ਕੀ ਮੁੰਬਈ 'ਚ ਕੁਝ ਰਿਕਸ਼ਾ ਚਾਲਕ ਮਹੀਨੇ 'ਚ ਸੱਚਮੁੱਚ 5 ਤੋਂ 8 ਲੱਖ ਰੁਪਏ ਕਮਾ ਰਹੇ ਹਨ, ਅਮਰੀਕੀ ਦੂਤਾਵਾਸ ਨਾਲ ਇਨ੍ਹਾਂ ਦਾ ਕੀ ਸਬੰਧ ਹੈ

ਮੁੰਬਈ ਵਿੱਚ ਆਟੋ ਰਿਕਸ਼ੇ

ਤਸਵੀਰ ਸਰੋਤ, BBC/ALPESH KARKARE

ਤਸਵੀਰ ਕੈਪਸ਼ਨ, ਅਮਰੀਕੀ ਕੌਂਸਲੇਟ ਕੰਪਲੈਕਸ ਨੇੜੇ ਨਿਰਧਾਰਿਤ ਪਾਰਕਿੰਗ ਦੀ ਥਾਂ ਨੂੰ ਛੱਡ ਕੇ, ਪਾਰਕਿੰਗ ਦੀ ਪਾਬੰਦੀ ਹੈ
    • ਲੇਖਕ, ਅਲਪੇਸ਼ ਕਰਕਰੇ
    • ਰੋਲ, ਬੀਬੀਸੀ ਸਹਿਯੋਗੀ

ਮੁੰਬਈ ਦੇ ਬਾਂਦਰਾ-ਕੁਰਲਾ ਕੰਪਲੈਕਸ (ਬੀਕੇਸੀ) ਇਲਾਕੇ ਵਿੱਚ ਇੱਕ ਰਿਕਸ਼ਾ ਚਾਲਕ ਬਾਰੇ ਸੋਸ਼ਲ ਮੀਡੀਆ 'ਤੇ ਚਰਚਾ ਹੈ ਕਿ ਉਹ ਮਹੀਨੇ ਵਿੱਚ ਲੱਖਾਂ ਰੁਪਏ ਕਮਾ ਰਿਹਾ ਹੈ।

ਅਜਿਹੀਆਂ ਅਫਵਾਹਾਂ ਹਨ ਕਿ ਰਿਕਸ਼ਾ ਚਾਲਕ ਅਮਰੀਕੀ ਦੂਤਾਵਾਸ ਦੇ ਨੇੜੇ ਲੋਕਾਂ ਦੇ ਬੈਗ ਅਤੇ ਹੋਰ ਸਾਮਾਨ ਨੂੰ ਸੰਭਾਲਣ ਦੀਆਂ ਸੇਵਾਵਾਂ ਦੇ ਕੇ 5 ਤੋਂ 8 ਲੱਖ ਰੁਪਏ ਪ੍ਰਤੀ ਮਹੀਨਾ ਕਮਾ ਰਹੇ ਹਨ।

ਇਸ ਵਿਚਾਲੇ ਸੁਰੱਖਿਆ ਵਿਵਸਥਾ ਨੂੰ ਚਕਮਾ ਦੇ ਕੇ ਜਾਰੀ ਇਸ ਘਟਨਾ ਸਬੰਧੀ ਸੋਸ਼ਲ ਮੀਡੀਆ ਉੱਤੇ ਪਈ ਪੋਸਟ ਨੇ ਪ੍ਰਸ਼ਾਸਨ ਸਣੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ।

ਹਾਲਾਂਕਿ ਰਿਕਸ਼ਾ ਚਾਲਕ ਅਤੇ ਪੁਲਿਸ ਦਾ ਕਹਿਣਾ ਹੈ ਕਿ ਇਹ ਸੱਚ ਨਹੀਂ ਹੈ।

ਇਸ ਪੂਰੇ ਮਾਮਲੇ 'ਤੇ ਵੱਖ-ਵੱਖ ਤਰਕ ਸਾਹਮਣੇ ਆ ਰਹੇ ਹਨ। ਪਰ ਕੀ ਸੱਚਮੁੱਚ ਅਜਿਹਾ ਹੋ ਰਿਹਾ ਹੈ? ਬੀਬੀਸੀ ਨੇ ਇਸ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਹੈ।

