''ਕਦੇ ਪ੍ਰਧਾਨ ਮੰਤਰੀ ਤੱਕ ਸਿੱਖ ਆਗੂਆਂ ਕੋਲ ਜਾ ਕੇ ਸਹਿਯੋਗ ਮੰਗਦੇ ਸੀ, ਹੁਣ ਸਿੱਖ ਆਗੂ ਟਿਕਟਾਂ ਲਈ ਹਾੜੇ ਕੱਢਦੇ ਹਨ''

ਤਸਵੀਰ ਸਰੋਤ, Manjit Singh GK
- ਲੇਖਕ, ਸਰਬਜੀਤ ਸਿੰਘ ਧਾਲੀਵਾਲ
- ਰੋਲ, ਬੀਬੀਸੀ ਪੱਤਰਕਾਰ
ਦਿੱਲੀ ਵਿਧਾਨ ਸਭਾ ਦੀਆਂ ਆਮ ਚੋਣਾਂ ਦੇ ਲਈ ਸਿਆਸੀ ਮਾਹੌਲ ਇਸ ਸਮੇਂ ਪੂਰੀ ਤਰਾਂ ਭਖਿਆ ਹੋਇਆ ਹੈ।
ਕੌਮੀ ਰਾਜਧਾਨੀ ਦੇ 70 ਮੈਂਬਰੀ ਵਿਧਾਨ ਸਭਾ ਹਾਊਸ ਲਈ ਪੰਜ ਫਰਵਰੀ ਨੂੰ ਵੋਟਾਂ ਪੈਣੀਆਂ ਹਨ। ਵੋਟਾਂ ਦੇ ਨਤੀਜੇ ਅੱਠ ਫਰਵਰੀ ਨੂੰ ਆਉਣਗੇ।
ਦਿੱਲੀ ਦੀ ਸੱਤਾ ਉੱਤੇ ਕਾਬਜ਼ ਹੋਣ ਲਈ ਆਮ ਆਦਮੀ ਪਾਰਟੀ, ਭਾਰਤੀ ਜਨਤਾ ਪਾਰਟੀ, ਕਾਂਗਰਸ ਤੋਂ ਇਲਾਵਾ ਕਈ ਹੋਰ ਧਿਰਾਂ ਸਿਆਸੀ ਅਖਾੜੇ ਵਿੱਚ ਜ਼ੋਰ ਅਜ਼ਮਾਇਸ਼ ਕਰ ਰਹੀਆਂ ਹਨ।
ਦਿੱਲੀ ਨੂੰ ਭਾਰਤ ਦੀ ਦਿਲ ਕਿਹਾ ਜਾਂਦਾ ਹੈ, ਕਿਉਂ ਕਿ ਇੱਥੇ ਦੇਸ ਦੇ ਵੱਖ ਵੱਖ ਧਰਮਾਂ ਅਤੇ ਫ਼ਿਰਕਿਆਂ ਦੇ ਲੋਕ ਵਸੇ ਹੋਏ ਹਨ, ਜੋ ਮੁਲਕ ਦੇ ਬਹੁਸੱਭਿਅਕ ਖਾਸੇ ਦਾ ਝਲਕਾਰਾ ਪੇਸ਼ ਕਰਦੇ ਹਨ, ਪਰ ਇੱਥੋਂ ਦੀ ਪੰਜਾਬੀ ਵਸੋਂ ਦੀ ਸਿਆਸੀ, ਸਮਾਜਿਕ ਤੇ ਧਾਰਮਿਕ ਹਲਕਿਆਂ ਵਿੱਚ ਅਹਿਮ ਭੂਮਿਕਾ ਰਹੀ ਹੈ।
ਵੱਡੇ ਵੱਡੇ ਕਾਰੋਬਾਰਾਂ ਤੋਂ ਇਲਾਵਾ ਪੰਜਾਬੀ ਭਾਈਚਾਰਾ ਸਿਆਸੀ ਤੌਰ ਉੱਤੇ ਵੀ ਕਿਸੇ ਸਮੇਂ ਇੱਥੇ ਆਪਣਾ ਵੱਡਾ ਅਧਾਰ ਰੱਖਦਾ ਸੀ।
ਦਿੱਲੀ ਦੇ ਮੁੱਖ ਮੰਤਰੀ ਦੀ ਕੁਰਸੀ ਤੋਂ ਇਲਾਵਾ ਕੈਬਨਿਟ ਮੰਤਰੀਆਂ ਦੇ ਅਹੁਦਿਆਂ ਉੱਤੇ ਪੰਜਾਬੀ ਭਾਈਚਾਰੇ ਕਬਜ਼ਾ ਰਿਹਾ ਹੈ ਪਰ ਪਿਛਲੇ ਸਾਲਾਂ ਦੌਰਾਨ ਰਾਜਸੀ ਪਾਰਟੀਆਂ ਦੇ ਰੁਝਾਨਾਂ ਨੂੰ ਦੇਖਿਆ ਜਾਵੇ ਤਾਂ ਇਸ ਭਾਈਚਾਰੇ ਦੀ ਸਿਆਸੀ ਤੌਰ ਉੱਤੇ ਪਕੜ ਢਿੱਲੀ ਹੁੰਦੀ ਨਜ਼ਰ ਆ ਰਹੀ ਹੈ।
