ਜ਼ੋਹਰਾਨ ਮਮਦਾਨੀ ਦੀ ਮਾਂ ਮੀਰਾ ਨਾਇਰ ਅਤੇ ਪਿਤਾ ਮਹਿਮੂਦ ਮਮਦਾਨੀ ਦਾ ਪੰਜਾਬ ਕੁਨੈਕਸ਼ਨ ਕੀ ਹੈ

ਤਸਵੀਰ ਸਰੋਤ, Getty Images
- ਲੇਖਕ, ਅਵਤਾਰ ਸਿੰਘ
- ਰੋਲ, ਬੀਬੀਸੀ ਪੱਤਰਕਾਰ
"ਮੇਰੇ ਅੱਬੂ ਲਾਹੌਰ ਤੋਂ ਆਏ ਸਨ ਅਤੇ ਮੇਰੀ ਮਾਂ ਅੰਮ੍ਰਿਤਸਰ ਤੋਂ ਹੈ। ਮੈਂ ਉਡੀਸ਼ਾ ਵਿੱਚ ਵੱਡੀ ਹੋਈ, ਅਸੀਂ ਫ਼ੈਜ ਅਤੇ ਇਕਬਾਲ ਦੀਆਂ ਕਵਿਤਾਵਾਂ ਨਾਲ ਵੱਡੇ ਹੋਏ। ਮੇਰੇ ਪਿਤਾ ਉਰਦੂ ਬੋਲਦੇ ਸੀ, ਮੇਰੀ ਮਾਂ ਹਿੰਦੀ ਅਤੇ ਪੰਜਾਬੀ। ਮੈਂ ਉਸ ਮਾਹੌਲ ਵਿੱਚ ਰਹੀ ਹਾਂ।"
ਪਾਕਿਸਤਾਨ ਵਿੱਚ ਜਨਵਰੀ 2025 ਵਿੱਚ ਹੋਏ 'ਥਿੰਕ ਫੈਸਟ' ਦੌਰਾਨ ਫ਼ਿਲਮ ਨਿਰਦੇਸ਼ਕ ਮੀਰਾ ਨਾਇਰ ਇਨ੍ਹਾਂ ਸ਼ਬਦਾਂ ਨਾਲ ਇੱਕ ਵੀਡੀਓ ਵਿੱਚ ਆਪਣੇ ਪੰਜਾਬੀ ਪਿਛੋਕੜ ਅਤੇ ਵੱਖ-ਵੱਖ ਸੱਭਿਆਚਾਰਾਂ ਦੇ ਮਿਸ਼ਰਣ ਵਿੱਚ ਵੱਡੇ ਹੋਣ ਬਾਰੇ ਦੱਸਦੇ ਹਨ।
ਹਾਲ ਹੀ ਵਿੱਚ ਮੀਰਾ ਨਾਇਰ ਦੇ ਪੁੱਤਰ ਅਤੇ ਡੈਮੋਕ੍ਰੇਟਿਕ ਉਮੀਦਰਵਾਰ ਜ਼ੋਹਰਾਨ ਮਮਦਾਨੀ ਨਿਊਯਾਰਕ ਦੇ ਮੇਅਰ ਦੀ ਚੋਣ ਜਿੱਤ ਗਏ ਹਨ। 34 ਸਾਲਾ ਮਮਦਾਨੀ 100 ਸਾਲਾਂ ਤੋਂ ਵੱਧ ਸਮੇਂ ਵਿੱਚ ਨਿਊਯਾਰਕ ਦੇ ਸਭ ਤੋਂ ਘੱਟ ਉਮਰ ਦੇ, ਪਹਿਲੇ ਮੁਸਲਿਮ ਅਤੇ ਦੱਖਣੀ ਏਸ਼ੀਆਈ ਮੂਲ ਦੇ ਮੇਅਰ ਹੋਣਗੇ।
