ਦਿੱਲੀ ਵਿੱਚ ਮੁਹੱਲਾ ਕਲੀਨਿਕ ਤੋਂ ਲੋਕ ਕਿੰਨੇ ਖੁਸ਼ ਹਨ, ਕੀ ਆਮ ਆਦਮੀ ਪਾਰਟੀ ਨੂੰ ਚੋਣਾਂ ਵਿੱਚ ਇਨ੍ਹਾਂ ਦਾ ਲਾਹਾ ਮਿਲ ਸਕਦਾ ਹੈ

ਤਸਵੀਰ ਸਰੋਤ, Getty Images
- ਲੇਖਕ, ਅਭਿਨਵ ਗੋਇਲ
- ਰੋਲ, ਬੀਬੀਸੀ ਪੱਤਰਕਾਰ
ਉੱਤਰ ਪੱਛਮੀ ਦਿੱਲੀ ਦੇ ਮੰਗੋਲਪੁਰੀ 'ਚ ਬੱਸ ਸਟੈਂਡ ਦੇ ਨਜ਼ਦੀਕ ਬਣੇ ਮੁਹੱਲਾ ਕਲੀਨਿਕ ਦੇ ਅੰਦਰ ਅਤੇ ਬਾਹਰ ਦਰਜਨਾਂ ਮਰੀਜ਼ ਆਪੋ ਆਪਣੀ ਵਾਰੀ ਦੀ ਉਡੀਕ ਕਰ ਰਹੇ ਹਨ।
ਹਰ ਪੰਜ-ਦੱਸ ਮਿੰਟਾਂ 'ਚ ਮਰੀਜ਼ ਹੱਥਾਂ 'ਚ ਦਵਾਈਆਂ ਲੈ ਕੇ ਬਾਹਰ ਵੀ ਆ ਰਹੇ ਹਨ।
80 ਸਾਲਾ ਵਿਦਿਆ ਦੇਵੀ ਇੱਥੇ ਚਮੜੀ ਨਾਲ ਸਬੰਧਤ ਸਮੱਸਿਆਵਾਂ ਦੇ ਇਲਾਜ ਲਈ ਆਏ ਹਨ।
ਇੱਕ ਪਲਾਸਟਿਕ ਦੇ ਲਿਫਾਫੇ 'ਚ ਕੁਝ ਫਟੀਆਂ ਪਰਚੀਆਂ ਨੂੰ ਵੱਖ ਕਰਦੇ ਹੋਏ ਉਹ ਕਹਿੰਦੇ ਹਨ, " ਮੈਂ ਜ਼ਿਆਦਾ ਤੁਰ ਨਹੀਂ ਸਕਦੀ ਹਾਂ , ਇਸ ਲਈ ਮੇਰੇ ਲਈ ਹਸਪਤਾਲ ਜਾਣਾ ਮੁਸ਼ਕਲ ਹੁੰਦਾ ਹੈ। 10 ਰੁਪਏ 'ਚ ਰਿਕਸ਼ੇ 'ਤੇ ਮੁਹੱਲਾ ਕਲੀਨਿਕ ਆ ਜਾਂਦੀ ਹਾਂ।"
ਇੱਥੇ ਆਉਣ ਵਾਲੇ ਜ਼ਿਆਦਾਤਰ ਮਰੀਜ਼ ਮੰਗੋਲਪੁਰੀ ਦੇ ਸਥਾਨਕ ਨਿਵਾਸੀ ਹਨ। ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਮਰੀਜ਼ਾਂ ਦਾ ਕਹਿਣਾ ਹੈ ਕਿ ਬਿਮਾਰ ਹੋਣ ਦੀ ਸੂਰਤ 'ਚ ਉਹ ਸਭ ਤੋਂ ਪਹਿਲਾਂ ਮੁਹੱਲਾ ਕਲੀਨਿਕ ਦਾ ਹੀ ਰੁਖ਼ ਕਰਦੇ ਹਨ।

ਪੋਰਟਾ ਕੈਬਿਨ 'ਚ ਚੱਲ ਰਹੇ ਇਸ ਮੁਹੱਲਾ ਕਲੀਨਿਕ ਤੋਂ ਸਥਾਨਕ ਲੋਕ ਬਹੁਤ ਖੁਸ਼ ਨਜ਼ਰ ਆਉਂਦੇ ਹਨ। ਪਰ ਕੀ ਦਿੱਲੀ 'ਚ ਚੱਲ ਰਹੇ ਹੋਰ ਮੁਹੱਲਾ ਕਲੀਨਿਕਾਂ ਦੀ ਸਥਿਤੀ ਵੀ ਇਹੋ ਜਿਹੀ ਹੀ ਹੈ? ਕੀ ਉੱਥੇ ਵੀ ਦਵਾਈਆਂ ਸਮੇਂ ਸਿਰ ਮਿਲ ਰਹੀਆਂ ਹਨ?
