ਮੋਦੀ-ਕਾਰਨੀ ਦੀ ਬੈਠਕ ਤੋਂ ਬਾਅਦ ਕੈਨੇਡਾ ਦੀ ਖੁਫ਼ੀਆ ਏਜੰਸੀ ਦੀ ਰਿਪੋਰਟ ਵਿੱਚ ਭਾਰਤ ਅਤੇ ਖਾਲਿਸਤਾਨੀਆਂ ਬਾਰੇ ਕਈ ਅਹਿਮ ਖੁਲਾਸੇ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ

ਤਸਵੀਰ ਸਰੋਤ, X/NARENDRA MODI

ਤਸਵੀਰ ਕੈਪਸ਼ਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ

ਕੈਨੇਡਾ ਦੀ ਖੁਫੀਆ ਏਜੰਸੀ ਸੀਐੱਸਆਈਐੱਸ (ਕੈਨੇਡੀਅਨ ਸਿਕਿਉਰਿਟੀ ਇੰਟੈਲੀਜੈਂਸ ਸਰਵਿਸ) ਨੇ ਸੁਰੱਖਿਆ ਸਬੰਧੀ ਆਪਣੀ ਸਾਲਾਨਾ ਰਿਪੋਰਟ ਵਿੱਚ ਦੇਸ 'ਚ ਭਾਰਤ ਵਲੋਂ ਦਖ਼ਲਅੰਦਾਜ਼ੀ ਕਰਨ ਦੇ ਇਲਜ਼ਾਮ ਲਗਾਏ ਹਨ।

ਇਹ ਰਿਪੋਰਟ ਉਸ ਸਮੇਂ ਸਾਹਮਣੇ ਆਈ ਹੈ ਜਦੋਂ ਕੈਨੇਡਾ ਦੇ ਕਨਾਨਾਸਕਿਸ ਵਿੱਚ ਜੀ-7 ਸੰਮੇਲਨ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਦੋਵੇਂ ਦੇਸ਼ਾਂ ਦੇ ਸਬੰਧਾਂ ਨੂੰ ਬਿਹਤਰ ਬਣਾਉਣ ਲਈ ਦੁਵੱਲੀ ਗੱਲਬਾਤ ਕੀਤੀ ਹੈ।

ਖੁਫੀਆ ਏਜੰਸੀ ਨੇ ਆਪਣੀ ਰਿਪੋਰਟ ਵਿੱਚ ਕੈਨੇਡਾ ਦੀ ਧਰਤੀ ਉੱਤੇ ਖਾਲਿਸਤਾਨੀ ਕਾਰਕੁਨਾਂ ਦੀਆਂ ਗਤੀਵਿਧੀਆਂ ਬਾਰੇ ਵੀ ਅਹਿਮ ਖੁਲਾਸੇ ਕੀਤੇ ਹਨ।

ਇਹ ਵੀ ਪੜ੍ਹੋ-

ਖੁਫ਼ੀਆ ਏਜੰਸੀ ਦੀ ਰਿਪੋਰਟ 'ਚ ਭਾਰਤ ਦਾ ਜ਼ਿਕਰ

ਕੈਨੇਡਾ ਦੇ ਸਰਕਾਰੀ ਮੀਡੀਆ ਅਦਾਰੇ ਸੀਬੀਸੀ ਦੀ ਰਿਪੋਰਟ ਮੁਤਾਬਕ ਸੀਐੱਸਆਈਐੱਸ ਨੇ ਬੀਤੇ ਬੁੱਧਵਾਰ ਨੂੰ ਆਪਣੀ ਰਿਪੋਰਟ ਜਾਰੀ ਕੀਤੀ ਹੈ।

ਜਿਸ ਵਿੱਚ ਕੈਨੇਡਾ ਦੀ ਰਾਸ਼ਟਰੀ ਸੁਰੱਖਿਆ ਲਈ ਕੁੱਝ ਮੁੱਖ ਚਿੰਤਾਵਾਂ ਅਤੇ ਖਤਰਿਆਂ ਨੂੰ ਸੂਚੀਬੱਧ ਕੀਤਾ ਗਿਆ ਹੈ।