ਪ੍ਰਸਿੱਧ ਭਾਰਤੀ ਫਿਲਮ ਨਿਰਦੇਸ਼ਕ ਮੀਰਾ ਨਾਇਰ ਨੇ ਆਪਣੀਆਂ ਫਿਲਮਾਂ ਰਾਹੀਂ ਭਾਰਤੀ ਸਭਿਆਚਾਰ ਨੂੰ ਵਿਸ਼ਵ ਪੱਧਰ 'ਤੇ ਦਿਖਾਇਆ ਹੈ। ਉਨ੍ਹਾਂ ਦੀਆਂ ਫਿਲਮਾਂ ਜਿਵੇਂ 'ਮੌਨਸੂਨ ਵੈਡਿੰਗ, ਸਲਾਮ ਬੰਬੇ, ਅਤੇ ਦ ਨੇਮ ਸੇਕ' ਵਿਸ਼ਵ ਪ੍ਰਸਿੱਧ ਹਨ।
ਮੀਰਾ ਨਾਇਰ ਦੇ ਪਤੀ ਮਹਿਮੂਦ ਮਮਦਾਨੀ ਕੋਲੰਬੀਆ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਹਨ। ਮਹਿਮੂਦ ਮਮਦਾਨੀ 1970 ਦੇ ਦਹਾਕੇ ਵਿੱਚ ਪੰਜਾਬ ਦੇ ਖੰਨਾ ਵਿੱਚ ਖੋਜ ਕਰਨ ਆਏ ਸਨ।
ਮੀਰਾ ਨਾਇਰ ਦਾ ਪਿਛੋਕੜ ਤੇ ਪੰਜਾਬੀ ਵਿਰਾਸਤ

ਤਸਵੀਰ ਸਰੋਤ, Getty Images
ਮੀਰਾ ਨਾਇਰ ਦਾ ਜਨਮ 15 ਅਕਤੂਬਰ 1957 ਨੂੰ ਭਾਰਤ ਦੇ ਉਡੀਸ਼ਾ ਦੇ ਰੌਰਕੇਲਾ ਵਿੱਚ ਇੱਕ ਹਿੰਦੂ ਪਰਿਵਾਰ ਵਿੱਚ ਹੋਇਆ ਸੀ। ਮੀਰਾ ਨਾਇਰ ਦੇ ਪੰਜਾਬੀ ਪਰਿਵਾਰ ਦੀਆਂ ਜੜ੍ਹਾਂ ਦਿੱਲੀ ਵਿੱਚ ਹਨ। ਉਨ੍ਹਾਂ ਦੇ ਪਿਤਾ ਅੰਮ੍ਰਿਤ ਲਾਲ ਨਾਇਰ ਇੱਕ ਆਈਏਐੱਸ ਅਫ਼ਸਰ ਸਨ, ਮੀਰਾ ਦੇ ਜਨਮ ਸਮੇਂ ਉਹ ਉਡੀਸ਼ਾ ਵਿੱਚ ਤੈਨਾਤ ਸਨ। ਉਨ੍ਹਾਂ ਦੀ ਮਾਂ ਦਾ ਨਾਮ ਪਰਵੀਨ ਨਾਇਰ ਹੈ ਜੋ ਅੰਮ੍ਰਿਤਸਰ ਤੋਂ ਹਨ।
ਮੀਰਾ ਦੇ ਦੋਸਤ, ਥੀਏਟਰ ਆਰਟਿਸ ਅਤੇ ਨਿਰਦੇਸ਼ਕ ਨੀਲਮ ਮਾਨ ਸਿੰਘ ਚੌਧਰੀ ਯਾਦ ਕਰਦੇ ਹਨ ਕਿ ਮੀਰਾ ਜਦੋਂ ਆਪਣੇ ਨਾਨਕੇ ਘਰ ਅੰਮ੍ਰਿਤਸਰ ਆਉਂਦੇ ਸਨ ਤਾਂ ਉਨ੍ਹਾਂ ਨੂੰ ਅਕਸਰ ਮਿਲਦੇ ਸਨ।
