'ਸਾਨੂੰ ਬੈਲਟਾਂ ਨਾਲ ਕੁੱਟਿਆ, ਚਾਕੂਆਂ ਨਾਲ ਵਾਰ ਕੀਤੇ ਤੇ ਪਿਸ਼ਾਬ ਪੀਣ ਲਈ ਮਜਬੂਰ ਕੀਤਾ', ਈਰਾਨ ਤੋਂ ਪਰਤੇ ਪੰਜਾਬ ਦੇ 3 ਨੌਜਵਾਨਾਂ ਦੀ ਹੱਡਬੀਤੀ

ਤਸਵੀਰ ਸਰੋਤ, Pradeep Sharma/Kulvir Singh/BBC
- ਲੇਖਕ, ਪ੍ਰਦੀਪ ਸ਼ਰਮਾ ਅਤੇ ਕੁਲਵੀਰ ਸਿੰਘ
- ਰੋਲ, ਬੀਬੀਸੀ ਸਹਿਯੋਗੀ
ਚੇਤਾਵਨੀ: ਕੁਝ ਵੇਰਵੇ ਤੁਹਾਨੂੰ ਪਰੇਸ਼ਾਨ ਕਰ ਸਕਦੇ ਹਨ
"ਸਾਨੂੰ ਬਹੁਤ ਕੁੱਟਿਆ, ਸਾਡੇ ਪੈਸੇ ਵੀ ਖੋਹ ਲਏ। ਸਾਡੇ ਕੱਪੜੇ ਉਤਾਰ ਦਿੱਤੇ, ਬੈਲਟਾਂ ਨਾਲ ਕੁੱਟਿਆ ਅਤੇ ਚਾਕੂਆਂ ਨਾਲ ਵਾਰ ਕੀਤੇ। ਸਾਨੂੰ ਇੱਕ-ਦੂਜੇ ਦਾ ਪਿਸ਼ਾਬ ਪੀਣ ਲਈ ਮਜਬੂਰ ਕੀਤਾ ਗਿਆ।"
ਇਹ ਸ਼ਬਦ ਈਰਾਨ ਵਿੱਚ ਅਗਵਾ ਹੋਏ ਉਨ੍ਹਾਂ ਤਿੰਨਾਂ ਨੌਜਵਾਨਾਂ ਵਿੱਚੋਂ ਇੱਕ ਜਸਪਾਲ ਸਿੰਘ ਦੇ ਹਨ, ਜੋ ਬੀਤੀ ਰਾਤ ਆਪਣੇ ਘਰ ਪਹੁੰਚ ਗਏ ਹਨ ਅਤੇ ਸਰਕਾਰਾਂ ਦਾ ਧੰਨਵਾਦ ਕਰਦੇ ਹਨ।
ਜ਼ਿਲ੍ਹਾ ਸੰਗਰੂਰ, ਹੁਸ਼ਿਆਰਪੁਰ ਅਤੇ ਨਵਾਂ ਸ਼ਹਿਰ ਨਾਲ ਸਬੰਧਤ ਇਹ ਤਿੰਨ ਨੌਜਵਾਨ ਇੱਕ ਮਈ ਨੂੰ ਆਸਟ੍ਰੇਲੀਆ ਲਈ ਰਵਾਨਾ ਹੋਏ ਸਨ ਪਰ ਈਰਾਨ ਵਿੱਚ ਜਾ ਕੇ ਲਾਪਤਾ ਹੋ ਗਏ ਸਨ।
ਨੌਜਵਾਨਾਂ ਦੇ ਪਰਿਵਾਰਾਂ ਦਾ ਇਲਜ਼ਾਮ ਸੀ ਕਿ ਇਨ੍ਹਾਂ ਮੁੰਡਿਆਂ ਨੂੰ ਈਰਾਨ ਵਿੱਚ ਹੀ ਅਗਵਾ ਕਰ ਲਿਆ ਗਿਆ ਸੀ।

ਤਸਵੀਰ ਸਰੋਤ, Source by Kulvir Singh
ਇਨ੍ਹਾਂ ਨੌਜਵਾਨਾਂ ਦੇ ਮਾਪਿਆਂ ਵੱਲੋਂ ਗੁਹਾਰ ਲਗਾਏ ਜਾਣ ਅਤੇ ਭਾਰਤ ਦੀ ਦਖ਼ਲਅੰਦਾਜ਼ੀ ਤੋਂ ਬਾਅਦ ਜੂਨ ਵਿੱਚ ਇਨ੍ਹਾਂ ਨੂੰ ਈਰਾਨ ਦੀ ਪੁਲਿਸ ਨੇ ਛੁਡਵਾ ਲਿਆ ਸੀ।
