ਭਾਰਤ ਵਿੱਚ ਦੋ ਆਸਟ੍ਰੇਲੀਆਈ ਕ੍ਰਿਕਟ ਖਿਡਾਰਨਾਂ ਨਾਲ ਜਿਨਸੀ ਹਿੰਸਾ, ਮੁਲਜ਼ਮ ਗ੍ਰਿਫ਼ਤਾਰ

ਆਸਟ੍ਰੇਲੀਆ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਆਈਸੀਸੀ ਮਹਿਲਾ ਕ੍ਰਿਕਟ ਵਿਸ਼ਵ ਕੱਪ ਭਾਰਤ ਅਤੇ ਸ਼੍ਰੀਲੰਕਾ ਵਿੱਚ ਚੱਲ ਰਿਹਾ ਹੈ

ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਆਈਸੀਸੀ ਮਹਿਲਾ ਕ੍ਰਿਕਟ ਵਿਸ਼ਵ ਕੱਪ ਵਿੱਚ ਹਿੱਸਾ ਲੈ ਰਹੀਆਂ ਦੋ ਆਸਟ੍ਰੇਲੀਆਈ ਖਿਡਾਰਨਾਂ ਨਾਲ ਇੱਕ ਵਿਅਕਤੀ ਵੱਲੋਂ ਜਿਨਸੀ ਹਿੰਸਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।

ਪੁਲਿਸ ਨੇ ਇਸ ਮਾਮਲੇ ਵਿੱਚ ਆਸਟ੍ਰੇਲੀਆਈ ਟੀਮ ਦੇ ਸੁਰੱਖਿਆ ਅਧਿਕਾਰੀ ਡੈਨੀ ਸਿਮੰਸ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕੀਤਾ ਹੈ।

ਪੁਲਿਸ ਨੇ ਭਾਰਤੀ ਨਿਆਂ ਸੰਹਿਤਾ (ਬੀਐੱਨਐੱਸ) ਦੀ ਧਾਰਾ 74 (ਜੋ ਕਿ ਕਿਸੇ ਔਰਤ 'ਤੇ ਉਸ ਦੀ ਇੱਜ਼ਤ ਨੂੰ ਠੇਸ ਪਹੁੰਚਾਉਣ ਦੇ ਇਰਾਦੇ ਨਾਲ ਹਮਲਾ ਕਰਨ ਜਾਂ ਅਪਰਾਧਿਕ ਤਾਕਤ ਦੀ ਵਰਤੋਂ ਨਾਲ ਸਬੰਧਤ ਹੈ) ਅਤੇ ਧਾਰਾ 78 (ਔਰਤਾਂ ਦਾ ਪਿੱਛਾ ਕਰਨ) ਨਾਲ ਸਬੰਧਤ ਹੈ, ਦੇ ਤਹਿਤ ਮਾਮਲਾ ਦਰਜ ਕੀਤਾ ਹੈ।

ਇੰਦੌਰ ਦੇ ਵਧੀਕ ਡਿਪਟੀ ਪੁਲਿਸ ਕਮਿਸ਼ਨਰ (ਕ੍ਰਾਈਮ) ਰਾਜੇਸ਼ ਦੰਡੋਤਿਆ ਨੇ ਬੀਬੀਸੀ ਨੂੰ ਦੱਸਿਆ, " ਮੁਲਜ਼ਮ ਅਕੀਲ ਅਹਿਮਦ, ਖਜਰਾਣਾ ਦਾ ਰਹਿਣ ਵਾਲਾ ਹੈ, ਜਿਸ ਨੇ ਗੱਡੀ ਚਲਾਉਂਦੇ ਸਮੇਂ ਦੋ ਆਸਟ੍ਰੇਲੀਆਈ ਖਿਡਾਰਨਾਂ ਨਾਲ ਛੇੜਛਾੜ ਕੀਤੀ ਅਤੇ ਫਿਰ ਉਨ੍ਹਾਂ ਨੂੰ ਗ਼ਲਤ ਢੰਗ ਨਾਲ ਛੂਹਣ ਤੋਂ ਬਾਅਦ ਭੱਜ ਗਿਆ ਸੀ।"

"ਇਸ ਮਾਮਲੇ ਵਿੱਚ ਕੇਸ ਦਰਜ ਕੀਤਾ ਗਿਆ ਹੈ ਅਤੇ ਪੰਜ ਥਾਣਿਆਂ ਦੀ ਇੱਕ ਟੀਮ ਨੇ ਸਾਂਝੇ ਤੌਰ 'ਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ।"

ਪੁਲਿਸ ਨੇ ਹੋਰ ਕੀ ਦੱਸਿਆ?