ਨੀਲਮ ਮਾਨ ਸਿੰਘ ਚੌਧਰੀ ਕਹਿੰਦੇ ਹਨ, "ਮੀਰਾ ਬਚਪਨ ਤੋਂ ਹੀ ਬਹੁਤ ਹੋਣਹਾਰ, ਹੁਸ਼ਿਆਰ ਅਤੇ ਉੂਰਜਾ ਵਾਲੀ ਸੀ। ਉਸ ਸਮੇਂ ਵੀ ਲੱਗਦਾ ਸੀ ਕਿ ਉਹ ਜ਼ਿੰਦਗੀ ਵਿੱਚ ਜ਼ਰੂਰ ਕੁਝ ਕਰੇਗੀ।"
ਮੀਰਾ ਨੇ ਦਿੱਲੀ ਯੂਨੀਵਰਸਿਟੀ ਅਤੇ ਹਾਰਵਰਡ ਯੂਨੀਵਰਸਿਟੀ ਤੋਂ ਪੜਾਈ ਕੀਤੀ ਹੈ ਜਿਸ ਤੋਂ ਬਾਅਦ ਉਹ ਡਾਕੂਮੈਂਟਰੀ ਫ਼ਿਲਮਾਂ ਵੱਲ ਪਰਤੇ।

ਤਸਵੀਰ ਸਰੋਤ, Getty Images
ਦੱਖਣੀ ਭਾਰਤੀ ਪੱਤਰਕਾਰ ਕੇਏ ਸ਼ਾਜੀ ਕਹਿੰਦੇ ਹਨ, "ਮੀਰਾ ਲੰਮਾ ਸਮਾਂ ਵਿਦੇਸ਼ਾਂ ਵਿੱਚ ਰਹੇ ਅਤੇ ਬੰਬੇ ਦੀਆਂ ਬਸਤੀਆਂ ਵਿੱਚ ਸਮਾਂ ਬਿਤਾਉਣ ਤੋਂ ਬਾਅਦ ਉਨ੍ਹਾਂ ਨੇ ਗਰੀਬੀ ਨੂੰ ਸਮਝਿਆ ਅਤੇ 'ਸਲਾਮ ਬੰਬੇ' ਵਰਗੀ ਫ਼ਿਲਮ ਬਣਾਈ।"
ਪੰਜਾਬੀ ਫ਼ਿਲਮ ਨਿਰਦੇਸ਼ਕ ਜਤਿੰਦਰ ਮੌਹਰ ਕਹਿੰਦੇ ਹਨ, "ਮੀਰਾ ਨਾਇਰ ਨੇ ਜਿੱਥੇ ਔਰਤਾਂ ਦੇ ਮਸਲਿਆਂ ਅਤੇ ਪਛਾਣ ਵਰਗੇ ਮਹੱਤਵਪੂਰਨ ਮੁੱਦਿਆਂ ਉਪਰ ਫ਼ਿਲਮਾਂ ਬਣਾਈਆਂ ਹਨ, ਉੱਥੇ ਹੀ ਉਹ ਆਪਣੀ ਪੰਜਾਬੀ ਪਛਾਣ ਨੂੰ ਅਕਸਰ ਯਾਦ ਕਰਦੇ ਹਨ। ਤੁਸੀਂ ਉਨ੍ਹਾਂ ਨੂੰ ਬੜੇ ਹੀ ਮਾਣ ਨਾਲ ਕਹਿੰਦੇ ਸੁਣ ਸਕਦੇ ਹੋ ਜਦੋਂ ਉਹ ਆਪਣੇ ਪਿਤਾ ਦੇ ਲਹੌਰੀਏ ਹੋਣ ਦਾ ਹਵਾਲਾ ਦਿੰਦੇ ਹਨ।"
ਮੀਰਾ ਨਾਇਰ ਦੀਆਂ ਫ਼ਿਲਮਾਂ ਦੀਆਂ ਕਹਾਣੀਆਂ
ਮੀਰਾ ਨਾਇਰ ਦੀਆਂ ਫਿਲਮਾਂ ਭਾਰਤੀ ਸੱਭਿਆਚਾਰ, ਪਰਿਵਾਰਕ ਰਿਸ਼ਤਿਆਂ, ਪਰਵਾਸ ਅਤੇ ਪਛਾਣ ਵਰਗੇ ਮੁੱਦਿਆਂ 'ਤੇ ਆਧਾਰਿਤ ਹੁੰਦੀਆਂ ਹਨ।
