ਦਿੱਲੀ ਧਮਾਕੇ ਦੀ ਜਾਂਚ ਜਾਰੀ ਪਰ ਹੁਣ ਤੱਕ ਨਹੀਂ ਮਿਲੇ ਇਨ੍ਹਾਂ ਚਾਰ ਸਵਾਲਾਂ ਦੇ ਜਵਾਬ

ਤਸਵੀਰ ਸਰੋਤ, Reuters
ਦਿੱਲੀ ਦੇ ਲਾਲ ਕਿਲ੍ਹਾ ਮੈਟਰੋ ਸਟੇਸ਼ਨ ਨੇੜੇ ਹੋਏ ਧਮਾਕੇ ਦੀ ਜਾਂਚ ਲਈ ਜਾਂਚਕਰਤਾਵਾਂ ਅਤੇ ਅਧਿਕਾਰੀਆਂ ਦੀ ਇੱਕ ਟੀਮ ਮੰਗਲਵਾਰ ਸਵੇਰ ਤੋਂ ਹੀ ਮੌਕੇ 'ਤੇ ਮੌਜੂਦ ਹੈ ਅਤੇ ਉਨ੍ਹਾਂ ਦੀ ਜਾਂਚ ਜਾਰੀ ਹੈ।
ਸੋਮਵਾਰ ਸ਼ਾਮ ਨੂੰ ਪੁਰਾਣੀ ਦਿੱਲੀ ਦੇ ਲਾਲ ਕਿਲ੍ਹਾ ਮੈਟਰੋ ਸਟੇਸ਼ਨ ਨੇੜੇ ਇੱਕ ਧਮਾਕਾ ਹੋਇਆ ਸੀ, ਜਿਸ ਵਿੱਚ ਅੱਠ ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋ ਚੁੱਕੀ ਹੈ।
ਪੁਲਿਸ ਅਤੇ ਜਾਂਚ ਏਜੰਸੀਆਂ ਫ਼ੌਰਨ ਘਟਨਾ ਵਾਲੀ ਥਾਂ 'ਤੇ ਪਹੁੰਚ ਗਈਆਂ ਸਨ।
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ ਸੀ। ਫੋਰੈਂਸਿਕ ਅਧਿਕਾਰੀਆਂ ਨੇ ਘਟਨਾ ਵਾਲੀ ਥਾਂ ਤੋਂ ਨਮੂਨੇ ਇਕੱਠੇ ਕੀਤੇ ਅਤੇ ਉਨ੍ਹਾਂ ਨੂੰ ਜਾਂਚ ਲਈ ਲੈਬ ਭੇਜ ਦਿੱਤਾ ਹੈ।
ਪਰ ਹੁਣ ਤੱਕ ਚਾਰ ਸਵਾਲ ਅਜਿਹੇ ਹਨ ਜਿਨ੍ਹਾਂ ਦੇ ਜਵਾਬ ਅਜੇ ਵੀ ਨਹੀਂ ਮਿਲੇ।
ਪਹਿਲਾ ਸਵਾਲ: ਕੀ ਇਹ ਅੱਤਵਾਦੀ ਹਮਲਾ ਸੀ?