ਕੀ ਮੁਹੱਲਾ ਕਲੀਨਿਕਾਂ ਵੱਲੋਂ ਮੁਹੱਈਆਂ ਕਰਵਾਈਆਂ ਜਾ ਰਹੀਆਂ ਸਿਹਤ ਸਹੂਲਤਾਂ ਨਾਲ ਦਿੱਲੀ ਦੇ ਲੋਕ ਆਮ ਆਦਮੀ ਪਾਰਟੀ ਦੇ ਨਜ਼ਦੀਕ ਆਏ ਹਨ?
ਮੁਹੱਲਾ ਕਲੀਨਿਕ ਦਾ ਹਾਲ?

ਇਨ੍ਹਾਂ ਸਾਰੇ ਸਵਾਲਾਂ ਦੀ ਜਾਂਚ-ਪੜਤਾਲ ਕਰਨ ਲਈ ਅਸੀਂ ਸਭ ਤੋਂ ਪਹਿਲਾਂ ਪੂਰਬੀ ਦਿੱਲੀ ਦੇ ਲਕਸ਼ਮੀ ਨਗਰ ਪਹੁੰਚੇ। ਇੱਥੇ ਕਈ ਸਾਲਾਂ ਤੋਂ ਸੀਪੀਏ ਇਮਾਰਤ ਦੇ ਗਰਾਊਂਡ ਫਲੋਰ 'ਤੇ ਇੱਕ ਮੁਹੱਲਾ ਕਲੀਨਿਕ ਚੱਲ ਰਿਹਾ ਹੈ।
ਸਵੇਰੇ 8 ਵਜੇ ਤੋਂ ਦੁਪਹਿਰ ਦੇ 2 ਵਜੇ ਤੱਕ ਚੱਲਣ ਵਾਲੇ ਇਸ ਮੁਹੱਲਾ ਕਲੀਨਿਕ 'ਚ ਦਵਾਈਆਂ, ਡਾਕਟਰ ਅਤੇ ਰਿਸੈਪਸ਼ਨ 'ਤੇ ਸਹਾਇਕ ਮੌਜੂਦ ਸਨ।
ਇੱਥੇ ਸਾਡੀ ਮੁਲਾਕਾਤ ਕੰਚਨ ਨਾਲ ਹੋਈ। ਉਹ ਲਕਸ਼ਮੀ ਨਗਰ ਵਿਧਾਨ ਸਭਾ ਹਲਕੇ ਦੀ ਵੋਟਰ ਹਨ ਅਤੇ ਘਰਾਂ 'ਚ ਸਾਫ਼-ਸਫ਼ਾਈ ਦਾ ਕੰਮ ਕਰਦੇ ਹਨ।
ਕੰਚਨ ਦਾ ਕਹਿਣਾ ਹੈ, " ਨਿੱਜੀ ਹਸਪਤਾਲ 'ਚ ਬਹੁਤ ਪੈਸੇ ਲੱਗ ਜਾਂਦੇ ਹਨ। ਇੱਥੇ ਮੁਫ਼ਤ 'ਚ ਦਵਾਈਆਂ ਮਿਲ ਜਾਂਦੀਆਂ ਹਨ। ਮੈਨੂੰ ਬੁਖਾਰ ਅਤੇ ਕਮਜ਼ੋਰੀ ਹੈ, ਜਿਸ ਦੀ ਦਵਾਈ ਲੈਣ ਲਈ ਮੈਂ ਇੱਥੇ ਆਈ ਸੀ। ਡਾਕਟਰ ਨੇ ਤਿੰਨ ਦਿਨ ਦੀ ਦਵਾਈ ਦਿੱਤੀ ਹੈ। ਇੱਥੋਂ ਦੀ ਦਵਾਈ ਨਾਲ ਮੈਂ ਠੀਕ ਹੋ ਜਾਂਦੀ ਹਾਂ।"
ਵਿਧਾਨ ਸਭਾ ਚੋਣਾਂ 'ਚ ਮੁਹੱਲਾ ਕਲੀਨਿਕ ਦੀ ਭੂਮਿਕਾ 'ਤੇ ਕੰਚਨ ਕੁਝ ਵੀ ਕਹਿਣ ਤੋਂ ਪਰਹੇਜ ਕਰਦੇ ਹਨ। ਉਨ੍ਹਾਂ ਦਾ ਕਹਿਣਾ ਹੈ, "ਜੋ ਸਾਡੇ ਵਰਗੇ ਲੋਕਾਂ ਨੂੰ ਫਾਇਦਾ ਦੇਵੇਗਾ, ਉਨ੍ਹਾਂ ਨੂੰ ਵੀ ਲਾਭ ਮਿਲਣਾ ਚਾਹੀਦਾ ਹੈ।"
ਅਜਿਹੀ ਹੀ ਗੱਲ ਬਿਹਾਰ ਦੇ ਮੂਲ ਨਿਵਾਸੀ ਅਜੈ ਕੁਮਾਰ ਵੀ ਕਹਿੰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ 1994 ਤੋਂ ਦਿੱਲੀ 'ਚ ਰਹਿ ਰਹੇ ਹਨ।
ਅਜੈ ਕਹਿੰਦੇ ਹਨ, " ਚੋਣਾਂ 'ਚ ਮੁਹੱਲਾ ਕਲੀਨਿਕ ਦਾ ਬਹੁਤ ਪ੍ਰਭਾਵ ਵਿਖਾਈ ਦੇਵੇਗਾ। ਜੋ ਪਾਰਟੀ ਸਾਨੂੰ ਦਵਾਈ, ਸਿੱਖਿਆ ਅਤੇ ਬਿਜਲੀ ਦੇ ਰਹੀ ਹੈ, ਉਸ ਦੇ ਬਾਰੇ 'ਚ ਅਸੀਂ ਕਿਉਂ ਨਹੀਂ ਸੋਚਾਂਗੇ?"
