ਪੰਜਾਬ: ਆਸਟ੍ਰੇਲੀਆ ਜਾਣ ਲਈ ਘਰੋਂ ਨਿਕਲੇ ਤਿੰਨ ਨੌਜਵਾਨ ਇਰਾਨ ਵਿੱਚ ਹੋਏ ਲਾਪਤਾ, ਪਰਿਵਾਰਾਂ ਦੀ ਸਰਕਾਰ ਨੂੰ ਗੁਹਾਰ

ਤਸਵੀਰ ਸਰੋਤ, family
ਪੰਜਾਬ ਦੇ ਤਿੰਨ ਨੌਜਵਾਨ ਜੋ ਪਿਛਲੇ ਮਹੀਨੇ ਆਸਟ੍ਰੇਲੀਆ ਲਈ ਘਰੋਂ ਨਿਕਲੇ ਸਨ ਪਰ ਹੁਣ ਪਰਿਵਾਰ ਦੇ ਸੰਪਰਕ ਵਿੱਚ ਨਹੀਂ ਹਨ।
ਜ਼ਿਲ੍ਹਾ ਸੰਗਰੂਰ, ਹੁਸ਼ਿਆਰਪੁਰ ਅਤੇ ਨਵਾਂ ਸ਼ਹਿਰ ਨਾਲ ਸੰਬਧਤ ਇਨ੍ਹਾਂ ਨੌਜਵਾਨਾਂ ਦੇ ਪਰਿਵਾਰਾਂ ਦਾ ਇਲਜ਼ਾਮ ਹੈ ਕਿ ਮੁੰਡਿਆਂ ਨੂੰ ਇਰਾਨ ਵਿੱਚ ਹੀ ਅਗਵਾ ਕਰ ਲਿਆ ਗਿਆ ਹੈ।
ਉਧਰ, ਇਰਾਨ ਦੇ ਤਹਿਰਾਨ ਵਿੱਚ ਭਾਰਤੀ ਦੂਤਾਵਾਸ ਨੇ ਵੀ ਆਪਣੇ ਐਕਸ ਹੈਂਡਲ ਉੱਤੇ ਜਾਣਕਾਰੀ ਸਾਂਝੀ ਕਰਦੇ ਹੋਏ ਲਿਖਿਆ, "3 ਭਾਰਤੀ ਨਾਗਰਿਕਾਂ ਦੇ ਪਰਿਵਾਰਕ ਮੈਂਬਰਾਂ ਨੇ ਭਾਰਤੀ ਦੂਤਾਵਾਸ ਨੂੰ ਸੂਚਿਤ ਕੀਤਾ ਹੈ ਕਿ ਉਨ੍ਹਾਂ ਦੇ ਰਿਸ਼ਤੇਦਾਰ ਈਰਾਨ ਦੀ ਯਾਤਰਾ ਕਰਨ ਤੋਂ ਬਾਅਦ ਲਾਪਤਾ ਹਨ।"
"ਦੂਤਾਵਾਸ ਨੇ ਇਸ ਮਾਮਲੇ ਨੂੰ ਈਰਾਨੀ ਅਧਿਕਾਰੀਆਂ ਕੋਲ ਜ਼ੋਰਦਾਰ ਢੰਗ ਨਾਲ ਚੁੱਕਿਆ ਗਿਆ ਹੈ। ਬੇਨਤੀ ਕੀਤੀ ਹੈ ਕਿ ਲਾਪਤਾ ਭਾਰਤੀਆਂ ਦਾ ਤੁਰੰਤ ਪਤਾ ਲਗਾਇਆ ਜਾਵੇ ਅਤੇ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਅਸੀਂ ਦੂਤਾਵਾਸ ਦੁਆਰਾ ਕੀਤੇ ਜਾ ਰਹੇ ਯਤਨਾਂ ਬਾਰੇ ਪਰਿਵਾਰਕ ਮੈਂਬਰਾਂ ਨੂੰ ਨਿਯਮਿਤ ਤੌਰ 'ਤੇ ਅਪਡੇਟ ਕਰ ਰਹੇ ਹਾਂ।"
ਉਧਰ ਨਵੀਂ ਦਿੱਲੀ ਵਿੱਚ ਇਰਾਨ ਦੇ ਦੂਤਾਵਾਸ ਵੱਲੋਂ ਆਪਣੇ ਅਧਿਕਾਰਤ ਐਕਸ ਹੈਂਡਲ 'ਤੇ ਇੱਕ ਪੋਸਟ ਪਾਈ ਗਈ, ਜਿਸ ਵਿੱਚ ਲਿਖਿਆ, "ਤਿੰਨ ਭਾਰਤੀ ਨਾਗਰਿਕਾਂ ਦੇ ਲਾਪਤਾ ਹੋਣ ਦੇ ਮਾਮਲੇ ਵਿੱਚ ਪੈਰਵੀ ਇਸਲਾਮੀ ਗਣਰਾਜ ਈਰਾਨ ਦੇ ਵਿਦੇਸ਼ ਮੰਤਰਾਲੇ ਦੇ ਕੌਂਸਲਰ ਮਾਮਲਿਆਂ ਦੇ ਵਿਭਾਗ ਵੱਲੋਂ ਸਬੰਧਤ ਨਿਆਂਇਕ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਕੀਤੀ ਜਾ ਰਹੀ ਹੈ।"
"ਤਹਿਰਾਨ ਵਿੱਚ ਭਾਰਤ ਗਣਰਾਜ ਦੇ ਦੂਤਾਵਾਸ ਨੂੰ ਵੀ ਕੌਂਸਲਰ ਮਾਮਲਿਆਂ ਦੇ ਵਿਭਾਗ ਨਾਲ ਤਾਲਮੇਲ ਕਰ ਕੇ ਇਸਲਾਮੀ ਗਣਰਾਜ ਈਰਾਨ ਦੀ ਨਿਆਂਇਕ ਪ੍ਰਣਾਲੀ ਦੇ ਅੰਦਰ ਕਾਰਵਾਈਆਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ।"
"ਇਸ ਘਟਨਾ ਦੀ ਪ੍ਰਕਿਰਤੀ ਨੂੰ ਦੇਖਦੇ ਹੋਏ, ਭਾਰਤੀ ਨਾਗਰਿਕਾਂ ਨੂੰ ਸਖ਼ਤ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਅਣਅਧਿਕਾਰਤ ਵਿਅਕਤੀਆਂ ਜਾਂ ਗ਼ੈਰ-ਕਾਨੂੰਨੀ ਭਾਰਤੀ ਏਜੰਸੀਆਂ ਦੀ ਦੂਜੇ ਦੇਸ਼ਾਂ ਦੀ ਯਾਤਰਾ ਦੀ ਪੇਸ਼ਕਸ਼ ਦੇ ਵਾਅਦਿਆਂ ਤੋਂ ਧੋਖਾ ਨਾ ਖਾਣ।"
ਭਾਰਤੀ ਵਿਦੇਸ਼ ਮੰਤਰਾਲੇ ਵੱਲੋਂ ਵੀ 3 ਲਾਪਤਾ ਭਾਰਤੀ ਨਾਗਰਿਕਾ ਬਾਰੇ ਵੀਰਵਾਰ ਨੂੰ ਪ੍ਰੈਸ ਬ੍ਰੀਫਿੰਗ ਦੌਰਾਨ ਜਾਣਕਾਰੀ ਦਿੱਤੀ ਗਈ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ,"ਕੁਝ ਸਮਾਂ ਪਹਿਲਾਂ ਇਰਾਨ ਦੇ ਤਹਿਰਾਨ ਵਿੱਚ ਉਤਰੇ ਭਾਰਤੀ ਨਾਗਰਿਕ ਲਾਪਤਾ ਹਨ। ਅਸੀਂ ਉਨ੍ਹਾਂ ਦਾ ਪਤਾ ਲਾਉਣ, ਉਨ੍ਹਾਂ ਦੀ ਸੁਰੱਖਿਆ ਅਤੇ ਉਨ੍ਹਾਂ ਦੀ ਘਰ ਵਾਪਸੀ ਦੇ ਲਈ ਇਰਾਨੀ ਅਧਿਕਾਰੀਆਂ ਦੇ ਸੰਪਰਕ ਵਿੱਚ ਵੀ ਹਾਂ ਅਤੇ ਅਸੀਂ ਹਰ ਮੁਮਕਿਨ ਕੋਸ਼ਿਸ਼ ਕਰ ਰਹੇ ਹਾਂ।"

ਤਸਵੀਰ ਸਰੋਤ, Pradeep Sharma/BBC
ਕੀ ਕਹਿੰਦੇ ਹਨ ਪਰਿਵਾਰ
ਬੀਬੀਸੀ ਸਹਿਯੋਗੀ ਪ੍ਰਦੀਪ ਸ਼ਰਮਾ ਮੁਤਾਬਕ, ਹੁਸ਼ਿਆਰਪੁਰ ਦੇ ਪਿੰਡ ਭਾਗੋਵਾਲ ਦਾ ਰਹਿਣ ਵਾਲਾ 23 ਸਾਲਾ ਅੰਮ੍ਰਿਤਪਾਲ ਵੀ ਪਿਛਲੇ ਮਹੀਨੇ ਘਰੋਂ ਆਸਟ੍ਰੇਲੀਆ ਲਈ ਗਿਆ ਸੀ ਪਰੰਤੂ ਉੱਥੇ ਪਹੁੰਚਿਆ ਹੀ ਨਹੀਂ।
ਅੰਮ੍ਰਿਤਪਾਲ ਦੀ ਮਾਤਾ ਗੁਰਦੀਪ ਕੌਰ ਦੱਸਦੇ ਹਨ ਕਿ ਏਜੰਟ ਨੇ ਉਨ੍ਹਾਂ ਨੂੰ 5 ਸਾਲ ਦਾ ਆਸਟ੍ਰੇਲੀਆ ਦਾ ਵਰਕ ਪਰਮਿਟ ਲੱਗਣ ਬਾਰੇ ਦੱਸਿਆ ਸੀ ਜਿਸ ਵਿੱਚ ਦੋ ਸਾਲ ਦਾ ਇੱਥੋਂ ਅਤੇ ਬਾਕੀ ਤਿੰਨ ਸਾਲ ਦਾ ਉੱਥੇ ਜਾ ਕੇ ਲੱਗੇਗਾ।
ਉਨ੍ਹਾਂ ਨੇ ਦੱਸਿਆ, "18 ਲੱਖ ਰੁਪਏ ਵਿੱਚ ਸਾਡੀ ਗੱਲ ਹੋਈ ਸੀ ਅਤੇ ਕਹਿੰਦਾ ਸੀ ਕੰਪਨੀ ਦਾ ਵੀਜ਼ਾ ਆ ਗਿਆ ਹੈ। ਉਸ ਨੇ ਬੱਚਿਆਂ ਨੂੰ ਵਟਸਐਪ ਕੀਤਾ ਕਿ ਤੁਹਾਡਾ ਵੀਜ਼ਾ ਆ ਗਿਆ ਹੈ। ਤੁਸੀਂ ਪੈਸੇ ਦਾ ਪ੍ਰਬੰਧ ਕਰ ਲਓ ਤੁਹਾਡੀ ਟਿਕਟ ਵੀ ਜਲਦੀ ਹੋ ਜਾਣੀ ਹੈ।"
"26 ਤਰੀਕ ਦੀ ਟਿਕਟ ਸਾਨੂੰ ਦੱਸੀ ਗਈ ਅਤੇ ਅਸੀਂ ਰਿਸ਼ਤੇਦਾਰਾਂ ਕੋਲੋਂ ਪੈਸੇ ਇਕੱਠੇ ਕਰ ਕੇ ਪਿੱਪਲਾਂਵਾਲੇ ਏਜੰਟ ਨੂੰ ਦੇ ਆਏ। ਸਾਨੂੰ ਏਜੰਟ ਕਹਿੰਦਾ ਕਿ 25 ਅਪ੍ਰੈਲ ਨੂੰ ਤੁਸੀਂ ਘਰੋਂ ਚਲੇ ਜਾਇਓ ਅਤੇ ਹੋਟਲ ਦਾ ਪਤਾ ਦੇ ਦਿੱਤਾ ਤੇ ਕਿਹਾ ਉੱਥੇ ਪਹੁੰਚਾ ਜਾਣਾ।"
ਉਨ੍ਹਾਂ ਨੇ ਅੱਗੇ ਦੱਸਿਆ, "ਉੱਥੇ ਜਦੋਂ ਅਸੀਂ ਗਏ ਤਾਂ ਏਜੰਟ ਨੇ ਸਾਨੂੰ ਥੋੜ੍ਹਾ ਚਿਰ ਬਿਠਾ ਕੇ ਰੱਖਿਆ ਕਿ ਪੇਪਰ ਅਜੇ ਆਉਣੇ ਹਨ। ਉਹ ਕਹਿੰਦੇ 26 ਦੀ ਟਿਕਟ ਕੈਂਸਲ ਹੋ ਗਈ ਹੈ ਅਤੇ ਹੁਣ 29 ਦੀ ਟਿਕਟ ਹੈ। ਮੇਰਾ ਭਤੀਜਾ ਅਤੇ ਮੁੰਡਾ ਦਿੱਲੀ ਹੋਟਲ ਵਿੱਚ ਰਹੇ।"
"ਫਿਰ ਏਜੰਟ ਨੇ ਸਾਨੂੰ ਕਿਹਾ ਕਿ 29 ਦੀ ਟਿਕਟ ਵੀ ਕੈਂਸਲ ਹੋ ਗਈ ਅਤੇ ਹੁਣ ਸਿੱਧੀ ਨਹੀਂ ਮਿਲਦੀ ਇਸ ਲਈ ਇਰਾਨ ਰੁਕ ਕੇ ਜਾਣਾ ਪੈਣਾ। ਬੱਚੇ ਜਦੋਂ ਇਰਾਨ ਪਹੁੰਚੇ ਹਨ ਤਾਂ ਇੱਕੋ ਟਾਈਮ ਬੱਚਿਆਂ ਦਾ ਫੋਨ ਆਇਆ ਕਿ ਅਸੀਂ ਪਹੁੰਚ ਗਏ ਹਾਂ ਤੇ ਟੈਕਸੀ ਸਾਨੂੰ ਏਅਰਪੋਰਟ ਤੋਂ ਲੈਣ ਆ ਰਹੀ ਹੈ।"

ਤਸਵੀਰ ਸਰੋਤ, Pradeep Sharma/BBC
ਗੁਰਦੀਪ ਕੌਰ ਕਹਿੰਦੇ ਹਨ ਕਿ ਪਰ ਬੱਚੇ ਹੋਟਲ ਵਿੱਚ ਨਹੀਂ ਗਏ ਪਤਾ ਨਹੀਂ ਕਿੱਥੇ ਕਿਡਨੈਪ ਹੋ ਗਏ ਹਨ।
ਉਹ ਦੱਸਦੇ ਹਨ ਏਜੰਟ ਆਪਣੇ ਟਿਕਾਣਿਆਂ ਤੋਂ ਫਰਾਰ ਹੋ ਗਏ ਹਨ। ਉਨ੍ਹਾਂ ਦੇ ਘਰ ਵੀ ਤਾਲੇ ਲੱਗੇ ਹੋਏ ਹਨ। ਉਹ ਇੱਕ ਔਰਤ ਸਣੇ ਤਿੰਨ ਏਜੰਟ ਸਨ।
ਗੁਰਦੀਪ ਕੌਰ ਨੇ ਕਿਹਾ ਕਿ ਉਨ੍ਹਾਂ ਨੇ ਪਰਚਾ ਦਾਖ਼ਲ ਕਰਵਾ ਦਿੱਤਾ ਹੈ।
ਉਨ੍ਹਾਂ ਮੁਤਾਬਕ, "ਉਹ ਬੱਚਿਆਂ ਨੂੰ ਜਖ਼ਮੀ ਕਰ ਕੇ ਸਾਨੂੰ ਵੀਡੀਓ ਕਾਲਾਂ ਕਰਦੇ ਸੀ ਅਤੇ ਜਦੋਂ ਅਸੀਂ ਉਨ੍ਹਾਂ ਨੂੰ ਪੁੱਛਿਆ ਕਿ ਪੈਸੇ ਕਿੱਥੇ ਭੇਜੀਏ ਤਾਂ ਉਨ੍ਹਾਂ ਨੇ ਸਾਨੂੰ ਇੱਕ ਖਾਤੇ ਦਾ ਨੰਬਰ ਭੇਜਿਆ। ਜਦੋਂ ਅਸੀਂ ਚੈਕ ਕਰਵਾਇਆ ਤਾਂ ਉਹ ਖਾਤਾ ਪਾਕਿਸਤਾਨ ਦਾ ਸੀ।"
"ਪਹਿਲਾਂ ਦੋ ਕਰੋੜ ਮੰਗਿਆਂ ਫਿਰ ਡੇਢ ਕਰੋੜ ਰੁਪਏ ʼਤੇ ਹੁਣ ਆਖਦੇ ਹਨ 54 ਲੱਖ ਹੀ ਦੇ ਦਿਉ। ਅਸੀਂ ਤੁਹਾਡੇ ਬੱਚੇ ਛੱਡ ਦਿਆਂਗੇ। ਅਸੀਂ ਸਰਕਾਰ ਕੋਲੋਂ ਮੰਗ ਕਰਦੇ ਹਾਂ ਕਿ ਸਾਡੇ ਬੱਚੇ ਛੇਤੀ ਤੋਂ ਛੇਤੀ ਘਰ ਵਾਪਸ ਆ ਜਾਣ।"
ਅੰਮ੍ਰਿਤਪਾਲ ਸਿੰਘ ਦੇ ਮਾਮਾ ਗੁਰਦੇਵ ਸਿੰਘ ਦੱਸਦੇ ਹਨ ਕਿ ਹਾਲਾਤ ਤਾਂ ਬਹੁਤ ਮਾੜੇ ਹਨ। 10-12 ਦਿਨ ਹੋ ਗਏ ਗੱਲ ਨਹੀਂ ਹੋਈ। ਪਹਿਲਾਂ ਇੱਕੇ ਹੀ ਨੰਬਰ ਤੋਂ ਤਿੰਨਾਂ ਮੁੰਡਿਆਂ ਦੇ ਘਰ ਗੱਲ ਕਰਵਾਉਂਦੇ ਸਨ।
"ਪਹਿਲਾਂ ਕਰੋੜ ਰੁਪਏ ਕਹਿੰਦੇ ਸੀ ਤੇ ਹੁਣ ਕਹਿੰਦੇ ਨੇ ਤਿੰਨਾਂ ਬੱਚਿਆਂ 18-18 ਲੱਖ ਰੁਪਏ ਦਿਉ। ਪਹਿਲਾਂ 18 ਲੱਖ ਰੁਪਏ ਏਜੰਟ ਨੂੰ ਦਿੱਤਾ ਹੁਣ ਅਸੀਂ ਇਨ੍ਹਾਂ ਨੂੰ ਕਿੱਥੋਂ ਦਈਏ। ਪੁਲਿਸ ਨੂੰ ਦੱਸਿਆ ਅੱਜ 10-12 ਦਿਨ ਹੋ ਗਏ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ।"

ਤਸਵੀਰ ਸਰੋਤ, Charnjeev Kaushal/BBC
ਧੂਰੀ ਦਾ ਹੁਸਨਪ੍ਰੀਤ ਵੀ ਸੰਪਰਕ ਤੋਂ ਬਾਹਰ
ਧੂਰੀ ਦੇ ਵਾਰਡ ਨੰਬਰ 21 ਦੇ ਨਗਰ ਨਿਗਮ ਕੌਂਸਲਰ ਭੁਪਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੇ ਮੁਹੱਲੇ ਦਾ ਬੱਚਾ ਇੱਕ ਮਹੀਨਾ ਪਹਿਲਾਂ ਆਸਟ੍ਰੇਲੀਆ ਲਈ ਨਿਕਲਿਆ ਸੀ ਪਰ ਹੁਣ ਪਰਿਵਾਰ ਤੋਂ ਜਾਣਕਾਰੀ ਮਿਲੀ ਕਿ ਉਹ ਇਰਾਨ ਦੇ ਵਿੱਚ ਫਸ ਗਿਆ ਹੈ।
ਬੀਬੀਸੀ ਸਹਿਯੋਗੀ ਚਰਨਜੀਵ ਕੌਸ਼ਲ ਦੀ ਰਿਪੋਰਟ ਮੁਤਾਬਕ, ਉਨ੍ਹਾਂ ਨੇ ਸਰਕਾਰ ਤੇ ਪ੍ਰਸ਼ਾਸਨ ਨੂੰ ਅਪੀਲ ਕਰਦਿਆਂ ਕਿਹਾ, "ਜਲਦ ਤੋਂ ਜਲਦ ਉਨ੍ਹਾਂ ਉੱਥੋਂ ਛੁਡਾਇਆ ਜਾਵੇ।"
ਇਸ ਦੌਰਾਨ ਹੁਸਨਪ੍ਰੀਤ ਦੇ ਘਰ ਤਾਲਾ ਲੱਗਿਆ ਹੋਇਆ ਕਿਉਂਕਿ ਉਨ੍ਹਾਂ ਦੇ ਘਰ ਉਨ੍ਹਾਂ ਦੀ ਮਾਤਾ ਦੇ ਦਾਦੀ ਰਹਿੰਦੇ ਹਨ ਜੋ ਆਪਣੇ ਬੱਚੇ ਨੂੰ ਵਾਪਸ ਬੁਲਾਉਣ ਲਈ ਮਦਦ ਮੰਗਣ ਵਾਸਤੇ ਆਪਣੇ ਰਿਸ਼ਤੇਦਾਰਾਂ ਕੋਲ ਗਏ ਹੋਏ ਹਨ।

ਤਸਵੀਰ ਸਰੋਤ, Pradeep Sharma/BBC
ਜਸਪਾਲ ਸਿੰਘ ਵੀ ਇਨ੍ਹਾਂ ਦੇ ਨਾਲ ਹੀ ਹੈ
ਬੀਬੀਸੀ ਸਹਿਯੋਗੀ ਪ੍ਰਦੀਪ ਸ਼ਰਮਾ ਮੁਤਾਬਕ, ਉਧਰ ਨਵੇਂ ਸ਼ਹਿਰ ਦੇ ਰਹਿਣ ਵਾਲੇ ਜਸਪਾਲ ਸਿੰਘ ਦੀ ਮਾਤਾ ਨਰਿੰਦਰ ਕੌਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਹ ਇੱਕ ਮਈ ਨੂੰ ਤਹਿਰਾਨ ਏਅਰਪੋਰਟ ʼਤੇ ਪਹੁੰਚਿਆ ਸੀ।
"ਮੈਨੂੰ ਉਸ ਦਾ ਫੋਨ ਆਇਆ ਸੀ ਕਿ ਮੰਮੀ ਮੈਂ ਠੀਕ ਠਾਕ ਪਹੁੰਚ ਗਿਆ ਹੈ। ਫਿਰ ਮੇਰੀ ਨੂੰਹ ਨੂੰ ਏਜੰਟ ਦਾ ਫੋਨ ਆਇਆ ਕਿ ਉਸ ਦੇ ਨੈੱਟਵਰਕ ਵਿੱਚ ਖ਼ਰਾਬੀ ਹੈ ਤੁਸੀਂ ਫੋਨ ਨਾ ਕਰਿਓ ਅਤੇ ਨਾ ਹੀ ਫਿਕਰ ਕਰਿਓ।"
ਉਨ੍ਹਾਂ ਨੇ ਅੱਗੇ ਦੱਸਿਆ, "ਫਿਰ ਏਜੰਟ ਦਾ ਫੋਨ ਆਇਆ ਤੁਸੀਂ ਇੱਕ ਲੱਖ ਰੁਪਇਆ ਹੁਣੇ ਦੇ ਹੁਣੇ ਪਾ ਦਿਓ। ਫਿਰ ਸਾਨੂੰ ਰਾਤੀਂ ਢਾਈ ਵਜੇ ਕਾਲ ਆਇਆ ਤੁਸੀਂ ਆਪਣੇ ਨੈੱਟ ਚਾਲੂ ਰੱਖਣਾ ਅਤੇ ਜਾਗਦੇ ਰਹਿਣਾ ਤੁਹਾਡੇ ਨਾਲ ਕੋਈ ਜ਼ਰੂਰੀ ਗੱਲ ਕਰਨੀ ਹੈ।"
"ਸਾਨੂੰ ਸਾਢੇ ਕੁ ਤਿੰਨ ਵਜੇ ਮੁੰਡੇ ਦਾ ਫੋਨ ਆਇਆ ਕਿ ਉਨ੍ਹਾਂ ਨੂੰ ਕਿਡਨੈਪ ਕਰ ਲਿਆ ਗਿਆ ਹੈ। ਸਾਨੂੰ ਸਵੇਰ ਤੱਕ 18 ਲੱਖ ਰੁਪਏ ਜਿੱਥੋਂ ਮਰਜ਼ੀ ਕਰ ਕੇ ਪਾਓ, ਸਾਡੇ ਨਾਲ ਪਤਾ ਨਹੀਂ ਕੀ ਬਣਨਾ।"