2015 ਤੋਂ ਬਾਅਦ ਕੋਈ ਵੀ ਪੰਜਾਬੀ ਜਾਂ ਸਿੱਖ ਕੈਬਨਿਟ ਮੰਤਰੀ ਦਾ ਅਹੁਦਾ ਵੀ ਹਾਸਲ ਨਹੀਂ ਕਰ ਸਕਿਆ।

ਦਿੱਲੀ ਦੀ ਸਿਆਸਤ ਉੱਤੇ ਪੰਜਾਬੀਆਂ ਦੀ ਚੜ੍ਹਾਈ
ਭਾਵੇਂ ਦੇਸ਼ ਦੇ ਵੱਖ – ਵੱਖ ਕੋਨਿਆਂ ਨਾਲ ਸਬੰਧਿਤ ਲੋਕ ਦਿੱਲੀ ਵਿੱਚ ਆ ਕੇ ਵਸੇ ਹੋਏ ਹਨ ਪਰ ਇਸ ਮਹਾਂਨਗਰ ਦੀ ਸਿਆਸਤ ਉੱਤੇ ਪੰਜਾਬੀਆਂ ਦਾ ਕਾਫੀ ਬੋਲਬਾਲ਼ਾ ਰਿਹਾ ਹੈ।
ਪਾਰਟੀਆਂ ਭਾਵੇਂ ਕੋਈ ਵੀ ਹੋਣ ਹਰ ਪਾਸਿਓਂ ਪੰਜਾਬੀ ਚਿਹਰੇ ਅਗਵਾਈ ਕਰਦੇ ਦਿਖ਼ਦੇ ਸਨ।
ਦਿੱਲੀ ਦਾ ਸਿਆਸੀ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਪੰਜਾਬੀ ਭਾਈਚਾਰੇ ਦੇ ਪੰਜ ਆਗੂ ਗੁਰਮੁਖ ਨਿਹਾਲ ਸਿੰਘ, ਮਦਨ ਲਾਲ ਖੁਰਾਨਾ, ਸਾਹਿਬ ਸਿੰਘ ਵਰਮਾ, ਸ਼ੀਲਾ ਦੀਕਸ਼ਤ ਅਤੇ ਸੁਸ਼ਮਾ ਸਵਰਾਜ ਦਿੱਲੀ ਦੇ ਮੁੱਖ ਮੰਤਰੀ ਰਹੇ ਚੁੱਕੇ ਹਨ।
ਭਾਜਪਾ ਨਾਲ ਸਬੰਧਿਤ ਤਿੰਨ ਪੰਜਾਬੀ ਪਿਛੋਕੜ ਵਾਲੇ ਮੁੱਖ ਮੰਤਰੀ (ਮਦਨ ਲਾਲਾ ਖੁਰਾਨਾ, ਸਾਹਿਬ ਵਰਮਾ ਅਤੇ ਸੁਸ਼ਮਾ ਸਵਰਾਜ) ਹੋਏ ਹਨ, ਜਦਕਿ ਕਾਂਗਰਸ ਤੋਂ ਦੋ (ਸ਼ੀਲਾ ਦੀਕਸ਼ਤ ਅਤੇ ਗੁਰਮੁਖ ਨਿਹਾਲ ਸਿੰਘ) ਮੁੱਖ ਮੰਤਰੀ ਹੋਏ ਹਨ।
ਇਸ ਤੋਂ ਇਲਾਵਾ ਐਚ ਕੇ ਐਲ ਭਗਤ, ਜਗਪ੍ਰਵੇਸ਼ ਚੰਦਰ, ਵਿਜੇ ਕੁਮਾਰ ਮਲਤਰੋਹਾ, ਕੇਦਾਰ ਨਾਥ ਸਾਹਨੀ, ਵਰਗੇ ਕਈ ਕੱਦਵਾਰ ਆਗੂ ਪੰਜਾਬੀ ਭਾਈਚਾਰੇ ਨਾਲ ਸਬੰਧਿਤ ਸਨ।
ਦਿੱਲੀ ਵਿਧਾਨ ਸਭਾ ਦੇ ਅੰਕੜੇ ਦੱਸਦੇ ਹਨ ਕਿ 1993 ਵਿੱਚ ਪੰਜਾਬੀ ਭਾਈਚਾਰੇ ਤੋਂ 15 ਵਿਧਾਇਕ ਜਿੱਤ ਕੇ ਦਿੱਲੀ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹੇ ਸਨ, ਜਿਨ੍ਹਾਂ ਵਿੱਚ ਐਚ ਐਸ ਬੱਲੀ, ਅਜੇ ਮਾਕਨ, ਜਗਦੀਸ਼ ਮੁਖੀ, ਡਾਕਟਰ ਏ ਕੇ ਵਾਲੀਆ, ਮਹਿੰਦਰ ਸਿੰਘ ਸਾਥੀ ਅਤੇ ਰਾਮ ਭੱਜ ਦਾ ਨਾਮ ਪ੍ਰਮੁੱਖ ਸੀ।

