ਫੌਜ ਦੇ ਰਿਟਾ. ਅਫ਼ਸਰ ਦਾ ਇਲਜ਼ਾਮ, 'ਵੀਆਈਪੀ ਕਾਫ਼ਲੇ ਦੀ ਜੀਪ ਨੇ ਗੱਡੀ ਨੂੰ ਜਾਣਬੁੱਝ ਕੇ ਟੱਕਰ ਮਾਰੀ', ਇਸ ਮਗਰੋਂ ਡੀਜੀਪੀ ਪੰਜਾਬ ਨੇ ਜਾਰੀ ਕੀਤੇ ਹੁਕਮ

ਤਸਵੀਰ ਸਰੋਤ, @LtGenHooda/X/Getty Images
- ਲੇਖਕ, ਰਾਹੁਲ ਕਾਲਾ
- ਰੋਲ, ਬੀਬੀਸੀ ਪੱਤਰਕਾਰ
ਭਾਰਤੀ ਫੌਜ ਦੇ ਰਿਟਾਇਰਡ ਲੈਫਟੀਨੈਂਟ ਜਨਰਲ ਦੀਪੇਂਦਰ ਸਿੰਘ ਹੁੱਡਾ ਨੇ ਇਲਜ਼ਾਮ ਲਾਏ ਹਨ ਕਿ ਉਨ੍ਹਾਂ ਦੀ ਕਾਰ ਨੂੰ ਬੁੱਧਵਾਰ ਸ਼ਾਮ ਨੂੰ ਵੀਆਈਪੀ ਕਾਫਿਲੇ ਨਾਲ ਮੌਜੂਦ ਪੰਜਾਬ ਪੁਲਿਸ ਦੀ ਇੱਕ ਗੱਡੀ ਨੇ ਟੱਕਰ ਮਾਰ ਦਿੱਤੀ, ਜਿਸ ਕਰਕੇ ਉਨ੍ਹਾਂ ਦੀ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ।
ਲੈਫਟੀਨੈਂਟ ਜਨਰਲ ਦੀਪੇਂਦਰ ਹੁੱਡਾ ਨੇ ਕਿਹਾ ਕਿ ਮੁਹਾਲੀ ਦੇ ਜ਼ੀਰਕਪੁਰ 'ਚ ਹੋਏ ਇਸ ਹਾਦਸੇ ਵਿੱਚ ਉਹ ਅਤੇ ਉਨ੍ਹਾਂ ਦੀ ਪਤਨੀ ਵਾਲ-ਵਾਲ ਬਚੇ।
ਰਿਟਾਇਰਡ ਲੈਫਟੀਨੈਂਟ ਜਨਰਲ ਹੁੱਡਾ ਨੇ ਇਸ ਘਟਨਾ ਤੋਂ ਬਾਅਦ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਟੈਗ ਕਰਦੇ ਹੋਏ ਇਸ ਮਾਮਲੇ ਵਿੱਚ ਸ਼ਾਮਲ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੀ ਭਾਲ ਕਰਨ ਅਤੇ ਕਾਰਵਾਈ ਕਰਨ ਲਈ ਕਿਹਾ ਹੈ। ੳਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਇਹ ਟੱਕਰ ਜਾਣਬੁੱਝ ਕੇ ਮਾਰੀ ਗਈ ਹੈ।
ਦੀਪੇਂਦਰ ਸਿੰਘ ਹੁੱਡਾ ਦੀ ਪੋਸਟ 'ਤੇ ਡੀਜੀਪੀ ਗੌਰਵ ਯਾਦਵ ਨੇ ਪ੍ਰਤੀਕਿਰਿਆ ਦਿੰਦਿਆਂ ਅਫਸੋਸ ਜ਼ਾਹਰ ਕੀਤਾ ਅਤੇ ਇਸ ਮਾਮਲੇ ਦੀ ਜਾਂਚ ਸਪੈਸ਼ਲ ਡੀਜੀਪੀ ਟ੍ਰੈਫਿਕ ਅਮਰਦੀਪ ਸਿੰਘ ਰਾਏ ਨੂੰ ਦੇ ਦਿੱਤੀ ਹੈ।
ਇਸ ਦੇ ਨਾਲ ਹੀ ਡੀਜੀਪੀ ਗੌਰਵ ਯਾਦਵ ਵੱਲੋਂ ਵੀਆਈਪੀ ਸੁਰੱਖਿਆ ਵਿੱਚ ਤਾਇਨਾਤ ਪੁਲਿਸ ਮੁਲਾਜ਼ਮਾਂ ਲਈ ਹਦਾਇਤਾਂ ਵੀ ਜਾਰੀ ਕੀਤੀਆਂ ਹਨ ਤਾਂ ਜੋ ਕੋਈ ਮਾੜੀ ਘਟਨਾ ਨਾ ਵਾਪਰ ਸਕੇ।
ਦੀਪੇਂਦਰ ਹੁੱਡਾ ਦੇ ਕੀ ਹਨ ਇਲਜ਼ਾਮ?
