ਬਿਹਾਰ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਬਾਰੇ ਕੀ ਬੋਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਹੁਲ ਗਾਂਧੀ

ਪੰਜਾਬ ਵਿੱਚ ਤਰਨ ਤਾਰਨ ਜ਼ਿਮਨੀ ਚੋਣ ਆਮ ਆਦਮੀ ਪਾਰਟੀ ਨੇ ਜਿੱਤੀ ਹੈ। ਜਦੋਂਕਿ ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਐੱਨਡੀਏ ਨੇ ਰੁਝਾਨਾਂ ਵਿੱਚ ਬਹੁਮਤ ਹਾਸਲ ਕਰ ਲਿਆ ਹੈ।

ਸਾਰ

  • 14 ਨਵੰਬਰ ਨੂੰ ਬਿਹਾਰ ਵਿਧਾਨ ਸਭਾ ਚੋਣਾਂ ਅਤੇ ਵੱਖ-ਵੱਖ ਜ਼ਿਮਨੀ ਚੋਣਾਂ ਦੇ ਨਤੀਜੇ ਐਲਾਨੇ ਗਏ।
  • ਬਿਹਾਰ ਵਿੱਚ ਭਾਰਤੀ ਜਨਤਾ ਪਾਰਟੀ ਅਤੇ ਜਨਤਾ ਦਲ (ਯੁਨਾਈਟਿਡ) ਦੀ ਸ਼ਮੂਲੀਅਤ ਵਾਲੇ ਐੱਨਡੀਏ ਗੱਠਜੋੜ ਨੇ ਮਹਾਗੱਠਜੋੜ ਨੂੰ ਪਛਾੜ ਦਿੱਤਾ।
  • ਪੀਐੱਮ ਮੋਦੀ ਨੇ ਇਸ ਨੂੰ 'ਵਿਕਾਸ ਦੀ ਜਿੱਤ' ਦੱਸਿਆ, ਉੱਥੇ ਹੀ ਰਾਹੁਲ ਗਾਂਧੀ ਨੇ ਚੋਣਾਂ ਨਿਰਪੱਖ ਨਾ ਹੋਣ ਦਾ ਦਾਅਵਾ ਕੀਤਾ।
  • ਤਰਨ ਤਾਰਨ ਵਿਧਾਨ ਸਭਾ ਦੀ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਜਿੱਤ ਹਾਸਲ ਕੀਤੀ।
  • ਆਪ ਆਗੂਆਂ ਨੇ ਦਾਅਵਾ ਕੀਤਾ ਕਿ ਇਸ ਜਿੱਤ ਨੇ ਸਾਬਤ ਕੀਤਾ ਹੈ ਕਿ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਜੇਤੂ ਰਹੇਗੀ।

ਲਾਈਵ ਕਵਰੇਜ

ਲਾਈਵ ਰਿਪੋਰਟਿੰਗ: ਚਰਨਜੀਤ ਕੌਰ ਤੇ ਗੁਰਜੋਤ ਸਿੰਘ

  1. ਹੁਣ ਇਸ ਲਾਈਵ ਪੇਜ ਨੂੰ ਖ਼ਤਮ ਕੀਤੇ ਜਾਣ ਦਾ ਸਮਾਂ ਆ ਗਿਆ ਹੈ। ਬੀਬੀਸੀ ਪੱਤਰਕਾਰ ਚਰਨਜੀਤ ਕੌਰ ਅਤੇ ਗੁਰਜੋਤ ਸਿੰਘ ਨੂੰ ਦਿਓ ਇਜਾਜ਼ਤ

    ਇਹ ਹੈ ਹੁਣ ਤੱਕ ਦੀਆਂ ਅਪਡੇਟਸ ਦਾ ਸਾਰ -

    • 14 ਨਵੰਬਰ ਨੂੰ ਬਿਹਾਰ ਵਿਧਾਨ ਸਭਾ ਚੋਣਾਂ ਅਤੇ ਵੱਖ-ਵੱਖ ਜ਼ਿਮਨੀ ਚੋਣਾਂ ਦੇ ਨਤੀਜੇ ਐਲਾਨੇ ਗਏ।
    • ਬਿਹਾਰ ਵਿੱਚ ਭਾਰਤੀ ਜਨਤਾ ਪਾਰਟੀ ਅਤੇ ਜਨਤਾ ਦਲ (ਯੁਨਾਈਟਿਡ) ਦੀ ਸ਼ਮੂਲੀਅਤ ਵਾਲੇ ਐੱਨਡੀਏ ਗੱਠਜੋੜ ਨੇ ਮਹਾਗੱਠਜੋੜ ਨੂੰ ਪਛਾੜ ਦਿੱਤਾ।
    • ਪੀਐੱਮ ਮੋਦੀ ਨੇ ਇਸ ਨੂੰ 'ਵਿਕਾਸ ਦੀ ਜਿੱਤ' ਦੱਸਿਆ, ਉੱਥੇ ਹੀ ਰਾਹੁਲ ਗਾਂਧੀ ਨੇ ਚੋਣਾਂ ਨਿਰਪੱਖ ਨਾ ਹੋਣ ਦਾ ਦਾਅਵਾ ਕੀਤਾ।
    • ਤਰਨ ਤਾਰਨ ਵਿਧਾਨ ਸਭਾ ਦੀ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਜਿੱਤ ਹਾਸਲ ਕੀਤੀ।
    • ਆਪ ਆਗੂਆਂ ਨੇ ਦਾਅਵਾ ਕੀਤਾ ਕਿ ਇਸ ਜਿੱਤ ਨੇ ਸਾਬਤ ਕੀਤਾ ਹੈ ਕਿ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਜੇਤੂ ਰਹੇਗੀ।

    ਹੋਰ ਅਹਿਮ ਖ਼ਬਰਾਂ ਅਤੇ ਰਿਪੋਰਟਸ ਲਈ ਬੀਬੀਸੀ ਪੰਜਾਬੀ ਨਾਲ ਜੁੜੇ ਰਹੋ।

  2. ਬਿਹਾਰ ਵਿਧਾਨ ਸਭਾ ਚੋਣਾਂ ਦੇ ਨਤੀਜੇ: ਐੱਨਡੀਏ ਨੇ ਮਹਾਗੱਠਜੋੜ ਨੂੰ ਪਛਾੜਿਆ

    ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਐੱਨਡੀਏ ਦੀ ਲੀਡ ਬਰਕਰਾਰ ਹੈ। ਉੱਥੇ ਹੀ ਮਹਾਗੱਠਜੋੜ ਕਾਫੀ ਪਿੱਛੇ ਹੈ।

    ਚੋਣ ਕਮਿਸ਼ਨ ਦੀ ਵੈਬ ਸਾਈਟ ਦੇ ਅੰਕੜਿਆਂ ਦੇ ਮੁਤਾਬਕ ਰਾਤ 10 ਵਜੇ ਤੱਕ ਦੇ ਨਤੀਜੇ ਇਸ ਤਰ੍ਹਾਂ ਹਨ।

