ਦਿੱਲੀ ਧਮਾਕੇ ਤੋਂ ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਤਿੰਨ ਡਾਕਟਰਾਂ ਬਾਰੇ ਹੁਣ ਤੱਕ ਕੀ ਪਤਾ ਲੱਗਿਆ

ਲਾਲ ਕਿਲ੍ਹਾ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਸੋਮਵਾਰ ਨੂੰ ਲਾਲ ਕਿਲ੍ਹੇ ਨੇੜੇ ਹੋਏ ਧਮਾਕੇ ਤੋਂ ਬਾਅਦ, ਇਸ ਜਗ੍ਹਾ 'ਤੇ ਜਨਤਕ ਆਵਾਜਾਈ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ
    • ਲੇਖਕ, ਸਈਅਦ ਮੋਜ਼ੀਜ਼ ਇਮਾਮ
    • ਰੋਲ, ਬੀਬੀਸੀ ਪੱਤਰਕਾਰ

10 ਨਵੰਬਰ ਦੀ ਸ਼ਾਮ ਨੂੰ ਦਿੱਲੀ ਦੇ ਲਾਲ ਕਿਲ੍ਹਾ ਮੈਟਰੋ ਸਟੇਸ਼ਨ ਦੇ ਨੇੜੇ ਹੋਏ ਇੱਕ ਕਾਰ ਬੰਬ ਧਮਾਕੇ ਵਿੱਚ ਘੱਟੋ-ਘੱਟ ਅੱਠ ਲੋਕਾਂ ਦੀ ਜਾਨ ਚਲੀ ਗਈ ਸੀ। ਕਈ ਲੋਕ ਜ਼ਖਮੀ ਹੋ ਗਏ।

ਧਮਾਕੇ ਤੋਂ ਪਹਿਲਾਂ, ਜੰਮੂ-ਕਸ਼ਮੀਰ ਪੁਲਿਸ ਨੇ ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿੱਚ ਕਈ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਕਈ ਹੋਰਾਂ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਹੈ।

ਗ੍ਰਿਫ਼ਤਾਰ ਕੀਤੇ ਗਏ ਲੋਕਾਂ ਵਿੱਚ ਪੇਸ਼ੇ ਵਜੋਂ ਤਿੰਨ ਡਾਕਟਰ ਵੀ ਸ਼ਾਮਲ ਹਨ।

ਫਰੀਦਾਬਾਦ ਦੇ ਪੁਲਿਸ ਕਮਿਸ਼ਨਰ ਸਤੇਂਦਰ ਕੁਮਾਰ ਗੁਪਤਾ ਨੇ ਇਸ ਕਾਰਵਾਈ ਬਾਰੇ ਕਿਹਾ, "ਇਹ 15 ਦਿਨਾਂ ਦੇ ਸਾਂਝੇ ਆਪਰੇਸ਼ਨ ਦਾ ਨਤੀਜਾ ਹੈ, ਜੋ ਕਿ ਜਾ ਜਾਰੀ ਹੈ।"

ਹਾਲਾਂਕਿ, ਪੁਲਿਸ ਨੇ ਇਨ੍ਹਾਂ ਗ੍ਰਿਫ਼ਤਾਰੀਆਂ ਦਾ ਦਿੱਲੀ ਕਾਰ ਧਮਾਕੇ ਨਾਲ ਕੋਈ ਸਬੰਧ ਹੋਣ ਬਾਰੇ ਕੁਝ ਨਹੀਂ ਕਿਹਾ ਹੈ।

ਦਿੱਲੀ ਧਮਾਕੇ ਦੀ ਜਾਂਚ ਹੁਣ ਐੱਨਆਈਏ ਨੂੰ ਸੌਂਪ ਦਿੱਤੀ ਗਈ ਹੈ।

ਪੁਲਿਸ ਕਾਰਵਾਈ ਜਾਰੀ ਹੈ

ਲਾਲ ਕਿਲ੍ਹਾ ਇਲਾਕਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਲਾਲ ਕਿਲ੍ਹਾ ਇਲਾਕੇ ਵਿੱਚ ਹੋਏ ਧਮਾਕੇ ਦੇ ਪਹਿਲਾਂ ਤੋਂ ਤਿੰਨ ਸੂਬਿਆਂ ਦੀ ਪੁਲਿਸ ਦਾ ਸਰਚ ਆਪਰੇਸ਼ਨ ਚੱਲ ਰਿਹਾ ਸੀ

ਜੰਮੂ-ਕਸ਼ਮੀਰ ਪੁਲਿਸ ਦੀ ਕਾਰਵਾਈ ਮੰਗਲਵਾਰ ਨੂੰ ਵੀ ਜਾਰੀ ਰਹੀ। ਰਾਜਧਾਨੀ ਦਿੱਲੀ ਦੇ ਨਾਲ ਲੱਗਦੇ ਫਰੀਦਾਬਾਦ ਵਿੱਚ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੇ ਕੰਮ ਵਾਲੀ ਥਾਂ 'ਤੇ ਪੁਲਿਸ ਦੀ ਇੱਕ ਟੀਮ ਨੇ ਲੋਕਾਂ ਤੋਂ ਪੁੱਛਗਿੱਛ ਕੀਤੀ ਹੈ।

ਇਸ ਦੇ ਨਾਲ ਹੀ ਸਹਾਰਨਪੁਰ ਅਤੇ ਲਖਨਊ ਵਿੱਚ ਵੀ ਸਰਚ ਆਪਰੇਸ਼ਨ ਚੱਲ ਰਿਹਾ ਹੈ।

ਫਰੀਦਾਬਾਦ ਪੁਲਿਸ ਮੁਤਾਬਕ, ਅਲ ਫਲਾਹ ਯੂਨੀਵਰਸਿਟੀ ਅਤੇ ਫਰੀਦਾਬਾਦ ਦੇ ਕਈ ਹੋਰ ਇਲਾਕਿਆਂ ਵਿੱਚ ਤਲਾਸ਼ੀ ਮੁਹਿੰਮ ਵਿੱਚ ਤਕਰੀਬਨ 800 ਪੁਲਿਸ ਅਧਿਕਾਰੀ ਸ਼ਾਮਲ ਹਨ।