ਰਿਟਾਇਰਡ ਲੈਫਟੀਨੈਂਟ ਜਨਰਲ ਡੀਐਸ ਹੁੱਡਾ ਨੇ ਆਪਣੀ ਪੋਸਟ ਵਿੱਚ ਲਿਖਿਆ, ''ਬੁੱਧਵਾਰ ਸ਼ਾਮ 4 ਵਜੇ ਮੈਂ ਆਪਣੀ ਪਤਨੀ ਨਾਲ ਜ਼ੀਰਕਪੁਰ ਫਲਾਈਓਵਰ ਤੋਂ ਜਾ ਰਿਹਾ ਸੀ। ਇਸ ਦੌਰਾਨ ਇੱਕ ਵੀਆਈਪੀ ਕਾਫਿਲੇ ਦੀ ਸੁਰੱਖਿਆ ਵਿੱਚ ਲੱਗੀਆਂ ਪੰਜਾਬ ਪੁਲਿਸ ਦੀਆਂ ਦੋ ਜੀਪਾਂ ਸਾਇਰਨ ਵਜਾਉਂਦੀਆਂ ਅੰਬਾਲਾ ਵੱਲ ਆ ਰਹੀਆਂ ਸੀ।''

ਤਸਵੀਰ ਸਰੋਤ, @LtGenHooda/X
ਡੀਐਸ ਹੁੱਡਾ ਨੇ ਦੱਸਿਆ, “ਮੈਂ ਪੰਜਾਬ ਪੁਲਿਸ ਦੀ ਪਹਿਲੀ ਜੀਪ ਨੂੰ ਰਾਹ ਦੇਣ ਲਈ ਆਪਣੀ ਕਾਰ ਦੀ ਸਪੀਡ ਹੌਲੀ ਕੀਤੀ। ਭਾਰੀ ਟ੍ਰੈਫਿਕ ਹੋਣ ਕਰਕੇ ਵੀਆਈਪੀ ਗੱਡੀ ਨੂੰ ਨਿਕਲਣ 'ਚ ਕਰੀਬ ਤਿੰਨ ਸੈਕਿੰਡ ਜ਼ਿਆਦਾ ਲੱਗ ਗਏ, ਜਿਸ ਕਰਕੇ ਪਿੱਛੇ ਤੋਂ ਆ ਰਹੀ ਦੂਜੀ ਐਸਕਾਰਟ ਜੀਪ ਦਾ ਡਰਾਈਵਰ ਨਾਰਾਜ਼ ਹੋ ਗਿਆ ਅਤੇ ਉਸ ਨੇ ਖੱਬੇ ਪਾਸੇ ਤੋਂ ਓਵਰੇਟਕ ਕੀਤਾ ਅਤੇ ਜਾਣਬੁੱਝ ਕੇ ਇੱਕਦਮ ਸੱਜੇ ਪਾਸੇ ਗੱਡੀ ਤੇਜ਼ੀ ਨਾਲ ਮੋੜ ਲਈ। ਜੋ ਮੇਰੀ ਕਾਰ ਦੇ ਅਗਲੇ ਹਿੱਸੇ ਨਾਲ ਟਕਰਾਅ ਗਈ। ਟੱਕਰ ਤੋਂ ਬਾਅਦ ਐਸਕਾਰਟ ਜੀਪ ਬਿਨਾਂ ਰੁਕੇ ਤੇਜ਼ ਰਫ਼ਤਾਰ ਨਾਲ ਨਿਕਲ ਗਈ।''
ਰਿਟਾਇਰਡ ਲੈਫਟੀਨੈਂਟ ਜਨਰਲ ਡੀਐਸ ਹੁੱਡਾ ਨੇ ਇਲਜ਼ਾਮ ਲਾਇਆ, "ਇਹ ਸਪੱਸ਼ਟ ਤੌਰ 'ਤੇ ਇੱਕ ਜਾਣਬੁੱਝ ਕੇ ਕੀਤੀ ਕਾਰਵਾਈ ਸੀ, ਜਿਸ ਨੇ ਨਾ ਸਿਰਫ਼ ਕਾਰ ਨੂੰ ਨੁਕਸਾਨ ਪਹੁੰਚਾਇਆ, ਸਗੋਂ ਜ਼ਿਆਦਾ ਭੀੜ ਵਾਲੀ ਸੜਕ 'ਤੇ ਸਾਡੀ ਨਿੱਜੀ ਸੁਰੱਖਿਆ ਦੀ ਕੋਈ ਪਰਵਾਹ ਨਹੀਂ ਕੀਤੀ।"