    ਐੱਨਡੀਏ

    ਭਾਜਪਾ - 2 ਸੀਟਾਂ ਉੱਤੇ ਅੱਗੇ, 87 ਸੀਟਾਂ ਉੱਤੇ ਜਿੱਤ

    ਜੇਡੀਯੂ - 3 ਸੀਟਾਂ ਉੱਤੇ ਅੱਗੇ, 82 ਸੀਟਾਂ ਉੱਤੇ ਜਿੱਤ

    ਐੱਲਜੇਪੀ-(ਆਰਵੀ) - 1 ਸੀਟ ਉੱਤੇ ਅੱਗੇ, 18 ਸੀਟਾਂ ਉੱਤੇ ਜਿੱਤ

    ਹਮ - 5 ਉੱਤੇ ਜਿੱਤ

    ਰਾਸ਼ਟਰੀ ਲੋਕ ਮੋਰਚਾ - 4 ਉੱਤੇ ਜਿੱਤ

    ਮਹਾਗੱਠਜੋੜ

    ਆਰਜੇਡੀ - 1 ਸੀਟ ਉੱਤੇ ਅੱਗੇ, 24 ਸੀਟਾਂ ਉੱਤੇ ਜਿੱਤ

    ਕਾਂਗਰਸ - 6 ਸੀਟਾਂ ਉੱਤੇ ਜਿੱਤ

    ਸੀਪੀਐੱਮ - 1 ਉੱਤੇ ਜਿੱਤ

    ਸੀਪੀਆਈ ਐੱਮਐੱਲ - 2 ਸੀਟਾਂ ਉੱਤੇ ਜਿੱਤ

    ਹੋਰ

    ਏਆਈਐੱਮਆਈਐੱਮ - 5 ਉੱਤੇ ਜਿੱਤ

    ਬਹੁਜਨ ਸਮਾਜ ਪਾਰਟੀ - 1 ਉੱਤੇ ਅੱਗੇ

    ਇਹ ਅੰਕੜੇ ਰਾਤ 10 ਵਜੇ ਤੱਕ ਦੇ ਹਨ। ਸੂਬੇ ਦੀਆਂ 243 ਸੀਟਾਂ ਦੇ ਲਈ 6 ਅਤੇ 11 ਨਵੰਬਰ ਨੂੰ ਦੋ ਗੇੜਾਂ ਵਿੱਚ ਚੋਣਾਂ ਹੋਈਆਂ।

    ਭਾਜਪਾ ਜੇਡੀਯੂ

    ਤਸਵੀਰ ਸਰੋਤ, ANI

    ਤਸਵੀਰ ਕੈਪਸ਼ਨ, ਭਾਜਪਾ ਵਰਕਰਾਂ ਵਿੱਚ ਖੁਸ਼ੀ ਦਾ ਮਾਹੌਲ
  3. ਬਿਹਾਰ ਚੋਣ ਨਤੀਜਿਆਂ ਬਾਰੇ ਰਾਹੁਲ ਗਾਂਧੀ ਕੀ ਬੋਲੇ

    ਬਿਹਾਰ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਵਿੱਚ ਕਾਂਗਰਸ ਦਾ ਪ੍ਰਦਰਸ਼ਨ ਕਾਫ਼ੀ ਮਾੜਾ ਰਿਹਾ ਹੈ।

    ਕਾਂਗਰਸ ਆਗੂ ਰਾਹੁਲ ਗਾਂਧੀ ਨੇ ਚੋਣ ਨਤੀਜਿਆਂ ਬਾਰੇ ਆਪਣੇ ਐਕਸ ਅਕਾਉਂਟ ਉੱਤੇ ਲਿਖਿਆ ਹੈ।

    ਉਨ੍ਹਾਂ ਨੇ ਲਿਖਿਆ, "ਬਿਹਾਰ ਦੇ ਚੋਣ ਨਤੀਜੇ ਵਾਕਈ ਹੈਰਾਨ ਕਰਨ ਵਾਲੇ ਹਨ, ਅਸੀਂ ਇੱਕ ਅਜਿਹੀ ਚੋਣ ਵਿੱਚ ਜਿੱਤ ਨਹੀਂ ਹਾਸਲ ਕਰ ਸਕੇ ਜੋ ਕਿ ਸ਼ੁਰੂ ਵਿੱਚ ਹੀ ਨਿਰਪੱਖ ਨਹੀਂ ਸੀ।"

    ਉਨ੍ਹਾਂ ਨੇ ਅੱਗੇ ਲਿਖਿਆ, "ਇਹ ਲੜਾਈ ਸੰਵਿਧਾਨ ਅਤੇ ਲੋਕਤੰਤਰ ਦੀ ਰੱਖਿਆ ਦੇ ਲਈ ਸੀ। ਕਾਂਗਰਸ ਪਾਰਟੀ ਅਤੇ ਇੰਡੀਆ ਗੱਠਜੋੜ ਇਸ ਨਤੀਜੇ ਦੀ ਡੂੰਘਾਈ ਨਾਲ ਸਮੀਖਿਆ ਕਰਨਗੇ ਅਤੇ ਲੋਕਤੰਤਰ ਨੂੰ ਬਚਾਉਣ ਦੀਆਂ ਆਪਣੀਆਂ ਕੋਸ਼ਿਸ਼ਾਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣਗੇ।"

    ਰਾਹੁਲ ਗਾਂਧੀ

    ਤਸਵੀਰ ਸਰੋਤ, X/@RahulGandhi

  4. ਤਰਨ ਤਾਰਨ ਜ਼ਿਮਨੀ ਚੋਣ ਹਾਰਨ ਬਾਰੇ ਰਾਜਾ ਵੜਿੰਗ ਕੀ ਬੋਲੇ

    ਤਰਨ ਤਾਰਨ ਵਿਧਾਨ ਸਭਾ ਦੀ ਜ਼ਿਮਨੀ ਚੋਣ ਵਿੱਚ ਹਾਰ ਬਾਰੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪ੍ਰਤਿਕਿਰਿਆ ਦਿੱਤੀ ਹੈ।

    ਉਨ੍ਹਾਂ ਨੇ ਆਪਣੇ ਐਕਸ ਅਕਾਉਂਟ ਉੱਤੇ ਲਿਖਿਆ, "ਅਸੀਂ ਲੋਕਾਂ ਦਾ ਫ਼ਤਵਾ ਪ੍ਰਵਾਨ ਕਰਦੇ ਹਾਂ।"

    ਉਨ੍ਹਾਂ ਲਿਖਿਆ ਕਿ ਉਹ 2027 ਦੇ ਵੱਡੇ ਮੁਕਾਬਲੇ ਲਈ ਤਿਆਰੀ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਇਸ ਬਾਰੇ ਭਰੋਸਾ ਹੈ।

    ਜ਼ਿਕਰਯੋਗ ਹੈ ਕਿ ਰਾਜਾ ਵੜਿੰਗ ਤਰਨ ਤਾਰਨ ਵਿੱਚ ਚੋਣ ਪ੍ਰਚਾਰ ਦੌਰਾਨ ਵੱਖ-ਵੱਖ ਬਿਆਨਾਂ ਕਰਕੇ ਚਰਚਾ ਵਿੱਚ ਰਹੇ ਸਨ।

