ਕ੍ਰਿਕਟਰ ਸ਼੍ਰੇਅਸ ਅਈਅਰ ਦੀ ਸਿਹਤ ਹੁਣ ਕਿਵੇਂ ਹੈ? ਸਪਲੀਨ 'ਚ ਲੱਗੀ ਸੱਟ ਕਿੰਨੀ ਖ਼ਤਰਨਾਕ, ਕੀ ਕੰਮ ਕਰਦਾ ਹੈ ਸਰੀਰ ਦਾ ਇਹ ਅੰਗ?

ਤਸਵੀਰ ਸਰੋਤ, Getty Images
ਭਾਰਤੀ ਬੱਲੇਬਾਜ਼ ਸ਼੍ਰੇਅਸ ਅਈਅਰ ਨੂੰ ਆਸਟ੍ਰੇਲੀਆ ਖ਼ਿਲਾਫ਼ ਤੀਜੇ ਮੈਚ ਦੌਰਾਨ ਸੱਟ ਲੱਗਣ ਕਰਕੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਡਾਕਟਰਾਂ ਦਾ ਕਹਿਣਾ ਹੈ ਕਿ ਸ਼੍ਰੇਅਸ ਹੁਣ ਠੀਕ ਹੋ ਰਹੇ ਹਨ। ਉਹਨਾਂ ਨੂੰ ਸਪਲੀਨ (ਫੇਫੜਿਆਂ ਦੇ ਹੇਠਾਂ) 'ਚ ਸੱਟ ਲੱਗੀ ਸੀ।
ਭਾਰਤੀ ਵਨਡੇ ਟੀਮ ਦੇ ਉਪ-ਕਪਤਾਨ ਸ਼੍ਰੇਅਸ ਅਈਅਰ ਨੂੰ 34ਵੇਂ ਓਵਰ ਵਿੱਚ ਸੱਟ ਲੱਗੀ ਜਦੋਂ ਉਹ ਐਲੇਕਸ ਕੈਰੀ ਨੂੰ ਆਊਟ ਕਰਨ ਲਈ ਕੈਚ ਫੜਨ ਲਈ ਪਿੱਛੇ ਵੱਲ ਨੂੰ ਭੱਜਣ ਲੱਗੇ ਹਨ ਤਾਂ ਅਈਅਰ ਆਪਣੇ ਖੱਬੇ ਪਾਸੇ ਡਿੱਗ ਜਾਂਦੇ ਹਨ।
ਦਰਦ ਨਾਲ ਤੜਫ਼ ਰਹੇ ਸ਼੍ਰੇਅਸ ਅਈਅਰ ਦਾ ਪਹਿਲਾਂ ਮੈਦਾਨ 'ਚ ਹੀ ਇਲਾਜ ਕੀਤਾ ਗਿਆ ਅਤੇ ਫਿਰ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ।
ਬੀਸੀਸੀਆਈ ਨੇ ਸ਼੍ਰੇਅਸ ਅਈਅਰ ਦੀ ਮੈਦਾਨ 'ਚ ਵਾਪਸੀ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਪਰ ਇਹ ਜ਼ਰੂਰ ਦੱਸਿਆ ਹੈ ਕਿ ਉਨ੍ਹਾਂ ਦੀ ਹਾਲਤ 'ਸਥਿਰ' ਹੈ।