ਇਹ ਵੀ ਪੜ੍ਹੋ-

ਬੈਗਾਂ ਦੀ ਸੰਭਾਲ ਬਦਲੇ ਪੈਸੇ

ਮੁੰਬਈ ਸਥਿਤ ਅਮਰੀਕੀ ਕੌਂਸਲੇਟ ਕੰਪਲੈਕਸ ਬਹੁਤ ਹੀ ਸੰਵੇਦਨਸ਼ੀਲ ਖੇਤਰ ਹੈ। ਇੱਥੇ ਸੁਰੱਖਿਆ ਇੰਤਜ਼ਾਮ ਬੇਹੱਦ ਸਖ਼ਤ ਹਨ।

ਕੰਪਲੈਕਸ ਨੇੜੇ ਨਿਰਧਾਰਿਤ ਪਾਰਕਿੰਗ ਦੀ ਥਾਂ ਨੂੰ ਛੱਡ ਕੇ, ਪਾਰਕਿੰਗ ਦੀ ਪਾਬੰਦੀ ਹੈ। ਨਾਲ ਹੀ ਕੰਪਲੈਕਸ ਦੇ ਅੰਦਰ ਬੈਗ ਲੈ ਕੇ ਜਾਣ ਦੀ ਮਨਾਹੀ ਹੈ।

ਇੱਥੇ ਆਉਣ ਵਾਲੇ ਕਈ ਲੋਕਾਂ ਨੂੰ ਇਸ ਦੀ ਜਾਣਕਾਰੀ ਨਹੀਂ ਹੁੰਦੀ, ਇਸ ਲਈ ਉਨ੍ਹਾਂ ਨੂੰ ਆਪਣੇ ਬੈਗ ਕਿਸੇ ਸੁਰੱਖਿਅਤ ਥਾਂ ਰੱਖਣ ਦੀ ਸਮੱਸਿਆ ਆਉਂਦੀ ਹੈ।

ਇਸ ਸਮੱਸਿਆ ਵਿੱਚ ਮੌਕੇ ਦੀ ਭਾਲ ਕਰਦਿਆਂ ਇੱਥੇ ਰਿਕਸ਼ਾ ਚਾਲਕ ਅਤੇ ਹੋਰ ਲੋਕ ਪੈਸੇ ਦੇ ਬਦਲੇ ਬੈਗ ਅਤੇ ਹੋਰ ਸਾਮਾਨ ਦੀ ਦੇਖਭਾਲ ਕਰਦੇ ਹਨ।

ਆਟੋ ਰਿਕਸ਼ੇ

ਤਸਵੀਰ ਸਰੋਤ, Getty Images

ਇੰਨਾ ਹੀ ਨਹੀਂ ਨਾਮ ਨਾ ਛਾਪਣ ਦੀ ਸ਼ਰਤ 'ਤੇ ਕੁਝ ਸਥਾਨਕ ਦੁਕਾਨਦਾਰਾਂ ਅਤੇ ਸਮਾਜਿਕ ਕਾਰਕੁਨਾਂ ਨੇ ਵੀ ਦੱਸਿਆ ਕਿ ਪਿਛਲੇ ਕੁਝ ਸਾਲਾਂ ਤੋਂ ਉਨ੍ਹਾਂ ਨੇ ਕੁਰਲਾ ਮੋਤੀਲਾਲ ਨਗਰ ਇਲਾਕੇ ਵਿੱਚ ਲੌਕਰ ਰੂਮ ਜਾਂ ਰਿਕਸ਼ਾ ਵਿੱਚ ਬੈਗ ਅਤੇ ਹੋਰ ਸਾਮਾਨ ਰੱਖਣਾ ਸ਼ੁਰੂ ਕਰ ਦਿੱਤਾ ਹੈ।

ਉਨ੍ਹਾਂ ਨੇ ਇਹ ਵੀ ਕਿਹਾ ਕਿ ਕੌਂਸਲੇਟ ਵਿੱਚ ਆਉਣ-ਜਾਣ ਵਾਲੇ ਲੋਕਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ, ਇਸ ਲਈ ਰਿਕਸ਼ਾ ਚਲਾਉਣ ਵਾਲਿਆਂ ਅਤੇ ਇਸ ਵਪਾਰ ਨੂੰ ਸ਼ੁਰੂ ਕਰਨ ਵਾਲਿਆਂ ਨੂੰ ਚੰਗੀ ਆਮਦਨ ਹੁੰਦੀ ਹੈ।

