ਕੌਣ ਹਨ ਜ਼ੋਹਰਾਨ ਮਮਦਾਨੀ ਜਿਨ੍ਹਾਂ ਨੇ ਨਿਊਯਾਰਕ ਦੇ ਮੇਅਰ ਦੀ ਚੋਣ ਜਿੱਤੀ, ਇਸ ਅਹੁਦੇ ’ਤੇ ਬੈਠਣ ਵਾਲੇ ਪਹਿਲੇ ਮੁਸਲਮਾਨ ਹੋਣਗੇ

ਤਸਵੀਰ ਸਰੋਤ, Getty Images
ਡੈਮੋਕ੍ਰੇਟਿਕ ਉਮੀਦਰਵਾਰ ਜ਼ੋਹਰਾਨ ਮਮਦਾਨੀ ਨਿਊਯਾਰਕ ਦੇ ਮੇਅਰ ਦੀ ਚੋਣ ਜਿੱਤ ਗਏ ਹਨ।
ਅਮਰੀਕਾ ਵਿੱਚ ਬੀਬੀਸੀ ਦੇ ਸਹਿਯੋਗੀ ਸੀਬੀਐੱਸ ਮੁਤਾਬਕ, 34 ਸਾਲਾ ਮਮਦਾਨੀ 100 ਸਾਲਾਂ ਤੋਂ ਵੱਧ ਸਮੇਂ ਵਿੱਚ ਨਿਊਯਾਰਕ ਦੇ ਸਭ ਤੋਂ ਘੱਟ ਉਮਰ ਦੇ ਅਤੇ ਪਹਿਲੇ ਮੁਸਲਿਮ ਅਤੇ ਦੱਖਣੀ ਏਸ਼ੀਆਈ ਮੇਅਰ ਹੋਣਗੇ।
ਜਿਵੇਂ ਹੀ ਮਮਦਾਨੀ ਦੀ ਜਿੱਤ ਦੀ ਪੁਸ਼ਟੀ ਹੋਈ, ਉਨ੍ਹਾਂ ਦੇ ਸਮਰਥਕ ਖੁਸ਼ੀ ਨਾਲ ਛਾਲਾਂ ਮਾਰ ਕੇ ਜਸ਼ਨ ਮਨਾਉਣ ਲੱਗ ਪਏ।
ਬੀਬੀਸੀ ਪੱਤਰਕਾਰ ਮੈਡਲੀਨ ਹਾਲਪਰਟ ਮੁਤਾਬਕ, ਲੋਕ ਉੱਚੀ-ਉੱਚੀ 'ਜ਼ੋਹਰਾਨ, ਜ਼ੋਹਰਾਨ, ਜ਼ੋਹਰਾਨ' ਕਹਿ ਰਹੇ ਸਨ।
ਉੱਥੇ ਮੌਜੂਦ ਤਕਰੀਬਨ ਹਰ ਕੋਈ ਚੀਕ ਰਿਹਾ ਸੀ ਅਤੇ ਲੋਕ ਇੱਕ ਦੂਜੇ ਨੂੰ ਵਧਾਈਆਂ ਦੇ ਰਹੇ ਸਨ।
ਪ੍ਰਾਇਮਰੀ ਮੇਅਰ ਦੀ ਦੌੜ ਜ਼ੋਹਰਾਨ ਮਮਦਾਨੀ ਅਤੇ ਐਂਡਰਿਊ ਕੁਓਮੋ ਵਿਚਕਾਰ ਸੀ, ਜੋ ਡੈਮੋਕ੍ਰੇਟਿਕ ਪ੍ਰਾਇਮਰੀ ਵਿੱਚ ਮਮਦਾਨੀ ਤੋਂ ਹਾਰਨ ਤੋਂ ਬਾਅਦ ਇੱਕ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਸਨ।
ਇਸ ਦੌਰਾਨ, ਕਰਟਿਸ ਸਲੀਵਾ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਸਨ।
ਸਲੀਵਾ ਨੇ ਆਪਣੀ ਹਾਰ ਸਵੀਕਾਰ ਕਰ ਲਈ ਹੈ ਅਤੇ ਮਮਦਾਨੀ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।