ਬੀਸੀਸੀਆਈ ਨੇ ਸੋਮਵਾਰ ਨੂੰ ਇੱਕ ਬਿਆਨ ਵਿੱਚ ਕਿਹਾ, "ਸ਼੍ਰੇਅਸ ਅਈਅਰ ਨੂੰ 25 ਅਕਤੂਬਰ 2025 ਨੂੰ ਸਿਡਨੀ ਵਿੱਚ ਆਸਟ੍ਰੇਲੀਆ ਖ਼ਿਲਾਫ਼ ਖੇਡੇ ਗਏ ਤੀਜੇ ਵਨਡੇ ਮੈਚ ਦੌਰਾਨ ਫ਼ੀਲਡਿੰਗ ਕਰਦੇ ਹੋਏ ਖੱਬੀ ਸਪਲੀਨ ਦੇ ਹੇਠਲੇ ਹਿੱਸੇ ਵਿੱਚ ਸੱਟ ਲੱਗੀ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਹੋਰ ਜਾਂਚ ਲਈ ਹਸਪਤਾਲ ਲਿਜਾਇਆ ਗਿਆ।"
ਬੀਸੀਸੀਆਈ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਸਕੈਨ 'ਚ ਉਨ੍ਹਾਂ ਦੀ ਸਪਲੀਨ ਵਿੱਚ ਸੱਟ ਪਾਈ ਗਈ ਹੈ। ਸ਼੍ਰੇਅਸ ਦਾ ਇਲਾਜ ਚੱਲ ਰਿਹਾ ਹੈ, ਉਨ੍ਹਾਂ ਦੀ ਹਾਲਤ ਸਥਿਰ ਹੈ ਅਤੇ ਉਹ ਹੌਲੀ-ਹੌਲੀ ਠੀਕ ਹੋ ਰਹੇ ਹਨ।
ਬੀਸੀਸੀਆਈ ਦਾ ਕਹਿਣਾ ਹੈ ਕਿ ਸਿਡਨੀ ਅਤੇ ਭਾਰਤ ਦੇ ਮਾਹਿਰ ਡਾਕਟਰਾਂ ਦੀ ਮੈਡੀਕਲ ਟੀਮ ਦੀ ਸਲਾਹ ਨਾਲ ਉਨ੍ਹਾਂ ਦੀ ਸੱਟ 'ਤੇ ਨਜ਼ਰ ਰੱਖੀ ਜਾ ਰਹੀ ਹੈ। ਟੀਮ ਇੰਡੀਆ ਦੇ ਡਾਕਟਰ ਸਿਡਨੀ ਵਿੱਚ ਹੀ ਸ਼੍ਰੇਅਸ ਅਈਅਰ ਨਾਲ ਰਹਿਣਗੇ ਅਤੇ ਉਨ੍ਹਾਂ ਦੀ ਰੋਜ਼ਾਨਾ ਸਿਹਤ ਦੀ ਨਿਗਰਾਨੀ ਕਰਨਗੇ।
ਸਪਲੀਨ ਕੀ ਹੁੰਦੀ ਹੈ?

ਤਸਵੀਰ ਸਰੋਤ, Getty Images
ਸਪਲੀਨ ਸਰੀਰ ਦੇ ਖੱਬੇ ਪਾਸੇ ਢਿੱਡ ਅਤੇ ਡਾਇਆਫ੍ਰਾਮ (ਫੇਫੜਿਆਂ ਦੇ ਬਿਲਕੁਲ ਹੇਠਾਂ ਸਥਿਤ ਇੱਕ ਮਾਸਪੇਸ਼ੀ) ਦੇ ਵਿਚਕਾਰ ਹੁੰਦੀ ਹੈ। ਇਹ ਤਕਰੀਬਨ ਹੱਥ ਦੀ ਮੁੱਠੀ ਦੇ ਆਕਾਰ ਦੀ ਹੁੰਦੀ ਹੈ।
ਸਪਲੀਨ ਦਾ ਕੰਮ ਖੂਨ ਨੂੰ ਸਾਫ਼ ਕਰਨਾ, ਪੁਰਾਣੇ ਲਾਲ ਖੂਨ ਦੇ ਸੈੱਲਾਂ (ਕੋਸ਼ਿਕਾਵਾਂ) ਨੂੰ ਨਸ਼ਟ ਕਰਨਾ ਅਤੇ ਲਾਗ (ਸੰਕਰਮਣ) ਨਾਲ ਲੜਨਾ ਹੁੰਦਾ ਹੈ।