ਉੱਥੇ ਹੀ ਜਦੋਂ ਲਕਸ਼ਮੀ ਨਗਰ ਦੀ ਵਸਨੀਕ ਵਿਨੇਸ਼ ਉੱਥੇ ਆਏ ਤਾਂ ਡਾਕਟਰ ਨੇ ਉਨ੍ਹਾਂ ਨੂੰ ਹਸਪਤਾਲ 'ਚ ਜਾਂਚ ਕਰਵਾਉਣ ਦੀ ਸਲਾਹ ਦਿੱਤੀ।
ਇਸ ਤੋਂ ਬਾਅਦ ਅਸੀਂ ਉੱਤਰ ਪੱਛਮੀ ਦਿੱਲੀ ਦੀ ਕਿਰਾੜੀ ਵਿਧਾਨ ਸਭਾ ਹਲਕੇ ਦਾ ਦੌਰਾ ਕੀਤਾ।ਆਮ ਆਦਮੀ ਪਾਰਟੀ ਸਾਲ 2015 ਤੋਂ ਇੱਥੇ ਜਿੱਤ ਦਾ ਪਰਚਮ ਲਹਿਰਾ ਰਹੀ ਹੈ। ਇਸ ਵਿਧਾਨ ਸਭਾ ਹਲਕੇ 'ਚ 11 ਮੁਹੱਲਾ ਕਲੀਨਿਕ ਹਨ।
ਨਿਠਾਰੀ ਪਿੰਡ 'ਚ ਸੜਕ 'ਤੇ ਬਣੇ ਪੋਰਟਾ ਕੈਬਿਨ 'ਚ ਚੱਲ ਰਿਹਾ ਮੁਹੱਲਾ ਕਲੀਨਿਕ ਖਾਲੀ ਪਿਆ ਹੈ। ਮਰੀਜ਼ਾਂ ਦੇ ਨਾਮ 'ਤੇ ਇੱਥੇ ਇੱਕ ਮਹਿਲਾ ਪਰਚੀ ਕਟਵਾ ਰਹੀ ਹੈ।
ਕਿਰਾੜੀ ਦੀ ਸਥਾਨਕ ਨਿਵਾਸੀ ਪੰਪਾ ਦੇਵੀ ਆਪਣੇ ਪੁੱਤਰ ਲਈ ਦਵਾਈ ਲੈਣ ਲਈ ਆਏ ਹਨ। ਉਹ ਕਹਿੰਦੇ ਹਨ, " ਬੱਚੇ ਦਾ ਪੈਰ ਛਿੱਲ ਗਿਆ ਸੀ। ਡਾਕਟਰ ਨੇ ਇੱਕ ਟਿਊਬ ਅਤੇ ਕੁਝ ਗੋਲੀਆਂ ਦਿੱਤੀਆਂ ਹਨ। ਹਸਪਤਾਲ 'ਚ ਪੈਸੇ ਲੱਗਦੇ ਹਨ ,ਪਰ ਇੱਥੇ ਇਲਾਜ ਮੁਫ਼ਤ 'ਚ ਹੋ ਜਾਂਦਾ ਹੈ।"
ਦੂਜੇ ਪਾਸੇ ਇਸ ਕਲੀਨਿਕ 'ਤੇ ਪਹਿਲੀ ਵਾਰ ਆਏ ਸਥਾਨਕ ਨਿਵਾਸੀ ਅਮਿਤ ਕੁਮਾਰ ਗੌਤਮ ਕੁਝ ਨਾਰਾਜ਼ ਵਿਖਾਈ ਦਿੰਦੇ ਹਨ। ਉਹ ਕਹਿੰਦੇ ਹਨ, " ਹਸਪਤਾਲ ਚੰਗੇ ਹਨ। ਇੱਥੇ ਤਾਂ ਸਿਰਫ਼ ਛੋਟੀ-ਮੋਟੀ ਦਵਾਈ ਹੀ ਮਿਲਦੀ ਹੈ। ਜੋ ਸਹੂਲਤਾਂ ਅਸਲ 'ਚ ਹੋਣੀਆਂ ਚਾਹੀਦੀਆਂ ਹਨ, ਉਹ ਨਹੀਂ ਹਨ।"
ਮੁਹੱਲਾ ਕਲੀਨਿਕ ਨੂੰ ਲੱਗਿਆ ਤਾਲਾ

ਨਿਠਾਰੀ ਤੋਂ ਬਾਅਦ ਅਸੀਂ ਕਿਰਾੜੀ ਵਿਧਾਨ ਸਭਾ ਹਲਕੇ ਦੇ ਇੰਦਰਾ ਐਨਕਲੇਵ 'ਚ ਬਣੇ ਮੁਹੱਲਾ ਕਲੀਨਿਕ ਪਹੁੰਚੇ।