ਉਨ੍ਹਾਂ ਨੇ ਕਿਹਾ, "ਹੁਣ ਸਾਡੇ ਕੋਲ ਇੱਕ ਚੁਣਿਆ ਹੋਇਆ ਮੇਅਰ ਹੈ। ਮੈਂ ਉਸਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ। ਕਿਉਂਕਿ ਜੇਕਰ ਉਹ ਚੰਗਾ ਕਰੇਗਾ, ਤਾਂ ਅਸੀਂ ਸਾਰੇ ਚੰਗਾ ਕਰਾਂਗੇ।"
ਯੁਗਾਂਡਾ ਤੋਂ ਕਵੀਨਜ਼ ਤੱਕ

ਤਸਵੀਰ ਸਰੋਤ, Getty Images
ਕੰਪਾਲਾ, ਯੂਗਾਂਡਾ ਵਿੱਚ ਜਨਮੇ, ਮਮਦਾਨੀ ਸੱਤ ਸਾਲ ਦੀ ਉਮਰ ਵਿੱਚ ਆਪਣੇ ਪਰਿਵਾਰ ਨਾਲ ਨਿਊਯਾਰਕ ਆ ਗਏ ਸਨ।
ਉਨ੍ਹਾਂ ਨੇ ਬ੍ਰੌਂਕਸ ਹਾਈ ਸਕੂਲ ਆਫ਼ ਸਾਇੰਸ ਵਿੱਚ ਪੜ੍ਹਾਈ ਕੀਤੀ ਅਤੇ ਬਾਅਦ ਵਿੱਚ ਬੋਡੋਇਨ ਕਾਲਜ ਤੋਂ ਅਫ਼ਰੀਕੀ ਅਧਿਐਨ ਵਿੱਚ ਡਿਗਰੀ ਪ੍ਰਾਪਤ ਕੀਤੀ, ਜਿੱਥੇ ਉਨ੍ਹਾਂ ਨੇ ਫਲਸਤੀਨ ਲਈ ਇਨਸਾਫ਼ ਦੀ ਮੰਗ ਕਰਨ ਵਾਲੀ ਵਿਦਿਆਰਥੀਆਂ ਦੀ ਕੈਂਪਸ ਇਕਾਈ ਦੀ ਸ਼ੁਰੂਆਤ ਕੀਤੀ।
ਇਹ ਨੌਜਵਾਨ ਤਰੱਕੀ ਪਸੰਦ ਆਗੂ, ਜੋ ਨਿਊਯਾਰਕ ਸ਼ਹਿਰ ਦੇ ਪਹਿਲੇ ਮੁਸਲਮਾਨ ਤੇ ਦੱਖਣੀ ਏਸ਼ੀਆਈ ਮੇਅਰ ਬਣਨ ਜਾ ਰਹੇ ਹਨ, ਉਹ ਆਪਣੀ ਪਛਾਣ ਅਤੇ ਜੜ੍ਹਾਂ ਨਾਲ ਗਹਿਰਾਈ ਨਾਲ ਜੁੜੇ ਰਹੇ ਹਨ।
ਉਨ੍ਹਾਂ ਨੇ ਚੋਣ ਮੁਹਿੰਮ ਲਈ ਉਰਦੂ ਵਿੱਚ ਇੱਕ ਵੀਡੀਓ ਜਾਰੀ ਕੀਤੀ ਸੀ ਜਿਸ ਵਿੱਚ ਬਾਲੀਵੁੱਡ ਫਿਲਮਾਂ ਦੇ ਦ੍ਰਿਸ਼ ਵੀ ਸ਼ਾਮਲ ਸਨ। ਇੱਕ ਹੋਰ ਵੀਡੀਓ ਵਿੱਚ ਉਹ ਸਪੇਨਿਸ਼ ਭਾਸ਼ਾ ਵਿੱਚ ਗੱਲ ਕਰਦੇ ਨਜ਼ਰ ਆਉਂਦੇ ਹਨ।
ਮਮਦਾਨੀ ਅਤੇ ਉਨ੍ਹਾਂ ਦੀ 27 ਸਾਲਾ ਬਰੂਕਲਿਨ ਅਧਾਰਤ ਸੀਰੀਆਈ ਕਲਾਕਾਰ ਪਤਨੀ, ਰਮਾ ਦੁਵਾਜੀ, ਡੇਟਿੰਗ ਐਪ ਹਿੰਜ 'ਤੇ ਮਿਲੇ ਸਨ।
ਉਨ੍ਹਾਂ ਦੀ ਮਾਂ ਮੀਰਾ ਨਾਇਰ ਇੱਕ ਪ੍ਰਸਿੱਧ ਫਿਲਮ ਨਿਰਦੇਸ਼ਕਾ ਹਨ ਤੇ ਪਿਤਾ ਮਹਿਮੂਦ ਮਮਦਾਨੀ ਕੋਲੰਬੀਆ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਹਨ। ਦੋਵੇਂ ਮਾਪੇ ਹਾਰਵਰਡ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਹਨ।