ਹਾਲਾਂਕਿ, ਪੁਲਿਸ ਨੇ ਨਾ ਕਿਸੇ ਨੂੰ ਹਿਰਾਸਤ ਵਿੱਚ ਲਿਆ ਹੈ ਅਤੇ ਨਾ ਹੀ ਕੋਈ ਗ੍ਰਿਫਤਾਰੀ ਕੀਤੀ ਗਈ ਹੈ। ਅਲ ਫਲਾਹ ਅਤੇ ਨੇੜਲੇ ਇਲਾਕਿਆਂ ਵਿੱਚ ਰਹਿੰਦੇ ਲੋਕਾਂ ਤੋਂ ਪੁੱਛਗਿੱਛ ਜਾਰੀ ਹੈ।

ਦਿੱਲੀ ਧਮਾਕਿਆਂ ਤੋਂ ਪਹਿਲਾਂ 10 ਨਵੰਬਰ ਨੂੰ ਜੰਮੂ-ਕਸ਼ਮੀਰ ਪੁਲਿਸ ਨੇ ਸੱਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਸੀ, ਇਹ ਦਾਅਵਾ ਕਰਦੇ ਹੋਏ ਕਿ ਉਹ ਪਾਬੰਦੀਸ਼ੁਦਾ ਕੱਟੜਪੰਥੀ ਸੰਗਠਨ ਜੈਸ਼-ਏ-ਮੁਹੰਮਦ ਅਤੇ ਅੰਸਾਰ ਗਜ਼ਵਤ-ਉਲ-ਹਿੰਦ ਨਾਲ ਜੁੜੇ ਹੋਏ ਸਨ।

ਹਾਲਾਂਕਿ, ਮੁਲਜ਼ਿਮਾਂ ਦੇ ਪਰਿਵਾਰ ਇਨ੍ਹਾਂ ਗ੍ਰਿਫ਼ਤਾਰੀਆਂ 'ਤੇ ਸਵਾਲ ਚੁੱਕ ਰਹੇ ਹਨ।

ਇਸ ਦੌਰਾਨ, ਸੁਰੱਖਿਆ ਏਜੰਸੀਆਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿ ਕੀ ਗ੍ਰਿਫ਼ਤਾਰ ਕੀਤੇ ਗਏ ਡਾਕਟਰ ਆਦਿਲ, ਡਾਕਟਰ ਮੁਜ਼ਮਿਲ ਸ਼ਕੀਲ ਅਤੇ ਸ਼ਾਹੀਨ ਸਈਦ ਵਿਚਕਾਰ ਕੋਈ ਸਬੰਧ ਤਾਂ ਨਹੀਂ ਹੈ।

ਲਾਲ ਕਿਲ੍ਹਾ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਲਾਲ ਕਿਲ੍ਹੇ ਨੇੜੇ ਕਾਰ ਬੰਬ ਧਮਾਕੇ ਵਾਲੀ ਥਾਂ 'ਤੇ ਸਬੂਤ ਇਕੱਠੇ ਕਰਦੀ ਹੋਈ ਐੱਨਐੱਸਜੀ ਜਾਂਚ ਟੀਮ

ਡਾਕਟਰ ਉਮਰ ਨਬੀ 'ਤੇ ਸ਼ੱਕ, ਪਰਿਵਾਰ ਹੈਰਾਨ

ਦੱਖਣੀ ਕਸ਼ਮੀਰ ਦੇ ਪੁਲਵਾਮਾ ਦੇ ਰਹਿਣ ਵਾਲੇ ਡਾਕਟਰ ਉਮਰ ਨਬੀ ਨੂੰ ਦਿੱਲੀ ਦੇ ਲਾਲ ਕਿਲ੍ਹਾ ਮੈਟਰੋ ਸਟੇਸ਼ਨ ਨੇੜੇ ਹੋਏ ਕਾਰ ਧਮਾਕੇ ਦਾ ਮੁੱਖ ਸ਼ੱਕੀ ਦੱਸਿਆ ਜਾ ਰਿਹਾ ਹੈ।

ਉਨ੍ਹਾਂ ਦੇ ਪਰਿਵਾਰ ਨੇ ਇਸ 'ਤੇ ਹੈਰਾਨੀ ਪ੍ਰਗਟ ਕੀਤੀ ਹੈ ਅਤੇ ਕਿਹਾ ਹੈ ਕਿ ਡਾਕਟਰ ਉਮਰ ਬੇਕਸੂਰ ਹਨ ਅਤੇ ਉਹ ਪਿਛਲੇ ਕਈ ਮਹੀਨਿਆਂ ਤੋਂ ਆਪਣੇ ਕੰਮ ਵਿੱਚ ਰੁੱਝੇ ਹੋਏ ਸਨ।

ਜਾਂਚ ਏਜੰਸੀਆਂ ਮੁਤਾਬਕ, 34 ਸਾਲਾ ਡਾਕਟਰ ਨਬੀ ਉਹ ਵਿਅਕਤੀ ਹੈ ਜੋ ਕਥਿਤ ਤੌਰ 'ਤੇ ਲਾਲ ਕਿਲ੍ਹਾ ਮੈਟਰੋ ਸਟੇਸ਼ਨ ਦੀ ਪਾਰਕਿੰਗ ਦੇ ਨੇੜੇ ਧਮਾਕਾ ਹੋਣ ਵਾਲੀ ਚਿੱਟੀ ਹੁੰਡਈ ਆਈ20 ਕਾਰ ਚਲਾ ਰਹੇ ਸਨ।