ਜਨਰਲ ਹੁੱਡਾ ਨੇ ਲਿਖਿਆ ਕਿ ਜਿਹੜੇ ਲੋਕਾਂ ਨੂੰ ਕਾਨੂੰਨ ਦਾ ਰਾਖਾ ਹੋਣਾ ਚਾਹੀਦਾ ਹੈ, ਉਨ੍ਹਾਂ ਦੇ ਇਸ ਤਰ੍ਹਾਂ ਹੰਕਾਰ ਅਤੇ ਲਾਪਰਵਾਹੀ ਨਾਲ ਵਰਦੀ ਅਤੇ ਪੂਰੇ ਵਿਭਾਗ ਦੀ ਸਾਖ ਨੂੰ ਦਾਗ ਲੱਗਿਆ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਜੀਪੀ ਗੌਰਵ ਯਾਦਵ ਤੋਂ ਉਮੀਦ ਜਤਾਈ ਕਿ ਉਹ ਇਨ੍ਹਾਂ 'ਤੇ ਕਾਰਵਾਈ ਕਰਨਗੇ।
ਡੀਐਸ ਹੁੱਡਾ ਦੇ ਬਿਆਨਾਂ 'ਤੇ ਕੀ ਪੁਲਿਸ ਦਾ ਕਹਿਣਾ ਹੈ
ਡੀਜੀਪੀ ਗੌਰਵ ਯਾਦਵ ਵੱਲੋਂ ਇਸ ਮਾਮਲੇ ਦੀ ਜਾਂਚ ਸੌਂਪਣ 'ਤੇ ਰਿਟਾਇਰਡ ਲੈਫਟੀਨੈਂਟ ਜਨਰਲ ਡੀਐਸ ਹੁੱਡਾ ਨੇ ਕਿਹਾ, "ਮੈਂ ਤੁਹਾਡੇ ਜਵਾਬ ਦੀ ਕਦਰ ਕਰਦਾ ਹਾਂ। ਜੇ ਇਸ ਘਟਨਾ ਨੂੰ ਸਾਬਤ ਕਰਨਾ ਪਿਆ ਤਾਂ ਤੁਹਾਨੂੰ ਮੇਰੀ ਗੱਲ 'ਤੇ ਭਰੋਸਾ ਕਰਨਾ ਪਵੇਗਾ ਕਿਉਂਕਿ ਕਾਰ 'ਚ ਕੋਈ ਡੈਸ਼ਕੈਮ ਨਹੀਂ ਸੀ।''
ਮਾਮਲੇ ਦੀ ਜਾਂਚ ਕਰ ਰਹੇ ਸਪੈਸ਼ਲ ਡੀਜੀਪੀ ਏਐਸ ਰਾਏ ਨੇ ਬੀਬੀਸੀ ਨੂੰ ਦੱਸਿਆ, ''ਸਾਨੂੰ ਰਿਟਾਇਰਡ ਲੈਫਟੀਨੈਂਟ ਜਨਰਲ ਡੀਐਸ ਹੁੱਡਾ ਦੇ ਬਿਆਨਾਂ 'ਤੇ ਪੂਰਾ ਯਕੀਨ ਹੈ ਅਤੇ ਪੰਜਾਬ ਪੁਲਿਸ ਉਨ੍ਹਾਂ ਦੀ ਸਟੇਟਮੈਂਟ ਨੂੰ ਆਧਾਰ ਬਣਾ ਕੇ ਹੀ ਜਾਂਚ ਕਰ ਰਹੀ ਹੈ। ਹਾਲੇ ਤੱਕ ਪਤਾ ਨਹੀਂ ਲੱਗ ਸਕਿਆ ਕਿ ਇਹ ਵੀਆਈਪੀ ਕਾਫਿਲਾ ਕਿਹੜਾ ਸੀ ਅਤੇ ਕਿਹੜੀ ਪੰਜਾਬ ਪੁਲਿਸ ਦੀ ਐਸਕਾਰਟ ਜੀਪ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰੀ ਹੈ।''

