ਕੀ ਬਿਹਾਰ ਵਿੱਚ ਲਾਲੂ ਯਾਦਵ ਦੀ 'ਖੇਤਰੀ ਪਾਰਟੀ' ਦਾ ਭਵਿੱਖ ਹੁਣ ਖ਼ਤਰੇ ਵਿੱਚ ਹੈ

ਤੇਜਸਵੀ ਯਾਦਵ

ਤਸਵੀਰ ਸਰੋਤ, Hindustan Times via Getty Images

ਤਸਵੀਰ ਕੈਪਸ਼ਨ, ਬਿਹਾਰ ਚੋਣ ਨਤੀਜਿਆਂ ਤੋਂ ਬਾਅਦ ਤੇਜਸਵੀ ਯਾਦਵ ਦੇ ਸਾਹਮਣੇ ਚੁਣੌਤੀਆਂ ਵੱਧ ਗਈਆਂ ਹਨ।
    • ਲੇਖਕ, ਰਜਨੀਸ਼ ਕੁਮਾਰ
    • ਰੋਲ, ਬੀਬੀਸੀ ਪੱਤਰਕਾਰ

ਬਿਹਾਰ ਵਿੱਚ ਪਹਿਲੇ ਗੇੜ ਦੀਆਂ ਵੋਟਾਂ ਤੋਂ ਠੀਕ ਪਹਿਲਾਂ ਮੀਂਹ ਪੈ ਰਿਹਾ ਸੀ। ਅਸਮਾਨ ਵਿੱਚ ਬੱਦਲ ਛਾਏ ਹੋਏ ਸਨ, ਜਿਸ ਕਰਕੇ ਸਿਆਸੀ ਆਗੂਆਂ ਨੂੰ ਲੈ ਕੇ ਜਾਣ ਵਾਲੇ ਹੈਲੀਕਾਪਟਰਾਂ ਲਈ ਉਡਾਣ ਭਰਨਾ ਮੁਸ਼ਕਲ ਹੋ ਗਿਆ ਸੀ।

ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਯਾਦਵ ਦੇ ਵੱਡੇ ਪੁੱਤਰ ਤੇਜ ਪ੍ਰਤਾਪ ਯਾਦਵ 1 ਨਵੰਬਰ ਨੂੰ ਮਹੂਆ ਆਉਣ ਵਾਲੇ ਸਨ। ਉਨ੍ਹਾਂ ਦੇ ਹੈਲੀਪੈਡ ਦੇ ਸਾਹਮਣੇ ਭੀੜ ਇਕੱਠੀ ਹੋ ਗਈ ਸੀ। ਲੋਕਾਂ ਦੀਆਂ ਨਜ਼ਰਾਂ ਅਸਮਾਨ ਵੱਲ ਸਨ। ਪਰ ਅਸਮਾਨ ਵਿੱਚ ਕਾਲੇ ਬੱਦਲ ਛਾਏ ਹੋਏ ਸਨ।

ਫਿਰ ਤੇਜ ਪ੍ਰਤਾਪ ਦੀ ਪੀਆਰ ਟੀਮ ਨੇ ਕਿਹਾ ਕਿ ਮੌਸਮ ਠੀਕ ਨਾ ਹੋਣ ਕਰਕੇ ਤੇਜ ਪ੍ਰਤਾਪ ਉਡਾਣ ਨਹੀਂ ਭਰ ਸਕੇ।

ਉਸੇ ਸਮੇਂ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਮਹੂਆ ਵਿੱਚ ਇੱਕ ਰੈਲੀ ਕਰ ਰਹੇ ਸਨ। ਨਿਤੀਸ਼ ਸੜਕ ਰਾਹੀਂ ਪਹੁੰਚੇ ਸਨ। ਉਨ੍ਹਾਂ ਨੇ ਸਟੇਜ 'ਤੇ ਚੜ੍ਹ ਕੇ ਇੱਕ ਛੋਟਾ ਜਿਹਾ ਭਾਸ਼ਣ ਦਿੱਤਾ। ਉਹ ਐਲਜੇਪੀ (ਰਾਮ ਵਿਲਾਸ) ਉਮੀਦਵਾਰ ਲਈ ਪ੍ਰਚਾਰ ਕਰਨ ਆਏ ਸਨ।

ਐਲਜੇਪੀ (ਰਾਮ ਵਿਲਾਸ) ਦੇ ਉਮੀਦਵਾਰ ਸੰਜੇ ਸਿੰਘ ਨੂੰ ਅੱਗੇ ਕਰਦੇ ਹੋਏ ਕਿਹਾ ਕਿ ਇਨ੍ਹਾਂ ਨੂੰ ਵੋਟ ਪਾਓਗੇ? ਮਾਲਾ ਪਵਾ ਦੇਈਏ? ਲੋਕਾਂ ਨੇ ਹਾਮੀ ਭਰੀ ਅਤੇ ਨਿਤੀਸ਼ ਨੇ ਮਾਲਾ ਪਾ ਦਿੱਤੀ।

ਲਾਲੂ ਯਾਦਵ ਦੇ ਛੋਟੇ ਪੁੱਤਰ ਤੇਜਸਵੀ ਨੇ ਵੀ ਮੌਸਮ ਦੀ ਖਰਾਬੀ ਕਾਰਨ ਕਈ ਰੈਲੀਆਂ ਰੱਦ ਕਰ ਦਿੱਤੀਆਂ, ਪਰ 77 ਸਾਲਾਂ ਦੇ ਨਿਤੀਸ਼ ਕੁਮਾਰ ਨੇ ਹੈਲੀਕਾਪਟਰ ਉਡਾਉਣ ਲਈ ਮੌਸਮ ਦੇ ਠੀਕ ਹੋਣ ਦੀ ਉਡੀਕ ਨਹੀਂ ਕੀਤੀ।