ਇੱਥੇ ਰੱਸੀ ਨਾਲ ਬੰਨ੍ਹੀ ਇੱਕ ਵ੍ਹੀਲਚੇਅਰ ਖੜ੍ਹੀ ਹੈ ਅਤੇ ਮੁਹੱਲਾ ਕਲੀਨਿਕ ਨੂੰ ਤਾਲਾ ਲੱਗਿਆ ਹੋਇਆ ਹੈ। ਕਲੀਨਿਕ ਦਾ ਸਮਾਂ ਬੋਰਡ 'ਤੇ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਦਾ ਲਿਖਿਆ ਹੋਇਆ ਹੈ।
ਬਿਨਾਂ ਕਿਸੇ ਨੋਟਿਸ ਦੇ ਇਹ ਮੁਹੱਲਾ ਕਲੀਨਿਕ ਬੰਦ ਪਿਆ ਸੀ। ਕਲੀਨਿਕ ਦੇ ਸਾਹਮਣੇ ਦੁਕਾਨ ਚਲਾਉਣ ਵਾਲੇ ਮੁਹੰਮਦ ਇਕਰਾਰ ਕਹਿੰਦੇ ਹਨ, ਇਸ ਨੂੰ ਅੱਜ (ਸੋਮਵਾਰ) ਖੁੱਲ੍ਹਣਾ ਚਾਹੀਦਾ ਸੀ, ਪਰ ਬੰਦ ਹੈ।
ਇਕਰਾਰ ਦੱਸਦੇ ਹਨ, " ਆਮ ਤੌਰ 'ਤੇ ਇਸ ਕਲੀਨਿਕ 'ਤੇ ਬਹੁਤ ਭੀੜ ਰਹਿੰਦੀ ਹੈ। ਬਾਹਰ ਤੱਕ ਲਾਈਨ ਲੱਗ ਜਾਂਦੀ ਹੈ, ਪਰ ਕਈ ਵਾਰ ਇਹ ਬੰਦ ਵੀ ਰਹਿੰਦਾ ਹੈ।"
ਉੱਥੇ ਹੀ ਗੁਆਂਢ 'ਚ ਰਹਿਣ ਵਾਲੇ ਇੱਕ ਹੋਰ ਵਿਅਕਤੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸੂਰਤ 'ਚ ਦੱਸਿਆ, "ਕਲੀਨਿਕ ਦਾ ਫਾਇਦਾ ਤਾਂ ਹੈ, ਪਰ ਇਸ ਨੂੰ ਸਹੀ ਢੰਗ ਨਾਲ ਸੰਚਾਲਿਤ ਨਹੀਂ ਕੀਤਾ ਜਾ ਰਿਹਾ ਹੈ। ਆਪਣੀ ਮਰਜ਼ੀ ਨਾਲ ਹੀ ਲੋਕ ਇਸ ਨੂੰ ਕਦੇ-ਕਦਾਈਂ ਬੰਦ ਕਰ ਦਿੰਦੇ ਹਨ।"
ਆਖ਼ਰਕਾਰ ਕਲੀਨਿਕ ਬੰਦ ਕਿਉਂ ਹੈ? ਇਸ ਸਵਾਲ ਦਾ ਜਵਾਬ ਜਾਣਨ ਲਈ ਬੀਬੀਸੀ ਨੇ ਉੱਤਰ ਪੱਛਮੀ ਦਿੱਲੀ ਦੀ ਚੀਫ਼ ਮੈਡੀਕਲ ਅਧਿਕਾਰੀ ਮੀਨਾਕਸ਼ੀ ਹੇਮਬਰਮ ਨਾਲ ਕਈ ਵਾਰ ਸੰਪਰਕ ਕਰਨ ਦਾ ਯਤਨ ਕੀਤਾ, ਪਰ ਉਨ੍ਹਾਂ ਨਾਲ ਗੱਲ ਨਾ ਹੋ ਸਕੀ।
ਇਸ ਤੋਂ ਬਾਅਦ ਅਸੀਂ ਕੁਝ ਹੀ ਦੂਰੀ 'ਤੇ ਸਥਿਤ ਸ਼ੀਸ਼ ਮਹਿਲ ਇਲਾਕੇ 'ਚ ਬਣੇ ਮੁਹੱਲਾ ਕਲੀਨਿਕ ਪਹੁੰਚੇ। ਇਹ ਕਲੀਨਿਕ ਇੱਕ ਤੰਗ ਗਲੀ 'ਚ ਬਣੇ ਇੱਕ ਖੰਡਰ ਪਏ ਮਕਾਨ 'ਚ ਚੱਲ ਰਿਹਾ ਹੈ।
ਕਲੀਨਿਕ ਦੇ ਸਾਹਮਣੇ ਖਾਲੀ ਪਏ ਪਲਾਟ 'ਚ ਗੰਦਗੀ ਦਾ ਢੇਰ ਲੱਗਿਆ ਹੈ, ਜਿੱਥੇ ਕਿਸੇ ਵੀ ਵਿਅਕਤੀ ਲਈ ਕੁਝ ਪਲ ਖੜ੍ਹਾ ਹੋਣਾ ਵੀ ਮੁਸ਼ਕਲ ਹੈ।