ਸਪਲੀਨ ਖੂਨ ਲਈ ਇੱਕ ਫਿਲਟਰ ਵਾਂਗ ਕੰਮ ਕਰਦੀ ਹੈ ਜੋ ਬੈਕਟੀਰੀਆ, ਵਾਇਰਸ ਅਤੇ ਹੋਰ ਗੰਦਗੀ ਨੂੰ ਖਤਮ ਕਰਦਾ ਹੈ। ਜਦੋਂ ਖੂਨ ਸਪਲੀਨ ਵਿਚੋਂ ਲੰਘਦਾ ਹੈ ਤਾਂ ਸਫੈਦ ਖੂਨ ਦੀਆਂ ਕੋਸ਼ਿਕਾਵਾਂ ਕਿਸੇ ਵੀ ਬਾਹਰੀ ਹਮਲਾਵਰ 'ਤੇ ਹਮਲਾ ਕਰਕੇ ਉਸਨੂੰ ਮਾਰ ਦਿੰਦੀਆਂ ਹਨ।

ਇਸ ਨਾਲ ਖੂਨ ਸਾਫ਼ ਰਹਿੰਦਾ ਹੈ ਅਤੇ ਸਰੀਰ ਨੂੰ ਲਾਗ਼ ਤੋਂ ਬਚਾਉਣ ਵਿੱਚ ਮਦਦ ਮਿਲਦੀ ਹੈ।
ਲਾਲ ਖੂਨ ਦੀਆਂ ਕੋਸ਼ਿਕਾਵਾਂ ਦੀ ਉਮਰ ਤਕਰੀਬਨ 120 ਦਿਨ ਹੁੰਦੀ ਹੈ। ਇਸ ਤੋਂ ਬਾਅਦ ਸਪਲੀਨ ਉਨ੍ਹਾਂ ਨੂੰ ਤੋੜ ਦਿੰਦੀ ਹੈ। ਫਿਰ ਲਾਲ ਖੂਨ ਦੇ ਸੈੱਲਾਂ ਦੇ ਅਵਸ਼ੇਸ਼ ਸਰੀਰ ਦੇ ਹੋਰ ਹਿੱਸਿਆਂ ਵੱਲ ਭੇਜੇ ਜਾਂਦੇ ਹਨ ਜਿੱਥੇ ਉਨ੍ਹਾਂ ਨੂੰ ਨਵੀਆਂ ਲਾਲ ਖੂਨ ਦੀਆਂ ਕੋਸ਼ਿਕਾਵਾਂ ਬਣਾਉਣ ਲਈ ਦੁਬਾਰਾ ਵਰਤਿਆ ਜਾਂਦਾ ਹੈ।
ਜਨਮ ਤੋਂ ਪਹਿਲਾਂ, ਭਰੂਣ ਸਪਲੀਨ ਵਿੱਚ ਲਾਲ ਅਤੇ ਸਫ਼ੈਦ ਖੂਨ ਦੇ ਸੈੱਲ ਪੈਦਾ ਕਰਦਾ ਹੈ। ਜਨਮ ਤੋਂ ਥੋੜ੍ਹੀ ਦੇਰ ਪਹਿਲਾਂ, ਤਿੱਲੀ ਲਾਲ ਖੂਨ ਦੇ ਸੈੱਲ ਪੈਦਾ ਕਰਨ ਦੀ ਆਪਣੀ ਸਮਰੱਥਾ ਗੁਆ ਦਿੰਦੀ ਹੈ ਅਤੇ ਬੋਨ ਮੈਰੋ ਇਸ ਕਾਰਜ ਨੂੰ ਸੰਭਾਲ ਲੈਂਦਾ ਹੈ।
ਸਪਲੀਨ ਤੋਂ ਬਿਨ੍ਹਾਂ ਸਰੀਰ 'ਤੇ ਪ੍ਰਭਾਵ

ਤਸਵੀਰ ਸਰੋਤ, Getty Images
ਨੈਸ਼ਨਲ ਹੈਲਥ ਸਰਵਿਸ (ਐੱਨਐੱਚਐੱਸ) ਦੀ ਵੈੱਬਸਾਈਟ 'ਤੇ ਸਪਲੀਨ ਨਾਲ ਜੁੜੀਆਂ ਸਮੱਸਿਆਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਹੈ।