ਮੀਰਾ ਨਾਇਰ ਦੀ 1988 ਵਿੱਚ ਬਣੀ ਪਹਿਲੀ ਫ਼ੀਚਰ ਫ਼ਿਲਮ 'ਸਲਾਮ ਬੰਬੇ' ਜੋ ਸੜਕਾਂ ਉਪਰ ਜ਼ਿੰਦਗੀ ਕੱਟਦੇ ਬੱਚਿਆਂ ਉਪਰ ਅਧਾਰਿਤ ਸੀ, ਉਸ ਨੂੰ ਵਿਸ਼ਵ ਪ੍ਰਸਿੱਧੀ ਮਿਲੀ ਅਤੇ ਇਹ ਫ਼ਿਲਮ 'ਆਸਕਰ' ਲਈ ਨਾਮਜ਼ਦ ਵੀ ਕੀਤੀ ਗਈ। ਇਹ ਫ਼ਿਲਮ ਮਰਹੂਮ ਅਦਾਕਰ ਇਰਫ਼ਾਨ ਖ਼ਾਨ ਦੀ ਵੀ ਪਹਿਲੀ ਫ਼ਿਲਮ ਸੀ।
ਫ਼ਿਲਮ ਨਿਰਦੇਸ਼ਕ ਜਤਿੰਦਰ ਮੌਹਰ ਕਹਿੰਦੇ ਹਨ, "ਸਲਾਮ ਬੰਬੇ ਬਹੁਤ ਹੀ ਕਮਾਲ ਫ਼ਿਲਮ ਸੀ। ਇਸ ਤੋਂ ਬਾਅਦ ਬਣੀ 'ਮਿਸੀਸਿਪੀ ਮਸਾਲਾ' ਫ਼ਿਲਮ ਬਹੁਤ ਅਹਿਮ ਹੈ ਜਿਸ ਵਿੱਚ ਸਿਆਹਫ਼ਾਮ ਬੰਦੇ ਅਤੇ ਭਾਰਤੀ ਮੂਲ ਦੀ ਕੁੜੀ ਦੀ ਪ੍ਰੇਮ ਕਹਾਣੀ ਹੈ, ਜਿਸ ਨੂੰ ਭਾਰਤੀ ਪ੍ਰਵਾਨ ਨਹੀਂ ਕਰਦੇ। ਜਿਵੇਂ ਗੋਰੇ ਭਾਰਤੀਆਂ ਨੂੰ ਦੇਖਦੇ ਹਨ, ਉਸੇ ਤਰ੍ਹਾਂ ਭਾਰਤੀ ਕਰਦੇ ਹਨ, ਯਾਨੀ ਇਸ ਵਿੱਚ ਨਸਲ ਅੰਦਰ ਨਸਲ ਦੇ ਫਰਕ ਨੂੰ ਦਿਖਾਇਆ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੀ ਫ਼ਿਲਮ 'ਕਾਮਸੂਤਰਾ' ਵਿੱਚ ਮੱਧ-ਕਾਲ ਦੀਆਂ ਜਗੀਰੂ ਕਦਰਾਂ ਕੀਮਤਾਂ ਨੂੰ ਦਿਖਾਇਆ ਹੈ।"
ਮੌਹਰ ਦੱਸਦੇ ਹਨ ਕਿ ਮੀਰਾ ਦੀ ਸਾਲ 2001 ਵਿੱਚ ਆਈ ਫ਼ਿਲਮ ਮੌਨਸੂਨ ਵੈਡਿੰਗ ਵਿੱਚ ਔਰਤਾਂ ਦੀ ਪਰਿਵਾਰ ਅੰਦਰ ਸਰੀਰਕ ਸੋਸ਼ਣ ਦੀ ਕਹਾਣੀ ਹੈ।

ਤਸਵੀਰ ਸਰੋਤ, Mira Nair/FB