ਤਸਵੀਰ ਸਰੋਤ, Getty Images
ਮਮਦਾਨੀ ਆਪਣੇ ਆਪ ਨੂੰ ਲੋਕਾਂ ਦੇ ਉਮੀਦਵਾਰ ਅਤੇ ਇੱਕ ਪ੍ਰਬੰਧਕ ਵਜੋਂ ਪੇਸ਼ ਕਰਦੇ ਹਨ।
ਉਨ੍ਹਾਂ ਦੀ ਸਟੇਟ ਅਸੈਂਬਲੀ ਪ੍ਰੋਫਾਈਲ ਵਿੱਚ ਲਿਖਿਆ ਹੈ, "ਜ਼ਿੰਦਗੀ ਆਪਣੇ ਰਾਹ ਲੈਂਦੀ ਰਹੀ, ਕਦੇ ਫਿਲਮ, ਕਦੇ ਰੈਪ ਤੇ ਲਿਖਤਾਂ ਰਾਹੀਂ, ਪਰ ਸਦਾ ਹੀ ਸੰਗਠਨ ਨੇ ਇਹ ਯਕੀਨੀ ਬਣਾਇਆ ਕਿ ਦੁਨੀਆਂ ਦੇ ਹਾਲਾਤ ਉਨ੍ਹਾਂ ਨੂੰ ਹੌਸਲਾ ਹਾਰਨ ਦੀ ਥਾਂ ਕੰਮ ਕਰਨ ਵੱਲ ਲੈ ਜਾਣ।"
ਸਿਆਸਤ ਵਿੱਚ ਆਉਣ ਤੋਂ ਪਹਿਲਾਂ ਮਮਦਾਨੀ ਕਵੀਨਜ਼ ਵਿੱਚ ਘੱਟ ਆਮਦਨ ਵਾਲਿਆਂ ਲਈ ਹਾਊਸਿੰਗ ਕੌਂਸਲਰ ਵਜੋਂ ਕੰਮ ਕਰਦੇ ਸਨ, ਜਿੱਥੇ ਉਨ੍ਹਾਂ ਨੇ ਘਰੋਂ ਕੱਢੇ ਜਾਣ ਤੋਂ ਲੋਕਾਂ ਨੂੰ ਬਚਾਉਣ ਵਿੱਚ ਮਦਦ ਕੀਤੀ।
ਉਨ੍ਹਾਂ ਨੇ ਆਪਣੀ ਮੁਸਲਿਮ ਪਛਾਣ ਨੂੰ ਵੀ ਚੋਣ ਮੁਹਿੰਮ ਦਾ ਖੁੱਲ੍ਹ ਕੇ ਹਿੱਸਾ ਬਣਾਇਆ। ਉਹ ਨਿਯਮਤ ਤੌਰ ਤੇ ਮਸੀਤਾਂ ਵਿੱਚ ਜਾਂਦੇ ਰਹੇ ਅਤੇ ਉਰਦੂ ਵਿੱਚ ਇੱਕ ਚੋਣ ਵੀਡੀਓ ਵੀ ਜਾਰੀ ਕੀਤੀ, ਜਿਸ ਵਿੱਚ ਉਨ੍ਹਾਂ ਨੇ ਨਿਊਯਾਰਕ ਦੇ ਮਹਿੰਗਾਈ ਸੰਕਟ ਦੀ ਗੱਲ ਕੀਤੀ ਸੀ।
ਇੱਕ ਰੈਲੀ ਦੌਰਾਨ ਉਨ੍ਹਾਂ ਨੇ ਆਖਿਆ, "ਜਦੋਂ ਅਸੀਂ ਇੱਕ ਮੁਸਲਿਮ ਵਜੋਂ ਜਨਤਕ ਤੌਰ 'ਤੇ ਵਿਚਰਦੇ ਹਾਂ, ਤਾਂ ਅਸੀਂ ਉਹ ਸੁਰੱਖਿਆ ਵੀ ਛੱਡ ਦਿੰਦੇ ਹਾਂ ਜੋ ਕਈ ਵਾਰ ਸਾਨੂੰ ਲੁਕ ਕੇ ਮਿਲ ਸਕਦੀ ਹੈ।"