ਅਜਿਹੀ ਹੀ ਇੱਕ ਸ਼ਿਕਾਇਤ ਮੰਗੋਲਪੁਰੀ 'ਚ ਬਣੇ ਮੁਹੱਲਾ ਕਲੀਨਿਕ ਪਹੁੰਚੇ ਸੁਰੇਸ਼ ਸਿੰਘ ਨੇ ਵੀ ਕੀਤੀ।
ਉਹ ਕਹਿੰਦੇ ਹਨ, " ਤੁਸੀਂ ਵੇਖੋ ਕਿ ਕਲੀਨਿਕ ਦੇ ਅੰਦਰ ਬੈਠਣ ਦੀ ਥਾਂ ਨਹੀਂ ਹੈ। ਬਾਹਰ ਹਰ ਪਾਸੇ ਗੰਦਗੀ ਫੈਲੀ ਹੋਈ ਹੈ। ਅਜਿਹੇ 'ਚ ਮਰੀਜ਼ ਕਿੱਥੇ ਬੈਠੇਗਾ? ਮੈਂ ਇੱਥੇ ਕਈ ਸਾਲਾਂ ਤੋਂ ਆ ਰਿਹਾ ਹਾਂ। ਜ਼ੁਕਾਮ ਅਤੇ ਬੁਖਾਰ ਦੀ ਦਵਾਈ ਤੋਂ ਇਲਾਵਾ ਇੱਥੇ ਹੋਰ ਕੋਈ ਦਵਾਈ ਨਹੀਂ ਮਿਲਦੀ ਹੈ।"
ਜਦਕਿ 80 ਸਾਲਾ ਵਿਦਿਆ ਦੇਵੀ ਸੁਰੇਸ਼ ਸਿੰਘ ਦੀ ਇਸ ਗੱਲ ਨਾਲ ਸਹਿਮਤ ਨਹੀਂ ਹਨ। ਉਨ੍ਹਾਂ ਦਾ ਕਹਿਣਾ ਹੈ, " ਮੈਨੂੰ ਇੱਥੇ ਸਾਰੀਆਂ ਦਵਾਈਆਂ ਮਿਲਦੀਆਂ ਹਨ। ਕਈ ਵਾਰ ਤਾਂ ਵੱਡੇ ਹਸਪਤਾਲ 'ਚ ਵੀ ਦਵਾਈ ਨਹੀਂ ਮਿਲਦੀ, ਇਹ ਤਾਂ ਫਿਰ ਮੁਹੱਲਾ ਕਲੀਨਿਕ ਹੈ।"
ਕੀ ਹੈ ਸਿਆਸੀ ਲਾਭ?

ਦਿੱਲੀ 'ਚ ਆਮ ਆਦਮੀ ਪਾਰਟੀ ਮੁਹੱਲਾ ਕਲੀਨਿਕ ਨੂੰ ਆਪਣੀ ਸਫਲਤਾ ਦੀ ਮਿਸਾਲ ਵੱਜੋਂ ਪੇਸ਼ ਕਰਦੀ ਹੈ।
ਚੁਣਾਵੀ ਭਾਸ਼ਣਾਂ 'ਚ ਅਰਵਿੰਦ ਕੇਜਰੀਵਾਲ ਵਾਰ-ਵਾਰ ਇਹ ਗੱਲ ਕਹਿ ਰਹੇ ਹਨ ਕਿ ਜੇਕਰ ਦਿੱਲੀ 'ਚ ਭਾਜਪਾ ਦੀ ਸਰਕਾਰ ਆਈ ਤਾਂ ਉਹ ਮੁਹੱਲਾ ਕਲੀਨਿਕ ਬੰਦ ਕਰ ਦੇਵੇਗੀ। ਹਾਲਾਂਕਿ ਭਾਜਪਾ ਨੇ ਅਜਿਹਾ ਕੋਈ ਦਾਅਵਾ ਨਹੀਂ ਕੀਤਾ ਹੈ।
ਪਿਛਲੇ 41 ਸਾਲਾਂ ਤੋਂ ਪੱਤਰਕਾਰੀ ਦੇ ਪੇਸ਼ੇ 'ਚ ਆਪਣੀਆਂ ਸੇਵਾਵਾਂ ਦੇ ਰਹੇ ਵਿਨੀਤ ਵਾਹੀ ਦਾ ਮੰਨਣਾ ਹੈ ਕਿ ਦਿੱਲੀ ਚੋਣਾਂ 'ਚ ਆਮ ਆਦਮੀ ਪਾਰਟੀ ਆਪਣੀਆਂ ਹੋਰ ਯੋਜਨਾਵਾਂ ਦੀ ਤਰ੍ਹਾਂ ਮੁਹੱਲਾ ਕਲੀਨਿਕ ਦਾ ਜ਼ੋਰਦਾਰ ਢੰਗ ਨਾਲ ਪ੍ਰਚਾਰ ਨਹੀਂ ਕਰ ਰਹੀ ਹੈ।
