'ਗੁਲਾਮਾਂ' ਦੀ ਥਾਲੀ ਤੋਂ ਦੁਨੀਆਂ ਭਰ ਦੇ ਖ਼ਾਸ ਪਕਵਾਨਾਂ, ਘਰੇਲੂ ਨੁਸਖ਼ਿਆਂ ਅਤੇ ਦਵਾਈਆਂ ਤੱਕ ਕਿਵੇਂ ਪਹੁੰਚਿਆ ਲਸਣ, ਆਖ਼ਰ ਇਸ 'ਚ ਕੀ ਹੈ ਖ਼ਾਸ

ਤਸਵੀਰ ਸਰੋਤ, Getty Images
- ਲੇਖਕ, ਦਿ ਫੂਡ ਚੇਨ ਪ੍ਰੋਗਰਾਮ
- ਰੋਲ, ਬੀਬੀਸੀ ਵਰਲਡ ਸਰਵਿਸ
ਲਸਣ ਹਜ਼ਾਰਾਂ ਸਾਲਾਂ ਤੋਂ ਨਾ ਸਿਰਫ਼ ਇਸਦੇ ਤਿੱਖੇ ਅਤੇ ਵਿਲੱਖਣ ਸੁਆਦ ਲਈ ਜਾਣਿਆ ਜਾਂਦਾ, ਸਗੋਂ ਇਹ ਦਵਾਈ ਵਾਲੇ ਗੁਣਾਂ ਲਈ ਵੀ ਕਾਫ਼ੀ ਚਰਚਿਤ ਹੈ। ਐਂਟੀਮਾਈਕ੍ਰੋਬਿਅਲ ਅਤੇ ਐਂਟੀਵਾਇਰਲ ਅਸਰਾਂ ਲਈ ਮਸ਼ਹੂਰ ਲਸਣ ਸਦੀਆਂ ਤੋਂ ਰਸੋਈਆਂ ਅਤੇ ਰਵਾਇਤੀ ਇਲਾਜਾਂ ਦਾ ਅਟੁੱਟ ਹਿੱਸਾ ਰਹਿਆ ਹੈ।
ਮੂਲ ਤੌਰ 'ਤੇ ਕੇਂਦਰੀ ਏਸ਼ੀਆ ਤੋਂ ਪੈਦਾ ਹੋਇਆ ਲਸਣ ਪਰਵਾਸੀਆਂ ਰਾਹੀਂ ਯੂਰਪ ਅਤੇ ਅਮਰੀਕਾ ਤੱਕ ਪਹੁੰਚਿਆ। ਅੱਜ ਚੀਨ ਦੁਨੀਆਂ ਦਾ ਸਭ ਤੋਂ ਵੱਡਾ ਲਸਣ ਉਤਪਾਦਕ ਦੇਸ਼ ਹੈ।
ਬੀਬੀਸੀ ਵਰਲਡ ਸਰਵਿਸ ਦੇ "ਫੂਡ ਚੇਨ" ਪ੍ਰੋਗਰਾਮ ਨੇ ਲਸਣ ਦੇ ਵੱਕਾਰੀ ਇਤਿਹਾਸ ਅਤੇ ਸੱਭਿਆਚਾਰਕ ਮਹੱਤਤਾ ਦੀ ਪੜਚੋਲ ਕੀਤੀ ਅਤੇ ਇੱਕ ਮਹੱਤਵਪੂਰਨ ਸਵਾਲ ਉਠਾਇਆ: ਕੀ ਲਸਣ ਸੱਚਮੁੱਚ ਸਾਡੇ ਲਈ ਚੰਗਾ ਹੈ?
