ਬੀਬੀਸੀ ਦੇ ਡਾਇਰੈਕਟਰ ਜਨਰਲ ਟਿਮ ਡੇਵੀ ਅਤੇ ਨਿਊਜ਼ ਸੀਈਓ ਡੇਬੋਰਾ ਟਰਨੇਸ ਨੇ ਦਿੱਤਾ ਅਸਤੀਫਾ

- ਲੇਖਕ, ਐਲੇਕਸ ਫਿਲਿਪਸ ਅਤੇ ਹੈਲਨ ਬੁਸ਼ਬੀ
- ਰੋਲ, ਕਲਚਰ ਰਿਪੋਰਟਰ
ਬੀਬੀਸੀ ਦੇ ਡਾਇਰੈਕਟਰ ਜਨਰਲ ਟਿਮ ਡੇਵੀ ਅਤੇ ਨਿਊਜ਼ ਸੀਈਓ ਡੇਬੋਰਾ ਟਰਨੇਸ ਨੇ ਅਸਤੀਫਾ ਦੇ ਦਿੱਤਾ ਹੈ।
ਇਹ ਅਸਤੀਫੇ ਉਸ ਆਲੋਚਨਾ ਤੋਂ ਬਾਅਦ ਆਏ ਹਨ ਜਿਸ 'ਚ ਕਿਹਾ ਗਿਆ ਹੈ ਕਿ ਬੀਬੀਸੀ ਪੈਨੋਰਮਾ ਡਾਕਿਊਮੈਂਟਰੀ ਨੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੇ ਭਾਸ਼ਣ ਨੂੰ ਐਡਿਟ ਕਰਕੇ ਦਰਸ਼ਕਾਂ ਨੂੰ ਗੁੰਮਰਾਹ ਕੀਤਾ।
ਇੱਕ ਬਿਆਨ ਵਿੱਚ ਟਿਮ ਡੇਵੀ ਨੇ ਕਿਹਾ, "ਕੁਝ ਗਲਤੀਆਂ ਹੋਈਆਂ ਹਨ ਅਤੇ ਡਾਇਰੈਕਟਰ ਜਨਰਲ ਹੋਣ ਦੇ ਨਾਤੇ ਮੈਨੂੰ ਉਨ੍ਹਾਂ ਦੀ ਪੂਰੀ ਜ਼ਿੰਮੇਦਾਰੀ ਲੈਣੀ ਪਵੇਗੀ।"
ਟੈਲੀਗ੍ਰਾਫ ਨੇ ਸੋਮਵਾਰ ਨੂੰ ਬੀਬੀਸੀ ਦੇ ਇੱਕ ਲੀਕ ਹੋਏ ਅੰਦਰੂਨੀ ਮੈਮੋ ਦੇ ਵੇਰਵੇ ਪ੍ਰਕਾਸ਼ਿਤ ਕੀਤੇ, ਜਿਨ੍ਹਾਂ ਵਿੱਚ ਕਿਹਾ ਗਿਆ ਕਿ ਪੈਨੋਰਮਾ ਪ੍ਰੋਗਰਾਮ ਵਿੱਚ ਅਮਰੀਕੀ ਰਾਸ਼ਟਰਪਤੀ ਦੇ ਭਾਸ਼ਣ ਦੇ ਦੋ ਹਿੱਸਿਆਂ ਨੂੰ ਸੰਪਾਦਿਤ ਕੀਤਾ ਗਿਆ ਤਾਂ ਜੋ ਇਹ ਦਿਖਾਈ ਦੇਵੇ ਕਿ ਉਹ ਜਨਵਰੀ 2021 ਵਿੱਚ ਕੈਪੀਟਲ ਹਿੱਲ ਦੰਗਿਆਂ ਨੂੰ ਸਪਸ਼ਟ ਤੌਰ 'ਤੇ ਉਤਸ਼ਾਹਿਤ ਕਰ ਰਹੇ ਸਨ।
