ 'ਚ ਪੰਜਾਬ ਤੋਂ 'ਆਪ' ਦੇ ਵਰਕਰਾਂ ਤੋਂ ਲੈ ਕੇ ਕੈਬਨਿਟ ਮੰਤਰੀਆਂ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਚੋਣ ਪ੍ਰਚਾਰ ਵਿੱਚ ਪੂਰੀ ਵਾਹ ਲਾਈ।

ਦਿੱਲੀ ਦੀਆਂ ਗਲੀਆਂ ਤੋਂ ਲੈ ਕੇ 'ਨੁੱਕੜ ਰੈਲੀਆਂ' ਵਿੱਚ ਪੰਜਾਬ ਦੇ ਲੀਡਰ ਦੇਖੇ ਗਏ।

ਅਰਵਿੰਦ ਕੇਜਰੀਵਾਲ ਦੀ ਹਾਰ ਦੇ ਪੰਜਾਬ 'ਤੇ ਅਸਰ ਬਾਰੇ 'ਦਿ ਟ੍ਰਿਬਿਊਨ' ਦੇ ਅਸੋਸੀਏਟ ਐਡੀਟਰ ਅਦਿਤੀ ਟੰਡਨ ਕਹਿੰਦੇ ਹਨ, "ਅਰਵਿੰਦ ਕੇਜਰੀਵਾਲ ਦੀ ਹਾਰ ਨੇ ਪੰਜਾਬ ਵਿੱਚ 'ਆਪ' ਦੀਆਂ ਚੁਣੌਤੀਆਂ ਵਧਾਈਆਂ ਹਨ, ਇਸ ਦਾ ਮੁੱਖ ਫਾਇਦਾ ਕਾਂਗਰਸ ਨੂੰ ਹੋਵੇਗਾ।"

ਉਹ ਕਹਿੰਦਾ ਹਨ, "ਕੇਜਰੀਵਾਲ ਦੀ ਅਜਿਹੀ ਛਵੀ ਸੀ ਕਿ ਉਨ੍ਹਾਂ ਨੂੰ ਹਰਾਇਆ ਨਹੀਂ ਜਾ ਸਕਦਾ, ਪਰ ਉਨ੍ਹਾਂ ਦੀ ਹਾਰ ਨਾਲ ਇਹ 'ਇਮੇਜ' ਟੁੱਟ ਗਈ ਹੈ।"

ਉਹ ਕਹਿੰਦੇ ਹਨ ਕਿ ਇਹ ਕਹਿਣਾ ਠੀਕ ਨਹੀਂ ਹੋਵੇਗਾ ਕਿ ਦਿੱਲੀ ਵਿੱਚਲੇ ਪੰਜਾਬੀ ਹਲਕਿਆਂ ਵਿੱਚ ਭਾਜਪਾ ਦੀ ਜਿੱਤ ਨਾਲ ਪੰਜਾਬ ਵਿੱਚ ਭਾਜਪਾ ਨੂੰ ਸਿੱਧਾ ਫਾਇਦਾ ਹੋਵੇਗਾ।

ਜਸਪਾਲ ਸਿੰਘ ਸਿੱਧੂ

ਬੀਬੀਸੀ ਪੱਤਰਕਾਰ ਨਵਜੋਤ ਕੌਰ ਨਾਲ ਗੱਲ ਕਰਦਿਆਂ ਸਿਆਸੀ ਵਿਸ਼ਲੇਸ਼ਕ ਮੁਹੰਮਦ ਖਾਲਿਦ ਨੇ ਕਿਹਾ ਕਿ ਆਪ ਦੇ ਵੱਡੇ ਆਗੂਆਂ ਦੀ ਦਿੱਲੀ ਵਿੱਚ ਹਾਰ ਦਿੱਲੀ ਦੀ ਲੀਡਰਸ਼ਿਪ ਦੀ ਪੰਜਾਬ ਦੀ ਸਿਆਸਤ ਵਿੱਚ ਦਖ਼ਲ-ਅੰਦਾਜ਼ੀ ਨੂੰ ਘਟਾਏਗੀ।