ਰਸੋਈ ਦਾ ਅਟੁੱਟ ਹਿੱਸਾ

ਤਸਵੀਰ ਸਰੋਤ, Getty Images
ਲਸਣ ਬੇਸ਼ੁਮਾਰ ਖਾਣਿਆਂ ਦਾ ਅਹਿਮ ਅੰਗ ਹੈ। ਡੈਨਮਾਰਕ ਦੇ ਸ਼ੈਫ ਪੌਲ ਏਰਿਕ ਜੈਨਸਨ, ਜੋ ਉੱਤਰੀ-ਪੱਛਮੀ ਫ਼ਰਾਂਸ 'ਚ ਆਪਣੇ ਫ਼ਰੈਂਚ ਡਾਈਨਿੰਗ ਸਕੂਲ ਵਿੱਚ ਅਮਰੀਕਾ, ਆਸਟ੍ਰੇਲੀਆ, ਬ੍ਰਿਟੇਨ ਅਤੇ ਏਸ਼ੀਆ ਤੋਂ ਆਏ ਵਿਦਿਆਰਥੀਆਂ ਨੂੰ ਸਿਖਾਉਂਦੇ ਹਨ, ਕਹਿੰਦੇ ਹਨ ਕਿ ਉਨ੍ਹਾਂ ਨੇ ਕਦੇ ਕੋਈ ਅਜਿਹਾ ਵਿਦਿਆਰਥੀ ਨਹੀਂ ਦੇਖਿਆ ਜੋ ਲਸਣ ਤੋਂ ਅਣਜਾਣ ਹੋਵੇ।
ਉਹ ਮੰਨਦੇ ਹਨ ਕਿ ਲਸਣ ਖਾਣੇ ਦੇ ਸੁਆਦ ਨੂੰ ਕਾਫ਼ੀ ਵਧਾ ਦਿੰਦਾ ਹੈ ਅਤੇ ਹੈਰਾਨ ਵੀ ਹੁੰਦੇ ਹਨ ਕਿ ਇਸ ਤੋਂ ਬਿਨਾਂ ਫ੍ਰੈਂਚ ਪਕਵਾਨ ਕਿਹੋ ਜਿਹਾ ਹੋਵੇਗਾ।
ਉਹ ਕਹਿੰਦੇ ਹਨ, "ਮੈਨੂੰ ਨਹੀਂ ਲੱਗਦਾ ਕਿ ਫ੍ਰੈਂਚ ਲੋਕ ਕਿਸੇ ਵੀ ਖਾਣੇ ਨੂੰ ਲਸਣ ਤੋਂ ਬਿਨਾਂ ਬਣਾਉਣ ਦੀ ਕਲਪਨਾ ਵੀ ਕਰ ਸਕਦੇ ਹੋਣ। ਸਟਾਕ ਤੋਂ ਲੈ ਕੇ ਸੂਪ, ਸਬਜ਼ੀਆਂ ਜਾਂ ਮੀਟ ਦੇ ਪਕਵਾਨਾਂ ਤੱਕ, ਹਮੇਸ਼ਾ ਕਿਤੇ ਨਾ ਕਿਤੇ ਲਸਣ ਦੀ ਇੱਕ ਕਲੀ ਹੁੰਦੀ ਹੈ। ਲਸਣ ਦੀ ਵਰਤੋਂ ਨਾ ਕਰਨਾ.. ਇਸ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ।"
ਪਰ ਜਦੋਂ ਉਹ 1970 ਦੇ ਦਹਾਕੇ ਦੇ ਸ਼ੁਰੂ ਵਿੱਚ ਡੈਨਮਾਰਕ ਦੇ ਪੇਂਡੂ ਖੇਤਰ ਵਿੱਚ ਰਹਿ ਰਹੇ ਸਨ ਤਾਂ ਲਸਣ ਤੋਂ ਲਗਭਗ ਅਣਜਾਣ ਸੀ।