ਬ੍ਰਿਟਿਸ਼ ਆਗੂਆਂ ਨੇ ਉਮੀਦ ਜਤਾਈ ਹੈ ਕਿ ਇਨ੍ਹਾਂ ਅਸਤੀਫ਼ਿਆਂ ਨਾਲ ਬਦਲਾਅ ਆਵੇਗਾ। ਟਰੰਪ ਨੇ ਵੀ ਇਸ ਫੈਸਲੇ ਦਾ ਸਵਾਗਤ ਕੀਤਾ ਹੈ।
ਡਾਇਰੈਕਟਰ ਜਨਰਲ ਅਤੇ ਬੀਬੀਸੀ ਨਿਊਜ਼ ਦੇ ਮੁਖੀ ਦੋਵਾਂ ਦਾ ਇੱਕੋ ਦਿਨ ਅਸਤੀਫ਼ਾ ਦੇਣਾ ਹੈਰਾਨੀਜਨਕ ਹੈ।
ਟਿਮ ਡੇਵੀ ਤੇ ਟਰਨੇਸ ਨੇ ਅਸਤੀਫੇ ਪਿੱਛੇ ਕੀ ਕਾਰਨ ਦੱਸੇ

ਤਸਵੀਰ ਸਰੋਤ, PA Media
ਲੰਘੇ ਐਤਵਾਰ ਦੀ ਸ਼ਾਮ ਨੂੰ ਇਸ ਫੈਸਲੇ ਦਾ ਐਲਾਨ ਕਰਦੇ ਹੋਏ ਡੇਵੀ ਨੇ ਕਿਹਾ: "ਸਾਰੀਆਂ ਜਨਤਕ ਸੰਸਥਾਵਾਂ ਵਾਂਗ ਬੀਬੀਸੀ ਵੀ ਪਰਫੈਕਟ ਨਹੀਂ ਹੈ ਅਤੇ ਸਾਨੂੰ ਹਮੇਸ਼ਾ ਖੁੱਲ੍ਹ ਕੇ, ਪਾਰਦਰਸ਼ੀ ਅਤੇ ਜਵਾਬਦੇਹ ਰਹਿਣਾ ਚਾਹੀਦਾ ਹੈ।
"ਹਾਲਾਂਕਿ ਇਹ ਇਕੱਲਾ ਕਾਰਨ ਨਹੀਂ ਹੈ, ਬੀਬੀਸੀ ਨਿਊਜ਼ ਨੂੰ ਲੈ ਕੇ ਹੋ ਰਹੀ ਮੌਜੂਦਾ ਬਹਿਸ ਵੀ ਮੇਰੇ ਫੈਸਲੇ ਪਿੱਛੇ ਕਾਰਨ ਹੈ।''
"ਕੁੱਲ ਮਿਲਾ ਕੇ, ਬੀਬੀਸੀ ਚੰਗਾ ਕੰਮ ਕਰ ਰਿਹਾ ਹੈ, ਪਰ ਕੁਝ ਗਲਤੀਆਂ ਹੋਈਆਂ ਹਨ ਅਤੇ ਡਾਇਰੈਕਟਰ ਜਨਰਲ ਹੋਣ ਦੇ ਨਾਤੇ, ਮੈਨੂੰ ਇਸਦੀ ਪੂਰੀ ਜ਼ਿੰਮੇਦਾਰੀ ਲੈਣੀ ਚਾਹੀਦੀ ਹੈ।"
ਡੇਬੋਰਾ ਟਰਨੇਸ ਨੇ ਵੀ ਐਤਵਾਰ ਰਾਤ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਪੈਨੋਰਮਾ ਵਿਵਾਦ "ਇੱਕ ਅਜਿਹੇ ਪੱਧਰ 'ਤੇ ਪਹੁੰਚ ਗਿਆ ਹੈ ਜਿੱਥੇ ਇਹ ਬੀਬੀਸੀ ਨੂੰ ਨੁਕਸਾਨ ਪਹੁੰਚਾ ਰਿਹਾ ਹੈ।"