ਉਹ ਕਹਿੰਦੇ ਹਨ, "ਹੁਣ ਪੰਜਾਬ ਦੀ ਲੀਡਰਸ਼ਿਪ ਦਿੱਲੀ ਦੀ ਲੀਡਰਸ਼ਿਪ 'ਤੇ ਹਾਵੀ ਹੋਵੇਗੀ।"

ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਆਪਣੇ 'ਦਿੱਲੀ ਮਾਡਲ' ਦੇ ਪ੍ਰਚਾਰ ਜ਼ਰੀਏ ਹੀ 'ਆਪ' ਨੇ ਪੰਜਾਬ, ਗੁਜਰਾਤ ਅਤੇ ਗੋਆ 'ਚ ਪਛਾਣ ਬਣਾਈ ਅਤੇ ਵੋਟਾਂ ਹਾਸਲ ਕੀਤੀਆਂ

ਸੀਨੀਅਰ ਪੱਤਰਕਾਰ ਸ਼ਰਦ ਗੁਪਤਾ ਕਹਿੰਦੇ ਹਨ, "ਹੁਣ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ 'ਆਪ' ਉਸ ਸਥਿਤੀ ਵਿੱਚ ਨਹੀਂ ਹੋਵੇਗੀ, ਜਿਹੋ ਜਿਹੀ ਸਥਿਤੀ ਵਿੱਚ ਇਹ 2014, 2017 ਜਾਂ 2022 ਵਿੱਚ ਸੀ।"

ਪੰਜ ਦਹਾਕਿਆਂ ਤੋਂ ਪੱਤਰਕਾਰੀ ਕਰ ਰਹੇ ਪ੍ਰਮੋਦ ਜੋਸ਼ੀ ਕਹਿੰਦੇ ਹਨ, "ਆਪ ਇੱਕ ਦਿੱਲੀ ਕੇਂਦਰਤ ਪਾਰਟੀ ਸੀ ਇਸ ਦਾ ਪੰਜਾਬ ਵਿੱਚ ਇੰਨਾ ਡੂੰਘਾ ਅਧਾਰ ਨਹੀਂ ਹੈ ਜਿੰਨਾ ਦਿੱਲੀ ਵਿੱਚ ਹੈ।"

ਉਹ ਕਹਿੰਦੇ ਹਨ ਕਿ ਪਾਰਟੀ ਦਿੱਲੀ ਦੇ ਸਹਾਰੇ ਸੀ, ਇਸ ਨੂੰ 'ਇੰਡੀਆ ਅਲਾਇੰਸ' ਵਿਚਲੀਆਂ ਪਾਰਟੀਆਂ ਵੱਲੋਂ ਮਦਦ ਮਿਲ ਸਕਦੀ ਹੈ ਪਰ ਦਿੱਲੀ ਇਸ ਨੇ ਆਪਣੇ ਹੀ ਦਮ ਉੱਤੇ ਜਿੱਤਣੀ ਸੀ।

ਉਹ ਕਹਿੰਦੇ ਹਨ, "ਹੁਣ ਅਗਲੇ 2-3 ਸਾਲਾਂ ਵਿੱਚ ਦੇਖਣਾ ਹੋਵੇਗਾ ਕਿ ਉਹ ਇਸ ਨੂੰ ਬਚਾਅ ਸਕਣਗੇ ਜਾਂ ਨਹੀਂ।"

ਸ਼ਰਦ ਗੁਪਤਾ

ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਕਹਿੰਦੇ ਹਨ, "ਇਸ ਦਾ ਪੰਜਾਬ 'ਤੇ ਕਾਫੀ ਅਸਰ ਪਵੇਗਾ। ਭਾਜਪਾ 'ਆਪ' ਸਰਕਾਰ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਸਕਦੀ ਹੈ।"

ਉਹ ਕਹਿੰਦੇ ਹਨ ਕਿ ਇਸ ਹਾਰ ਮਗਰੋਂ ਵਰਕਰਾਂ ਵਿੱਚ ਉਤਸ਼ਾਹ ਵੀ ਘਟੇਗਾ ਤੇ ਪਾਰਟੀ ਅੱਗੇ ਕਿੰਨਾ ਚੱਲ ਸਕੇਗੀ ਇਹ ਵੀ ਦੇਖਣਾ ਹੋਵੇਗਾ।

'ਆਪ' ਦੀ ਹਾਰ ਦਾ ਕੀ ਕਾਰਨ ਰਿਹਾ?