ਉਹ ਯਾਦ ਕਰਦੇ ਹਨ ਕਿ ਉਸ ਵੇਲੇ ਲਸਣ ਨੂੰ ਇਸ ਦੀ ਤਿੱਖੀ ਸੁਗੰਧ ਕਰਕੇ ਨਾਪਸੰਦ ਕੀਤਾ ਜਾਂਦਾ ਸੀ, ਪਰ ਜਦੋਂ ਤੁਰਕੀ ਮਜ਼ਦੂਰ ਡੈਨਮਾਰਕ ਆਉਣ ਲੱਗੇ ਤਾਂ ਲਸਣ ਵਾਲੇ ਖਾਣੇ ਆਮ ਹੋ ਗਏ। ਸ਼ੈਫ ਜੈਨਸਨ ਵੀ ਇਤਾਲਵੀ ਪੀਜ਼ਾ ਰਾਹੀਂ ਲਸਣ ਦੇ ਆਦੀ ਹੋ ਗਏ ਅਤੇ ਅੱਜ ਉਹ ਸਰਦੀਆਂ ਵਿੱਚ ਵੀ ਇਸ ਦੀ ਦਵਾਈ ਵਜੋਂ ਵੀ ਵਰਤੋਂ ਕਰਦੇ ਹਨ।
ਉਹ ਕਹਿੰਦੇ ਹਨ, "ਮੈਂ ਅਤੇ ਮੇਰਾ ਸਾਥੀ ਸਵੇਰੇ ਇੱਕ ਕੱਪ ਸੂਪ ਪੀਂਦੇ ਹਾਂ, ਹਰੇਕ ਕੱਪ ਵਿੱਚ ਲਸਣ ਦੀ ਇੱਕ ਪੂਰੀ ਕਲੀ ਨਿਚੋੜ ਕੇ। ਸਾਨੂੰ ਕੋਈ ਜ਼ੁਕਾਮ ਜਾਂ ਗੰਭੀਰ ਫਲੂ ਨਹੀਂ ਹੋਇਆ ਹੈ, ਮੈਨੂੰ ਯਕੀਨ ਹੈ ਕਿ ਇਹ ਲਸਣ ਦੇ ਕਾਰਨ ਹੈ।"
ਇੱਕ ਲੰਮਾ ਸਫ਼ਰ

ਤਸਵੀਰ ਸਰੋਤ, AFP via Getty Images
ਲਸਣ ਦਾ ਸੱਭਿਆਚਾਰਕ ਅਤੇ ਅਧਿਆਤਮਿਕ ਮਹੱਤਵ ਹਜ਼ਾਰਾਂ ਸਾਲ ਪਿੱਛੇ ਤੱਕ ਫੈਲਿਆ ਹੋਇਆ ਹੈ।
ਪੁਰਾਤਣ ਯੂਨਾਨੀ ਜਾਦੂ-ਟੂਣੇ ਦੀ ਦੇਵੀ ਅਤੇ ਘਰਾਂ ਦੀ ਸੁਰੱਖਿਆ ਕਰਨ ਵਾਲੀ ਦੇਵੀ ਹੇਕਾਟੇ ਨੂੰ ਭੇਟ ਵਜੋਂ ਚੌਰਾਹੇ 'ਤੇ ਲਸਣ ਚੜ੍ਹਾਉਂਦੇ ਸਨ।
ਮਿਸਰ ਵਿੱਚ ਮਸ਼ਹੂਰ ਫੈਰੋਂ ਤੂਤਨਖਾਮੁਨ ਦੀ ਕਬਰ ਵਿੱਚ ਲਸਣ ਪਾਇਆ ਗਿਆ ਸੀ ਅਤੇ ਇਹ ਮੰਨਿਆ ਜਾਂਦਾ ਹੈ ਕਿ ਇਹ ਉਨ੍ਹਾਂ ਨੂੰ ਪਰਲੋਕ ਵਿੱਚ ਸੁਰੱਖਿਆ ਪ੍ਰਦਾਨ ਕਰਨ ਲਈ ਰੱਖਿਆ ਗਿਆ ਹੋਵੇਗਾ।