ਸੌਖਾ ਨਹੀਂ ਹੈ ਰਾਹ

ਆਰਜੇਡੀ ਵਰਕਰ

ਤਸਵੀਰ ਸਰੋਤ, Hindustan Times via Getty Images

ਤਸਵੀਰ ਕੈਪਸ਼ਨ, ਸਵਾਲ ਹੁਣ ਆਰਜੇਡੀ ਦੇ ਭਵਿੱਖ ਉੱਤੇ ਵੀ ਉੱਠਣ ਲੱਗਣਗੇ

ਤੇਜਸਵੀ ਯਾਦਵ ਨੇ 2020 ਦੀਆਂ ਬਿਹਾਰ ਵਿਧਾਨ ਸਭਾ ਚੋਣਾਂ ਦੌਰਾਨ 200 ਤੋਂ ਵੱਧ ਰੈਲੀਆਂ ਨੂੰ ਸੰਬੋਧਨ ਕੀਤਾ ਸੀ। ਇਸ ਵਾਰ ਉਨ੍ਹਾਂ ਨੇ 100 ਤੋਂ ਵੀ ਘੱਟ ਰੈਲੀਆਂ ਨੂੰ ਸੰਬੋਧਨ ਕੀਤਾ।

ਸ਼ੁਰੂਆਤੀ ਰੁਝਾਨਾਂ ਵਿੱਚ ਤੇਜਸਵੀ ਯਾਦਵ ਆਪਣੀ ਸੀਟ, ਰਾਘੋਪੁਰ ਤੋਂ ਵੀ ਅੱਗੇ-ਪਿੱਛੇ ਹੋ ਸਨ। ਅੰਤ ਵਿੱਚ, ਉਹ 14,532 ਵੋਟਾਂ ਨਾਲ ਜਿੱਤ ਗਏ। ਤੇਜ ਪ੍ਰਤਾਪ ਯਾਦਵ ਮਹੂਆ ਵਿੱਚ ਤੀਜੇ ਸਥਾਨ 'ਤੇ ਰਹੇ।

ਰਾਘੋਪੁਰ ਵਿੱਚ ਭਾਜਪਾ ਦੇ ਸਤੀਸ਼ ਕੁਮਾਰ ਜਿਨ੍ਹਾਂ ਨੇ 2010 ਵਿੱਚ ਰਾਘੋਪੁਰ ਤੋਂ ਰਾਬੜੀ ਦੇਵੀ ਨੂੰ ਹਰਾਇਆ ਸੀ, ਨੇ ਤੇਜਸਵੀ ਨੂੰ ਸਖ਼ਤ ਟੱਕਰ ਦਿੱਤੀ।

ਤੇਜਸਵੀ ਯਾਦਵ 2015 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਰਾਘੋਪੁਰ ਤੋਂ ਵਿਧਾਇਕ ਚੁਣੇ ਗਏ ਸਨ। ਇਹ ਉਨ੍ਹਾਂ ਦੀ ਪਹਿਲੀ ਚੋਣ ਸੀ।

ਉਦੋਂ ਨਿਤੀਸ਼ ਕੁਮਾਰ ਅਤੇ ਲਾਲੂ ਯਾਦਵ ਨੇ ਇਕੱਠੇ ਚੋਣਾਂ ਲੜੀਆਂ ਸੀ। ਇਸ ਗੱਠਜੋੜ ਨੇ ਚੋਣ ਜਿੱਤੀ, ਅਤੇ ਤੇਜਸਵੀ ਆਪਣੇ ਪਹਿਲੀ ਵਾਰ ਵਿੱਚ ਹੀ ਸੂਬੇ ਦੇ ਉਪ ਮੁੱਖ ਮੰਤਰੀ ਬਣ ਗਏ।

ਦੋ ਸਾਲਾਂ ਤੋਂ ਵੀ ਘੱਟ ਸਮੇਂ ਬਾਅਦ, ਨਿਤੀਸ਼ ਕੁਮਾਰ ਭਾਜਪਾ ਵਿੱਚ ਦੁਬਾਰਾ ਸ਼ਾਮਲ ਹੋ ਗਏ ਅਤੇ ਤੇਜਸਵੀ ਯਾਦਵ ਨੂੰ 16 ਮਹੀਨਿਆਂ ਬਾਅਦ ਉਪ ਮੁੱਖ ਮੰਤਰੀ ਦਾ ਅਹੁਦਾ ਛੱਡਣ ਲਈ ਮਜਬੂਰ ਹੋਣਾ ਪਿਆ। ਫਿਰ ਉਹ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਬਣੇ।

ਆਪਣੇ ਛੋਟੇ ਜਿਹੇ ਰਾਜਨੀਤਿਕ ਕਰੀਅਰ ਦੌਰਾਨ ਤੇਜਸਵੀ ਯਾਦਵ 'ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਵੀ ਲੱਗੇ ਸਨ। ਅਗਸਤ 2018 ਵਿੱਚ ਆਈਆਰਸੀਟੀਸੀ ਜ਼ਮੀਨ ਘੁਟਾਲੇ ਦੇ ਮਾਮਲੇ ਵਿੱਚ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ ਸੀ।

ਇਹ ਮਾਮਲਾ ਪਟਨਾ ਵਿੱਚ ਤਿੰਨ ਏਕੜ ਜ਼ਮੀਨ ਨਾਲ ਸਬੰਧਤ ਹੈ, ਜਿੱਥੇ ਇੱਕ ਮਾਲ ਬਣਾਏ ਜਾਣ ਦੀ ਯੋਜਨਾ ਹੈ। ਲਾਲੂ ਯਾਦਵ 'ਤੇ 2006 ਵਿੱਚ ਰੇਲਵੇ ਮੰਤਰੀ ਰਹਿੰਦੇ ਹੋਏ ਇੱਕ ਨਿੱਜੀ ਕੰਪਨੀ ਨੂੰ ਹੋਟਲ ਚਲਾਉਣ ਦਾ ਠੇਕਾ ਦੇਣ ਅਤੇ ਬਦਲੇ ਵਿੱਚ ਇੱਕ ਮਹਿੰਗਾ ਪਲਾਟ ਹਾਸਲ ਕਰਨ ਦਾ ਇਲਜ਼ਾਮ ਹੈ।