ਆਮ ਆਦਮੀ ਪਾਰਟੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਚੋਣ ਨਤੀਜਿਆਂ ਵਾਲੇ ਦਿਨ ਆਪ ਦੇ ਦਫ਼ਤਰ ਦਾ ਦ੍ਰਿਸ਼

ਪ੍ਰਮੋਦ ਜੋਸ਼ੀ 'ਆਪ' ਦੀ ਹਾਰ ਦੇ ਤਿੰਨ ਮੁੱਖ ਕਾਰਨ ਮੰਨਦੇ ਹਨ।

ਉਹ ਕਹਿੰਦੇ ਹਨ, "ਆਪ ਦੀ ਹਾਰ ਵਿੱਚ ਪਿਛਲੇ ਦਹਾਕੇ ਦੌਰਾਨ ਦਿੱਲੀ ਸ਼ਹਿਰ ਦੇ ਲੋਕਾਂ ਵਿੱਚ ਪੈਦਾ ਹੋਈ ਐਂਟੀ ਇਨਕੰਬੈਂਸੀ (ਸੱਤਾ-ਵਿਰੋਧੀ ਭਾਵਨਾ) ਨੇ ਕੰਮ ਕੀਤਾ ਹੈ।"

ਉਹ ਕਹਿੰਦੇ ਹਨ, "ਸਮਾਜਿਕ ਕਲਿਆਣ ਦੀਆਂ ਯੋਜਨਾਵਾਂ ਜਾਂ ਮੁਫ਼ਤ ਸਵਿਧਾਵਾਂ ਕਾਰਨ ਸਰਕਾਰ ਦੇ ਆਰਥਿਕ ਸਰੋਤ ਉਸ ਵਿੱਚ ਲੱਗ ਗਏ ਅਤੇ ਦਿੱਲੀ ਦਾ ਬੁਨਿਆਦੀ ਢਾਂਚਾ ਉੱਥੇ ਦਾ ਉੱਥੇ ਹੀ ਰਹਿ ਗਿਆ।"

'ਆਪ' ਨੇ ਚੋਣਾਂ ਤੋਂ ਪਹਿਲਾਂ ਔਰਤਾਂ ਨੂੰ 2100 ਰੁਪਏ ਮਹੀਨਾ ਜਦਕਿ ਭਾਰਤੀ ਜਨਤਾ ਪਾਰਟੀ ਨੇ 2500 ਰੁਪਏ ਪ੍ਰਤੀ ਮਹੀਨਾ ਦੇਣ ਸਣੇ ਕਈ ਸੁਵਿਧਾਵਾਂ ਦੇਣ ਦਾ ਵਾਅਦਾ ਕੀਤਾ ਸੀ।

ਪ੍ਰਮੋਦ ਜੋਸ਼ੀ ਦੱਸਦੇ ਹਨ ਕਿ ਇਸ ਦੇ ਨਾਲ ਹੀ 'ਆਪ' ਦਿਲੀ ਨਗਰ ਨਿਗਮ ਚੋਣਾਂ ਵਿੱਚ ਵੀ ਜਿੱਤੀ ਪਰ ਇਸ ਦੀ ਆਰਥਿਕ ਹਾਲਤ ਮੰਦੀ ਰਹੀ।

ਉਹ ਦੱਸਦੇ ਹਨ ਕਾਂਗਰਸ ਨੇ ਵੀ ਆਪਣੇ ਪ੍ਰਚਾਰ ਦਾ ਨਿਸ਼ਾਨਾ ਆਪ ਨੂੰ ਬਣਾਇਆ ਜਿਸ ਦਾ ਅਸਰ ਨਤੀਜਿਆਂ ਵਿੱਚ ਦੇਖਣ ਨੂੰ ਮਿਲਿਆ।

ਕਥਿਤ ਸ਼ਰਾਬ ਘੁਟਾਲੇ ਨੇ ਕਿੰਨਾ ਅਸਰ ਪਾਇਆ?

ਕੇਜਰੀਵਾਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੇਜਰੀਵਾਲ ਨੇ ਸਤੰਬਰ ਵਿੱਚ ਜੇਲ੍ਹ ਵਿੱਚੋਂ ਬਾਹਰ ਆਉਣ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਐਲਾਨ ਕਰ ਦਿੱਤਾ ਸੀ

ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਕਥਿਤ ਸ਼ਰਾਬ ਨੀਤੀ ਵਿੱਚ ਧਾਂਦਲੀ ਦੇ ਮਾਮਲੇ ਵਿੱਚ ਜੇਲ੍ਹ ਜਾ ਚੁੱਕੇ ਹਨ।

'ਆਮ ਆਦਮੀ ਪਾਰਟੀ' ਇਸ ਨੂੰ 'ਸਿਆਸਤ' ਦੱਸਣ ਦੇ ਨਾਲ-ਨਾਲ ਆਪਣੇ 'ਤੇ ਲੱਗਦੇ ਇਲਜ਼ਾਮਾਂ ਨੂੰ ਨਕਾਰਦੀ ਆਈ ਹੈ।

ਕੇਜਰੀਵਾਲ ਨੇ ਸਤੰਬਰ ਵਿੱਚ ਜੇਲ੍ਹ ਵਿੱਚੋਂ ਬਾਹਰ ਆਉਣ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਐਲਾਨ ਕਰ ਦਿੱਤਾ ਸੀ।

ਪਾਰਟੀ ਲਈ ਸਕਾਰਾਤਮਕ ਮੰਨੇ ਜਾ ਰਹੇ 'ਇਮੋਸ਼ਨਲ ਫੈਕਟਰ' ਦੇ ਨਾ ਕੰਮ ਕਰਨ ਬਾਰੇ ਪ੍ਰਮੋਦ ਦੱਸਦੇ ਹਨ, "ਸ਼ੁਰੂਆਤੀ ਪੜਾਵਾਂ ਵਿੱਚ ਇਮੋਸ਼ਨਲ ਫੈਕਟਰ ਪਾਰਟੀ ਲਈ ਕੰਮ ਕਰਦੇ ਸਨ, ਪਰ ਦੋ ਸਾਲਾਂ ਤੋਂ ਇਹ ਕੰਮ ਨਹੀਂ ਕਰ ਸਕੇ।"

ਉਹ ਦੱਸਦੇ ਹਨ, "ਲੋਕਾਂ ਦੇ ਦਿਲ ਵਿੱਚ ਵੀ ਇਹ ਗੱਲ ਆਈ ਕਿ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਖੜ੍ਹੀ ਹੋਈ ਪਾਰਟੀ ਅਜਿਹੇ ਮਾਮਲੇ ਵਿੱਚ ਫਸ ਰਹੀ ਹੈ।"

ਲੈਫਟੀਨੈਂਟ ਗਵਰਨਰ ਅਤੇ ਸਰਕਾਰ ਵਿੱਚ ਖਿੱਚੋਤਾਣ

ਆਪ ਦੇ ਕਾਰਜਕਾਲ ਦੌਰਾਨ ਲੈਫਟੀਨੈਂਟ ਗਵਰਨਰ ਅਤੇ ਦਿੱਲੀ ਸਰਕਾਰ ਵਿਚਲੀ ਖਿੱਚੋਤਾਣ ਵੀ ਚਰਚਾ ਵਿੱਚ ਰਹੀ।

ਆਪ ਵੱਲੋਂ ਇਲਜ਼ਾਮ ਲਗਾਏ ਜਾਂਦੇ ਰਹੇ ਕਿ 'ਐੱਲਜੀ' ਵੱਲੋਂ ਉਨ੍ਹਾਂ ਨੂੰ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ, ਭਾਜਪਾ ਇਨ੍ਹਾਂ ਇਲਜ਼ਾਮਾਂ ਨੂੰ ਰੱਦ ਕਰਦੀ ਆਈ ਹੈ।