ਪਿਛਲੇ ਕਈ ਸਾਲਾਂ ਤੋਂ ਇਸ ਦੂਤਾਵਾਸ ਦੇ ਬਾਹਰ ਲੌਕਰ ਦੀ ਕਮੀ ਇੱਥੇ ਆਉਣ ਵਾਲਿਆਂ ਦੇ ਲਈ ਪ੍ਰੇਸ਼ਾਨੀ ਦਾ ਸਬੱਬ ਬਣੀ ਹੋਈ ਹੈ।

ਮਾਮਲੇ ਬਾਰੇ ਚਰਚਾ ਕਿਵੇਂ ਸ਼ੁਰੂ ਹੋਈ

ਇੱਕ ਵੱਡੀ ਕੰਪਨੀ ਦੇ ਅਧਿਕਾਰੀ ਵੱਲੋਂ ਸਾਂਝੇ ਕੀਤੇ ਆਪਣੇ ਤਜਰਬੇ ਕਾਰਨ ਇਹ ਮੁੱਦਾ ਫਿਰ ਤੋਂ ਚਰਚਾ ਵਿੱਚ ਆ ਗਿਆ ਹੈ।

ਰਾਹੁਲ ਰੂਪਾਨੀ ਲੈਂਸਕਾਰਟ ਦੇ ਪ੍ਰੋਡਕਟ ਹੈੱਡ ਹਨ।

ਦੋ ਹਫ਼ਤਿਆਂ ਪਹਿਲਾਂ ਉਨ੍ਹਾਂ ਨੇ ਲਿੰਕਡਇਨ 'ਤੇ ਇੱਕ ਰਿਕਸ਼ਾ ਚਾਲਕ ਬਾਰੇ ਸ਼ਲਾਘਾਯੋਗ ਪੋਸਟ ਸ਼ਾਂਝਾ ਕਰਦੇ ਹੋਏ ਕਿਹਾ ਸੀ, "ਕੋਈ ਐਪ ਨਹੀਂ, ਕੋਈ ਫੰਡਿੰਗ ਨਹੀਂ ਅਤੇ ਕੋਈ ਤਕਨੀਕ ਨਹੀਂ।"

ਰੂਪਾਨੀ ਆਪਣੀ ਵੀਜ਼ਾ ਅਰਜ਼ੀ ਦੇ ਸਿਲਸਿਲੇ ਵਿੱਚ ਅਮਰੀਕੀ ਦੂਤਾਵਾਸ ਗਏ ਸਨ। ਉਨ੍ਹਾਂ ਨੇ ਉੱਥੇ ਆਪਣਾ ਤਜਰਬਾ ਸਾਂਝਾ ਕੀਤਾ।

'ਮੈਂ ਵੀਜ਼ਾ ਅਪੁਆਇੰਟਮੈਂਟ ਦੇ ਲਈ ਅਮਰੀਕੀ ਕੌਂਸਲੇਟ ਗਿਆ ਸੀ। ਉਸ ਸਮੇਂ ਸੁਰੱਖਿਆ ਮੁਲਾਜ਼ਮਾਂ ਨੇ ਮੈਨੂੰ ਕਿਹਾ ਕਿ ਮੈਂ ਆਪਣਾ ਬੈਗ ਅੰਦਰ ਲੈ ਕੇ ਨਹੀਂ ਜਾ ਸਕਦਾ। ਉੱਥੇ ਮੇਰਾ ਬੈਗ ਰੱਖਣ ਦੇ ਲਈ ਲੌਕਰ ਵੀ ਨਹੀਂ ਹੈ।'

ਰੂਪਾਨੀ ਨੇ ਪੋਸਟ ਵਿੱਚ ਕਿਹਾ, "ਮੈਂ ਫੁੱਟਪਾਥ 'ਤੇ ਖੜ੍ਹਾ ਹੋ ਕੇ ਇਸ ਸਮੱਸਿਆ ਦਾ ਹੱਲ ਲੱਭ ਰਿਹਾ ਸੀ। ਉਸ ਸਮੇਂ ਇੱਕ ਆਟੋ ਚਾਲਕ ਆਇਆ ਅਤੇ ਉਸ ਨੇ ਕਿਹਾ ਕਿ 1000 ਰੁਪਏ ਦਵੋ ਅਤੇ ਮੈਂ ਤੁਹਾਡਾ ਬੈਗ ਸੁਰੱਖਿਅਤ ਰੱਖ ਲਵਾਂਗਾ। ਸ਼ੁਰੂ ਵਿੱਚ ਤਾਂ ਮੈਂ ਡਰ ਗਿਆ ਪਰ ਬਾਅਦ ਵਿੱਚ ਮੈਂ ਆਪਣਾ ਬੈਗ ਉਸ ਕੋਲ ਰੱਖ ਦਿੱਤਾ।"