ਉਨ੍ਹਾਂ ਅੱਗੇ ਕਿਹਾ, "ਇਸ ਦੀ ਜ਼ਿੰਮੇਵਾਰੀ ਮੇਰੀ ਹੈ।"
ਟਰਨੇਸ ਨੇ ਕਿਹਾ, "ਜਨਤਕ ਜੀਵਨ ਵਿੱਚ ਆਗੂਆਂ ਨੂੰ ਪੂਰੀ ਤਰ੍ਹਾਂ ਜਵਾਬਦੇਹ ਹੋਣਾ ਚਾਹੀਦਾ ਹੈ ਅਤੇ ਇਸ ਲਈ ਮੈਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਰਹੀ ਹਾਂ। ਹਾਲਾਂਕਿ ਗਲਤੀਆਂ ਕੀਤੀਆਂ ਗਈਆਂ ਹਨ, ਮੈਂ ਇਹ ਬਿਲਕੁਲ ਸਪਸ਼ਟ ਕਰ ਦੇਣਾ ਚਾਹੁੰਦੀ ਹਾਂ ਕਿ ਹਾਲ ਹੀ ਵਿੱਚ ਬੀਬੀਸੀ ਨਿਊਜ਼ 'ਤੇ ਇੱਕ ਸੰਸਥਾ ਵਜੋਂ ਪੱਖਪਾਤ ਕਰਨ ਦੇ ਜੋ ਇਲਜ਼ਾਮ ਲੱਗ ਰਹੇ ਹਨ, ਉਹ ਗਲਤ ਹਨ।"
ਟਰਨੇਸ ਪਿਛਲੇ ਤਿੰਨ ਸਾਲਾਂ ਤੋਂ ਨਿਊਜ਼ ਅਤੇ ਕਰੰਟ ਅਫੇਅਰਜ਼ ਦੇ ਸੀਈਓ ਰਹੇ ਹਨ।
ਟੈਲੀਗ੍ਰਾਫ ਵੱਲੋਂ ਪ੍ਰਕਾਸ਼ਿਤ ਅੰਦਰੂਨੀ ਮੈਮੋ ਦੇ ਨਾਲ ਇਹ ਚਿੰਤਾ ਵੀ ਪ੍ਰਗਟਾਈ ਗਈ ਹੈ ਕਿ ਬੀਬੀਸੀ ਅਰਬੀ ਦੇ ਇਜ਼ਰਾਈਲ-ਗਾਜ਼ਾ ਯੁੱਧ ਦੀ ਕਵਰੇਜ ਵਿੱਚ ਪੱਖਪਾਤ ਦੀਆਂ "ਸੰਸਥਾਤਮਕ ਸਮੱਸਿਆਵਾਂ" ਨੂੰ ਹੱਲ ਕਰਨ ਲਈ ਕੋਈ ਕਾਰਵਾਈ ਨਹੀਂ ਕੀਤੀ ਗਈ।
ਟਰੰਪ ਦਾ ਭਾਸ਼ਣ ਅਤੇ ਅਸਤੀਫਿਆਂ 'ਤੇ ਪ੍ਰਤੀਕਿਰਿਆ

ਤਸਵੀਰ ਸਰੋਤ, Getty Images
6 ਜਨਵਰੀ, 2021 ਨੂੰ ਵਾਸ਼ਿੰਗਟਨ ਡੀ.ਸੀ. ਵਿੱਚ ਆਪਣੇ ਭਾਸ਼ਣ ਵਿੱਚ ਟਰੰਪ ਨੇ ਕਿਹਾ ਸੀ, "ਅਸੀਂ ਕੈਪੀਟਲ ਵੱਲ ਮਾਰਚ ਕਰਾਂਗੇ, ਅਤੇ ਆਪਣੇ ਬਹਾਦਰ ਸੈਨੇਟਰਾਂ, ਕਾਂਗਰਸਮੈਨ ਅਤੇ ਮਹਿਲਾਵਾਂ ਦਾ ਸਵਾਗਤ ਕਰਾਂਗੇ।"