ਉਹ ਕਹਿੰਦੇ ਹਨ, "ਇਸ ਫ਼ਿਲਮ ਨੇ ਸਭ ਨੂੰ ਹੈਰਾਨ ਕਰ ਦਿੱਤਾ ਸੀ ਕਿਉਂਕਿ ਉਸ ਸਮੇਂ ਇਸ ਤਰ੍ਹਾਂ ਦੇ ਮੁੱਦਿਆਂ ਨੂੰ ਛੂਹਿਆ ਨਹੀਂ ਜਾ ਰਿਹਾ ਸੀ।"
ਮੀਰਾ ਨਾਇਰ ਦੀ ਫ਼ਿਮਲ 'ਦ ਰਿਲਕਟੈਂਟ ਫੰਡਾਮੈਂਟਲਿਸਟ' 9/11 ਤੋਂ ਬਾਅਦ ਦੀ ਦੁਨੀਆਂ ਵਿੱਚ ਪਹਿਚਾਣ ਅਤੇ ਸ਼ੱਕ ਦੀ ਰਾਜਨੀਤੀ ਨੂੰ ਦਰਸਾਉਂਦੀ ਹੈ। ਇਸ ਫਿਲਮ ਵਿੱਚ ਇੱਕ ਪਾਕਿਸਤਾਨੀ ਨੌਜਵਾਨ ਦੀ ਕਹਾਣੀ ਦਿਖਾਈ ਗਈ ਹੈ ਜੋ ਅਮਰੀਕਾ ਵਿੱਚ ਆਪਣੇ ਸੁਪਨਿਆਂ ਅਤੇ ਹਕੀਕਤਾਂ ਦੇ ਵਿਚਕਾਰ ਫਸ ਜਾਂਦਾ ਹੈ।
ਮੌਹਰ ਕਹਿੰਦੇ ਹਨ, "ਇਹ ਫ਼ਿਲਮ ਦਿਖਾਉਂਦੀ ਹੈ ਕਿ ਜੋ ਵੀ ਬੰਦਾ ਪਾਕਿਤਾਸਨ ਤੋਂ ਅਮਰੀਕਾ ਆ ਰਿਹਾ ਹੈ, ਉਹ ਅੱਤਵਾਦੀ ਬਣ ਕੇ ਨਹੀਂ ਆ ਰਿਹਾ।"
ਨੀਲਮ ਮਾਨ ਸਿੰਘ ਚੌਧਰੀ ਕਹਿੰਦੇ ਕਿ ਸਾਲ 2006 ਵਿੱਚ ਮੀਰਾ ਨਾਇਰ ਨੇ ਜੁੰਪਾ ਲਾਹਿਰੀ ਦੇ ਨਾਵਲ ਉਪਰ 'ਦ ਨੇਮਸੇਕ' ਫ਼ਿਲਮ ਬਣਾਈ ਜਿਸ ਵਿੱਚ ਇੱਕ ਭਾਰਤੀ ਪਰਿਵਾਰ ਦੇ ਪਰਵਾਸੀ ਜੀਵਨ ਅਤੇ ਪਹਿਚਾਣ ਦੇ ਸੰਘਰਸ਼ ਨੂੰ ਦਰਸਾਇਆ ਗਿਆ ਹੈ।
ਮਹਿਮੂਦ ਮਮਦਾਨੀ ਦੀ 'ਦ ਖੰਨਾ ਸਟੱਡੀ'

ਤਸਵੀਰ ਸਰੋਤ, Getty Images
ਮੀਰਾ ਨਾਇਰ ਦੇ ਪਤੀ ਅਤੇ ਜ਼ੋਹਰਾਨ ਮਮਦਾਨੀ ਦੇ ਪਿਤਾ ਮਹਿਮੂਦ ਮਮਦਾਨੀ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਖੋਜ ਲਈ ਆਏ ਸਨ।