ਚੀਨੀ ਅਤੇ ਫਿਲੀਪੀਨੋ ਲੋਕ-ਕਥਾਵਾਂ ਵਿੱਚ ਲੋਕਾਂ ਦੁਆਰਾ ਪਿਸ਼ਾਚਾਂ ਨਾਲ ਲੜਨ ਲਈ ਲਸਣ ਦੀ ਵਰਤੋਂ ਕਰਨ ਦੀਆਂ ਕਹਾਣੀਆਂ ਹਨ।
ਕਿਤਾਬ ''ਗਾਰਲਿਕ: ਐਨ ਏਡਿਬਲ ਬਾਇਓਗ੍ਰਾਫੀ'' ਦੇ ਲੇਖਕ ਰੌਬਿਨ ਚੈਰੀ ਕਹਿੰਦੇ ਹਨ, "ਦੁਨੀਆਂ ਦਾ ਸਭ ਤੋਂ ਪੁਰਾਣਾ ਵਿਅੰਜਨ ਇੱਕ ਮੇਸੋਪੋਟੇਮੀਅਨ ਸਟੂ ਹੈ, ਜੋ ਲਗਭਗ 3,500 ਸਾਲ ਪੁਰਾਣਾ ਹੈ ਅਤੇ ਇਸ ਵਿੱਚ ਲਸਣ ਦੀਆਂ ਦੋ ਕਲੀਆਂ ਹੁੰਦੀਆਂ ਹਨ।''
ਉਹ ਕਹਿੰਦੇ ਹਨ, "ਲਸਣ ਦਾ ਸਭ ਤੋਂ ਪੁਰਾਣਾ ਡਾਕਟਰੀ ਹਵਾਲਾ ਵੀ ਲਗਭਗ 3,500 ਸਾਲ ਪੁਰਾਣਾ ਹੈ। ਇਸ ਨੂੰ ਇਬਰਸ ਪੈਪੀਰਸ ਕਿਹਾ ਜਾਂਦਾ ਹੈ ਅਤੇ ਇਸ ਬਾਰੇ ਕਈ ਜ਼ਿਕਰ ਹਨ ਕਿ ਬੇਚੈਨੀ ਤੋਂ ਲੈ ਕੇ ਪਰਜੀਵੀਆਂ ਅਤੇ ਦਿਲ ਜਾਂ ਸਾਹ ਦੀਆਂ ਸਮੱਸਿਆਵਾਂ ਤੱਕ ਹਰ ਚੀਜ਼ ਨੂੰ ਠੀਕ ਕਰਨ ਲਈ ਲਸਣ ਦੀ ਵਰਤੋਂ ਕਿਵੇਂ ਕੀਤੀ ਜਾਵੇ।"
ਚੈਰੀ ਦੱਸਦੇ ਹਨ ਕਿ ਪ੍ਰਾਚੀਨ ਯੂਨਾਨੀ ਡਾਕਟਰ ਅਤੇ ਦਾਰਸ਼ਨਿਕ ਹਿਪੋਕ੍ਰੇਟਸ ਕਈ ਤਰ੍ਹਾਂ ਦੇ ਇਲਾਜਾਂ ਵਿੱਚ ਲਸਣ ਦੀ ਵਰਤੋਂ ਕਰਦੇ ਸਨ। ਇਸ ਤੋਂ ਇਲਾਵਾ, ਅਰਸਤੂ ਅਤੇ ਅਰਿਸਟੋਫੇਨਸ ਵਰਗੇ ਪ੍ਰਮੁੱਖ ਚਿੰਤਕਾਂ ਅਤੇ ਲੇਖਕਾਂ ਨੇ ਵੀ ਲਸਣ ਦੇ ਔਸ਼ਧੀ ਵਾਲੇ ਗੁਣਾਂ ਦਾ ਜ਼ਿਕਰ ਕੀਤਾ।
ਗੁਲਾਮਾਂ ਦੇ ਭੋਜਨ ਤੋਂ ਰਾਜਸੀ ਭੋਜਨ ਤੱਕ

ਤਸਵੀਰ ਸਰੋਤ, Getty Images