ਤਸਵੀਰ ਸਰੋਤ, Manjinder Singh Sirsa/BJP
ਇਸ ਤੋਂ ਬਾਅਦ 1998 ਦੀਆਂ ਚੋਣਾਂ ਵਿੱਚ ਪੰਜਾਬੀ ਭਾਈਚਾਰੇ ਦੇ ਵਿਧਾਇਕਾਂ ਦੀ ਗਿਣਤੀ 20 ਹੋ ਗਈ, ਜਿਸ ਵਿੱਚ ਸੁਭਾਸ਼ ਚੋਪੜਾ, ਅੰਜਲੀ ਰਾਏ (ਅਜੇ ਮਾਕਨ ਦੀ ਭੂਆ), ਅਰਵਿੰਦਰ ਲਵਲੀ, ਕਿਰਨ ਵਾਲੀਆ, ਰਮਾਕਾਂਤ ਗੋਸਵਾਮੀ ਪ੍ਰਮੁੱਖ ਆਗੂ ਸਨ।
2003 ਦੀਆਂ ਵਿਧਾਨ ਸਭਾ ਚੋਣਾਂ ਵਿੱਚ 17 ਪੰਜਾਬੀ ਪਿਛੋਕੜ ਵਾਲੇ ਆਗੂਆਂ ਵਿਧਾਇਕ ਬਣੇ ਸਨ।
2008 ਦੀਆਂ ਚੋਣਾਂ ਵਿੱਚ 13 ਪੰਜਾਬੀਆਂ ਨੂੰ ਜਿੱਤ ਮਿਲੀ ਸੀ ਪਰ ਇਸ ਤੋਂ ਬਾਅਦ ਪੰਜਾਬੀ ਵਿਧਾਇਕਾਂ ਦੀ ਗਿਣਤੀ ਵਿੱਚ ਕਮੀਂ ਆਉਣੀ ਸ਼ੁਰੂ ਹੋ ਗਈ। ਦਿੱਲੀ ਦੀ ਰਾਜਨੀਤੀ ਵਿੱਚ ਵੱਡਾ ਉਲਟ ਫੇਰ 2013 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਰਵਿੰਦ ਕੇਜਰੀਵਾਲ ਦੀ ਸਿਆਸਤ ਵਿੱਚ ਹੋਈ ਐਂਟਰੀ ਤੋਂ ਬਾਅਦ ਹੋਇਆ।
ਇਸ ਵਾਰ ਵੀ ਆਮ ਆਦਮੀ ਪਾਰਟੀ, ਕਾਂਗਰਸ ਅਤੇ ਭਾਜਪਾ ਨਾਲ ਸਬੰਧਿਤ ਪੰਜਾਬੀ ਪਿਛੋਕੜ ਵਾਲੇ 13 ਉਮੀਦਵਾਰਾਂ ਨੂੰ ਜਿੱਤ ਮਿਲੀ। ਪਰ ਇਸ ਤੋਂ ਬਾਅਦ ਪੰਜਾਬੀ ਵਿਧਾਇਕਾਂ ਦੀ ਗਿਣਤੀ ਵਿੱਚ ਲਗਾਤਾਰ ਗਿਰਾਵਟ ਆਉਂਦੀ ਗਈ। 2015 ਵਿੱਚ ਪੰਜਾਬੀ ਭਾਈਚਾਰੇ ਤੋਂ 9 ਵਿਧਾਇਕ ਹੀ ਜਿੱਤ ਸਕੇ।
ਜੇਕਰ 2020 ਦੀਆਂ ਦਿੱਲੀ ਵਿਧਾਨ ਸਭਾ ਚੋਣਾਂ ਦੀ ਗੱਲ ਕਰੀਏ ਤਾਂ 70 ਮੈਂਬਰੀ ਦਿੱਲੀ ਵਿਧਾਨ ਸਭਾ ਵਿੱਚ ਸਿਰਫ਼ 6 ਪੰਜਾਬੀਆਂ ਨੇ ਜਿੱਤ ਹਾਸਲ ਕੀਤੀ ਸੀ ਜੋ ਕਿ ਆਮ ਆਦਮੀ ਪਾਰਟੀ ਨਾਲ ਸਬੰਧਿਤ ਸਨ।