ਤੇਜਸਵੀ ਦੀ ਅਗਵਾਈ ਹੇਠ ਆਰਜੇਡੀ ਨੇ ਤਿੰਨ ਚੋਣਾਂ ਲੜੀਆਂ ਹਨ: 2015, 2020 ਅਤੇ 2025 ਵਿੱਚ। 2015 ਵਿੱਚ, ਆਰਜੇਡੀ ਅਤੇ ਨਿਤੀਸ਼ ਕੁਮਾਰ ਇਕੱਠੇ ਸਨ ਅਤੇ ਇਸ ਗੱਠਜੋੜ ਨੇ ਜਿੱਤ ਹਾਸਲ ਕੀਤੀ।

ਆਰਜੇਡੀ 80 ਸੀਟਾਂ ਨਾਲ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰੀ ਸੀ। 2020 ਵਿੱਚ, ਆਰਜੇਡੀ ਨੇ ਕਾਂਗਰਸ ਨਾਲ ਗੱਠਜੋੜ ਕਰਕੇ ਚੋਣਾਂ ਲੜੀਆਂ ਅਤੇ ਨਿਤੀਸ਼ ਕੁਮਾਰ ਨੇ ਭਾਜਪਾ ਨਾਲ ਰਲ ਕੇ ਕੰਮ ਕੀਤਾ। ਇਸ ਚੋਣ ਵਿੱਚ ਵੀ, ਆਰਜੇਡੀ 75 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰੀ।

ਹਾਲਾਂਕਿ ਉਨ੍ਹਾਂ ਦੀ ਅਗਵਾਈ ਹੇਠ 2025 ਦੀਆਂ ਚੋਣਾਂ, ਆਰਜੇਡੀ ਲਈ 2010 ਦੀਆਂ ਚੋਣਾਂ ਵਰਗੀਆਂ ਹੀ ਸਨ। 2010 ਵਿੱਚ ਆਰਜੇਡੀ ਨੇ ਸਿਰਫ਼ 22 ਸੀਟਾਂ ਜਿੱਤੀਆਂ, ਅਤੇ ਇਸ ਵਾਰ ਵੀ ਇਹ ਲਗਭਗ ਇਸੇ ਗਿਣਤੀ ਦੇ ਕਰੀਬ ਜਿੱਤਣ ਦੀ ਸੰਭਾਵਨਾ ਜਾਪਦੀ ਹੈ।

ਸਵਾਲ ਇਹ ਉੱਠਦਾ ਹੈ: ਹੁਣ ਆਰਜੇਡੀ ਦਾ ਕੀ ਹੋਵੇਗਾ? ਕੀ ਤੇਜਸਵੀ ਯਾਦਵ ਉਹੀ ਰੁਤਬਾ ਹਾਸਲ ਕਰ ਸਕਣਗੇ ਜੋ ਲਾਲੂ ਯਾਦਵ ਨੇ 1990 ਦੇ ਦਹਾਕੇ ਵਿੱਚ ਹਾਸਲ ਕੀਤਾ ਸੀ?

ਆਰਜੇਡੀ ਦੇ ਸਾਬਕਾ ਆਗੂ ਪ੍ਰੇਮ ਕੁਮਾਰ ਮਨੀ ਦਾ ਕਹਿਣਾ ਹੈ ਕਿ ਕੋਈ ਵੀ ਪਾਰਟੀ ਇੱਕ ਜਾਤ ਦੇ ਆਧਾਰ 'ਤੇ ਨਹੀਂ ਚੱਲ ਸਕਦੀ ਅਤੇ ਮੈਨੂੰ ਲੱਗਦਾ ਹੈ ਕਿ ਯਾਦਵ ਵੀ ਹੁਣ ਆਰਜੇਡੀ ਨਾਲ ਪੂਰੀ ਤਰ੍ਹਾਂ ਇਕਜੁੱਟ ਨਹੀਂ ਹਨ।

ਪ੍ਰੇਮ ਕੁਮਾਰ ਮਣੀ ਕਹਿੰਦੇ ਹਨ, "ਜੇਕਰ ਯਾਦਵ ਦਾਨਾਪੁਰ ਵਿੱਚ ਪੂਰੀ ਤਰ੍ਹਾਂ ਆਰਜੇਡੀ ਦੇ ਨਾਲ ਹੁੰਦੇ ਤਾਂ ਰਾਮਕ੍ਰਿਪਾਲ ਯਾਦਵ ਲੀਡ ਨਾ ਹੁੰਦੀ ਸਗੋਂ ਰਿਤਲਾਲ ਯਾਦਵ ਦੀ ਹੁੰਦੀ। ਰਾਘੋਪੁਰ ਵਿੱਚ ਮੁਕਾਬਲਾ ਇੰਨਾ ਟੱਕਰ ਵਾਲਾ ਨਾ ਹੁੰਦਾ। ਪੂਰਨੀਆ ਵਿੱਚ ਆਰਜੇਡੀ ਉਮੀਦਵਾਰ ਬੀਮਾ ਭਾਰਤੀ ਨੂੰ ਸਿਰਫ਼ 27,000 ਵੋਟਾਂ ਨਾ ਮਿਲਦੀਆਂ, ਅਤੇ ਪੱਪੂ ਯਾਦਵ ਨਾ ਜਿੱਤਦੇ।"