ਸਮਾਜਿਕ ਨਿਆਂ ਸੰਗਠਨ ਡੀਆਰਯੂਐੱਮ ਦੇ ਰਾਜਨੀਤਿਕ ਡਾਇਰੈਕਟਰ ਜਗਪ੍ਰੀਤ ਸਿੰਘ ਨੇ ਬੀਬੀਸੀ ਨੂੰ ਕਿਹਾ ਸੀ ਕਿ ਮੇਅਰ ਦੀ ਦੌੜ ਵਿੱਚ ਜ਼ੋਹਰਾਨ ਤੋਂ ਇਲਾਵਾ ਹੋਰ ਕੋਈ ਵੀ ਨਹੀਂ ਹੈ ਜੋ ਉਨ੍ਹਾਂ ਮੁੱਦਿਆਂ ਦੀ ਸੱਚੇ ਤਰੀਕੇ ਨਾਲ ਪ੍ਰਤੀਨਿਧਤਾ ਕਰਦਾ ਹੋਵੇ ਜਿਹੜੇ ਸਾਡੇ ਲਈ ਵਾਕਈ ਅਹਿਮ ਹਨ।"
ਜਦੋਂ ਜ਼ੋਹਰਾਨ ਨੂੰ 'ਮਿਸਟਰ ਇਲਾਇਚੀ' ਵਜੋਂ ਜਾਣਿਆ ਜਾਂਦਾ ਸੀ

ਤਸਵੀਰ ਸਰੋਤ, Getty Images
ਸਿਆਸਤ ਵੱਲ ਮੁੜਨ ਤੋਂ ਪਹਿਲਾਂ, ਜ਼ੋਹਰਾਨ ਮਮਦਾਨੀ ਨੇ ਕਲਾ ਵਿੱਚ ਆਪਣੀ ਕਿਸਮਤ ਅਜ਼ਮਾਈ।
ਉਹ 'ਮਿਸਟਰ ਕਾਰਡਾਮਮ' ਦੇ ਨਾਮ ਹੇਠ ਰੈਪ ਕਰਦੇ ਸਨ ਅਤੇ 2019 ਵਿੱਚ, ਉਨ੍ਹਾਂ ਦਾ ਗੀਤ 'ਨਾਨੀ' ਚਰਚਾ ਦਾ ਵਿਸ਼ਾ ਬਣਿਆ ਸੀ। ਇਸ ਗੀਤ ਵਿੱਚ ਕੌਮਾਂਤਰੀ ਪ੍ਰਸਿੱਧੀ ਹਾਸਲ ਲੇਖਕ ਮਧੁਰ ਜਾਫ਼ਰੀ ਨੇ ਇੱਕ ਦਲੇਰ ਨਾਨੀ ਦੀ ਭੂਮਿਕਾ ਨਿਭਾਈ ਸੀ।
ਉਨ੍ਹਾਂ ਦੇ ਇੱਕ ਰੈਪ ਗੀਤ ਵਿੱਚ ਪਾਕਿਸਤਾਨੀ ਗਾਇਕ ਅਲੀ ਸੇਠੀ ਵੀ ਸ਼ਾਮਲ ਸੀ, ਜੋ ਉਨ੍ਹਾਂ ਦੀ ਹਾਲੀਆ ਚੋਣ ਮੁਹਿੰਮ ਦੇ ਸਮਰਥਨ ਵਿੱਚ ਵੀ ਸਾਹਮਣੇ ਆਏ ਸਨ।
ਆਪਣੇ ਰੈਪ ਗੀਤਾਂ ਬਾਰੇ ਗੱਲ ਕਰਦਿਆਂ, ਮਮਦਾਨੀ ਨੇ ਨਿਊਯਾਰਕ ਦੇ ਇੱਕ ਅਖ਼ਬਾਰ ਨੂੰ ਦੱਸਿਆ, "ਕਲਾਕਾਰ ਇਸ ਦੁਨੀਆ ਦੇ ਕਹਾਣੀਕਾਰ ਹਨ ਅਤੇ ਸਾਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਉਹ ਸਿਰਫ਼ ਨਾਮਾਤਰ ਤੌਰ 'ਤੇ ਸਾਡੇ ਨਾਲ ਨਾ ਹੋਣ, ਸਗੋਂ ਅਸੀਂ ਉਨ੍ਹਾਂ ਦੇ ਨਾਲ-ਨਾਲ ਚੱਲੀਏ।"
2020 ਵਿੱਚ, ਉਨ੍ਹਾਂ ਨੇ ਨਿਊਯਾਰਕ ਸਟੇਟ ਅਸੈਂਬਲੀ ਲਈ ਚੋਣ ਲੜੀ ਅਤੇ ਦਸ ਸਾਲਾਂ ਲਈ ਮੌਜੂਦਾ ਉਮੀਦਵਾਰ ਨੂੰ ਹਰਾਇਆ।
ਉਹ ਪਹਿਲੇ ਦੱਖਣੀ ਏਸ਼ੀਆਈ, ਯੂਗਾਂਡਾ ਮੂਲ ਦੇ ਪਹਿਲੇ ਅਤੇ ਰਾਜ ਵਿਧਾਨ ਸਭਾ ਲਈ ਚੁਣੇ ਜਾਣ ਵਾਲੇ ਮਹਿਜ਼ ਤੀਜੇ ਮੁਸਲਮਾਨ ਬਣੇ।