ਵਿਨੀਤ ਕਹਿੰਦੇ ਹਨ, " ਮੁਹੱਲਾ ਕਲੀਨਿਕ ਇੱਕ ਬਹੁਤ ਵਧੀਆ ਕੰਸੈਪਟ ਹੈ, ਪਰ ਸਮੇਂ ਦੇ ਬੀਤਣ ਦੇ ਨਾਲ ਇਸ ਦੀ ਵਿਵਸਥਾ ਵਿਗੜਦੀ ਗਈ ਹੈ। ਜੇਕਰ ਮੁਹੱਲਾ ਕਲੀਨਿਕ ਵਧੀਆ ਕੰਮ ਕਰ ਰਹੇ ਹੁੰਦੇ ਤਾਂ ਇਸ ਦੀ ਗੂੰਜ ਚੋਣ ਪ੍ਰਚਾਰ 'ਚ ਸੁਣਾਈ ਦਿੰਦੀ।"
ਹਾਲਾਂਕਿ ਸੀਨੀਅਰ ਪੱਤਰਕਾਰ ਹੇਮੰਤ ਅਤਰੀ ਇਸ ਗੱਲ ਨਾਲ ਸਹਿਮਤ ਨਹੀਂ ਹਨ।
ਉਨ੍ਹਾਂ ਦਾ ਕਹਿਣਾ ਹੈ, " ਪ੍ਰਚਾਰ ਕਿਸ ਵਿਧਾਨ ਸਭਾ 'ਚ ਕੀਤਾ ਜਾ ਰਿਹਾ ਹੈ, ਇਹ ਵੇਖਣਾ ਜ਼ਰੂਰੀ ਹੈ। ਜੇਕਰ ਨਵੀਂ ਦਿੱਲੀ 'ਚ ਚੋਣ ਪ੍ਰਚਾਰ ਹੋਵੇਗਾ ਤਾਂ ਉੱਥੇ ਉਸ ਤਰ੍ਹਾਂ ਨਾਲ ਮੁਹੱਲਾ ਕਲੀਨਿਕ ਦਾ ਜ਼ਿਕਰ ਨਹੀਂ ਹੋਵੇਗਾ, ਜਿਵੇਂ ਕਿ ਬੁਰਾੜੀ ਜਾਂ ਨਜ਼ਫਗੜ੍ਹ ਵਿਧਾਨ ਸਭਾ ਹਲਕੇ 'ਚ ਹੋਵੇਗਾ।"
ਹੇਮੰਤ ਅਤਰੀ ਅੱਗੇ ਕਹਿੰਦੇ ਹਨ, " ਇਹੀ ਕਾਰਨ ਹੈ ਕਿ ਅਰਵਿੰਦ ਕੇਜਰੀਵਾਲ ਆਪਣੀਆਂ ਰੈਲੀਆਂ 'ਚ ਵੱਖ-ਵੱਖ ਥਾਵਾਂ 'ਤੇ ਇਹ ਡਰ ਵੀ ਜ਼ਾਹਰ ਕਰ ਰਹੇ ਹਨ ਕਿ ਜੇਕਰ ਭਾਜਪਾ ਸਰਕਾਰ ਸੱਤਾ 'ਚ ਆਈ ਤਾਂ ਉਹ ਮੁਹੱਲਾ ਕਲੀਨਿਕ ਬੰਦ ਕਰ ਦੇਵੇਗੀ।"
ਦੂਜੇ ਪਾਸੇ ਵਾਹੀ ਦਾ ਕਹਿਣਾ ਹੈ, "ਇਹ ਕੋਈ ਗਰੰਟੀ ਨਹੀਂ ਹੈ ਕਿ ਕੋਈ ਵੋਟਰ ਜੇਕਰ ਮੁਹੱਲਾ ਕਲੀਨਿਕ ਤੋਂ ਇਲਾਜ ਕਰਵਾ ਰਿਹਾ ਹੈ ਤਾਂ ਉਹ ਆਮ ਆਦਮੀ ਪਾਰਟੀ ਨੂੰ ਹੀ ਵੋਟ ਪਾਵੇਗਾ। ਅੱਜ ਦਾ ਵੋਟਰ ਬਹੁਤ ਸਮਝਦਾਰ ਹੈ। ਉਹ ਹਰ ਪਾਰਟੀ ਤੋਂ ਫਾਇਦਾ ਲੈਂਦਾ ਹੈ ਪਰ ਵੋਟ ਬਹੁਤ ਹੀ ਸੋਚ ਸਮਝ ਕੇ ਪਾਉਂਦਾ ਹੈ।"
ਮੁਹੱਲਾ ਕਲੀਨਿਕ ਕਿੰਨੇ ਕੁ ਪ੍ਰਭਾਵਸ਼ਾਲੀ

ਦਿੱਲੀ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਾਲ 2015 'ਚ ਪਹਿਲੀ ਵਾਰ ਮੁਹੱਲਾ ਕਲੀਨਿਕ ਦੀ ਸ਼ੁਰੂਆਤ ਕੀਤੀ ਸੀ।