ਪ੍ਰੇਮ ਕੁਮਾਰ ਮਣੀ ਕਹਿੰਦੇ ਹਨ, "ਮੁਸਲਮਾਨ ਵੀ ਉਨ੍ਹਾਂ ਨੂੰ ਛੱਡ ਰਹੇ ਹਨ। ਪਿਛਲੇ ਸਾਲ ਲੋਕ ਸਭਾ ਚੋਣਾਂ ਵਿੱਚ ਹਿਨਾ ਸ਼ਹਾਬ ਨੂੰ ਸੀਵਾਨ ਵਿੱਚ 300,000 ਤੋਂ ਵੱਧ ਵੋਟਾਂ ਮਿਲੀਆਂ ਸਨ। ਸਪੱਸ਼ਟ ਹੈ ਕਿ ਮੁਸਲਮਾਨਾਂ ਨੇ ਉਨ੍ਹਾਂ ਨੂੰ ਵੋਟ ਦਿੱਤੀ, ਭਾਵੇਂ ਉਹ ਆਰਜੇਡੀ ਉਮੀਦਵਾਰ ਨਹੀਂ ਸਨ। ਓਵੈਸੀ ਦੀ ਪਾਰਟੀ ਸੀਮਾਂਚਲ ਵਿੱਚ ਪੰਜ ਸੀਟਾਂ ਨਹੀਂ ਜਿੱਤ ਸਕਦੀ ਸੀ।"

ਲਾਲੂ ਯਾਦਵ ਨੂੰ ਇਸ ਸਾਲ 24 ਜੂਨ ਨੂੰ ਲਗਾਤਾਰ 13ਵੀਂ ਵਾਰ ਰਾਸ਼ਟਰੀ ਜਨਤਾ ਦਲ ਦਾ ਕੌਮੀ ਪ੍ਰਧਾਨ ਚੁਣਿਆ ਗਿਆ ਸੀ। 28 ਸਾਲ ਪੁਰਾਣੀ ਇਸ ਪਾਰਟੀ ਦਾ ਲਾਲੂ ਯਾਦਵ ਤੋਂ ਇਲਾਵਾ ਕਦੇ ਵੀ ਕੋਈ ਕੌਮੀ ਪ੍ਰਧਾਨ ਨਹੀਂ ਰਿਹਾ। 77 ਸਾਲ ਦੀ ਉਮਰ ਵਿੱਚ, ਲਾਲੂ ਯਾਦਵ ਕਈ ਸਿਹਤ ਸਬੰਧੀ ਦਿੱਕਤਾਂ ਨਾਲ ਜੂਝ ਰਹੇ ਹਨ।

ਲਾਲੂ ਯਾਦਵ ਦੀ ਵਿਰਾਸਤ

ਲਾਲੂ ਯਾਦਵ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਨੱਬੇ ਦੇ ਦਹਾਕੇ ਵਿੱਚ ਲਾਲੂ ਯਾਦਵ ਨੇ ਜਿਹੜੀ ਸਫ਼ਲਤਾ ਹਾਸਲ ਕੀਤੀ, ਤੇਜਸਵੀ ਦੀ ਅਗਵਾਈ ਵਿੱਚ ਪਾਰਟੀ ਉੱਥੇ ਤੱਕ ਨਹੀਂ ਪਹੁੰਚ ਸਕੀ।

ਲਾਲੂ ਯਾਦਵ ਐਕਟਿਵ ਸਿਆਸਤ ਤੋਂ ਬਹੁਤ ਦੂਰ ਹਨ ਪਰ ਉਹ ਅਜੇ ਵੀ ਪਾਰਟੀ ਦੇ ਅੰਦਰ ਕਾਫ਼ੀ ਅਹਿਮੀਅਤ ਰੱਖਦੇ ਹਨ। 10 ਮਾਰਚ, 1990 ਨੂੰ, ਲਾਲੂ ਯਾਦਵ ਨੇ ਬਿਹਾਰ ਦੇ 25ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ।

ਲਾਲੂ ਯਾਦਵ ਨੇ ਕਾਲਜ ਵਿੱਚ ਪੜ੍ਹਦੇ ਸਮੇਂ ਹੀ ਰਾਜਨੀਤੀ ਵਿੱਚ ਐਂਟਰੀ ਕੀਤੀ ਸੀ। ਉਨ੍ਹਾਂ ਨੇ 1977 ਵਿੱਚ ਛਪਰਾ ਲੋਕ ਸਭਾ ਹਲਕੇ ਤੋਂ ਆਪਣੀ ਪਹਿਲੀ ਚੋਣ ਜਿੱਤੀ। ਉਸ ਵੇਲੇ ਉਨ੍ਹਾਂ ਦੀ ਉਮਰ ਸਿਰਫ਼ 29 ਸਾਲ ਸੀ।

ਸਿਰਫ਼ 42 ਸਾਲ ਦੀ ਉਮਰ ਵਿੱਚ ਲਾਲੂ ਯਾਦਵ ਪਹਿਲਾਂ ਹੀ ਚਾਰ ਵੱਡੀਆਂ ਚੋਣਾਂ ਜਿੱਤ ਚੁੱਕੇ ਸਨ। ਇਹ 1977 ਅਤੇ 1989 ਵਿੱਚ ਸੰਸਦੀ ਚੋਣਾਂ ਅਤੇ 1980 ਅਤੇ 1985 ਵਿੱਚ ਬਿਹਾਰ ਵਿੱਚ ਵਿਧਾਨ ਸਭਾ ਚੋਣਾਂ ਸਨ।