    ਰਾਜਾ ਵੜਿੰਗ

    ਤਸਵੀਰ ਸਰੋਤ, X/@RajaBrar_INC

    ਤਸਵੀਰ ਕੈਪਸ਼ਨ, ਅਮਰਿੰਦਰ ਸਿੰਘ ਰਾਜਾ ਵੜਿੰਗ
  5. ਬਿਹਾਰ ਚੋਣਾਂ ਬਾਰੇ ਮੋਦੀ ਬੋਲੇ 'ਇਸ ਜਿੱਤ ਨੇ ਨਵਾਂ 'ਮਾਈ' ਫਾਰਮੂਲਾ ਦਿੱਤਾ - ਮਹਿਲਾ ਅਤੇ ਯੂਥ'

    ਬਿਹਾਰ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਵਿੱਚ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੇ ਐੱਨਡੀਏ ਨੂੰ ਭਾਰੀ ਲੀਡ ਮਿਲਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਰੋਧੀ ਪਾਰਟੀਆਂ ਨੂੰ ਨਿਸ਼ਾਨਾ ਬਣਾਇਆ।

    ਉਨ੍ਹਾਂ ਨੇ ਨਵੀਂ ਦਿੱਲੀ ਵਿੱਚ ਭਾਰਤੀ ਜਨਤਾ ਪਾਰਟੀ ਦੇ ਮੁੱਖ ਦਫ਼ਤਰ ਵਿੱਚ ਭਾਸ਼ਣ ਦਿੰਦਿਆਂ ਕਿਹਾ, “ਬਿਹਾਰ ਵਿੱਚ ਕੁਝ ਦਲਾਂ ਨੇ ਤੁਸ਼ਟੀਕਰਨ (ਸੰਤੁਸ਼ਟ ਕਰਨ) ਵਾਲਾ ਐੱਮਵਾਈ(ਮਾਈ) ਫਾਰਮੂਲਾ ਬਣਾਇਆ ਸੀ ਪਰ ਅੱਜ ਦੀ ਇਸ ਜਿੱਤ ਨੇ ਇੱਕ ਨਵਾਂ ਸਕਾਰਾਤਮਕ ਐੱਮਵਾਈ(ਮਾਈ) ਫਾਰਮੂਲਾ ਦਿੱਤਾ ਹੈ, ਇਹ ਹੈ ਮਹਿਲਾ ਅਤੇ ਯੂਥ।”

    “ਅੱਜ ਬਿਹਾਰ ਦੇਸ਼ ਦੇ ਉਨ੍ਹਾਂ ਸੂਬਿਆਂ ਵਿੱਚ ਹੈ ਜਿੱਥੇ ਸਭ ਤੋਂ ਵੱਧ ਨੌਜਵਾਨਾਂ ਦੀ ਗਿਣਤੀ ਹੈ ਅਤੇ ਇਸ ਵਿੱਚ ਹਰ ਧਰਮ ਹਰ ਜਾਤ ਦੇ ਨੌਜਵਾਨ ਹਨ। ਉਨ੍ਹਾਂ ਦੀ ਇੱਛਾ, ਉਮੀਦ ਅਤੇ ਸੁਪਨਿਆਂ ਨੇ ਜੰਗਲ ਰਾਜ ਵਾਲਿਆਂ ਦੇ ਪੁਰਾਣੇ ਫ਼ਿਰਕੂ ‘ਮਾਈ’ ਫਾਰਮੂਲੇ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਹੈ।”

    ਨਰਿੰਦਰ ਮੋਦੀ

    ਤਸਵੀਰ ਸਰੋਤ, X/@narendramodi

    ਤਸਵੀਰ ਕੈਪਸ਼ਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ
  6. 'ਪੰਥਕ ਹਲਕੇ' ਦੀ ਜ਼ਿਮਨੀ ਚੋਣ ਦੇ ਨਤੀਜਿਆਂ ਦੇ ਕੀ ਹਨ ਮਾਅਨੇ - ਵੇਖੋ ਬੀਬੀਸੀ ਦੀ ਰਿਪੋਰਟ

    ਵੀਡੀਓ ਕੈਪਸ਼ਨ, ਤਰਨ ਤਾਰਨ ਜ਼ਿਮਨੀ ਚੋਣ 'ਚ 'ਆਪ' ਦੀ ਜਿੱਤ ਅਤੇ ਅਕਾਲੀ ਦਲ ਦੇ ਦੂਜੇ ਥਾਂ 'ਤੇ ਆਉਣ ਦਾ ਸਿਆਸੀ ਸੁਨੇਹਾ ਕੀ ਹੈ

    ਪੰਥਕ ਸੀਟ ਵੱਜੋਂ ਜਾਣੀ ਜਾਂਦੀ ਤਰਨ ਤਾਰਨ ਸੀਟ ਦੀ ਜ਼ਿਮਨੀ ਚੋਣ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਨੇ 12091 ਵੋਟਾਂ ਨਾਲ ਜਿੱਤ ਦਰਜ ਕੀਤੀ ਹੈ।

    ਹਰਮੀਤ ਸਿੰਘ ਸੰਧੂ ਇਸੇ ਸੀਟ ਤੋਂ ਸਾਲ 2022 ਵਿੱਚ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਜੋਂ 'ਆਪ' ਉਮੀਦਵਾਰ ਕਸ਼ਮੀਰ ਸਿੰਘ ਤੋਂ ਹਾਰੇ ਸਨ ਅਤੇ ਜੂਨ ਮਹੀਨੇ ਕਸ਼ਮੀਰ ਸਿੰਘ ਦੀ ਮੌਤ ਹੋਣ ਮਗਰੋਂ ਇਹ ਸੀਟ ਖਾਲੀ ਹੋ ਗਈ ਸੀ।

    ਤਰਨ ਤਾਰਨ ਵਿੱਚ ਹੁਣ ਕਿਹੋ ਜਿਹਾ ਮਾਹੌਲ ਹੈ, ਅਕਾਲੀ ਦਲ ਦੇ ਦੂਜੇ ਨੰਬਰ ਉੱਤੇ ਆਉਣ ਦੇ ਕੀ ਮਾਅਨੇ ਹਨ?

    ਤਰਨ ਤਾਰਨ ਤੋਂ ਜਾਣਕਾਰੀ ਦੇ ਰਹੇ ਹਨ ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ

    ਸੁਖਬੀਰ ਬਾਦਲ ਅਤੇ ਭਗਵੰਤ ਮਾਨ

    ਤਸਵੀਰ ਸਰੋਤ, ANI

  7. ਬਿਹਾਰ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਬਾਰੇ ਨਿਤੀਸ਼ ਕੁਮਾਰ ਨੇ ਕੀ ਕਿਹਾ?

    ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਬਿਹਾਰ ਵਿਧਾਨ ਸਭਾ ਚੋਣਾਂ ਦੇ ਰੁਝਾਨਾਂ 'ਤੇ ਪ੍ਰਤਿਕਿਰਿਆ ਦਿੱਤੀ ਹੈ।

    ਐਕਸ 'ਤੇ ਲਿਖੀ ਇੱਕ ਪੋਸਟ ਵਿੱਚ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹੋਰ ਗੱਠਜੋੜ ਭਾਈਵਾਲਾਂ ਦਾ ਧੰਨਵਾਦ ਕੀਤਾ।

    ਉਨ੍ਹਾਂ ਲਿਖਿਆ , "2025 ਦੀਆਂ ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਸੂਬੇ ਦੇ ਲੋਕਾਂ ਨੇ ਸਾਨੂੰ ਸ਼ਾਨਦਾਰ ਬਹੁਮਤ ਦੇ ਕੇ ਸਾਡੀ ਸਰਕਾਰ ਵਿੱਚ ਆਪਣਾ ਵਿਸ਼ਵਾਸ ਪ੍ਰਗਟ ਕੀਤਾ ਹੈ।"

    ਉਨ੍ਹਾਂ ਲਿਖਿਆ, "ਮੈਂ ਸਤਿਕਾਰਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਨ੍ਹਾਂ ਦੇ ਸਮਰਥਨ ਲਈ ਸਲਾਮ ਕਰਦਾ ਹਾਂ ਅਤੇ ਉਨ੍ਹਾਂ ਦਾ ਦਿਲੋਂ ਧੰਨਵਾਦ ਕਰਦਾ ਹਾਂ।"

    ਨਿਤੀਸ਼ ਕੁਮਾਰ, ਪ੍ਰਧਾਨ ਮੰਤਰੀ ਮੋਦੀ

    ਤਸਵੀਰ ਸਰੋਤ, ANI

  8. ਪ੍ਰਧਾਨ ਮੰਤਰੀ ਮੋਦੀ ਨੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਵਧਾਈ ਦਿੱਤੀ

    ਨਿਤੀਸ਼ ਕੁਮਾਰ ਅਤੇ ਨਰਿੰਦਰ ਮੋਦੀ

    ਤਸਵੀਰ ਸਰੋਤ, ANI

    ਤਸਵੀਰ ਕੈਪਸ਼ਨ, ਨਿਤੀਸ਼ ਕੁਮਾਰ ਅਤੇ ਨਰਿੰਦਰ ਮੋਦੀ

    ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਐੱਨਡੀਏ ਨੂੰ ਭਾਰੀ ਲੀਡ ਮਿਲਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਗੱਠਜੋੜ ਦੇ ਹੋਰ ਆਗੂਆਂ ਨੂੰ ਵਧਾਈ ਦਿੱਤੀ ਹੈ।

    ਉਨ੍ਹਾਂ ਨੇ ਆਪਣੇ ਐਕਸ ਅਕਾਊਂਟ ਉੱਤੇ ਲਿਖਿਆ, "ਐੱਨਡੀਏ ਨੇ ਸੂਬੇ ਦਾ ਸੰਪੂਰਨ ਵਿਕਾਸ ਕੀਤਾ ਹੈ। ਲੋਕਾਂ ਨੇ ਸਾਡੇ ਟ੍ਰੈਕ ਰਿਕਾਰਡ ਅਤੇ ਸੂਬੇ ਨੂੰ ਹੋਰ ਉਚਾਈਆਂ ਉੱਤੇ ਲੈ ਕੇ ਜਾਣ ਦੇ ਸਾਡੇ ਵਿਜ਼ਨ ਨੂੰ ਦੇਖ ਕੇ ਸਾਨੂੰ ਭਾਰੀ ਬਹੁਮਤ ਦਿੱਤਾ ਹੈ।"

    ਐੱਨਡੀਏ ਗੱਠਜੋੜ 203 ਸੀਟਾਂ ਉੱਤੇ ਅੱਗੇ ਚੱਲ ਰਿਹਾ ਹੈ ਜਦਕਿ ਮਹਾਗੱਠਜੋੜ 34 ਸੀਟਾਂ ਉੱਤੇ ਅੱਗੇ ਹੈ।

    ਨਰਿੰਦਰ ਮੋਦੀ

    ਤਸਵੀਰ ਸਰੋਤ, X/@narendramodi

  9. ਬਿਹਾਰ ਵਿਧਾਨ ਸਭਾ ਚੋਣਾਂ ਦੇ ਨਤੀਜੇ: ਜੇਡੀਯੂ, ਭਾਜਪਾ, ਆਰਜੇਡੀ ਕਿੰਨੀਆਂ ਸੀਟਾਂ ਉੱਤੇ ਅੱਗੇ

    ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਐੱਨਡੀਏ ਦੀ ਲੀਡ ਬਰਕਰਾਰ ਹੈ ਇਹ 208 ਸੀਟਾਂ ਉੱਤੇ ਅੱਗੇ ਹੈ।

    ਉੱਥੇ ਹੀ ਮਹਾਗੱਠਜੋੜ ਕਾਫੀ ਪਿੱਛੇ ਹੈ, ਇਹ ਸਿਰਫ਼ 29 ਸੀਟਾਂ ਉੱਤੇ ਅੱਗੇ ਹੈ।

    ਹੁਣ ਤੱਕ ਦੇ ਰੁਝਾਨ ਇਸ ਤਰ੍ਹਾਂ ਹਨ।

    ਐੱਨਡੀਏ

    ਭਾਜਪਾ - 93 ਸੀਟਾਂ ਉੱਤੇ ਅੱਗੇ, 2 ਸੀਟਾਂ ਉੱਤੇ ਜਿੱਤ

    ਜੇਡੀਯੂ - 80 ਸੀਟਾਂ, ਪੰਜ ਸੀਟਾਂ ਉੱਤੇ ਜਿੱਤ ਹਾਸਲ ਕੀਤੀ

    ਐੱਲਜੇਪੀ-(ਆਰਵੀ) 19 ਸੀਟਾਂ

    ਹਮ - 5 ਸੀਟਾਂ

    ਰਾਸ਼ਟਰੀ ਲੋਕ ਮੋਰਚਾ - 4

    ਮਹਾਗੱਠਜੋੜ

    ਆਰਜੇਡੀ - 25 ਸੀਟਾਂ

    ਕਾਂਗਰਸ - 2 ਸੀਟਾਂ

    ਸੀਪੀਐੱਮ - 1

    ਸੀਪੀਆਈ ਐੱਮਐੱਲ - 1

    ਹੋਰ

    ਏਆਈਐੱਮਆਈਐੱਮ - 5

    ਬਹੁਜਨ ਸਮਾਜ ਪਾਰਟੀ - 1

    ਇਹ ਅੰਕੜੇ 4 ਵਜੇ ਤੱਕ ਦੇ ਹਨ। ਸੂਬੇ ਦੀਆਂ 243 ਸੀਟਾਂ ਦੇ ਲਈ 6 ਅਤੇ 11 ਨਵੰਬਰ ਨੂੰ ਦੋ ਗੇੜਾਂ ਵਿੱਚ ਚੋਣਾਂ ਹੋਈਆਂ।