ਬੀਬੀਸੀ ਇਸ ਦਾਅਵੇ ਦੀ ਪੁਸ਼ਟੀ ਨਹੀਂ ਕਰਦਾ।

ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਧਮਾਕੇ ਵਿੱਚ ਵਰਤੀ ਗਈ ਕਾਰ ਅਤੇ ਹਰਿਆਣਾ ਦੇ ਫਰੀਦਾਬਾਦ ਵਿੱਚ ਗ੍ਰਿਫ਼ਤਾਰ ਕੀਤੇ ਗਏ ਇੱਕ ਅੱਤਵਾਦੀ ਮਾਡਿਊਲ ਵਿਚਕਾਰ ਸੰਭਾਵਿਤ ਤਾਰ ਜੁੜਨ ਦੀਆਂ ਸੰਭਾਵਨਾਵਾਂ ਮਿਲ ਰਹੀਆਂ ਹਨ।

ਪੁਲਿਸ ਨੇ ਹਾਲ ਹੀ ਵਿੱਚ ਫਰੀਦਾਬਾਦ ਵਿੱਚ ਵੱਡੀ ਮਾਤਰਾ ਵਿੱਚ ਵਿਸਫੋਟਕ ਬਰਾਮਦ ਕੀਤੇ ਹਨ, ਜਿਸਦੀ ਉਹ ਹੁਣ ਦਿੱਲੀ ਧਮਾਕੇ ਦੇ ਸਬੰਧ ਵਿੱਚ ਜਾਂਚ ਕਰ ਰਹੇ ਹਨ।

ਸੂਤਰਾਂ ਮੁਤਾਬਕ, ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਡਾਕਟਰ ਉਮਰ ਨਬੀ ਨੂੰ ਜੈਸ਼-ਏ-ਮੁਹੰਮਦ ਅਤੇ ਅੰਸਾਰ ਗਜ਼ਵਤ-ਉਲ-ਹਿੰਦ ਵਰਗੇ ਕੱਟੜਪੰਥੀ ਸੰਗਠਨਾਂ ਨਾਲ ਜੁੜੇ ਇੱਕ ਅੰਤਰਰਾਜੀ ਨੈੱਟਵਰਕ ਨਾਲ ਜੋੜਿਆ ਜਾ ਰਿਹਾ ਹੈ। ਹਾਲਾਂਕਿ, ਪੁਲਿਸ ਨੇ ਅਜੇ ਤੱਕ ਕਿਸੇ ਵੀ ਅਧਿਕਾਰਤ ਗ੍ਰਿਫ਼ਤਾਰੀ ਦੀ ਪੁਸ਼ਟੀ ਨਹੀਂ ਕੀਤੀ ਹੈ।

ਉਨ੍ਹਾਂ ਦੀ ਭਾਭੀ ਮੁਜ਼ਮਿਲਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸ਼ੁੱਕਰਵਾਰ ਨੂੰ ਨਬੀ ਨਾਲ ਗੱਲ ਕੀਤੀ ਸੀ।

ਉਨ੍ਹਾਂ ਨੇ ਕਿਹਾ ਕਿ ਪੁਲਿਸ ਉਨ੍ਹਾਂ ਦੇ ਪਤੀ, ਸੱਸ ਅਤੇ ਦਿਓਰ ਨੂੰ ਵੀ ਲੈ ਗਈ। ਬਾਅਦ ਵਿੱਚ, ਪੁਲਿਸ ਨੇ ਨਬੀ ਦੇ ਪਿਤਾ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਹੈ।

ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਤੋਂ ਗ੍ਰਿਫ਼ਤਾਰੀ

ਯੂਪੀ ਪੁਲਿਸ

ਜੰਮੂ ਅਤੇ ਕਸ਼ਮੀਰ ਪੁਲਿਸ ਮੁਤਾਬਕ, ਡਾਕਟਰ ਅਦੀਲ ਅਹਿਮਦ ਰਾਥਰ ਨੂੰ 7 ਨਵੰਬਰ ਨੂੰ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।

ਰਾਥਰ ਦੇ ਆਧਾਰ ਕਾਰਡ 'ਤੇ ਅਨੰਤਨਾਗ ਦਾ ਪਤਾ ਦਿਖਾਇਆ ਗਿਆ ਹੈ। ਇਹ ਗ੍ਰਿਫ਼ਤਾਰੀ ਸਹਾਰਨਪੁਰ ਦੇ ਅੰਬਾਲਾ ਰੋਡ 'ਤੇ ਸਥਿਤ ਫੇਮਸ ਹਸਪਤਾਲ ਤੋਂ ਹੋਈ।

ਡਾਕਟਰ ਅਦੀਲ 'ਤੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਸਮਰਥਨ ਵਿੱਚ ਪੋਸਟਰ ਲਗਾਉਣ ਦਾ ਇਲਜ਼ਾਮ ਹੈ। ਡਾਕਟਰ ਅਦੀਲ ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਰਹਿਣ ਵਾਲੇ ਹਨ।

ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਅਨੰਤਨਾਗ ਵਿੱਚ ਜੈਸ਼-ਏ-ਮੁਹੰਮਦ ਦੇ ਸਮਰਥਨ ਵਿੱਚ ਪੋਸਟਰ ਲਗਾਏ ਸਨ।

ਪੁਲਿਸ ਮੁਤਾਬਕ ਜਾਂਚ ਦੌਰਾਨ ਸ਼੍ਰੀਨਗਰ ਪੁਲਿਸ ਨੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਿਸ ਵਿੱਚ ਉਨ੍ਹਾਂ ਨੂੰ ਪੋਸਟਰ ਚਿਪਕਾਉਂਦੇ ਦੇਖਿਆ ਗਿਆ ਸੀ। ਇਸ ਫੁਟੇਜ ਦੇ ਆਧਾਰ 'ਤੇ, ਉਨ੍ਹਾਂ ਨੂੰ ਸਹਾਰਨਪੁਰ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।