ਤਸਵੀਰ ਸਰੋਤ, @DGPPunjabPolice/X
ਸਪੈਸ਼ਲ ਡੀਜੀਪੀ ਏਐਸ ਰਾਏ ਦੱਸਿਆ, ''ਜਾਂਚ ਕੋਈ ਸਮਾਂ ਬੱਧ ਨਹੀਂ ਹੈ। ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੀ ਡਿਊਟੀ ਲਗਾ ਦਿੱਤੀ ਗਈ ਹੈ। ਨਜ਼ਦੀਕ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੂਟੇਜ ਖੰਗਾਲੀ ਜਾ ਰਹੀ ਹੈ। ਰਿਟਾਇਰਡ ਲੈਫਟੀਨੈਂਟ ਜਨਰਲ ਡੀਐਸ ਹੁੱਡਾ ਨਾਲ ਗੱਲਬਾਤ ਵੀ ਕੀਤੀ ਹੈ ਅਤੇ ਉਨ੍ਹਾਂ ਨਾਲ ਵਾਪਰੀ ਇਸ ਘਟਨਾ ਪ੍ਰਤੀ ਪਛਤਾਵਾ ਵੀ ਜ਼ਾਹਿਰ ਕੀਤਾ ਹੈ।''
ਇਸੇ ਸਾਲ ਮਾਰਚ ਮਹੀਨੇ ਵਿੱਚ ਪਟਿਆਲਾ ਵਿੱਚ ਫੌਜ ਦੇ ਕਰਨਲ ਪੁਸ਼ਪਿੰਦਰ ਸਿੰਘ ਬਾਠ ਨਾਲ ਕਥਿਤ ਤੌਰ ਉੱਤੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੇ ਕੁੱਟਮਾਰ ਕੀਤੀ ਸੀ। ਉਸ ਕੇਸ ਦੀ ਪੰਜਾਬ ਪੁਲਿਸ ਵੱਲੋਂ ਕੀਤੀ ਗਈ ਜਾਂਚ 'ਤੇ ਸਵਾਲ ਉਠੇ ਸਨ। ਇਸ ਮਗਰੋਂ ਪਹਿਲਾਂ ਜਾਂਚ ਚੰਡੀਗੜ੍ਹ ਪੁਲਿਸ ਨੂੰ ਸੌਂਪੀ ਗਈ ਸੀ ਤੇ ਫਿਰ ਬਾਅਦ ਵਿੱਚ ਇਹ ਕੇਸ ਸੀਬੀਆਈ ਕੋਲ ਚਲਾ ਗਿਆ।