ਮਮਦਾਨੀ ਦੀ ਮਹਿੰਗਾਈ ਦੇ ਖ਼ਿਲਾਫ਼ ਲੜਾਈ

ਤਸਵੀਰ ਸਰੋਤ, Getty Images
ਮਮਦਾਨੀ ਨੇ ਕਿਹਾ ਕਿ ਅਮਰੀਕਾ ਦੇ ਸਭ ਤੋਂ ਮਹਿੰਗੇ ਸ਼ਹਿਰ ਵਿੱਚ ਵੋਟਰ ਚਾਹੁੰਦੇ ਹਨ ਕਿ ਡੈਮੋਕ੍ਰੈਟਿਕ ਪਾਰਟੀ ਮਹਿੰਗਾਈ ਘਟਾਉਣ 'ਤੇ ਧਿਆਨ ਦੇਵੇ।
ਉਨ੍ਹਾਂ ਨੇ ਬੀਬੀਸੀ ਨੂੰ ਇੱਕ ਹਾਲੀਆ ਇਵੈਂਟ ਵਿੱਚ ਦੱਸਿਆ,"ਇਹ ਇੱਕ ਅਜਿਹਾ ਸ਼ਹਿਰ ਹੈ ਜਿੱਥੇ ਹਰ ਚੌਥਾ ਬੰਦਾ ਗਰੀਬੀ ਵਿੱਚ ਜੀ ਰਿਹਾ ਹੈ, ਜਿੱਥੇ ਪੰਜ ਲੱਖ ਬੱਚੇ ਹਰ ਰਾਤ ਭੁੱਖੇ ਸੌਂਦੇ ਹਨ।"
ਉਹ ਕਹਿੰਦੇ ਹਨ ਕਿ ਇਸ ਤਰੀਕੇ ਨਾਲ ਸ਼ਹਿਰ ਆਪਣੇ ਉਨ੍ਹਾਂ ਗੁਣਾਂ ਨੂੰ ਗਵਾ ਸਕਦਾ ਹੈ ਜੋ ਇਸ ਨੂੰ ਖ਼ਾਸ ਬਣਾਉਂਦੇ ਹਨ।

ਤਸਵੀਰ ਸਰੋਤ, Getty Images
ਉਨ੍ਹਾਂ ਨੇ ਆਪਣੇ ਚੋਣ ਮੰਚ 'ਤੇ ਕੁਝ ਪ੍ਰਸਤਾਵ ਰੱਖੇ ਸਨ, ਜਿਵੇਂ ਕਿ:
- ਸਾਰੇ ਸ਼ਹਿਰ ਲਈ ਮੁਫ਼ਤ ਬੱਸ ਸੇਵਾ
- ਕਿਰਾਏ ਦੇ ਵਾਧੇ 'ਤੇ ਰੋਕ ਅਤੇ ਗ਼ਲਤ ਮਾਲਕਾਂ ਉੱਤੇ ਸਖ਼ਤ ਕਾਰਵਾਈ
- ਸਸਤੇ ਰੇਟ ਵਾਲੀਆਂ ਸ਼ਹਿਰ ਦੀਆਂ ਆਪਣੀਆਂ ਕਰਿਆਨੇ ਦੀਆਂ ਦੁਕਾਨਾਂ
- ਛੇ ਹਫ਼ਤੇ ਤੋਂ ਪੰਜ ਸਾਲ ਤੱਕ ਦੇ ਬੱਚਿਆਂ ਲਈ ਯੂਨੀਵਰਸਲ ਚਾਈਲਡ ਕੇਅਰ
- ਸਥਿਰ ਕਿਰਾਏ ਅਤੇ ਯੂਨੀਅਨ ਵੱਲੋਂ ਤਿਆਰ ਰਿਹਾਇਸ਼ਾਂ ਦੀ ਗਿਣਤੀ ਨੂੰ ਤਿੰਨ ਗੁਣਾ ਕਰਨਾ
ਉਨ੍ਹਾਂ ਦੀ ਯੋਜਨਾ ਵਿੱਚ ਮੇਅਰ ਦੇ ਦਫ਼ਤਰ ਦੀ ਕੰਮਕਾਜ ਦੇ ਤਰੀਕੇ ਨੂੰ ਬਦਲਣਾ, ਜਾਇਦਾਦ ਦੇ ਮਾਲਕਾਂ ਨੂੰ ਜ਼ਿੰਮੇਵਾਰ ਬਣਾਉਣਾ ਅਤੇ ਸਥਾਈ ਤੌਰ 'ਤੇ ਸਸਤੇ ਘਰ ਵਧੇਰੇ ਬਣਾਏ ਜਾਣਾ ਵੀ ਸ਼ਾਮਲ ਹੈ।
ਉਨ੍ਹਾਂ ਨੇ ਆਪਣੀ ਮੁਹਿੰਮ ਵਿੱਚ ਆਪਣੀਆਂ ਨੀਤੀਆਂ ਨੂੰ ਲੋਕਾਂ ਦੇ ਸਾਹਮਣੇ ਉਦਾਹਰਣਾਂ ਨਾਲ ਰੱਖਿਆ ਸੀ।