ਪੁਲਿਸ ਮੁਤਾਬਕ, ਡਾਕਟਰ ਅਦੀਲ ਤਕਰੀਬਨ ਤਿੰਨ ਸਾਲਾਂ ਤੋਂ ਸਹਾਰਨਪੁਰ ਵਿੱਚ ਰਹਿ ਰਹੇ ਸਨ। ਉਹ ਮਾਨਕਮਉ ਇਲਾਕੇ ਵਿੱਚ ਇੱਕ ਨਿੱਜੀ ਸਕੂਲ ਦੇ ਨੇੜੇ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਸਨ। ਇਸ ਦੌਰਾਨ ਉਨ੍ਹਾਂ ਨੇ ਵੀ-ਬ੍ਰੋਸ ਅਤੇ ਫੇਮਸ ਮੈਡੀਕੇਅਰ ਹਸਪਤਾਲ ਵਿੱਚ ਕੰਮ ਕੀਤਾ।

ਇਸ ਤੋਂ ਪਹਿਲਾਂ, ਉਹ ਅਨੰਤਨਾਗ ਦੇ ਸਰਕਾਰੀ ਮੈਡੀਕਲ ਕਾਲਜ ਵਿੱਚ ਇੱਕ ਸੀਨੀਅਰ ਰੈਜ਼ੀਡੈਂਟ ਡਾਕਟਰ ਸਨ।

ਉਹ 24 ਅਕਤੂਬਰ 2024 ਤੱਕ ਜੀਐੱਮਸੀ ਅਨੰਤਨਾਗ ਵਿੱਚ ਨੌਕਰੀ ਕਰਦੇ ਸਨ। ਯੂਪੀ ਪੁਲਿਸ ਨੇ ਸਹਾਰਨਪੁਰ ਦੇ ਹਸਪਤਾਲ ਦਾ ਦੌਰਾ ਕੀਤਾ, ਉਨ੍ਹਾਂ ਦੇ ਰਿਕਾਰਡ ਦੀ ਜਾਂਚ ਕੀਤੀ ਅਤੇ ਸਟਾਫ ਤੋਂ ਪੁੱਛਗਿੱਛ ਕੀਤੀ। ਪੁਲਿਸ ਜਾਂਚ ਵਿੱਚ ਪਤਾ ਲੱਗਾ ਕਿ ਅਦੀਲ ਦਾ ਅੰਬਾਲਾ ਰੋਡ 'ਤੇ ਐਕਸਿਸ ਬੈਂਕ ਵਿੱਚ ਖਾਤਾ ਸੀ।

ਡਾਕਟਰ ਅਦੀਲ ਦਾ ਵਿਆਹ 4 ਅਕਤੂਬਰ, 2025 ਨੂੰ ਜੰਮੂ-ਕਸ਼ਮੀਰ ਵਿੱਚ ਹੋਇਆ ਸੀ। ਉਹ 26 ਸਤੰਬਰ ਨੂੰ ਛੁੱਟੀ 'ਤੇ ਗਏ ਸਨ ਅਤੇ ਕੁਝ ਸਟਾਫ ਮੈਂਬਰਾਂ ਨੂੰ ਵਿਆਹ ਦੇ ਕਾਰਡ ਵੰਡੇ ਸਨ। ਅਦੀਲ ਦੀ ਗ੍ਰਿਫਤਾਰੀ ਤੋਂ ਬਾਅਦ, ਹਸਪਤਾਲ ਪ੍ਰਸ਼ਾਸਨ ਨੇ ਉਨ੍ਹਾਂ ਦੀ ਨੇਮ ਪਲੇਟ ਹਟਾ ਦਿੱਤੀ ਹੈ।

ਹਸਪਤਾਲ ਦਾ ਕੀ ਕਹਿਣਾ ਹੈ?

ਦਿੱਲੀ ਧਮਾਕਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਦਿੱਲੀ ਵਿੱਚ ਹੋਏ ਕਾਰ ਬੰਬ ਧਮਾਕੇ ਤੋਂ ਬਾਅਦ, ਰਾਜਧਾਨੀ ਅਤੇ ਕਈ ਹੋਰ ਸੂਬਿਆਂ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ

ਫੇਮਸ ਮੈਡੀਕੇਅਰ ਹਸਪਤਾਲ ਦੇ ਮੈਨੇਜਰ ਮਨੋਜ ਮਿਸ਼ਰਾ ਨੇ ਕਿਹਾ, "ਜਨਵਰੀ-ਫਰਵਰੀ 2025 ਵਿੱਚ ਹਸਪਤਾਲ ਵਿੱਚ ਡਾਕਟਰ ਦਾ ਅਹੁਦਾ ਖਾਲੀ ਸੀ, ਜਿਸ 'ਤੇ ਅਦੀਲ ਨੂੰ ਮਾਰਚ ਵਿੱਚ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਦੀ ਗ੍ਰਿਫਤਾਰੀ ਤੋਂ ਬਾਅਦ, ਹਸਪਤਾਲ ਨੇ ਉਨ੍ਹਾਂ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਹਨ।"

ਸਥਾਨਕ ਪੁਲਿਸ ਜਾਂਚ ਕਰ ਰਹੀ ਹੈ ਪਰ ਕੋਈ ਟਿੱਪਣੀ ਕਰਨ ਤੋਂ ਗੁਰੇਜ਼ ਕਰ ਰਹੀ ਹੈ।

ਸਹਾਰਨਪੁਰ ਦੇ ਪੁਲਿਸ ਸੁਪਰਡੈਂਟ, ਸਿਟੀ ਵਿਓਮ ਬਿੰਦਲ ਨੇ ਮੀਡੀਆ ਨੂੰ ਦੱਸਿਆ, "ਇਹ ਜੰਮੂ ਅਤੇ ਕਸ਼ਮੀਰ ਪੁਲਿਸ ਦਾ ਮਾਮਲਾ ਹੈ ਅਤੇ ਯੂਪੀ ਪੁਲਿਸ ਨੇ ਸਿਰਫ਼ ਸਹਿਯੋਗ ਦਿੱਤਾ ਹੈ।"