ਇਸ ਵਿੱਚ ਖੁਲਾਸਾ ਕੀਤਾ ਗਿਆ ਹੈ ਕਿ ਭਾਰਤ ਸਰਕਾਰ ਵੱਲੋਂ ਕੈਨੇਡਾ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਸਪੱਸ਼ਟ ਦੇਖੀ ਗਈ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਤਸਵੀਰ ਸਰੋਤ, Getty Images

ਰਿਪੋਰਟ ਵਿੱਚ ਕਿਹਾ ਗਿਆ ਹੈ, ''ਭਾਰਤੀ ਅਧਿਕਾਰੀਆਂ ਸਣੇ ਉਸ ਦੇ ਪ੍ਰੌਕਸੀ ਏਜੰਟ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਰਹੇ ਹਨ, ਜਿਨ੍ਹਾਂ ਰਾਹੀਂ ਕੈਨੇਡਾ ਦੇ ਨੇਤਾਵਾਂ ਅਤੇ ਭਾਈਚਾਰੇ ਨੂੰ ਪ੍ਰਭਾਵਿਤ ਕਰਨ ਦੀਆਂ ਕੋਸ਼ਿਸ਼ਾਂ ਹੋਈਆਂ ਹਨ।''

ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ,''ਇਨ੍ਹਾਂ ਗਤੀਵਿਧੀਆਂ ਦਾ ਉਦੇਸ਼ ਕੈਨੇਡਾ ਦੀ ਸਥਿਤੀ ਨੂੰ ਭਾਰਤੀ ਹਿੱਤਾਂ ਦੇ ਅਨੁਰੂਪ ਬਣਾਉਣਾ ਹੈ। ਖਾਸਕਰ ਭਾਰਤ ਸਰਕਾਰ ਕੈਨੇਡਾ ਵੱਸਦੇ 'ਸੁਤੰਤਰ ਮੁਲਕ ਦੇ ਸਮਰਥਕਾਂ' ਨੂੰ ਕਿਵੇਂ ਦੇਖਦੀ ਹੈ, ਜਿਨ੍ਹਾਂ ਨੂੰ ਉਹ 'ਖਾਲਿਸਤਾਨੀ' ਕਹਿੰਦੇ ਹਨ।''

"ਪ੍ਰਧਾਨ ਮੰਤਰੀ ਮੋਦੀ, ਉਨ੍ਹਾਂ ਦੇ ਪ੍ਰਮੁੱਖ ਮੰਤਰੀ ਅਤੇ ਸਲਾਹਕਾਰ ਭਾਰਤ ਦਾ ਵਿਸ਼ਵਵਿਆਪੀ ਪ੍ਰਭਾਵ ਵਧਾਉਣ ਲਈ ਅਤੇ ਦੇਸ 'ਚ ਸਥਿਰਤਾ ਤੇ ਖੁਸ਼ਹਾਲੀ ਦੇ ਨਾਮ 'ਤੇ ਦੇਸ ਜਾਂ ਵਿਦੇਸ਼ ਵਿੱਚ ਕਿਸੇ ਵੀ ਅਜਿਹੀ ਗਤੀਵਿਧੀ ਦਾ ਮੁਕਾਬਲਾ ਕਰਨ ਦੇ ਇਛੁੱਕ ਹਨ, ਜਿਸ ਨੂੰ ਉਹ 'ਭਾਰਤ ਵਿਰੋਧੀ' ਮੰਨਦੇ ਹਨ।"

ਖਾਲਿਸਤਾਨੀ ਕੱਟੜਪੰਥੀਆਂ ਬਾਰੇ ਖੁਲਾਸਾ

ਖਾਲਿਸਤਾਨੀ ਕਾਰਕੁਨ

ਤਸਵੀਰ ਸਰੋਤ, Getty Images

ਖਾਲਿਸਤਾਨੀਆਂ ਬਾਰੇ ਖੁਲਾਸਾ ਕਰਦੇ ਹੋਏ ਖੁਫੀਆ ਏਜੰਸੀ ਨੇ ਰਿਪੋਰਟ ਵਿੱਚ ਕਿਹਾ ਕਿ ਕਈ ਕੈਨੇਡੀਅਨ ਖਾਲਿਸਤਾਨ ਲਹਿਰ ਦਾ ਸਮਰਥਨ ਕਰਨ ਲਈ ਜਾਇਜ਼ ਅਤੇ ਸ਼ਾਂਤੀਪੂਰਨ ਮੁਹਿੰਮ ਵਿੱਚ ਹਿੱਸਾ ਲੈਂਦੇ ਹਨ।

