'ਜੇ ਚਿੱਠੀ ਨਾਲ ਬੰਦਾ ਕਢਾਇਆ ਜਾਂਦਾ, ਤਾਂ ਜੇਲ੍ਹਾਂ ਖਾਲੀ ਹੋ ਜਾਂਦੀਆਂ', 14 ਸਾਬਕਾ ਕਪਤਾਨਾਂ ਵੱਲੋਂ ਇਮਰਾਨ ਖ਼ਾਨ ਬਾਰੇ ਲਿਖੀ ਚਿੱਠੀ 'ਤੇ ਹਨੀਫ਼ ਦੀ ਟਿੱਪਣੀ

ਮੁਹੰਮਦ ਹਨੀਫ਼ ਅਤੇ ਇਮਰਾਨ ਖ਼ਾਨ ਦੀ ਫੋਟੋ

ਤਸਵੀਰ ਸਰੋਤ, BBC/Getty

ਤਸਵੀਰ ਕੈਪਸ਼ਨ, ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਜੇਲ੍ਹ ਵਿੱਚ ਬੰਦ ਹਨ
    • ਲੇਖਕ, ਮੁਹੰਮਦ ਹਨੀਫ਼
    • ਰੋਲ, ਸੀਨੀਅਰ ਪੱਤਰਕਾਰ ਅਤੇ ਲੇਖਕ
  • ਪੜ੍ਹਨ ਦਾ ਸਮਾਂ: 5 ਮਿੰਟ

ਇੰਟਰਨੈਸ਼ਨਲ ਕ੍ਰਿਕਟ ਦੀ ਦੁਨੀਆਂ ਦੇ ਕੋਈ 14 ਵੱਡੇ ਨਾਮ ਹਨ। ਸਾਰੇ ਦੇ ਸਾਰੇ ਸਾਬਕਾ ਕਪਤਾਨ ਹਨ, ਜਿਨ੍ਹਾਂ ਵਿੱਚ ਗ੍ਰੈਗ ਚੈਪਲ, ਸੁਨੀਲ ਗਾਵਸਕਰ ਅਤੇ ਕਲਾਈਵ ਲਾਇਡ ਵਰਗੇ ਨਾਮ ਸ਼ਾਮਲ ਹਨ।

ਇਨ੍ਹਾਂ ਸਾਰਿਆਂ ਨੇ ਮਿਲ ਕੇ ਪਾਕਿਸਤਾਨ ਹਕੂਮਤ ਨੂੰ ਖ਼ਤ ਲਿਖਿਆ ਹੈ ਕਿ ਇਮਰਾਨ ਖ਼ਾਨ ਵਿੱਚ ਬਹੁਤ ਵੱਡਾ ਕ੍ਰਿਕਟਰ ਸੀ ਅਤੇ ਹੁਣ ਉਹ ਜੇਲ੍ਹ ਵਿੱਚ ਹੈ। ਸੁਣਨ ਵਿੱਚ ਇਹ ਵੀ ਆਇਆ ਹੈ ਕਿ ਉਹ ਬਿਮਾਰ ਵੀ ਹੈ। ਮਿਹਰਬਾਨੀ ਕਰੋ ਅਤੇ ਉਸ ਨਾਲ ਕੋਈ ਬਿਹਤਰ ਸਲੂਕ ਕਰੋ।

ਇਸ ਦੇ ਨਾਲ ਹੀ ਇਹ ਕਿਹਾ ਹੈ ਕਿ ਜਦੋਂ ਕ੍ਰਿਕਟ ਦਾ ਮੈਚ ਖ਼ਤਮ ਹੁੰਦਾ ਹੈ ਤਾਂ ਉਸ ਦੇ ਨਾਲ ਹੀ ਦੁਸ਼ਮਣੀ ਵੀ ਖ਼ਤਮ ਹੋ ਜਾਂਦੀ ਹੈ। ਇਮਰਾਨ ਖ਼ਾਨ ਵੱਡਾ ਕ੍ਰਿਕਟਰ ਸੀ, ਉਸ ਨਾਲ ਇਨਸਾਫ਼ ਹੋਣਾ ਚਾਹੀਦਾ ਹੈ ਅਤੇ ਉਸ ਨਾਲ ਬੰਦੇ ਦੇ ਪੁੱਤਰਾਂ ਵਾਲਾ ਸਲੂਕ ਕਰੋ।