ਪੁਲਿਸ ਹੁਣ ਜਾਂਚ ਕਰ ਰਹੀ ਹੈ ਕਿ ਅਦੀਲ ਸਹਾਰਨਪੁਰ ਵਿੱਚ ਕਿਸ-ਕਿਸ ਦੇ ਸੰਪਰਕ ਵਿੱਚ ਸੀ।

ਡਾਕਟਰ ਅਦੀਲ ਅਹਿਮਦ ਰਾਥਰ ਪਹਿਲਾਂ ਸਹਾਰਨਪੁਰ ਦੇ ਵੀ ਬ੍ਰਦਰਜ਼ ਹਸਪਤਾਲ ਵਿੱਚ ਕੰਮ ਕਰਦੇ ਸਨ।

ਉੱਥੋਂ ਦੀ ਪ੍ਰਸ਼ਾਸਕ, ਡਾਕਟਰ ਮਮਤਾ ਵਰਮਾ ਨੇ ਕਿਹਾ, "ਡਾਕਟਰ ਆਦਿਲ ਨੇ ਇੱਥੇ ਤਕਰੀਬਨ ਚਾਰ ਮਹੀਨੇ ਸੇਵਾ ਨਿਭਾਈ ਸੀ। ਉਹ ਇੱਕ ਮੈਡੀਸਨ ਮਾਹਰ ਵਜੋਂ ਕੰਮ ਕਰਦੇ ਸਨ।"

ਉਹ 28 ਫ਼ਰਵਰੀ ਨੂੰ ਇਸ ਹਸਪਤਾਲ ਨੂੰ ਛੱਡ ਕੇ ਫੇਮਸ ਹਸਪਤਾਲ ਚਲੇ ਗਏ।

ਡਾਕਟਰ ਆਦਿਲ ਨਾਲ ਕੰਮ ਕਰਨ ਵਾਲੇ ਲੋਕਾਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਆਦਿਲ ਅਹਿਮਦ ਰਾਥਰ ਨੇ ਕਿਹਾ ਸੀ ਕਿ ਉਨ੍ਹਾਂ ਦੀ ਮੰਗਣੀ ਹੋ ਗਈ ਸੀ ਅਤੇ ਉਨ੍ਹਾਂ ਦੀ ਮੰਗੇਤਰ ਵੀ ਇੱਕ ਡਾਕਟਰ ਸੀ ਜੋ ਜੰਮੂ-ਕਸ਼ਮੀਰ ਤੋਂ ਸੀ।

ਇੱਕ ਸਾਥੀ ਡਾਕਟਰ ਨੇ ਕਿਹਾ ਕਿ ਉਨ੍ਹਾਂ ਨੂੰ ਮੈਡੀਸਨ ਦਾ ਬਹੁਤ ਜ਼ਿਆਦਾ ਗਿਆਨ ਸੀ ਅਤੇ ਉਹ ਅਕਸਰ ਇਸ ਬਾਰੇ ਚਰਚਾ ਕਰਦੇ ਸਨ। ਹਾਲਾਂਕਿ, ਨਿੱਜੀ ਸੰਪਰਕ ਬਹੁਤ ਸੀਮਤ ਸਨ।

ਡਾਕਟਰ ਆਦਿਲ ਰਹਿੰਦੇ ਕਿੱਥੇ ਸਨ ਇਸ ਬਾਰੇ ਬਹੁਤੀ ਜਾਣਕਾਰੀ ਨਹੀਂ ਹੈ। ਹਾਲਾਂਕਿ, ਉਨ੍ਹਾਂ ਦੇ ਸਹਿਕਰਮੀਆਂ ਨੇ ਕਿਹਾ ਕਿ ਉਹ ਆਟੋ ਰਾਹੀਂ ਹਸਪਤਾਲ ਜਾਂਦੇ ਸਨ ਅਤੇ ਖਾਣਾ ਅਕਸਰ ਆਨਲਾਈਨ ਖਾਣਾ ਆਰਡਰ ਕਰਦੇ ਸਨ।

ਹਰਿਆਣਾ ਦੇ ਫਰੀਦਾਬਾਦ ਤੋਂ ਗ੍ਰਿਫ਼ਤਾਰੀ

ਲਾਲ ਕਿਲ੍ਹਾ ਇਲਾਕਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਧਮਾਕੇ ਵਾਲੀ ਥਾਂ ਦੇ ਨੇੜੇ ਖੜੇ ਵਾਹਨਾਂ ਦਾ ਵੀ ਨੁਕਸਾਨ ਹੋਇਆ

ਹਰਿਆਣਾ ਦੇ ਧੌਜ ਵਿੱਚ ਅਲ-ਫਲਾਹ ਯੂਨੀਵਰਸਿਟੀ ਵਿੱਚ ਪੜ੍ਹਾਉਣ ਵਾਲੇ ਡਾਕਟਰ ਮੁਜ਼ੱਮਿਲ ਸ਼ਕੀਲ ਨੂੰ ਵੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।

ਇਸ ਸਾਂਝੇ ਆਪ੍ਰੇਸ਼ਨ ਵਿੱਚ, ਪੁਲਿਸ ਨੇ ਦਾਅਵਾ ਕੀਤਾ ਕਿ ਡਾਕਟਰ ਮੁਜ਼ੱਮਿਲ ਸ਼ਕੀਲ ਤੋਂ ਇਤਰਾਜ਼ਯੋਗ ਸਮੱਗਰੀ ਬਰਾਮਦ ਕੀਤੀ ਗਈ ਹੈ।

ਡਾਕਟਰ ਮੁਜ਼ਮਿਲ ਨੂੰ 30 ਅਕਤੂਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

ਪੁਲਿਸ ਦਾ ਕਹਿਣਾ ਹੈ ਕਿ ਜਾਂਚ ਤੋਂ ਪਤਾ ਲੱਗਿਆ ਹੈ ਕਿ ਉਨ੍ਹਾਂ ਦੇ ਕਿਰਾਏ ਦੇ ਘਰ ਵਿੱਚ ਵਿਸਫੋਟਕ ਸਮੱਗਰੀ ਲੁਕਾਈ ਗਈ ਸੀ।