ਉਸ ਵੇਲੇ ਈਰਾਨ ਦੇ ਤਹਿਰਾਨ ਵਿੱਚ ਭਾਰਤੀ ਦੂਤਾਵਾਸ ਨੇ ਵੀ ਆਪਣੇ ਐਕਸ ਹੈਂਡਲ ਉੱਤੇ ਜਾਣਕਾਰੀ ਸਾਂਝੀ ਕਰਦੇ ਹੋਏ ਈਰਾਨ ਪੁਲਿਸ ਦੇ ਹਵਾਲੇ ਨਾਲ ਲਿਖਿਆ ਸੀ, "ਸਥਾਨਕ ਮੀਡੀਆ ਮੁਤਾਬਕ ਈਰਾਨ ਵਿੱਚ ਲਾਪਤਾ ਹੋਏ ਤਿੰਨ ਭਾਰਤੀ ਨਾਗਰਿਕਾਂ ਨੂੰ ਤਹਿਰਾਨ ਪੁਲਿਸ ਵੱਲੋਂ ਰਿਹਾਅ ਕਰਵਾ ਲਿਆ ਗਿਆ ਹੈ।"
ਇਸ ਮਗਰੋਂ 1 ਜੂਨ ਤੋਂ ਲੈ ਕੇ 21 ਜੂਨ ਤੱਕ ਉਹ ਇਰਾਨ ਦੇ ਵਿੱਚ ਭਾਰਤੀ ਅੰਬੈਸੀ ਦੇ ਅਧਿਕਾਰੀਆਂ ਵੱਲੋਂ ਮੁਹੱਈਆ ਕਰਵਾਈ ਗਈ ਰਿਹਾਇਸ਼ ʼਤੇ ਰਹੇ ਸਨ ਅਤੇ ਬੀਤੀ ਰਾਤ ਤਿੰਨੇ ਨੌਜਵਾਨ ਭਾਰਤ ਸਰਕਾਰ ਵੱਲੋਂ ਚਲਾਏ ਗਏ ਆਪ੍ਰੇਸ਼ਨ ਸਿੰਧੂ ਦੇ ਤਹਿਤ ਈਰਾਨ ਤੋਂ ਭਾਰਤ ਪਹੁੰਚ ਚੁੱਕੇ ਹਨ ਤੇ ਹੁਣ ਉਹ ਆਪਣੇ ਪਰਿਵਾਰਾਂ ਦੇ ਨਾਲ ਹਨ।
ਭਾਰਤ ਸਰਕਾਰ ਵੱਲੋਂ ਆਪ੍ਰੇਸ਼ਨ ਸਿੰਧੂ ਈਰਾਨ ਅਤੇ ਇਜ਼ਰਾਈਲ ਸੰਘਰਸ਼ ਵਿਚਾਲੇ ਉੱਥੇ ਫਸੇ ਭਾਰਤੀਆਂ ਨੂੰ ਸੁਰੱਖਿਅਤ ਕੱਢਣ ਲਈ ਚਲਾਇਆ ਗਿਆ ਹੈ।

ਤਸਵੀਰ ਸਰੋਤ, Pradeep Sharma/BBC
ਜਸਪਾਲ ਨੇ ਸੁਣਾਈ ਹੱਡਬੀਤੀ
ਜਸਪਾਲ ਸਿੰਘ ਸ਼ਹੀਦ ਭਗਤ ਸਿੰਘ ਨਗਰ ਦੇ ਲੰਗੜੋਆ ਪਿੰਡ ਦੇ ਰਹਿਣ ਵਾਲੇ ਹਨ। ਉਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਉਨ੍ਹਾਂ ਦੇ ਘਰ ਵਾਪਸ ਆਉਣ ʼਤੇ ਸੁੱਖ ਦਾ ਸਾਹ ਲਿਆ ਹੈ।
ਜਸਪਾਲ ਸਿੰਘ 1 ਅਪ੍ਰੈਲ ਨੂੰ ਘਰ ਤੋਂ ਆਸਟ੍ਰੇਲੀਆ ਲਈ ਰਵਾਨਾ ਹੋਏ ਸਨ। ਫ਼ਿਰ ਪਰਿਵਾਰ ਨੂੰ ਮਹੀਨੇ ਬਾਅਦ ਪਤਾ ਲੱਗਿਆ ਕਿ ਉਹ 1 ਮਈ ਨੂੰ ਈਰਾਨ ਪਹੁੰਚਿਆ ਸੀ।
ਜਸਪਾਲ ਸਿੰਘ ਨੇ ਦੱਸਿਆ ਕਿ ਉਹ ਬੀਤੀ 1 ਅਪ੍ਰੈਲ ਨੂੰ ਘਰ ਤੋਂ ਆਸਟ੍ਰੇਲੀਆ ਲਈ ਰਵਾਨਾ ਹੋਏ ਸਨ। ਇੱਕ ਮਹੀਨਾ ਇਰਾਨ ਵਿੱਚ ਰੁਕਣ ਤੋਂ ਬਾਅਦ ਉਨ੍ਹਾਂ ਆਸਟ੍ਰੇਲੀਆ ਜਾਣਾ ਸੀ।