ਕੇਜਰੀਵਾਲ ਸਰਕਾਰ ਦਾ ਟੀਚਾ ਰਾਜਧਾਨੀ 'ਚ 1 ਹਜ਼ਾਰ ਮੁਹੱਲਾ ਕਲੀਨਿਕ ਬਣਾਉਣ ਦਾ ਸੀ।
ਅਗਲੇ 9 ਮਹੀਨਿਆਂ 'ਚ ਦਿੱਲੀ ਸਰਕਾਰ ਨੇ 11 ਜ਼ਿਲ੍ਹਿਆਂ 'ਚ 100 ਮੁਹੱਲਾ ਕਲੀਨਿਕ ਸ਼ੁਰੂ ਕਰ ਦਿੱਤੇ। ਸਰਕਾਰ ਦਾ ਮਕਸਦ ਰਾਜਧਾਨੀ 'ਚ ਅਜਿਹੇ 1 ਹਜ਼ਾਰ ਕਲੀਨਿਕਾਂ ਦਾ ਨਿਰਮਾਣ ਕਰਨਾ ਹੈ।
ਇਸ ਟੀਚੇ ਨੂੰ ਫਿਲਹਾਲ ਪੂਰਾ ਨਹੀਂ ਕੀਤਾ ਜਾ ਸਕਿਆ ਹੈ। ਇਨ੍ਹਾਂ ਕਲੀਨਿਕਾਂ 'ਚ ਮਰੀਜ਼ ਮੁਫ਼ਤ 'ਚ ਇਲਾਜ ਕਰਵਾ ਸਕਦੇ ਹਨ।
ਸਿਹਤ ਵਿਭਾਗ ਦੇ ਅਨੁਸਾਰ ਮੁਹੱਲਾ ਕਲੀਨਿਕ 'ਚ 212 ਤਰ੍ਹਾਂ ਦੇ ਲੈਬ ਟੈਸਟ ਅਤੇ 100 ਤੋਂ ਵੱਧ ਦਵਾਈਆਂ ਮੁਫ਼ਤ 'ਚ ਦਿੱਤੀਆਂ ਜਾਂਦੀਆਂ ਹਨ।
ਦਿੱਲੀ ਦੇ ਸਿਹਤ ਮਹਿਕਮੇ ਦੇ ਅਨੁਸਾਰ ਰਾਜਧਾਨੀ 'ਚ 518 ਮੁਹੱਲਾ ਕਲੀਨਿਕ ਹਨ, ਜਿਨ੍ਹਾਂ 'ਚੋਂ ਜ਼ਿਆਦਾਤਰ ਸਵੇਰੇ 8 ਵਜੇ ਤੋਂ ਲੈ ਕੇ ਦੁਪਹਿਰ ਦੇ 2 ਵਜੇ ਤੱਕ ਖੁੱਲ੍ਹੇ ਰਹਿੰਦੇ ਹਨ, ਜਦਕਿ 25 ਅਜਿਹੇ ਕਲੀਨਿਕ ਵੀ ਹਨ, ਜੋ ਕਿ ਸ਼ਾਮ ਨੂੰ ਖੁੱਲ੍ਹਦੇ ਹਨ।
ਸਿਹਤ ਵਿਭਾਗ ਦੇ ਮੁਤਾਬਕ ਸਾਲਾਨਾ 1 ਕਰੋੜ ਤੋਂ ਵੱਧ ਮਰੀਜ਼ ਮੁਹੱਲਾ ਕਲੀਨਿਕਾਂ 'ਚ ਇਲਾਜ ਲਈ ਆਉਂਦੇ ਹਨ। ਅੰਕੜਿਆਂ ਦੇ ਅਨੁਸਾਰ ਸਾਲ 2020-21 'ਚ ਲਗਭਗ 1 ਕਰੋੜ 50 ਲੱਖ ਮਰੀਜ਼ ਓਪੀਡੀ ਦੇ ਲਈ ਆਏ ਸਨ। ਉੱਥੇ ਹੀ ਇਸ ਦੌਰਾਨ ਤਕਰੀਬਨ 5 ਲੱਖ ਲੈਬ ਟੈਸਟ ਕੀਤੇ ਗਏ ਸਨ।
ਸਿਹਤ ਵਿਭਾਗ ਦੇ ਅਨੁਸਾਰ ਆਮ ਆਦਮੀ ਪਾਰਟੀ ਮੁਹੱਲਾ ਕਲੀਨਿਕ ਪ੍ਰੋਜੈਕਟ ਨੂੰ ਸਾਲ 2018 'ਚ 93 ਕਰੋੜ, 2019 'ਚ 100 ਕਰੋੜ, 2020 'ਚ 150 ਕਰੋੜ ਅਤੇ ਸਾਲ 2021 'ਚ 345 ਕਰੋੜ ਰੁਪਏ ਅਲਾਟ ਕੀਤੇ ਗਏ ਸਨ।