ਫਰੀਦਾਬਾਦ ਦੇ ਪੁਲਿਸ ਕਮਿਸ਼ਨਰ ਸਤੇਂਦਰ ਗੁਪਤਾ ਨੇ ਕਿਹਾ, "ਮੁਜ਼ੱਮਿਲ ਅਲ-ਫਲਾਹ ਯੂਨੀਵਰਸਿਟੀ ਵਿੱਚ ਪੜ੍ਹਾਉਂਦਾ ਸੀ। ਉਸ ਕੋਲੋਂ ਇੱਕ ਕਲਾਸ਼ਨੀਕੋਵ ਰਾਈਫਲ, ਇੱਕ ਪਿਸਤੌਲ ਅਤੇ ਇੱਕ ਟਾਈਮਰ ਬਰਾਮਦ ਕੀਤਾ ਗਿਆ ਹੈ।"

ਪੁਲਿਸ ਮੁਤਾਬਕ, ਸ਼ਾਹੀਨ ਸਈਦ ਦੇ ਨਾਮ 'ਤੇ ਰਜਿਸਟਰਡ ਇੱਕ ਕਾਰ ਮਿਲੀ ਅਤੇ ਸ਼ਾਹੀਨ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਗਿਆ।

ਇਹ ਵੀ ਪੜ੍ਹੋ-

ਸਤੇਂਦਰ ਗੁਪਤਾ ਨੇ ਕਿਹਾ, "360 ਕਿਲੋ ਜਲਣਸ਼ੀਲ ਸਮੱਗਰੀ ਬਰਾਮਦ ਕੀਤੀ ਗਈ ਹੈ, ਪਰ ਇਹ ਆਰਡੀਐਕਸ ਨਹੀਂ ਹੈ।"

ਇਸ ਦੌਰਾਨ, ਡਾਕਟਰ ਮੁਜ਼ਮਿਲ ਦੀ ਮਾਂ ਨਸੀਮਾ ਨੇ ਨਿਊਜ਼ ਏਜੰਸੀ ਪੀਟੀਆਈ ਨੂੰ ਦੱਸਿਆ, "ਜਦੋਂ ਉਸਨੂੰ ਗ੍ਰਿਫ਼ਤਾਰ ਕੀਤਾ ਗਿਆ, ਤਾਂ ਸਾਨੂੰ ਇਸ ਬਾਰੇ ਦੂਜਿਆਂ ਤੋਂ ਪਤਾ ਲੱਗਾ। ਅਸੀਂ ਉਸਨੂੰ ਮਿਲਣ ਦੀ ਕੋਸ਼ਿਸ਼ ਕੀਤੀ, ਪਰ ਪੁਲਿਸ ਨੇ ਸਾਨੂੰ ਉਸਨੂੰ ਮਿਲਣ ਨਹੀਂ ਦਿੱਤਾ।"

ਮੁਜ਼ੱਮਿਲ ਦੀ ਗ੍ਰਿਫ਼ਤਾਰੀ ਤੋਂ ਬਾਅਦ, ਫਰੀਦਾਬਾਦ ਵਿੱਚ ਇੱਕ ਮਹਿਲਾ ਡਾਕਟਰ ਸ਼ਾਹੀਨ ਸਈਦ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।

ਪੁਲਿਸ ਮੁਤਾਬਕ, ਮੁਜ਼ੱਮਿਲ ਕੋਲ ਮਿਲੀ ਕਾਰ ਸ਼ਾਹੀਨ ਦੀ ਮੰਨੀ ਜਾ ਰਹੀ ਹੈ।

ਹਾਲਾਂਕਿ, ਪੀਟੀਆਈ ਦੀ ਇੱਕ ਰਿਪੋਰਟ ਦੇ ਮੁਤਾਬਕ, ਪੁਲਵਾਮਾ ਵਿੱਚ ਡਾਕਟਰ ਮੁਜ਼ੱਮਿਲ ਦੇ ਭਰਾ ਆਜ਼ਾਦ ਸ਼ਕੀਲ ਨੇ ਕਿਹਾ ਕਿ ਉਨ੍ਹਾਂ ਉੱਤੇ ਝੂਠੇ ਇਲਜ਼ਾਮ ਲਗਾਏ ਜਾ ਰਹੇ ਹਨ। ਉਹ ਪਿਛਲੇ ਤਿੰਨ ਸਾਲਾਂ ਤੋਂ ਦਿੱਲੀ ਵਿੱਚ ਡਾਕਟਰ ਹੈ।"

ਉਨ੍ਹਾਂ ਨੇ ਕਿਹਾ ਕਿ ਉਸਨੂੰ ਆਪਣੇ ਭਰਾ ਨੂੰ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਸੀ। ਉਹ ਸਾਲ ਵਿੱਚ ਦੋ ਵਾਰ ਘਰ ਆਉਂਦਾ ਸੀ।

ਪੁਲਵਾਮਾ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਦਿੱਲੀ ਦੇ ਲਾਲ ਕਿਲ੍ਹੇ 'ਤੇ ਹੋਏ ਧਮਾਕੇ ਤੋਂ ਬਾਅਦ, ਜੰਮੂ-ਕਸ਼ਮੀਰ ਵਿੱਚ ਵੀ ਸੁਰੱਖਿਆ ਵਧਾ ਦਿੱਤੀ ਗਈ ਹੈ। ਪੁਲਵਾਮਾ ਵਿੱਚ ਸੁਰੱਖਿਆ ਕਰਮਚਾਰੀ ਇੱਕ ਵਾਹਨ ਦੀ ਜਾਂਚ ਕਰਦੇ ਹੋਏ