ਪਰ ਹੁਸ਼ਿਆਰਪੁਰ ਦੇ ਏਜੰਟ ਨੇ ਉਨ੍ਹਾਂ ਨੂੰ ਈਰਾਨ ਵਿੱਚ ਬੈਠੇ ਏਜੰਟਾਂ ਦੇ ਹਵਾਲੇ ਕਰ ਦਿੱਤਾ।
ਉਨ੍ਹਾਂ ਨੇ ਦੱਸਿਆ, "ਅਸੀਂ ਇੱਕ ਮਈ ਨੂੰ ਈਰਾਨ ਏਅਰਪੋਰਟ ʼਤੇ ਪਹੁੰਚੇ ਸੀ ਅਤੇ ਸਾਨੂੰ ਕਿਹਾ ਗਿਆ ਕਿ ਸਾਡੀ 6-7 ਘੰਟੇ ਦੀ ਤਹਿਰਾਨ ਏਅਰਪੋਰਟ ਉੱਤੇ ਸਟੇਅ ਹੈ ਅਤੇ ਤੁਸੀਂ ਏਅਰਪੋਰਟ ਦੇ ਅੰਦਰ ਹੀ ਰਹਿਣਾ ਹੈ ਬਾਹਰ ਨਹੀਂ ਨਿਕਲਣਾ। ਫਿਰ ਉਸ (ਏਜੰਟ) ਨੇ ਕਿਹਾ ਡੇਢ ਦਿਨ ਦੀ ਸਟੇਅ ਹੈ।"
"ਮੈਂ 8-9 ਵਜੇ ਸਵੇਰੇ ਈਰਾਨ ਪਹੁੰਚ ਗਿਆ ਸੀ ਅਤੇ ਹੁਸਨਪ੍ਰੀਤ ਅਤੇ ਅੰਮ੍ਰਿਤਪਾਲ ਸਿੰਘ ਕੋਈ ਦੋ-ਢਾਈ ਵਜੇ ਆਏ ਸਨ। ਫਿਰ ਸਾਡੇ ਏਜੰਟ ਨੇ ਸਾਡੇ ਕੋਲੋਂ ਸਾਡੀਆਂ ਤਿੰਨਾਂ ਦੀਆਂ ਫੋਟੋਆਂ ਮੰਗਵਾਈਆਂ ਅਤੇ ਅਸੀਂ ਭੇਜ ਦਿੱਤੀਆਂ। ਉਸ ਨੇ ਸਾਡੇ ਨੰਬਰ ਅਤੇ ਫੋਟੋਆਂ ਉਸ ਦੇ ਸੰਪਰਕ ਵਿੱਚ ਦੂਜੇ ਪਾਕਿਸਤਾਨੀ ਏਜੰਟਾਂ ਨੂੰ ਭੇਜ ਦਿੱਤੇ।"

ਉਨ੍ਹਾਂ ਦਾ ਕਹਿਣਾ ਹੈ, "ਫਿਰ ਉਸ ਨੇ ਕਿਹਾ ਕਿ ਉਸ ਦਾ ਕੋਈ ਦੋਸਤ ਉਨ੍ਹਾਂ ਨੂੰ ਲੈਣ ਆ ਰਿਹਾ ਹੈ ਜੋ ਉਨ੍ਹਾਂ ਨੂੰ ਇੱਕ ਹੋਟਲ ਵਿੱਚ ਰੱਖੇਗਾ। ਇਸ ਦੇ ਨਾਲ ਹੀ ਉਸ ਨੇ ਕਿਹਾ ਕਿ ਉਹ ਸਾਨੂੰ ਪੂਰਾ ਈਰਾਨ ਘੁਮਾਏਗਾ ਤੇ ਫਿਰ ਸਾਡੀ ਸਿਡਨੀ ਦੀ ਟਿਕਟ ਸੀ ਵਾਇਆ ਦੁਬਈ।"
ਜਸਪਾਲ ਸਿੰਘ ਅੱਗੇ ਦੱਸਦੇ ਹਨ, "ਸਾਨੂੰ ਏਅਰਪੋਰਟ ਤੋਂ ਏਜੰਟ ਦੇ ਦੋ ਦੋਸਤ ਲੈਣ ਆਏ ਸਨ। ਸਾਨੂੰ ਤਿੰਨਾਂ ਨੂੰ ਉਹ ਗੱਡੀ ਵਿੱਚ ਬਿਠਾ ਕੇ ਲੈ ਗਏ ਸਨ। ਘੰਟਾ ਕੁ ਗੱਡੀ ਚੱਲੀ ਸੀ ਅਤੇ ਉਸ ਤੋਂ ਬਾਅਦ ਇੱਕ ਹੋਰ ਗੱਡੀ ਆ ਗਈ ਸੀ।"