ਵੀਡੀਓ ਕੈਪਸ਼ਨ, ‘ਜੇ ਪਾਕ ’ਚ ਚਿੱਠੀ ਨਾਲ ਬੰਦਾ ਕਢਾਇਆ ਜਾਂਦਾ, ਤਾਂ ਜੇਲ੍ਹਾਂ ਖਾਲੀ ਹੋ ਜਾਂਦੀਆਂ’

ਇੱਥੋਂ ਇਹ ਇਤਰਾਜ਼ ਆਇਆ ਕਿ ਇੰਗਲੈਂਡ, ਆਸਟ੍ਰੇਲੀਆ, ਵੈਸਟ ਇੰਡੀਜ਼ ਅਤੇ ਇੰਡੀਆ ਦੇ ਕਪਤਾਨਾਂ ਨੇ ਤਾਂ ਇਸ ਖ਼ਤ ਦੇ ਸਾਈਨ ਕਰ ਦਿੱਤੇ ਹਨ ਪਰ ਜਿਹੜੇ ਪਾਕਿਸਤਾਨ ਦੇ ਕਪਤਾਨ ਰਹੇ ਹਨ। ਜਿਹੜੇ ਹਰ ਵੇਲੇ ਇਮਰਾਨ ਖ਼ਾਨ ਨੂੰ ਕਦੇ ਇਮਰਾਨ ਭਾਈ, ਕਦੇ ਖ਼ਾਨ ਸਾਬ੍ਹ ਅਤੇ ਕਦੇ ਸਕਿੱਪਰ-ਸਕਿੱਪਰ ਕਹਿੰਦੇ ਰਹਿੰਦੇ ਹਨ, ਉਨ੍ਹਾਂ ਨੇ ਸਾਈਨ ਕਿਉਂ ਨਹੀਂ ਕੀਤੇ।

ਤਾਅਨਾ ਇਹ ਹੈ ਕਿ ਉਹ ਸਾਡੀ ਹਕੂਮਤ ਕੋਲੋਂ ਡਰ ਗਏ ਹਨ। ਵਸੀਮ ਅਕਰਮ ਅਤੇ ਜਾਵੇਦ ਮਿਆਂਦਾਦ ਵਰਗੇ ਲੋਕ ਵੀ ਆਖ਼ਰ ਤੇ ਪਾਕਿਸਤਾਨੀ ਹੀ ਹਨ। ਜੇ ਬਾਕੀ ਮੁਲਕ ਡਰਿਆ ਹੋਇਆ, ਜੱਜ ਡਰੇ ਹਨ, ਵਕੀਲ ਡਰੇ ਹਨ ਅਤੇ ਕਈ ਰਿਟਾਇਰਡ ਜਨਰਲ ਵੀ ਡਰੇ ਹਨ ਅਤੇ ਇਨ੍ਹਾਂ ਕਪਤਾਨਾਂ ਦਾ ਡਰ ਵੀ ਬਣਦਾ ਹੈ।

ਪਰ ਨਾਲ ਉਨ੍ਹਾਂ ਨੂੰ ਇਹ ਵੀ ਸਮਝ ਹੋਵੇਗੀ ਕਿ ਜੇ ਪਾਕਿਸਤਾਨ ਵਿੱਚ ਬੰਦਾ ਚਿੱਠੀ ਲਿਖ ਕੇ ਜੇਲ੍ਹੋਂ ਕਢਵਾਇਆ ਜਾ ਸਕਦਾ ਤਾਂ ਹੁਣ ਸਾਰੀਆਂ ਜੇਲ੍ਹਾਂ ਵੇਲ੍ਹੀਆਂ ਹੋ ਚੁੱਕੀਆਂ ਹੁੰਦੀਆਂ ਹਨ।