ਜਦੋਂ ਲਾਲੂ ਯਾਦਵ ਮੁੱਖ ਮੰਤਰੀ ਬਣੇ ਤਾਂ ਉਨ੍ਹਾਂ ਦਾ ਅੰਦਾਜ਼ ਬਿਲਕੁਲ ਨਵਾਂ ਸੀ। ਸ਼ੁਰੂਆਤੀ ਮਹੀਨਿਆਂ ਵਿੱਚ ਲਾਲੂ ਸਕੂਲਾਂ ਅਤੇ ਸਰਕਾਰੀ ਦਫਤਰਾਂ ਦੇ ਅਚਾਨਕ ਦੌਰੇ ਕਰਦੇ ਸਨ, ਸ਼ਰੇਆਮ ਅਫ਼ਸਰਾਂ ਨੂੰ ਝਿੜਕਦੇ ਸਨ, ਗਰੀਬਾਂ ਨਾਲ ਖਾਣਾ ਖਾਂਦੇ ਸਨ ਅਤੇ ਪਿੰਡਾਂ ਵਿੱਚ ਕੈਬਨਿਟ ਮੀਟਿੰਗਾਂ ਕਰਦੇ ਸਨ।

ਮੁੱਖ ਮੰਤਰੀ ਬਣਨ ਤੋਂ ਬਾਅਦ ਲਾਲੂ ਯਾਦਵ ਨੇ 1992 ਵਿੱਚ ਬਿਹਾਰ ਦੀ ਸਰਕਾਰੀ ਭਾਸ਼ਾ ਵਜੋਂ ਮੈਥਿਲੀ ਦਾ ਦਰਜਾ ਖ਼ਤਮ ਕਰ ਦਿੱਤਾ।

1990 ਦੇ ਦਹਾਕੇ ਵਿੱਚ ਹਿੰਦੁਸਤਾਨ ਟਾਈਮਜ਼ ਲਈ ਪੋਲੀਟਿਕਲ ਰਿਪੋਰਟਰ ਰਹੇ ਸੰਜੇ ਸਿੰਘ ਕਹਿੰਦੇ ਹਨ, "ਮੈਥਿਲੀ ਨੂੰ ਬ੍ਰਾਹਮਣਾਂ ਨਾਲ ਜੋੜ ਕੇ ਵੇਖਿਆ ਜਾਂਦਾ ਸੀ ਅਤੇ ਲਾਲੂ ਯਾਦਵ ਦੇ ਉਭਾਰ ਤੋਂ ਪਹਿਲਾਂ ਮੈਥਿਲੀ ਬ੍ਰਾਹਮਣਾਂ ਦਾ ਬਿਹਾਰ ਦੀ ਸਿਆਸਤ ਵਿੱਚ ਦਬਦਬਾ ਰਿਹਾ ਸੀ। ਕਿਹਾ ਜਾਂਦਾ ਹੈ ਕਿ ਲਾਲੂ ਯਾਦਵ ਹਰ ਪੱਧਰ 'ਤੇ ਇਸ ਦਬਦਬੇ ਨੂੰ ਤੋੜਨਾ ਚਾਹੁੰਦੇ ਸਨ। ਲਾਲੂ ਯਾਦਵ ਨੇ ਪੱਛੜੇ, ਦਲਿਤ ਅਤੇ ਘੱਟ ਗਿਣਤੀ ਭਾਈਚਾਰਿਆਂ ਦੇ ਪੱਖੀ ਵਜੋਂ ਇੱਕ ਅਕਸ ਪੈਦਾ ਕੀਤਾ। ਦਹਾਕਿਆਂ ਦੇ ਸਿਆਸੀ ਕਰੀਅਰ ਦੇ ਬਾਵਜੂਦ ਲਾਲੂ ਯਾਦਵ ਇਸ ਅਕਸ ਤੋਂ ਬਾਹਰ ਨਹੀਂ ਨਿਕਲਣਾ ਚਾਹੁੰਦੇ।"

ਬਦਲਦਾ ਬਿਹਾਰ

ਜੇਡੀਯੂ ਦਫ਼ਤਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪਟਨਾ ਵਿੱਚ ਜੇਡੀਯੂ ਦਫ਼ਤਰ ਦੇ ਬਾਹਰ ਲੱਗਾ ਇੱਕ ਬੈਨਰ

ਪਰ ਬਿਹਾਰ ਹੁਣ ਉਹ ਸੂਬਾ ਨਹੀਂ ਹੈ ਜਿਸ 'ਤੇ ਲਾਲੂ ਯਾਦਵ ਕਦੇ ਰਾਜ ਕਰਦੇ ਸਨ ਤੇ ਨਾ ਹੀ ਲਾਲੂ ਯਾਦਵ ਉਹ ਸ਼ਖ਼ਸ ਰਹੇ ਹਨ ਜੋ ਕਦੇ ਸੀਐੱਮ ਦੀ ਕੁਰਸੀ ਉੱਤੇ ਬੈਠੇ ਸਨ। ਲਾਲੂ ਯਾਦਵ ਦੀ ਸਿਹਤ ਠੀਕ ਨਹੀਂ ਰਹਿੰਦੀ ਅਤੇ ਉਨ੍ਹਾਂ ਦਾ ਕਿਡਨੀ ਟ੍ਰਾਂਸਪਲਾਂਟ ਹੋਇਆ ਹੈ। ਉਹ ਸਰਗਰਮ ਸਿਆਸਤ ਤੋਂ ਵੀ ਬਾਹਰ ਹਨ।

ਸੰਜੇ ਸਿੰਘ ਦਾ ਕਹਿਣਾ ਹੈ ਕਿ ਲਾਲੂ ਯਾਦਵ ਕੋਲ ਦੋ ਤਰ੍ਹਾਂ ਦੀ ਵਿਰਾਸਤ ਹੈ ਅਤੇ ਇੱਕ ਵਿਰਾਸਤ ਹਰ ਚੋਣ ਵਿੱਚ ਤੇਜਸਵੀ ਯਾਦਵ ਉੱਤੇ ਭਾਰੀ ਪੈਂਦੀ ਹੈ।