ਇਹਨਾਂ ਵਿੱਚੋਂ ਪ੍ਰਲਾਦ ਸਿੰਘ ਸਾਹਨੀ (ਚਾਂਦਨੀ ਚੌਂਕ), ਰਾਜ ਕੁਮਾਰੀ ਢਿੱਲੋਂ (ਹਰੀ ਨਗਰ) ਜਰਨੈਲ ਸਿੰਘ (ਤਿਲਕ ਨਗਰ), ਰਾਜੇਸ਼ ਰਿਸ਼ੀ (ਜਨਕਪੁਰੀ), ਐਸ ਕੇ ਬੱਗਾ ਕ੍ਰਿਸ਼ਨਾ ਨਗਰ, ਰਜੇਂਦਰ ਨਗਰ ਤੋਂ ਰਾਘਵ ਚੱਢਾ (ਮੌਜੂਦ ਰਾਜ ਸਭਾ ਮੈਂਬਰ) ਨੂੰ ਜਿੱਤ ਹਾਸਲ ਹੋਈ ਸੀ।
ਦਿੱਲੀ ਦੇ ਸਿੱਖ ਭਾਈਚਾਰੇ ਦੀ ਸਿਆਸੀ ਪਹੁੰਚ

ਤਸਵੀਰ ਸਰੋਤ, Manjit Singh GK
ਦਿੱਲੀ ਵਿੱਚ ਸਿੱਖ ਭਾਈਚਾਰੇ ਦੀ ਵੀ ਭਰਵੀਂ ਵਸੋਂ ਹੈ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਤੋਂ ਇਲਾਵਾ ਦਿੱਲੀ ਦੀ ਰਾਜਨੀਤੀ ਵਿੱਚ ਕਈ ਆਗੂ ਸਮੇਂ ਸਮੇਂ ਉੱਤੇ ਸਰਗਰਮ ਰਹੇ ਹਨ। ਗੁਰਮੁਖ ਨਿਹਾਲ ਸਿੰਘ ਨੂੰ ਦਿੱਲੀ ਦਾ ਪਹਿਲਾ ਸਿੱਖ ਮੁੱਖ ਮੰਤਰੀ ਬਣਨ ਦਾ ਮਾਣ ਹਾਸਲ ਹੋਇਆ। ਉਹ 12 ਫਰਵਰੀ 1955 ਤੋਂ ਇੱਕ ਨਵੰਬਰ 1956 ਤੱਕ ਦਿੱਲੀ ਦੇ ਮੁੱਖ ਮੰਤਰੀ ਰਹੇ। ਸਿੱਖ ਭਾਈਚਾਰੇ ਦੀ ਵਸੋਂ ਦੇ ਮੱਦੇਨਜ਼ਰ ਦਿੱਲੀ ਵਿੱਚ ਕਈ ਸਿੱਖ ਕੈਬਨਿਟ ਮੰਤਰੀ ਦਾ ਦਰਜਾ ਵੀ ਹਾਸਲ ਕਰ ਚੁੱਕੇ ਹਨ।
1993 ਵਿੱਚ ਜਦੋਂ ਭਾਜਪਾ ਦੇ ਮੁੱਖ ਮੰਤਰੀ ਮਦਨ ਲਾਲ ਖੁਰਾਨਾ ਬਣੇ ਤਾਂ ਦਿੱਲੀ ਵਿੱਚ ਇੱਕੋ ਇੱਕ ਸਿੱਖ ਵਿਧਾਇਕ ਹਰਸ਼ਰਨ ਸਿੰਘ ਬੱਲੀ ਜਿੱਤੇ ਸਨ ਜਿਸ ਨੂੰ ਕੈਬਨਿਟ ਮੰਤਰੀ ਦਾ ਅਹੁਦਾ ਹਾਸਲ ਹੋਇਆ ਸੀ। ਕਾਂਗਰਸ ਦੀ ਸਰਕਾਰ ਸਮੇਂ ਮਹਿੰਦਰ ਸਿੰਘ ਸਾਥੀ ਅਤੇ ਅਰਵਿੰਦਰ ਲਵਲੀ ਨੂੰ ਕੈਬਨਿਟ ਵਿੱਚ ਮੰਤਰੀ ਦਾ ਅਹੁਦਾ ਮਿਲ ਚੁੱਕਾ ਹੈ।
ਇਸ ਵਾਰ ਦੀਆਂ ਚੋਣਾਂ ਦੀ ਜੇਕਰ ਗੱਲ ਕਰੀਏ ਤਾਂ ਕਾਂਗਰਸ ਨੇ ਤਿੰਨ ਸਿੱਖ ਉਮੀਦਵਾਰ ਗੁਰਚਰਨ ਸਿੰਘ ਰਾਜੂ (ਕ੍ਰਿਸ਼ਨਾ ਨਗਰ) ਹਰਬਾਣੀ ਕੌਰ (ਜਨਕਪੁਰੀ) ਅਤੇ ਪੀ ਐਸ ਬਾਵਾ ( ਤਿਲਕ ਨਗਰ) ਨੂੰ ਟਿਕਟ ਦਿੱਤੀ ਹੈ। ਇਸੇ ਤਰਾਂ ਆਮ ਆਦਮੀ ਪਾਰਟੀ ਨੇ ਜਤਿੰਦਰ ਸਿੰਘ ਸ਼ੈਟੀ (ਸ਼ਹਾਦਰਾ), ਜਰਨੈਲ ਸਿੰਘ (ਤਿਲਕ ਨਗਰ), ਪੀ ਐਸ ਸਾਹਨੀ ( ਚਾਂਦਨੀ ਚੌਂਕ), ਸੁਰਿੰਦਰ ਪਾਲ ਸਿੰਘ ਬਿੱਟੂ (ਤਿਮਾਰਪੁਰ ਸੀਟ) ਤੋਂ ਚਾਰ ਸਿੱਖਾਂ ਨੂੰ ਟਿਕਟ ਦਿੱਤੀ ਹੈ।