ਤਸਵੀਰ ਸਰੋਤ, EPA/Shutterstock
ਪੁਲਿਸ ਪ੍ਰਸ਼ਾਸਨ ਨੇ ਹਮਲੇ ਸੰਬੰਧੀ ਕੋਈ ਸਪੱਸ਼ਟ ਬਿਆਨ ਜਾਰੀ ਨਹੀਂ ਕੀਤਾ ਹੈ। ਹਾਲਾਂਕਿ, ਦਿੱਲੀ ਪੁਲਿਸ ਕਮਿਸ਼ਨਰ ਨੇ ਕਿਹਾ ਹੈ ਕਿ ਕਈ ਏਜੰਸੀਆਂ ਇਸ ਘਟਨਾ ਦੀ ਜਾਂਚ ਕਰ ਰਹੀਆਂ ਹਨ।
ਫੋਰੈਂਸਿਕ ਸਾਇੰਸ ਲੈਬਾਰਟਰੀ ਦੇ ਅਧਿਕਾਰੀ ਮੁਹੰਮਦ ਵਾਹਿਦ ਨੇ ਪੱਤਰਕਾਰਾਂ ਨੂੰ ਦੱਸਿਆ, "ਘਟਨਾ ਵਾਲੀ ਥਾਂ ਤੋਂ ਇਕੱਠੇ ਕੀਤੇ ਗਏ ਨਮੂਨਿਆਂ ਨੂੰ ਲੈਬ ਵਿੱਚ ਭੇਜਿਆ ਜਾ ਰਿਹਾ ਹੈ। ਉਸ ਤੋਂ ਬਾਅਦ ਹੀ ਸਾਨੂੰ ਹੋਰ ਜਾਣਕਾਰੀ ਮਿਲੇਗੀ। ਅਸੀਂ ਨਮੂਨਿਆਂ ਦੀ ਜਾਂਚ ਕਰਨ ਤੋਂ ਬਾਅਦ ਹੀ ਕਿਸੇ ਸਿੱਟੇ 'ਤੇ ਪਹੁੰਚ ਸਕਾਂਗੇ।"
ਮੀਡੀਆ ਵਿੱਚ ਧਮਾਕੇ ਬਾਰੇ ਕਈ ਤਰ੍ਹਾਂ ਦੀਆਂ ਅਟਕਲਾਂ ਸਨ। ਕੁਝ ਚਸ਼ਮਦੀਦਾਂ ਨੇ ਤਾਂ ਇਹ ਵੀ ਦਾਅਵਾ ਕੀਤਾ ਕਿ ਧਮਾਕਾ ਸੀਐੱਨਜੀ ਕਾਰਨ ਹੋਇਆ ਸੀ, ਹਾਲਾਂਕਿ ਪੁਲਿਸ ਨੇ ਅਧਿਕਾਰਤ ਤੌਰ 'ਤੇ ਇਸਦੀ ਪੁਸ਼ਟੀ ਨਹੀਂ ਕੀਤੀ ਹੈ।
ਹਾਲਾਂਕਿ, ਮੰਗਲਵਾਰ ਸਵੇਰੇ ਦਿੱਲੀ ਉੱਤਰੀ ਡੀਸੀਪੀ ਰਾਜਾ ਬੰਥਿਆ ਨੇ ਮੀਡੀਆ ਨੂੰ ਦੱਸਿਆ, "ਦਿੱਲੀ ਧਮਾਕੇ ਵਿੱਚ ਯੂਏਪੀਏ, ਵਿਸਫੋਟਕ ਐਕਟ ਅਤੇ ਭਾਰਤੀ ਦੰਡ ਸੰਹਿਤਾ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਫੋਰੈਂਸਿਕ ਮਾਹਿਰ, ਐਫਐਸਐਲ ਟੀਮ ਅਤੇ ਹੋਰ ਮਾਹਿਰ ਟੀਮਾਂ ਵੀ ਮੌਕੇ 'ਤੇ ਮੌਜੂਦ ਹਨ। ਅਸੀਂ ਸਾਰੇ ਸਬੂਤ ਇਕੱਠੇ ਕਰ ਰਹੇ ਹਾਂ।"
ਦੂਜਾ ਸਵਾਲ - ਧਮਾਕਾ ਕਿਵੇਂ ਹੋਇਆ?