ਸੰਜੇ ਸਿੰਘ ਕਹਿੰਦੇ ਹਨ, "ਲਾਲੂ ਯਾਦਵ ਦੀ ਇੱਕ ਵਿਰਾਸਤ ਤੇਜਸਵੀ ਦੀ ਮਜ਼ਬੂਤੀ ਹੈ। ਉਹ ਵਿਰਾਸਤ ਹੈ ਲਾਲੂ ਦਾ ਐੱਮਵਾਈ(ਮਾਈ) ਸਮੀਕਰਣ। ਯਾਦਵ ਅਤੇ ਮੁਸਲਮਾਨ ਅਜੇ ਵੀ ਆਰਜੇਡੀ ਦੇ ਨਾਲ ਹਨ। ਇੱਕ ਹੋਰ ਵਿਰਾਸਤ ਇਹ ਹੈ ਕਿ ਲਾਲੂ ਅਤੇ ਉਨ੍ਹਾਂ ਦੀ ਪਤਨੀ ਰਾਬੜੀ ਦੇਵੀ ਦੇ ਅਧੀਨ ਬਿਹਾਰ ਪਟੜੀ ਉੱਤੇ ਨਹੀਂ ਰਿਹਾ ਸੀ। ਤੇਜਸਵੀ ਯਾਦਵ ਅਜੇ ਵੀ ਇਸ ਸਿਆਸੀ ਵਿਰਾਸਤ ਦੇ ਪਰਛਾਵੇਂ ਤੋਂ ਬਾਹਰ ਨਹੀਂ ਨਿਕਲ ਸਕੇ ਹਨ। ਜਦੋਂ ਵੀ ਚੋਣਾਂ ਨੇੜੇ ਆਉਂਦੀਆਂ ਹਨ, ਤਾਂ ਇਹ ਨੈਰੇਟਿਵ ਮਜ਼ਬੂਤ ​​ਹੁੰਦਾ ਹੈ ਕਿ ਜੇਕਰ ਯਾਦਵ ਸੱਤਾ ਵਿੱਚ ਆਉਂਦੇ ਹਨ ਤਾਂ ਉਹ ਕਾਨੂੰਨ ਵਿਵਸਥਾ ਨੂੰ ਆਪਣੇ ਹੱਥਾਂ ਵਿੱਚ ਲੈ ਲੈਣਗੇ।"

ਸੰਜੇ ਸਿੰਘ ਕਹਿੰਦੇ ਹਨ, "ਤੇਜਸਵੀ ਯਾਦਵ ਲਈ ਅੱਗੇ ਦਾ ਰਾਹ ਬਹੁਤ ਮੁਸ਼ਕਲ ਹੈ। ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਉਨ੍ਹਾਂ ਦੀ ਸੁਣਵਾਈ 4 ਦਸੰਬਰ ਨੂੰ ਸ਼ੁਰੂ ਹੋਵੇਗੀ। ਪਰਿਵਾਰ ਵਿੱਚ ਅੰਦਰੋਂ ਪਹਿਲਾਂ ਹੀ ਫੁੱਟ ਹੈ। ਲਾਲੂ ਯਾਦਵ ਦੀ ਸਿਹਤ ਠੀਕ ਨਹੀਂ ਹੈ। ਲਾਲੂ ਯਾਦਵ ਦਾ ਉਭਾਰ ਉਦੋਂ ਹੋਇਆ ਜਦੋਂ ਕਾਂਗਰਸ ਆਪਣੀ ਸਭ ਤੋਂ ਕਮਜ਼ੋਰ ਸਥਿਤੀ ਵਿੱਚ ਸੀ।"

ਸ਼ਿਵਾਨੰਦ ਤਿਵਾਰੀ

ਉਹ ਕਹਿੰਦੇ ਹਨ, "1989 ਵਿੱਚ ਭਾਗਲਪੁਰ ਦੰਗਿਆਂ ਤੋਂ ਬਾਅਦ ਮੁਸਲਮਾਨ ਬਦਲਾਅ ਦੀ ਭਾਲ ਕਰ ਰਹੇ ਸਨ। ਪਰ ਹੁਣ ਸਥਿਤੀ ਬਿਲਕੁਲ ਵੱਖਰੀ ਹੈ। ਭਾਜਪਾ ਇੱਕ ਬਹੁਤ ਮਜ਼ਬੂਤ ​​ਪਾਰਟੀ ਹੈ। ਨਿਤੀਸ਼ ਕੁਮਾਰ ਦੇ ਨਾਲ ਹੋਣ ਨਾਲ ਇੱਕ ਚੰਗਾ ਸਮਾਜਿਕ ਸਮੀਕਰਨ ਬਣਦਾ ਹੈ। ਅਜਿਹੀ ਸਥਿਤੀ ਵਿੱਚ ਯਾਦਵ ਅਤੇ ਮੁਸਲਮਾਨ ਇਕੱਠੇ ਹੋ ਕੇ ਵੀ ਆਰਜੇਡੀ ਨੂੰ ਜਿੱਤ ਨਹੀਂ ਦਵਾ ਪਾਉਂਦੇ।"

ਰਾਸ਼ਟਰੀ ਜਨਤਾ ਦਲ ਦੇ ਸੀਨੀਅਰ ਨੇਤਾ ਅਤੇ ਰਾਬੜੀ ਦੇਵੀ ਦੀ ਕੈਬਨਿਟ ਵਿੱਚ ਆਬਕਾਰੀ ਮੰਤਰੀ ਰਹੇ ਸ਼ਿਵਾਨੰਦ ਤਿਵਾੜੀ ਦਾ ਕਹਿਣਾ ਹੈ ਕਿ ਜੇਕਰ ਤੇਜਸਵੀ ਯਾਦਵ ਸੋਚਦੇ ਹਨ ਕਿ ਉਹ ਇਸ ਸਮੇਂ ਆਪਣੇ ਪਿਤਾ ਵਾਲੀ ਸਿਆਸਤ ਕਰ ਸਕਣਗੇ ਤਾਂ ਇਹ ਗਲਤ ਹੈ।

