ਅਮਰੀਕਾ ਦਾ ਕਤਰ ਏਅਰਬੇਸ ਹੀ ਈਰਾਨ ਨੇ ਹਮਲੇ ਲਈ ਕਿਉਂ ਚੁਣਿਆ, ਅਮਰੀਕਾ ਦੀ ਕਿੰਨੀ ਤਾਕਤ ਕਤਰ 'ਚ ਮੌਜੂਦ ਹੈ

ਤਸਵੀਰ ਸਰੋਤ, USAF
ਕਤਰ ਦੀ ਰਾਜਧਾਨੀ ਦੋਹਾ ਦੇ ਨੇੜੇ ਅਲ ਉਦੈਦ ਏਅਰ ਬੇਸ, ਪੱਛਮ ਏਸ਼ੀਆ ਵਿੱਚ ਅਮਰੀਕੀ ਸੈਂਟਰਲ ਕਮਾਂਡ ਦੀਆਂ ਹਵਾਈ ਗਤੀਵਿਧੀਆਂ ਦਾ ਮੁੱਖ ਦਫ਼ਤਰ ਹੈ।
ਇੱਥੇ ਤਕਰੀਬਨ 8,000 ਅਮਰੀਕੀ ਫ਼ੌਜੀ ਤਾਇਨਾਤ ਹਨ।
ਇਸ ਅਮਰੀਕੀ ਫ਼ੌਜੀ ਅੱਡੇ ਦੀਆਂ ਹਾਲੀਆ ਸੈਟੇਲਾਈਟ ਤਸਵੀਰਾਂ ਵਿੱਚ ਦੇਖਿਆ ਜਾ ਸਕਦਾ ਹੈ ਕਿ ਈਰਾਨ 'ਤੇ ਅਮਰੀਕੀ ਹਮਲੇ ਤੋਂ ਪਹਿਲਾਂ ਸਾਵਧਾਨੀ ਵਜੋਂ ਦਰਜਨਾਂ ਜਹਾਜ਼ਾਂ ਨੂੰ ਰਨਵੇਅ ਤੋਂ ਹਟਾ ਦਿੱਤਾ ਗਿਆ ਸੀ।
ਬੀਬੀਸੀ ਦੇ ਉੱਤਰੀ ਅਮਰੀਕਾ ਦੀ ਸੰਪਾਦਕ ਸਾਰਾ ਸਮਿਥ ਮੁਤਾਬਕ, ਅਲ ਉਦੈਦ 'ਤੇ ਈਰਾਨੀ ਹਮਲਾ ਪੂਰੀ ਤਰ੍ਹਾਂ ਅਚਨਚੇਤ ਨਹੀਂ ਹੋਇਆ ਸੀ। ਈਰਾਨੀ ਪਰਮਾਣੂ ਸਥਾਨਾਂ 'ਤੇ ਹਮਲਿਆਂ ਤੋਂ ਬਾਅਦ ਅਮਰੀਕਾ ਅਜਿਹੇ ਜਵਾਬ ਦੀ ਉਮੀਦ ਕਰ ਰਿਹਾ ਸੀ।

ਪੱਛਮ ਏਸ਼ੀਆ ਵਿੱਚ ਅਮਰੀਕੀ ਫ਼ੌਜਾਂ ਹਾਈ ਅਲਰਟ 'ਤੇ ਸਨ ਅਤੇ ਅਜਿਹੀ ਕਿਸੇ ਵੀ ਕਾਰਵਾਈ ਲਈ ਪੂਰੀ ਤਰ੍ਹਾਂ ਤਿਆਰ ਸਨ।
ਇਹ ਬੇਸ ਈਰਾਕ ਵਿੱਚ ਅਮਰੀਕੀ ਫ਼ੌਜੀ ਕਾਰਵਾਈਆਂ ਲਈ ਹੈੱਡਕੁਆਰਟਰ ਅਤੇ ਲੌਜਿਸਟਿਕਸ ਸੈਂਟਰ ਵਜੋਂ ਵੀ ਕੰਮ ਕਰਦਾ ਹੈ। ਇਸ ਵਿੱਚ ਖਾੜੀ ਖੇਤਰ ਵਿੱਚ ਸਭ ਤੋਂ ਲੰਬੀ ਹਵਾਈ ਲੈਂਡਿੰਗ ਸਟ੍ਰਿਪ ਵੀ ਹੈ।
ਬ੍ਰਿਟਿਸ਼ ਫ਼ੌਜਾਂ ਵੀ ਸਮੇਂ-ਸਮੇਂ 'ਤੇ ਇਸ ਬੇਸ ਦੀ ਵਰਤੋਂ ਕਰਦੀਆਂ ਹਨ। ਅਲ ਉਦੈਦ ਨੂੰ ਅਬੂ ਨਕਲਾ ਹਵਾਈ ਅੱਡੇ ਵਜੋਂ ਵੀ ਜਾਣਿਆ ਜਾਂਦਾ ਹੈ।
ਕਤਰ ਨੇ ਸਾਲ 2000 ਵਿੱਚ ਅਮਰੀਕਾ ਨੂੰ ਇਸ ਅੱਡੇ ਦੀ ਵਰਤੋਂ ਕਰਨ ਦੀ ਇਜਾਜ਼ਤ ਦੇ ਦਿੱਤੀ ਸੀ। ਸਾਲ 2001 ਵਿੱਚ, ਅਮਰੀਕਾ ਨੇ ਇਸਦਾ ਸੰਚਾਲਨ ਪੂਰੀ ਤਰ੍ਹਾਂ ਆਪਣੇ ਹੱਥਾਂ ਵਿੱਚ ਲੈ ਲਿਆ ਸੀ।
ਲੰਡਨ ਸਥਿਤ ਖੁਫ਼ੀਆ ਫ਼ਰਮ ਗ੍ਰੇ ਡਾਇਨਾਮਿਕਸ ਮੁਤਾਬਕ, ਇਸ ਤੋਂ ਬਾਅਦ ਦਸੰਬਰ 2002 ਵਿੱਚ ਕਤਰ ਅਤੇ ਅਮਰੀਕਾ ਵਿਚਕਾਰ ਇੱਕ ਸਮਝੌਤਾ ਹੋਇਆ, ਜਿਸ ਤਹਿਤ ਰਸਮੀ ਤੌਰ 'ਤੇ ਅਮਰੀਕੀ ਫ਼ੌਜੀ ਮੌਜੂਦਗੀ ਨੂੰ ਮਾਨਤਾ ਦਿੱਤੀ ਗਈ।
ਸਾਲ 2024 ਵਿੱਚ, ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਸੀ ਕਿ ਅਮਰੀਕਾ ਆਪਣੀ ਫ਼ੌਜੀ ਮੌਜੂਦਗੀ ਨੂੰ ਹੋਰ 10 ਸਾਲਾਂ ਲਈ ਵਧਾਉਣ ਲਈ ਸਹਿਮਤ ਹੋ ਗਿਆ ਹੈ।
ਅਮਰੀਕਾ 'ਤੇ ਦਬਾਅ

ਤਸਵੀਰ ਸਰੋਤ, Getty Images
ਬੀਬੀਸੀ ਦੇ ਚੀਫ਼ ਉੱਤਰੀ ਅਮਰੀਕਾ ਮਾਮਲਿਆਂ ਦੇ ਪੱਤਰਕਾਰ ਗੈਰੀ ਓ'ਡੋਨਹਿਊ ਮੁਤਾਬਕ, ਕਤਰ ਵਿੱਚ ਹਮਲੇ ਦੀਆਂ ਰਿਪੋਰਟਾਂ ਆਉਂਦੇ ਹੀ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ, ਰੱਖਿਆ ਸਕੱਤਰ ਅਤੇ ਜੁਆਇੰਟ ਚੀਫ਼ ਆਫ਼ ਸਟਾਫ ਦੇ ਚੇਅਰਮੈਨ ਸਚਿਊਸ਼ਨ ਰੂਮ ਵਿੱਚ ਮੌਜੂਦ ਸਨ।
ਟਰੰਪ ਨੇ ਇਸ ਸਾਲ ਮਈ ਵਿੱਚ ਇਸ ਬੇਸ ਦਾ ਦੌਰਾ ਕੀਤਾ ਸੀ।
ਉੱਥੇ ਸੈਨਿਕਾਂ ਨੂੰ ਸੰਬੋਧਨ ਕਰਦੇ ਹੋਏ ਅਮਰੀਕੀ ਰਾਸ਼ਟਰਪਤੀ ਨੇ ਕਿਹਾ, "ਰਾਸ਼ਟਰਪਤੀ ਵਜੋਂ ਮੇਰਾ ਟੀਚਾ ਸੰਘਰਸ਼ ਨੂੰ ਖਤਮ ਕਰਨਾ ਹੈ, ਨਾ ਕਿ ਇਸ ਨੂੰ ਸ਼ੁਰੂ ਕਰਨਾ। ਪਰ ਜੇ ਜ਼ਰੂਰੀ ਹੋਇਆ, ਤਾਂ ਮੈਂ ਅਮਰੀਕਾ ਜਾਂ ਇਸਦੇ ਸਹਿਯੋਗੀਆਂ ਦੀ ਰੱਖਿਆ ਲਈ ਤਾਕਤ ਦੀ ਵਰਤੋਂ ਕਰਨ ਤੋਂ ਕਦੇ ਵੀ ਝਿਜਕਾਂਗਾ ਨਹੀਂ।"
ਈਰਾਨ ਦੇ ਪਰਮਾਣੂ ਸਥਾਨਾਂ 'ਤੇ ਅਮਰੀਕਾ ਦੇ ਹਮਲਿਆਂ ਤੋਂ ਬਾਅਦ, ਟਰੰਪ ਨੇ ਕਿਹਾ ਸੀ ਕਿ ਈਰਾਨ ਵੱਲੋਂ ਕੀਤੀ ਗਈ ਕਿਸੇ ਵੀ ਬਦਲੇ ਦੀ ਕਾਰਵਾਈ ਦਾ 'ਪੂਰੀ ਤਾਕਤ ਨਾਲ ਜਵਾਬ ਦਿੱਤਾ ਜਾਵੇਗਾ।'
ਇਹ ਉਮੀਦ ਕੀਤੀ ਜਾ ਰਹੀ ਸੀ ਕਿ ਟਰੰਪ ਅਮਰੀਕੀ ਫ਼ੌਜੀ ਅੱਡੇ 'ਤੇ ਹਮਲੇ ਦਾ ਜਵਾਬ ਦੇਣਗੇ, ਪਰ ਈਰਾਨੀ ਮਿਜ਼ਾਈਲਾਂ ਦੇ ਅਲ ਉਦੈਦ 'ਤੇ ਹਮਲੇ ਤੋਂ ਕੁਝ ਘੰਟਿਆਂ ਬਾਅਦ, ਟਰੰਪ ਨੇ ਜੰਗਬੰਦੀ ਦਾ ਐਲਾਨ ਕਰ ਦਿੱਤਾ।
ਕਤਰ ਅਤੇ ਅਮਰੀਕਾ ਦਰਮਿਆਨ ਫੌਜੀ ਸੰਬੰਧ

ਤਸਵੀਰ ਸਰੋਤ, Getty Images
ਅਮਰੀਕਾ ਅਤੇ ਕਤਰ ਵਿਚਕਾਰ ਬਹੁਤ ਨੇੜਲੇ ਫੌਜੀ ਸਬੰਧ ਹਨ।
ਅਮਰੀਕਾ ਨੇ ਹੁਣ ਤੱਕ ਕਤਰ ਨੂੰ 26 ਅਰਬ ਡਾਲਰ ਤੋਂ ਵੱਧ ਦੇ ਹਥਿਆਰ ਅਤੇ ਹੋਰ ਫੌਜੀ ਉਪਕਰਣ ਮੁਹੱਈਆ ਕਰਵਾਏ ਹਨ। ਇਸ ਸਬੰਧ ਵਿੱਚ, ਕਤਰ ਦੁਨੀਆ ਵਿੱਚ ਅਮਰੀਕਾ ਦਾ ਦੂਜਾ ਸਭ ਤੋਂ ਵੱਡਾ ਭਾਈਵਾਲ ਹੈ।
ਹਾਲ ਹੀ ਦੇ ਸਾਲਾਂ ਵਿੱਚ, ਅਮਰੀਕਾ ਨੇ ਕਤਰ ਨੂੰ ਇਹ ਹਥਿਆਰ ਸਪਲਾਈ ਕੀਤੇ ਹਨ -
- ਇੰਟੈਗਰੇਟਿਡ ਹਵਾਈ ਅਤੇ ਮਿਜ਼ਾਈਲ ਰੱਖਿਆ ਪ੍ਰਣਾਲੀ ਜਿਸ ਵਿੱਚ ਪੈਟ੍ਰਿਅਟ ਮਿਜ਼ਾਈਲ ਪ੍ਰਣਾਲੀ ਵੀ ਸ਼ਾਮਲ ਹੈ।
- ਨੈਸ਼ਨਲ ਐਡਵਾਂਸਡ ਸਤ੍ਹਾ ਤੋਂ ਹਵਾ ਵਿੱਚ ਮਾਰ ਕਰਨ ਵਾਲੀ ਮਿਜ਼ਾਈਲ ਪ੍ਰਣਾਲੀ
- ਏਐੱਨ/ਐੱਫ਼ਪੀਐੱਸ-132 ਅਰਲੀ ਚੇਤਾਵਨੀ ਰਡਾਰ
- ਐੱਫ਼-15ਕਿਊਏ ਲੜਾਕੂ ਜਹਾਜ਼ (ਐੱਫ਼-15 ਦਾ ਸਭ ਤੋਂ ਐਡਵਾਂਸਡ ਸੰਸਕਰਣ)
- ਏਐੱਚ-64 ਈ ਅਪਾਚੇ ਅਟੈਕ ਹੈਲੀਕਾਪਟਰ
ਇਨ੍ਹਾਂ ਹਥਿਆਰਾਂ ਤੋਂ ਇਲਾਵਾ, ਅਮਰੀਕੀ ਫੌਜੀ ਸਹਾਇਤਾ ਵਿੱਚ ਗੋਲਾ ਬਾਰੂਦ, ਲੌਜਿਸਟਿਕਸ ਅਤੇ ਕਤਰ ਫੌਜ ਨੂੰ ਸਿਖਲਾਈ ਦੇਣ ਵਿੱਚ ਮਦਦ ਸ਼ਾਮਲ ਹੈ।
ਈਰਾਨ ਨੇ ਅਮਰੀਕੀ ਬੇਸ 'ਤੇ ਹਮਲਾ 'ਸਫਲ' ਹੋਣ ਦਾ ਦਾਅਵਾ ਕੀਤਾ
ਈਰਾਨ ਦੀ ਸੁਪਰੀਮ ਨੈਸ਼ਨਲ ਸਿਕਿਓਰਿਟੀ ਕੌਂਸਲ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਸਨੇ 'ਕਤਰ ਵਿੱਚ ਅਮਰੀਕੀ ਏਅਰਬੇਸ ਨੂੰ ਤਬਾਹ ਕਰ ਦਿੱਤਾ ਹੈ।
ਹਾਲਾਂਕਿ, ਬਿਆਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇਸ ਹਮਲੇ ਨਾਲ 'ਕਤਰ ਜਾਂ ਇਸਦੇ ਲੋਕਾਂ ਲਈ ਕੋਈ ਖ਼ਤਰਾ ਨਹੀਂ ਹੈ।
ਈਰਾਨ ਦੇ ਸਰਕਾਰੀ ਮੀਡੀਆ ਮੁਤਾਬਕ, ਕੌਂਸਲ ਨੇ ਕਿਹਾ ਕਿ ਇਸ ਹਮਲੇ ਵਿੱਚ ਦਾਗੀਆਂ ਗਈਆਂ ਮਿਜ਼ਾਈਲਾਂ ਦੀ ਗਿਣਤੀ ਅਮਰੀਕਾ ਵੱਲੋਂ ਤਿੰਨ ਈਰਾਨੀ ਪਰਮਾਣੂ ਸਥਾਨਾਂ 'ਤੇ ਸੁੱਟੇ ਗਏ ਬੰਬਾਂ ਦੀ ਗਿਣਤੀ ਦੇ ਬਰਾਬਰ ਸੀ।
ਕਤਰ ਨੇ ਕੀ ਕਿਹਾ?

ਤਸਵੀਰ ਸਰੋਤ, Getty Images
ਕਤਰ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮਾਜਿਦ ਅਲ-ਅੰਸਾਰੀ ਨੇ ਟਵਿੱਟਰ 'ਤੇ ਲਿਖਿਆ , "ਅਸੀਂ ਇਸਨੂੰ ਕਤਰ ਦੀ ਪ੍ਰਭੂਸੱਤਾ, ਹਵਾਈ ਹੱਦ, ਕੌਮਾਂਤਰੀ ਕਾਨੂੰਨ ਅਤੇ ਸੰਯੁਕਤ ਰਾਸ਼ਟਰ ਚਾਰਟਰ ਦੀ ਗੰਭੀਰ ਉਲੰਘਣਾ ਮੰਨਦੇ ਹਾਂ।"
ਉਨ੍ਹਾਂ ਨੇ ਕਿਹਾ, "ਕਤਰ ਦੇ ਹਵਾਈ ਰੱਖਿਆ ਪ੍ਰਣਾਲੀ ਨੇ ਹਮਲੇ ਨੂੰ ਅਸਫਲ ਕਰ ਦਿੱਤਾ ਅਤੇ ਸਾਰੀਆਂ ਈਰਾਨੀ ਮਿਜ਼ਾਈਲਾਂ ਨੂੰ ਨਕਾਰਾ ਕਰ ਦਿੱਤਾ ਹੈ।"
ਉਨ੍ਹਾਂ ਨੇ ਇਹ ਵੀ ਕਿਹਾ ਕਿ ਬੇਸ ਪਹਿਲਾਂ ਹੀ ਖਾਲੀ ਕਰਵਾ ਲਿਆ ਗਿਆ ਸੀ।
ਅਲ-ਅੰਸਾਰੀ ਨੇ ਅੱਗੇ ਲਿਖਿਆ, "ਬੇਸ 'ਤੇ ਮੌਜੂਦ ਹਰ ਵਿਅਕਤੀ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜ਼ਰੂਰੀ ਕਦਮ ਚੁੱਕੇ ਗਏ ਸਨ।"
ਉਨ੍ਹਾਂ ਕਿਹਾ, "ਹਮਲੇ ਵਿੱਚ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ।"
ਬੁਲਾਰੇ ਨੇ ਕਿਹਾ ਕਿ ਕਤਰ ਨੂੰ ਇਸ ਹਮਲਾਵਰ ਹਮਲੇ ਦਾ ਜਵਾਬ ਦੇਣ ਦਾ ਪੂਰਾ ਅਧਿਕਾਰ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