ਪ੍ਰਾਚੀਨ ਮੇਸੋਪੋਟੇਮੀਆ, ਮਿਸਰ, ਯੂਨਾਨ, ਰੋਮ, ਚੀਨ ਅਤੇ ਭਾਰਤ ਵਿੱਚ ਲਸਣ ਦਾ ਵਿਆਪਕ ਤੌਰ 'ਤੇ ਸੇਵਨ ਕੀਤਾ ਜਾਂਦਾ ਸੀ। ਰੋਮਨ ਫੌਜੀਆਂ ਦਾ ਮੰਨਣਾ ਸੀ ਕਿ ਇਹ ਉਨ੍ਹਾਂ ਨੂੰ ਹਿੰਮਤ ਅਤੇ ਤਾਕਤ ਦਿੰਦਾ ਹੈ ਅਤੇ ਉਨ੍ਹਾਂ ਨੇ ਆਪਣੀਆਂ ਜਿੱਤਾਂ ਦੌਰਾਨ ਇਸ ਨੂੰ ਪੂਰੇ ਯੂਰਪ ਵਿੱਚ ਫੈਲਾਇਆ।
ਲਸਣ ਨੂੰ ਭੋਜਨ ਅਤੇ ਦਵਾਈ ਦੋਵਾਂ ਵਜੋਂ ਵਰਤਿਆ ਜਾਂਦਾ ਸੀ, ਪਰ ਰਸੋਈ ਵਿੱਚ ਇਸ ਦੀ ਵਰਤੋਂ ਸ਼ੁਰੂ ਵਿੱਚ ਹੇਠਲੇ ਵਰਗਾਂ ਤੱਕ ਸੀਮਿਤ ਸੀ।
ਰੌਬਿਨ ਚੈਰੀ ਕਹਿੰਦੇ ਹਨ, "ਇਹ ਅਸਲ ਵਿੱਚ ਸਿਰਫ਼ ਗਰੀਬਾਂ ਲਈ ਭੋਜਨ ਸੀ। ਇਹ ਰੋਮ ਦੀ ਸਮੁੰਦਰੀ ਯਾਤਰਾ ਕਰਨ ਵਾਲੇ ਅਤੇ ਅਜਿਹੇ ਗੁਲਾਮ ਵਰਗ ਦੇ ਲੋਕਾਂ ਨੂੰ ਤਾਕਤ ਦਿੰਦਾ ਸੀ ਜਿਨ੍ਹਾਂ ਨੇ ਮਿਸਰ ਵਿੱਚ ਪਿਰਾਮਿਡ ਬਣਾਏ ਸਨ। ਇਹ ਸਸਤਾ ਸੀ ਅਤੇ ਇਹ ਮਾੜੇ ਭੋਜਨ ਦੇ ਸੁਆਦ ਨੂੰ ਬਿਹਤਰ ਬਣਾ ਸਕਦਾ ਸੀ। ਇਸ ਲਈ ਸਿਰਫ਼ ਗਰੀਬਾਂ ਨੇ ਹੀ ਇਸ ਨੂੰ ਖਾਣਾ ਸ਼ੁਰੂ ਕੀਤਾ ਸੀ।"

14ਵੀਂ ਤੋਂ 16ਵੀਂ ਸਦੀ ਤੱਕ ਯੂਰਪ ਵਿੱਚ ਗਿਆਨ, ਕਲਾ ਅਤੇ ਵਿਗਿਆਨ ਦੇ ਪੁਨਰਜਾਗਰਣ ਦਾ ਸਮਾਂ ਸੀ ਅਤੇ ਇਸੇ ਦੌਰਾਨ ਲਸਣ ਦੀ ਸਾਖ ਬਦਲਣੀ ਸ਼ੁਰੂ ਹੋਈ।