ਜਦੋਂ ਜਾਂਚ ਅਫ਼ਸਰ ਏਐਸ ਰਾਏ ਨੂੰ ਉਸ ਮਾਮਲੇ ਦਾ ਚੇਤੇ ਕਰਵਾਇਆ ਤਾਂ ਉਨ੍ਹਾਂ ਨੇ ਕਿਹਾ ਕਿ ਕਰਨਲ ਬਾਠ ਮਾਮਲੇ 'ਚ ਜੋ ਹੋਇਆ ਉਸ ਨੂੰ ਇਸ ਕੇਸ ਨਾਲ ਲਿੰਕ ਨਹੀਂ ਕੀਤਾ ਜਾ ਸਕਦਾ ਹਲਾਂਕਿ ਅਸੀਂ ਕਰਨਲ ਬਾਠ ਮਾਮਲੇ 'ਚ ਬਹੁਤ ਕੁਝ ਸਿੱਖਿਆ ਹੈ ਸਾਨੂੰ ਸਬਕ ਵੀ ਮਿਲਿਆ ਹੈ ਅਤੇ ਅਸੀਂ ਆਪਣੇ ਆਪ 'ਚ ਸੁਧਾਰ ਵੀ ਕੀਤੀ ਹੈ।
ਜਾਂਚ ਕਰ ਰਹੇ ਅਫ਼ਸਰ ਏਐਸ ਰਾਏ ਨੇ ਦੱਸਿਆ, ''ਡੀਐਸ ਹੁੱਡਾ ਮਾਮਲੇ ਨੂੰ ਵਿਸਥਾਰ ਨਾਲ ਵਿਚਾਰਿਆ ਜਾਵੇਗਾ ਅਤੇ ਸਾਰੇ ਐਂਗਲ ਕਵਰ ਕੀਤੇ ਜਾਣਗੇ। ਇਸ ਕੇਸ ਵਿੱਚ ਸਾਡਾ ਵਿਵਹਾਰ ਉਸੇ ਤਰ੍ਹਾਂ ਦਾ ਹੋਵੇਗਾ ਜਿਵੇਂ ਇੱਕ ਆਰਮੀ ਜਨਰਲ ਨਾਲ ਹੋਣਾ ਚਾਹੀਦਾ ਹੈ। ਬਿਨ੍ਹਾਂ ਵੀਡੀਓ ਸਬੂਤ ਤੋਂ ਵੀ ਅਸੀਂ ਇਸ ਦੀ ਜਾਂਚ ਨੂੰ ਪੂਰਾ ਕਰ ਸਕਾਂਗੇ ਕਿਉਂਕਿ ਸਾਨੂੰ ਅਜਿਹੀ ਸਿਖਲਾਈ ਮਿਲੀ ਹੋਈ ਹੈ।''
ਵੀਆਈਪੀ ਸੁਰੱਖਿਆ ਦੇ ਮੁਲਾਜ਼ਮਾਂ ਲਈ ਨਵੀਆਂ ਹਦਾਇਤਾਂ
ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਆਪਣੇ ਐੱਕਸ ਅਕਾਊਂਟ 'ਤੇ ਲਿਖਿਆ, "ਪੰਜਾਬ ਪੁਲਿਸ, ਇੱਕ ਪੇਸ਼ੇਵਰ ਫੋਰਸ ਹੋਣ ਦੇ ਨਾਤੇ, ਦੁਰਵਿਵਹਾਰ ਪ੍ਰਤੀ ਜ਼ੀਰੋ ਟਾਲਰੈਂਸ ਨੀਤੀ ਰੱਖਦੀ ਹੈ, ਕਿਉਂਕਿ ਇਸਦਾ ਫਰਜ਼ ਸਿਰਫ਼ ਖਤਰੇ ਵਿੱਚ ਪਏ ਵਿਅਕਤੀਆਂ ਦੀ ਰੱਖਿਆ ਕਰਨਾ ਨਹੀਂ ਹੈ, ਸਗੋਂ ਸੜਕਾਂ 'ਤੇ ਜਨਤਕ ਮਾਣ, ਸੁਰੱਖਿਆ ਅਤੇ ਵਿਸ਼ਵਾਸ ਨੂੰ ਬਣਾਈ ਰੱਖਣਾ ਵੀ ਹੈ।