ਉਹ ਕਿਰਾਏ 'ਚ ਵਾਧੇ ਨੂੰ ਰੋਕਣ ਦੀ ਲੋੜ ਨੂੰ ਦਰਸਾਉਣ ਲਈ ਐਟਲਾਂਟਿਕ ਸਮੁੰਦਰ ਵਿੱਚ ਕੁੱਦ ਪਏ ਅਤੇ ਰਮਜ਼ਾਨ ਦੇ ਰੋਜ਼ੇ ਨੂੰ ਇੱਕ ਸਬਵੇ ਟ੍ਰੇਨ 'ਚ ਬੁਰੀਟੋ (ਰੋਟੀ ਦਾ ਰੋਲ) ਖਾ ਕੇ ਤੋੜਿਆ, ਤਾਂ ਜੋ ਲੋਕਾਂ ਦਾ ਧਿਆਨ ਭੋਜਨ ਦੀ ਕਮੀ (ਭੁੱਖਮਰੀ) ਵੱਲ ਦਿਵਾਇਆ ਜਾ ਸਕੇ।

ਚੋਣਾਂ ਤੋਂ ਕੁਝ ਦਿਨ ਪਹਿਲਾਂ ਮਮਦਾਨੀ ਨੇ ਸਾਰੇ ਮੈਨਹੈਟਨ ਦੀ ਪੈਦਲ ਯਾਤਰਾ ਕੀਤੀ ਤੇ ਰਸਤੇ ਵਿੱਚ ਲੋਕਾਂ ਨਾਲ ਸੈਲਫੀਜ਼ ਵੀ ਲਈਆਂ।
ਉਹ ਕਹਿੰਦੇ ਹਨ ਕਿ ਉਹ ਸ਼ਹਿਰ ਨੂੰ ਸਸਤਾ ਬਣਾਉਣ ਦੀ ਯੋਗਤਾ ਰੱਖਦੇ ਹਨ, ਪਰ ਉਨ੍ਹਾਂ ਦੇ ਆਲੋਚਕ ਇਸ ਤਰ੍ਹਾਂ ਦੇ ਵੱਡੇ ਵਾਅਦਿਆਂ 'ਤੇ ਸਵਾਲ ਚੁੱਕ ਰਹੇ ਹਨ।
ਨਿਊਯਾਰਕ ਟਾਈਮਜ਼ ਨੇ ਸ਼ਹਿਰ ਦੇ ਮੇਅਰ ਪ੍ਰਾਇਮਰੀ ਵਿੱਚ ਕਿਸੇ ਦਾ ਸਮਰਥਨ ਨਹੀਂ ਕੀਤਾ ਅਤੇ ਆਮ ਤੌਰ 'ਤੇ ਉਮੀਦਵਾਰਾਂ ਦੀ ਆਲੋਚਨਾ ਕੀਤੀ।
ਅਖ਼ਬਾਰ ਦੇ ਸੰਪਾਦਕੀ ਬੋਰਡ ਨੇ ਕਿਹਾ ਕਿ ਮਮਦਾਨੀ ਦੀ ਯੋਜਨਾ 'ਸ਼ਹਿਰ ਦੀਆਂ ਹਕੀਕਤਾਂ ਨਾਲ ਮੇਲ ਨਹੀਂ ਖਾਂਦੀਆਂ' ਅਤੇ ਇਹ ਅਕਸਰ ਪ੍ਰਸ਼ਾਸਨ ਚਲਾਉਣ ਲਈ ਲਏ ਗਏ ਨਾਟਾਲਣਯੋਗ ਸਮਝੌਤਿਆਂ ਨੂੰ ਨਜ਼ਰਅੰਦਾਜ਼ ਕਰਦੀ ਹੈ।
ਬੋਰਡ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕਿਰਾਏ ਵਧਣ ਤੋਂ ਰੋਕਣ ਦੀ ਨੀਤੀ ਘਰਾਂ ਦੀ ਉਪਲਬਧਤਾ ਨੂੰ ਘਟਾ ਸਕਦੀ ਹੈ।
ਇਜ਼ਰਾਈਲ ਤੇ ਫਲਸਤੀਨ

ਤਸਵੀਰ ਸਰੋਤ, Getty Images