ਮੁਹੰਮਦ ਹਨੀਫ਼
ਤਸਵੀਰ ਕੈਪਸ਼ਨ, ਇਮਰਾਨ ਖ਼ਾਨ ਬਾਰੇ 14 ਕ੍ਰਿਕਟਰਾਂ ਦੇ ਖ਼ਤ ਬਾਰੇ ਸੀਨੀਅਰ ਪੱਤਰਕਾਰ ਅਤੇ ਲੇਖਕ ਮੁਹੰਮਦ ਹਨੀਫ਼ ਦੀ ਟਿੱਪਣੀ

ਰਿਹਾਈ ਦੀ 'ਸਾਇੰਸ' ਤੇ 'ਆਰਟ'

ਪਾਕਿਸਤਾਨ ਵਿੱਚ ਬੰਦਾ ਜੇਲ੍ਹ ਚਲਾ ਜਾਵੇ ਅਤੇ ਇਮਰਾਨ ਖ਼ਾਨ ਵਾਂਗ ਸਿਆਸਤਦਾਨ ਵੀ ਹੋਵੇ ਤਾਂ ਉਸ ਨੂੰ ਜੇਲ੍ਹੋਂ ਕਢਵਾਉਣਾ ਸਾਇੰਸ ਵੀ ਹੈ ਅਤੇ ਇੱਕ ਆਰਟ ਵੀ।

ਸਾਇੰਸ ਇਹ ਹੈ ਕਿ ਅਦਾਲਤਾਂ ਦਾ ਬੂਹਾ ਖੜਕਾਓ, ਜੱਜਾਂ ਨੂੰ ਕਾਨੂੰਨ ਸਮਝਾਓ, ਸ਼ਰਮ ਦਿਵਾਓ ਅਤੇ ਵੱਡੇ, ਭਾਰੇ, ਮਹਿੰਗੇ ਵਕੀਲ ਰੱਖੋ। ਨਾਲ-ਨਾਲ ਅਮਰੀਕਾ, ਸਾਊਦੀ ਅਰਬ ਕੋਲੋਂ ਸਿਫਾਰਿਸ਼ਾਂ ਪਵਾਓ ਤੇ ਦੁਆਵਾਂ ਵੀ ਕਰੀ ਜਾਓ।

ਨਾਲ ਇੱਕ ਆਰਟ ਵੀ ਹੈ ਤੇ ਉਹ ਇਹ ਹੈ ਕਿ ਜਿੰਨਾਂ ਨੇ ਬੰਦੇ ਨੂੰ ਜੇਲ੍ਹ ਵਿੱਚ ਪਾਇਆ ਹੈ, ਉਨ੍ਹਾਂ ਨੂੰ ਛੋਟੀ-ਮੋਟੀ ਧਮਕੀ ਦਿਵਾਓ ਕਿ ਸਾਰੀ ਖ਼ਲਕਤ ਸਾਡੇ ਕੈਦੀ ਦੇ ਨਾਲ ਹੈ ਅਤੇ ਉਸ ਨੇ ਇੱਕ ਦਿਨ ਜੇਲ੍ਹ ਤੋੜ ਕੇ ਬੰਦਾ ਕਢਵਾ ਲੈਣਾ।

ਇਸ ਦੇ ਨਾਲ ਹੀ ਬੂਹਿਆਂ ਦੇ ਪਿੱਛੇ ਕੋਈ ਡੀਲ-ਸ਼ੀਲ ਦੀ ਗੱਲ ਵੀ ਕਰੋ। ਇਹ ਵਾਅਦਾ ਕਰ ਲਵੋ ਕਿ ਸਾਡਾ ਬੰਦਾ ਛੱਡ ਦਿਓ। ਇਹ ਚੁੱਪ ਕਰ ਕੇ ਘਰ ਬੈਠ ਜਾਵੇਗਾ ਜਾਂ ਦੇਸ਼ ਨਿਕਾਲਾ ਦੇ ਦਿਓ। ਇਹ ਦੁਬਈ, ਲੰਡਨ ਬੈਠ ਕੇ ਅੱਲ੍ਹਾ-ਅੱਲ੍ਹਾ ਕਰੇਗਾ।