ਲਖਨਊ ਕਨੈਕਸ਼ਨ ਦੀ ਜਾਂਚ

ਮੰਗਲਵਾਰ ਨੂੰ ਪੁਲਿਸ ਨੇ ਸ਼ਾਹੀਨ ਸਈਦ ਦੇ ਲਖਨਊ ਸਥਿਤ ਘਰ ਦੀ ਜਾਂਚ ਕੀਤੀ, ਜਿਸਨੂੰ ਫਰੀਦਾਬਾਦ ਤੋਂ ਹਿਰਾਸਤ ਵਿੱਚ ਲਿਆ ਗਿਆ ਸੀ।

ਡਾਕਟਰ ਸ਼ਾਹੀਨ ਸਈਦ ਦਾ ਪਰਿਵਾਰ ਲਖਨਊ ਦੇ ਲਾਲ ਬਾਗ ਦੇ ਖੰਡਾਰੀ ਬਾਜ਼ਾਰ ਵਿੱਚ ਰਹਿੰਦਾ ਹੈ। ਉਨ੍ਹਾਂ ਦੇ ਦੋ ਭਰਾ ਹਨ।

ਉਨ੍ਹਾਂ ਦਾ ਵੱਡਾ ਭਰਾ, ਸ਼ੋਏਬ ਸਈਦ, ਆਪਣੇ ਪਿਤਾ ਨਾਲ ਰਹਿੰਦਾ ਹੈ, ਜਦੋਂ ਕਿ ਪਰਵੇਜ਼ ਸਈਦ ਆਈਆਈਐੱਮ ਮਦੀਆਂਵ ਦੇ ਇਲਾਕੇ ਵਿੱਚ ਰਹਿੰਦਾ ਹੈ।

ਉਨ੍ਹਾਂ ਦੇ ਪਿਤਾ, ਸਈਅਦ ਅਹਿਮਦ ਅੰਸਾਰੀ ਨੇ ਕਿਹਾ, "ਮੇਰੇ ਤਿੰਨ ਬੱਚੇ ਹਨ। ਸ਼ਾਹੀਨ ਸਈਅਦ ਦੂਜੇ ਨੰਬਰ ਦੀ ਹੈ। ਉਸਨੇ ਇਲਾਹਾਬਾਦ ਮੈਡੀਕਲ ਕਾਲਜ ਤੋਂ ਐੱਮਬੀਬੀਐੱਸ ਅਤੇ ਐੱਮਡੀ ਕੀਤੀ ਹੈ।"

ਸਈਅਦ ਅਹਿਮਦ ਅੰਸਾਰੀ ਨੇ ਕਿਹਾ, "ਮੈਂ ਵਿਸ਼ਵਾਸ ਨਹੀਂ ਕਰ ਸਕਦਾ ਕਿ ਤੁਸੀਂ ਕੀ ਕਹਿ ਰਹੇ ਹੋ (ਗੈਰ-ਕਾਨੂੰਨੀ ਗਤੀਵਿਧੀਆਂ)... ਪੁਲਿਸ ਨੇ ਅਜੇ ਤੱਕ ਮੇਰੇ ਨਾਲ ਸੰਪਰਕ ਨਹੀਂ ਕੀਤਾ ਹੈ।"

ਪੁਲਿਸ ਨੇ ਸਹਾਰਨਪੁਰ ਅਤੇ ਲਖਨਊ ਵਿੱਚ ਸ਼ਾਹੀਨ ਸਈਦ ਦੇ ਭਰਾ ਪਰਵੇਜ਼ ਅੰਸਾਰੀ ਦੇ ਘਰ ਦੀ ਵੀ ਤਲਾਸ਼ੀ ਲਈ।

ਯੂਪੀ ਏਟੀਐੱਸ ਅਤੇ ਜੰਮੂ-ਕਸ਼ਮੀਰ ਪੁਲਿਸ ਨੇ 11 ਨਵੰਬਰ ਨੂੰ ਸ਼ਾਹੀਨ ਸਈਦ ਦੇ ਪਿਤਾ ਦੇ ਘਰ ਦੀ ਵੀ ਤਲਾਸ਼ੀ ਲਈ।

ਸਈਦ ਅੰਸਾਰੀ ਨੇ ਕਿਹਾ ਕਿ ਉਹ ਹਰ ਹਫ਼ਤੇ ਪਰਵੇਜ਼ ਨਾਲ ਗੱਲ ਕਰਦੇ ਹਨ। ਉਹ ਇੰਟੈਗਰਲ ਯੂਨੀਵਰਸਿਟੀ ਵਿੱਚ ਪੜ੍ਹਾਉਂਦਾ ਹੈ।

ਸਈਦ ਅਹਿਮਦ ਨੇ ਕਿਹਾ ਕਿ ਉਸਨੇ ਇੱਕ ਮਹੀਨਾ ਪਹਿਲਾਂ ਸ਼ਾਹੀਨ ਨਾਲ ਗੱਲ ਕੀਤੀ ਸੀ ਅਤੇ ਡੇਢ ਸਾਲ ਪਹਿਲਾਂ ਉਸਨੂੰ ਮਿਲਿਆ ਸੀ।

ਉਸ ਦੇ ਇੱਕ ਗੁਆਂਢੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਕਿਹਾ, "ਸ਼ਾਹੀਨ ਸਈਦ ਕਈ ਸਾਲਾਂ ਤੋਂ ਇੱਥੇ ਨਹੀਂ ਰਹੀ। ਉਹ ਇੱਥੇ ਆਉਣਾ-ਜਾਣਾ ਬਹੁਤ ਘੱਟ ਸੀ।"

ਦਿੱਲੀ ਦਾ ਲਾਜਪਤ ਨਗਰ ਬਾਜ਼ਾਰ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਦਿੱਲੀ ਦੇ ਲਾਜਪਤ ਨਗਰ ਬਾਜ਼ਾਰ ਵਿੱਚ ਪੁਲਿਸ ਨੇ ਸੁਰੱਖਿਆ ਵਧਾ ਦਿੱਤੀ ਹੈ।