ਭਾਰਤੀ ਜਨਤਾ ਪਾਰਟੀ ਨੇ ਰਾਜੋਰੀ ਗਾਰਡਨ ਸੀਟ ਤੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ, ਅਰਵਿੰਦਰ ਸਿੰਘ ਲਵਲੀ (ਗਾਂਧੀ ਨਗਰ) ਤਰਵਿੰਦਰ ਸਿੰਘ ਮਰਵਾਹਾ (ਜੰਗਪੁਰਾ) ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ।

ਤਸਵੀਰ ਸਰੋਤ, Sandeep Dishit/Congress
ਦਿੱਲੀ ਦੇ ਪੰਜਾਬੀ ਕਿਉਂ ਹੋਏ ਸਿਆਸਤ ਤੋਂ ਬੇਅਸਰ
ਪਿਛਲੇ ਦੋ ਦਹਾਕਿਆਂ ਤੋਂ ਦਿੱਲੀ ਦੀ ਸਿਆਸਤ ਵਿੱਚ ਪੰਜਾਬੀ ਭਾਈਚਾਰੇ ਦੀ ਨੁੰਮਾਇੰਦਗੀ ਘਟਦੀ ਗਈ ਹੈ। ਸਿੱਖਾਂ ਦੀ ਨੁੰਮਾਇੰਦਗੀ ਕਰਨ ਵਾਲਾ ਸ਼੍ਰੋਮਣੀ ਅਕਾਲੀ ਦਲ 2020 ਦੀਆਂ ਵਿਧਾਨ ਸਭਾ ਚੋਣਾਂ ਅਤੇ ਮੌਜੂਦਾ ਚੋਣਾਂ ਤੋਂ ਬਾਹਰ ਹੈ। ਸਿਰਫ 2015 ਵਿੱਚ ਸ੍ਰੋਮਣੀ ਅਕਾਲੀ ਦਲ ਨੇ ਭਾਜਪਾ ਦੇ ਨਾਲ ਮਿਲ ਕੇ ਚੋਣ ਲੜੀ ਸੀ।
ਦਿੱਲੀ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਡਾਕਟਰ ਰਵੇਲ ਸਿੰਘ, ਦਿੱਲੀ ਦੇ ਕਰੀਬ ਚਾਲੀ ਸਾਲ ਦੇ ਵਸ਼ਿੰਦੇ ਹਨ। ਉਹ ਇੱਥੋਂ ਦੀ ਸਿਆਸਤ ਖਾਸਕਰ ਪੰਜਾਬੀ ਅਤੇ ਸਿੱਖ ਭਾਈਚਾਰੇ ਦੀ ਸਿਆਸਤ ਦੇ ਚੰਗੇ ਜਾਣਕਾਰ ਹਨ।
ਡਾਕਟਰ ਰਵੇਲ ਸਿੰਘ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ, ''ਇੱਕ ਸਮਾਂ ਅਜਿਹਾ ਸੀ, ਜਦੋਂ ਦਿੱਲੀ ਦੀਆਂ ਸਿਆਸੀ ਪਾਰਟੀਆਂ ਲਈ ਪੰਜਾਬੀ ਵਸੋਂ ਦੀ ਸਿਆਸੀ ਤੌਰ ਉੱਤੇ ਅਹਿਮੀਅਤ ਬਹੁਤ ਜ਼ਿਆਦਾ ਹੁੰਦੀ ਸੀ।''