ਆਸਟ੍ਰੇਲੀਆ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਆਈਸੀਸੀ ਮਹਿਲਾ ਕ੍ਰਿਕਟ ਵਿਸ਼ਵ ਕੱਪ ਦਾ ਫਾਈਨਲ 2 ਨਵੰਬਰ ਨੂੰ ਖੇਡਿਆ ਜਾਵੇਗਾ

ਪੁਲਿਸ ਵੱਲੋਂ ਦਰਜ ਕੀਤੀ ਗਈ ਸ਼ਿਕਾਇਤ ਮੁਤਾਬਕ, ਇਹ ਘਟਨਾ ਵੀਰਵਾਰ ਸਵੇਰੇ 11 ਵਜੇ ਦੇ ਕਰੀਬ ਵਾਪਰੀ ਜਦੋਂ ਦੋ ਆਸਟ੍ਰੇਲੀਆਈ ਖਿਡਾਰਨਾਂ ਇੰਦੌਰ ਦੇ ਰੈਡੀਸਨ ਬਲੂ ਹੋਟਲ ਤੋਂ ਤਕਰੀਬਨ 500 ਮੀਟਰ ਦੂਰ ਖਜਰਾਣਾ ਰੋਡ 'ਤੇ ਸਥਿਤ ਇੱਕ ਕੈਫੇ ਵੱਲ ਪੈਦਲ ਜਾ ਰਹੀਆਂ ਸਨ।

ਇੰਦੌਰ ਪੁਲਿਸ ਦੇ ਇੱਕ ਅਧਿਕਾਰੀ ਨੇ ਬੀਬੀਸੀ ਨੂੰ ਦੱਸਿਆ, "ਜਦੋਂ ਮਹਿਲਾ ਖਿਡਾਰਨਾਂ ਜਾ ਰਹੀਆਂ ਸਨ, ਤਾਂ ਇੱਕ ਬਾਈਕ 'ਤੇ ਸਵਾਰ ਇੱਕ ਵਿਅਕਤੀ ਉਨ੍ਹਾਂ ਦਾ ਪਿੱਛਾ ਕਰਨ ਲੱਗ ਪਿਆ ਅਤੇ ਅਸ਼ਲੀਲ ਟਿੱਪਣੀਆਂ ਕਰਨ ਲੱਗਿਆ।"

"ਡਰੀਆਂ ਹੋਈਆਂ ਖਿਡਾਰਨਾਂ ਤੁਰੰਤ ਹੋਟਲ ਵਾਪਸ ਆ ਗਈਆਂ ਅਤੇ ਟੀਮ ਪ੍ਰਬੰਧਕਾਂ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ, ਆਸਟ੍ਰੇਲੀਆਈ ਟੀਮ ਦੇ ਸੁਰੱਖਿਆ ਅਧਿਕਾਰੀਆਂ ਨੇ ਫ਼ੌਰਨ ਪੁਲਿਸ ਨੂੰ ਸੂਚਨਾ ਦਿੱਤੀ।"

ਰਾਜੇਸ਼ ਦੰਡੋਤਿਆ ਨੇ ਇਹ ਵੀ ਕਿਹਾ, "ਪੁਲਿਸ ਟੀਮ ਨੇ ਇਸ ਮਾਮਲੇ 'ਤੇ ਫੌਰੀ ਕੰਮ ਕੀਤਾ। ਘਟਨਾ ਦੀ ਜਾਣਕਾਰੀ ਮਿਲਦੇ ਹੀ, ਪੁਲਿਸ ਨੇ ਇਲਾਕੇ ਦੀ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ, ਜਿਸ ਵਿੱਚ ਮੁਲਜ਼ਮ ਨੂੰ ਮੋਟਰਸਾਈਕਲ 'ਤੇ ਖਿਡਾਰਨਾਂ ਦਾ ਪਿੱਛਾ ਕਰਦੇ ਹੋਏ ਦੇਖਿਆ ਗਿਆ। ਇਸ ਤੋਂ ਬਾਅਦ, ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।"