ਜਸਪਾਲ ਮੁਤਾਬਕ ਸਾਨੂੰ ਤਿੰਨਾਂ ਨੂੰ ਦੋ ਗੱਡੀਆਂ ਵਿੱਚ ਵੱਖ-ਵੱਖ ਕਰਕੇ ਬਿਠਾ ਦਿੱਤਾ ਸੀ ਅਤੇ ਫੋਨ ਖੋਹ ਲਏ ਗਏ ਸਨ। ਫਿਰ ਉਨ੍ਹਾਂ ਨੂੰ ਕਿਸੇ ਘਰੇ ਲੈ ਗਏ ਤੇ ਉਨ੍ਹਾਂ ਕੋਲੋਂ ਬਹਾਨੇ ਨਾਲ ਪਾਸਪੋਰਟ ਲੈ ਲਏ।
ਉਹ ਅੱਗੇ ਦੱਸਦੇ ਹਨ, "ਸਾਡੇ ਕੋਲੋਂ ਜਿਹੜੇ ਡਾਲਰ ਅਤੇ ਯੂਰੋ ਸੀ ਉਹ ਮੰਗੇ ਗਏ ਤੇ ਜਦੋਂ ਅਸੀਂ ਮਨ੍ਹਾਂ ਕੀਤਾ ਤਾਂ ਸਾਨੂੰ ਬਹੁਤ ਕੁੱਟਿਆ। ਸਾਡੇ ਪੈਸੇ ਵੀ ਖੋਹ ਲਏ। ਸਾਡੇ ਕੱਪੜੇ ਉਤਾਰ ਦਿੱਤੇ, ਬੈਲਟਾਂ ਨਾਲ ਕੁੱਟਿਆ ਅਤੇ ਚਾਕੂਆਂ ਨਾਲ ਵਾਰ ਕੀਤੇ।"

ਤਸਵੀਰ ਸਰੋਤ, Pradeep Sharma/BBC
ʻਮੂੰਹ ਬੰਨ੍ਹ ਦਿੱਤੇ ਅਤੇ ਚਾਕੂ ਮਾਰੇʼ
"ਸਾਨੂੰ ਡੇਢ-ਦੋ ਘੰਟੇ ਤੱਕ ਕੁੱਟਿਆ ਅਤੇ ਸਾਨੂੰ ਕਿਹਾ ਕਿ ਤੁਹਾਡੇ ਏਜੰਟ ਨੇ ਦੱਸਿਆ ਹੈ ਕਿ ਤੁਸੀਂ ਅਮਰੀਕਾ ਡੰਕੀ ਲਗਾ ਕੇ ਚੱਲੇ ਹੋ। 10-12 ਦਿਨ ਤੱਕ ਸਾਨੂੰ ਲਗਾਤਾਰ ਕੁੱਟਿਆ। ਫਿਰ ਕੁਝ ਗੋਲੀਆਂ ਖਵਾਈਆਂ, ਜੋ ਸਾਨੂੰ ਨਹੀਂ ਪਤਾ ਸੀ ਕਿਸ ਲਈ ਸਨ ਅਤੇ ਸਾਨੂੰ ਦੂਜੇ ਘਰ ਲੈ ਗਏ।"
"ਦੂਜੇ ਘਰ ਵਿੱਚ ਉਨ੍ਹਾਂ ਨੇ ਸਾਨੂੰ ਰੋਟੀ ਖਾਣ ਨੂੰ ਦਿੱਤੀ, ਸਾਨੂੰ ਕਿਹਾ ਨਹਾ-ਧੋ ਲਓ ਅਤੇ ਕੱਪੜੇ ਬਦਲ ਲਓ। ਫਿਰ ਉਨ੍ਹਾਂ ਨੇ ਸਾਨੂੰ ਕਿਹਾ ਅਸੀਂ ਹੁਣ ਤੁਹਾਨੂੰ ਕੁੱਟਣਾ ਨਹੀਂ ਹੈ ਅਤੇ ਨਾ ਹੀ ਤੁਹਾਡੀ, ਤੁਹਾਡੇ ਘਰੇ ਗੱਲ ਕਰਵਾਉਣੀ ਹੈ।"
ਜਸਪਾਲ ਮੁਤਾਬਕ, ਉਨ੍ਹਾਂ ਦੀ 15 ਦਿਨਾਂ ਤੱਕ ਗੱਲ ਨਹੀਂ ਕਰਵਾਈ ਅਤੇ ਘਰੇ ਕਹਿ ਦਿੱਤਾ ਕਿ ਉਨ੍ਹਾਂ ਦੇ ਮੁੰਡੇ ਮਰ ਗਏ ਹਨ।