ਚੈਰੀ ਦੱਸਦੇ ਹਨ, "ਫਰਾਂਸ ਦੇ ਹੈਨਰੀ ਚੌਥੇ ਨੇ ਲਸਣ ਨਾਲ ਬਪਤਿਸਮਾ ਲਿਆ ਸੀ ਅਤੇ ਇਸ ਦਾ ਬਹੁਤ ਸਾਰਾ ਹਿੱਸਾ ਖਾਧਾ ਸੀ, ਜਿਸ ਕਾਰਨ ਇਹ ਕੁਝ ਹੱਦ ਤੱਕ ਪ੍ਰਸਿੱਧ ਹੋ ਗਿਆ ਸੀ। ਲਸਣ ਨੂੰ 19ਵੀਂ ਸਦੀ ਵਿੱਚ ਵਿਕਟੋਰੀਅਨ ਇੰਗਲੈਂਡ ਵਿੱਚ ਵੀ ਪ੍ਰਸਿੱਧੀ ਮਿਲੀ ਸੀ।"
ਲਸਣ ਨੂੰ ਅਮਰੀਕਾ ਵਿੱਚ ਬਹੁਤ ਦੇਰ ਬਾਅਦ 1950 ਅਤੇ 60 ਦੇ ਦਹਾਕੇ ਵਿੱਚ ਪਰਵਾਸੀਆਂ ਦੁਆਰਾ ਲਿਆਂਦਾ ਗਿਆ ਸੀ। ਇਸ ਨੇ ਨਕਾਰਾਤਮਕ ਰੂੜ੍ਹੀਵਾਦੀ ਧਾਰਨਾਵਾਂ ਨੂੰ ਤੋੜਨ ਵਿੱਚ ਮਦਦ ਕੀਤੀ।
ਰੌਬਿਨ ਚੈਰੀ ਕਹਿੰਦੇ ਹਨ, "ਅਸਲ ਵਿੱਚ ਲਸਣ ਨੂੰ ਯਹੂਦੀਆਂ, ਇਟਾਲੀਅਨਾਂ ਅਤੇ ਕੋਰੀਆਈ ਲੋਕਾਂ ਦੇ ਵਿਰੁੱਧ ਬਹੁਤ ਹੀ ਅਪਮਾਨਜਨਕ ਅਰਥਾਂ ਵਿੱਚ ਵਰਤਿਆ ਜਾਂਦਾ ਸੀ। ਉਨ੍ਹਾਂ ਸਾਰਿਆਂ ਨੂੰ ਲਸਣ ਖਾਣ ਵਾਲੇ ਕਿਹਾ ਜਾਂਦਾ ਸੀ ਅਤੇ ਇਸ ਦਾ ਇੱਕ ਨਕਾਰਾਤਮਕ ਅਰਥ ਸੀ।"
ਦਵਾਈ ਦੇ ਤੌਰ 'ਤੇ ਲਸਣ ਦੀ ਵਰਤੋਂ

ਤਸਵੀਰ ਸਰੋਤ, AFP via Getty Images
ਇਸ ਸਮੇਂ ਦੁਨੀਆਂ ਭਰ ਵਿੱਚ ਲਸਣ ਦੀਆਂ 600 ਤੋਂ ਵੱਧ ਕਿਸਮਾਂ ਉਗਾਈਆਂ ਜਾਂਦੀਆਂ ਹਨ। ਮੱਧ ਏਸ਼ੀਆ ਵਿੱਚ ਉਜ਼ਬੇਕਿਸਤਾਨ ਅਤੇ ਕਾਕੇਸ਼ਸ ਵਿੱਚ ਜਾਰਜੀਆ ਤੋਂ ਲਸਣ ਦੀਆਂ ਕੁਝ ਕਿਸਮਾਂ ਹਾਲ ਹੀ ਵਿੱਚ ਵਿਸ਼ਵ ਪੱਧਰ 'ਤੇ ਉਪਲਬਧ ਹੋਈਆਂ ਹਨ।