ਸਾਡਾ ਬੰਦਾ ਵੀ ਛੁੱਟ ਜਾਵੇਗਾ ਤੇ ਤੁਹਾਡੀ ਜਾਨ ਵੀ ਛੁੱਟ ਜਾਵੇਗੀ। ਇਸੇ ਆਰਟ ਦੇ ਅੰਦਰ ਇੱਕ ਬਰੀਕ ਆਰਟ ਵੀ ਹੁੰਦਾ ਹੈ। ਉਹ ਇਹ ਆਰਟ ਹੁੰਦਾ ਹੈ ਕਿ ਸਾਡਾ ਬੰਦਾ ਬਹੁਤ ਬਿਮਾਰ ਹੈ। ਉਸ ਨੂੰ ਹਸਪਤਾਲ ਭੇਜੋ, ਜੇ ਹਸਪਤਾਲ ਵੀ ਨਹੀਂ ਭੇਜਣਾ ਤਾਂ ਇਹ ਰੌਲ਼ਾ ਪਾ ਦਿਓ ਕਿ ਜੇ ਸਾਡਾ ਬੰਦਾ ਤੁਹਾਡੀ ਜੇਲ੍ਹ ਵਿੱਚ ਮਰ ਗਿਆ ਤਾਂ ਇਸ ਦਾ ਖ਼ੂਨ ਤੁਹਾਡੇ ਸਿਰ ਉੱਤੇ ਆਵੇਗਾ।

ਇਮਰਾਨ ਖ਼ਾਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਮਰਾਨ ਖ਼ਾਨ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਸਮਰਥਕ 7 ਦਸੰਬਰ 2025 ਨੂੰ ਪੇਸ਼ਾਵਰ ਵਿੱਚ ਪ੍ਰਦਰਸ਼ਨ ਕਰਦੇ ਹੋਏ ਪੁਰਾਣੀ ਤਸਵੀਰ)

ਸਾਡੇ ਕਈ ਪ੍ਰਧਾਨ ਨਵਾਜ਼ ਸ਼ਰੀਫ਼, ਆਸਿਫ਼ ਅਲੀ ਜਰਦਾਰੀ ਅਤੇ ਕਿੰਨੇ ਹੋਰ ਇਹ ਸਾਇੰਸ ਤੇ ਆਰਟ ਰਲ਼ਾ ਕੇ ਜੇਲ੍ਹੋਂ ਬਾਹਰ ਹੁੰਦੇ ਰਹੇ ਹਨ।

ਹੁਣ ਇਮਰਾਨ ਖ਼ਾਨ ਦੀ ਪਾਰਟੀ ਨੇ ਵੀ ਪਹਿਲਾਂ ਸਾਇੰਸ ਚਲਾਈ, ਵਕੀਲਾਂ ਵਾਲੀ, ਜੱਜਾਂ ਵਾਲੀ, ਜਲਸੇ-ਜਲੂਸਾਂ ਵਾਲੀ ਪਰ ਉਹ ਸਾਇੰਸ ਨਹੀਂ ਚੱਲੀ।

ਜੱਜ ਚੁੱਪ ਹਨ ਅਤੇ ਇਹ ਕਹਿ ਦਿੰਦੇ ਹਨ ਕਿ ਸਾਡੀ ਤਾਂ ਜੇਲ੍ਹ ਵਾਲੇ ਵੀ ਨਹੀਂ ਸੁਣਦੇ।

ਹੁਣ ਇਮਰਾਨ ਖ਼ਾਨ ਬਿਮਾਰ ਵਾਲੀ ਆਰਟ ਫਿਲਮ ਵੀ ਚੱਲ ਚੁੱਕੀ ਹੈ। ਚਾਰ ਦਿਨ ਰੌਣਕ ਲੱਗੀ ਰਹੀ ਹੈ ਪਰ ਹਕੂਮਤ ਨੇ ਨਹੀਂ ਸੁਣੀ। ਹਕੂਮਤ ਦਾ ਵੀ ਇਹੀ ਖ਼ਿਆਲ ਹੋਵੇਗਾ ਕਿ ਇਸ ਉਮਰ ਦਾ ਇੰਨਾ ਫਿਟ ਬੰਦਾ ਦੁਨੀਆਂ ਉੱਤੇ ਕਿਤੇ ਕੋਈ ਨਹੀਂ ਹੈ ਤੇ ਕਿੰਨਾ ਬਿਮਾਰ ਹੋਵੇਗਾ।