ਸ਼ਿਵਾਨੰਦ ਤਿਵਾੜੀ ਕਹਿੰਦੇ ਹਨ, "ਤੇਜਸਵੀ ਯਾਦਵ ਨੇ ਪੂਰੀ ਪਾਰਟੀ ਨੂੰ ਵਨ ਮੈਨ ਸ਼ੋਅ ਬਣਾ ਦਿੱਤਾ ਹੈ। ਪੂਰੀ ਪਾਰਟੀ ਦੀ ਮੁਹਿੰਮ ਇੱਕ ਸ਼ਖ਼ਸ ਦੇ ਆਲੇ-ਦੁਆਲੇ ਕੇਂਦਰਿਤ ਸੀ। ਲਾਲੂ ਯਾਦਵ ਦੇ ਸਮੇਂ ਵੀ ਹਾਲਾਤ ਇਹੀ ਸਨ। ਹੁਣ ਤਾਂ ਪਰਿਵਾਰ ਦੇ ਅੰਦਰ ਹੀ ਸੱਤਾ ਲਈ ਸੰਘਰਸ਼ ਸ਼ੁਰੂ ਹੋ ਗਿਆ ਹੈ। ਮੈਂ ਰਾਬੜੀ ਦੇਵੀ ਦੀ ਸਰਕਾਰ ਵਿੱਚ ਮੰਤਰੀ ਸੀ ਅਤੇ ਮੈਨੂੰ ਪਤਾ ਹੈ ਕਿ ਸਰਕਾਰ ਕਿਵੇਂ ਕੰਮ ਕਰਦੀ ਸੀ। ਜੇਕਰ ਲੋਕ ਕਹਿੰਦੇ ਹਨ ਕਿ ਲਾਲੂ ਦੇ ਰਾਜ ਦੌਰਾਨ ਕਾਨੂੰਨ ਪ੍ਰਬੰਧ ਇੱਕ ਪਰਿਵਾਰ ਦੇ ਹੱਥਾਂ ਵਿੱਚ ਚਲਾ ਜਾਂਦਾ ਹੈ ਤਾਂ ਇਸ ਵਿੱਚ ਕੁਝ ਸੱਚਾਈ ਹੈ।"

ਸ਼ਿਵਾਨੰਦ ਤਿਵਾੜੀ ਕਹਿੰਦੇ ਹਨ, "ਯਾਦਵ ਤੇਜਸਵੀ ਯਾਦਵ ਦੇ ਨਾਲ ਹਨ। ਮੁਸਲਮਾਨ ਮਜਬੂਰੀ ਵਿੱਚ ਉਨ੍ਹਾਂ ਦੇ ਨਾਲ ਹਨ।"

ਨਹੀਂ ਜੁੜ ਰਹੇ ਨਵੇਂ ਵੋਟਰ

ਬਿਹਾਰ ਵਿੱਚ ਵੋਟਿੰਗ ਵੇਲੇ ਦੀ ਇੱਕ ਤਸਵੀਰ

ਤਸਵੀਰ ਸਰੋਤ, Hindustan Times via Getty Images

ਤਸਵੀਰ ਕੈਪਸ਼ਨ, ਬਿਹਾਰ ਵਿੱਚ ਵੋਟਿੰਗ ਵੇਲੇ ਦੀ ਇੱਕ ਤਸਵੀਰ

ਟਾਟਾ ਇੰਸਟੀਟਿਊਟ ਆਫ਼ ਸੋਸ਼ਲ ਸਾਇੰਸਿਜ਼ ਦੇ ਸਾਬਕਾ ਪ੍ਰੋਫੈਸਰ ਪੁਸ਼ਪੇਂਦਰ ਦਾ ਕਹਿਣਾ ਹੈ ਕਿ ਰਾਸ਼ਟਰੀ ਜਨਤਾ ਦਲ ਨਵੇਂ ਵੋਟਰਾਂ ਨੂੰ ਆਪਣੇ ਨਾਲ ਨਹੀਂ ਜੋੜ ਪਾ ਰਹੀ ।

ਪੁਸ਼ਪੇਂਦਰ ਕਹਿੰਦੇ ਹਨ, "ਜੇ ਤੁਸੀਂ ਐੱਨਡੀਏ ਨੂੰ ਦੇਖੋ ਤਾਂ ਇਸ ਵਿੱਚ ਯਾਦਵ ਅਤੇ ਮੁਸਲਮਾਨ ਛੱਡ ਕੇ ਸਾਰੀਆਂ ਜਾਤਾਂ ਹਨ। ਨਵੇਂ ਵੋਟਰਾਂ ਨੂੰ ਆਪਣੇ ਨਾਲ ਨਹੀਂ ਜੋੜ ਪਾ ਰਹੀ। ਲਾਲੂ ਯਾਦਵ ਦਾ ਉਭਾਰ ਉਦੋਂ ਹੋਇਆ ਜਦੋਂ ਬਿਹਾਰ ਜਗੀਰੂਵਾਦ ਦੀ ਜਕੜ ਵਿੱਚ ਸੀ। ਲਾਲੂ ਯਾਦਵ ਨੇ ਇਸ ਜਕੜ 'ਤੇ ਹਮਲਾ ਕੀਤਾ ਅਤੇ ਇਸ ਨੂੰ ਤੋੜ ਦਿੱਤਾ। ਲਾਲੂ ਯਾਦਵ ਜਾਣਦੇ ਸਨ ਕਿ ਆਪਣੀ ਤਾਕਤ ਨਾਲ 10 ਸਾਲ ਤਾਂ ਰਾਜ ਕਰਨਾ ਸੰਭਵ ਹੈ। ਪਰ ਜਗੀਰੂਵਾਦ ਦੇ ਕਮਜ਼ੋਰ ਹੋਣ ਤੋਂ ਬਾਅਦ ਲਾਲੂ ਯਾਦਵ ਨੇ ਜੋ ਕਰਨਾ ਸੀ ਉਹ ਨਹੀਂ ਕਰ ਸਕੇ। ਨਿਤੀਸ਼ ਕੁਮਾਰ ਨੇ ਕੋਈ ਇਨਕਲਾਬੀ ਬਦਲਾਅ ਨਹੀਂ ਕੀਤਾ ਹੈ ਪਰ ਉਨ੍ਹਾਂ ਨੂੰ ਸੜਕਾਂ ਅਤੇ ਬਿਜਲੀ ਦਾ ਸਿਹਰਾ ਜ਼ਰੂਰ ਦਿੱਤਾ ਜਾ ਸਕਦਾ ਹੈ।"