ਉਨ੍ਹਾਂ ਨੇ ਅੱਗੇ ਕਿਹਾ, "ਮੈਨੂੰ ਇਸ ਵਿਅਕਤੀ ਦੇ ਵਪਾਰ ਬਾਰੇ ਪਤਾ ਲੱਗਿਆ। ਉਹ ਇੱਕ ਦਿਨ ਵਿੱਚ 20-30 ਗਾਹਕਾਂ ਦੇ ਬੈਗ ਸੰਭਾਲਦਾ ਹੈ। ਉਹ ਇੱਕ ਜਣੇ ਤੋਂ 1000 ਰੁਪਏ ਲੈਂਦਾ ਹੈ। ਉਹ ਹਰ ਮਹੀਨੇ 5 ਤੋਂ 8 ਲੱਖ ਰੁਪਏ ਕਮਾਉਂਦਾ ਹੈ।"

ਸੰਕਟ ਵਿੱਚ ਪਏ ਰਿਕਸ਼ਾ ਚਾਲਕ

ਆਟੋ ਰਿਕਸ਼ੇ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਰੂਪਾਨੀ ਵੱਲੋਂ ਸਾਂਝੀ ਕੀਤੀ ਗਈ ਪੋਸਟ ਕਾਰਨ ਆਟੋ ਰਿਕਸ਼ਾ ਵਾਲੇ ਚਰਚਾ ਵਿੱਚ ਆਏ

ਰੂਪਾਨੀ ਵੱਲੋਂ ਸਾਂਝੀ ਕੀਤੀ ਗਈ ਪੋਸਟ ਦੀ ਕਾਫੀ ਚਰਚਾ ਹੋਈ।

ਪਰ ਬਾਂਦਰਾ ਵਿੱਚ ਰਿਕਸ਼ਾ ਚਾਲਕਾਂ ਨੂੰ ਇਸ ਨਾਲ ਝਟਕਾ ਲੱਗਿਆ ਹੈ। ਇਸ ਦੇ ਚੱਲਦੇ ਇਲਾਕੇ ਦੇ ਰਿਕਸ਼ਾ ਚਾਲਕ ਸਥਾਨਕ ਪੁਲਿਸ ਦੀ ਨਜ਼ਰ ਵਿੱਚ ਆ ਗਏ ਹਨ। ਰਿਕਸ਼ਾ ਚਾਲਕਾਂ ਦਾ ਕਹਿਣਾ ਹੈ ਕਿ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਰੂਪਾਨੀ ਨੇ ਰਿਕਸ਼ਾ ਚਾਲਕ ਆਦਿਲ ਸ਼ੇਖ ਦੀ ਇੱਕ ਤਸਵੀਰ ਵੀ ਸਾਂਝਾ ਕੀਤੀ। ਇਸ ਦੇ ਕਾਰਨ ਆਦਿਲ ਨੂੰ ਪਿਛਲੇ ਦੋ ਹਫ਼ਤਿਆਂ ਤੋਂ ਪੁਲਿਸ ਜਾਂਚ ਸਣੇ ਹੋਰ ਕਈ ਸਵਾਲਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ।

ਬਾਂਦਰਾ ਦੇ ਭਾਰਤ ਨਗਰ ਇਲਾਕੇ ਦੇ ਰਹਿਣ ਵਾਲੇ ਸੁਲਤਾਨ ਸ਼ੇਖ ਨੇ ਦੱਸਿਆ ਕਿ ਇਸ ਕਾਰਨ ਆਦਿਲ ਕਾਫੀ ਤਣਾਅ ਵਿੱਚ ਹੈ।