ਆਧੁਨਿਕ ਪਕਵਾਨਾਂ ਵਿੱਚ ਇਸ ਦੀ ਪ੍ਰਮੁੱਖ ਭੂਮਿਕਾ ਤੋਂ ਇਲਾਵਾ, ਇਸ ਨੂੰ ਆਮ ਤੌਰ 'ਤੇ ਜ਼ੁਕਾਮ ਦੇ ਇਲਾਜ ਲਈ ਵਰਤਿਆ ਜਾਂਦਾ ਹੈ। ਕਲੀਨਿਕਲ ਟਰਾਇਲਾਂ ਵਿੱਚ ਬਲੱਡ ਪ੍ਰੈਸ਼ਰ, ਕੋਲੈਸਟ੍ਰੋਲ ਅਤੇ ਇੱਥੋਂ ਤੱਕ ਕਿ ਕੈਂਸਰ 'ਤੇ ਲਸਣ ਦੇ ਅਸਰ ਦੀ ਪੜਚੋਲ ਕੀਤੀ ਗਈ ਤੇ ਨਤੀਜੇ ਮਿਲੇ-ਜੁਲੇ ਹੀ ਆਏ ਸਨ।
ਈਰਾਨ ਵਿੱਚ ਇੱਕ ਛੋਟੇ ਜਿਹੇ ਅਧਿਐਨ ਵਿੱਚ ਪਾਇਆ ਗਿਆ ਕਿ ਲਸਣ ਅਤੇ ਨਿੰਬੂ ਦਾ ਰਸ ਛੇ ਹਫ਼ਤਿਆਂ ਦੇ ਅੰਦਰ ਕੋਲੈਸਟ੍ਰੋਲ ਅਤੇ ਬਲੱਡ ਪ੍ਰੈਸ਼ਰ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ।
ਹਾਲਾਂਕਿ, ਸੰਯੁਕਤ ਰਾਜ ਅਮਰੀਕਾ ਵਿੱਚ ਸਟੈਨਫੋਰਡ ਯੂਨੀਵਰਸਿਟੀ ਦੁਆਰਾ ਛੇ ਮਹੀਨਿਆਂ ਵਿੱਚ 200 ਸਿਹਤਮੰਦ ਵਿਅਕਤੀਆਂ 'ਤੇ ਕੀਤੇ ਗਏ ਇੱਕ ਵੱਡੇ ਅਧਿਐਨ ਵਿੱਚ ਕੋਲੈਸਟ੍ਰੋਲ ਵਿੱਚ ਕੋਈ ਖਾਸ ਕਮੀ ਨਹੀਂ ਪਾਈ ਗਈ।
ਆਸਟ੍ਰੇਲੀਆ ਦੀ ਸਿਡਨੀ ਯੂਨੀਵਰਸਿਟੀ ਦੁਆਰਾ 2014 ਦੇ ਇੱਕ ਅਧਿਐਨ ਨੇ ਲਸਣ ਦੇ ਮਜ਼ਬੂਤ ਐਂਟੀਮਾਈਕ੍ਰੋਬਾਇਲ, ਐਂਟੀਵਾਇਰਲ ਅਤੇ ਐਂਟੀਫੰਗਲ ਗੁਣਾਂ ਦੀ ਪੁਸ਼ਟੀ ਕੀਤੀ।

ਤਸਵੀਰ ਸਰੋਤ, Getty Images
ਬ੍ਰਿਟਿਸ਼ ਡਾਇਟੈਟਿਕ ਐਸੋਸੀਏਸ਼ਨ ਦੇ ਬੁਲਾਰੇ ਅਤੇ ਬਾਲ ਰੋਗ ਵਿਗਿਆਨੀ ਬਾਹੀ ਵੈਨ ਡੀ ਬੋਅਰ ਕਹਿੰਦੇ ਹਨ, "ਲਸਣ ਵਿੱਚ ਪੋਟਾਸ਼ੀਅਮ, ਫਾਸਫੋਰਸ, ਜ਼ਿੰਕ, ਸਲਫਰ, ਅਤੇ ਮੱਧਮ ਮਾਤਰਾ ਵਿੱਚ ਮੈਗਨੀਸ਼ੀਅਮ, ਮੈਂਗਨੀਜ਼ ਅਤੇ ਆਇਰਨ ਹੁੰਦਾ ਹੈ। ਇਹ ਇੱਕ ਸ਼ਾਨਦਾਰ ਸਬਜ਼ੀ ਹੈ।"