ਸਿਆਸੀ ਵਿਸ਼ਲੇਸ਼ਕਾਂ ਨੇ ਕਿਹਾ ਕਿ 'ਆਪ' ਇਸ ਮਾਮਲੇ ਨੂੰ ਲੈ ਕੇ 'ਕੰਫਰਨਟੇਸ਼ਨ ਮੋਡ' ਵਿੱਚ ਰਹੀ, ਜਿਸ ਦਾ ਇਨ੍ਹਾਂ ਨੂੰ ਨੁਕਸਾਨ ਹੋਇਆ।

'ਮਿਡਲ ਕਲਾਸ ਤਬਕੇ ਤੇ ਅਤਿ ਗਰੀਬ ਲੋਕਾਂ ਨੇ ਸਾਥ ਨਹੀਂ ਦਿੱਤਾ'

ਆਪ ਦੇ ਆਗੂ ਸੌਰਭ ਭਾਰਦਵਾਜ ਤੇ ਆਤਿਸ਼ੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਆਪ ਦੇ ਆਗੂ ਸੌਰਭ ਭਾਰਦਵਾਜ ਤੇ ਆਤਿਸ਼ੀ

ਸੀਨੀਅਰ ਪੱਤਰਕਾਰ ਰਾਮੇਸ਼ਵਰ ਦਿਆਲ ਕਹਿੰਦੇ ਹਨ ਕਿ ਆਪ ਨੂੰ ਮਿਡਲ ਕਲਾਸ ਅਤੇ ਅਤਿ-ਗਰੀਬ ਤਬਕੇ ਦੇ ਲੋਕਾਂ ਦਾ ਸਾਥ ਨਹੀਂ ਮਿਲਿਆ।

ਉਹ ਦੱਸਦੇ ਹਨ, "ਅਤਿ-ਗਰੀਬ ਤਬਕੇ ਦੇ ਲੋਕਾਂ ਨੂੰ ਆਪ ਦਾ ਕੋਰ ਵੋਟਰ ਮੰਨਿਆ ਜਾਂਦਾ ਹੈ ਪਰ ਸਾਫ਼ ਪਾਣੀ ਦੀ ਸਪਲਾਈ ਨਾ ਮਿਲਣ, ਗੰਦਗੀ ਸਾਫ਼ ਨਾ ਹੋਣ ਜਿਹੇ ਮੁੱਦਿਆਂ ਕਾਰਨ ਭਾਜਪਾ ਨੂੰ ਜਿੱਤ ਮਿਲੀ।"

ਉਨ੍ਹਾਂ ਨੇ ਕਿਹਾ ਕਿ 'ਆਪ' ਨੇ ਇਹ ਸੋਚ ਲਿਆ ਸੀ ਕਿ ਉਹ 'ਫ੍ਰੀਬੀਜ਼' ਭਾਵ ਮੁਫ਼ਤ ਸੁਵਿਧਾਵਾਂ ਦੇ ਸਿਰ 'ਤੇ ਜਿੱਤ ਜਾਣਗੇ ਪਰ ਦਿੱਲੀ ਵਿੱਚ ਸੜਕਾਂ, ਪ੍ਰਦੂਸ਼ਣ, ਪਾਣੀ ਦੀ ਸਪਲਾਈ, ਟ੍ਰੈਫ਼ਿਕ ਜਿਹੇ ਮਾਮਲਿਆਂ ਨਾਲ ਨਜਿੱਠ ਨਹੀਂ ਸਕੀ।

'ਕੇਜਰੀਵਾਲ ਮਾਡਲ' ਬਾਰੇ ਉਹ ਕਹਿੰਦੇ ਹਨ ਪਾਰਟੀ ਵਿਚਾਰਧਾਰਾ ਦੇ ਜ਼ੋਰ 'ਤੇ ਅੱਗੇ ਤੁਰਦੀ ਹੈ ਪਰ ਪਾਰਟੀ ਆਪਣੀ ਕੋਈ ਵਿਚਾਰਧਾਰਾ ਲੋਕਾਂ ਤੱਕ ਨਹੀਂ ਲਿਜਾ ਸਕੀ।