ਤਸਵੀਰ ਸਰੋਤ, Getty Images
ਧਮਾਕੇ ਬਾਰੇ ਜਾਣਕਾਰੀ ਦਿੰਦੇ ਹੋਏ ਦਿੱਲੀ ਪੁਲਿਸ ਕਮਿਸ਼ਨਰ ਸਤੀਸ਼ ਗੋਲਚਾ ਨੇ ਮੀਡੀਆ ਨੂੰ ਦੱਸਿਆ, "ਧਮਾਕੇ ਨਾਲ ਨੇੜਲੇ ਵਾਹਨਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਸੂਚਨਾ ਮਿਲਦੇ ਹੀ ਦਿੱਲੀ ਪੁਲਿਸ, ਐੱਫਐੱਸਐੱਲ, ਐੱਨਆਈਏ ਅਤੇ ਐੱਨਐੱਸਜੀ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਹਨ ਅਤੇ ਸਥਿਤੀ ਦਾ ਮੁਲਾਂਕਣ ਕਰ ਰਹੀਆਂ ਹਨ।"
"ਇਸ ਧਮਾਕੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਦੇ ਮੁਲਾਂਕਣ ਤੋਂ ਬਾਅਦ ਜਲਦੀ ਹੀ ਇਸ ਬਾਰੇ ਜਾਣਕਾਰੀ ਦਿੱਤੀ ਜਾਵੇਗੀ।"
ਪਰ ਕਾਰ ਧਮਾਕੇ ਦੇ ਕਾਰਨਾਂ ਬਾਰੇ ਅਜੇ ਤੱਕ ਕੋਈ ਸਪੱਸ਼ਟ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਕਿ ਇਹ ਕਿਵੇਂ ਹੋਇਆ?
ਕੀ ਕਾਰ ਵਿੱਚ ਪਹਿਲਾਂ ਤੋਂ ਹੀ ਕੋਈ ਵਿਸਫੋਟਕ ਸਮੱਗਰੀ ਜਾਂ ਬੰਬ ਰੱਖਿਆ ਹੋਇਆ ਸੀ?
ਕੀ ਕਾਰ ਦੀ ਤੇਲ ਵਾਲੀ ਟੈਂਕੀ ਜਾਂ ਸੀਐੱਨਜੀ ਟੈਂਕ ਫਟ ਗਿਆ, ਜਿਸ ਨੇ ਨੇੜਲੇ ਹੋਰ ਵਾਹਨਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ?
ਕੀ ਕਾਰ ਵਿੱਚ ਸਵਾਰ ਲੋਕਾਂ ਨੂੰ ਪਹਿਲਾਂ ਤੋਂ ਕੋਈ ਜਾਣਕਾਰੀ ਸੀ? ਇਸ ਬਾਰੇ ਅਜੇ ਕੁਝ ਵੀ ਸਪੱਸ਼ਟ ਨਹੀਂ ਹੈ।
ਤੀਜਾ ਸਵਾਲ- ਕਾਰ ਦਾ ਮਾਲਕ ਕੌਣ ਹੈ?

ਤਸਵੀਰ ਸਰੋਤ, Reuters
ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ, "ਸੋਮਵਾਰ ਸ਼ਾਮ ਨੂੰ ਤਕਰੀਬਨ 7 ਵਜੇ, ਦਿੱਲੀ ਦੇ ਲਾਲ ਕਿਲ੍ਹੇ ਨੇੜੇ ਸੁਭਾਸ਼ ਮਾਰਗ ਟ੍ਰੈਫਿਕ ਸਿਗਨਲ 'ਤੇ ਇੱਕ ਆਈ-20 ਹੁੰਡਈ ਕਾਰ ਵਿੱਚ ਧਮਾਕਾ ਹੋਇਆ।"
"ਧਮਾਕੇ ਕਾਰਨ ਨੇੜਲੇ ਕੁਝ ਵਾਹਨਾਂ ਨੂੰ ਨੁਕਸਾਨ ਪਹੁੰਚਿਆ ਅਤੇ ਕੁਝ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਪ੍ਰਾਪਤ ਮੁੱਢਲੀ ਜਾਣਕਾਰੀ ਮੁਤਾਬਕ ਕੁਝ ਲੋਕਾਂ ਦੀ ਮੌਤ ਵੀ ਹੋਈ ਹੈ।"
ਭਾਰਤੀ ਮੀਡੀਆ ਇਸ ਕਾਰ ਬਾਰੇ ਕਈ ਤਰ੍ਹਾਂ ਦੀਆਂ ਰਿਪੋਰਟਾਂ ਚਲਾ ਰਿਹਾ ਹੈ, ਪਰ ਅਜੇ ਤੱਕ ਕੋਈ ਸਪੱਸ਼ਟ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਕਿ ਕਾਰ ਕਿਸਦੀ ਸੀ? ਇਹ ਕਿੱਥੋਂ ਆ ਰਹੀ ਸੀ?