ਹਾਲਾਂਕਿ, ਪੈਨੋਰਮਾ ਐਡਿਟ ਵਿੱਚ ਉਨ੍ਹਾਂ ਨੂੰ ਇਹ ਕਹਿੰਦੇ ਹੋਏ ਦਿਖਾਇਆ ਗਿਆ: "ਅਸੀਂ ਕੈਪੀਟਲ ਵੱਲ ਮਾਰਚ ਕਰਾਂਗੇ... ਅਤੇ ਮੈਂ ਤੁਹਾਡੇ ਨਾਲ ਉੱਥੇ ਹੋਵਾਂਗਾ। ਅਤੇ ਅਸੀਂ ਲੜਾਂਗੇ। ਅਸੀਂ ਜੀ-ਜਾਨ ਨਾਲ ਲੜਾਂਗੇ।"
ਉਨ੍ਹਾਂ ਦੇ ਭਾਸ਼ਣ ਦੇ ਜਿਨ੍ਹਾਂ ਦੋ ਹਿੱਸਿਆਂ ਨੂੰ ਜੋੜ ਕੇ ਇਕੱਠਾ ਦਿਖਾਇਆ ਗਿਆ ਸੀ, ਅਸਲ ਵਿੱਚ ਉਨ੍ਹਾਂ ਵਿਚਕਾਰ 50 ਮਿੰਟ ਤੋਂ ਵੱਧ ਦਾ ਅੰਤਰ ਸੀ।
ਅੰਦਰੂਨੀ ਮੈਮੋ ਦੇ ਪ੍ਰਕਾਸ਼ਿਤ ਹੋਣ ਨਾਲ ਬੀਬੀਸੀ ਦੀ ਆਲੋਚਨਾ ਸ਼ੁਰੂ ਹੋ ਗਈ, ਜਿਸ ਵਿੱਚ ਵ੍ਹਾਈਟ ਹਾਊਸ ਵੀ ਸ਼ਾਮਲ ਸੀ, ਜਿਸ ਨੇ ਬੀਬੀਸੀ ਨੂੰ "100 ਫੀਸਦੀ ਫੇਕ ਨਿਊਜ਼" ਕਿਹਾ।
ਬੀਤੇ ਐਤਵਾਰ ਇਨ੍ਹਾਂ ਅਸਤੀਫ਼ਿਆਂ ਸਬੰਧੀ ਟਰੰਪ ਨੇ ਕਿਹਾ ਕਿ ਬੀਬੀਸੀ ਦੇ ਉੱਚ ਅਧਿਕਾਰੀ ਜਾਂ ਤਾਂ ਅਸਤੀਫ਼ਾ ਦੇ ਰਹੇ ਸਨ ਜਾਂ ਉਨ੍ਹਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ "ਕਿਉਂਕਿ ਉਹ 6 ਜਨਵਰੀ ਨੂੰ ਮੇਰੇ ਬਹੁਤ ਵਧੀਆ (ਪਰਫੈਕਟ!) ਭਾਸ਼ਣ ਨਾਲ 'ਛੇੜਛਾੜ' ਕਰਦੇ ਹੋਏ ਫੜੇ ਗਏ ਸਨ।"
ਉਨ੍ਹਾਂ ਲਿਖਿਆ, "ਇਹ ਬਹੁਤ ਹੀ ਬੇਈਮਾਨ ਲੋਕ ਹਨ ਜਿਨ੍ਹਾਂ ਨੇ ਰਾਸ਼ਟਰਪਤੀ ਚੋਣ ਦੇ ਪੈਮਾਨੇ ਵਿੱਚ ਦਖਲ ਦੇਣ ਦੀ ਕੋਸ਼ਿਸ਼ ਕੀਤੀ। ਲੋਕਤੰਤਰ ਲਈ ਇਹ ਕਿੰਨੀ ਭਿਆਨਕ ਗੱਲ ਹੈ!"