ਉਨ੍ਹਾਂ ਨੇ ਕਿਹਾ ਕਿ ਬੀਤੇ ਸਾਲਾਂ ਵਿੱਚ ਕੇਜਰੀਵਾਲ ਦਿੱਲੀ ਦੇ ਵਿਕਾਸ ਦਾ ਕੋਈ ਵੱਡਾ ਕੰਮ ਨਹੀਂ ਕਰ ਸਕੀ।

ਉਹ ਦੱਸਦੇ ਹਨ, "ਪਾਰਟੀ ਦੇ ਵੀਆਈਪੀ ਕਲਚਰ ਖ਼ਤਮ ਕਰਨ ਦੇ ਦਾਅਵੇ ਉੱਤੇ ਖ਼ਰਾ ਨਾ ਉੱਤਰਨ ਕਰਕੇ ਨੌਜਵਾਨ ਵੋਟਰ ਅਤੇ ਗਰੀਬ ਤਬਕੇ ਦੇ ਵੋਟਰ ਪਾਰਟੀ ਨਾਲੋਂ ਨਰਾਜ਼ ਹਨ।"

ਸੀਨੀਅਰ ਪੱਤਰਕਾਰ ਸ਼ਰਦ ਗੁਪਤਾ ਵੀ ਇਹੋ ਮੰਨਦੇ ਹਨ ਕਿ ਆਪ ਜਿਨ੍ਹਾਂ ਸਿਧਾਂਤਾਂ ਨੂੰ ਲੈ ਕੇ ਚੱਲੀ ਸੀ ਉਹ ਖ਼ਤਮ ਹੋ ਗਏ ਤੇ ਇਹ ਵੀ ਹੋਰਾਂ ਪਾਰਟੀਆਂ ਵਾਂਗ ਬਣ ਗਈ।

ਉਹ ਕਹਿੰਦੇ ਹਨ ਕਿ ਹਾਰ ਤੋਂ ਬਾਅਦ ਅਰਵਿੰਦ ਕੇਜਰੀਵਾਲ ਫਿਰ ਸਾਲ 2011 ਵਿੱਚ ਪਹੁੰਚ ਗਏ ਹਨ।

ਉਨ੍ਹਾਂ ਨੂੰ ਲੋਕਾਂ ਦਾ ਭਰੋਸਾ ਜਿੱਤਣ ਲਈ ਬਹੁਤ ਕੁਝ ਬਦਲਣਾ ਪਵੇਗਾ।

'ਆਪ' ਦਾ ਪੰਜਾਬ ਵਾਇਆ ਦਿੱਲੀ ਦਾ ਸਫ਼ਰ

ਅਰਵਿੰਦ ਕੇਜਰੀਵਾਲ, ਭਗਵੰਤ ਮਾਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਰਵਿੰਦ ਕੇਜਰੀਵਾਲ ਨੇ 26 ਨਵੰਬਰ 2012 ਨੂੰ 'ਆਮ ਆਦਮੀ ਪਾਰਟੀ' ਦਾ ਗਠਨ ਕਰਨ ਦਾ ਐਲਾਨ ਕੀਤਾ ਸੀ

ਅਰਵਿੰਦ ਕੇਜਰੀਵਾਲ ਨੇ 26 ਨਵੰਬਰ 2012 ਨੂੰ 'ਆਮ ਆਦਮੀ ਪਾਰਟੀ' ਦਾ ਗਠਨ ਕਰਨ ਦਾ ਐਲਾਨ ਕੀਤਾ ਸੀ।

ਪਾਰਟੀ ਨੂੰ ਆਪਣਾ ਅਧਾਰ 2011 ਵਿੱਚ ਕਾਂਗਰਸ ਦੀ ਅਗਵਾਈ ਵਾਲੀ ਯੂਪੀਏ ਸਰਕਾਰ ਦੌਰਾਨ ਹੋਏ ਕਥਿਤ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਅੰਦੋਲਨ ਤੋਂ ਮਿਲਿਆ ਸੀ।

ਸਮਾਜਿਕ ਕਾਰਕੁੰਨ ਅੰਨਾ ਹਜ਼ਾਰੇ ਦੇ ਨਾਲ-ਨਾਲ ਅਰਵਿੰਦ ਕੇਜਰੀਵਾਲ ਇਸ ਅੰਦੋਲਨ ਦਾ ਮੁੱਖ ਚਿਹਰਾ ਸਨ।