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਸੈਂਟਰ ਆਫ਼ ਸੋਸ਼ਲ ਮੈਡੀਸਨ ਐਂਡ ਕਮਿਊਨਿਟੀ ਹੈਲਥ ਵਿਭਾਗ 'ਚ ਸਹਾਇਕ ਪ੍ਰੋਫੈਸਰ ਪ੍ਰਾਚੀਨ ਰਾਜੇਸ਼ਰਾਓ ਦਾ ਮੰਨਣਾ ਹੈ ਕਿ ਪੂਰੇ ਦੇਸ਼ ਨੂੰ ਇੱਕ ਚੰਗੀ ਪ੍ਰਾਇਮਰੀ ਸਿਹਤ ਪ੍ਰਣਾਲੀ ਦੀ ਸਖ਼ਤ ਜ਼ਰੂਰਤ ਹੈ।
ਉਹ ਕਹਿੰਦੇ ਹਨ, "ਮੁਹੱਲਾ ਕਲੀਨਿਕ ਦੇ ਨਾਮ 'ਤੇ ਦਿੱਲੀ 'ਚ ਇੱਕ ਵੱਡਾ ਨੈੱਟਵਰਕ ਸਥਾਪਤ ਹੋਇਆ ਹੈ।”
“ਜਨਤਾ ਨੂੰ ਮੁੱਢਲੀ ਸਿਹਤ ਸੰਭਾਲ ਸਬੰਧੀ ਸਹੂਲਤ ਮਿਲ ਰਹੀ ਹੈ।ਇਸ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਬਿਮਾਰੀਆਂ ਦਾ ਇਲਾਜ ਲੋਕਲ ਪੱਧਰ 'ਤੇ ਸੰਭਵ ਹੋ ਪਾਉਂਦਾ ਹੈ ਅਤੇ ਵੱਡੇ ਹਸਪਤਾਲਾਂ 'ਤੇ ਬੋਝ ਘੱਟ ਪੈਂਦਾ ਹੈ।"
ਰਾਜੇਸ਼ਰਾਓ ਅੱਗੇ ਕਹਿੰਦੇ ਹਨ, " ਸੁਧਾਰ ਦੀ ਗੁੰਜਾਇਸ਼ ਹਮੇਸ਼ਾ ਹੀ ਰਹਿੰਦੀ ਹੈ, ਪਰ ਇੱਕ ਵਿਚਾਰ ਵਜੋਂ ਇਸ ਤਰ੍ਹਾਂ ਦੀਆਂ ਸਿਹਤ ਸਹੂਲਤਾਂ ਕਿਸੇ ਵੀ ਸਮਾਜ ਦੇ ਲਈ ਬਿਹਤਰ ਹੀ ਸਾਬਤ ਹੁੰਦੀਆਂ ਹਨ। ਇਨ੍ਹਾਂ ਦੀ ਮਦਦ ਨਾਲ ਨਵੀਆਂ ਬਿਮਾਰੀਆਂ ਦਾ ਸਮਾਂ ਰਹਿੰਦਿਆਂ ਇਲਾਜ ਕੀਤਾ ਜਾ ਸਕਦਾ ਹੈ।"
ਰਾਜੇਸ਼ਰਾਓ ਕਹਿੰਦੇ ਹਨ, " ਮੁਹੱਲਾ ਕਲੀਨਿਕ ਦੀ ਥਾਂ 'ਤੇ ਜੇਕਰ ਦਿੱਲੀ ਸਰਕਾਰ 10 ਵੱਡੇ ਹਸਪਤਾਲ ਖੜ੍ਹੇ ਕਰ ਦਿੰਦੀ ਤਾਂ ਮੈਂ ਉਸ ਨੂੰ ਕੋਈ ਵਧੀਆ ਕਦਮ ਨਾ ਮੰਨਦਾ। ਇਹ ਗੱਲ ਜ਼ਰੂਰ ਹੈ ਕਿ ਮੁਹੱਲਾ ਕਲੀਨਿਕਾਂ ਦੀ ਗਿਣਤੀ ਅਤੇ ਉੱਥੇ ਕੰਮ ਕਰਨ ਵਾਲੇ ਡਾਕਟਰਾਂ ਦੀ ਗਿਣਤੀ 'ਚ ਵਾਧਾ ਹੋਣਾ ਚਾਹੀਦਾ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