ਖਾਲਿਸਤਾਨ ਦੇ ਇੱਕ ਸੁਤੰਤਰ ਰਾਜ ਲਈ ਅਹਿੰਸਕ ਵਕਾਲਤ ਨੂੰ ਅਤਿਵਾਦੀ ਨਹੀਂ ਮੰਨਿਆ ਜਾਂਦਾ। ਸਿਰਫ ਕੁਝ ਵਿਅਕਤੀਆਂ ਦੇ ਇੱਕ ਛੋਟੇ ਸਮੂਹ ਨੂੰ ਖਾਲਿਸਤਾਨੀ ਕੱਟੜਪੰਥੀ ਮੰਨਿਆ ਜਾਂਦਾ ਹੈ ਕਿਉਂਕਿ ਉਹ ਕੈਨੇਡਾ ਨੂੰ ਮੁੱਖ ਤੌਰ 'ਤੇ ਭਾਰਤ ਵਿੱਚ ਹਿੰਸਾ ਦੇ ਪ੍ਰਚਾਰ, ਧਨ ਜੁਟਾਉਣ ਜਾਂ ਯੋਜਨਾ ਬਣਾਉਣ ਦੇ ਲਈ ਉਸ ਦੀ ਵਰਤੋਂ ਕਰਨਾ ਜਾਰੀ ਰੱਖਦੇ ਹਨ।

"2024 ਵਿੱਚ ਕੈਨੇਡਾ 'ਚ ਕੈਨੇਡਾ ਅਧਾਰਿਤ ਖਾਲਿਸਤਾਨੀ ਕੱਟੜਪੰਥੀ (ਸੀਬੀਕੇਈ) ਨਾਲ ਸਬੰਧਤ ਕੋਈ ਹਮਲਾ ਨਹੀਂ ਹੋਇਆ। ਸੀਬੀਕੇਈ ਵੱਲੋਂ ਹਿੰਸਕ ਗਤੀਵਿਧੀਆਂ ਵਿੱਚ ਨਿਰੰਤਰ ਭਾਗੀਦਾਰੀ ਕੈਨੇਡਾ ਅਤੇ ਰਾਸ਼ਟਰੀ ਸੁਰੱਖਿਆ ਲਈ ਖਤਰਾ ਬਣੀ ਹੋਈ ਹੈ।"

ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਖਾਸ ਤੌਰ 'ਤੇ ਕੈਨੇਡਾ ਤੋਂ ਉਭਰਨ ਵਾਲਾ ਕਥਿਤ ਖਾਲਿਸਤਾਨੀ ਕੱਟੜਵਾਦ ਕੈਨੇਡਾ 'ਚ ਭਾਰਤੀ ਵਿਦੇਸ਼ੀ ਦਖਲਅੰਦਾਜ਼ੀ ਨੂੰ ਵਧਾ ਰਿਹਾ ਹੈ।

ਰਿਪੋਰਟ ਵਿੱਚ ਹਰਦੀਪ ਨਿੱਝਰ ਕਤਲ ਮਾਮਲੇ ਬਾਰੇ ਕੀ

ਹਰਦੀਪ ਸਿੰਘ ਨਿੱਝਰ

ਤਸਵੀਰ ਸਰੋਤ, FB/Virsa Singh Valtoha

ਖੁਫੀਆ ਏਜੰਸੀ ਸੀਐੱਸਆਈਐੱਸ ਦੀ ਰਿਪੋਰਟ ਵਿੱਚ ਖਾਲਿਸਤਾਨੀ ਪੱਖੀਆਂ ਬਾਰੇ ਵੀ ਅਹਿਮ ਖੁਲਾਸੇ ਕੀਤੇ ਗਏ ਹਨ।

ਰਿਪੋਰਟ ਵਿੱਚ ਕਿਹਾ ਗਿਆ ਕਿ ਭਾਰਤ ਦਾ ਇੱਕ ਲੰਬਾ ਇਤਿਹਾਸ ਰਿਹਾ ਹੈ ਕਿ ਉਹ ਇਹ ਇਲਜ਼ਾਮ ਲਗਾਉਂਦੇ ਰਹੇ ਹਨ ਕਿ ਕੈਨੇਡਾ ਦੀ ਧਰਤੀ 'ਭਾਰਤ ਵਿਰੋਧੀ' ਗਤੀਵਿਧੀਆਂ ਦੇ ਲਈ ਇੱਕ ਪਨਾਹਗਾਹ ਹੈ।