    ਭਾਜਪਾ ਜੇਡੀਯੂ

    ਤਸਵੀਰ ਸਰੋਤ, ANI

    ਤਸਵੀਰ ਕੈਪਸ਼ਨ, ਭਾਜਪਾ ਵਰਕਰਾਂ ਵਿੱਚ ਖੁਸ਼ੀ ਦਾ ਮਾਹੌਲ
  10. ਤਰਨ ਤਾਰਨ ਚੋਣ ਜਿੱਤਣ ਬਾਰੇ ਕੀ ਬੋਲੇ ਸੀਐੱਮ ਮਾਨ

    ਤਰਨ ਤਾਰਨ ਜ਼ਿਮਨੀ ਚੋਣ ਵਿੱਚ ਜਿੱਤ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਆਪਣੇ ਐਕਸ ਅਕਾਊਂਟ ਉੱਤੇ ਖ਼ੁਸ਼ੀ ਜ਼ਾਹਰ ਕੀਤੀ।

    ਉਨ੍ਹਾਂ ਨੇ ਲਿਖਿਆ, "ਤਰਨ ਤਾਰਨ ਦੀ ਜ਼ਿਮਨੀ ਚੋਣ 'ਚ ਮਿਲੀ ਸ਼ਾਨਦਾਰ ਜਿੱਤ ਨੇ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਕੰਮ ਦੀ ਰਾਜਨੀਤੀ ਪਸੰਦ ਹੈ। ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ 'ਚ ਪਾਰਟੀ ਜਿੱਤ ਦੇ ਝੰਡੇ ਗੱਡ ਰਹੀ ਹੈ।"

    ਮੁੱਖ ਮੰਤਰੀ ਭਗਵੰਤ ਮਾਨ

    ਤਸਵੀਰ ਸਰੋਤ, X/@BhagwantMann

    ਤਸਵੀਰ ਕੈਪਸ਼ਨ, 'ਆਪ' ਉਮੀਦਵਾਰ ਹਰਮੀਤ ਸਿੰਘ ਸੰਧੂ ਅਤੇ ਮੁੱਖ ਮੰਤਰੀ ਭਗਵੰਤ ਮਾਨ
  11. ਤਰਨ ਤਾਰਨ ਜ਼ਿਮਨੀ ਚੋਣ ਜਿੱਤਣ ਬਾਰੇ ਅਮਨ ਅਰੋੜਾ ਨੇ ਕੀ ਕਿਹਾ

    ਤਰਨ ਤਾਰਨ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਮਗਰੋਂ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਪ੍ਰੈੱਸ ਕਾਨਫ਼ਰੰਸ ਕੀਤੀ।

    ਅਮਨ ਅਰੋੜਾ ਨੇ ਇਸ ਵੇਲੇ ਬੋਲਦਿਆਂ ਕਿਹਾ ਕਿ ਜਲੰਧਰ ਪੱਛਮੀ, ਲੁਧਿਆਣਾ ਪੱਛਮੀ ਅਤੇ ਹੁਣ ਤਰਨ ਤਾਰਨ ਵਿੱਚ ਹੋਈ ਜਿੱਤ ਨੇ ਇਹ ਸਾਬਿਤ ਕੀਤਾ ਹੈ ਕਿ 'ਆਪ' ਪੰਜਾਬ ਦੇ ਸਾਰੇ ਧਰਮਾਂ ਤੇ ਵਰਗਾਂ ਦੀ ਪਸੰਦੀਦਾ ਪਾਰਟੀ ਹੈ।

    ਅਮਨ ਅਰੋੜਾ

    ਤਸਵੀਰ ਸਰੋਤ, FB/AAP

    ਤਸਵੀਰ ਕੈਪਸ਼ਨ, ਇਸ ਵੇਲੇ ਕੈਬਨਿਟ ਮੰਤਰੀ ਬਰਿੰਦਰ ਗੋਇਲ, ਲਾਲਜੀਤ ਸਿੰਘ ਭੁੱਲਰ ਤੇ ਹਰਦੀਪ ਸਿੰਘ ਮੁੰਡੀਆਂ ਵੀ ਉਨ੍ਹਾਂ ਨਾਲ ਸਨ

    ਉਨ੍ਹਾਂ ਨੇ ਕਿਹਾ ਕਿ ਜੇਕਰ ਇਹ ਚੋਣ 2027 ਦੀਆਂ ਵਿਧਾਨ ਸਭਾ ਚੋਣਾਂ ਦਾ ਸੈਮੀਫਾਈਨਲ ਸੀ ਤਾਂ ਇਸ ਵਿੱਚ 'ਆਪ' ਨੇ ਜਿੱਤ ਹਾਸਲ ਕੀਤੀ ਹੈ ਅਤੇ ਪਾਰਟੀ ਫਾਈਨਲ ਵਿੱਚ ਵੀ ਜਿੱਤ ਹਾਸਲ ਕਰੇਗੀ।

  12. ਤਰਨ ਤਾਰਨ ਤੋਂ 'ਆਪ' ਆਗੂ ਹਰਮੀਤ ਸਿੰਘ ਸੰਧੂ ਨੇ 12,091 ਵੋਟਾਂ ਦੇ ਫ਼ਰਕ ਨਾਲ ਜਿੱਤੀ ਚੋਣ

    ਤਰਨ ਤਾਰਨ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਨੇ ਜਿੱਤ ਹਾਸਲ ਕੀਤੀ ਹੈ।

    ਉਨ੍ਹਾਂ ਨੇ 12,091 ਵੋਟਾਂ ਦੇ ਫ਼ਰਕ ਨਾਲ ਇਹ ਚੋਣ ਜਿੱਤੀ।

    ਤਰਨ ਤਾਰਨ ਜ਼ਿਮਨੀ ਚੋਣ

    ਤਸਵੀਰ ਸਰੋਤ, ECI

    ਤਸਵੀਰ ਕੈਪਸ਼ਨ, ਸ਼੍ਰੋਮਣੀ ਅਕਾਲੀ ਦਲ ਇਸ ਚੋਣ ਵਿੱਚ ਦੂਜੀ ਥਾਂ ਉੱਤੇ ਰਿਹਾ

    ਤਰਨ ਤਾਰਨ ਚੋਣ ਨਤੀਜਿਆਂ ਬਾਰੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਐਕਸ ਅਕਾਊਂਟ ਉੱਤੇ ਲਿਖਿਆ, "ਤਰਨ ਤਾਰਨ ਜ਼ਿਮਨੀ ਚੋਣ ਵਿੱਚ ਮਿਲੀ ਇਸ ਇਤਿਹਾਸਿਕ ਜਿੱਤ ਨੇ ਸਾਫ਼ ਕਰ ਦਿੱਤਾ ਹੈ ਕਿ ਪੰਜਾਬ ਦੀ ਜਨਤਾ ਨੂੰ ਸਿਆਸੀ ਅਤੇ ਭਗਵੰਤ ਮਾਨ ਜੀ ਦੀ ਇਮਾਨਦਾਰ ਅਗਵਾਈ ਹੀ ਪਸੰਦ ਹੈ।"

    ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ 30,558 ਵੋਟਾਂ ਨਾਲ ਦੂਜੇ ਨੰਬਰ ਉੱਤੇ ਰਹੇ।

    ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਫੇਸਬੁੱਕ ਅਕਾਊਂਟ ਉੱਤੇ ਲਿਖਿਆ, "ਖ਼ਾਲਸਾ ਪੰਥ ਤੇ ਪੰਜਾਬ ਤਰਨ ਤਾਰਨ ਸਾਹਿਬ ਦੇ ਵੋਟਰਾਂ ਦਾ ਹਮੇਸ਼ਾਂ ਰਿਣੀ ਰਹੇਗਾ ਕਿ ਉਹਨਾਂ ਨੇ ਬੇਮਿਸਾਲ ਰਿਵਾਇਤੀ ਦ੍ਰਿੜਤਾ ਤੇ ਦਲੇਰੀ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਜੀ ਰੰਧਾਵਾ ਨੂੰ ਡਟ ਕੇ ਵੋਟਾਂ ਪਾਈਆਂ।"

    ਹਰਮੀਤ ਸਿੰਘ ਸੰਧੂ

    ਤਸਵੀਰ ਸਰੋਤ, BBC/RS Robin

    ਤਸਵੀਰ ਕੈਪਸ਼ਨ, ਹਰਮੀਤ ਸਿੰਘ ਸੰਧੂ ਨੇ 12,000 ਵੋਟਾਂ ਤੋਂ ਵੱਧ ਦੇ ਫ਼ਰਕ ਨਾਲ ਇਹ ਚੋਣ ਜਿੱਤੀ
  13. ਬਿਹਾਰ ਚੋਣ ਨਤੀਜੇ: ਅਖਿਲੇਸ਼ ਯਾਦਵ ਨੇ ਐੱਨਡੀਏ ਦੀ ਜਿੱਤ ਨੂੰ 'ਚੋਣ ਸਾਜ਼ਿਸ਼' ਦੱਸਿਆ

    ਬਿਹਾਰ

    ਤਸਵੀਰ ਸਰੋਤ, ANI

    ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਬਿਹਾਰ ਵਿਧਾਨ ਸਭਾ ਚੋਣਾਂ ਦੇ ਰੁਝਾਨਾਂ 'ਤੇ ਪ੍ਰਤੀਕਿਰਿਆ ਦਿੱਤੀ ਹੈ।

    ਅਖਿਲੇਸ਼ ਯਾਦਵ ਨੇ ਬਿਹਾਰ ਵਿੱਚ ਐੱਨਡੀਏ ਨੂੰ ਮਿਲ ਰਹੀ ਲੀਡ ਲਈ ਐੱਸਆਈਆਰ ਨੂੰ ਕਾਰਨ ਦੱਸਿਆ ਹੈ ਅਤੇ ਉਹਨਾਂ ਇਸ ਨੂੰ "ਚੋਣ ਸਾਜ਼ਿਸ਼" ਵੀ ਕਿਹਾ।

    ਅਖਿਲੇਸ਼ ਯਾਦਵ ਨੇ ਕਿਹਾ, "ਬਿਹਾਰ ਵਿੱਚ ਐੱਸਆਈਆਰ ਨਾਲ ਖੇਡੀ ਗਈ ਖੇਡ ਹੁਣ ਪੱਛਮੀ ਬੰਗਾਲ, ਤਮਿਲ ਨਾਡੂ, ਉੱਤਰ ਪ੍ਰਦੇਸ਼ ਜਾਂ ਹੋਰ ਕਿਤੇ ਥਾਂ ਦੁਹਰਾਈ ਨਹੀਂ ਜਾਵੇਗੀ, ਕਿਉਂਕਿ ਇਹ ਚੋਣ ਸਾਜ਼ਿਸ਼ ਹੁਣ ਬੇਨਕਾਬ ਹੋ ਗਈ ਹੈ।"

    ਬਿਹਾਰ ਵਿੱਚੋਂ ਆ ਰਹੇ ਰੁਝਾਨਾਂ ਵਿੱਚ ਐੱਨਡੀਏ ਨੂੰ ਵੱਡੀ ਲੀਡ ਮਿਲਦੀ ਦਿਖਾਉਂਦੇ ਹਨ। ਤਾਜ਼ਾ ਅੰਕੜਿਆਂ ਦੇ ਅਨੁਸਾਰ, ਐਨਡੀਏ ਲਗਭਗ 190 ਸੀਟਾਂ 'ਤੇ ਅੱਗੇ ਹੈ। ਸੂਬੇ ਵਿੱਚ ਸਰਕਾਰ ਬਣਾਉਣ ਲਈ 122 ਸੀਟਾਂ ਦੀ ਲੋੜ ਹੈ।

  14. ‘ਆਪ’ ਉਮੀਦਵਾਰ ਹਰਮੀਤ ਸੰਧੂ ਨੂੰ ਵੱਡੀ ਲੀਡ, ਸਮੱਰਥਕਾਂ ਨੇ ਪਾਏ ਭੰਗੜੇ

    ਤਰਨ ਤਾਰਨ

    ਤਸਵੀਰ ਸਰੋਤ, BBC/RS Robin

    ਆਮ ਆਦਮੀ ਪਾਰਟੀ ਦੇ ਵਰਕਰ ਜਸ਼ਨ ਮਨਾਉਂਦੇ ਹੋਏ

    ਤਰਨ ਤਾਰਨ ਜ਼ਿਮਨੀ ਚੋਣ ਦੀਆਂ ਵੋਟਾਂ ਦੀ ਗਿਣਤੀ ਦੇ ਤੇਰਵੇਂ ਰਾਊਂਡ ਦੀ ਗਿਣਤੀ ਤੋਂ ਬਾਅਦ ‘ਆਪ’ ਉਮੀਦਵਾਰ ਹਰਮੀਤ ਸਿੰਘ ਸੰਧੂ 11,594 ਵੋਟਾਂ ਨਾਲ ਅੱਗੇ ਹਨ।

    ਇਸ ਦੌਰਾਨ ਆਮ ਆਦਮੀ ਪਾਰਟੀ ਦੇ ਖੇਮੇ ਵਿੱਚ ਖੁਸ਼ੀ ਦਾ ਮਾਹੌਲ ਹੈ ਅਤੇ ਪਾਰਟੀ ਵਰਕਰਾਂ ਨੇ ਭੰਗੜੇ ਪਾਉਣੇ ਸ਼ੁਰੂ ਕਰ ਦਿੱਤੇ ਹਨ।

    ਚੋਣ ਕਮਿਸ਼ਨ ਦੀ ਵੈਬਸਾਈਟ ਮੁਤਾਬਕ ਸੰਧੂ ਨੂੰ 35476, ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਖਵਿੰਦਰ ਕੌਰ 23882, ਅਤੇ ਆਜ਼ਾਦ ਉਮੀਦਵਾਰ ਮਨਦੀਪ ਸਿੰਘ ਖ਼ਾਲਸਾ ਨੂੰ 15,819 ਵੋਟਾਂ ਮਿਲੀਆਂ ਹਨ।