ਸੁਲਤਾਨ ਸ਼ੇਖ ਵੀ ਬਾਂਦਰਾ ਇਲਾਕੇ ਦੇ ਹੀ ਇੱਕ ਰਿਕਸ਼ਾ ਚਾਲਕ ਹਨ। ਉਨ੍ਹਾਂ ਨੇ ਕਿਹਾ, "ਪੰਜ ਤੋਂ ਅੱਠ ਲੱਖ ਰੁਪਏ ਕਮਾਉਣ ਦੀ ਖ਼ਬਰ ਝੂਠੀ ਹੈ। ਕੁਝ ਰਿਕਸ਼ਾ ਚਾਲਕ ਲੋਕਾਂ ਦੀ ਮਦਦ ਕਰਦੇ ਹਨ ਪਰ ਇਹ ਉਨ੍ਹਾਂ ਦਾ ਕੰਮ ਨਹੀਂ ਹੈ।"

"ਰਿਕਸ਼ਾ ਚਾਲਕ ਅਤੇ ਕੁਝ ਹੋਰ ਲੋਕ ਦੂਤਾਵਾਸ ਆਉਣ ਵਾਲੇ ਲੋਕਾਂ ਨੂੰ ਆਪਣਾ ਸਾਮਾਨ ਰੱਖਣ ਦੇ ਲਈ ਲੌਕਰ ਤੱਕ ਪਹੁੰਚਾਉਣ ਵਿੱਚ ਮਦਦ ਕਰਦੇ ਹਨ। ਉਹ ਇਸ ਦੇ ਲਈ ਨਿਯਮਾਂ ਅਨੁਸਾਰ ਫੀਸ ਲੈਂਦੇ ਹਨ। ਸੋਸ਼ਲ ਮੀਡੀਆ ਉੱਤੇ ਗਲਤ ਚਰਚਾ ਹੋ ਰਹੀ ਹੈ।"

ਇੱਕ ਹੋਰ ਰਿਕਸ਼ਾ ਚਾਲਕ ਰਾਸ਼ਿਦ ਕੁਰੈਸ਼ੀ ਨੇ ਕਿਹਾ ਕਿ ਕਿਸੇ ਦੀ ਸੋਸ਼ਲ ਮੀਡੀਆ ਪ੍ਰਸਿੱਧੀ ਦੇ ਲਈ ਰਿਕਸ਼ਾ ਚਾਲਕਾਂ ਨੂੰ ਇਸ ਤਰ੍ਹਾਂ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।

ਜੇ ਰਿਕਸ਼ਾ ਚਾਲਕਾਂ ਦੀ ਮਹੀਨੇ ਦੀ ਕਮਾਈ ਪੰਜ ਤੋਂ ਅੱਠ ਲੱਖ ਰੁਪਏ ਹੁੰਦੀ ਤਾਂ ਉਹ ਝੁੱਗੀ-ਝੋਪੜੀਆਂ ਵਿੱਚ ਨਾ ਰਹਿੰਦੇ ਅਤੇ ਉਨ੍ਹਾਂ ਦੀ ਸਥਿਤੀ ਇੰਨੀ ਖ਼ਰਾਬ ਨਾ ਹੁੰਦੀ। ਇਸ ਲਈ ਰਿਕਸ਼ਾ ਚਾਲਕਾਂ ਦਾ ਕਹਿਣਾ ਹੈ ਕਿ ਅਫਵਾਹਾਂ ਉੱਪਰ ਯਕੀਨ ਨਾ ਕਰੋ।

ਪੁਲਿਸ ਦਾ ਕੀ ਕਹਿਣਾ

ਪੁਲਿਸ ਅਧਿਕਾਰੀ
ਤਸਵੀਰ ਕੈਪਸ਼ਨ, ਬੀਕੇਸੀ ਪੁਲਿਸ ਸਟੇਸ਼ਨ ਦੇ ਸੀਨੀਅਰ ਪੁਲਿਸ ਅਧਿਕਾਰੀ ਯੋਗੇਸ਼ ਚਵਾਨ।

ਮੁੰਬਈ ਪੁਲਿਸ ਨੇ ਪੁੱਛਗਿੱਛ ਲਈ 12 ਹੋਰ ਲੋਕਾਂ ਨੂੰ ਬੁਲਾਇਆ ਸੀ, ਜਿਨ੍ਹਾਂ ਵਿੱਚ ਅਮਰੀਕੀ ਦੂਤਾਵਾਸ ਦੇ ਬਾਹਰ ਲੌਕਰ ਸੇਵਾ ਚਲਾਉਣ ਵਿੱਚ ਸ਼ਾਮਲ ਰਿਕਸ਼ਾ ਚਾਲਕ ਵੀ ਸ਼ਾਮਲ ਸਨ।