ਇਸ ਵਿੱਚ ਵੱਖਵਾਦੀ ਖਾਲਿਸਤਾਨ ਅੰਦੋਲਨ ਭਾਰਤ ਦੀ ਇੱਕ ਮੁੱਖ ਚਿੰਤਾ ਰਹੀ ਹੈ, ਜੋ 1985 ਦੇ ਏਅਰ ਇੰਡੀਆ ਬੰਬ ਧਮਾਕੇ ਅਤੇ ਉਸ ਤੋਂ ਬਾਅਦ ਭਾਰਤ ਵਿੱਚ ਅੱਤਵਾਦੀ ਗਤੀਵਿਧੀਆਂ ਮਗਰੋਂ ਵੀ ਮੌਜੂਦ ਹੈ।

ਰਿਪੋਰਟ ਵਿੱਚ ਹਰਦੀਪ ਸਿੰਘ ਨਿੱਝਰ ਕਤਲ ਮਾਮਲੇ ਬਾਰੇ ਵੀ ਲਿਖਿਆ ਗਿਆ ਹੈ।

ਏਜੰਸੀ ਨੇ ਕਿਹਾ, ''2023 ਵਿੱਚ ਹੋਏ ਕੈਨੇਡੀਅਨ ਨਾਗਰਿਕ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਦੀ ਜਾਂਚ 2024 ਵਿੱਚ ਵੀ ਜਾਰੀ ਰਹੀ। ਇਸ ਮਾਮਲੇ 'ਚ ਮਈ, 2024 ਵਿੱਚ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਨ੍ਹਾਂ ਉਪਰ ਪਹਿਲੀ ਡਿਗਰੀ ਕਤਲ ਅਤੇ ਕਤਲ ਦੀ ਸਾਜ਼ਿਸ਼ ਰਚਣ ਦੇ ਇਲਜ਼ਾਮ ਲਗਾਏ ਗਏ। ਅਪਰਾਧਿਕ ਕਾਰਵਾਈਆਂ ਜਾਰੀ ਹਨ।''

ਰਿਪੋਰਟ ਵਿੱਚ ਜ਼ਿਕਰ ਕੀਤਾ ਗਿਆ ਹੈ, ''ਨਿੱਝਰ ਕਤਲ ਮਾਮਲੇ ਦੀ ਚੱਲ ਰਹੀ ਜਾਂਚ ਵਿੱਚ ਅਕਤੂਬਰ ਮਹੀਨੇ ਆਰਸੀਐੱਮਪੀ ਨੇ ਐਲਾਨ ਕੀਤਾ ਕਿ ਸਬੂਤਾਂ ਤੋਂ ਪਤਾ ਲੱਗਿਆ ਹੈ ਕਿ ਕੈਨੇਡਾ ਵਿੱਚ ਦੱਖਣੀ ਏਸ਼ਿਆਈ ਭਾਈਚਾਰੇ 'ਚ ਹਿੰਸਕ ਗਤੀਵਿਧੀਆਂ ਨੂੰ ਵਧਾਉਣ ਲਈ ਭਾਰਤ ਸਰਕਾਰ ਦੇ ਏਜੰਟਾਂ ਅਤੇ ਅਪਰਾਧਿਕ ਨੈੱਟਵਰਕ ਵਿਚਾਲੇ ਸਬੰਧ ਪਾਏ ਗਏ ਹਨ।''

ਕੈਨੇਡਾ ਨੂੰ ਚੌਕਸ ਰਹਿਣ ਦੀ ਅਪੀਲ

ਨਰਿੰਦਰ ਮੋਦੀ ਅਤੇ ਮਾਰਕ ਕਾਰਨੀ

ਤਸਵੀਰ ਸਰੋਤ, x/narendramodi

ਤਸਵੀਰ ਕੈਪਸ਼ਨ, ਭਾਰਤ ਅਤੇ ਕੈਨੇਡਾ ਨੇ ਆਪਣੇ ਦੁਵੱਲੇ ਸਬੰਧਾਂ ਵਿੱਚ ਸਥਿਰਤਾ ਬਹਾਲ ਕਰਨ ਲਈ ਕਦਮ ਚੁੱਕੇ ਹਨ।