ਡਾਕਟਰ ਰਵੇਲ ਸਿੰਘ ਮੁਤਾਬਕ ਸ਼ੀਲਾ ਦੀਕਸ਼ਤ 15 ਸਾਲ ਤੱਕ ਦਿੱਲੀ ਦੇ ਮੁੱਖ ਮੰਤਰੀ ਰਹੇ ਹਨ ਅਤੇ ਉਨ੍ਹਾਂ ਦੀ ਕੈਬਨਿਟ ਵਿੱਚ ਇੱਕ ਸਮਾਂ ਅਜਿਹਾ ਸੀ ਜਿਸ ਵਿੱਚ ਤਿੰਨ ਮੰਤਰੀ ਪੰਜਾਬੀ ਭਾਈਚਾਰੇ ਨਾਲ ਸਬੰਧਤ ਸਨ।
ਪਰ ਪਿਛਲੇ 15 ਸਾਲਾਂ ਦੌਰਾਨ ਦਿੱਲੀ ਦੀ ਰਾਜਨੀਤੀ ਵਿੱਚ ਬਦਲਾਅ ਆਇਆ ਹੈ, ਪੰਜਾਬੀ ਭਾਈਚਾਰੇ ਦੀ ਥਾਂ ਸਿਆਸੀ ਪਾਰਟੀਆਂ ਨੇ ਹਿੰਦੀ ਭਾਸ਼ੀ ਸੂਬਿਆਂ ਦੀ ਵਸੋਂ ਨੂੰ ਪਹਿਲ ਦੇਣੀ ਸ਼ੁਰੂ ਕਰ ਦਿੱਤੀ ਹੈ। ਡਾਕਟਰ ਰਵੇਲ ਸਿੰਘ ਮੁਤਾਬਕ ਹੁਣ ਦਿੱਲੀ ਦੀ ਸਿਆਸਤ ਵਿੱਚ ਜਿੱਤ ਹਾਰ ਦਾ ਫ਼ੈਸਲਾ ਯੂਪੀ-ਬਿਹਾਰ ਤੇ ਹੋਰ ਹਿੰਦੀ ਭਾਸ਼ੀ ਸੂਬਿਆਂ ਤੋਂ ਆ ਕੇ ਵਸੇ ਲੋਕਾਂ ਦੇ ਹੱਥ ਵਿੱਚ ਹੈ।

ਤਸਵੀਰ ਸਰੋਤ, Manjit Singh GK
ਡਾਕਟਰ ਰਵੇਲ ਸਿੰਘ ਨੇ ਦੱਸਿਆ ਕਿ ਦਿੱਲੀ ਵਿੱਚ ਪੰਜਾਬੀਆਂ ਦੀ ਰਾਜਨੀਤਿਕ ਅਹਿਮੀਅਤ ਘੱਟਣ ਦਾ ਇਕ ਕਾਰਨ ਪੰਜਾਬ ਦਾ ਖੜਾਕੂਵਾਦ ਦਾ ਦੌਰ ਵੀ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਖਾੜਕੂਵਾਦ ਦਾ ਸੇਕ ਬੇਸ਼ੱਕ ਪੰਜਾਬ ਦੇ ਹਿੰਦੂਆਂ ਅਤੇ ਸਿੱਖਾਂ ਵਿੱਚ ਵੰਡ ਨਹੀਂ ਪਾ ਸਕਿਆ, ਪਰ ਇਸ ਨੇ ਦਿੱਲੀ ਵਿੱਚ ਇਹ ਕੰਮ ਜ਼ਰੂਰ ਕਰ ਦਿੱਤਾ। ਹਿੰਦੂਆਂ ਦਾ ਭਾਜਪਾ ਵੱਲ ਝੁਕਾਅ ਦਾ ਇੱਕ ਵੱਡਾ ਕਾਰਨ ਇਹ ਵੀ ਰਿਹਾ ਹੈ। ਇਸ ਦਾ ਅਸਰ ਇਹ ਹੋਇਆ ਕਿ ਦਿੱਲੀ ਦੇ ਪੰਜਾਬੀਆਂ ਦੀ ਵੰਡ (ਹਿੰਦੂ ਅਤੇ ਸਿੱਖਾਂ) ਹੋ ਗਈ ਅਤੇ ਰਾਜਸੀ ਤੌਰ ਉੱਤੇ ਇਹ ਕਮਜ਼ੋਰ ਹੁੰਦੇ ਗਏ। ਉਨ੍ਹਾਂ ਆਖਿਆ ਕਿ ਮੌਜੂਦਾ ਸਮੇਂ ਵਿੱਚ ਸਿਰਫ਼ ਦਿੱਲੀ ਭਾਜਪਾ ਇਕਾਈ ਦਾ ਪ੍ਰਧਾਨ ਵਰਿੰਦਰ ਸਚਦੇਵਾ ਪੰਜਾਬੀ ਭਾਈਚਾਰੇ ਨਾਲ ਸਬੰਧਿਤ ਹਨ।