ਇਹ ਕਿੱਥੇ ਜਾ ਰਹੀ ਸੀ? ਕਾਰ ਵਿੱਚ ਕਿੰਨੇ ਲੋਕ ਸਨ ਅਤੇ ਧਮਾਕੇ ਵਿੱਚ ਕਿੰਨੇ ਲੋਕ ਮਾਰੇ ਗਏ, ਇਹ ਅਜੇ ਵੀ ਅਸਪਸ਼ਟ ਹੈ।
ਜਾਂਚ ਅਧਿਕਾਰੀ ਕਾਰ ਦੀਆਂ ਹਰਕਤਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਕਈ ਮੀਡੀਆ ਆਊਟਲੈਟਸ ਰਿਪੋਰਟ ਕਰ ਰਹੇ ਹਨ ਕਿ ਕਾਰ ਕਈ ਘੰਟਿਆਂ ਤੋਂ ਉਸ ਖੇਤਰ ਵਿੱਚ ਸੀ ਜਿੱਥੇ ਧਮਾਕਾ ਹੋਇਆ ਸੀ। ਕਿਹਾ ਜਾ ਰਿਹਾ ਹੈ ਕਿ ਕਾਰ ਇੱਕ ਪਾਰਕਿੰਗ ਵਿੱਚ ਖੜ੍ਹੀ ਸੀ ਅਤੇ ਧਮਾਕੇ ਤੋਂ ਥੋੜ੍ਹੀ ਦੇਰ ਪਹਿਲਾਂ ਹੌਲੀ-ਹੌਲੀ ਚੱਲਣ ਲੱਗੀ ਸੀ ਅਤੇ ਧਮਾਕੇ ਵਾਲੀ ਜਗ੍ਹਾ ਲਾਲ ਕਿਲ੍ਹਾ ਮੈਟਰੋ ਸਟੇਸ਼ਨ ਦੇ ਬਹੁਤ ਨੇੜੇ ਸੀ।
ਪਰ ਨਾ ਤਾਂ ਪੁਲਿਸ ਅਤੇ ਨਾ ਹੀ ਬੀਬੀਸੀ ਇਸਦੀ ਪੁਸ਼ਟੀ ਕਰਦੇ ਹਨ।
ਚੌਥਾ ਸਵਾਲ - ਧਮਾਕਾ ਕੀ ਸੀ?

ਇਹ ਸਵਾਲ ਵੀ ਉੱਠਦਾ ਹੈ ਕਿ ਕੀ ਧਮਾਕਾ ਘਟਨਾ ਵਾਲੀ ਥਾਂ 'ਤੇ ਗ਼ਲਤੀ ਨਾਲ ਹੋਇਆ ਸੀ ਜਾਂ ਇਹ ਜਾਣਬੁੱਝ ਕੇ ਉੱਥੇ ਹੀ ਕੀਤਾ ਗਿਆ ਸੀ।
ਜੇਕਰ ਇਹ ਜਾਣਬੁੱਝ ਕੇ ਕੀਤਾ ਗਿਆ ਧਮਾਕਾ ਸੀ, ਤਾਂ ਨਿਸ਼ਾਨਾ ਕੌਣ ਸੀ? ਕੀ ਸਿਰਫ਼ ਆਮ ਨਾਗਰਿਕ ਹੀ ਨਿਸ਼ਾਨਾ ਸਨ?
ਕੀ ਘਟਨਾ ਦੇ ਤਾਰ ਸਥਾਨਕ ਪੱਧਰ 'ਤੇ ਹੀ ਜੁੜੇ ਹੋਏ ਸਨ ਜਾਂ ਸੂਬਾ ਜਾਂ ਦੇਸ਼ ਤੋਂ ਬਾਹਰ ਇਸ ਦਾ ਕੋਈ ਸਬੰਧ ਸੀ?
ਇਨ੍ਹਾਂ ਸਾਰੀਆਂ ਗੱਲਾਂ ਬਾਰੇ ਜਾਣਕਾਰੀ ਅਜੇ ਪ੍ਰਾਪਤ ਨਹੀਂ ਹੋਈ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