ਉਨ੍ਹਾਂ ਨੇ ਅੱਗੇ ਗੱਲ ਜਾਰੀ ਕਰਦੇ ਹੋਏ ਦੱਸਿਆ, "ਸਾਨੂੰ ਫਿਰ ਕੱਟ ਲਗਾਉਣੇ ਸ਼ੁਰੂ ਕਰ ਦਿੱਤੇ, ਸਾਡੇ ਕੱਪੜੇ ਲਾਹ ਦਿੰਦੇ, ਮੂੰਹ ਬੰਨ੍ਹ ਦਿੰਦੇ ਅਤੇ ਚਾਕੂ ਮਾਰੇ। ਸਾਡੀ ਖੂਨ ਵਗਦਿਆਂ ਦੀ ਵੀਡੀਓ ਬਣਾਈ ਅਤੇ ਸਾਡੇ ਘਰੇ ਭੇਜੀ। ਸਾਡੇ ਘਰਦਿਆਂ ਕੋਲੋਂ ਪੈਸੇ ਮੰਗੇ ਪਰ ਘਰਦਿਆਂ ਨੇ ਮਨ੍ਹਾਂ ਕਰ ਦਿੱਤਾ।"
"ਘਰਦਿਆਂ ਨੇ ਕਿਹਾ ਕਿ ਇੱਕ ਹੱਥ ਪੈਸੇ ਲੈ ਲਓ ਅਤੇ ਇੱਕ ਹੱਥ ਸਾਡੇ ਮੁੰਡੇ ਸਾਨੂੰ ਵਾਪਸ ਕਰ ਦਿਓ। ਪਰ ਉਹ ਨਹੀਂ ਮੰਨੇ। ਸਾਨੂੰ ਉਨ੍ਹਾਂ ਨੇ ਬਹੁਤ ਤਸੀਹੇ ਦਿੱਤੇ, ਮੂੰਹ 'ਤੇ ਲਿਫਾਫਾ ਪਾ ਦਿੰਦੇ ਸਨ ਅਤੇ ਸਾਨੂੰ ਸਾਹ ਵੀ ਨਹੀਂ ਆਉਂਦਾ ਸੀ। ਲਿਫਾਫਾ ਉਤਾਰ ਕੇ ਮੂੰਹ ʼਤੇ ਚਪੇੜਾਂ ਮਾਰਦੇ ਸਨ।"
"10-15 ਮਿੰਟ ਤੱਕ ਚਿਕਨ ਕਬਾਬ ਵਾਲੀਆਂ ਸੀਖਾਂ ਸਿਰ ʼਤੇ ਮਾਰਦੇ ਸਨ, ਰੋਟੀ ਵਾਲੇ ਵੇਲਣੇ ਸਿਰ ʼਤੇ ਮਾਰਦੇ ਸਨ। ਸਾਡੇ ਪਿੱਠ 'ਤੇ ਚਾਕੂ ਮਾਰੇ ਹੋਏ ਹਨ। ਪਲਾਸ ਨਾਲ ਉਂਗਲਾਂ ਮਰੋੜੀਆਂ, ਸਾਡੇ ਪੈਰਾਂ ʼਤੇ ਡੰਡੇ ਮਾਰੇ ਗਏ।"

ਤਸਵੀਰ ਸਰੋਤ, Family
ਉਨ੍ਹਾਂ ਨੇ ਦੱਸਿਆ ਕਿ ਅੰਮ੍ਰਿਤਪਾਲ ਦੇ ਘਰੇ ਕਹਿ ਦਿੱਤਾ ਗਿਆ ਸੀ ਕਿ ਉਹ ਮਰ ਗਿਆ ਹੈ। ਜਸਪਾਲ ਮੁਤਾਬਕ ਉਨ੍ਹਾਂ ਦੇ ਘਰਦਿਆਂ ਨੇ ਇੱਕ ਲੱਖ ਰੁਪਏ ਵੀ ਪਾਏ ਸਨ ਪਰ ਉਹ ਪੈਸੇ ਲੈ ਕੇ ਮੁੱਕਰ ਗਏ ਸਨ।
ਜਸਪਾਲ ਦੱਸਦੇ ਹਨ ਕਿ ਉਨ੍ਹਾਂ ਨੇ 8-10 ਪਾਕਿਸਤਾਨੀਆਂ ਨੂੰ ਵੀ ਅਗਵਾ ਕਰਕੇ ਲਿਆਂਦਾ ਸੀ ਅਤੇ ਉਨ੍ਹਾਂ ਨੂੰ ਉਨ੍ਹਾਂ ਨਾਲ ਪਾਕਿਸਤਾਨੀ ਵਸਨੀਕ ਕਹਿ ਕੇ ਰੂ-ਬ-ਰੂ ਕਰਵਾਇਆ ਸੀ।
ਹਾਲਾਂਕਿ, ਪਾਕਿਸਤਾਨੀਆਂ ਦੇ ਕੁਝ ਬੰਦਿਆਂ ਦੇ ਪੈਸੇ ਆਏ ਸਨ ਪਰ ਪੈਸੇ ਲੈ ਕੇ ਵੀ ਉਨ੍ਹਾਂ ਨੂੰ ਨਹੀਂ ਛੱਡਿਆ ਗਿਆ ਸੀ।
ਜਸਪਾਲ ਦੱਸਦੇ ਹਨ ਕਿ ਇੱਕ ਜੂਨ ਦੇ ਕਰੀਬ ਈਰਾਨੀ ਸੀਆਈਡੀ ਦੀ ਰੇਡ ਪਈ ਅਤੇ ਉਨ੍ਹਾਂ ਨੇ ਉਨ੍ਹਾਂ ਨੂੰ ਉਥੋਂ ਕਢਵਾਇਆ।
ਜਸਪਾਲ ਮੁਤਾਬਕ, "ਸਾਡੇ ਕਰਕੇ ਪਾਕਿਸਤਾਨੀ ਵੀ ਬਚ ਗਏ। ਸਾਨੂੰ ਥਾਣੇ ਲੈ ਗਏ ਅਤੇ ਸਾਡੇ ਕੋਲੋਂ ਪੁੱਛਗਿੱਛ ਕੀਤੀ ਗਈ ਸੀ। ਸਾਨੂੰ ਇਕੱਲੇ-ਇਕੱਲੇ ਨੂੰ ਪੁੱਛਿਆ ਸੀ ਕਿ ਅਸੀਂ ਇੱਥੇ ਕਿਵੇਂ ਆਏ।"
ਜਸਪਾਲ ਘਰ ਪਹੁੰਚਣ ʼਤੇ ਭਾਰਤੀ ਅੰਬੈਸੀ ਅਤੇ ਈਰਾਨੀ ਪੁਲਿਸ ਦਾ ਧੰਨਵਾਦ ਕਰਦੇ ਨਹੀਂ ਥੱਕ ਰਹੇ। ਇਸ ਦੇ ਨਾਲ ਸਲਾਹ ਵੀ ਦਿੰਦੇ ਹਨ ਕਿ ਏਜੰਟਾਂ ਦੇ ਚੱਕਰਾਂ ਵਿੱਚ ਪੈ ਕੇ ਵਿਦੇਸ਼ਾਂ ਦਾ ਰਾਹ ਅਖ਼ਤਿਆਰ ਨਾ ਕਰੋ।

ਤਸਵੀਰ ਸਰੋਤ, Kulvir Singh/BBC
ʻਚੰਗੇ ਭਵਿੱਖ ਦੀ ਭਾਲ ਵਿੱਚ ਗਏ ਸੀ ਪਰ....ʼ
ਧੂਰੀ ਦੇ ਰਹਿਣ ਵਾਲੇ ਹੁਸਨਪ੍ਰੀਤ ਸਿੰਘ ਵੀ ਆਸਟ੍ਰੇਲੀਆ ਲਈ ਘਰੋਂ ਨਿਕਲੇ ਸਨ ਪਰ ਫ਼ਿਰ ਪਰਿਵਾਰ ਨੂੰ ਜਾਣਕਾਰੀ ਮਿਲੀ ਕਿ ਉਹ ਈਰਾਨ ਵਿੱਚ ਫ਼ਸ ਗਏ ਹਨ।
ਟ੍ਰੈਵਲ ਏਜੰਟ ਵੱਲੋਂ ਉਨ੍ਹਾਂ ਦੀ ਵੀ ਟਿਕਟ ਕਰਵਾਈ ਗਈ ਜੋ 22 ਅਪ੍ਰੈਲ ਦੀ ਸੀ ਫਿਰ ਉਹ ਕੈਂਸਲ ਹੋਈ ਇਸ ਤੋਂ ਬਾਅਦ ਇਹ ਟਿਕਟ 26 ਅਪ੍ਰੈਲ ਦੀ ਕਰਵਾਈ ਗਈ ਇਸ ਤੋਂ ਬਾਅਦ 31 ਅਪ੍ਰੈਲ ਦੀ ਕਰਵਾਈ ਗਈ।
ਹੁਸਨਪ੍ਰੀਤ ਦੱਸਦੇ ਹਨ ਕਿ 1 ਮਈ ਨੂੰ ਉਹ ਈਰਾਨ ਪਹੁੰਚੇ ਸਨ ਜਿੱਥੇ ਏਜੰਟ ਵੱਲੋਂ ਉਨ੍ਹਾਂ ਨੂੰ ਪਹਿਲਾਂ ਕਿਹਾ ਗਿਆ ਸੀ ਕਿ ਤੁਹਾਡੀ ਤਿੰਨ ਘੰਟੇ ਦੀ ਸਟੇਅ ਹੈ ਫਿਰ ਕਿਹਾ ਗਿਆ ਕਿ ਤੁਸੀਂ ਡੇਢ ਦਿਨ ਇੱਥੇ ਰੁਕਣਾ ਹੈ।
"ਇਸ ਤੋਂ ਬਾਅਦ ਏਜੰਟ ਨੇ ਮੇਰੇ ਕੋਲੋਂ ਸਾਡੀਆਂ ਤਸਵੀਰਾਂ ਮੰਗੀਆਂ ਤੇ ਕਿਹਾ ਕਿ ਮੇਰਾ ਦੋਸਤ ਆਵੇਗਾ ਤੁਸੀਂ ਉਸ ਦੇ ਨਾਲ ਚਲੇ ਜਾਣਾ, ਕਿਉਂਕਿ ਉਸ ਨੇ ਕਿਹਾ ਸੀ ਕਿ ਤਹਿਰਾਨ ਦੇ ਵਿੱਚ ਮੀਨਾ ਹੋਟਲ ਦੇ ਵਿੱਚ ਤੁਹਾਡਾ ਕਮਰਾ ਬੁੱਕ ਕੀਤਾ ਹੈ।"
"ਫਿਰ ਅਸੀਂ ਉਸ ਵਿਅਕਤੀ ਨਾਲ ਚਲੇ ਗਏ ਜਿਸ ਨੂੰ ਏਜੰਟ ਨੇ ਭੇਜਿਆ ਸੀ ਤੇ ਉਸ ਦੇ ਨਾਲ ਇੱਕ ਕਿਡਨੈਪਰ ਸੀ ਉਹ ਸਾਨੂੰ ਮੀਨਾ ਹੋਟਲ ਨਹੀਂ ਲੈ ਕੇ ਗਏ। ਜਦਕਿ ਏਜੰਟ ਨੇ ਕਿਹਾ ਸੀ ਕਿ ਤੁਹਾਡੀ ਇਸ ਹੋਟਲ ਦੇ ਵਿੱਚ ਦੋ ਦਿਨ ਦੀ ਸਟੇਅ ਹੈ। ਪਰ ਉਹ ਸਾਨੂੰ ਕਿਸੇ ਪਿੰਡ ਦੇ ਇਲਾਕੇ ਵਿੱਚ ਲੈ ਕੇ ਗਏ।"
ਉਨ੍ਹਾਂ ਨੇ ਦੱਸਿਆ, "ਸ਼ੁਰੂ ਦੇ ਵਿੱਚ ਉਨ੍ਹਾਂ ਨੇ ਮੇਰੇ ਪਰਿਵਾਰ ਤੋਂ ਦੋ ਕਰੋੜ ਰੁਪਏ ਫਿਰੌਤੀ ਮੰਗੀ ਇਸ ਤੋਂ ਬਾਅਦ ਇੱਕ ਕਰੋੜ ਰੁਪਏ ਤੇ ਆਖ਼ਰ ਦੇ ਵਿੱਚ ਉਨ੍ਹਾਂ ਨੇ ਸਾਡੇ ਤਿੰਨਾਂ ਨੌਜਵਾਨਾਂ ਦੇ ਪਰਿਵਾਰਾਂ ਤੋਂ 54 ਲੱਖ ਰੁਪਏ ਦੀ ਮੰਗ ਕੀਤੀ।"
"ਸ਼ੁਰੂ ਦੇ ਵਿੱਚ ਪਰਿਵਾਰ ਦੇ ਵੱਲੋਂ ਇਹ ਕਿਹਾ ਗਿਆ ਕਿ ਅਸੀਂ ਤੁਹਾਨੂੰ ਪੈਸੇ ਦਿੰਦੇ ਹਾਂ ਤੇ ਤੁਸੀਂ ਸਾਡੇ ਬੱਚੇ ਸਾਨੂੰ ਮੋੜ ਦਿਓ। ਇਸ ਦੌਰਾਨ ਇੱਕ ਲੱਖ ਰੁਪਏ ਉਨ੍ਹਾਂ ਨੂੰ ਦਿੱਤਾ ਵੀ ਗਿਆ ਪਰ ਫਿਰ ਉਹ ਮੁੱਕਰ ਗਏ।"

ਤਸਵੀਰ ਸਰੋਤ, Kulvir Singh/BBC
ਹੁਸਨਪ੍ਰੀਤ ਸਿੰਘ ਦੱਸਦੇ ਹਨ ਕਿ ਅਗਵਾਹ ਕਰਨ ਵਾਲੇ ਜ਼ਿਆਦਾਤਰ ਪਾਕਿਸਤਾਨੀ ਸਨ ਅਤੇ ਉਹ ਪਾਕਿਸਤਾਨੀ ਪੰਜਾਬੀ ਬੋਲਦੇ ਹਨ। ਉਨ੍ਹਾਂ ਵਿੱਚੋਂ ਇੱਕ ਈਰਾਨੀ ਵੀ ਸੀ।
ਉਹ ਦੱਸਦੇ ਹਨ, "ਦਿਨ ਦੇ ਵਿੱਚ ਉਹ ਸਾਨੂੰ ਕਾਫੀ ਵਾਰ ਕੁੱਟਦੇ ਸਨ। ਮੇਰੇ ਸਰੀਰ ਦੇ ਉੱਪਰ ਅੱਠ ਜਗ੍ਹਾ ਦੇ ਉੱਪਰ ਚਾਕੂਆਂ ਦੇ ਨਿਸ਼ਾਨ ਹਨ ਤੇ ਸਾਨੂੰ ਕਦੇ ਕਦਾਈ ਹੀ ਖਾਣ ਲਈ ਕੁਝ ਮਿਲਦਾ ਸੀ ਜਾਂ ਫਿਰ ਕਦੇ ਪਾਣੀ।"
ਉਨ੍ਹਾਂ ਨੇ ਦੱਸਿਆ ਕਿ ਉਸੇ ਥਾਂ ʼਤੇ 17 ਜੂਨ ਨੂੰ 8 ਤੋਂ 10 ਦੇ ਕਰੀਬ ਹੋਰ ਲੋਕਾਂ ਨੂੰ ਲਿਆਂਦਾ ਗਿਆ ਜੋ ਪਾਕਿਸਤਾਨੀ ਸਨ।
''ਉਨਾਂ ਨੂੰ ਵੀ ਕੁੱਟਿਆ ਜਾਂਦਾ ਸੀ ਤੇ ਉਨ੍ਹਾਂ ਦੇ ਵਿੱਚੋਂ ਚਾਰ ਲੋਕਾਂ ਦੇ ਪੈਸੇ ਆਏ ਹੋਏ ਸਨ ਪਰ ਫਿਰ ਵੀ ਉਹਨਾਂ ਨੇ ਨਹੀਂ ਛੱਡਿਆ।''
ਹੁਸਨਪ੍ਰੀਤ ਦੱਸਦੇ ਹਨ ਆਖ਼ਰਕਾਰ ਈਰਾਨੀ ਪੁਲਿਸ ਅਤੇ ਭਾਰਤੀ ਅਧਿਕਾਰੀਆਂ ਨੇ ਉਨ੍ਹਾਂ ਨੂੰ ਉੱਥੋਂ ਰਿਹਾਅ ਕਰਵਾਇਆ।
ਉਹ ਕਹਿੰਦੇ ਹਨ, " ਅਸੀਂ ਈਰਾਨ ਦੇ ਵਿੱਚ ਭਾਰਤੀ ਅੰਬੈਸੀ ਦੇ ਅਧਿਕਾਰੀਆਂ ਅਤੇ ਈਰਾਨ ਦੇ ਅਫ਼ਸਰਾਂ ਦਾ ਧੰਨਵਾਦ ਕਰਦੇ ਹਨ ਜਿਨ੍ਹਾਂ ਦੀ ਕੋਸ਼ਿਸ਼ ਸਦਕਾ ਅੱਜ ਉਹ ਆਪਣੇ ਘਰ ਪਹੁੰਚ ਸਕੇ।"
ਹੁਸਨਪ੍ਰੀਤ ਦੀ ਮਾਤਾ ਬਲਵਿੰਦਰ ਕੌਰ ਨੇ ਬੀਬੀਸੀ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹੁਸਨਪ੍ਰੀਤ ਦੇ ਪਿਤਾ ਦੀ ਅੱਜ ਤੋਂ ਦੋ ਸਾਲ ਪਹਿਲਾਂ ਮੌਤ ਹੋ ਗਈ ਸੀ ਤੇ ਇਸ ਸਮੇਂ ਘਰ ਨੂੰ ਚਲਾਉਣ ਵਾਲੇ ਸਿਰਫ ਹੁਸਨਪ੍ਰੀਤ ਸਨ ਜਿਨ੍ਹਾਂ ਨੂੰ ਉਨ੍ਹਾਂ ਨੇ ਚੰਗੇ ਭਵਿੱਖ ਦੀ ਤਲਾਸ਼ ਵਿੱਚ ਵਿਦੇਸ਼ ਭੇਜਿਆ ਸੀ।
ਉਹ ਹੁਣ ਆਪਣੇ ਪੁੱਤਰ ਦੀ ਘਰ ਵਾਪਸੀ ʼਤੇ ਈਰਾਨੀ ਅਤੇ ਭਾਰਤੀ ਸਰਕਾਰ ਦਾ ਬੇਹੱਦ ਧੰਨਵਾਦ ਕਰਦੇ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