ਉਹਨਾਂ ਆਖਿਆ ਕਿ ਕੇਜਰੀਵਾਲ ਦੇ ਸਰਕਾਰ ਵਿੱਚ ਹੁਣ ਤੱਕ ਕਿਸੇ ਵੀ ਸਿੱਖ ਚਿਹਰੇ ਨੂੰ ਕੈਬਨਿਟ ਵਿੱਚ ਅਜੇ ਤੱਕ ਥਾਂ ਨਹੀਂ ਮਿਲੀ, ਇਸ ਨੂੰ ਲੈ ਕਈ ਵਾਰ ਰੌਲਾ ਵੀ ਪਿਆ ਪਰ ਬਾਵਜੂਦ ਇਸ ਦੇ ਕੁਝ ਵੀ ਨਹੀਂ ਹੋਇਆ।
ਓਮੇਂਦਰ ਦੱਤ ਕਿਸੇਂ ਸਮੇਂ ਆਰਐੱਸਐੱਸ ਦੇ ਪ੍ਰਚਾਰਕ ਰਹੇ ਹਨ ਅਤੇ ਦਿੱਲੀ ਵਿੱਚ ਭਾਜਪਾ ਦੀ ਸਿਆਸਤ ਨੇੜਿਓ ਦੇਖਦੇ ਰਹੇ ਹਨ।
ਓਮੇਂਦਰ ਦੱਤ ਕਹਿੰਦੇ ਹਨ ਕਿ ਮਦਨ ਲਾਲਾ ਖੁਰਾਨਾ, ਵੀ ਕੇ ਮਲਹੋਤਰਾ, ਕੇਦਾਰਨਾਥ ਸਾਹਨੀ ਦਿੱਲੀ ਵਿੱਚ ਭਾਜਪਾ ਦੇ ਸਿਰ ਕੱਢ ਆਗੂ ਸਨ। ਪਰ ਸਮੇਂ ਦੇ ਨਾਲ ਨਾਲ ਪੰਜਾਬੀਆਂ ਦੀ ਥਾਂ ਦਿੱਲੀ ਵਿੱਚ ਦੂਜੇ ਰਾਜਾਂ ਦੀ ਜਨ ਸੰਖਿਆ ਵਿੱਚ ਇਸ ਕਦਰ ਇਜ਼ਾਫਾ ਹੁੰਦਾ ਗਿਆ ਕਿ ਸਿਆਸੀ ਪਾਰਟੀਆਂ ਦਾ ਝੁਕਾਅ ਪੰਜਾਬੀਆਂ ਦੀ ਥਾਂ ਬਿਹਾਰ ਅਤੇ ਯੂ ਪੀ ਅਤੇ ਪੁਰਣਾਂਚਲ ਦੇ ਵੋਟਰਾਂ ਵੱਲ ਹੋ ਗਿਆ ਹੈ ਜੋ ਕਿ ਹੁਣ ਦਿੱਲੀ ਦੇ ਸਿਆਸੀ ਭਵਿੱਖ ਦਾ ਫੈਸਲਾ ਕਰਦੇ ਹਨ।
ਦਿੱਲੀ ਦੀ ਸਿਆਸਤ ਦੇ ਸਿੱਖ ਆਗੂ

ਤਸਵੀਰ ਸਰੋਤ, DGMC
ਦਿੱਲੀ ਦੇ ਕਾਰੋਬਾਰੀ ਗੁਰਲਾਡ ਸਿੰਘ ਕਾਹਲੋਂ ਦਾ ਕਹਿਣਾ ਹੈ ਕਿ ਸਿੱਖ ਅਤੇ ਪੰਜਾਬੀ ਵੋਟਰ ਵੱਖ ਵੱਖ ਪਾਰਟੀਆਂ ਵਿੱਚ ਵੰਡੇ ਗਏ ਹਨ, ਜਿਸ ਕਾਰਨ ਹੁਣ ਸਿਆਸੀ ਤੌਰ ਉੱਤੇ ਅਹਿਮੀਅਤ ਘੱਟ ਰਹੇ ਗਈ ਹੈ।
ਸਿੱਖ ਵੋਟਰਾਂ ਦੀ ਗੱਲ ਕਰਦਿਆਂ ਆਖਿਆ ਕਿ ਸਿਆਸਤ ਦੇ ਨਾਲੋਂ ਦਿੱਲੀ ਦੇ ਸਿੱਖ ਕਾਰੋਬਾਰ ਨੂੰ ਜ਼ਿਆਦਾ ਅਹਿਮੀਅਤ ਦਿੰਦੇ ਹਨ ਅਤੇ ਜੋ ਰਾਜਸੀ ਖੇਤਰ ਵਿੱਚ ਸਰਗਰਮ ਹਨ, ਉਹ ਵੀ ਇਕੱਠੇ ਹੋਣ ਦੀ ਬਜਾਇ ਵੱਖ ਵੱਖ ਪਾਰਟੀਆਂ ਨਾਲ ਜੁੜੇ ਹੋਣ ਕਾਰਨ ਵੰਡੇ ਗਏ ਹਨ।
ਦਿੱਲੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਦਿੱਲੀ ਵਿੱਚ ਮਜ਼ਬੂਤ ਸਿੱਖ ਲੀਡਰਸ਼ਿਪ ਦੀ ਕਮੀ ਹੋ ਗਈ ਹੈ। ਉਨ੍ਹਾਂ ਆਖਿਆ ਕਿ ਇੱਕ ਸਮਾਂ ਸੀ ਜਦੋਂ ਦੇਸ ਦੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਪੰਜਾਬੀ ਅਤੇ ਸਿੱਖ ਭਾਈਚਾਰੇ ਦੀ ਅਹਿਮੀਅਤ ਦੇ ਮੱਦੇਨਜ਼ਰ ਉਨ੍ਹਾਂ ਨੂੰ ਟਿਕਟਾਂ ਦਿੰਦੇ ਸਨ, ਪਰ ਹੁਣ ਇਹ ਰੁਝਾਨ ਖ਼ਤਮ ਹੋ ਗਿਆ ਹੈ।

ਤਸਵੀਰ ਸਰੋਤ, FB/Manjit Singh GK
ਮਨਜੀਤ ਸਿੰਘ ਜੀਕੇ ਦਿੱਲੀ ਦੇ ਮਰਹੂਮ ਸਿੱਖ ਆਗੂ ਜਥੇਦਾਰ ਸੰਤੋਖ਼ ਸਿੰਘ ਦੇ ਪੁੱਤਰ ਹਨ, ਜਿਨ੍ਹਾਂ ਦਾ ਖੇਤਰੀ ਤੇ ਕੌਮੀ ਸਿਆਸਤ ਵਿੱਚ ਦਖ਼ਲ ਰਿਹਾ ਹੈ।
ਮਨਜੀਤ ਸਿੰਘ ਜੀ ਕੇ ਨੇ ਦੱਸਿਆ, ''ਇੱਕ ਸਮਾਂ ਸੀ ਜਦੋਂ ਮੁਲਕ ਦਾ ਪ੍ਰਧਾਨ ਮੰਤਰੀ ਦਿੱਲੀ ਦੀ ਸਿੱਖ ਲੀਡਰਸ਼ਿਪ ਨੂੰ ਬੁਲਾ ਕੇ ਸਿੱਖਾਂ ਨਾਲ ਜੁੜੇ ਮੁੱਦਿਆਂ ਉੱਤੇ ਗੱਲਬਾਤ ਕਰਦੇ ਸਨ, ਪਰ ਅੱਜ ਉਹ ਦੌਰ ਨਹੀਂ ਰਿਹਾ। ਉਹਨਾਂ ਆਖਿਆ ਕਿ ਜਥੇਦਾਰ ਸੰਤੋਖ ਸਿੰਘ ਨੇ ਦਿੱਲੀ ਦੇ ਦਸ ਇਤਿਹਾਸਕ ਗੁਰਦੁਆਰਿਆ ਦੀ ਜ਼ਮੀਨ ਸਰਕਾਰ ਤੋਂ ਲੈ ਕੇ ਦਿੱਲੀ ਕਮੇਟੀ ਦੇ ਹਵਾਲੇ ਕੀਤੀਆਂ। ਇਸ ਤੋਂ ਇਲਾਵਾ ਸਿੱਖ ਵਿਦਿਅਕ ਆਦਰਿਆਂ ਦੀ ਸਥਾਪਨਾ ਵੀ ਉਸ ਸਮੇਂ ਹੋਈ ਸੀ।''
ਉਹਨਾਂ ਆਖਿਆ ਕਿ ਜੋ ਰਾਜਸੀ ਪਾਰਟੀਆਂ ਸਿੱਖਾਂ ਨੂੰ ਘਰ ਬੁਲਾ ਕੇ ਟਿਕਟਾਂ ਦਿੰਦਿਆਂ ਸਨ, ਉਹ ਹੁਣ ਉਲਟਾ ਆਗੂਆਂ ਦੇ ਗੇੜੇ ਪਾਰਟੀ ਦਫਤਰਾਂ ਵਿੱਚ ਲਗਵਾਉਂਦੀਆਂ ਹਨ।
ਮਨਜੀਤ ਸਿੰਘ ਜੀਕੇ ਕਹਿੰਦੇ ਹਨ,''ਫਰਕ ਇਹ ਹੈ ਕਿ ਪਹਿਲਾਂ ਪ੍ਰਧਾਨ ਮੰਤਰੀ ਤੱਕ ਸਿੱਖ ਆਗੂਆਂ ਦੇ ਘਰਾਂ ਜਾਂ ਦਫ਼ਤਰਾਂ ਵਿੱਚ ਆ ਕੇ ਸਹਿਯੋਗ ਮੰਗਦੇ ਸਨ, ਹੁਣ ਸਿੱਖ ਆਗੂ ਸਿਆਸੀ ਪਾਰਟੀਆਂ ਦੇ ਆਗੂਆਂ ਦੇ ਘਰਾਂ ਵਿੱਚ ਆਪ ਜਾ ਕੇ ਟਿਕਟਾਂ ਲਈ ਹਾੜੇ ਕੱਢਦੇ ਹਨ।''
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ








