ਜੀ-7 ਸੰਮੇਲਨ: ਨਿੱਝਰ ਦੀ ਹੱਤਿਆ ਬਾਰੇ ਮੋਦੀ ਨੇ ਕਾਰਨੀ ਨਾਲ ਕੀ ਗੱਲਬਾਤ ਕੀਤੀ, ਆਪਣੇ ਹਾਈ ਕਮਿਸ਼ਨਰਾਂ ਨੂੰ ਬਹਾਲ ਕਰਨਗੇ ਕੈਨੇਡਾ ਤੇ ਭਾਰਤ

ਤਸਵੀਰ ਸਰੋਤ, x/narendramodi
ਕੈਨੇਡਾ ਦੇ ਕਨਾਨਾਸਕਿਸ ਵਿੱਚ ਜੀ-7 ਸੰਮੇਲਨ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਮੁਲਾਕਾਤ ਕੀਤੀ।
ਸੀਬੀਸੀ ਨਿਊਜ਼ ਮੁਤਾਬਕ ਮੋਦੀ ਅਤੇ ਕਾਰਨੀ ਵਿਚਾਲੇ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਉੱਤੇ ਵੀ ਗੱਲਬਾਤ ਹੋਈ ਹੈ।
ਇਸ ਮੁਲਾਕਾਤ ਤੋਂ ਬਾਅਦ ਦੋਵਾਂ ਦੇਸ਼ਾਂ ਨੇ ਆਪਣੇ ਹਾਈ ਕਮਿਸ਼ਨਰਾਂ ਨੂੰ ਬਹਾਲ ਕਰਨ ਦਾ ਵੀ ਐਲਾਨ ਕੀਤਾ ਹੈ।
ਸਾਲ 2015 ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਦਾ ਕੈਨੇਡਾ ਦਾ ਇਹ ਪਹਿਲਾ ਦੌਰਾ ਸੀ।
ਦਰਅਸਲ ਭਾਰਤ ਜੀ-7 ਦਾ ਮੈਂਬਰ ਨਹੀਂ ਹੈ। ਜੀ-7 ਵਿੱਚ ਬ੍ਰਿਟੇਨ, ਕੈਨੇਡਾ, ਫਰਾਂਸ, ਜਰਮਨੀ, ਇਟਲੀ, ਜਾਪਾਨ ਅਤੇ ਅਮਰੀਕਾ ਸ਼ਾਮਲ ਹਨ। ਪਰ 2019 ਤੋਂ ਬਾਅਦ, ਭਾਰਤ ਨੂੰ G-7 ਸੰਮੇਲਨਾਂ ਵਿੱਚ ਸੱਦਾ ਦਿੱਤਾ ਗਿਆ ਹੈ।
ਨਿੱਝਰ ਦੀ ਹੱਤਿਆ ਬਾਰੇ ਮੋਦੀ ਨੇ ਕਾਰਨੀ ਨਾਲ ਕੀ ਗੱਲਬਾਤ ਕੀਤੀ
ਆਪਣੀ ਹਾਲੀਆ ਮੁਲਾਕਾਤ ਵਿੱਚ, ਕਾਰਨੀ ਅਤੇ ਮੋਦੀ ਨੇ ਅੰਤਰਰਾਸ਼ਟਰੀ ਅਪਰਾਧ, ਸੁਰੱਖਿਆ ਅਤੇ ਵਿਸ਼ਵਵਿਆਪੀ ਨਿਯਮਾਂ ਦੀ ਪਾਲਣਾ ਬਾਰੇ ਗੱਲ ਕੀਤੀ।
ਸੀਬੀਸੀ ਨਿਊਜ਼ ਮੁਤਾਬਕ, ਇਸ ਮੁਲਾਕਾਤ ਤੋਂ ਬਾਅਦ ਕੈਨੇਡੀਅਨ ਪ੍ਰਧਾਨ ਮੰਤਰੀ ਕਾਰਨੀ ਤੋਂ ਇੱਕ ਪੱਤਰਕਾਰ ਨੇ ਸਵਾਲ ਕੀਤਾ ਕਿ ਉਨ੍ਹਾਂ ਦੀ ਪੀਐੱਮ ਮੋਦੀ ਨਾਲ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਬਾਰੇ ਕੀ ਗੱਲਬਾਤ ਹੋਈ ਤਾਂ ਉਨ੍ਹਾਂ ਨੇ ਸਿੱਧਾ ਜਵਾਬ ਨਹੀਂ ਦਿੱਤਾ।
ਉਨ੍ਹਾਂ ਨੇ ਕਿਹਾ, "ਪ੍ਰਧਾਨ ਮੰਤਰੀ ਮੋਦੀ ਅਤੇ ਮੈਂ, ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਵਿਚਕਾਰ ਗੱਲਬਾਤ ਦੀ ਮਹੱਤਤਾ ਬਾਰੇ ਚਰਚਾ ਕੀਤੀ ਹੈ। ਸਿਰਫ਼ ਗੱਲਬਾਤ ਹੀ ਨਹੀਂ, ਸਗੋਂ ਆਪਸੀ ਸਹਿਯੋਗ ਦੀ ਵੀ ਗੱਲ ਕੀਤੀ ਹੈ। "
ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਦੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਇਕੱਠੇ ਕੰਮ ਕਰਨ ਦੀ ਲੋੜ ਹੈ।
ਕਾਰਨੀ ਨੇ ਅੱਗੇ ਕਿਹਾ, "ਕਿਉਂਕਿ ਇਹ ਇੱਕ ਚੱਲ ਰਹੀ ਕਾਨੂੰਨੀ ਕਰਵਾਈ ਹੈ ਇਸ ਲਈ ਮੈਂ ਇਸ ਬਾਰੇ ਬਹੁਤਾ ਨਹੀਂ ਕਹਿ ਸਕਦਾ।"
ਦੋਹੇਂ ਦੇਸ਼ਾਂ ਦੇ ਹਾਈ ਕਮਿਸ਼ਨਰ ਹੋਣਗੇ ਬਹਾਲ

ਤਸਵੀਰ ਸਰੋਤ, x/narendramodi
ਵਿਦੇਸ਼ ਸਕੱਤਰ ਵਿਕਰਮ ਮਿਸਰੀ ਦੇ ਅਨੁਸਾਰ, ਆਪਸੀ ਸਬੰਧਾਂ ਨੂੰ ਬਿਹਤਰ ਬਣਾਉਣ ਦੇ ਸੰਕੇਤ ਵਜੋਂ ਦੋਵੇਂ ਦੇਸ਼ ਆਪਣੇ ਹਾਈ ਕਮਿਸ਼ਨਰਾਂ ਨੂੰ ਬਹਾਲ ਕਰਨ ਲਈ ਸਹਿਮਤ ਹੋਏ ਹਨ।
ਕੈਨੇਡੀਅਨ ਮੀਡੀਆ ਏਜੇਂਸੀ ਸੀਬੀਸੀ ਦੀ ਰਿਪੋਰਟ ਮੁਤਾਬਕ ਉਮੀਦ ਜਤਾਈ ਜਾ ਰਹੀ ਹੈ ਕਿ ਆਉਣ ਵਾਲੇ ਸਮੇਂ 'ਚ ਨਾਗਰਿਕਾਂ ਅਤੇ ਕਾਰੋਬਾਰੀਆਂ ਲਈ ਵੀਜ਼ਾ ਸੇਵਾਵਾਂ ਵੀ ਮੁੜ ਸ਼ੁਰੂ ਹੋ ਸਕਦੀਆਂ ਹਨ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਦੋਵਾਂ ਦੇਸ਼ਾਂ ਨੇ ਇੱਕ ਦੂਜੇ ਦੇ ਹਾਈ ਕਮਿਸ਼ਨਰਾਂ ਨੂੰ ਆਪਣੇ ਦੇਸ਼ ਵਾਪਸ ਪਰਤਣ ਲਈ ਕਿਹਾ ਸੀ।
ਇਹ ਉਦੋਂ ਹੋਇਆ ਜਦੋਂ ਕੈਨੇਡਾ ਦੀ ਤਤਕਾਲੀ ਟਰੂਡੋ ਸਰਕਾਰ ਨੇ ਭਾਰਤ 'ਤੇ ਕੈਨੇਡਾ ਵਿੱਚ ਹਿੰਸਾ, ਕਤਲ ਅਤੇ ਜਬਰੀ ਵਸੂਲੀ ਨਾਲ ਜੁੜੇ ਹੋਣ ਦੇ ਇਲਜ਼ਾਮ ਲਗਾਏ ਸਨ।
ਉਸ ਸਮੇਂ ਤਤਕਾਲੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਸੀ ਕਿ ਭਾਰਤੀ ਡਿਪਲੋਮੈਟ ਕੈਨੇਡੀਅਨਾਂ ਬਾਰੇ ਜਾਣਕਾਰੀ ਇਕੱਠੀ ਕਰ ਰਹੇ ਸਨ। ਟਰੂਡੋ ਦਾ ਕਹਿਣਾ ਸੀ ਕਿ ਭਾਰਤੀ ਡਿਪਲੋਮੈਟ ਇਸ ਜਾਣਕਾਰੀ ਨੂੰ ਸੰਗਠਿਤ ਅਪਰਾਧ ਸਮੂਹਾਂ ਨਾਲ ਸਾਂਝਾ ਕਰ ਰਹੇ ਸਨ।
ਟਰੂਡੋ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਕੈਨੇਡਾ ਕੋਲ 2023 ਵਿੱਚ ਬ੍ਰਿਟਿਸ਼ ਕੋਲੰਬੀਆ ਵਿੱਚ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਨਾਲ ਭਾਰਤੀ ਏਜੰਟਾਂ ਦੀ ਸ਼ਮੂਲੀਅਤ ਦੇ ਸਬੂਤ ਹਨ।

ਤਸਵੀਰ ਸਰੋਤ, x/narendramodi
ਪ੍ਰਧਾਨ ਮੰਤਰੀ ਮੋਦੀ ਨੇ ਕੀ ਕਿਹਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੀ-7 ਸੰਮੇਲਨ ਦੀ ਮੇਜ਼ਬਾਨੀ ਕਰਨ ਲਈ ਕਾਰਨੀ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਸਬੰਧਾਂ ਨੂੰ ਬਿਹਤਰ ਬਣਾਉਣ ਲਈ ਉਹ ਕੈਨੇਡਾ ਨਾਲ ਮਿਲ ਕੇ ਕੰਮ ਕਰਨ ਦੀ ਉਮੀਦ ਕਰ ਰਹੇ ਹਨ।
ਉਨ੍ਹਾਂ ਨੇ ਭਾਰਤ ਅਤੇ ਕੈਨੇਡਾ ਦੇ ਸਾਂਝੇ ਲੋਕਤੰਤਰ, ਆਜ਼ਾਦੀ ਅਤੇ ਕਾਨੂੰਨ ਦੇ ਮਹੱਤਤਾ ਦੇ ਸਾਂਝੇ ਮੁੱਲਾਂ ਦਾ ਜ਼ਿਕਰ ਕੀਤਾ।
ਪ੍ਰਧਾਨ ਮੰਤਰੀ ਮੋਦੀ ਨੇ ਐਕਸ 'ਤੇ ਲਿਖਿਆ, "ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ ਇੱਕ ਸ਼ਾਨਦਾਰ ਮੁਲਾਕਾਤ ਹੋਈ। ਪ੍ਰਧਾਨ ਮੰਤਰੀ ਕਾਰਨੀ ਅਤੇ ਮੈਂ ਭਾਰਤ-ਕੈਨੇਡਾ ਦੋਸਤੀ ਨੂੰ ਗਤੀ ਦੇਣ ਲਈ ਨੇੜਿਓਂ ਕੰਮ ਕਰਨ ਦੀ ਉਮੀਦ ਕਰਦੇ ਹਾਂ।"
ਪ੍ਰਧਾਨ ਮੰਤਰੀ ਮੋਦੀ ਨੇ ਜੀ-7 ਸੰਮੇਲਨ ਵਿੱਚ ਭਾਰਤ ਨੂੰ ਸੱਦਾ ਦੇਣ ਲਈ ਵੀ ਕਾਰਨੀ ਦਾ ਧੰਨਵਾਦ ਕੀਤਾ।
ਉਨ੍ਹਾਂ ਕਿਹਾ, "ਮੈਂ ਤੁਹਾਡਾ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਭਾਰਤ ਨੂੰ ਜੀ-7 ਵਿੱਚ ਸੱਦਾ ਦਿੱਤਾ ਅਤੇ ਮੈਂ ਖੁਸ਼ਕਿਸਮਤ ਵੀ ਹਾਂ ਕਿ ਮੈਨੂੰ 2015 ਤੋਂ ਬਾਅਦ ਇੱਕ ਵਾਰ ਫਿਰ ਕੈਨੇਡਾ ਆਉਣ ਅਤੇ ਕੈਨੇਡਾ ਦੇ ਲੋਕਾਂ ਨਾਲ ਜੁੜਨ ਦਾ ਮੌਕਾ ਮਿਲਿਆ ਹੈ।"
ਪੀਐੱਮ ਮੋਦੀ ਨੇ ਦੋਵਾਂ ਦੇਸ਼ਾਂ ਵਿਚਕਾਰ ਮਜ਼ਬੂਤ ਆਰਥਿਕ ਸਬੰਧਾਂ ਬਾਰੇ ਵੀ ਗੱਲ ਕੀਤੀ।
ਉਨ੍ਹਾਂ ਕਿਹਾ ਕਿ ਕੈਨੇਡੀਅਨ ਕੰਪਨੀਆਂ ਨੇ ਭਾਰਤ ਵਿੱਚ ਨਿਵੇਸ਼ ਕੀਤਾ ਹੈ, ਅਤੇ ਭਾਰਤੀ ਕਾਰੋਬਾਰਾਂ ਨੇ ਵੀ ਕੈਨੇਡਾ ਵਿੱਚ ਆਪਣੀ ਛਾਪ ਛੱਡੀ ਹੈ।

ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਕੀ ਕਿਹਾ
ਭਾਰਤ ਅਤੇ ਕੈਨੇਡਾ ਨੇ ਆਪਣੇ ਦੁਵੱਲੇ ਸਬੰਧਾਂ ਵਿੱਚ ਸਥਿਰਤਾ ਬਹਾਲ ਕਰਨ ਲਈ ਕਦਮ ਚੁੱਕੇ ਹਨ। ਇਸ ਦੇ ਬਾਅਦ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਇੱਕ ਵੀਡੀਓ ਬਿਆਨ ਜਾਰੀ ਕੀਤਾ ਹੈ।
ਮਿਸਰੀ ਨੇ ਕਿਹਾ, "ਪ੍ਰਧਾਨ ਮੰਤਰੀ ਮੋਦੀ ਇਸ ਬਹੁਤ ਮਹੱਤਵਪੂਰਨ ਸਬੰਧਾਂ ਵਿੱਚ ਸਥਿਰਤਾ ਬਹਾਲ ਕਰਨ ਲਈ ਦ੍ਰਿੜ ਕਦਮ ਚੁੱਕਣ ਲਈ ਸਹਿਮਤ ਹੋਏ ਹਨ ਅਤੇ ਇਨ੍ਹਾਂ ਕਦਮਾਂ ਵਿੱਚੋਂ ਪਹਿਲਾ ਕਦਮ ਜਿਸ 'ਤੇ ਸਹਿਮਤੀ ਬਣੀ, ਉਹ ਸੀ ਇੱਕ ਦੂਜੇ ਦੀਆਂ ਰਾਜਧਾਨੀਆਂ ਵਿੱਚ ਹਾਈ ਕਮਿਸ਼ਨਰਾਂ ਨੂੰ ਜਲਦੀ ਬਹਾਲ ਕਰਨਾ। ਹੋਰ ਕੂਟਨੀਤਕ ਕਦਮ ਸਮੇਂ ਸਿਰ ਚੁੱਕੇ ਜਾਣਗੇ।"
ਮਿਸਰੀ ਨੇ ਅੱਗੇ ਕਿਹਾ, "ਦੋਵੇਂ ਪ੍ਰਧਾਨ ਮੰਤਰੀ ਵਪਾਰ, ਲੋਕਾਂ ਤੋਂ ਲੋਕਾਂ ਤੱਕ ਸੰਪਰਕ ਅਤੇ ਸੰਪਰਕ ਨਾਲ ਸਬੰਧਤ ਕਈ ਖੇਤਰਾਂ ਵਿੱਚ ਸੀਨੀਅਰ ਅਤੇ ਕਾਰਜਕਾਰੀ ਪੱਧਰ ਉੱਤੇ ਵਿਚਾਰ-ਵਟਾਂਦਰੇ ਮੁੜ ਸ਼ੁਰੂ ਕਰਨ 'ਤੇ ਵੀ ਸਹਿਮਤ ਹੋਏ ਹਨ। ਉਨ੍ਹਾਂ ਸਾਰਿਆਂ ਦਾ ਇਰਾਦਾ ਸਬੰਧਾਂ ਨੂੰ ਹੋਰ ਗਤੀ ਦੇਣ ਦਾ ਸੀ।"
"ਦੋਵਾਂ ਨੇਤਾਵਾਂ ਨੇ ਸਾਫ਼ ਊਰਜਾ, ਤਕਨਾਲੋਜੀ, ਡਿਜੀਟਲ ਬੁਨਿਆਦੀ ਢਾਂਚਾ, ਏਆਈ, ਖੁਰਾਕ ਸੁਰੱਖਿਆ, ਮਹੱਤਵਪੂਰਨ ਖਣਿਜ ਅਤੇ ਸਪਲਾਈ ਚੇਨਾਂ ਨਾਲ ਸਬੰਧਤ ਕਈ ਮੁੱਦਿਆਂ ਵਿੱਚ ਸੰਭਾਵੀ ਸਹਿਯੋਗ 'ਤੇ ਵੀ ਚਰਚਾ ਕੀਤੀ ਹੈ।"
ਸਿੱਖ ਜਥੇਬੰਦੀਆਂ ਨੇ ਕਿਉਂ ਕੀਤਾ ਸੀ ਮੋਦੀ ਦਾ ਵਿਰੋਧ ?
ਸੀਬੀਸੀ ਦੀ ਖ਼ਬਰ ਮੁਤਾਬਕ, ਟੋਰਾਂਟੋ ਸਥਿਤ ਸਿੱਖ ਫੈਡਰੇਸ਼ਨ ਨੇ ਇਸ ਸੱਦੇ ਦਾ ਵਿਰੋਧ ਕਰਦਿਆਂ ਕਿਹਾ ਸੀ ਕਿ "ਜਦੋਂ ਤੱਕ ਭਾਰਤ ਕੈਨੇਡਾ ਵਿੱਚ ਅਪਰਾਧਿਕ ਜਾਂਚ ਵਿੱਚ ਮਹੱਤਵਪੂਰਨ ਸਹਿਯੋਗ ਨਹੀਂ ਕਰਦਾ, ਉਦੋਂ ਤੱਕ ਕੈਨੇਡਾ ਨੂੰ ਕਿਸੇ ਵੀ ਅਜਿਹੇ ਸੱਦੇ ਨੂੰ ਰੋਕ ਦੇਣਾ ਚਾਹੀਦਾ ਹੈ।"
ਸਿੱਖ ਸੰਸਥਾਵਾਂ ਦਾ ਇਸ਼ਾਰਾ ਉਨ੍ਹਾਂ ਇਲਜ਼ਾਮਾਂ ਵੱਲ ਸੀ ਜੋ ਪਿਛਲੇ ਸਮੇਂ ਵਿੱਚ ਟਰੂਡੋ ਸਰਕਾਰ ਵੇਲੇ ਭਾਰਤ 'ਤੇ ਲਗਾਏ ਗਏ ਸਨ ਅਤੇ ਜਿਨ੍ਹਾਂ ਮੁਤਾਬਕ ਇੱਕ ਸਿੱਖ ਕਾਰਕੁਨ ਦੇ ਕਤਲ ਦੇ ਮਾਮਲੇ 'ਚ ਭਾਰਤ ਦਾ ਹੱਥ ਹੋਣ ਦੀ ਗੱਲ ਕਹੀ ਗਈ ਸੀ।
ਵਿਰੋਧ ਕਰਨ ਵਾਲੀਆਂ ਸਿੱਖ ਜਥੇਬੰਦੀਆਂ ਦਾ ਤਰਕ ਹੈ ਕਿ ਸੰਘੀ ਸਰਕਾਰ ਦੇ ਇਸ ਫੈਸਲੇ ਤੋਂ ਜਾਪਦਾ ਹੈ ਕਿ ਉਹ ਮਨੁੱਖੀ ਅਧਿਕਾਰਾਂ ਤੋਂ ਪਹਿਲਾਂ ਆਰਥਿਕ ਚਿੰਤਾਵਾਂ ਨੂੰ ਤਰਜੀਹ ਦੇ ਰਹੀ ਹੈ।

ਸੀਬੀਸੀ ਦੀ ਖ਼ਬਰ ਮੁਤਾਬਕ, ਸਿੱਖ ਫੈਡਰੇਸ਼ਨ ਆਫ ਕੈਨੇਡਾ ਨੇ ਇਸ ਸੱਦੇ ਨੂੰ ਇੱਕ "ਇੱਕ ਗੰਭੀਰ ਅਪਮਾਨ" ਕਰਾਰ ਦਿੱਤਾ ਸੀ।
ਲਿਬਰਲ ਸੰਸਦ ਮੈਂਬਰ ਸੁੱਖ ਧਾਲੀਵਾਲ, ਜੋ ਸਰੀ-ਨਿਊਟਨ ਦੀ ਨੁਮਾਇੰਦਗੀ ਕਰਦੇ ਹਨ ਜਿੱਥੇ ਨਿੱਝਰ ਨੂੰ ਗੋਲੀ ਮਾਰੀ ਗਈ ਸੀ, ਉਨ੍ਹਾਂ ਕਿਹਾ ਕਿ ਉਹ ਇਸ ਦਾ ਸਮਰਥਨ ਨਹੀਂ ਕਰਦੇ, ਉਨ੍ਹਾਂ ਨੇ ਇਸ ਫੈਸਲੇ ਬਾਅਦ ਆਪਣੇ ਹਲਕੇ ਦੇ ਲੋਕਾਂ ਵੱਲੋਂ ਜ਼ਾਹਿਰ ਕੀਤੀਆਂ ਚਿੰਤਾਵਾਂ ਦਾ ਵੀ ਜ਼ਿਕਰ ਕੀਤਾ।
ਕੈਨੇਡਾ ਵਿੱਚ ਪੰਜਾਬੀ ਤੀਜੀ ਸਭ ਤੋਂ ਵੱਧ ਵਰਤੀ ਜਾਣ ਵਾਲੀ ਭਾਸ਼ਾ ਹੈ। ਕੈਨੇਡਾ ਦੀ ਕੁੱਲ ਆਬਾਦੀ ਦਾ 1.3 ਫੀਸਦੀ ਹਿੱਸਾ ਪੰਜਾਬੀ ਸਮਝਦਾ ਅਤੇ ਬੋਲਦਾ ਹੈ। ਪੰਜਾਬ ਤੋਂ ਬਾਹਰ, ਕੈਨੇਡਾ ਵਿੱਚ ਸਭ ਤੋਂ ਵੱਧ ਸਿੱਖ ਹਨ।
ਵਿਸ਼ਵ ਸਿੱਖ ਸੰਗਠਨ (ਕੈਨੇਡਾ) ਦੇ ਪ੍ਰਧਾਨ ਦਾਨਿਸ਼ ਸਿੰਘ ਨੇ ਕਿਹਾ ਸੀ ਕਿ ਇਹ ਕੈਨੇਡਾ ਵਿੱਚ ਰਹਿਣ ਵਾਲੇ ਸਿੱਖਾਂ ਨਾਲ ਵਿਸ਼ਵਾਸਘਾਤ ਹੈ। ਅਤੇ ਇਹ ਸਿਰਫ਼ ਭਾਈਚਾਰੇ ਨਾਲ ਹੀ ਨਹੀਂ ਸਗੋਂ ਕੈਨੇਡਾ ਦੀਆਂ ਕਦਰਾਂ-ਕੀਮਤਾਂ ਨਾਲ ਵੀ ਵਿਸ਼ਵਾਸਘਾਤ ਹੈ।
ਹਰਦੀਪ ਨਿੱਝਰ ਕਤਲ ਮਾਮਲਾ

ਤਸਵੀਰ ਸਰੋਤ, FB/Virsa Singh Valtoha
45 ਸਾਲ ਦੇ ਹਰਦੀਪ ਸਿੰਘ ਨਿੱਝਰ ਨੂੰ ਕੈਨੇਡਾ ਦੇ ਸਰੀ ਦੇ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਵਿੱਚ 18 ਜੂਨ 2023 ਨੂੰ ਹਥਿਆਰਬੰਦ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਕੈਨੇਡਾ ਦੇ ਤਤਕਾਲੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਕਤਲ ਵਿੱਚ ਭਾਰਤੀ ਏਜੰਟਾਂ ਦੇ ਸ਼ਾਮਲ ਹੋਣ ਦੇ ਇਲਜ਼ਾਮ ਲਾਏ ਗਏ ਸਨ। ਉਸ ਤੋਂ ਬਾਅਦ ਹੀ ਦੋਵਾਂ ਦੇਸਾਂ ਦੇ ਕੂਟਨੀਤਿਕ ਰਿਸ਼ਤਿਆ ਵਿੱਚ ਕਾਫ਼ੀ ਤਲਖ਼ੀ ਆ ਗਈ ਸੀ।
ਸਤੰਬਰ 2023 ਵਿੱਚ, ਟਰੂਡੋ ਨੇ ਦਾਅਵਾ ਕੀਤਾ ਸੀ ਕਿ ਕੈਨੇਡਾ ਕੋਲ 'ਭਰੋਸੇਯੋਗ ਸਬੂਤ' ਹਨ ਕਿ ਬ੍ਰਿਟਿਸ਼ ਕੋਲੰਬੀਆ ਵਿੱਚ ਹਰਦੀਪ ਸਿੰਘ ਨਿੱਝਰ ਦੇ ਕਤਲ ਵਿੱਚ ਭਾਰਤੀ ਏਜੰਟ ਸ਼ਾਮਲ ਸਨ।
ਹਾਲਾਂਕਿ ਭਾਰਤ ਲਗਾਤਾਰ ਅਜਿਹੇ ਇਲਜ਼ਾਮਾਂ ਨੂੰ ਬੇਬੁਨਿਆਦ ਕਰਾਰ ਦਿੰਦਾ ਰਿਹਾ ਹੈ।
ਹੁਣ ਤੱਕ ਇਸ ਮਾਮਲੇ 'ਚ ਕੈਨੇਡਾ ਪੁਲਿਸ ਵੱਲੋਂ 4 ਗ੍ਰਿਫਤਾਰੀਆਂ ਕੀਤੀਆਂ ਜਾ ਚੁੱਕੀਆਂ ਹਨ। ਜਿਨ੍ਹਾਂ ਦੇ ਨਾਮ ਕਰਨ ਬਰਾੜ (22), ਕਮਲਪ੍ਰੀਤ ਸਿੰਘ (22) ਅਤੇ ਕਰਨ ਪ੍ਰੀਤ ਸਿੰਘ (28) ਅਤੇ ਅਮਨਦੀਪ ਸਿੰਘ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