ਉਨ੍ਹਾਂ ਦੱਸਿਆ, "ਅਸੀਂ ਏਜੰਟ ਕੋਲ ਗਏ, ਉਹ ਦੋ ਦਿਨ ਸਾਡੇ ਕੋਲ ਰਿਹਾ ਅਤੇ ਤੀਜੇ ਦਿਨ ਉਸ ਨੇ ਕਿਹਾ ਕਿ ਮੈਨੂੰ ਤੁਸੀਂ ਇਰਾਨ ਦੀ ਟਿਕਟ ਕਰਵਾ ਦਿਓ, ਮੈਂ ਤੁਹਾਡੇ ਬੱਚੇ ਉੱਥੋਂ ਲੈ ਕੇ ਆਉਂਦਾ ਹਾਂ। ਸਾਨੂੰ ਭਲੇਖਾ ਪਾ ਕੇ ਉਹ ਵੀ ਫਰਾਰ ਹੋ ਗਿਆ। ਉੱਥੇ ਬੱਚਿਆਂ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ ਅਤੇ ਵੀਡੀਓ ਕਾਲ ਕਰਨੀ ਸ਼ੁਰੂ ਕਰ ਦਿੱਤੀ। ਸਾਡੇ ਕੋਲੋਂ ਪੈਸੇ ਮੰਗਣ ਲੱਗੇ ਪਰ ਅਸੀਂ ਇੱਕ ਵੀ ਪੈਸਾ ਨਹੀਂ ਪਾਇਆ।"
ਉਹ ਦੱਸਦੇ ਹਨ ਕਿ ਅੱਜ ਉਨ੍ਹਾਂ ਨੂੰ 13 ਦਿਨ ਹੋ ਗਏ ਹਨ ਉਨ੍ਹਾਂ ਦੀ ਬੱਚਿਆਂ ਨਾਲ ਗੱਲ ਨਹੀਂ ਹੋਈ।
ਉਨ੍ਹਾਂ ਕਿਹਾ, "ਸਾਨੂੰ ਹੁਣ ਕੋਈ ਫੋਨ ਨਹੀਂ ਆਉਂਦਾ।"

ਤਸਵੀਰ ਸਰੋਤ, Pradeep Sharma/BBC
ਕੀ ਕਹਿੰਦੀ ਹੈ ਪੁਲਿਸ
ਹੁਸ਼ਿਆਰਪੁਰ ਦੇ ਐੱਸਐੱਚਓ ਗੁਰਸਾਹਿਬ ਸਿੰਘ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ, "ਸਾਡੇ ਕੋਲ ਸ਼ਿਕਾਇਤ ਆਈ ਸੀ ਕਿ ਅੰਮ੍ਰਿਤਪਾਲ ਸਿੰਘ ਨਾਮ ਦੇ ਨੌਜਵਾਨ ਨੇ ਸਾਡੇ ਥਾਣੇ ਦੇ ਏਰੀਏ ਦੇ ਏਜੰਟ ਨੂੰ ਆਸਟ੍ਰੇਲੀਆ ਜਾਣ ਲਈ ਪੈਸੇ ਦਿੱਤੇ ਸਨ ਅਤੇ ਜਦੋਂ ਉਹ ਇਰਾਨ ਉੱਤਰੇ ਤਾਂ ਪਰਿਵਾਰ ਮੁਤਾਬਕ ਉਨ੍ਹਾਂ ਦੀ ਕਿਡਨੈਪਿੰਗ ਹੋ ਗਈ।"
"ਪਰਿਵਾਰ ਮੁਤਾਬਕ ਤਿੰਨਾਂ ਬੱਚਿਆਂ ਕੋਲੋਂ 54 ਲੱਖ ਰੁਪਏ ਮੰਗਿਆ ਜਾ ਰਿਹਾ ਹੈ। ਪੁਲਿਸ ਨੇ ਕੇਸ ਦਰਜ ਕਰ ਲਿਆ ਹੈ। ਤਿੰਨਾਂ ਦੀ ਭਾਲ ਜਾਰੀ ਹੈ। ਇਹ ਦੌੜੇ ਹੋਏ ਹਨ ਅਤੇ ਰੇਡ ਜਾਰੀ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