ਮਹਿਮੂਦ ਮਮਦਾਨੀ ਦੀ ਇਹ ਖੋਜ, 'ਦ ਮਿਥ ਆਫ਼ ਪਾਪੂਲੇਸ਼ਨ ਕੰਟਰੋਲ: ਫੈਮਿਲੀ, ਕਾਸਟ ਤੇ ਕਲਾਸ ਇਨ ਏਨ ਇੰਡਿਅਨ ਵਿਲੇਜ' ਨਾਂ ਹੇਠ ਛਪੀ ਹੈ।
"'ਦ ਖੰਨਾ ਸਟੱਡੀ' ਨਾਂ ਹੇਠ ਕੀਤੀ ਗਈ ਇਹ ਖੋਜ ਭਾਰਤ ਵਿੱਚ ਪਰਿਵਾਰ ਨਿਯੋਜਨ ਦੇ ਖੇਤਰ ਵਿੱਚ ਪਹਿਲਾ ਅਧਿਐਨ ਸੀ। ਜੋ ਕਿ ਸੱਤ ਪਿੰਡਾਂ ਵਿੱਚ 8000 ਲੋਕਾਂ ਉਪਰ ਕੀਤਾ ਗਿਆ। ਇਸ ਦਾ ਫੀਲਡ ਵਿੱਚ ਕੰਮ ਕੁੱਲ ਛੇ ਸਾਲ ਚੱਲਿਆ ਅਤੇ ਇਸ ਅਧਿਐਨ 'ਤੇ ਲਗਭਗ $1 ਮਿਲੀਅਨ ਦਾ ਖਰਚ ਆਇਆ। ਇਹ ਅਸਫਲ ਰਿਹਾ।"
"ਰੌਕਫੈਲਰ ਫਾਊਂਡੇਸ਼ਨ ਅਤੇ ਭਾਰਤ ਸਰਕਾਰ ਵੱਲੋਂ ਇਸ ਲਈ ਖਰਚਾ ਦਿੱਤਾ ਗਿਆ। ਇਹ 'ਦ ਖੰਨਾ ਸਟੱਡੀ' 1954 ਤੋਂ 1960 ਤੱਕ ਚੱਲੀ ਅਤੇ 1969 ਵਿੱਚ ਇਸ ਨੂੰ ਅੱਗੇ ਵਧਾਇਆ ਗਿਆ।"
ਆਪਣੇ ਅਧਿਆਨ ਦੀ ਰਿਪੋਰਟ ਦੀ ਸ਼ੁਰੂਆਤ ਵਿੱਚ ਮਹਿਮੂਦ ਮਮਦਾਨੀ ਲਿਖਦੇ ਹਨ, "ਮਨੂਪੁਰ ਵਿੱਚ ਮਲਕੀਤ ਸਿੰਘ, ਸ਼ਕਤੀਪ੍ਰਸਾਦ ਜੀ, ਭਜਨ ਸਿੰਘ, ਹਕੀਮ ਦਿਲੀਪ ਚੰਦ, ਰਾਜਕੁਮਾਰ ਅਤੇ ਪੰਡਿਤ ਪ੍ਰੀਤਮਦਾਸ ਨਾਲ ਵਾਰ-ਵਾਰ ਚਰਚਾਵਾਂ ਕਰਕੇ ਮੇਰੇ ਗਿਆਨ ਵਿੱਚ ਬਹੁਤ ਵਾਧਾ ਹੋਇਆ। ਉਹ ਮੇਰੇ ਮਾਰਗਦਰਸ਼ਕ ਸਨ, ਜੋ ਚੰਗੇ ਦੋਸਤ ਵੀ ਬਣੇ। ਪਾਠਕ ਨੂੰ ਇਨ੍ਹਾਂ ਪੰਨਿਆਂ ਨੂੰ ਫਰੋਲਦੇ ਹੋਏ ਉਨ੍ਹਾਂ ਵਿੱਚੋਂ ਬਹੁਤਿਆਂ ਨੂੰ ਮਿਲਣ ਦਾ ਮੌਕਾ ਮਿਲੇਗਾ।"
ਕੀ ਜ਼ੋਹਰਾਨ ਮਮਦਾਨੀ 'ਤੇ ਮਾਤਾ-ਪਿਤਾ ਦੇ ਕੰਮ ਦਾ ਪ੍ਰਭਾਵ ਪਿਆ?