ਪੁਸ਼ਪੇਂਦਰ ਕਹਿੰਦੇ ਹਨ, "ਵਿਰੋਧੀ ਧਿਰ ਸਿਰਫ਼ ਵਾਅਦੇ ਕਰ ਸਕਦੀ ਹੈ ਪਰ ਸੱਤਾਧਾਰੀ ਧਿਰ ਨੂੰ ਆਪਣੇ ਵਾਅਦਿਆਂ ਨੂੰ ਲਾਗੂ ਕਰਨ ਦਾ ਅਧਿਕਾਰ ਹੁੰਦਾ ਹੈ। ਮੈਂ ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿ ਮਹਾਗਠਜੋੜ ਜਾਂ ਇੰਡੀਆ ਗਠਜੋੜ ਦੇ ਬਹੁਤ ਸਾਰੇ ਚੰਗੇ ਵਾਅਦੇ ਐਨਡੀਏ ਨੇ ਆਪਣੀਆਂ ਸਰਕਾਰਾਂ ਵਿੱਚ ਲਾਗੂ ਕੀਤੇ ਹਨ।"

"ਬਿਹਾਰ ਵਿੱਚ 40 ਲੱਖ ਤੋਂ ਵੱਧ ਸਕੀਮ ਵਰਕਰ ਹਨ। ਇਸ ਦਾ ਮਤਲਬ ਹੈ ਕਿ ਮਿਡ-ਡੇਅ ਮੀਲ ਬਣਾਉਣ ਵਾਲੇ, ਆਂਗਣਵਾੜੀ ਵਰਕਰ ਅਤੇ ਹੋਰ ਮੁਲਾਜ਼ਮ ਜਿਨ੍ਹਾਂ ਦੀਆਂ ਤਨਖਾਹਾਂ ਚੋਣਾਂ ਤੋਂ ਪਹਿਲਾਂ ਦੁੱਗਣੀਆਂ ਕਰ ਦਿੱਤੀਆਂ ਗਈਆਂ ਸਨ। ਬਿਹਾਰ ਵਿੱਚ ਜੀਵਿਕਾ ਨਾਲ ਜੁੜੀਆਂ ਲੱਖਾਂ ਔਰਤਾਂ ਨੂੰ ਉਨ੍ਹਾਂ ਦੇ ਖਾਤਿਆਂ ਵਿੱਚ 10,000 ਰੁਪਏ ਟ੍ਰਾਂਸਫਰ ਕੀਤੇ ਗਏ ਸਨ। ਦੂਜੇ ਪਾਸੇ, ਕਿਸੇ ਨੇ ਤੇਜਸਵੀ ਯਾਦਵ ਵੱਲੋਂ ਕੀਤੇ ਗਏ ਵਾਅਦਿਆਂ 'ਤੇ ਵਿਸ਼ਵਾਸ ਨਹੀਂ ਕੀਤਾ, ਜਿਵੇਂ ਕਿ ਬਿਹਾਰ ਦੇ ਹਰ ਪਰਿਵਾਰ ਦੇ ਇੱਕ ਮੈਂਬਰ ਲਈ ਸਰਕਾਰੀ ਨੌਕਰੀ। ਇਸ 'ਤੇ ਕੌਣ ਵਿਸ਼ਵਾਸ ਕਰਦਾ?"

ਪੁਸ਼ਪੇਂਦਰ ਦਾ ਕਹਿਣਾ ਹੈ ਕਿ ਆਰਜੇਡੀ ਨੂੰ ਪਰਿਵਾਰਕ ਦਾਇਰੇ ਤੋਂ ਬਾਹਰ ਆਉਣਾ ਪਵੇਗਾ ਅਤੇ ਇਹ ਵੀ ਸਮਝਣਾ ਪਵੇਗਾ ਕਿ ਯਾਦਵਾਂ ਨੂੰ ਵੀ ਹਿੰਦੂਤਵ ਦੀ ਰਾਜਨੀਤੀ ਰਾਸ ਆ ਰਹੀ ਹੈ।

ਪੁਸ਼ਪੇਂਦਰ ਕਹਿੰਦੇ ਹਨ, "ਮੁਸਲਮਾਨਾਂ ਆਰਜੇਡੀ ਦੇ ਨਾਲ ਮਜਬੂਰੀ ਵਿੱਚ ਹਨ ਅਤੇ ਯਾਦਵਾਂ ਲਈ ਹਿੰਦੂਤਵ ਰਾਜਨੀਤੀ ਕੋਈ ਅਛੂਤ ਨਹੀਂ ਹੈ। ਇਸ ਲਈ ਨਵੇਂ ਵੋਟਰ ਜੋੜਨ ਦੀ ਥਾਂ ਉਹ ਆਪਣਾ ਪੁਰਾਣਾ ਵੋਟ ਬੈਂਕ ਗੁਆ ਸਕਦੇ ਹਨ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)