ਪਹਿਲਾਂ ਗ੍ਰਿਫ਼ਤਾਰੀਆਂ, ਫਿਰ ਧਮਾਕੇ, ਸਵਾਲ ਖੜ੍ਹੇ ਹੋ ਰਹੇ ਹਨ

ਦਰਅਸਲ, ਜੰਮੂ-ਕਸ਼ਮੀਰ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਉਹ ਇੱਕ ਨੈੱਟਵਰਕ 'ਤੇ ਕੰਮ ਕਰ ਰਹੀ ਸੀ।

ਇਹ ਸਾਂਝਾ ਆਪਰੇਸ਼ਨ ਉੱਤਰ ਪ੍ਰਦੇਸ਼ ਅਤੇ ਹਰਿਆਣਾ ਪੁਲਿਸ ਦੇ ਸਹਿਯੋਗ ਨਾਲ ਕੀਤਾ ਗਿਆ ਸੀ।

ਜੰਮੂ-ਕਸ਼ਮੀਰ ਪੁਲਿਸ ਮੁਤਾਬਕ, "ਇਹ ਆਪ੍ਰੇਸ਼ਨ ਲੰਬੇ ਸਮੇਂ ਦੀ ਨਿਗਰਾਨੀ ਅਤੇ ਖੁਫ਼ੀਆ ਜਾਣਕਾਰੀ ਦੇ ਅਧਾਰ 'ਤੇ ਕੀਤਾ ਗਿਆ ਸੀ।"

ਪੁਲਿਸ ਦਾ ਦਾਅਵਾ ਹੈ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਮਾਡਿਊਲ ਜੰਮੂ ਅਤੇ ਕਸ਼ਮੀਰ ਤੋਂ ਬਾਹਰ ਸਰਗਰਮ ਸੀ ਅਤੇ ਅੱਤਵਾਦ ਦੇ ਸਮਰਥਨ ਵਿੱਚ ਪ੍ਰਚਾਰ ਫੈਲਾਉਣ, ਨੌਜਵਾਨਾਂ ਨੂੰ ਭੜਕਾਉਣ ਅਤੇ ਅੱਤਵਾਦੀ ਗਤੀਵਿਧੀਆਂ ਲਈ ਲੌਜਿਸਟਿਕਸ ਇਕੱਠਾ ਕਰਨ ਵਿੱਚ ਸ਼ਾਮਲ ਸੀ।

ਕਸ਼ਮੀਰ ਪੁਲਿਸ ਦਾ ਦਾਅਵਾ ਹੈ ਕਿ ਛਾਪੇਮਾਰੀ ਦੌਰਾਨ ਕਈ ਡਿਜੀਟਲ ਡਿਵਾਈਸ, ਪੋਸਟਰ ਅਤੇ ਇਲੈਕਟ੍ਰਾਨਿਕ ਰਿਕਾਰਡ ਬਰਾਮਦ ਕੀਤੇ ਗਏ ਹਨ, ਜਿਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਮੁਲਜ਼ਿਮ ਪਾਬੰਦੀਸ਼ੁਦਾ ਸੰਗਠਨਾਂ ਦੀ ਵਿਚਾਰਧਾਰਾ ਦਾ ਪ੍ਰਚਾਰ ਕਰ ਰਹੇ ਸਨ।

ਇਸ ਮਾਮਲੇ ਵਿੱਚ, ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਯਾਨੀ ਕਿ ਯੂਏਪੀਏ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਭੂਟਾਨ ਦੇ ਦੌਰੇ 'ਤੇ ਆਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਧਮਾਕੇ ਦੀ ਘਟਨਾ 'ਤੇ ਕਿਹਾ, "ਇਸ ਧਮਾਕੇ ਦੀ ਸਾਜ਼ਿਸ਼ ਰਚਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਜ਼ਿੰਮੇਵਾਰ ਸਾਰੇ ਲੋਕਾਂ ਨੂੰ ਸਖ਼ਤ ਸਜ਼ਾ ਦਾ ਸਾਹਮਣਾ ਕਰਨਾ ਪਵੇਗਾ।"

ਇਸ ਦੌਰਾਨ, ਵਿਰੋਧੀ ਧਿਰ ਨੇ ਇਸ ਘਟਨਾ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਘੇਰਿਆ ਹੈ।

ਕਾਂਗਰਸ ਦੇ ਸਪੋਕਸਵੂਮੈਨ ਸੁਪ੍ਰੀਆ ਸ਼੍ਰੀਨੇਤ ਨੇ ਟਵਿੱਟਰ 'ਤੇ ਲਿਖਿਆ, "ਕੱਲ੍ਹ ਹੀ, ਫਰੀਦਾਬਾਦ ਵਿੱਚ 360 ਕਿਲੋਗ੍ਰਾਮ ਵਿਸਫੋਟਕ ਜ਼ਬਤ ਕੀਤਾ ਗਿਆ ਸੀ। ਇਹ ਉੱਥੇ ਕਿਵੇਂ ਪਹੁੰਚਿਆ? ਇਹ ਕਿੰਨੀ ਵੱਡੀ ਅਣਹੋਣੀ ਦਾ ਕਾਰਨ ਹੋ ਸਕਦਾ ਸੀ।"

ਉਨ੍ਹਾਂ ਕਿਹਾ, "ਸੱਤ ਮਹੀਨੇ ਪਹਿਲਾਂ ਹੀ ਪਹਿਲਗਾਮ ਵਿੱਚ ਇੱਕ ਭਿਆਨਕ ਅੱਤਵਾਦੀ ਹਮਲਾ ਹੋਇਆ ਸੀ। ਹੁਣ ਇਹ ਦਿੱਲੀ ਵਿੱਚ ਹੋਇਆ ਹੈ, ਜ਼ਿੰਮੇਵਾਰ ਕੌਣ ਹੈ? ਗ੍ਰਹਿ ਮੰਤਰੀ ਕਿੱਥੇ ਹਨ? ਪ੍ਰਧਾਨ ਮੰਤਰੀ ਕਿੱਥੇ ਹਨ?"

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)