"ਵੀਆਈਪੀ ਸੁਰੱਖਿਆ ਇੱਕ ਉੱਚ-ਜ਼ਿੰਮੇਵਾਰੀ ਵਾਲਾ ਕੰਮ ਹੈ ਜੋ ਨਾਗਰਿਕਾਂ ਲਈ ਅਨੁਸ਼ਾਸਨ, ਧੀਰਜ ਅਤੇ ਸਤਿਕਾਰ ਦੀ ਮੰਗ ਕਰਦਾ ਹੈ। ਮਜ਼ਬੂਤ ਸੁਰੱਖਿਆ ਉਪਕਰਣ ਅਤੇ ਸਤਿਕਾਰਯੋਗ ਆਚਰਣ ਨਾਲ-ਨਾਲ ਚੱਲਣਾ ਚਾਹੀਦਾ ਹੈ।"
ਵੀਆਈਪੀ ਸੁਰੱਖਿਆ ਵਿੱਚ ਤਾਇਨਾਤ ਪੁਲਿਸ ਮੁਲਾਜ਼ਮਾਂ ਲਈ ਉਨ੍ਹਾਂ ਨੇ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਜੋ ਇਸ ਪ੍ਰਕਾਰ ਹਨ:
1. ਗੈਰ-ਐਮਰਜੈਂਸੀ ਆਵਾਜਾਈ ਦੌਰਾਨ ਟ੍ਰੈਫਿਕ ਨਿਯਮਾਂ ਦੀ ਪਾਲਣਾ ਕੀਤੀ ਜਾਵੇ।
2. ਜਨਤਕ ਆਵਾਜਾਈ ਵਿੱਚ ਘੱਟੋ-ਘੱਟ ਰੁਕਾਵਟ ਨੂੰ ਯਕੀਨੀ ਬਣਾਉਂਦੇ ਹੋਏ, ਸੁਚਾਰੂ ਆਵਾਜਾਈ ਦੀ ਸਹੂਲਤ ਦਿੱਤੀ ਜਾਵੇ।
3. ਸੁਰੱਖਿਆ ਪ੍ਰਾਪਤ ਵਿਅਕਤੀ ਨਾਲ ਸੜਕੀ ਯਾਤਰਾ ਦੌਰਾਨ ਸ਼ਿਸ਼ਟਾਚਾਰ ਵਾਲਾ ਪੇਸ਼ੇਵਰ ਆਚਰਣ ਬਣਾਈ ਰੱਖਿਆ ਜਾਵੇ।
4. ਹਰ ਹਾਲਾਤ ਵਿੱਚ ਬਹੁਤ ਜ਼ਿਆਦਾ ਸਬਰ ਅਤੇ ਸੰਜਮ ਵਰਤਿਆ ਜਾਵੇਗਾ।
5. ਕਿਸੇ ਵੀ ਘਟਨਾ ਦੀ ਰਿਪੋਰਟ ਐਸਕਾਰਟ ਇੰਚਾਰਜ ਦੁਆਰਾ ਤੁਰੰਤ ਸਬੰਧਤ ਕੁਆਟਰਾਂ ਨੂੰ ਕੀਤੀ ਜਾਣੀ ਚਾਹੀਦੀ ਹੈ।
6. ਸਾਰੇ ਜ਼ਿਲ੍ਹਿਆਂ ਵੱਲੋਂ ਐਸਕਾਰਟ, ਪਾਇਲਟ ਅਤੇ ਟ੍ਰੈਫਿਕ ਸਟਾਫ ਨੂੰ 48 ਘੰਟਿਆਂ ਦੇ ਅੰਦਰ-ਅੰਦਰ ਸੜਕ 'ਤੇ ਪੇਸ਼ੇਵਰ ਅਤੇ ਸ਼ਿਸ਼ਟਾਚਾਰੀ ਵਿਵਹਾਰ ਬਾਰੇ ਲਾਜ਼ਮੀ ਬ੍ਰੀਫਿੰਗ ਦਿੱਤੀ ਜਾਵੇ।

ਸੋਸ਼ਲ ਮੀਡੀਆ 'ਤੇ ਕੀ ਹਨ ਪ੍ਰਤੀਕੀਰਿਆਵਾਂ?