ਉਸ ਸਮੇਂ ਪਤਾ ਲੱਗਿਆ ਕਿ ਉਨ੍ਹਾਂ ਵਿੱਚੋਂ ਕਿਸੇ ਕੋਲ ਵੀ ਲੌਕਰ ਸੇਵਾ ਦੇਣ ਜਾਂ ਨੇੜੇ ਦੀਆਂ ਦੁਕਾਨਾਂ ਵਿੱਚ ਸਾਮਾਨ ਰੱਖਣ ਦੀ ਕੋਈ ਕਾਨੂੰਨੀ ਮਨਜ਼ੂਰੀ ਨਹੀਂ ਸੀ।

ਬੀਕੇਸੀ ਪੁਲਿਸ ਸਟੇਸ਼ਨ ਦੇ ਸੀਨੀਅਰ ਪੁਲਿਸ ਇੰਸਪੈਕਟਰ ਯੋਗੇਸ਼ ਚਵਾਨ ਨੇ ਕਿਹਾ, "ਲੋਕਾਂ ਦੀ ਮਦਦ ਕਰਨ ਦੇ ਯਤਨ ਵਿੱਚ ਰਿਕਸ਼ਾ ਚਾਲਕ ਅਤੇ ਹੋਰ ਲੋਕ ਗੈਰ-ਕਾਨੂੰਨੀ ਤਰੀਕੇ ਨਾਲ ਸਾਮਾਨ ਸੰਭਾਲ ਰਹੇ ਸਨ।"

"ਇਸ ਮਾਮਲੇ ਵਿੱਚ ਸਬੰਧਿਤ ਪੱਖਾਂ ਤੋਂ ਪੁੱਛਗਿੱਛ ਕਰ ਕੇ ਉਨ੍ਹਾਂ ਨੂੰ ਸਪੱਸ਼ਟ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਰਿਕਸ਼ਾ ਚਾਲਕਾਂ ਨੂੰ ਇਹ ਸਮਝਾਇਆ ਗਿਆ ਹੈ ਕਿ ਲਾਇਸੈਂਸ ਰਿਕਸ਼ਾ ਚਲਾਉਣ ਦੇ ਲਈ ਦਿੱਤੇ ਜਾਂਦੇ ਹਨ ਨਾ ਕਿ ਕਿਸੇ ਹੋਰ ਉਦੇਸ਼ ਲਈ।"

ਬਾਂਦਰਾ ਭਾਰਤ ਨਗਰ
ਤਸਵੀਰ ਕੈਪਸ਼ਨ, ਬਾਂਦਰਾ ਭਾਰਤ ਨਗਰ

ਚਵਾਨ ਨੇ ਇਹ ਵੀ ਕਿਹਾ ਕਿ ਜੇ ਕੋਈ ਦੁਬਾਰਾ ਗੈਰ-ਕਾਨੂੰਨੀ ਤੌਰ 'ਤੇ ਸਾਮਾਨ ਜਾਂ ਬੈਗ ਸੰਭਾਲਦਾ ਪਾਇਆ ਗਿਆ ਜਾਂ ਸ਼ਿਕਾਇਤ ਮਿਲੀ ਤਾਂ ਕਾਰਵਾਈ ਕੀਤੀ ਜਾਵੇਗੀ।

ਬੀਬੀਸੀ ਨੇ ਇਸ ਤਰ੍ਹਾਂ ਬੈਗ ਜਾਂ ਸਾਮਾਨ ਰੱਖਣ ਲਈ ਥਾਂ ਨਾ ਹੋਣ ਕਰਕੇ ਲੋਕਾਂ ਨੂੰ ਹੋਣ ਵਾਲੀ ਪ੍ਰੇਸ਼ਾਨੀ ਅਤੇ ਇਸ ਨਾਲ ਜੁੜੇ ਮਾਮਲਿਆਂ ਦੇ ਬਾਰੇ ਅਮਰੀਕੀ ਕੌਂਸਲੇਟ ਨਾਲ ਸੰਪਰਕ ਕੀਤਾ ਪਰ ਉਨ੍ਹਾਂ ਨੇ ਕੋਈ ਜਵਾਬ ਨਹੀਂ ਦਿੱਤਾ।