  15. ਬਿਹਾਰ ਚੋਣ ਨਤੀਜੇ: ਐੱਨਡੀਏ ਦੇ ਅੱਗੇ ਹੋਣ ’ਤੇ ਕੀ ਬੋਲੇ ਜੀਤਨ ਰਾਮ ਮਾਂਝੀ

    ਬਿਹਾਰ ਚੋਣ ਨਤੀਜਿਆਂ ਦੇ ਰੁਝਾਨਾਂ ਵਿੱਚ ਐੱਨਡੀਏ ਦੀ ਵੱਡੀ ਲੀਡ ਤੋਂ ਬਾਅਦ, ਇਸਦੀ ਭਾਈਵਾਲ ਪਾਰਟੀ, ਹਿੰਦੁਸਤਾਨੀ ਅਵਾਮ ਮੋਰਚਾ (ਸੈਕੂਲਰ) ਦੇ ਪ੍ਰਧਾਨ ਜੀਤਨ ਰਾਮ ਮਾਂਝੀ ਨੇ ਕਿਹਾ ਕਿ ਐਨਡੀਏ 160 ਸੀਟਾਂ ਜਿੱਤੇਗਾ ਅਤੇ ਨਿਤੀਸ਼ ਕੁਮਾਰ ਦੁਬਾਰਾ ਮੁੱਖ ਮੰਤਰੀ ਬਣਨਗੇ।

    ਬਿਹਾਰ
    ਤਸਵੀਰ ਕੈਪਸ਼ਨ, ਬਿਹਾਰ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੀ ਗਿਣਤੀ ਜਾਰੀ ਹੈ।

    ਜੀਤਨ ਰਾਮ ਮਾਂਝੀ ਨੇ ਕਿਹਾ, "ਇਸ ਵਿੱਚ ਕੁਝ ਵੀ ਅਣਕਿਆਸਿਆ ਨਹੀਂ ਹੈ। ਅਸੀਂ ਸ਼ੁਰੂ ਤੋਂ ਹੀ ਕਹਿੰਦੇ ਆ ਰਹੇ ਹਾਂ ਕਿ ਐੱਨਡੀਏ ਭਾਰੀ ਬਹੁਮਤ ਨਾਲ ਸਰਕਾਰ ਬਣਾਏਗਾ ਅਤੇ ਨਿਤੀਸ਼ ਕੁਮਾਰ ਦੁਬਾਰਾ ਮੁੱਖ ਮੰਤਰੀ ਬਣਨਗੇ।"

    ਜੀਤਨ ਰਾਮ ਮਾਂਝੀ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਜੀਤਨ ਰਾਮ ਮਾਂਝੀ
    ਬਿਹਾਰ
    ਤਸਵੀਰ ਕੈਪਸ਼ਨ, ਬਿਹਾਰ ਵਿੱਚ ਸਰਕਾਰ ਬਣਾਉਣ ਲਈ ਘੱਟੋ-ਘੱਟ 122 ਸੀਟਾਂ ਦੀ ਲੋੜ ਹੈ।
  16. ਤਰਨ ਤਾਰਨ ਜ਼ਿਮਨੀ ਚੋਣ: ‘ਆਪ’ ਉਮੀਦਵਾਰ 5510 ਵੋਟਾਂ ਨਾਲ ਅੱਗੇ

    ਤਰਨ ਤਾਰਨ ਜ਼ਿਮਨੀ ਚੋਣ ਦੀਆਂ ਵੋਟਾਂ ਦੀ ਗਿਣਤੀ ਦੇ ਨੌਵੇਂ ਰਾਊਂਡ ਦੀ ਗਿਣਤੀ ਤੋਂ ਬਾਅਦ ‘ਆਪ’ ਉਮੀਦਵਾਰ ਹਰਮੀਤ ਸਿੰਘ ਸੰਧੂ 5510 ਵੋਟਾਂ ਨਾਲ ਅੱਗੇ ਹਨ।

    ਚੋਣ ਕਮਿਸ਼ਨ ਦੀ ਵੈਬਸਾਈਟ ਮੁਤਾਬਕ ਸੰਧੂ ਨੂੰ 23,773 ਵੋਟਾਂ ਮਿਲੀਆਂ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਖਵਿੰਦਰ ਕੌਰ 18,263 ਵੋਟਾਂ ਮਿਲੀਆਂ ਹਨ।

    ਆਜ਼ਾਦ ਉਮੀਦਵਾਰ ਮਨਦੀਪ ਸਿੰਘ ਖ਼ਾਲਸਾ ਨੂੰ 10416 ਅਤੇ ਕਾਂਗਰਸ ਉਮੀਦਰਵਾਰ ਕਰਨਬੀਰ ਸਿੰਘ ਨੂੰ 8760 ਵੋਟਾਂ ਮਿਲੀਆਂ ਹਨ।

    ਤਰਨ ਤਾਰਨ

    ਤਸਵੀਰ ਸਰੋਤ, Harmeet Singh Sandh/FB

    ਤਸਵੀਰ ਕੈਪਸ਼ਨ, ‘ਆਪ’ ਉਮੀਦਵਾਰ ਹਰਮੀਤ ਸਿੰਘ ਸੰਧੂ 5510 ਵੋਟਾਂ ਨਾਲ ਅੱਗੇ ਹਨ। (ਫ਼ਾਈਲ)
  17. ਬਿਹਾਰ ਦੀਆਂ ਵਿਧਾਨ ਸਭਾ ਚੋਣਾਂ: ਸ਼ੁਰੂਆਤੀ ਰੁਝਾਨਾਂ ਵਿੱਚ ਐੱਨਡੀਏ ਅੱਗੇ

    ਬਿਹਾਰ ਦੀਆਂ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਸ਼ੁਰੂਆਤੀ ਰੁਝਾਨਾਂ ਵਿੱਚ ਐੱਨਡੀਏ ਗਠਜੋੜ ਅੱਗੇ ਚੱਲ ਰਿਹਾ ਹੈ।

    ਬਿਹਾਰ ਵਿੱਚ ਐੱਨਡੀਏ ਅਤੇ ਆਰਜੇਡੀ ਨੇ ਆਪਣੀ-ਆਪਣੀ ਜਿੱਤ ਦੇ ਪਹਿਲਾਂ ਦਾਅਵੇ ਕੀਤੇ ਸਨ।

    ਐਨਡੀਏ 174 ਸੀਟਾਂ 'ਤੇ ਅੱਗੇ ਹੈ, ਜਦੋਂ ਕਿ ਮਹਾਂਗਠਜੋੜ 64 ਸੀਟਾਂ 'ਤੇ ਅੱਗੇ ਹੈ। ਪਹਿਲੀ ਵਾਰ ਚੋਣਾਂ ਲੜਨ ਵਾਲੀ ਜਨ ਸੁਰਾਜ ਪਾਰਟੀ ਸਿਰਫ਼ ਇੱਕ ਸੀਟ 'ਤੇ ਅੱਗੇ ਹੈ।