ਬੀਬੀਸੀ ਦੇ ਚੇਅਰਮੈਨ ਕੀ ਬੋਲੇ
ਇਹ ਦੋਵੇਂ ਅਸਤੀਫ਼ੇ, ਬੀਬੀਸੀ ਦੇ ਚੇਅਰਮੈਨ ਸਮੀਰ ਸ਼ਾਹ ਵੱਲੋਂ ਦਿੱਤੇ ਜਾਣ ਵਾਲੇ ਉਸ ਬਿਆਨ ਤੋਂ ਪਹਿਲਾਂ ਆਏ ਹਨ ਜੋ ਉਨ੍ਹਾਂ ਵੱਲੋਂ ਸੋਮਵਾਰ ਨੂੰ ਇੱਕ ਸੰਸਦੀ ਕਮੇਟੀ ਨੂੰ ਦੇਣ ਦੀ ਉਮੀਦ ਹੈ। ਉਮੀਦ ਕੀਤੀ ਜਾ ਰਹੀ ਸੀ ਕਿ ਇਸ ਦੌਰਾਨ ਉਹ ਭਾਸ਼ਣ ਨੂੰ ਸੰਪਾਦਿਤ ਕਰਨ ਦੇ ਤਰੀਕੇ ਲਈ ਮੁਆਫੀ ਮੰਗਣਗੇ।
ਐਤਵਾਰ ਨੂੰ ਆਏ ਅਸਤੀਫ਼ਿਆਂ 'ਤੇ ਟਿੱਪਣੀ ਕਰਦੇ ਹੋਏ ਸ਼ਾਹ ਨੇ ਕਿਹਾ - "ਬੀਬੀਸੀ ਲਈ ਇੱਕ ਦੁਖਦਾਈ ਦਿਨ" ਅਤੇ ਡੇਵੀ ਨੂੰ ਉਨ੍ਹਾਂ ਦੇ ਕਾਰਜਕਾਲ ਦੌਰਾਨ "ਮੇਰਾ ਅਤੇ [ਬੀਬੀਸੀ] ਬੋਰਡ ਦਾ ਪੂਰਾ ਸਹਿਯੋਗ ਸੀ।"
ਉਨ੍ਹਾਂ ਅੱਗੇ ਕਿਹਾ: "ਹਾਲਾਂਕਿ, ਮੈਂ ਉਨ੍ਹਾਂ 'ਤੇ ਨਿੱਜੀ ਅਤੇ ਪੇਸ਼ੇਵਰ ਤੌਰ 'ਤੇ ਲਗਾਤਾਰ ਪੈਂਦੇ ਦਬਾਅ ਨੂੰ ਸਮਝਦਾ ਹਾਂ, ਜਿਸ ਕਾਰਨ ਉਨ੍ਹਾਂ ਨੂੰ ਅੱਜ ਇਹ ਫੈਸਲਾ ਲੈਣਾ ਪਿਆ ਹੈ। ਪੂਰਾ ਬੋਰਡ ਇਸ ਫੈਸਲੇ ਅਤੇ ਇਸ ਦੇ ਕਾਰਨਾਂ ਦਾ ਸਤਿਕਾਰ ਕਰਦਾ ਹੈ।"
ਲੀਕ ਹੋਏ ਮੈਮੋ ਵਿੱਚ ਹੋਰ ਕੀ-ਕੀ

ਤਸਵੀਰ ਸਰੋਤ, BBC/Patrick Olner
ਲੀਕ ਹੋਇਆ ਮੈਮੋ ਮਾਈਕਲ ਪ੍ਰੈਸਕੋਟ ਦੁਆਰਾ ਲਿਖਿਆ ਗਿਆ ਸੀ, ਜੋ ਕਿ ਪ੍ਰਸਾਰਕ ਦੀ ਐਡੀਟੋਰੀਅਲ ਸਟੈਂਡਰਡ ਕਮੇਟੀ ਦੇ ਇੱਕ ਸਾਬਕਾ ਸੁਤੰਤਰ ਬਾਹਰੀ ਸਲਾਹਕਾਰ ਸਨ, ਜਿਨ੍ਹਾਂ ਨੇ ਜੂਨ ਵਿੱਚ ਅਹੁਦਾ ਛੱਡ ਦਿੱਤਾ ਸੀ।
ਮੈਮੋ ਵਿੱਚ, ਉਨ੍ਹਾਂ ਨੇ ਟਰਾਂਸ ਮੁੱਦਿਆਂ ਸਬੰਧੀ ਬੀਬੀਸੀ ਦੀ ਕਵਰੇਜ ਬਾਰੇ ਵੀ ਚਿੰਤਾ ਪ੍ਰਗਟ ਕੀਤੀ ਹੈ ਅਤੇ ਇਹ ਸੰਕੇਤ ਦਿੱਤੇ ਹਨ ਕਿ ਇਸ ਦੀ ਕਵਰੇਜ ਨੂੰ ਇਸ ਦੇ ਮਾਹਰ ਐਲਜੀਬੀਟੀ ਪੱਤਰਕਾਰਾਂ ਦੁਆਰਾ ਪ੍ਰਭਾਵਸ਼ਾਲੀ ਢੰਗ ਨਾਲ "ਸੈਂਸਰ" ਕੀਤਾ ਗਿਆ ਸੀ, ਜੋ ਟ੍ਰਾਂਸ-ਪੱਖੀ ਏਜੰਡੇ ਨੂੰ ਪ੍ਰਮੋਟ ਕਰਦੇ ਸਨ।