"ਇਸ ਵਿੱਚ ਕੁਝ ਸ਼ਾਨਦਾਰ ਸਲਫਰ-ਯੁਕਤ ਮਿਸ਼ਰਣ ਹੁੰਦੇ ਹਨ, ਜਿਨ੍ਹਾਂ ਨੂੰ ਐਲੀਸਿਨ ਕਿਹਾ ਜਾਂਦਾ ਹੈ। ਇਹ ਪ੍ਰੀਬਾਇਓਟਿਕ ਫਾਈਬਰ ਨਾਲ ਭਰਪੂਰ ਹੁੰਦਾ ਹੈ, ਜਿਸ ਨੂੰ ਸਾਡੀਆਂ ਅੰਤੜੀਆਂ ਪਸੰਦ ਕਰਦੀਆਂ ਹਨ, ਇਸ ਕਾਰਨ ਇਹ ਅੰਤੜੀਆਂ ਦੀ ਸਿਹਤ ਲਈ ਬਹੁਤ ਵਧੀਆ ਹੈ। ਇਸ ਵਿੱਚ ਕੁਝ ਰੋਗਾਣੂਨਾਸ਼ਕ ਗੁਣ ਵੀ ਹਨ।''
ਵਿਗਿਆਨੀ ਬਾਹੀ ਵੈਨ ਡੀ ਬੋਅਰ ਕਹਿੰਦੇ ਹਨ ਕਿ ਲਸਣ ਦਾ ਫਾਈਬਰ ਅੰਤੜੀਆਂ ਦੇ ਬੈਕਟੀਰੀਆ ਨੂੰ ਪੋਸ਼ਣ ਦੇਣ ਵਿੱਚ ਮਦਦ ਕਰਦਾ ਹੈ ਅਤੇ ਕਬਜ਼ ਦੂਰ ਕਰਨ ਅਤੇ ਪੇਟ ਫੁੱਲਣ ਦੀ ਸਮੱਸਿਆ ਨੂੰ ਠੀਕ ਕਰਨ ਵਿੱਚ ਵੀ ਮਦਦ ਕਰ ਸਕਦਾ ਹੈ।
ਰੋਜ਼ਾਨਾ ਲਸਣ ਦੀਆਂ ਇੱਕ ਤੋਂ ਦੋ ਕੱਚੀਆਂ ਕਲੀਆਂ ਖਾਣਾ ਬਾਲਗਾਂ ਲਈ ਸੁਰੱਖਿਅਤ ਮੰਨਿਆ ਜਾਂਦਾ ਹੈ। ਹਾਲਾਂਕਿ, ਕਲੀਨਿਕਲ ਜਰਨਲ ਅਮੈਰੀਕਨ ਫੈਮਿਲੀ ਫਿਜ਼ੀਸ਼ੀਅਨ ਵਿੱਚ ਪ੍ਰਕਾਸ਼ਿਤ ਖੋਜ ਦੇ ਅਨੁਸਾਰ ਲਸਣ ਦਾ ਬਹੁਤ ਜ਼ਿਆਦਾ ਸੇਵਨ, ਖ਼ਾਸ ਕਰਕੇ ਖਾਲੀ ਪੇਟ ਦੌਰਾਨ, ਢਿੱਡ ਵਿੱਚ ਗੈਸਟਰੋਇੰਟੇਸਟਾਈਨਲ ਦੀ ਪਰੇਸ਼ਾਨੀ, ਗੈਸ ਅਤੇ ਅੰਤੜੀਆਂ ਦੇ ਜੀਵਾਣੂ ਸੰਤੁਲਨ ਰੱਖਣ ਵਿੱਚ ਬਦਲਾਅ ਪੈਦਾ ਕਰ ਸਕਦਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