ਐੱਨਐੱਚਐੱਸ ਦੇ ਮੁਤਾਬਕ, ਸਪਲੀਨ ਦੇ ਬਿਨ੍ਹਾਂ ਵੀ ਜੀਵਤ ਰਹਿਣਾ ਸੰਭਵ ਹੈ ਕਿਉਂਕਿ ਇਸ ਦੇ ਬਹੁਤੇ ਕੰਮ ਸਰੀਰ ਦੇ ਹੋਰ ਅੰਗ ਕਰ ਲੈਂਦੇ ਹਨ। ਪਰ ਜਿਨ੍ਹਾਂ ਲੋਕਾਂ ਕੋਲ ਸਪਲੀਨ ਨਹੀਂ ਹੁੰਦੀ, ਉਹ ਵੱਖ-ਵੱਖ ਕਿਸਮ ਦੇ ਇਨਫੈਕਸ਼ਨ (ਲਾਗ) ਲਈ ਹੋਰਾਂ ਨਾਲੋਂ ਜ਼ਿਆਦਾ ਸੰਵੇਦਨਸ਼ੀਲ ਹੋ ਜਾਂਦੇ ਹਨ।
ਕਿਸੇ ਚੋਟ ਕਾਰਨ ਤਿੱਲੀ ਨੂੰ ਨੁਕਸਾਨ ਪਹੁੰਚ ਸਕਦਾ ਹੈ ਜਾਂ ਉਹ ਫ਼ਟ ਸਕਦੀ ਹੈ। ਇਹ ਚੋਟ ਲੱਗਣ ਦੇ ਤੁਰੰਤ ਬਾਅਦ ਵੀ ਹੋ ਸਕਦਾ ਹੈ ਜਾਂ ਕਈ ਹਫ਼ਤਿਆਂ ਬਾਅਦ ਵੀ।
ਐੱਨਐੱਚਐੱਸ ਦੇ ਅਨੁਸਾਰ, ਸਪਲੀਨ ਦੇ ਫਟਣ ਦੇ ਲੱਛਣ ਹਨ —
- ਖੱਬੇ ਪਾਸੇ ਪਸਲੀਆਂ ਦੇ ਪਿੱਛੇ ਦਰਦ
- ਚੱਕਰ ਆਉਣਾ ਅਤੇ ਦਿਲ ਦੀ ਧੜਕਣ ਤੇਜ਼ ਹੋ ਜਾਣਾ
ਸਪਲੀਨ ਦਾ ਫਟਣਾ ਇੱਕ ਮੈਡੀਕਲ ਐਮਰਜੈਂਸੀ ਹੈ ਕਿਉਂਕਿ ਇਹ ਜੀਵਨ ਲਈ ਖ਼ਤਰਨਾਕ ਹੋ ਸਕਦੀ ਹੈ।
ਸੱਟ ਲੱਗਣ ਤੋਂ ਬਾਅਦ ਸਪਲੀਨ ਸੁੱਜ ਕੇ ਵੱਡੀ ਹੋ ਸਕਦੀ ਹੈ। ਇਸਦਾ ਆਕਾਰ ਹੋਰ ਕਾਰਨਾਂ ਕਰਕੇ ਵੀ ਵਧ ਸਕਦਾ ਹੈ।
ਪਰ ਸਪਲੀਨ ਦੇ ਵੱਡੇ ਹੋਣ ਦੇ ਕੋਈ ਸਾਫ਼ ਲੱਛਣ ਨਹੀਂ ਹੁੰਦੇ। ਫਿਰ ਵੀ ਤੁਸੀਂ ਹੇਠਾਂ ਦਿੱਤੀਆਂ ਗੱਲਾਂ ਤੇ ਧਿਆਨ ਦੇ ਸਕਦੇ ਹੋ —
- ਭੋਜਨ ਖਾਣ ਦੀ ਸ਼ੁਰੂਆਤ ਵਿੱਚ ਹੀ ਪੇਟ ਭਰਿਆ ਮਹਿਸੂਸ ਹੋਣਾ
- ਖੱਬੀਆਂ ਪਸਲੀਆਂ ਦੇ ਪਿੱਛੇ ਬੇਚੈਨੀ ਜਾਂ ਦਰਦ ਮਹਿਸੂਸ ਕਰਨਾ
- ਖੂਨ ਦੀ ਕਮੀ (ਐਨੀਮੀਆ) ਅਤੇ ਥਕਾਵਟ
- ਵਾਰ-ਵਾਰ ਇਨਫੈਕਸ਼ਨ ਹੋਣਾ
- ਆਸਾਨੀ ਨਾਲ ਖੂਨ ਵਗਣਾ
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