ਹਾਲ ਹੀ ਵਿੱਚ ਦੇਸ਼ ਦੇ ਸਭ ਤੋਂ ਵਿਭਿੰਨ ਭਾਈਚਾਰਿਆਂ ਵਿੱਚੋਂ ਇੱਕ ਦੀ ਨੁਮਾਇੰਦਗੀ ਕਰਨ ਵਾਲੇ ਮਮਦਾਨੀ ਦੀ ਮੁਹਿੰਮ ਸਮਾਗਮ ਵਿੱਚ, ਜੈਕਸਨ ਹਾਈਟਸ ਦੇ ਇੱਕ ਪਾਰਕ ਵਿੱਚ ਬੱਚੇ ਦੌੜਦੇ ਅਤੇ ਝੂਟਿਆਂ ਲੈਂਦੇ ਦੇਖੇ ਗਏ ਸਨ ਅਤੇ ਲੈਟਿਨੋ ਭੋਜਨ ਵਿਕਰੇਤਾ ਆਈਸ ਕਰੀਮ ਅਤੇ ਹੋਰ ਭੋਜਨ ਵੇਚ ਰਹੇ ਸਨ।
ਇਹ ਨਜ਼ਾਰਾ ਨਿਊਯਾਰਕ ਸ਼ਹਿਰ ਦੀ ਵਿਭਿੰਨਤਾ ਨੂੰ ਦਰਸਾਉਂਦਾ ਹੈ – ਜਿਸਨੂੰ ਬਹੁਤ ਸਾਰੇ ਡੈਮੋਕ੍ਰੇਟਸ ਨਿਊਯਾਰਕ ਦੀ ਸਭ ਤੋਂ ਵੱਡੀ ਤਾਕਤ ਮੰਨਦੇ ਹਨ।
ਪਰ ਇਹ ਸ਼ਹਿਰ ਨਸਲੀ ਅਤੇ ਸਿਆਸੀ ਤਣਾਅ ਤੋਂ ਬਚਿਆ ਨਹੀਂ।
ਮਮਦਾਨੀ ਨੇ ਕਿਹਾ ਕਿ ਉਨ੍ਹਾਂ ਨੂੰ ਹਰ ਰੋਜ਼ ਇਸਲਾਮੋਫੋਬਿਕ ਧਮਕੀਆਂ ਮਿਲ ਰਹੀਆਂ ਹਨ, ਕੁਝ ਤਾਂ ਉਨ੍ਹਾਂ ਦੇ ਪਰਿਵਾਰ ਨੂੰ ਨਿਸ਼ਾਨਾ ਬਣਾਉਣ ਬਾਰੇ ਹਨ। ਪੁਲਿਸ ਦੇ ਮੁਤਾਬਕ, ਇਹ ਧਮਕੀਆਂ ਨਫ਼ਰਤ ਅਧਾਰਤ ਅਪਰਾਧਾਂ ਦੀ ਜਾਂਚ ਹੇਠ ਹਨ।
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ ਅਮਰੀਕਾ ਦੀ ਸਿਆਸਤ ਵਿੱਚ ਨਸਲਵਾਦ ਦਰਸਾਉਂਦਾ ਹੈ ਕਿ ਸਿਸਟਮ ਕਿੰਨਾ ਟੁੱਟਿਆ ਹੋਇਆ ਹੈ।
ਉਨ੍ਹਾਂ ਡੈਮੋਕ੍ਰੇਟਿਕ ਪਾਰਟੀ ਦੀ ਆਲੋਚਨਾ ਕੀਤੀ ਜੋ ਉਨ੍ਹਾਂ ਦੇ ਮੁਤਾਬਕ,"ਡੌਨਲਡ ਟਰੰਪ ਨੂੰ ਮੁੜ ਚੋਣ ਜਿੱਤਣ ਦਾ ਮੌਕਾ ਦੇ ਬੈਠੀ" ਅਤੇ ਮਜ਼ਦੂਰ ਲੋਕਾਂ ਲਈ ਖੜੀ ਨਹੀਂ ਹੋਈ, ਭਾਵੇਂ ਉਹ ਕਿਸੇ ਵੀ ਜਾਤ, ਧਰਮ ਜਾਂ ਦੇਸ਼ ਨਾਲ ਸਬੰਧਿਤ ਸਨ।
ਇਹ ਵੀ ਮੁਮਕਿਨ ਹੈ ਕਿ ਉਮੀਦਵਾਰਾਂ ਨੇ ਇਜ਼ਰਾਈਲ-ਗ਼ਜ਼ਾ ਜੰਗ ਬਾਰੇ ਜੋ ਰੁਖ ਅਪਣਾਇਆ ਹੈ, ਉਹ ਵੋਟਰਾਂ ਦੇ ਮਨ ਵਿਚ ਹੋਵੇ।
ਮਮਦਾਨੀ ਨੇ ਫ਼ਲਸਤੀਨੀਆਂ ਲਈ ਖੁੱਲ੍ਹ ਕੇ ਹਮਾਇਤ ਕੀਤੀ ਹੈ ਅਤੇ ਇਜ਼ਰਾਈਲ ਦੀ ਸਖ਼ਤ ਆਲੋਚਨਾ ਕੀਤੀ ਸੀ।
ਉਨ੍ਹਾਂ ਨੇ ਇੱਕ ਬਿੱਲ ਪੇਸ਼ ਕੀਤਾ ਸੀ ਜਿਸ ਵਿੱਚ ਉਨ੍ਹਾਂ ਚੈਰੇਟੀਜ਼ ਜਿਹੜੀਆਂ ਨਿਊਯਾਰਕ ਵਿੱਚ ਇਜ਼ਰਾਈਲ ਦੀ ਹਮਾਇਤ ਵਿੱਚ ਕੰਮ ਕਰਦਿਆਂ ਕੌਮਾਂਤਰੀ ਮਨੁੱਖੀ ਅਧਿਕਾਰ ਕਾਨੂੰਨਾਂ ਦੀ ਉਲੰਘਣਾ ਕਰਦੀਆਂ ਹਨ, ਦੀ ਟੈਕਸ ਛੂਟ ਖ਼ਤਮ ਕਰਨਾ ਸ਼ਾਮਲ ਹੈ।
ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਉਨ੍ਹਾਂ ਦੇ ਵਿਚਾਰ ਵਿੱਚ ਇਜ਼ਰਾਈਲ ਗ਼ਾਜ਼ਾ ਵਿੱਚ ਕਤਲੇਆਮ ਕਰ ਰਿਹਾ ਹੈ। ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੂੰ ਗ੍ਰਿਫ਼ਤਾਰ ਕੀਤਾ ਜਾਣਾ ਚਾਹੀਦਾ ਹੈ। ਇਜ਼ਰਾਈਲ ਇਨ੍ਹਾਂ ਇਲਜ਼ਾਮਾਂ ਨੂੰ ਪੂਰੀ ਤਰ੍ਹਾਂ ਨਕਾਰਦਾ ਹੈ।
ਮਮਦਾਨੀ ਨੂੰ ਕਈ ਵਾਰ ਇੰਟਰਵਿਊਜ਼ ਵਿੱਚ ਮੀਡੀਆ ਵਲੋਂ ਇਸ ਗੱਲ ਲਈ ਦਬਾਇਆ ਗਿਆ ਕਿ ਕੀ ਉਹ ਇਜ਼ਰਾਈਲ ਦੇ ਇੱਕ ਯਹੂਦੀ ਰਾਜ ਵਜੋਂ ਹੋਂਦ ਦੇ ਹੱਕ ਦਾ ਸਮਰਥਨ ਕਰਦੇ ਹਨ ਜਾਂ ਨਹੀਂ।
ਜੂਨ ਮਹੀਨੇ ਆਪਣੇ ਇੱਕ ਜਵਾਬ ਵਿੱਚ ਉਨ੍ਹਾਂ ਨੇ ਕਿਹਾ, "ਮੈਂ ਕਿਸੇ ਵੀ ਅਜਿਹੇ ਰਾਜ ਨੂੰ ਸਮਰਥਨ ਦੇਣ ਵਿੱਚ ਸੌਖਾ ਮਹਿਸੂਸ ਨਹੀਂ ਕਰਦਾ ਜਿੱਥੇ ਨਾਗਰਿਕਤਾ ਦਾ ਹੱਕ ਧਰਮ ਜਾਂ ਕਿਸੇ ਹੋਰ ਆਧਾਰ 'ਤੇ ਹੋਵੇ।"
"ਮੇਰੀ ਰਾਇ 'ਚ, ਜਿਵੇਂ ਕਿ ਅਮਰੀਕਾ ਵਿੱਚ ਬਰਾਬਰੀ ਹੈ, ਉਹ ਹਰ ਦੇਸ਼ ਵਿੱਚ ਹੋਣੀ ਚਾਹੀਦੀ ਹੈ। ਇਹ ਮੇਰਾ ਵਿਸ਼ਵਾਸ ਹੈ।"
ਇਜ਼ਰਾਈਲ ਦਾ ਕਹਿਣਾ ਹੈ ਕਿ ਉੱਥੇ ਸਾਰੇ ਧਰਮਾਂ ਨੂੰ ਕਾਨੂੰਨ ਹੇਠ ਬਰਾਬਰ ਹੱਕ ਹਨ।
ਮਮਦਾਨੀ ਨੇ ਇਹ ਵੀ ਕਿਹਾ ਹੈ ਕਿ ਉਹ ਇਜ਼ਰਾਈਲ ਦੇ ਇੱਕ ਰਾਜ ਵਜੋਂ ਹੋਂਦ ਦੇ ਹੱਕ ਨੂੰ ਮੰਨਦੇ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