ਇਸ ਮਸਲੇ ਬਾਰੇ ਸੋਸ਼ਲ ਮੀਡੀਆ ਉੱਤੇ ਵੀ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਲੈਫਟੀਨੈਂਟ ਜਨਰਲ ਰਾਕੇਸ਼ ਸ਼ਰਮਾ ਨੇ ਐਕਸ ਪਲੇਟਫਾਰਮ 'ਤੇ ਲਿਖਿਆ, ''ਸਰ, ਇਹ ਬਹੁਤ ਹੀ ਭਿਆਨਕ ਅਤੇ ਡਰਾਉਣਾ ਰਿਹਾ ਹੋਵੇਗਾ, ਉਮੀਦ ਕਰਦੇ ਹਾਂ ਕਿ ਤੁਸੀਂ ਅਤੇ ਸ਼੍ਰੀਮਤੀ ਹੁੱਡਾ ਤੰਦਰੁਸਤ ਹੋ।''
ਪ੍ਰਵੇਸ਼ ਜੈਨ ਨਾਮ ਦੇ ਇੱਕ ਐਕਸ ਯੂਜ਼ਰ ਨੇ ਲਿਖਿਆ, ''ਇਸ ਦੁਖਦਾਈ ਘਟਨਾ ਨੇ ਭਾਰਤ ਦੇ ਵੀਆਈਪੀ ਕਲਚਰ ਦੇ ਖ਼ਤਰਿਆਂ ਨੂੰ ਉਜਾਗਰ ਕੀਤਾ ਹੈ। ਅਜਿਹੀ ਕਾਰਵਾਈ ਪੁਲਿਸ ਦੀ ਵਰਦੀ 'ਤੇ ਦਾਗ ਲਗਾਉਂਦੀ ਹੈ ਅਤੇ ਜਨਤਾ ਦੇ ਵਿਸ਼ਵਾਸ ਨੂੰ ਖ਼ਤਮ ਕਰਦੀ ਹੈ।''
ਐਕਸ ਯੂਜ਼ਰ ਪਦਮਾ ਰਾਓ ਸੁੰਦਰਜੀ ਨੇ ਕਿਹਾ, ''ਇਹ ਬਿਲਕੁਲ ਵੀ ਹੈਰਾਨ ਕਰਨ ਵਾਲਾ ਨਹੀਂ ਹੈ, ਦਿੱਲੀ ਵਿੱਚ ਪੰਜਾਬ ਪੁਲਿਸ ਦੀਆਂ ਗੱਡੀਆਂ ਦਾ ਘੁੰਮਣਾ ਵੀ ਇੱਕ ਵੱਡੀ ਤੇ ਖ਼ਤਰਨਾਕ ਪਰੇਸ਼ਾਨੀ ਹੈ। ਇਹ ਹਥਿਆਰ ਲੈ ਕੇ ਤੇਜ਼ ਰਫ਼ਤਾਰ ਗੱਡੀਆਂ ਦੀਆਂ ਖਿੜਕੀਆਂ 'ਚੋਂ ਬਾਹਰ ਲਟਕਦੇ ਹਨ। ਇਹ ਗ਼ਲਤੀ ਇਨ੍ਹਾਂ ਮੁਲਾਜ਼ਮਾਂ ਦੀ ਨਹੀਂ ਹੈ ਇਹ ਗ਼ਲਤੀ ਉੱਪਰ ਬੈਠੇ ਨੀਤੀਆਂ ਘੜਨ ਵਾਲਿਆਂ ਦੀ ਹੈ।''
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