    ਬਿਹਾਰ ਦੀ ਅਲੀਨਗਰ ਵਿਧਾਨ ਸਭਾ ਸੀਟ ਤੋਂ ਭਾਜਪਾ ਦੀ ਮੈਥਿਲੀ ਠਾਕੁਰ ਅੱਗੇ ਚੱਲ ਰਹੀ ਹੈ।

    ਮਹੂਆ ਵਿਧਾਨ ਸਭਾ ਸੀਟ ਤੋਂ ਚੋਣ ਲੜ ਰਹੇ ਜਨਸ਼ਕਤੀ ਜਨਤਾ ਦਲ ਦੇ ਪ੍ਰਧਾਨ ਤੇਜ ਪ੍ਰਤਾਪ ਯਾਦਵ ਪਿੱਛੇ ਚੱਲ ਰਹੇ ਹਨ।

    ਬਿਹਾਰ ਵਿਧਾਨ ਸਭਾ ਚੋਣਾਂ

    ਤਸਵੀਰ ਸਰੋਤ, Santosh Kumar/Hindustan Times via Getty

  18. ਤਰਨ ਤਾਰਨ ਜ਼ਿਮਨੀ ਚੋਣ: ਚੌਥੇ ਰਾਊਂਡ ਦੀ ਗਿਣਤੀ ਬਾਅਦ ‘ਆਪ’ ਉਮੀਦਵਾਰ ਅੱਗੇ

    ਤਰਨ ਤਾਰਨ ਜ਼ਿਮਨੀ ਚੋਣ ਦੀਆਂ ਵੋਟਾਂ ਦੀ ਗਿਣਤੀ ਦੇ ਚੌਥੇ ਰਾਊਂਡ ਦੀ ਗਿਣਤੀ ਬਾਅਦ ‘ਆਪ’ ਉਮੀਦਵਾਰ ਹਰਮੀਤ ਸਿੰਘ ਸੰਧੂ ਅੱਗੇ ਹਨ।

    ਚੋਣ ਕਮਿਸ਼ਨ ਦੀ ਵੈਬਸਾਈਟ ਮੁਤਾਬਕ ਸੰਧੂ ਨੂੰ 9552 ਵੋਟਾਂ ਮਿਲੀਆਂ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਖਵਿੰਦਰ ਕੌਰ 9373 ਵੋਟਾਂ ਮਿਲੀਆਂ ਹਨ।

    ਸੰਧੂ 179 ਵੋਟਾਂ ਨਾਲ ਅੱਗੇ ਹਨ।

    ਤਰਨ ਤਾਰਨ ਜ਼ਿੰਮਨੀ ਚੋਣ

    ਤਸਵੀਰ ਸਰੋਤ, Harmeet Singh Sandhu/FB

  19. ਤਰਨ ਤਾਰਨ ਜ਼ਿਮਨੀ ਚੋਣ: ਵੋਟਾਂ ਦੀ ਗਿਣਤੀ ਜਾਰੀ, ਸੁਰੱਖਿਆ ਦੇ ਸਖ਼ਤ ਇੰਤਜ਼ਾਮ

    ਤਰਨ ਤਾਰਨ ਜ਼ਿਮਨੀ ਚੋਣਾਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਇਸ ਦੌਰਾਨ ਕਾਊਂਟਿੰਗ ਸੈਂਟਰਾਂ 'ਤੇ ਭਾਰੀ ਸੁਰੱਖਿਆ ਇੰਤਜ਼ਾਮ ਦੇਖਣ ਨੂੰ ਮਿਲ ਰਹੇ ਹਨ।

    ਤਸਵੀਰਾਂ ਵਿੱਚ ਦੇਖੋ ਕਾਊਂਟਿੰਗ ਸੈਂਟਰਾਂ ਦਾ ਮਾਹੌਲ:

    ਤਰਨ ਤਾਰਨ ਜ਼ਿਮਨੀ ਚੋਣ: ਵੋਟਾਂ ਦੀ ਗਿਣਤੀ ਸ਼ੁਰੂ

    ਤਸਵੀਰ ਸਰੋਤ, Ravinder Singh Robin/BBC

    ਤਰਨ ਤਾਰਨ ਜ਼ਿਮਨੀ ਚੋਣ: ਵੋਟਾਂ ਦੀ ਗਿਣਤੀ ਸ਼ੁਰੂ

    ਤਸਵੀਰ ਸਰੋਤ, Ravinder Singh Robin/BBC

    ਤਰਨ ਤਾਰਨ ਜ਼ਿਮਨੀ ਚੋਣ: ਵੋਟਾਂ ਦੀ ਗਿਣਤੀ ਸ਼ੁਰੂ

    ਤਸਵੀਰ ਸਰੋਤ, Ravinder Singh Robin/BBC

    ਤਰਨ ਤਾਰਨ ਜ਼ਿਮਨੀ ਚੋਣ: ਵੋਟਾਂ ਦੀ ਗਿਣਤੀ ਸ਼ੁਰੂ

    ਤਸਵੀਰ ਸਰੋਤ, Ravinder Singh Robin/BBC

  20. ਬਿਹਾਰ ਚੋਣਾਂ ਦੇ ਰੁਝਾਨ: ਸ਼ੁਰੂਆਤੀ ਰੁਝਾਨਾਂ ਵਿੱਚ ਜਾਣੋ ਕੌਣ ਅੱਗੇ

    ਨੀਤੀਸ਼ ਕੁਮਾਰ ਅਤੇ ਨਰਿੰਦਰ ਮੋਦੀ

    ਤਸਵੀਰ ਸਰੋਤ, Santosh Kumar/Hindustan Times via Getty

    ਬਿਹਾਰ ਵਿੱਚ ਵੋਟਾਂ ਦੀ ਗਿਣਤੀ ਸ਼ੁਰੂ ਹੈਂ ਦੇ ਨਾਲ ਹੀ ਰੁਝਾਨ ਆਉਣ ਲੱਗ ਪਏ ਹਨ। ਸ਼ੁਰੂਆਤੀ ਰੁਝਾਨਾਂ ਅਨੁਸਾਰ, ਐਨਡੀਏ ਅੱਗੇ ਚੱਲ ਰਹੀ ਹੈ।

    ਰੁਝਾਨਾਂ ਮੁਤਾਬਕ, ਸਵੇਰੇ 8:30 ਵਜੇ ਤੱਕ ਬਿਹਾਰ ਵਿੱਚ ਸੱਤਾਧਾਰੀ ਐਨਡੀਏ 32 ਸੀਟਾਂ 'ਤੇ ਅੱਗੇ ਚੱਲ ਰਹੀ ਹੈ। ਜਦਕਿ ਮਹਾਂਗਠਜੋੜ 21 ਸੀਟਾਂ 'ਤੇ ਅੱਗੇ ਚੱਲ ਰਿਹਾ ਹੈ।

    ਹੁਣ ਤੱਕ, ਤਿੰਨ ਸੀਟਾਂ 'ਤੇ ਜਨ ਸੁਰਾਜ ਅੱਗੇ ਹੈ।

    ਬਿਹਾਰ ਵਿੱਚ 243 ਵਿਧਾਨ ਸਭਾ ਸੀਟਾਂ ਹਨ। ਸਰਕਾਰ ਬਣਾਉਣ ਲਈ 122 ਸੀਟਾਂ ਦੇ ਬਹੁਮਤ ਦੀ ਲੋੜ ਹੈ।