ਸਾਲ 2013 ਵਿੱਚ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਵਿਧਾਨ ਸਭਾ ਚੋਣਾਂ ਵਿੱਚ ਉਤਰੀ ਅਤੇੇ ਪਹਿਲੀਆਂ ਚੋਣਾਂ ਵਿੱਚ 70 ਵਿੱਚੋਂ 28 ਸੀਟਾਂ ਜਿੱਤੀਆਂ।

ਇਸ ਨੇ ਕਾਂਗਰਸ ਪਾਰਟੀ ਨਾਲ ਗੱਠਜੋੜ ਕਰਕੇ ਸਰਕਾਰ ਬਣਾਈ ਸੀ ਪਰ ਇਹ ਗਠਜੋੜ ਜ਼ਿਆਦਾ ਦੇਰ ਨਹੀਂ ਚਲਿਆ।

ਭਾਜਪਾ ਨੂੰ ਇਨ੍ਹਾਂ ਚੋਣਾਂ ਵਿੱਚ 30 ਸੀਟਾਂ ਮਿਲੀਆਂ ਸਨ। ਇਸ ਤੋਂ ਬਾਅਦ ਹੋਈਆਂ ਦੋ ਚੋਣਾਂ ਵਿੱਚ ਭਾਜਪਾ ਦੀਆਂ ਸੀਟਾਂ 10 ਤੱਕ ਵੀ ਨਹੀਂ ਪਹੁੰਚੀਆਂ

ਇਸ ਮਗਰੋਂ 2015 ਅਤੇ 2020 ਵਿੱਚ ਆਮ ਆਦਮੀ ਪਾਰਟੀ ਨੇ ਆਪਣੇ ਦਮ 'ਤੇ ਦਿੱਲੀ ਵਿੱਚ ਸਰਕਾਰ ਬਣਾਈ।

ਭਾਜਪਾ ਨੂੰ 2015 ਵਿੱਚ 3 ਸੀਟਾਂ (ਵੋਟ ਫ਼ੀਸਦ 30 ਤੋਂ ਵੱਧ) ਮਿਲੀਆਂ।

ਆਪ ਨੂੰ ਸਾਲ 2020 ਵਿੱਚ 62 ਸੀਟਾਂ (ਵੋਟ ਫ਼ੀਸਦ 50 ਤੋਂ ਵੱਧ) ਮਿਲੀਆਂ ਜਦਕਿ ਭਾਜਪਾ ਨੂੰ 8 ਸੀਟਾਂ (ਵੋਟ ਫ਼ੀਸਦ 30)।

ਕਾਂਗਰਸ ਨੂੰ 2015 ਅਤੇ 2020 ਵਿੱਚ ਕੋਈ ਸੀਟ ਨਹੀਂ ਮਿਲੀ।

ਸਾਲ 2014, 2019 ਅਤੇ 2024 ਦੀਆਂ ਲੋਕਸਭਾ ਚੋਣਾਂ ਵਿੱਚ ਭਾਜਪਾ ਨੇ ਦਿੱਲੀ ਵਿੱਚ ਹੂੰਝਾ ਫੇਰ ਜਿੱਤ ਹਾਸਲ ਕੀਤੀ।

2014 ਦੀਆਂ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਪੰਜਾਬ ਵਿੱਚ 4 ਲੋਕ ਸਭਾ ਸੀਟਾਂ ਮਿਲੀਆਂ।

2017 ਦੀਆਂ ਚੋਣਾਂ ਵਿੱਚ ਪੰਜਾਬ ਵਿੱਚ ਮੁੱਖ ਵਿਰੋਧੀ ਧਿਰ ਬਣਨ ਤੋਂ ਬਾਅਦ ਇਸ ਨੇ ਸਾਲ 2022 ਵਿੱਚ 92 ਸੀਟਾਂ ਨਾਲ ਪੰਜਾਬ ਵਿੱਚ ਸਰਕਾਰ ਬਣਾਈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)