ਕੈਨੇਡਾ ਨੇ ਜਨਤਕ ਸੁਰੱਖਿਆ ਦੇ ਹਿੱਤ ਵਿੱਚ 14 ਅਕਤੂਬਰ ਨੂੰ ਇਸ ਨੈੱਟਵਰਕ ਨੂੰ ਭੰਗ ਕਰਨ ਲਈ ਛੇ ਭਾਰਤੀ ਕੂਟਨੀਤਿਕਾਂ ਅਤੇ ਕੌਂਸਲਰ ਅਧਿਕਾਰੀਆਂ ਨੂੰ ਕੱਢ ਦਿੱਤਾ ਸੀ।

ਰਿਪੋਰਟ ਵਿੱਚ ਕਿਹਾ ਗਿਆ ਹੈ, ''ਭਾਰਤ ਸਰਕਾਰ ਅਤੇ ਨਿੱਝਰ ਕਤਲ ਵਿਚਕਾਰ ਸਬੰਧ, ਖਾਲਿਸਤਾਨ ਲਹਿਰ ਵਿਰੁੱਧ ਭਾਰਤ ਦੇ ਦਮਨਕਾਰੀ ਯਤਨਾਂ ਵਿੱਚ ਮਹੱਤਵਪੂਰਨ ਵਾਧਾ ਅਤੇ ਉੱਤਰੀ ਅਮਰੀਕਾ 'ਚ ਵਿਅਕਤੀਆਂ ਨੂੰ ਨਿਸ਼ਾਨਾ ਬਣਾਉਣ ਦੇ ਸਪੱਸ਼ਟ ਇਰਾਦੇ ਦਾ ਸੰਕੇਤ ਦਿੰਦੇ ਹਨ।''

ਇਹ ਵੀ ਕਿਹਾ ਗਿਆ ਕਿ ਜਿਵੇਂ ਹੀ ਪੀਆਈਐੱਫਆਈ (ਪਬਲਿਕ ਇਨਕੁਇਰੀ ਇਨਟੂ ਫੌਰਨ ਇੰਟਰਫਿਏਰੇਂਸ) ਆਪਣੀਆਂ ਜਨਤਕ ਸੁਣਵਾਈਆਂ ਦੇ ਅੰਤ 'ਤੇ ਪਹੁੰਚਿਆਂ ਤਾਂ ਕੈਨੇਡਾ ਵਿੱਚ ਦੱਖਣੀ ਏਸ਼ੀਆਈ ਭਾਈਚਾਰਿਆਂ ਨੇ ਭਾਰਤ ਸਰਕਾਰ ਦੇ ਦਬਾਅ ਦੀਆਂ ਰਣਨੀਤੀਆਂ ਅਤੇ ਨਿਸ਼ਾਨਾ ਬਣਾਉਣ ਉਪਰ ਚਿੰਤਾ ਪ੍ਰਗਟ ਕੀਤੀ ਹੈ।

'ਸੀਐੱਸਆਈਐੱਸ ਨੇ ਨੋਟ ਕੀਤਾ ਕਿ ਵਿਦੇਸ਼ੀ ਦਖਲਅੰਦਾਜ਼ੀ ਦਾ ਇਹ ਰੂਪ, ਕੈਨੇਡਾ ਵਿੱਚ ਭਾਰਤ ਦੀ ਗਤੀਵਿਧੀ 'ਚ ਕੇਂਦਰੀ ਭੂਮਿਕਾ ਨਿਭਾਉਂਦਾ ਹੈ। ਇਸ ਨੂੰ ਕੌਮਾਂਤਰੀ ਦਮਨ ਕਿਹਾ ਜਾਂਦਾ ਹੈ।'

ਕੌਮਾਂਤਰੀ ਦਮਨ ਵਿਦੇਸ਼ੀ ਸਰਕਾਰਾਂ ਵੱਲੋਂ ਉਨ੍ਹਾਂ ਭਾਈਚਾਰਿਆਂ ਦਾ ਸ਼ੋਸ਼ਣ ਕਰਨ ਦੀ ਇੱਕ ਸਥਾਪਿਤ ਰਣਨੀਤੀ ਹੈ, ਜਿਨ੍ਹਾਂ ਨੂੰ ਉਹ ਆਪਣੀ ਨਸਲੀ ਆਬਾਦੀ ਵਜੋਂ ਦੇਖਦੇ ਹਨ।