ਤਸਵੀਰ ਸਰੋਤ, Zohran Mamdani/X
ਯੂਗਾਂਡਾ ਦੇ ਕੰਪਾਲਾ ਵਿੱਚ ਜਨਮੇ ਜ਼ੋਹਰਾਨ ਮਮਦਾਨੀ ਸੱਤ ਸਾਲ ਦੀ ਉਮਰ ਵਿੱਚ ਆਪਣੇ ਪਰਿਵਾਰ ਨਾਲ ਨਿਊਯਾਰਕ ਆ ਗਏ ਸਨ।
ਉਨ੍ਹਾਂ ਨੇ ਬ੍ਰੌਂਕਸ ਹਾਈ ਸਕੂਲ ਆਫ਼ ਸਾਇੰਸ ਵਿੱਚ ਪੜ੍ਹਾਈ ਕੀਤੀ ਅਤੇ ਬਾਅਦ ਵਿੱਚ ਬੋਡੋਇਨ ਕਾਲਜ ਤੋਂ ਅਫ਼ਰੀਕੀ ਅਧਿਐਨ ਵਿੱਚ ਡਿਗਰੀ ਪ੍ਰਾਪਤ ਕੀਤੀ, ਜਿੱਥੇ ਉਨ੍ਹਾਂ ਨੇ ਫਲਸਤੀਨ ਲਈ ਇਨਸਾਫ਼ ਦੀ ਮੰਗ ਕਰਨ ਵਾਲੀ ਵਿਦਿਆਰਥੀਆਂ ਦੀ ਕੈਂਪਸ ਇਕਾਈ ਦੀ ਸ਼ੁਰੂਆਤ ਕੀਤੀ।
ਮੇਅਰ ਦੀ ਚੋਣ ਦੇ ਪ੍ਰਚਾਰ ਦੌਰਾਨ ਜ਼ੋਹਰਾਨ ਮਮਦਾਨੀ ਨਿਊਯਾਰਕ ਦੀਆਂ ਸੜਕਾਂ ਤੇ ਵੱਖਰੇ ਤਰੀਕਿਆਂ ਨਾਲ ਪ੍ਰਚਾਰ ਕਰਦੇ ਨਜ਼ਰ ਆਏ। ਉਨ੍ਹਾਂ ਨੂੰ ਅਕਸਰ ਗੁਰਦੁਆਰਿਆਂ ਅਤੇ ਮੰਦਰਾਂ ਵਿੱਚ ਵੀ ਦੇਖਿਆ ਗਿਆ।
ਨੀਲਮ ਮਾਨ ਸਿੰਘ ਕਹਿੰਦੇ ਹਨ, "ਮੀਰਾ ਨੇ ਪਰਵਾਸ ਸਮੇਤ ਬਹੁਤ ਸਾਰੇ ਮੁੱਦਿਆਂ ਉਪਰ ਫ਼ਿਲਮਾਂ ਬਣਾਈਆਂ ਹਨ। ਉਸ ਦੇ ਪਿਤਾ ਇੱਕ ਮਾਨਵ-ਵਿਗਿਆਨੀ ਹਨ। ਜਦੋਂ ਬੱਚਾ ਅਜਿਹੇ ਮਾਹੌਲ ਵਿੱਚ ਪਲਦਾ ਹੈ ਅਤੇ ਉਸ ਨੇ ਦੁਨੀਆਂ ਵਿੱਚ ਬਹੁਤ ਸਾਰੀਆਂ ਯਾਤਰਾਵਾਂ ਵੀ ਕੀਤੀਆਂ ਹੋਣ ਤਾਂ ਇਸ ਮਾਹੌਲ ਦਾ ਅਸਰ ਉਸ ਦੇ ਬੋਲਣ ਅਤੇ ਆਤਮ-ਵਿਸ਼ਵਾਸ ਤੋਂ ਝਲਕਦਾ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