ਉਨ੍ਹਾਂ ਦੇ ਲੀਕ ਹੋਏ ਮੈਮੋ ਵਿੱਚ ਕਿਹਾ ਗਿਆ ਹੈ ਕਿ ਉਹ "ਜਦੋਂ ਮੁੱਦੇ ਸਾਹਮਣੇ ਆਉਂਦੇ ਹਨ" ਤਾਂ ਬੀਬੀਸੀ ਪ੍ਰਬੰਧਨ ਵੱਲੋਂ ਕਾਰਵਾਈ ਨਾ ਕੀਤੇ ਜਾਣ ਕਾਰਨ ਉਹ "ਨਿਰਾਸ਼" ਮਹਿਸੂਸ ਕਰਦੇ ਹਨ।
ਵੀਰਵਾਰ ਨੂੰ ਵੱਖਰੇ ਤੌਰ 'ਤੇ ਬੀਬੀਸੀ ਨੇ ਨਿਰਪੱਖਤਾ ਸਬੰਧੀ 20 ਸ਼ਿਕਾਇਤਾਂ ਨੂੰ ਠਹਿਰਾਇਆ, ਜਿਨ੍ਹਾਂ ਵਿੱਚ ਇਹ ਸ਼ਿਕਾਇਤ ਵੀ ਸ਼ਾਮਲ ਹੈ ਕਿ ਕਿਵੇਂ ਇਸ ਸਾਲ ਦੇ ਸ਼ੁਰੂ ਵਿੱਚ ਪੇਸ਼ਕਾਰ ਮਾਰਟੀਨ ਕਰੌਕਸਾਲ ਨੇ ਬੀਬੀਸੀ ਨਿਊਜ਼ ਚੈਨਲ 'ਤੇ ਲਾਈਵ ਪੜ੍ਹੀ ਜਾ ਰਹੀ ਇੱਕ ਸਕ੍ਰਿਪਟ ਨਾਲ ਛੇੜਛਾੜ ਕੀਤੀ ਸੀ, ਜਿਸ ਵਿੱਚ "ਗਰਭਵਤੀ ਔਰਤਾਂ" ਦਾ ਜ਼ਿਕਰ ਸੀ।
ਹਾਲ ਹੀ ਦੇ ਮਹੀਨਿਆਂ ਵਿੱਚ, ਕਾਰਪੋਰੇਸ਼ਨ ਨੂੰ ਇਸ ਲਈ ਵੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ ਕਿ ਗਾਜ਼ਾ 'ਤੇ ਬਣੀ ਇੱਕ ਦਸਤਾਵੇਜ਼ੀ (ਡਾਕਿਊਮੈਂਟਰੀ) ਦਾ ਬਿਰਤਾਂਤ ਸੁਣਾਉਣ ਵਾਲਾ ਵਿਅਕਤੀ ਹਮਾਸ ਦੇ ਇੱਕ ਅਧਿਕਾਰੀ ਦਾ ਪੁੱਤਰ ਸੀ ਅਤੇ ਬੀਬੀਸੀ ਨੇ ਇਸ ਬਾਰੇ ਨਹੀਂ ਦੱਸਿਆ।
ਬੀਬੀਸੀ ਦੇ ਗਲਾਸਟਨਬਰੀ ਸੈੱਟ ਦੇ ਪ੍ਰਸਾਰਣ 'ਚ ਵੀ ਸੰਪਾਦਕੀ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕੀਤੀ ਗਈ ਸੀ।
ਡੇਮ ਕੈਰੋਲੀਨ ਡਾਇਨੇਜ, ਜੋ ਸੰਸਦ ਮੈਂਬਰਾਂ ਦੀ ਸੱਭਿਆਚਾਰ, ਮੀਡੀਆ ਅਤੇ ਖੇਡ ਕਮੇਟੀ ਦੀ ਪ੍ਰਧਾਨਗੀ ਕਰਦੇ ਹਨ, ਨੇ ਕਿਹਾ ਕਿ ਪ੍ਰਸਾਰਕ ਨੂੰ ''ਲਗਾਤਾਰ ਆ ਰਹੇ ਸੰਕਟਾਂ ਅਤੇ ਗਲਤੀਆਂ' ਕਾਰਨ ਨੁਕਸਾਨ ਪਹੁੰਚਿਆ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