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕੈਨੇਡਾ ਨੂੰ ਭਾਰਤ ਸਰਕਾਰ ਦੁਆਰਾ ਨਾ ਸਿਰਫ ਨਸਲੀ, ਧਾਰਮਿਕ ਅਤੇ ਸੱਭਿਆਚਾਰਕ ਭਾਈਚਾਰਿਆਂ ਦੇ ਅੰਦਰ ਸਗੋਂ ਕੈਨੇਡਾ ਦੀ ਰਾਜਨੀਤਿਕ ਪ੍ਰਣਾਲੀ ਵਿੱਚ ਵੀ ਲਗਾਤਾਰ ਹੋ ਰਹੀ ਵਿਦੇਸ਼ੀ ਦਖਲਅੰਦਾਜ਼ੀ ਬਾਰੇ ਵੀ ਚੌਕਸ ਰਹਿਣਾ ਚਾਹੀਦਾ ਹੈ।

ਨਿੱਝਰ ਬਾਰੇ ਮੋਦੀ ਨੇ ਕਾਰਨੀ ਨਾਲ ਗੱਲਬਾਤ

ਮਾਰਕ ਕਾਰਨੀ ਤੇ ਨਰਿੰਦਰ ਮੋਦੀ

ਤਸਵੀਰ ਸਰੋਤ, Getty Images

ਜੀ7 ਸੰਮੇਲਨ ਦੌਰਾਨ ਆਪਣੀ ਹਾਲੀਆ ਮੁਲਾਕਾਤ ਵਿੱਚ, ਕਾਰਨੀ ਅਤੇ ਮੋਦੀ ਨੇ ਅੰਤਰਰਾਸ਼ਟਰੀ ਅਪਰਾਧ, ਸੁਰੱਖਿਆ ਅਤੇ ਵਿਸ਼ਵਵਿਆਪੀ ਨਿਯਮਾਂ ਦੀ ਪਾਲਣਾ ਬਾਰੇ ਗੱਲ ਕੀਤੀ।

ਸੀਬੀਸੀ ਨਿਊਜ਼ ਮੁਤਾਬਕ, ਇਸ ਮੁਲਾਕਾਤ ਤੋਂ ਬਾਅਦ ਕੈਨੇਡੀਅਨ ਪ੍ਰਧਾਨ ਮੰਤਰੀ ਕਾਰਨੀ ਤੋਂ ਇੱਕ ਪੱਤਰਕਾਰ ਨੇ ਸਵਾਲ ਕੀਤਾ ਕਿ ਉਨ੍ਹਾਂ ਦੀ ਪੀਐੱਮ ਮੋਦੀ ਨਾਲ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਬਾਰੇ ਕੀ ਗੱਲਬਾਤ ਹੋਈ ਤਾਂ ਉਨ੍ਹਾਂ ਨੇ ਸਿੱਧਾ ਜਵਾਬ ਨਹੀਂ ਦਿੱਤਾ।

ਉਨ੍ਹਾਂ ਨੇ ਕਿਹਾ, "ਪ੍ਰਧਾਨ ਮੰਤਰੀ ਮੋਦੀ ਅਤੇ ਮੈਂ, ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਵਿਚਕਾਰ ਗੱਲਬਾਤ ਦੀ ਮਹੱਤਤਾ ਬਾਰੇ ਚਰਚਾ ਕੀਤੀ ਹੈ। ਸਿਰਫ਼ ਗੱਲਬਾਤ ਹੀ ਨਹੀਂ, ਸਗੋਂ ਆਪਸੀ ਸਹਿਯੋਗ ਦੀ ਵੀ ਗੱਲ ਕੀਤੀ ਹੈ। "

ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਦੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਇਕੱਠੇ ਕੰਮ ਕਰਨ ਦੀ ਲੋੜ ਹੈ।

ਕਾਰਨੀ ਨੇ ਅੱਗੇ ਕਿਹਾ, "ਕਿਉਂਕਿ ਇਹ ਇੱਕ ਚੱਲ ਰਹੀ ਕਾਨੂੰਨੀ ਕਰਵਾਈ ਹੈ ਇਸ ਲਈ ਮੈਂ ਇਸ ਬਾਰੇ ਬਹੁਤਾ ਨਹੀਂ ਕਹਿ ਸਕਦਾ।"