ਆਈਸੀਸੀ ਮਹਿਲਾ ਕ੍ਰਿਕਟ ਵਿਸ਼ਵ ਕੱਪ 30 ਸਤੰਬਰ ਤੋਂ ਭਾਰਤ ਅਤੇ ਸ਼੍ਰੀਲੰਕਾ ਵਿੱਚ ਖੇਡਿਆ ਜਾ ਰਿਹਾ ਹੈ, ਜਿਸ ਦਾ ਫਾਈਨਲ 2 ਨਵੰਬਰ ਨੂੰ ਖੇਡਿਆ ਜਾਵੇਗਾ।

ਬੀਸੀਸੀਆਈ ਨੇ ਕੀ ਕਿਹਾ

ਬੀਸੀਸੀਆਈ ਦੇ ਉੱਪ ਪ੍ਰਧਾਨ ਰਾਜੀਵ ਸ਼ੁਕਲਾ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਬੀਸੀਸੀਆਈ ਦੇ ਉਪ ਪ੍ਰਧਾਨ ਰਾਜੀਵ ਸ਼ੁਕਲਾ ਨੇ ਕਿਹਾ ਹੈ ਕਿ ਬੀਸੀਸੀਆਈ ਅਤੇ ਮੱਧ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਵੀ ਇਸ ਮਾਮਲੇ ਵਿੱਚ ਆਪਣੇ ਪੱਧਰ 'ਤੇ ਕਦਮ ਚੁੱਕ ਰਹੇ ਹਨ

ਬੀਸੀਸੀਆਈ ਦੇ ਉਪ ਪ੍ਰਧਾਨ ਰਾਜੀਵ ਸ਼ੁਕਲਾ ਨੇ ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਆਈਸੀਸੀ ਮਹਿਲਾ ਕ੍ਰਿਕਟ ਵਿਸ਼ਵ ਕੱਪ ਵਿੱਚ ਹਿੱਸਾ ਲੈ ਰਹੀਆਂ ਦੋ ਆਸਟ੍ਰੇਲੀਆਈ ਖਿਡਾਰਨਾਂ ਖ਼ਿਲਾਫ਼ ਹੋਏ ਜਿਨਸੀ ਹਿੰਸਾ ਦੇ ਮਾਮਲੇ 'ਤੇ ਪ੍ਰਤੀਕਿਰਿਆ ਦਿੱਤੀ ਹੈ।

ਇਸ ਮਾਮਲੇ 'ਤੇ ਨਿਊਜ਼ ਏਜੰਸੀ ਏਐੱਨਆਈ ਨਾਲ ਗੱਲ ਕਰਦੇ ਹੋਏ ਰਾਜੀਵ ਸ਼ੁਕਲਾ ਨੇ ਕਿਹਾ, "ਅਸੀਂ ਇਸ ਘਟਨਾ ਦੀ ਸਖ਼ਤ ਨਿੰਦਾ ਕਰਦੇ ਹਾਂ। ਲੋਕਾਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਉਹ (ਮਹਿਲਾ ਖਿਡਾਰੀ) ਵਿਦੇਸ਼ੀ ਮਹਿਮਾਨ ਹਨ ਅਤੇ ਉਨ੍ਹਾਂ ਦਾ ਧਿਆਨ ਰੱਖਣਾ ਚਾਹੀਦਾ ਹੈ।"

“ਇੰਦੌਰ ਪੁਲਿਸ ਨੇ ਇਸ ਮਾਮਲੇ ਵਿੱਚ ਕੁਝ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਹੈ। ਬੀਸੀਸੀਆਈ ਅਤੇ ਮੱਧ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਵੀ ਆਪਣੇ ਤੌਰ 'ਤੇ ਕਾਰਵਾਈ ਕਰ ਰਹੇ ਹਨ।"

ਰਾਜੀਵ ਸ਼ੁਕਲਾ ਨੇ ਕਿਹਾ, "ਬੀਸੀਸੀਆਈ ਚਾਹੁੰਦਾ ਹੈ ਕਿ ਅਜਿਹੀ ਘਟਨਾ ਦੁਬਾਰਾ ਨਾ ਵਾਪਰੇ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)