ਉੱਤੋਂ ਇਮਰਾਨ ਖ਼ਾਨ ਦੀ ਪਾਰਟੀ ਵਿੱਚ ਸਿਆਸੀ ਵਰਕਰ ਘੱਟ ਅਤੇ ਆਸ਼ਿਕ ਬਹੁਤੇ ਹਨ। ਜਾਂ ਰੋਂਦੇ ਹਨ, ਜਾਂ ਗਾਲ਼ਾਂ ਕੱਢਦੇ ਹਨ ਜਾਂ ਦੁਆਵਾਂ ਮੰਗਦੇ ਹਨ। ਪਰ ਉਹ ਦੁਆ ਕਬੂਲ ਕੋਈ ਨਹੀਂ ਹੋ ਰਹੀ ਅਤੇ ਇੱਕ-ਦੂਜੇ ਨੂੰ ਗਾਲ਼ਾਂ ਕੱਢਣ ਲੱਗ ਪੈਂਦੇ ਹਨ।

ਇੱਕ ਆਸ਼ਿਕ ਨੂੰ ਪੁੱਛਿਆ ਕਿ ਜੇ ਤੁਸੀਂ ਸੱਚੇ ਆਸ਼ਿਕ ਹੋ ਤਾਂ ਪਹਿਲਾਂ ਇਮਰਾਨ ਖ਼ਾਨ ਨੂੰ ਜੇਲ੍ਹੋਂ ਬਾਹਰ ਤਾਂ ਕਢਵਾਓ। ਭਾਵੇਂ ਕੋਈ ਡੀਲ ਹੀ ਕਰਨੀ ਪਵੇ ਫਿਰ ਖ਼ਾਨ ਬਾਹਰ ਆ ਕੇ ਇਨ੍ਹਾਂ ਨਾਲ ਆਪੇ ਹੀ ਨਿੱਬੜ ਲਵੇਗਾ।

ਉਹ ਕਹਿੰਦੇ ਹਨ ਨਹੀਂ, ਸਾਡਾ ਖ਼ਾਨ ਮਰਦਾ ਮਰ ਜਾਵੇ ਪਰ ਅਸੀਂ ਉਸ ਨੂੰ ਡੀਲ ਨਹੀਂ ਕਰਨ ਦੇਣੀ। ਇੱਥੇ ਜਦੋਂ ਹਾਕਮ ਇੰਨੇ ਡਾਢੇ ਹੋਣ ਅਤੇ ਆਸ਼ਿਕ ਵੀ ਡਾਢੇ ਹੋਣ ਕਿ ਆਪਣੇ ਇਸ਼ਕ ਵਿੱਚ ਆਪਣੇ ਮਸ਼ੂਕ ਦੀ ਜਾਨ ਕੁਰਬਾਨ ਕਰਨ ਲਈ ਤਿਆਰ ਹੋਣ ਤਾਂ ਜੇਲ੍ਹਾਂ ਦੇ ਜਿੰਦਰੇ ਖੋਲ੍ਹਣ ਲਈ ਕੋਈ ਸਾਇੰਸ ਵੀ ਵੱਡੀ ਲਭਣਾ ਪਵੇਗੀ ਅਤੇ ਆਰਟ ਵੀ ਕੋਈ ਨਵੀਂ ਸਿੱਖਣੀ ਪਵੇਗੀ।

ਰੱਬ ਰਾਖਾ!

(ਇਹ ਲੇਖਕ ਦੇ ਨਿੱਜੀ ਵਿਚਾਰ ਹਨ)

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)