ਪ੍ਰਧਾਨ ਮੰਤਰੀ ਮੋਦੀ ਨੇ ਕੀ ਕਿਹਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੀ-7 ਸੰਮੇਲਨ ਦੀ ਮੇਜ਼ਬਾਨੀ ਕਰਨ ਲਈ ਕਾਰਨੀ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਸਬੰਧਾਂ ਨੂੰ ਬਿਹਤਰ ਬਣਾਉਣ ਲਈ ਉਹ ਕੈਨੇਡਾ ਨਾਲ ਮਿਲ ਕੇ ਕੰਮ ਕਰਨ ਦੀ ਉਮੀਦ ਕਰ ਰਹੇ ਹਨ।

ਉਨ੍ਹਾਂ ਨੇ ਭਾਰਤ ਅਤੇ ਕੈਨੇਡਾ ਦੇ ਸਾਂਝੇ ਲੋਕਤੰਤਰ, ਆਜ਼ਾਦੀ ਅਤੇ ਕਾਨੂੰਨ ਦੇ ਮਹੱਤਤਾ ਦੇ ਸਾਂਝੇ ਮੁੱਲਾਂ ਦਾ ਜ਼ਿਕਰ ਕੀਤਾ।

ਪ੍ਰਧਾਨ ਮੰਤਰੀ ਮੋਦੀ ਨੇ ਐਕਸ 'ਤੇ ਲਿਖਿਆ, "ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ ਇੱਕ ਸ਼ਾਨਦਾਰ ਮੁਲਾਕਾਤ ਹੋਈ। ਪ੍ਰਧਾਨ ਮੰਤਰੀ ਕਾਰਨੀ ਅਤੇ ਮੈਂ ਭਾਰਤ-ਕੈਨੇਡਾ ਦੋਸਤੀ ਨੂੰ ਗਤੀ ਦੇਣ ਲਈ ਨੇੜਿਓਂ ਕੰਮ ਕਰਨ ਦੀ ਉਮੀਦ ਕਰਦੇ ਹਾਂ।"

ਪ੍ਰਧਾਨ ਮੰਤਰੀ ਮੋਦੀ ਨੇ ਜੀ-7 ਸੰਮੇਲਨ ਵਿੱਚ ਭਾਰਤ ਨੂੰ ਸੱਦਾ ਦੇਣ ਲਈ ਵੀ ਕਾਰਨੀ ਦਾ ਧੰਨਵਾਦ ਕੀਤਾ।

ਉਨ੍ਹਾਂ ਕਿਹਾ, "ਮੈਂ ਤੁਹਾਡਾ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਭਾਰਤ ਨੂੰ ਜੀ-7 ਵਿੱਚ ਸੱਦਾ ਦਿੱਤਾ ਅਤੇ ਮੈਂ ਖੁਸ਼ਕਿਸਮਤ ਵੀ ਹਾਂ ਕਿ ਮੈਨੂੰ 2015 ਤੋਂ ਬਾਅਦ ਇੱਕ ਵਾਰ ਫਿਰ ਕੈਨੇਡਾ ਆਉਣ ਅਤੇ ਕੈਨੇਡਾ ਦੇ ਲੋਕਾਂ ਨਾਲ ਜੁੜਨ ਦਾ ਮੌਕਾ ਮਿਲਿਆ ਹੈ।"

ਪੀਐੱਮ ਮੋਦੀ ਨੇ ਦੋਵਾਂ ਦੇਸ਼ਾਂ ਵਿਚਕਾਰ ਮਜ਼ਬੂਤ ​​ਆਰਥਿਕ ਸਬੰਧਾਂ ਬਾਰੇ ਵੀ ਗੱਲ ਕੀਤੀ।

ਉਨ੍ਹਾਂ ਕਿਹਾ ਕਿ ਕੈਨੇਡੀਅਨ ਕੰਪਨੀਆਂ ਨੇ ਭਾਰਤ ਵਿੱਚ ਨਿਵੇਸ਼ ਕੀਤਾ ਹੈ, ਅਤੇ ਭਾਰਤੀ ਕਾਰੋਬਾਰਾਂ ਨੇ ਵੀ ਕੈਨੇਡਾ ਵਿੱਚ ਆਪਣੀ ਛਾਪ ਛੱਡੀ ਹੈ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)