ਇਹ ਪੋਸਟ ਇਮਾਨਦਾਰੀ ਲਈ ਲਿਖੀ ਗਈ ਸੀ: ਰੂਪਾਨੀ

ਇਹ ਸਭ ਰੂਪਾਨੀ ਦੀ ਇੱਕ ਪੋਸਟ ਦੀ ਵਜ੍ਹਾ ਨਾਲ ਹੋਇਆ। ਰਿਕਸ਼ਾ ਚਾਲਕ ਅਤੇ ਪੁਲਿਸ 'ਤੇ ਵੀ ਸਵਾਲ ਉੱਠੇ। ਇਸ ਲਈ ਰਾਹੁਲ ਰੂਪਾਨੀ ਨੇ ਇੱਕ ਹੋਰ ਪੋਸਟ ਕਰਕੇ ਆਪਣਾ ਪੱਖ ਰੱਖਿਆ।

ਉਨ੍ਹਾਂ ਨੇ ਪੋਸਟ ਵਿੱਚ ਕਿਹਾ, "ਇਹ ਪੋਸਟ ਸਿਰਫ ਇੱਕ ਰਿਕਸ਼ਾ ਚਾਲਕ ਦੀ ਇਮਾਨਦਾਰੀ ਅਤੇ ਮਦਦ ਕਰਨ ਦੀ ਭਾਵਨਾ ਦੀ ਸ਼ਲਾਘਾ ਕਰਨ ਦੇ ਲਈ ਬਣਾਈ ਗਈ ਹੈ। ਕਿਉਂਕਿ ਜਦੋਂ ਕੋਈ ਵੀ ਮਦਦ ਦੇ ਲਈ ਅੱਗੇ ਨਹੀਂ ਆਇਆ, ਉਸ ਸਮੇਂ ਉਸ ਨੇ ਸਹਾਇਤਾ ਕੀਤੀ। ਉਸ ਨੇ ਦੂਤਾਵਾਸ ਦੇ ਬਾਹਰ ਲੋਕਾਂ ਨੂੰ ਬਹੁਤ ਜ਼ਰੂਰੀ ਸੇਵਾ ਪ੍ਰਦਾਨ ਕੀਤੀ।"

ਰਾਹੁਲ ਰੂਪਾਨੀ ਵੱਲੋਂ ਸਾਂਝ ਕੀਤੀ ਪੋਸਟ
ਤਸਵੀਰ ਕੈਪਸ਼ਨ, ਰਾਹੁਲ ਰੂਪਾਨੀ ਨੇ ਇੱਕ ਹੋਰ ਪੋਸਟ ਸਾਂਝੀ ਕਰਦਿਆਂ ਸਪੱਸ਼ਟੀਕਰਨ ਦਿੱਤਾ

ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਜੋ ਵੀ ਜਾਣਕਾਰੀ ਲਿਖੀ ਹੈ, ਉਹ ਨਿੱਜੀ ਤਜਰਬੇ ਅਤੇ ਇੱਕ ਵਾਰ ਦੀ ਚਰਚਾ ਉੱਪਰ ਆਧਾਰਿਤ ਹੈ। ਇਸ ਦੀ ਪ੍ਰਮਾਣਿਕਤਾ ਦੀ ਕਿਤੇ ਵੀ ਪੁਸ਼ਟੀ ਨਹੀਂ ਕੀਤੀ ਗਈ ਹੈ।

ਇਸ ਦੇ ਪਿੱਛੇ ਇਰਾਦਾ ਬਹੁਤ ਸਕਾਰਾਤਮਕ ਸੀ। ਕਿਸੇ ਨੂੰ ਨੁਕਸਾਨ ਪਹੁੰਚਾਉਣ ਜਾਂ ਸਨਸਨੀ ਪੈਦਾ ਕਰਨ ਦੇ ਲਈ ਜਾਣਕਾਰੀ ਦਾ ਖੁਲਾਸਾ ਕਰਨ ਦਾ ਕੋਈ ਇਰਾਦਾ ਨਹੀਂ ਸੀ।

ਉਨ੍ਹਾਂ ਨੇ ਪੋਸਟ ਵਿੱਚ ਇਹ ਵੀ ਅਪੀਲ ਕੀਤੀ ਕਿ ਇਸ ਪੋਸਟ ਦਾ ਗਲਤ ਅਰਥ ਨਾ ਕੱਢਿਆ ਜਾਵੇ ਅਤੇ ਸਥਾਨਕ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਹੋਵੇ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)